10 October 2024

ਨ੍ਹੋ ਜੁੱਤੀ..! ਨ੍ਹੋ ਕੁੱਤਾ…!! – ਸ਼ਿਵਚਰਨ ਜੱਗੀ ਕੁੱਸਾ

“ਨ੍ਹੋ ਜੁੱਤੀ..! ਨ੍ਹੋ ਕੁੱਤਾ…!!”

-ਸ਼ਿਵਚਰਨ ਜੱਗੀ ਕੁੱਸਾ-

ਬਾਬਾ ਬਖਤੌਰਾ ਸਿੱਧ-ਪੱਧਰਾ ਬੰਦਾ ਸੀ। ਪੂਰਨ ਫ਼ੱਕਰ, ਸਾਊ, ਦਰਵੇਸ਼! ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲਾ ਮਾਨੁੱਖ! ਸਵੇਰੇ, ਸਾਝਰੇ ਉੱਠ ਕੇ ਸਭ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਝਾੜੂ ਫੇਰਨਾ, ਪਾਣੀ ਛਿੜਕਣਾ, ਮਹਾਂਵਾਕਿ ਲੈ ਕੇ ਫਿਰ ਕੁਝ ਖਾਣਾ-ਪੀਣਾ ਉਸ ਦਾ ਪ੍ਰਣ ਸੀ।

ਬਾਬਾ ਇੱਕ ਗ਼ਰੀਬ ਜ਼ਿਮੀਦਾਰ ਘਰ ਦਾ ਜੰਮਪਲ ਸੀ। ਬਾਬੇ ਦੇ ਬਾਪ ਕੋਲ ਪੰਜ ਏਕੜ ਆਪਣੀ ਜ਼ਮੀਨ ਸੀ ਅਤੇ ਕੁਝ ਉਹ ਅੱਧ-ਮਾਮਲੇ ‘ਤੇ ਲੈ ਕੇ ਵਾਹ ਲੈਂਦਾ ਅਤੇ ਘਰ ਦਾ ਤੋਰਾ ਸੋਹਣਾ ਤੋਰੀ ਜਾਂਦਾ ਸੀ। ਬਾਬਾ ਬਖਤੌਰਾ ਦੋ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ। ਭੈਣਾਂ ਵੱਡੀਆਂ ਸਨ ਅਤੇ ਬਾਬਾ ਛੋਟਾ ਸੀ। ਦੋਹਾਂ ਭੈਣਾਂ ਦੇ ਵਿਆਹ ਮਗਰੋਂ ਬਾਬੇ ਨੂੰ ਪੰਜਵੀਂ ਜਮਾਤ ਵਿਚੋਂ ਹਟਾ ਕੇ ਬਾਪੂ ਨੇ ਵਾਹੀ ਵਿਚ ਹੀ ਅੜੁੰਗ ਲਿਆ। ਬਾਬੇ ਬਖਤੌਰੇ ਦੇ ਸਿਰ ‘ਤੇ ਬਚਪਨ ਤੋਂ ਹੀ ਧੌਲੇ ਸਨ। ਜਿਸ ਕਰਕੇ ਲੋਕਾਂ ਨੇ ਉਸ ਦਾ ਨਾਂ ਹੀ ‘ਬਾਬਾ’ ਪਾ ਲਿਆ। ਆਮ ਤੌਰ ‘ਤੇ ਪਿੰਡ ਦੇ ਲੋਕ, ਫਿਰ ਘਰਦੇ ਅਤੇ ਫਿਰ ਰਿਸ਼ਤੇਦਾਰ ਉਸ ਨੂੰ ‘ਬਾਬਾ ਬਖਤੌਰਾ’ ਆਖਣ ਲੱਗ ਪਏ। ਬਾਬਾ ਬੜਾ ਲਹਿਰੀ ਬੰਦਾ ਸੀ। ਕਿਸੇ ਦਾ ਵੀ ਗੁੱਸਾ ਨਾ ਕਰਦਾ। ਜੇ ਗਲੀ ਵਿਚ ਖੇਡਦੇ ਬੱਚੇ ਉਸ ਨੂੰ ਵਿਅੰਗਮਈ, “ਕੀ ਹਾਲ ਐ ਬਾਬਾ ਜੀ?” ਪੁੱਛਦੇ ਤਾਂ ਉਹ ਬੜਾ ਸੁਆਰ ਕੇ, “ਠੀਕ ਐ ਪੁੱਅਤ!” ਆਖ ਕੇ ਉੱਤਰ ਦਿੰਦਾ।

ਇਕ ਦਿਨ ਬਾਬਾ ਅਤੇ ਬਾਪੂ ਖੇਤ ਕੱਸੀ ਦਾ ਪਾਣੀ ਲਾ ਰਹੇ ਸਨ ਕਿ ਬਾਬੇ ਦਾ ਫ਼ੌਜੀ ਮਾਮਾ ਆ ਗਿਆ। ਖੁੱਲ੍ਹੇ ਸੁਭਾਅ ਅਤੇ ਸੁਡੌਲ ਸਰੀਰ ਵਾਲਾ ਮਾਮਾ ਬੜਾ ਦਲੇਰ ਆਦਮੀ ਸੀ। ਬਾਬੇ ਬਖਤੌਰੇ ਨਾਲੋਂ ਉਹ ਸਿਰਫ਼ ਦਸ ਕੁ ਸਾਲ ਹੀ ਵੱਡਾ ਸੀ।

-“ਉਏ ਆ ਬਈ ਸਰਬੰਧੀਆ!” ਬਾਪੂ ਉਸ ਨੂੰ ਬੜਾ ਲਿਫ਼ ਕੇ ਮਿਲਿਆ। ਬਾਪੂ ਉਸ ਨੂੰ ਦਿਲੋਂ ਪਿਆਰ ਕਰਦਾ ਸੀ।
-“ਲੋਟ ਐ ਪ੍ਰਾਹੁਣਿਆਂ! ਤੂੰ ਸੁਣਾ?”
-“ਬੱਸ ਧੱਕੀ ਜਾਨੇ ਐਂ ਗੱਡੀ-ਤੂੰ ਦੇਹ ਗੱਲ ਖੇਡਦੀ ਐ ਕਾਟੋ ਫ਼ੁੱਲਾਂ ‘ਤੇ ਕਿ ਨਹੀਂ?”
-“ਬੱਸ! ਸਦਾ ਦਿਵਾਲੀ ਸਾਧ ਦੀ ਚੋਰ ਦੀਆਂ ਰਾਤਾਂ।” ਮਾਮਾ ਬੜਾ ਖੁੱਲ੍ਹ ਕੇ ਹੱਸਿਆ ਸੀ।

-“ਉਹ ਤਾਂ ਪਤਾ ਈ ਐ-ਲੰਡਰ ਹੈਗਾਂ-ਕੋਈ ਫ਼ਿਕਰ ਨਾ ਫ਼ਾਕਾ-ਨੂੰਹ ਲਿਆਉਣੀ ਨ੍ਹੀ ਧੀ ਤੋਰਨੀ ਨੀ-ਤੇਰੀ ਤਾਂ ਭਾਈ ਆਪੇ ਨਿੱਤ ਦੁਆਲੀ ਐ-ਨਾਮਾਂ ਫੌਜ ‘ਚੋਂ ਕਮਾਈ ਜਾਨੈਂ ਤੇ ਗੁਰੂ ਭਲਾ ਕਰੇ ਗੁਲਛਰੇ ਉਡਾਈ ਜਾਨੈਂ-ਨਾ ਰੰਨ ਨਾ ਕੰਨ।”
ਮਾਮਾ ਹੱਸੀ ਜਾ ਰਿਹਾ ਸੀ।

-“ਤੇਰਾ ਕੀ ਹਾਲ ਐ ਬਾਬਾ?”
-“ਠੀਕ ਐ-।” ਮੁੱਛ ਫ਼ੁੱਟ ਚੋਬਰ ਬਾਬਾ ਬਖਤੌਰਾ ਮਾਮੇ ਤੋਂ ਕੁਝ ਸੰਗਦਾ ਸੀ। ਜੁਆਨ ਮਾਮਾ ਕਦੇ ਕਦੇ ਉਸ ਕੋਲੋਂ ‘ਕੁੜੀਆਂ’ ਦੀਆਂ ਗੱਲਾਂ ਪੁੱਛਣ ਲੱਗ ਪੈਂਦਾ। ਪਰ ਬਾਬਾ ਇਹੋ ਜਿਹਾ ਹੈ ਨਹੀਂ ਸੀ। ਉਹ ਤਾਂ ਸਾਧੂ ਬੰਦਾ ਸੀ।
ਸ਼ਾਮ ਨੂੰ ਉਹ ਘਰੇ ਆ ਗਏ।
ਬੇਬੇ ਰੋਟੀ ਲਾਹ ਰਹੀ ਸੀ।

-“ਫ਼ੌਜੀਆ ਤੂੰ ਬਿਆਹ ਬੂਹ ਦਿਖਾਉਣੈਂ ਕਿ ਨਹੀਂ?” ਬਾਪੂ ਨੇ ਦੇਸੀ ਦਾਰੂ ਦੀ ਬੋਤਲ ‘ਚੋਂ ਮੱਕੀ ਦਾ ਗੁੱਲ ਖਿੱਚਦਿਆਂ ਤਾੜਿਆ। ਪਾਣੀ ਦਾ ਡੋਲੂ ਉਹ ਪਹਿਲਾਂ ਹੀ ਭਰ ਲਿਆਇਆ ਸੀ।

-“ਆਹ, ਕਰਵਾਉਣੈਂ ਇਹਨੇ ਬਿਆਹ! ਜਦੋਂ ਆਖੀਏ ਦੰਦੀਆਂ ਜੀਆਂ ਕੱਢ ਕੇ ਦਿਖਾਦੂ।” ਬੇਬੇ ਨੇ ਮੱਕੀ ਦੀ ਰੋਟੀ ‘ਫ਼ਾਅੜ੍ਹ’ ਕਰਦੀ ਛਾਬੇ ਵਿਚ ਮਾਰੀ।
-“ਪਤਾ ਨ੍ਹੀ ਮੇਰੇ ਪੇਕਿਆਂ ਦੀ ਜੜ੍ਹ ਰਹੂ, ਪਤਾ ਨ੍ਹੀ ਨਹੀਂ-ਬੰਦਾ ਹੁੰਦੈ ਕਦੇ ਤਾਂ ਗੱਲ ਮੰਨਦੈ-ਇਹਦੀ ਅਕਲ ‘ਤੇ ਤਾਂ ਠੀਕਰਾ ਮੂਧਾ ਵੱਜਿਐ!”

-“ਇਹਦੀ ਅਕਲ ਤਾਂ ਮਲੱਟਰੀ ਨੇ ਚਰਲੀ!” ਬਾਪੂ ਬੋਲਿਆ।
-“ਉਏ ਭੈਣੇ! ਕਰਵਾਲਾਂਗੇ ਵਿਆਹ ਵੀ-ਐਨੀ ਕਾਹਲੀ ਵੀ ਕਾਹਦੀ ਐ?” ਮਾਮੇ ਨੇ ਕੰਗਣੀਂ ਤੱਕ ਦਾਰੂ ਦਾ ਭਰਿਆ ਗਿਲਾਸ ਅੰਦਰ ਸੁੱਟਿਆ।
-“ਨਾ ਅਜੇ ਤੂੰ ਗੀਗੈਂ? ਬੋਢਲ ਕੱਟਾ ਹੋਇਆ ਪਿਐਂ-ਦਾਹੜ੍ਹੀ ਤੇਰੇ ਗਿੱਟਿਆਂ ਤੱਕ ਆਈ ਵੀ ਐ।” ਬੇਬੇ ਤਪੀ ਬੈਠੀ ਸੀ।
-“ਲੈ ਸੁਣ ਲੈ ਪ੍ਰਾਹੁਣਿਆਂ!” ਫ਼ੌਜੀ ਨੇ ਬਾਪੂ ਨੂੰ ਸ਼ਕਾਇਤ ਜਿਹੀ ਲਾਈ। ਦਾਰੂ ਦੇ ਪੈੱਗ ਨਾਲ ਸਰ੍ਹੋਂ ਦਾ ਸਾਗ ਖਾਂਦੇ ਦੀ ਉਸ ਦੀ ‘ਗਪਲ-ਗਪਲ’ ਦੂਰ ਤੱਕ ਸੁਣਦੀ ਸੀ। ਮੂੰਹ ਦੀ ‘ਟੁੱਚ-ਟੁੱਚ’ ਟਿਕੀ ਰਾਤ ਵਿਚ ਤਾੜੀ ਵਾਂਗ ਵੱਜਦੀ ਸੀ।

-“ਇਹ ਥੋਡਾ ਮਸਲੈ ਬਈ-ਮੈਂ ਵਿਚ ਆ ਕੇ ਕਾਹਤੋਂ ਘਰੂਟ ਮਰਵਾਵਾਂ?” ਬਾਪੂ ਨੇ ਹੱਥ ਖੜ੍ਹੇ ਕਰ ਦਿੱਤੇ।
-“ਮੈਂ ਤੇ ਬਾਬਾ ‘ਕੱਠੇ ਈ ਵਿਆਹ ਕਰਵਾਵਾਂਗੇ।” ਉਸ ਨੇ ਵੱਡੀਆਂ ਸਾਰੀਆਂ ਮੁੱਛਾਂ ‘ਤੇ ਹੱਥ ਫੇਰ ਕੇ ਆਖਿਆ। ਦਾਰੂ ਦੇ ਛਿੱਟੇ ਦੂਰ-ਦੂਰ ਤੱਕ ਬੁੜ੍ਹਕੇ!
-“ਇਹਦਾ ਤਾਂ ਰਾਮ ਕੁਰੇ ਇੱਕੋ ਈ ‘ਲਾਜ ਐ-ਸੁੱਕਿਆ ਵਿਆ ਛਿੱਤਰ ਲੈ-ਲੇ ਤੇ ਟੋਟਣ ਈ ਟੋਟਣ ਭੰਨੇ-ਹੋਰ ਕਿਤੇ ਨਾ ਮਾਰੇ-ਬੱਸ!” ਬਾਪੂ ਨੇ ਦੂਜੀ ਬੋਤਲ ‘ਚੋ ਗੁੱਲ ਮਰੋੜਦਿਆਂ ਕਿਹਾ।
-“ਵੇ ਤੂੰ ਵਿਆਹ ਕਰਵਾ ਨਾ ਕਰਵਾ-ਖਾ ਖਸਮਾਂ ਨੂੰ-ਤੂੰ ਕਿਹੜਾ ਸਾਡੀ ਕੋਈ ਗੱਲ ਮੰਨਣੀ ਐਂ? ਪਰ ਸਾਡਾ ਇੱਕ ਕੰਮ ਜਰੂਰ ਕਰ।”
-“ਭੈਣੇ ਤੇਰੇ ਕਹੇ ਤਾਂ ਮੈਂ ਖੂਹ ‘ਚ ਡਿੱਗਣ ਨੂੰ ਤਿਆਰ ਐਂ।” ਮਾਮਾ ਰੂੜੀ-ਮਾਰਕਾ ਨਾਲ ‘ਬਾਬੂ’ ਬਣਿਆਂ ਬੈਠਾ ਸੀ। ਦੀਵੇ ਦੀ ਲੋਅ ਉਸ ਦੀਆਂ ਅੱਖਾਂ ਵਿਚ ਡੋਲ ਰਹੀ ਸੀ।

-“ਤੈਨੂੰ ਖੂਹ ‘ਚ ਡਿੱਗਣ ਨੂੰ ਜਮਾਂ ਨ੍ਹੀ ਆਖਦੇ।”
-“ਖਾਤੇ ‘ਚ ਡਿੱਗ ਪੈਨੈਂ?” ਉਹ ਵੱਡਾ ਸਾਰਾ ਜਬਾੜ੍ਹਾ ਖੋਲ੍ਹ ਕੇ ਹੱਸਦਾ ਸੀ।
-“ਵੇ ਫ੍ਹੋਅਟ! ਮੈਂ ਕਹਿੰਨੀ ਆਂ ਸਾਡੇ ਛੋਹਰ ਨੂੰ ਵੀ ਫ਼ੌਜ ‘ਚ ਭਰਤੀ ਕਰਵਾ ਦੇਹ-ਵਾਹੀ ‘ਚ ਈ ਗਿੱਟੇ ਫਿਰਦੇ ਜਾਦੇ ਐ ਇਹਦੇ।”
-“ਕੱਲ੍ਹ ਨੂੰ ਈ ਲਓ!”
-“ਨੀ ਤੂੰ ਰਹਿਣ ਦੇ! ਜੁਆਕ ਨੂੰ ਲੈ ਕੇ ਬੇਗੇ ਲਹਿਰੇ ਬੱਜੂ-ਫੇਰ ਝਾਕੇਂਗੀ-ਐਹੋ ਜੇ ਨੇੜੇ ਤੇੜੇ ਖੜ੍ਹਦੇ ਵੀ ਨੀ ਹੁੰਦੇ-ਪਾਕਸਤਾਨੋਂ ਲੱਭ ਕੇ ਲਿਆਉਣੇ ਪੈਣਗੇ।”
-“ਵੇ ਤੂੰ ਕੋਈ ਚੱਜ ਦੀ ਗੱਲ ਕਰਿਆ ਕਰ!”
-“ਪ੍ਰਾਹੁਣਿਆਂ ਆਪਣਾ ਪੱਕਾ ਵਾਅਦਾ ਰਿਹਾ-ਮੈਂ ਇਹਨੂੰ ਫੌਜ ‘ਚ ਭਰਤੀ ਕਰਵਾਊਂ-ਦੇਖੀਂ ਫੌਜ ‘ਚ ਜਾ ਕੇ ਤਾਂ ਇਹ ਬੰਦਾ ਬਣਜੂ-ਐਥੇ ਰਹਿ ਕੇ ਤਾਂ ਰਹਿਜੂ ਤੇਰੇ ਅਰਗਾ ਗਰੜਪੌਂਕ!”
-“ਦੇਖ ਲੈ ਰਾਮ ਕੁਰੇ! ਮੈਂ ਇਹਦੇ ਮੱਥੇ ‘ਚ ਬੋਤਲ ਮਾਰ ਕੇ ਟੀਕ ਚਲਾਦੂੰ!” ਬਾਪੂ ਦੀ ਸ਼ਰਾਬੀ ਜ਼ਬਾਨ ਮੂੰਹ ਵਿਚ ‘ਡੱਕ-ਡੱਕ’ ਵੱਜਣ ਲੱਗ ਪਈ ਸੀ।
ਸਾਰੇ ਹੱਸੀ ਗਏ।

ਅਗਲੇ ਦਿਨ ਮਾਮਾ ਬਾਬੇ ਬਖਤੌਰੇ ਨੂੰ ਲੈ ਕੇ ਤੁਰ ਗਿਆ। ਪੁੱਤ ਦੇ ਸੁਨਿਹਰੀ ਭਵਿੱਖ ਦੀ ਆਸ ਵਿਚ ਬੇਬੇ ਅੱਖਾਂ ‘ਚੋਂ ਮੱਲੋਮੱਲੀ ਡੁੱਲ੍ਹਦੇ ਹੰਝੂ ਬੋਚੀ ਖੜ੍ਹੀ ਸੀ।

ਬਾਬੇ ਬਖਤੌਰੇ ਨੂੰ ਮਿਲਟਰੀ ਵਿਚ ਭਰਤੀ ਕਰਵਾ ਦਿੱਤਾ। ਹੱਡ ਦਾ ਕਰੜਾ ਅਤੇ ਮਿਹਨਤੀ ਬਾਬਾ ਫ਼ੌਜ ਵਿਚ ਚੰਗਾ ਤੁਰ ਪਿਆ ਸੀ।

ਪੂਰੇ ਸੱਤ ਸਾਲਾਂ ਬਾਅਦ ਬਾਬੇ ਦਾ ਵਿਆਹ ਹੋ ਗਿਆ। ਮਾਮਾ ਪੈਨਸ਼ਨ ਆ ਗਿਆ ਸੀ। ਬਾਬੇ ਦੇ ਘਰਵਾਲੀ ਜੈਕੁਰ ਵੀ ਬਾਬੇ ਵਾਂਗ ਦਿਲ ਦੀ ਸਾਫ਼ ਔਰਤ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੀ ਦਿਲਦਾਰ ਔਰਤ।

ਤਿੰਨ ਸਾਲਾਂ ਵਿਚ ਵਿਚ ਹੀ ਜੈਕੁਰ ਨੇ ਦੋ ਸੋਹਣੇ ਸੁਨੱਖੇ ਪੁੱਤਾਂ ਨੂੰ ਜਨਮ ਦਿੱਤਾ। ਮਾਮਾ ਵਧਾਈ ਦੇਣ ਆਇਆ। ਉਹ ਇੱਕ ‘ਜੀਵਨ ਸਾਥਣ’ ਨਾਲ ਸ਼ਾਦੀ ਕਰਕੇ ਹੁਣ ਅਮਰੀਕਾ ਜਾ ਰਿਹਾ ਸੀ। ਉਸ ਦੀ ਜੀਵਨ ਸਾਥਣ ਅਮਰੀਕਾ ਵਿਚ ਵਸਦੀ ਵਿਧਵਾ ਔਰਤ ਸੀ। ਜਿਸ ਨੇ ਅਖ਼ਬਾਰ ਵਿਚ ‘ਜੀਵਨ ਸਾਥੀ ਦੀ ਲੋੜ’ ਦਾ ਇਸ਼ਤਿਹਾਰ ਦਿੱਤਾ ਸੀ ਅਤੇ ਜੁਗਤੀ ਮਾਮੇ ਨੇ ਇਸ ਇਸ਼ਤਿਹਾਰ ਦਾ ਪੂਰਾ ਪੂਰਾ ਫ਼ਾਇਦਾ ਉਠਾਇਆ ਸੀ।

ਮਾਮੇ ਦੇ ਅਮਰੀਕਾ ਜਾਣ ਤੋਂ ਬਾਅਦ ਹੀ ਬਾਬੇ ਬਖਤੌਰੇ ਦੇ ਬੇਬੇ-ਬਾਪੂ ਵਾਰੀ ਵਾਰੀ ਚੜ੍ਹਾਈ ਕਰ ਗਏ। ਸਰਦੀ ਪੁਰਦੀ ਮਿੱਟੀ ਕਿਉਂਟਣ ਤੋਂ ਬਾਅਦ ਬਾਬਾ ਆਪਣੇ ਦੋਹਾਂ ਪੁੱਤਾਂ ਅਤੇ ਘਰਵਾਲੀ ਜੈਕੁਰ ਨੂੰ ਆਪਣੇ ਕੋਲ ਹੀ ਲੈ ਗਿਆ। ਕੁਆਟਰ ਮਿਲ ਗਿਆ ਅਤੇ ਮੁੰਡੇ ਉਸ ਨੇ ਸੈਨਿਕ ਸਕੂਲ ਵਿਚ ਦਾਖਲ ਕਰਵਾ ਦਿੱਤੇ। ਜੈਕੁਰ ਦੀ, ਗੁਆਂਢਣ ਫ਼ੌਜਣ ਰੁਕਮਣ ਨਾਲ ਬਾਹਵਾ ਬੁੱਕਲ ਖੁੱਲ੍ਹ ਗਈ ਸੀ। ਸਾਰੀ ਦਿਹਾੜੀ ਉਹਨਾਂ ਦੀ ਰਾਲ-ਬੋਲ ਬਣੀ ਰਹਿੰਦੀ। ਜਦੋਂ ਸ਼ਾਮ ਨੂੰ ਬੱਚੇ ਅਤੇ ਫ਼ੌਜੀ ਘਰੇ ਆ ਜਾਂਦੇ ਤਾਂ ਉਹ ਆਪਣੇ ਆਪਣੇ ਘਰੇਲੂ ਕਿੱਤਿਆਂ ਵਿਚ ਰੁੱਝ ਜਾਂਦੀਆਂ।

ਸਰਵਿਸ ਪੂਰੀ ਕਰਨ ਬਾਅਦ ਬਾਬਾ ਬਖਤੌਰਾ ਸੂਬੇਦਾਰ ਪੈਨਸ਼ਨ ਆ ਗਿਆ। ਬੱਚੇ ਆ ਕੇ ਇੱਕ ਪ੍ਰਾਈਵੇਟ ਸਕੂਲ ਵਿਚ ਲਾ ਦਿੱਤੇ ਅਤੇ ਆਪ ਬਾਬਾ ਮਿਲਟਰੀ ‘ਚੋਂ ਮਿਲੀ ਰਕਮ ਬੈਂਕ ਵਿਚ ਰੱਖ ਕੇ ਸ਼ਾਹੀ ਠਾਠ ਨਾਲ ਰਹਿਣ ਲੱਗ ਪਿਆ। ਜ਼ਮੀਨ ਦੇ ਪੰਜ ਏਕੜ ਉਹ ਅੱਧ ‘ਤੇ ਦੇ ਛੱਡਦਾ। ਖਾਣ ਜੋਗੇ ਦਾਣੇ ਹਾੜ੍ਹੀ-ਸਾਉਣੀ ਘਰੇ ਆ ਜਾਂਦੇ।

ਬਾਬਾ ਹਰ ਰੋਜ਼ ਗੁਰਦੁਆਰੇ ਜਾਣ ਲੱਗ ਪਿਆ। ਗੁਰਬਾਣੀ ਸੁਣਦਾ, ਕੀਰਤਨ ਸਰਵਣ ਕਰਦਾ ਅਤੇ ਕਦੇ ਕਦੇ ਖੇਤ ਗੇੜਾ ਮਾਰ ਆਉਂਦਾ।

ਫ਼ੌਜੀ ਮਾਮੇ ਦਾ ਚਿੱਠੀ ਪੱਤਰ ਆਉਂਦਾ ਰਹਿੰਦਾ। ਉਸ ਦੀ ਘਰਵਾਲੀ ਨੂੰ ਕੋਈ ਬਾਲ-ਬੱਚਾ ਨਹੀਂ ਹੋਇਆ ਸੀ। ਉਹ ਹਮੇਸ਼ਾ ਬਾਬੇ ਦੇ ਮੁੰਡਿਆਂ ਨੂੰ ਗੋਦ ਲੈ ਕੇ ਅਮਰੀਕਾ ਲੈ ਜਾਣ ਲਈ ਲਿਖਦਾ। ਉਹ ਇਹ ਵੀ ਲਿਖਦਾ ਕਿ ਮੁੰਡੇ ਤਾਂ ਬਾਬੇ ਬਖਤੌਰੇ ਦੇ ਹੀ ਰਹਿਣੇ ਸਨ। ਬੱਸ! ਉਹ ਤਾਂ ਸਿਰਫ਼ ਕਾਗਜ਼ ਪੂਰਤੀ ਲਈ ਬੱਚੇ ‘ਅਡਾਪਟ’ ਕਰ ਕੇ ਅਮਰੀਕਾ ਸੈੱਟ ਕਰਨਾ ਚਾਹੁੰਦਾ ਸੀ। ਉਸ ਦੇ ਘਰਵਾਲੀ ਵੀ ਇਸ ਗੱਲ ਨਾਲ ਸਹਿਮਤ ਸੀ।

-“ਊਂ ਤਾਂ ਜੈਕੁਰੇ ਜੁਆਕਾਂ ਦੀ ਜਿੰਦਗੀ ਬਣਜੂ-ਅਮਰੀਕਾ ਤਾਂ ਕੋਈ ਕਰਮਾਂ ਆਲਾ ਈ ਜਾਂਦੈ-ਕੇਰਾਂ ਤਾਂ ਨਾਮਾਂ ਰੋਲ ਕਰ ਦੇਣਗੇ ਬੱਗੇ ਸ਼ੇਰ-ਨਾਲੇ ਮਾਮਾ ਵੀ ਦਿਲ ਦਾ ਮਾੜਾ ਬੰਦਾ ਨ੍ਹੀ।” ਬਾਬਾ ਬਖਤੌਰਾ ਜੈਕੁਰ ਨੂੰ ਆਖਦਾ।

-“ਆਹੋ ਨਾਲੇ ਉਹਨਾਂ ਨੂੰ ਆਹਰ ਬਣਿਆਂ ਰਹੂ-ਉਹਨਾਂ ਦਾ ਵੀ ਆਪਣੇ ਬਿਨਾ ਕੌਣ ਐਂ? ਉਹ ਜਾਣੇ ਬਾਹਲਾ ਕਿਹਾ ਤਾਂ ਤੋਰ ਦਿਆਂਗੇ।” ਜੈਕੁਰ ਨੇ ਆਪਣੇ ਵੱਲੋਂ ਪੂਰਨ ਹੁੰਗਾਰਾ ਦਿੱਤਾ।

ਬਾਬੇ ਨੇ ਮਾਮੇ ਨੂੰ ਚਿੱਠੀ ਲਿਖ ਦਿੱਤੀ।

ਮਾਮਾ ਅਤੇ ਮਾਮੀ ਸਰਦੀਆਂ ਵਿਚ ਆ ਗਏ। ਮਾਮੇ ਨੇ ਵਾਲ ਕਟਵਾ ਕੇ ਦਾਹੜ੍ਹੀ ਕਤਰ ਲਈ ਸੀ। ਅੱਧਬੱਗੀ ਦਾਹੜ੍ਹੀ ਨੂੰ ਉਹ ਵਾਰ ਵਾਰ ਪਲੋਸਦਾ ਸੀ। ਬਾਬਾ, ਮਾਮੇ ਦੇ ਚੋਹਲ ਮੋਹਲ ਦੇਖ ਕੇ ਅੰਦਰੋਂ ਹੱਸ ਰਿਹਾ ਸੀ।

ਵਕੀਲ ‘ਐੱਨ ਸਿੰਘ’ ਨਾਲ ਗੱਲਬਾਤ ਕਰਕੇ ਸਾਰੇ ਕਾਗਜ਼ ਪੱਤਰ ਤਿਆਰ ਕਰਵਾਏ। ਮੋਗੇ ਕਚਿਹਰੀਆਂ ਵਿਚ ਸਾਰਾ ਕੇਸ ਪੇਸ਼ ਕਰਕੇ ਦੋਨੋਂ ਮੁੰਡੇ ਕੁਲਬੀਰ ਅਤੇ ਜਸਬੀਰ ‘ਗੋਦ’ ਲੈ ਲਏ।

ਚਾਰ ਕੁ ਹਫ਼ਤੇ ਬਾਅਦ ਮਾਮਾ, ਮਾਮੀਂ ਅਤੇ ਦੋਨੋਂ ਮੁੰਡੇ ਅਮਰੀਕਾ ਉਡਾਰੀ ਮਾਰ ਗਏ।

-“ਲੈ ਇਹਨਾਂ ਦੇ ਵਾਲ ਨਾ ਕਟਵਾਈਂ!” ਤੁਰਦੇ ਮਾਮੇਂ ਨੂੰ ਬਾਬੇ ਨੇ ਭਰੇ ਮਨ ਨਾਲ ਆਖਿਆ ਸੀ।

ਬਾਬਾ ਅਤੇ ਜੈਕੁਰ ਇਕੱਲੇ ਰਹਿ ਗਏ। ਹੁਣ ਉਹਨਾਂ ਨੂੰ ਸਿਰਫ਼ ਗੁਰੂ-ਘਰ ਦਾ ਹੀ ਆਸਰਾ ਰਹਿ ਗਿਆ ਸੀ। ਦੋਵੇਂ ਮੀਆਂ-ਬੀਵੀ ਹੁਣ ਬਹੁਤਾ ਸਮਾਂ ਗੁਰਦੁਆਰੇ ਹੀ ਬਤੀਤ ਕਰਦੇ। ਸਮਾਂ ਪਾ ਕੇ ਦੋਹਾਂ ਨੇ ਅੰਮ੍ਰਿਤਪਾਨ ਕਰ ਲਿਆ ਅਤੇ ਗੁਰੂ ਵਾਲੇ ਬਣ ਗਏ। ਹੁਣ ਦੋਹਾਂ ਦਾ ਵਕਤ ਬਾਣੀ ਪੜ੍ਹਦਿਆਂ ਸੁਣਦਿਆਂ ਹੀ ਨਿਕਲਦਾ। ਬਾਬੇ ਬਖਤੌਰੇ ਨੇ ਧਾਰਮਿਕ ਕਿਤਾਬਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਲੈ ਕੇ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਤੱਕ, ਸਾਰਾ ਇਤਿਹਾਸ ਪੜ੍ਹ ਲਿਆ ਸੀ। ਬਾਬੇ ਨੂੰ ਸਿੱਖ ਇਤਿਹਾਸ ਪ੍ਰਤੀ ਕਾਫ਼ੀ ਗਿਆਨ ਹੋ ਗਿਆ ਸੀ। ਹੁਣ ਉਹ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਯਤਨਸ਼ੀਲ ਰਹਿੰਦਾ। ਜੈਕੁਰ ਗੁਰਦੁਆਰੇ ਦੇ ਆਸੇ ਪਾਸੇ ਤੋਂ ਇੱਟਾਂ ਰੋੜੇ ਚੁਗਦੀ, ਬੂਟਿਆਂ ਨੂੰ ਪਾਣੀ ਦਿੰਦੀ ਅਤੇ ਨਾਮ ਜਪਦੀ ਰਹਿੰਦੀ। ਲੰਗਰ ਵਿਚ ਸੇਵਾ ਕਰਦੀ ਉਹ ‘ਪ੍ਰਸ਼ਾਦਾ ਵਾਹਿਗੁਰੂ’ ਆਖ ਕੇ ਰੋਟੀ ਪੁੱਛਦੀ।

ਵਰੵੇ ਬੀਤ ਗਏ। ਮੁੰਡਿਆਂ ਦੀ ਅਤੇ ਮਾਮੇ ਮਾਮੀਂ ਦੀ ਚਿੱਠੀ ਆਉਂਦੀ ਤਾਂ ਤਪਦੇ ਹਿਰਦੇ ਠਰ ਜਾਂਦੇ।

ਅੱਜ ਅਮਰੀਕਾ ਤੋਂ ਆਈ ਚਿੱਠੀ ਨੇ ਦੋਹਾਂ ਦੇ ਖੰਭ ਲਾ ਦਿੱਤੇ। ਚਾਅ ਨਾਲ ਉਹਨਾਂ ਦੇ ਪੱਬ ਧਰਤੀ ‘ਤੇ ਨਹੀਂ ਲੱਗਦੇ ਸਨ। ਬਾਬੇ ਅਤੇ ਜੈਕੁਰ ਨੇ ਸ੍ਰੀ ਗੁਰੂ ਗਰੰਥ ਸਾਹਿਬ ਅੱਗੇ ਸੱਤ-ਸੱਤ ਵਾਰ ਨੱਕ ਰਗੜ ਕੇ ਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਸੀ। ਕੁਲਬੀਰ ਨੇ ਡਾਕਟਰੀ ਪਾਸ ਕਰ ਲਈ ਸੀ ਅਤੇ ਜਸਬੀਰ ਇੰਜਨੀਅਰ ਬਣ ਗਿਆ ਸੀ। ਹੁਣ ਉਹਨਾਂ ਦੇ ਵਿਆਹ ਦੀ ਗੱਲ ਚੱਲੀ ਸੀ। ਬਾਬੇ ਅਤੇ ਜੈਕੁਰ ਨੂੰ ਅਮਰੀਕਾ ਦੀ ਰਾਹਦਾਰੀ ਅਤੇ ਨਾਲ ਹਵਾਈ ਟਿਕਟਾਂ ਲਈ ਲੱਖ ਰੁਪਏ ਦਾ ਚੈੱਕ ਪਹੁੰਚ ਗਿਆ ਸੀ। ਉਹ ਅਮਰੀਕਾ ਜਾਣਾ ਤਾਂ ਨਹੀਂ ਚਾਹੁੰਦੇ ਸਨ, ਪਰ ਪੁੱਤਾਂ ਦੇ ਵਿਆਹ ਦੀ ਗੱਲ ਦਾ ਚਾਅ ਉਨ੍ਹਾਂ ਨੂੰ ਅਮਰੀਕਾ ਵੱਲ ਨੂੰ ਇੱਕ ਤਰ੍ਹਾਂ ਨਾਲ ਘੜ੍ਹੀਸ ਰਿਹਾ ਸੀ।

ਮਹੀਨੇ ਕੁ ਬਾਅਦ ਹੀ ਦੋਹਾਂ ਨੂੰ ਅਮਰੀਕਾ ਦਾ ਵੀਜ਼ਾ ਮਿਲ ਗਿਆ ਅਤੇ ਉਹ ਅਮਰੀਕਾ ਨੂੰ ਉਡਾਰੀ ਮਾਰ ਗਏ। ਦੋਹਾਂ ਦੇ ਦਿਲ ਜਹਾਜ਼ ਨਾਲੋਂ ਤੇਜ਼ ਉੱਡ ਰਹੇ ਸਨ। ਪੁੱਤਾਂ ਨੂੰ ਮਿਲਣ ਦਾ ਚਾਅ ਹਿੱਕ ‘ਚ ਧੂਹ ਪਾ ਰਿਹਾ ਸੀ। ਉਹ ਸੋਚ ਰਹੇ ਸਨ ਕਿ ਉਹਨਾਂ ਦੇ ਪੁੱਤ ਕਿੱਡੇ ਕੁ ਹੋ ਗਏ ਹੋਣਗੇ? ਦਾਹੜ੍ਹੀਆਂ ਭਰ ਗਈਆਂ ਹੋਣਗੀਆਂ! ਚਿਣ ਕੇ ਦਸਤਾਰਾਂ ਸਜ਼ਾਈਆਂ ਹੋਣਗੀਆਂ? ਚਾਅਵਾਂ ਦੇ ਸਮੁੰਦਰ ਵਿਚ ਤਰਦੇ ਉਹ ਨਿਊਯਾਰਕ ਏਅਰਪੋਰਟ ‘ਤੇ ਆ ਉਤਰੇ।

ਇੰਮੀਗਰੇਸ਼ਨ ਤੋਂ ਵਿਹਲੇ ਹੋ ਕੇ ਬਾਹਰ ਨਿਕਲੇ ਤਾਂ ਸਾਹਮਣੇ ਮਾਮਾ ਮਾਮੀ ਖੜ੍ਹੇ ਸਨ। ਮਾਮੀ ਤਾਂ ਹਾਰ ਗਈ ਸੀ, ਪਰ ਮਾਮੇ ਦੀ ਡਰਾਈਵਰ ਕੱਟ ਦਾਹੜ੍ਹੀ ਕਾਫ਼ੀ ਪ੍ਰਭਾਵ ਦੇ ਰਹੀ ਸੀ। ਦਾਹੜ੍ਹੀ ਨੂੰ ਕਲਫ਼ ਲਾ ਕੇ ਉਹ ‘ਮੋਰ’ ਬਣਿਆਂ ਖੜ੍ਹਾ ਸੀ। ਦਾਹੜ੍ਹੀ ਕਾਲੀ ਕਰੀ ਹੋਣ ਕਰਕੇ ਵਿਚੋਂ ਚਿੱਟੇ ਦੰਦ ਖਿਲ-ਬਿਲੀਆਂ ਛੱਡ ਰਹੇ ਸਨ।

ਸਾਰੇ ਜੱਫ਼ੀਆਂ ਪਾ ਕੇ ਮਿਲੇ। ਸੁੱਖ-ਸਾਂਦ ਪੁੱਛੀ ਗਈ ਅਤੇ ਕੁਝ ਕੁ ਰਵਾਇਤੀ ਗੱਲਾਂ ਹੋਈਆਂ।
-“ਕੁਲਬੀਰੇ ਹੋਰੀਂ ਕਿੱਥੇ ਐ?” ਜੈਕੁਰ ਦਾ ਦਿਲ ਕਾਹਲਾ ਪਿਆ ਹੋਇਆ ਸੀ।
-“ਐਥੇ ਈ ਸੀ-ਆਸੇ ਪਾਸੇ ਹੋ ਗਏ ਹੋਣੇ ਐਂ-ਮੁੰਡੇ ਖੁੰਡੇ ਐ-ਲੈ, ਔਹ ਆ ਗਏ!” ਮਾਮੀ ਨੇ ਕਿਹਾ।

ਦੇਖ ਕੇ ਬਾਬੇ ਬਖਤੌਰੇ ਦਾ ਦਿਲ ਹਿੱਲ ਗਿਆ! ਜੈਕੁਰ ਭਮੱਤਰ ਕੇ ਪਿੱਟਣ ਵਾਲੀ ਹੋ ਗਈ! ਕੁਲਬੀਰ ਅਤੇ ਜਸਬੀਰ ਦੀ ਦਾਹੜ੍ਹੀ ਅਤੇ ਮੁੱਛਾਂ ‘ਚਟਮ’ ਕਰਵਾਈਆਂ ਹੋਈਆਂ ਸਨ! ਵਾਲਾਂ ਦੇ ਕੁੰਡਲ ਬਣਵਾ ਕੇ, ਕੰਨਾਂ ਵਿਚ ਮੁਰਕੀਆਂ ਪੁਆਈਆਂ ਹੋਈਆਂ ਸਨ। ਕੁਲਬੀਰ ਦੇ ਜੀਨ ਦੀ ਘਸੀ ਜਿਹੀ ਪੈਂਟ ਪਾਈ ਹੋਈ ਸੀ, ਜਿਹੜੀ ਗੋਡੇ ਕੋਲੋਂ ਜਾਣ ਕੇ ਪਾੜੀ ਲੱਗਦੀ ਸੀ। ਜਸਬੀਰ ਦੇ ਗਰਮੀ ਹੋਣ ਕਾਰਨ ਲੰਡਾ ਜਿਹਾ ਕੱਛਾ ਹੀ ਪਾਇਆ ਹੋਇਆ ਸੀ। ਉਹਨਾਂ ਦਾ ਚਾਅ ਗਫ਼ੂਰ ਦੇ ਹੁੱਕੇ ਦੀ ਸੁਆਹ ਵਾਂਗ ਉੱਡ ਗਿਆ!

-“ਹਾਏ ਡੈਡ! ਹਾਏ ਮੰਮ!!” ਕੁਲਬੀਰ ਅਤੇ ਜਸਬੀਰ ਨੇ ਓਪਰਿਆਂ ਵਾਂਗ ਕਿਹਾ। ਜੈਕੁਰ ਨੇ ਢਿੱਡ ਦੀ ਅੱਗ ਨੂੰ ਵਾਰੀ ਵਾਰੀ ਕਾਲਜੇ ਨਾਲ ਘੁੱਟਿਆ। ਬਾਬੇ ਨੇ ਸਿਰ ਪਲੋਸ ਦਿੱਤਾ।

-“ਮਾਮਾ ਤੂੰ ਤਾਂ ਮੇਰੀ ਔਲਾਦ ਈ ਗਾਲਤੀ-ਇਹ ਤਾਂ ਸਾਲੇ ਕੰਜਰਾਂ ਮਾਂਗੂੰ ਕੋਕਰੂ ਜਿਹੇ ਪਾਈ ਫਿਰਦੇ ਐ-ਮੈਂ ਤਾਂ ਲੋਕਾਂ ਦੇ ਮੁੰਡਿਆਂ ਨੂੰ ਸਿੱਖ ਬਣਾਉਂਦਾ ਬਣਾਉਂਦਾ ਆਪ ਈ ਟੋਭੇ ‘ਚ ਜਾ ਡਿੱਗਿਆ।” ਘਰ ਆ ਕੇ ਬਾਬੇ ਨੇ ਉਲਾਂਭਾ ਦਿੱਤਾ। ਉਸ ਦਾ ਦਿਲ ਰੋਈ ਜਾ ਰਿਹਾ ਸੀ।

-“ਉਏ ਭਾਣਜੇ ਐਥੇ ਮਾਹੌਲ ਈ ਸਹੁਰਾ ਕੁਛ ਐਹੋ ਜਿਐ-ਬਥੇਰੇਹ ਸਿੱਖ ਬਣ ਜਾਣਗੇ-ਤੂੰ ਕਿਹੜਾ ਜੁਆਨੀ ‘ਚ ਈ ਗਾਤਰਾ ਪਾ ਲਿਆ ਸੀ?” ਮਾਮੇ ਨੇ ਪੈੱਗ ਪੀਣ ਤੋਂ ਬਾਅਦ ਕਿਹਾ। ਉਹ ਤਿੱਖੀ ਜਿਹੀ ਮੁੱਛ ਨੂੰ ਵਾਰੀ ਸਿਰ ਵੱਟ ਚਾੜ੍ਹਦਾ ਸੀ।
-“……….।” ਬਾਬਾ ਚੁੱਪ ਸੀ।

-“ਭਾਣਜੇ ਜੈਸਾ ਦੇਸ਼ ਵੈਸਾ ਭੇਸ-ਜੇ ਇਹਨਾਂ ਦੇ ਵਾਲ ਨਾ ਕਟਾਵਾਉਂਦੇ ਤਾਂ ਇਹਨਾਂ ਨੂੰ ਸਕੂਲ ‘ਚ ਦਾਖਲਾ ਈ ਨ੍ਹੀ ਮਿਲਣਾ ਸੀ।” ਮਾਮਾ ਹੱਦੋਂ ਵੱਧ ਗੱਪ ਮਾਰ ਗਿਆ ਸੀ।

-“ਮਾਮਾ ਗੋਲੀ ਮਾਰਦਾ ਐਹੋ ਜਿਹੇ ਸਕੂਲ ਨੂੰ-ਵਾਪਸ ਤੋਰ ਦਿੰਦਾ-ਉਥੇ ਆਪੇ ਕਰਕੇ ਖਾਈ ਜਾਂਦੇ-ਭੁੱਖੇ ਤਾਂ ਮਰਨ ਨਹੀਂ ਲੱਗੇ ਸੀ-ਆਬਦਾ ਦੀਨ ਧਰਮ ਤਾਂ ਰੱਖਦੇ!”

-“ਚੱਲ ਥੁੱਕ ਗੁੱਸੇ ਨੂੰ-ਬਥੇਰੀ ਉਮਰ ਪਈ ਐ ਦੀਨਾਂ ਧਰਮਾਂ ਆਸਤੇ-ਤੂੰ ਐਧਰਲੀ ਦੀਨ ਦੁਨੀਆਂ ਦੇਖ!” ਮਾਮੇ ਨੇ ਬਾਬੇ ਨੂੰ ਥਾਪੜਦਿਆਂ ਕਿਹਾ।

ਕਈ ਦਿਨ ਗੁਜ਼ਰ ਗਏ।

ਮਾਮੇ ਮਾਮੀਂ ਨੇ ਉਹਨਾਂ ਨੂੰ ਕਾਫ਼ੀ ਘੁੰਮਾ ਫਿਰਾ ਦਿੱਤਾ ਸੀ। ਵਧੀਆ ਵਧੀਆ, ਮਹੱਤਵਪੂਰਨ ਥਾਵਾਂ ਦਿਖਾ ਦਿੱਤੀਆਂ ਸਨ। ਕੁਲਬੀਰ ਅਤੇ ਜਸਬੀਰ ਸਵੇਰੇ ਜਾਂਦੇ ਅਤੇ ਸ਼ਾਮ ਨੂੰ ਮੁੜਦੇ। ਬਾਬੇ ਨੂੰ ਉਹਨਾਂ ਦਾ ਕੋਈ ਚਾਅ ਨਹੀਂ ਰਹਿ ਗਿਆ ਸੀ। ਸਗੋਂ ਪਤਿਤ ਹੋਣ ਦਾ ਦੁੱਖ ਸੀ। ਹੁਣ ਬਾਬਾ ਅਤੇ ਜੈਕੁਰ ਸਭ ਕਾਸੇ ਨੂੰ ‘ਰੱਬ ਦਾ ਭਾਣਾ’ ਮੰਨ ਕੇ ਸਾਂਅਵੇਂ ਹੋ ਤੁਰੇ ਸਨ। ਅਗਲੇ ਦਿਨ ਉਹਨਾਂ ਦਾ ਗੁਰਦੁਆਰੇ ਜਾਣ ਦਾ ਪ੍ਰੋਗਰਾਮ ਬਣਿਆਂ। ਬਾਬੇ ਅਤੇ ਜੈਕੁਰ ਨੂੰ ਕੁਝ ਸ਼ਾਂਤੀ ਜਿਹੀ ਆਈ ਕਿ ਅਮਰੀਕਾ ਜਿਹੇ ਗੋਰਿਆਂ ਦੇ ਦੇਸ਼ ਵਿਚ ਵੀ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰਦੁਆਰੇ ਉਸਾਰੇ ਹੋਏ ਸਨ। ਖ਼ਾਲਸਾ ਜੀ ਦੇ ਬੋਲ ਬਾਲੇ ਸਨ। ਸਿੰਘਾਂ ਦੀ ਹਿੰਮਤ ਨੂੰ ਉਹ ਅੰਦਰੋ-ਅੰਦਰੀ ਦਾਦ ਦੇ ਰਹੇ ਸਨ।

ਸਵੇਰੇ ਨਿੱਤਨੇਮ ਤੋਂ ਬਾਅਦ ਉਹਨਾਂ ਨੇ ਨਾਸ਼ਤਾ ਕੀਤਾ ਅਤੇ ਕਾਰ ਲੈ ਕੇ ਗੁਰਦੁਆਰੇ ਨੂੰ ਚੱਲ ਪਏ। ਗੁਰੂ ਦਰਸ਼ਣਾਂ ਲਈ ਉਹਨਾਂ ਦਾ ਮਨ ਬਹਿਬਲ ਹੋਇਆ ਪਿਆ ਸੀ।

ਪਾਰਕਿੰਗ ਵਿਚ ਕਾਰ ਖੜ੍ਹੀ ਕਰ ਕੇ ਉਹਨਾਂ ਨੇ ਜੋੜੇ ਲਾਹੇ ਅਤੇ ਨੰਗੇ ਪੈਰੀਂ ਗੁਰੂ-ਘਰ ਨੂੰ ਹੋ ਤੁਰੇ। ਬਾਬਾ ਅਤੇ ਜੈਕੁਰ ‘ਧੰਨ ਐਂ ਮਾਲਕਾ-ਧੰਨ ਐਂ ਮਾਲਕਾ’ ਕਰਦੇ ਜਾ ਰਹੇ ਸਨ। ਉਹਨਾਂ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ।

ਜਦੋਂ ਉਹ ਗੁਰੂਘਰ ਪਹੁੰਚੇ ਤਾਂ ਪ੍ਰਬੰਧਕਾਂ ਨੇ ਉਹਨਾਂ ਨੂੰ ਦਰਵਾਜੇ ‘ਤੇ ਹੀ ਰੋਕ ਦਿੱਤਾ। ਕਾਰਨ ਪੁੱਛਣ ‘ਤੇ ਪ੍ਰਬੰਧਕ ਨੇ ਉਹਨਾਂ ਨੂੰ ਸੰਖੇਪ ਸ਼ਬਦਾਂ ਵਿਚ ਦੱਸਿਆ ਕਿ ਅੰਦਰ ਇੱਕ ਗਰੁੱਪ ਵੱਲੋਂ ਧਰਨਾ ਦਿੱਤਾ ਹੋਇਆ ਸੀ ਅਤੇ ਲੜਾਈ ਹੋ ਪਈ ਹੈ। ਸਿੰਘ ਪੱਗੋਲੱਥੀ ਹੋ ਕੇ ਹਟੇ ਹਨ ਅਤੇ ਸ੍ਰੀ ਸਾਹਿਬਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ। ਕੁਝ ਸਿੰਘ ਅਤੇ ਬੀਬੀਆਂ ਸਖ਼ਤ ਫ਼ੱਟੜ ਹਨ।

ਪੁਲੀਸ ਅਤੇ ਐਂਬੂਲੈਂਸਾਂ ਦੀ ੳਡੀਕ ਹੋ ਰਹੀ ਸੀ।
ਬਾਬਾ ਅਤੇ ਜੈਕੁਰ ਸੁੰਨ ਖੜ੍ਹੇ ਸਨ।

ਅਜੇ ਉਹ ਗੱਲਾਂ ਕਰਦੇ ਕਰਦੇ ਪ੍ਰਕਰਮਾ ਵਿਚ ਦਾਖਲ ਹੋਏ ਹੀ ਸਨ ਕਿ ਅਚਾਨਕ ਪੁਲੀਸ ਦੇ ਕੋਈ ਤੀਹ-ਚਾਲੀ ਗੋਰੇ ਜਵਾਨ, ਜੁੱਤੀਆਂ ਅਤੇ ਕੁੱਤਿਆਂ ਸਮੇਤ ਅੰਦਰ ਦਾਖਲ ਹੋ ਗਏ। ਭਗਦੜ ਮੱਚ ਗਈ ਸੀ ਅਤੇ ਬਾਬਾ ਬਖਤੌਰਾ, “ਨ੍ਹੋ ਜੁੱਤੀ..! ਨ੍ਹੋ ਕੁੱਤਾ…!!” ਕਰਦਾ ਕਰਦਾ, ਕੁਰਲਾਉਂਦਾ ਹੀ ਰਹਿ ਗਿਆ! ਬਾਬਾ ਪੁਲੀਸ ਨੂੰ ਜੁੱਤੀ ਅਤੇ ਕੁੱਤਿਆਂ ਸਮੇਤ ਅੰਦਰ ਜਾਣੋਂ ਰੋਕਣਾ ਚਾਹੁੰਦਾ ਸੀ। ਪਰ ਸੁਣਨੀ ਕਿਸ ਨੇ ਸੀ? ਮੇਲੇ ਵਿਚ ਚੱਕੀਰਾਹੇ ਨੂੰ ਕੌਣ ਪੁੱਛਦਾ ਸੀ? ਪੁਲੀਸ ਨੇ ਕੁਝ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਹੱਥਕੜੀਆਂ ਜੜ ਲਈਆਂ ਅਤੇ ਕੁਝ ਜ਼ਖਮੀ ਸਿੰਘਾਂ ਅਤੇ ਬੀਬੀਆਂ ਨੂੰ ਐਂਬੂਲੈਂਸਾਂ ਵਿਚ ਲੱਦ ਕੇ ਹਸਪਤਾਲ ਤੋਰ ਦਿੱਤਾ। ਪੁਲੀਸ ਦਾ ਐਕਸ਼ਨ ਇਤਨੀ ਤੇਜ਼ੀ ਨਾਲ ਹੋਇਆ ਸੀ ਕਿ ਸਾਰੇ ਦੇਖਦੇ ਹੀ ਰਹਿ ਗਏ ਸਨ!

ਕਾਰਵਾਈ ਖ਼ਤਮ ਹੋਣ ਉਪਰੰਤ ਬਾਬੇ ਨੇ ਮਾਮੇ ਨੂੰ ਕਿਹਾ ਕਿ ਉਹ ਦੁਭਾਸ਼ੀਏ ਦਾ ਕੰਮ ਕਰੇ। ਉਹ ਪੁਲਸ ਅਫ਼ਸਰ ਨੂੰ ਕੁਝ ਸੁਆਲ ਪੁੱਛਣੇ ਚਾਹੁੰਦਾ ਹੈ। ਪਹਿਲੀ ਗੱਲ ਤਾਂ ਪੁਲੀਸ ਜੁੱਤੀਆਂ ਅਤੇ ਕੁੱਤਿਆਂ ਸਮੇਤ ਗੁਰੂਘਰ ਅੰਦਰ ਕਿਉਂ ਦਾਖਲ ਹੋਈ? ਕੀ ਉਹਨਾਂ ਨੂੰ ਗੁਰੂਘਰ ਦੀ ਮਰਿਆਦਾ ਦਾ ਨਹੀਂ ਪਤਾ? ਗੁਰੂਘਰ ਦੀ ਮਰਿਆਦਾ ਕਾਇਮ ਰੱਖਣ ਲਈ ਤਾਂ ਸਿੰਘਾਂ ਨੇ ਸੀਸ ਦੇਣੋਂ ਸੰਕੋਚ ਨਹੀਂ ਕੀਤਾ! ਇਸ ਗੱਲ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਸੀ!

ਉਹ ਗੋਰੇ ਅਫ਼ਸਰ ਕੋਲ ਆ ਗਏ। ਬਾਬੇ ਦੀਆਂ ਗੱਲਾਂ ਦਾ ਉੱਤਰ ਪੁਲਸ ਅਫ਼ਸਰ ਨੇ ਬੜੇ ਵਿਅੰਗਮਈ ਲਹਿਜ਼ੇ ਵਿਚ ਦਿੱਤਾ।

-“ਮਿਸਟਰ ਸਿੰਘ! ਮੈਨੂੰ ਸਾਡੇ ਚਰਚ ਬਾਰੇ ਇਤਨੀ ਜਾਣਕਾਰੀ ਨਹੀਂ, ਜਿਤਨੀ ਕਿ ਤੁਹਾਡੇ ਗੁਰਦੁਆਰਿਆਂ ਬਾਰੇ ਹੈ-ਕਿਉਂਕਿ ਇੱਥੇ ਆਉਣ ਦਾ ਸਾਨੂੰ ਆਮ ਹੀ ਮੌਕਾ ਮਿਲਦਾ ਰਹਿੰਦਾ ਹੈ! ਜਿੱਥੋਂ ਤੱਕ ਜੁੱਤੀਆਂ ਅਤੇ ਕੁੱਤਿਆਂ ਦਾ ਸੁਆਲ ਹੈ-ਉਹ ਇਹ ਹੈ ਕਿ ਸਾਨੂੰ ਮਾਹੌਲ ਸ਼ਾਂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪੈਂਦੀ ਹੈ-ਮਰਿਆਦਾ ਸਾਡੇ ਕਾਨੂੰਨ ਅੱਗੇ ਕੋਈ ਮਹੱਤਵ ਨਹੀਂ ਰੱਖਦੀ-ਨਾਲੇ ਗੁਰੂਘਰ ਦੀ ਮਰਿਆਦਾ ਸਭ ਤੋਂ ਪਹਿਲਾਂ ਪ੍ਰਬੰਧਕ ਭੰਗ ਕਰਦੇ ਹਨ-ਅਸੀਂ ਤਾਂ ਬਾਅਦ ਵਿਚ ਆਉਂਦੇ ਹਾਂ-ਗੁਰੂਘਰ ਵਿਚ ਝਗੜੇ ਕਰਨਾ ਮਰਿਆਦਾ ਹੈ? ਕਿਰਪਾਨਾਂ ਚਲਾਉਣਾ ਮਰਿਆਦਾ ਹੈ? ਗੁਰੂਘਰ ਦੇ ਪ੍ਰੇਮੀਆਂ ਨੂੰ ਫ਼ੱਟੜ ਕਰਨਾ ਮਰਿਆਦਾ ਹੈ? ਮਿਸਟਰ ਸਿੰਘ! ਤੁਸੀਂ ਪੁਲੀਸ ਨੂੰ ਦੋਸ਼ੀ ਠਹਿਰਾਉਣ ਦੀ ਵਜਾਏ ਪ੍ਰਬੰਧਕਾਂ ਨੂੰ ਹੀ ਮਰਿਆਦਾ ਬਰਕਰਾਰ ਰੱਖਣ ਲਈ ਕਿਉਂ ਨਹੀਂ ਕਹਿੰਦੇ? ਸਾਨੂੰ ਤਾਂ ਜਾਨੀ ਨੁਕਸਾਨ ਹੋਣ ਦੇ ਡਰੋਂ ਮਜ਼ਬੂਰਨ ਐਕਸ਼ਨ ਲੈਣਾ ਪੈਂਦਾ ਹੈ-ਅਸੀਂ ਮਜ਼ਬੂਰ ਹਾਂ ਮਿਸਟਰ ਸਿੰਘ! ਪਰ ਮੈਂ ਤੁਹਾਡੀ ਭਾਵਨਾ ਅਤੇ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ।” ਤੇ ਅਫ਼ਸਰ ਕਾਰ ਵਿਚ ਬੈਠ ਕੇ ਤੁਰ ਗਿਆ। ਬਾਬੇ ਸਮੇਤ ਸਾਰੇ ਹੀ ਨਿਰੁੱਤਰ ਖੜ੍ਹੇ ਸਨ। ਅਫ਼ਸਰ ਦੀਆਂ ਗੱਲਾਂ ਕੋਈ ਝੂਠੀਆਂ ਵੀ ਨਹੀਂ ਸਨ। ਪੈਸਾ ਆਪਦਾ ਖੋਟਾ ਸੀ! ਬਾਣੀਏਂ ਨੂੰ ਕਾਹਦਾ ਦੋਸ਼ ਸੀ?

-“ਇਹ ਗੁਰੂਘਰਾਂ ‘ਚ ਲੜਾਈ ਹੈ ਕਾਹਦੀ ਮਾਮਾ?” ਬਾਬੇ ਨੇ ਪੁੱਛਿਆ।
-“ਗੋਲਕ ਦੀ-ਚੌਧਰ ਦੀ।”
-“ਹੈਅ, ਥੋਡੀ ਬੇੜੀ ਬਹਿਜੇ!”
-“ਇੱਥੇ ਤਾਂ ਭਾਣਜੇ ਨਿੱਤ ਆਹੀ ਹਾਲ ਰਹਿੰਦੈ-ਕਿਰਪਾਨਾਂ ਤਾਂ ਕੀ? ਐਥੇ ਤਾਂ ਕਦੇ ਕਦੇ ਗੋਲੀ ਵੀ ਚੱਲ ਪੈਂਦੀ ਐ! ਪੈਸਾ ਤੇ ਪ੍ਰਧਾਨਗੀ ਹਰ ਕੋਈ ਚਾਹੁੰਦੈ!”
-“ਫੇਰ ਤਾਂ ਗੁਰਸਿੱਖ ਹਾਰੇ ਤੇ ਜੱਗ ਜੀਤਾ ਆਲੀ ਗੱਲ ਹੋਈ।” ਬਾਬੇ ਦਾ ਦਿਲ ਘੋਰ ਦੁਖੀ ਸੀ।

ਉਹ ਬਾਹਰੋਂ ਹੀ ਮੱਥਾ ਟੇਕ ਕੇ ਮੁੜ ਆਏ।
ਬਾਬੇ ਦਾ ਦਿਲ ਧਾਹਾਂ ਮਾਰੀ ਜਾ ਰਿਹਾ ਸੀ। ਸਾਰੀ ਰਾਤ ਬਾਬੇ ਅਤੇ ਜੈਕੁਰ ਨੂੰ ਨੀਂਦ ਨਾ ਪਈ। ਉਹ ਜਿਵੇਂ ਹੀ ਪਏ ਸਨ, ਉਵੇਂ ਹੀ ਉਠ ਖੜ੍ਹੇ। ਬੀਤੀ ਸ਼ਾਮ ਉਹਨਾਂ ਨੇ ਰੋਟੀ ਵੀ ਨਹੀਂ ਖਾਧੀ ਸੀ। ਪੁੱਛਣ ‘ਤੇ ਕੁਝ ਦੱਸਿਆ ਨਹੀਂ ਸੀ।

ਸਵੇਰੇ ਨਿੱਤਨੇਮ ਵਿਚ ਵੀ ਉਹਨਾਂ ਦਾ ਮਨ ਨਾ ਜੁੜਿਆ। ਮਨ ਖੰਡਨ ਹੁੰਦਾ ਰਿਹਾ। ਬਾਣੀਂ ਪੜ੍ਹਦਾ ਬਾਬਾ ਇੱਕ-ਦੋ ਵਾਰ ਰੋਇਆ ਵੀ!

-“ਮਾਮਾ! ਮੁੰਡਿਆਂ ਦੇ ਵਿਆਹ ਤੂੰ ਹੀ ਕੋਈ ਚੰਗਾ ਜਿਆ ਥਾਂ ਦੇਖ ਕੇ ਕਰਦੀਂ-ਅਸੀਂ ਤਾਂ ਚੱਲੇ ਆਂ ਵਾਪਿਸ।” ਨਾਸ਼ਤੇ ਦੇ ਟੇਬਲ ‘ਤੇ ਬੈਠੇ ਬਾਬੇ ਬਖਤੌਰੇ ਨੇ ਕੱਛ ‘ਚੋਂ ਮੂੰਗਲਾ ਕੱਢ ਮਾਰਿਆ ਸੀ।

-“ਕਿਉਂ? ਕਾਹਤੋਂ?” ਮਾਮੇ ਅਤੇ ਮਾਮੀਂ ਨੇ ਇਕੱਠਿਆਂ ਨੇ ਪੁੱਛਿਆ। ਉਹ ਹੱਦੋਂ ਵੱਧ ਹੈਰਾਨ ਸਨ।
-“ਸਾਨੂੰ ਤਾਂ ਮਾਮਾ ਗੁਰੂ ਬਿਨਾ ਕੁਛ ਨ੍ਹੀ ਲੋੜੀਦਾ-ਮੁੰਡੇ ਤੈਨੂੰ ਦਿੱਤੇ-ਤੂੰ ਜਾਣ ਤੇਰਾ ਕੰਮ ਜਾਣੇਂ।”
-“ਐਡੇ ਵੱਡੇ ਤਿਆਗ ਦਾ ਕਾਰਨ? ਜੀਅ ਨ੍ਹੀ ਲੱਗਦਾ ਥੋਡਾ? ਦੋਹਾਂ ਨੇ ਈ ਅੱਗ ਮਚਾਤੀ!” ਮਾਮੇਂ, ਮਾਮੀਂ ਨੂੰ ਉਹਨਾਂ ਦੇ ਜਾਣ ਦਾ ਦਿਲੋਂ ਦੁੱਖ ਸੀ।
-“ਮਾਮਾਂ! ਜਿਹੜੇ ਮੁਲਕ ‘ਚ ਗੁਰੂ ਦੀ ਆਹ ਹਾਲਤ ਐ! ਮਹਾਤੜਾਂ ਦੀ ਕੀ ਹੋਊ?” ਅੰਦਰੂਨੀ ਪੀੜ ਦੱਸ ਕੇ ਬਾਬਾ ਪਹਿਲਾਂ ਹੁਬਕੀਂ ਅਤੇ ਫਿਰ ਭੁੱਬੀਂ ਰੋ ਪਿਆ।
……ਤੇ ਅਗਲੇ ਹਫ਼ਤੇ ਹੀ ਬਾਬਾ ਅਤੇ ਜੈਕੁਰ ਇੰਡੀਆ ਨੂੰ ਜਹਾਜ਼ ਚੜ੍ਹ ਗਏ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 14 ਸਤੰਬਰ 2009)
(ਦੂਜੀ ਵਾਰ 11 ਸਤੰਬਰ 2021)

***
347
***

ਸ਼ਿਵਚਰਨ ਜੱਗੀ ਕੁੱਸਾ

ਸ਼ਿਵਚਰਨ ਜੱਗੀ ਕੁੱਸਾ

View all posts by ਸ਼ਿਵਚਰਨ ਜੱਗੀ ਕੁੱਸਾ →