ਸਭਿਆਚਾਰਕ ਸਮੱਸਿਆਵਾਂ ਵੱਲੋਂ ਚੇਤੰਨ ਗੀਤ
|
ਕੈਨੇਡੀਅਨ ਪੰਜਾਬੀ ਸ਼ਾਇਰ ਗੁਰਦਰਸ਼ਨ ਬਾਦਲ ਦੀ ਪਹਿਚਾਣ ਇੱਕ ਵਧੀਆ ਗ਼ਜ਼ਲਗੋ ਵਾਲੀ ਬਣੀ ਹੋਈ ਹੈ; ਪਰ ਉਹ ਇੱਕ ਵਧੀਆ ਗੀਤਕਾਰ ਵੀ ਹੈ। ਭਾਵੇਂ ਕਿ ਉਸ ਦੇ ਗੀਤ ਵਧੇਰੇ ਕਰਕੇ ਨੌਜਵਾਨ ਦਿਲਾਂ ਵਿੱਚ ਉੱਠਦੀਆਂ ਪਿਆਰ ਦੀਆਂ ਤਰੰਗਾਂ ਦਾ ਹੀ ਬਹੁ-ਦਿਸ਼ਾਵੀ ਦ੍ਰਿਸ਼ ਉਲੀਕਦੇ ਹਨ; ਪਰ ਉਹ ਆਪਣੇ ਗੀਤਾਂ ਨੂੰ ਪੰਜਾਬੀ ਸਭਿਆਚਾਰ ਦੀਆਂ ਸਮੱਸਿਆਵਾਂ ਪੇਸ਼ ਕਰਨ ਲਈ ਵੀ ਵਰਤਦਾ ਹੈ।
ਗੁਰਦਰਸ਼ਨ ਬਾਦਲ ਹੁਣ ਤੱਕ ਪੰਜ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ: ‘ਜੰਗੀ ਨਗ਼ਮੇ’ (ਕਾਵਿ ਸੰਗ੍ਰਹਿ) 1965, ‘ਗੰਦਲਾਂ’ (ਗ਼ਜ਼ਲ ਸੰਗ੍ਰਹਿ) 1992, ‘ਕਿਰਚਾਂ’ (ਗਜ਼ਲ ਸੰਗ੍ਰਹਿ) 2000, ‘ਵਿਓਹ ਮਿਟਾਉਂਦੇ ਗੀਤ’ (ਗੀਤ ਸੰਗ੍ਰਹਿ) 2002 ਅਤੇ ‘ਘਰ ‘ਚ ਕਲੇਸ਼ ਪੈ ਗਿਆ’ (ਗੀਤ ਸੰਗ੍ਰਹਿ) 2003। ਇਸ ਨਿਬੰਧ ਵਿੱਚ ਚਰਚਾ ਲਈ ਮੈਂ ਬਾਦਲ ਦੇ ਗੀਤ-ਸੰਗ੍ਰਹਿ ‘ਘਰ ‘ਚ ਕਲੇਸ਼ ਪੈ ਗਿਆ’ ਨੂੰ ਚੁਣਿਆ ਹੈ। ਭਾਵੇਂ ਕਿ ਬਾਦਲ ਅਜੇ ਤੀਕ ਇੱਕ ਗੀਤਕਾਰ ਨਾਲੋਂ ਇੱਕ ਗਜ਼ਲਗੋ ਵਜੋਂ ਆਪਣੀ ਪਹਿਚਾਣ ਬਣਾ ਸਕਿਆ ਹੈ; ਪਰ ਮੈਂ ਉਸਦੀ ਗੀਤ ਲਿਖਣ ਦੀ ਪ੍ਰਤਿਭਾ ਨੂੰ ਸਮਝਣ ਦਾ ਯਤਨ ਕਰਨ ਦਾ ਫੈਸਲਾ ਕੀਤਾ ਹੈ। ਤਾਂ ਜੁ ਕੈਨੇਡੀਅਨ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਗੁਰਦਰਸ਼ਨ ਬਾਦਲ ਦੀ ਸਖਸ਼ੀਅਤ ਦੇ ਇਸ ਪੱਖ ਤੋਂ ਵੀ ਜਾਣੂੰ ਕਰਵਾਇਆ ਜਾ ਸਕੇ। ‘ਘਰ ‘ਚ ਕਲੇਸ਼ ਪੈ ਗਿਆ’ ਕਾਵਿ ਸੰਗ੍ਰਹਿ ਦਾ ਪਹਿਲਾ ਗੀਤ ਹੀ ਸਾਡੇ ਸਮਿਆਂ ਦੀ ਇੱਕ ਮਹੱਤਵ-ਪੂਰਨ ਸਭਿਆਚਾਰਕ ਸਮੱਸਿਆ ਬਾਰੇ ਚਰਚਾ ਛੇੜਦਾ ਹੈ। ਇਹ ਵਿਸ਼ਾ ਹੈ ਸਾਡੇ ਸਮਾਜ ਵਿੱਚ ਕੀਤਾ ਜਾ ਰਿਹਾ ਧੀਆਂ ਨਾਲ ਵਿਤਕਰਾ। ਸਾਡੇ ਸਮਿਆਂ ਵਿੱਚ ਭਾਵੇਂ ਕਿ ਤਾਰਾ ਸ਼ਕੋਵਾ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਵਰਗੀਆਂ ਜਾਂਬਾਜ਼ ਔਰਤਾਂ ਮਰਦਾਂ ਦੇ ਕਦਮਾਂ ਨਾਲ ਕਦਮ ਮਿਲਾਂਦਿਆਂ ਹੋਇਆਂ ਪੁਲਾੜ ਯਾਤਰਾ ਵੀ ਕਰ ਚੁੱਕੀਆਂ ਹਨ; ਪਰ ਅਜੇ ਵੀ ਅਨੇਕਾਂ ਘਰਾਂ ਵਿੱਚ ਧੀ ਦਾ ਜੰਮਣਾ ਸ਼ੁਭ ਨਹੀਂ ਮੰਨਿਆਂ ਜਾਂਦਾ। ਇਸ ਸਮੱਸਿਆ ਦੇ ਅਨੇਕਾਂ ਪਹਿਲੂਆਂ ਨੂੰ ਪੇਸ਼ ਕਰਦਾ ਹੋਇਆ ਗੁਰਦਰਸ਼ਨ ਬਾਦਲ ਦਾ ਇੱਕ ਸਮੁੱਚਾ ਗੀਤ ਪੇਸ਼ ਹੈ: ਦਾਦੀ ਹੋਰ ਵੀ ਕੁੱਬੀ ਹੋਈ, ਪੋਤਾ ਚਹੁੰਦੀ-ਚਹੁੰਦੀ, ਬੁਸ-ਬੁਸ, ਬੁਸ-ਬੁਸ ਕਰਦੀਆਂ ਫਿਰਦੀਆਂ ਚਾਰੇ ਵੱਡੀਆਂ ਭੈਣਾਂ, ਏਸ ਵਾਰ ਤਾਂ ਰੱਬ ਸੁਣ ਲੈਂਦਾ, ਰੱਖੋ ਬੋਬੀ ਬੋਲੀ, ਕੀਹਨੇ ਮੇਰੇ ਚਾਅ ਕਰਨੇ ਸੀ, ਦੇਵੇ ਕੌਣ ਵਧਾਈਆਂ? ਮੈਂ ਵੀ ਇਕ ਇਨਸਾਨ ਹਾਂ ਮਾਏ ! ਸੁੱਟ ਨਾ ਐਵੇਂ ਅੱਥਰ, ਧੀਆਂ ਤਾਈਂ ਰਹੇ ਸਲਾਹੁੰਦੀ, ਇਹ ”ਬਾਦਲ” ਦੀ ਕਾਨੀ, ਪੰਜਾਬੀ ਸਮਾਜ ਵਿੱਚ ਇੱਕ ਹੋਰ ਸਮੱਸਿਆ, ਅਕਸਰ, ਸਾਡਾ ਧਿਆਨ ਖਿੱਚਦੀ ਹੈ। ਇਹ ਸਮੱਸਿਆ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਇਹ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੀ ਹੈ। ਪੰਜਾਬੀਆਂ ਵਿੱਚ ਸ਼ਰਾਬ ਪੀਣ ਦੀ ਆਦਤ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਪੰਜਾਬੀ ਰਾਜਨੀਤੀਵਾਨਾਂ ਨੇ ਇਸ ਆਦਤ ਨੂੰ ਅਜੋਕੇ ਸਮਿਆਂ ਦੇ ਰੀਤੀ-ਰਿਵਾਜਾਂ ਵਿੱਚ ਹੀ ਸ਼ਾਮਿਲ ਕਰ ਲਿਆ ਜਾਪਦਾ ਹੈ। ਪੰਜਾਬੀਆਂ ਦਾ ਕਿਸੀ ਤਰ੍ਹਾਂ ਦਾ ਵੀ ਕੋਈ ਜਸ਼ਨ ਹੋਵੇ, ਉੱਥੇ ਸ਼ਰਾਬ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ। ਸ਼ਰਾਬ ਦੀ ਵਧੇਰੇ ਅਤੇ ਨਿਰੰਤਰ ਵਰਤੋਂ ਨਾਲ ਜਿਸ ਕਿਸਮ ਦੀਆਂ ਪ੍ਰਵਾਰਕ ਅਤੇ ਘਰੇਲੂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸ਼ਰਾਬ ਪੀਣ ਦੀ ਨਿਰੰਤਰ ਆਦਤ ਨਾਲ ਨ ਸਿਰਫ ਅਨੇਕਾਂ ਪ੍ਰਵਾਰਾਂ ਦਾ ਆਰਥਿਕ ਤੌਰ ਉੱਤੇ ਉਜਾੜਾ ਹੋ ਰਿਹਾ ਹੈ, ਬਲਕਿ ਇਸ ਨਾਲ ਪ੍ਰਵਾਰਿਕ ਰਿਸ਼ਤਿਆਂ ਵਿੱਚ ਵੀ ਹਿੰਸਾ ਵੱਧ ਰਹੀ ਹੈ। ਪੰਜਾਬੀ ਸਮਾਜ ਦੀ ਇਸ ਸਮੱਸਿਆ ਨੂੰ ਵੀ ਗੁਰਦਰਸ਼ਨ ਬਾਦਲ ਆਪਣੇ ਇੱਕ ਗੀਤ ਦੀਆਂ ਸਤਰਾਂ ਵਿੱਚ ਬਹੁਤ ਹੀ ਸੂਖਮ ਪਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ: ਘਰ ਦੇ ਵਿੱਚ ਕੰਗਾਲੀ ਆ ਗਈ, ਰਾਤ-ਦਿਨੇ ਨਾ ਪੀ ਵੇ ! ਟੁੱਟਿਆ ਹੋਇਆ ਪੀ ਕੇ ਜੁੜਦੈਂ, ਪੈਲੀ ਨੂੰ ਤੂੰ ਖੋਰਾ ਲਾਇਆ, ਪਰ ਇਕੱਲੀ ਸ਼ਰਾਬ ਪੀਣ ਦੀ ਆਦਤ ਹੀ ਪੰਜਾਬੀਆਂ ਲਈ ਤਬਾਹੀ ਦਾ ਕਾਰਨ ਨਹੀਂ ਬਣ ਰਹੀ; ਬਲਕਿ ਅਜੋਕੇ ਸਮਿਆਂ ਵਿੱਚ ਤਾਂ ਪੰਜਾਬੀ ਨੌਜਵਾਨ ਭੰਗ, ਚਰਸ, ਕਰੈਕ, ਕੁਕੇਨ ਅਤੇ ਅਨੇਕਾਂ ਹੋਰ ਨਸ਼ਿਆਂ ਦੀ ਵਰਤੋਂ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਏਡਜ਼ ਵਰਗੀਆਂ ਖਤਰਨਾਕ ਬੀਮਾਰੀਆਂ ਲੱਗ ਰਹੀਆਂ ਹਨ। ਗੁਰਦਰਸ਼ਨ ਬਾਦਲ ਨਸ਼ਿਆਂ ਦੀ ਸਮੱਸਿਆ ਨੂੰ ਵੀ ਆਪਣੇ ਗੀਤਾਂ ਦਾ ਵਿਸ਼ਾ ਬਣਾਉਂਦਾ ਹੈ। ਇਸ ਸਮੱਸਿਆ ਨੂੰ ਪੇਸ਼ ਕਰਨ ਦਾ ਬਾਦਲ ਦਾ ਅੰਦਾਜ਼ ਵੇਖੋ: ਇਹਨਾਂ ਨਸ਼ਿਆਂ ਨੇ ਜਿੰਦ ਤੇਰੀ ਗਾਲਤੀ, ਲਾਲ ਬੁੱਲਾਂ ਤਾਈਂ ਜਰਦਾ ਜੋ ਛੋਹ ਗਿਆ, ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਜਿਸਦਾ ਅਸਰ ਸਾਡੀ ਮਾਨਸਿਕਤਾ ਉੱਤੇ ਵੀ ਪੈਂਦਾ ਹੈ। ਜਿਸ ਕਾਰਨ ਅਸੀਂ ਕਈ ਵੇਰ ਬਹੁਤ ਹੀ ਨਿਰਾਸਤਾ ਵਿੱਚ ਡੁੱਬ ਜਾਂਦੇ ਹਾਂ। ਨਿਰਾਸਤਾ ਵਿੱਚੋਂ ਬਾਹਰ ਨਿਕਲਣ ਲਈ ਕਈ ਵਾਰੀ ਸਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਪਰ ਕੁਝ ਲੋਕ ਢੇਰੀ ਢਾਹ ਕੇ ਬਹਿ ਜਾਂਦੇ ਹਨ। ਉਹ ਸੋਚਦੇ ਹਨ ਕਿ ਇਹ ਤਾਂ ‘ਰੱਬ’ ਨਾਮ ਦੀ ਕਿਸੇ ਗੈਬੀ ਸ਼ਕਤੀ ਦੇ ਹੀ ਹੱਥ ਵਿੱਚ ਹੈ ਕਿ ਉਹ ਸਾਨੂੰ ਨਿਰਾਸਤਾ ਵਾਲੀ ਹਾਲਤ ਵਿੱਚੋਂ ਬਾਹਰ ਕੱਢੇ। ਬੰਦੇ ਦੇ ਹੱਥ ਵਿੱਚ ਤਾਂ ਕੁਝ ਵੀ ਨਹੀਂ। ਬੰਦਾ ਤਾਂ ਰੱਬ ਦੇ ਹੱਥ ਵਿੱਚ ਮਹਿਜ਼ ਇੱਕ ਕਠਪੁਤਲੀ ਹੈ। ਪਰ ਬਾਦਲ ਦੇ ਵਿਚਾਰ ਇਸ ਨਾਲੋਂ ਵੱਖਰੇ ਹਨ। ਉਹ ਸਮਝਦਾ ਹੈ ਕਿ ਜੇਕਰ ਜ਼ਿੰਦਗੀ ਵਿੱਚ ਨਿਰਾਸਤਾ ਆ ਗਈ ਹੈ ਤਾਂ ਆਪਣੇ ਦੋਸਤਾਂ-ਮਿੱਤਰਾਂ ਅਤੇ ਚਾਹੁਣ ਵਾਲਿਆਂ ਦੀ ਮੱਦਦ ਲੈਣ ਵਿੱਚ ਕੋਈ ਹਰਜ਼ ਨਹੀਂ। ਇਸ ਆਸ ਉੱਤੇ ਬੈਠੇ ਰਹਿਣ ਨਾਲ ਕਿ ਕਿਸੇ ਗੈਬੀ ਸ਼ਕਤੀ ਨੇ ਹੀ ਉਸ ਨੂੰ ਨਿਰਾਸਤਾ ਵਾਲੀ ਹਾਲਤ ਵਿੱਚ ਡੋਬਿਆ ਹੈ ਹੁਣ ਉਹੀ ਇਸ ਹਾਲਤ ਵਿੱਚੋਂ ਬਾਹਰ ਕੱਢੇਗੀ – ਕਦੀ ਵੀ ਹਾਲਾਤ ਸੁਧਰ ਨਹੀਂ ਸਕਦੇ। ਮਨੁੱਖ ਨੂੰ ਆਪ ਹੀ ਹਿੰਮਤ ਜੁਟਾ ਕੇ ਅਤੇ ਆਪਣੇ ਸਹਿਯੋਗੀਆਂ ਦਾ ਮਿਲਵਰਤਣ ਲੈ ਕੇ ਹਾਲਾਤ ‘ਚੋਂ ਬਾਹਰ ਨਿਕਲਣਾ ਪੈਂਦਾ ਹੈ। ਦੇਖੋ ! ਬਾਦਲ ਇਸ ਗੱਲ ਨੂੰ ਆਪਣੇ ਗੀਤਾਂ ਵਿੱਚ ਕਿੰਝ ਕਹਿ ਰਿਹਾ ਹੈ: ਦੋ ਪਲ ਕੋਲੇ ਬਹੁ ਵੇ ਸੱਜਣਾ ! ਦੋ ਪਲ ਕੋਲੇ ਬਹੁ। ਰੱਬ ਦੀ ਭੈੜੀ ਕੀਤੀ ਦਾ ਨਾ, ਮੰਨੀ ਜਾਹ ਤੂੰ ਭਾਣਾ, ਆਰਥਿਕ ਖੁਸ਼ਹਾਲੀ ਦੀ ਭਾਲ ਵਿੱਚ ਹੋਰਨਾਂ ਦੇਸ਼ਾਂ ਵਿੱਚ ਪਰਵਾਸ ਕਰਨ ਦਾ ਰੁਝਾਨ ਪੰਜਾਬੀਆਂ ਵਿੱਚ ਪਿਛਲੀਆਂ ਕਈ ਸਦੀਆਂ ਤੋਂ ਬਣਿਆਂ ਹੋਇਆ ਹੈ। ਪਰ ਵਧੇਰੇ ਹਾਲਤਾਂ ਵਿੱਚ ਮਰਦ ਇਕੱਲੇ ਹੀ ਇਸ ਸਫਰ ਉੱਤੇ ਨਿਕਲਦੇ ਰਹੇ ਹਨ। ਪਿੱਛੇ ਰਹਿ ਗਈਆਂ ਉਨ੍ਹਾਂ ਦੀਆਂ ਜਵਾਨ ਪਤਨੀਆਂ ਨੂੰ ਆਪਣੀ ਜਵਾਨੀ ਦੇ ਦਿਨ ਇਕੱਲਤਾ ਵਿੱਚ ਹੀ ਕੱਟਣੇ ਪੈਂਦੇ ਰਹੇ ਹਨ। ਵਿਛੋੜੇ ਦੇ ਉਨ੍ਹਾਂ ਪਲਾਂ ਅਤੇ ਅਧੂਰੇ ਰਹਿ ਗਏ ਚਾਵਾਂ-ਮਲ੍ਹਾਰਾਂ ਨੂੰ ਗੁਰਦਰਸ਼ਨ ਬਾਦਲ ਆਪਣੇ ਗੀਤਾਂ ਦੇ ਦਿਲਾਂ ਦੀ ਧੜਕਣ ਕੁਝ ਇਸ ਤਰ੍ਹਾਂ ਬਣਾਉਂਦਾ ਹੈ: ਰੋਗ ਚੰਦਰਾ ਹੱਡਾਂ ਨੂੰ ਅਸਾਂ ਲਾ ਲਿਆ, ਤੇਰੇ ਸੁਪਨੇ ਸਜਾਏ ਅਸੀਂ ਅੱਖੀਆਂ ਦੇ ਵਿੱਚ, 2. ਉਮਰਾਂ ਨੂੰ ਗਾਲ਼ ਛੱਡੀ ਸਾਰੀ ਪ੍ਰਦੇਸ ਵੇ, ਭਾੜੇ ਲਈ ਵੇਚ ਦਿੱਤੇ, ਸਾਰੇ ਹੀ ਮੈਂ ਗਹਿਣੇ ਵੇ, ਪਿੱਛੇ ਦੇਸ ਵਿੱਚ ਰਹਿ ਗਏ ਲੋਕ ਸੋਚਦੇ ਹਨ ਕਿ ਪ੍ਰਵਾਸ ਵਿੱਚ ਲੋਕ ਮੌਜਾਂ ਮਾਣਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਵੀ ਨਹੀਂ ਹੁੰਦਾ ਕਿ ਇੱਥੇ ਜ਼ਿੰਦਗੀ ਕਿੰਨੀ ਔਖੀ ਹੈ ਅਤੇ ਰੁਝੇਵਿਆਂ ਭਰੀ ਹੈ। ਪ੍ਰਵਾਸ ਵਿੱਚ ਆ ਕੇ ਬੰਦਾ ਮਸ਼ੀਨ ਨਾਲ ਮਸ਼ੀਨ ਬਣ ਜਾਂਦਾ ਹੈ ਅਤੇ ਡਾਲਰਾਂ ਦੀ ਪ੍ਰਾਪਤੀ ਲਈ ਲੱਗੀ ਅੰਨ੍ਹੀ ਦੌੜ ਵਿੱਚ ਇੰਜ ਗਲਤਾਨ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਆਪ ਦੀ ਵੀ ਕੋਈ ਹੋਸ਼ ਨਹੀਂ ਰਹਿ ਜਾਂਦੀ। ਪ੍ਰਵਾਸੀਆਂ ਦੀ ਜ਼ਿੰਦਗੀ ਦੀ ਇਸ ਹਕੀਕਤ ਨੂੰ ਕਿਉਂਕਿ ਕੋਈ ਸਹੀ ਤਰ੍ਹਾਂ ਬਿਆਨ ਨਹੀਂ ਕਰਦਾ ਇਸ ਲਈ ਪ੍ਰਵਾਸੀ ਬਨਣ ਦੀ ਦੌੜ ਵਿੱਚ ਲੋਕ ਠੱਗ ਇਮੀਗਰੇਸ਼ਨ ਏਜੰਟਾਂ ਅਤੇ ਟਰੈਵਲ ਏਜੰਟਾਂ ਨੂੰ ਲੱਖਾਂ ਡਾਲਰ ਲੁਟਾ ਰਹੇ ਹਨ। ਇਨ੍ਹਾਂ ਠੱਗ ਏਜੰਟਾਂ ਨੂੰ ਲੱਖਾਂ ਡਾਲਰ ਲੁਟਾਉਣ ਤੋਂ ਬਾਹਦ ਵੀ ਹਜ਼ਾਰਾਂ ਪੰਜਾਬੀ ਵਿਸ਼ਵ ਦੇ ਅਨੇਕਾਂ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਕੈਦ ਮੁਸੀਬਤਾਂ ਭਰੇ ਦਿਨ ਕੱਟ ਰਹੇ ਹਨ। ਪ੍ਰਵਾਸੀ ਬਨਣ ਦੀ ਦੌੜ ਵਿੱਚ ਗ਼ੈਰ-ਕਾਨੂੰਨੀ ਜਾਹਾਜ਼ਾਂ ਵਿੱਚ ਸਫ਼ਰ ਕਰਦੇ ਹੋਏ ਹਜ਼ਾਰਾਂ ਹੀ ਪੰਜਾਬੀ ਲਾਲਚੀ ਅਤੇ ਠੱਗ ਏਜੰਟਾਂ ਵੱਲੋਂ ਸਮੁੰਦਰਾਂ ਦੇ ਡੂੰਘੇ ਪਾਣੀਆਂ ਵਿੱਚ ਡੋਬ ਦਿੱਤੇ ਗਏ। ਪ੍ਰਵਾਸੀ ਪੰਜਾਬੀਆਂ ਦੀ ਅਜਿਹੀ ਜ਼ਿੰਦਗਾਨੀ ਦੀ ਦਰਦ ਭਰੀ ਦਾਸਤਾਨ ਗੁਰਦਰਸ਼ਨ ਬਾਦਲ ਆਪਣੇ ਇੱਕ ਗੀਤ ਰਾਹੀਂ ਕੁਝ ਇਸ ਤਰ੍ਹਾਂ ਦੇ ਦਿਲਕਸ਼ ਅੰਦਾਜ਼ ਵਿੱਚ ਸੁਣਾਂਦਾ ਹੈ: ਸੁਣ ਸਮੇਂ ਦੀਆਂ ਸੋਹਣਿਆਂ ਪੁਕਾਰਾਂ, ਸੌਖਾ ਨਹੀਂ ਕਨੇਡੇ ਵੱਸਣਾ। ਡੁੱਬਦੇ ਜਹਾਜ਼ ਨਿੱਤ, ਸਾਗਰਾਂ ਦੇ ਵਿੱਚ ਨੇ, ਧੀਆਂ ਸਾਡੀਆਂ ਦੇ ਏਥੇ ਬੁਰੇ ਹਾਲ ਨੇ, ਬੇਬੇ-ਬਾਪੂ ਦੋਵੇਂ, ਫਾਰਮਾਂ ‘ਚ ਰੁਲਦੇ, ”ਬਾਦਲ” ਨੂੰ ਦੱਸ ਦੇਵੀਂ, ਮੇਰੇ ਜੀਣ ਜੋਗਿਆ, ‘ਘਰ ‘ਚ ਕਲੇਸ਼ ਪੈ ਗਿਆ’ ਕਾਵਿ-ਸੰਗ੍ਰਹਿ ਵਿੱਚ ਗੁਰਦਰਸ਼ਨ ਬਾਦਲ ਨੇ ਹੁਣ ਤੱਕ ਚਰਚਾ ਹੇਠ ਲਿਆਂਦੇ ਗਏ ਵਿਸ਼ਿਆਂ ਤੋਂ ਇਲਾਵਾ ਹੋਰ ਵੀ ਵਿਸ਼ਿਆਂ ਬਾਰੇ ਲਿਖੇ ਗਏ ਗੀਤ ਸ਼ਾਮਿਲ ਕੀਤੇ ਹਨ। ਅਨੇਕਾਂ ਹੋਰ ਸਭਿਆਚਾਰਾਂ ਵਾਂਗ ਪੰਜਾਬੀ ਸਭਿਆਚਾਰ ਵਿੱਚ ਵੀ ਖੁੱਲ੍ਹਮ-ਖੁੱ਼ਲ੍ਹਾ ਪਿਆਰ ਦਾ ਪ੍ਰਗਟਾਵਾ ਕਰਨ ਦੀ ਇਜਾਜ਼ਤ ਨਹੀਂ। ਜਿਸ ਕਾਰਨ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਲੋਕਾਂ ਦਰਮਿਆਨ ਇੱਕ ਤਨਾਓ ਬਣਿਆਂ ਰਹਿੰਦਾ ਹੈ। ਬੜੀ ਅਜੀਬ ਗੱਲ ਹੈ ਕਿ ਹਰ ਧਰਮ ਅਤੇ ਸਭਿਆਚਾਰ ਇਸ ਗੱਲ ਦੀ ਦੁਹਾਈ ਦਿੰਦਾ ਹੈ ਕਿ ਲੋਕਾਂ ਵਿੱਚ ਪਿਆਰ ਅਤੇ ਮਿਲਵਰਤਣ ਦੀ ਭਾਵਨਾ ਹੋਣੀ ਚਾਹੀਦੀ ਹੈ। ਪਰ ਜਦੋਂ ਲੋਕ ਇਸ ਗੱਲ ਉੱਤੇ ਅਮਲ ਕਰਦੇ ਹੋਏ ਇੱਕ ਦੂਜੇ ਵੱਲ ਪਿਆਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਧਰਮ ਅਤੇ ਸਭਿਆਚਾਰ ਉਨ੍ਹਾਂ ਦੇ ਪਿਆਰ ਦਰਮਿਆਨ ਦੀਵਾਰ ਬਣ ਕੇ ਖੜ੍ਹ ਜਾਂਦਾ ਹੈ। ਮਨੁੱਖੀ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ। ਜਦੋਂ ਕਿ ਦੋ ਵਿਅਕਤੀਆਂ ਨੇ ਆਪਸੀ ਪਿਆਰ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਸਮਾਜ ਦੇ ਰਾਖਵਾਲਿਆਂ ਨੇ ਉਨ੍ਹਾਂ ਦਾ ਜਿਉਣਾ ਵੀ ਮੁਸ਼ਕਿਲ ਕਰ ਦਿੱਤਾ। ਪਿਆਰ ਕਰਨ ਵਾਲਿਆਂ ਨੂੰ ਕਿਸ ਕਿਸ ਤਰ੍ਹਾਂ ਦੇ ਹਾਲਤਾਂ ਵਿੱਚੋਂ ਲੰਘਣਾ ਪੈਂਦਾ ਹੈ, ਉਸ ਦਾ ਜ਼ਿਕਰ ਗੁਰਦਰਸ਼ਨ ਬਾਦਲ ਆਪਣੇ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ: ਕੁੜੀ ਜਦੋਂ ਜੁਆਨ ਹੋ ਜਾਂਦੀ ਹੈ ਅਤੇ ਉਸਦੀਆਂ ਆਂਢਣਾਂ-ਗੁਆਂਢਣਾਂ, ਜਮਾਤਣਾਂ-ਸਹੇਲੀਆਂ ਵਿਆਹ ਕਰਵਾਕੇ ਸਹੁਰੇ ਚਲੀਆਂ ਜਾਂਦੀਆਂ ਹਨ ਤਾਂ ਉਸ ਦਾ ਵੀ ਦਿਲ ਕਰਦਾ ਹੈ ਕਿ ਉਸ ਦੇ ਘਰ ਵਾਲੇ ਵੀ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਉਸਦਾ ਵਿਆਹ ਕਰ ਦੇਣ। ਉਹ ਵੀ ਸਜ-ਸੰਵਰ ਕੇ ਆਪਣੇ ਪਤੀ ਨਾਲ ਘੁੰਮੇ ਫਿਰੇ। ਨੌਜਵਾਨ ਔਰਤਾਂ ਦੇ ਦਿਲਾਂ ਵਿੱਚ ਧੜਕਦੇ ਅਜਿਹੇ ਚਾਵਾਂ ਦੀ ਤਰਜਮਾਨੀ ਕਰਦੇ ਗੁਰਦਰਸ਼ਨ ਬਾਦਲ ਦੇ ਇੱਕ ਗੀਤ ਦੇ ਬੋਲ ਦੇਖੋ: ਚਿੱਤ ਸਹੁਰੀਂ ਜਾਣ ਨੂੰ ਕਰਦਾ, ਨੀ ਮਾਏ ! ਮੇਰਾ ਵਰ ਲੱਭ ਦੇ। ਸਭ ਟੁਰ ਗਈਆਂ ਮੇਰੀਆਂ ਸਹੇਲੀਆਂ, ਅੰਗ-ਅੰਗ ਵਿੱਚੋਂ ਫੁੱਟ ਪਈ ਜਵਾਨੀ ਨੀ, ਇੱਕ ਗੱਲ ਆਖਾਂ ਤੈਨੂੰ ਜੇ ਤੂੰ ਲਵੇਂ ਮੰਨ ਨੀ, ‘ਘਰ ‘ਚ ਕਲੇਸ਼ ਪੈ ਗਿਆ’ ਕਾਵਿ-ਸੰਗ੍ਰਹਿ ਵਿੱਚ ਗੁਰਦਰਸ਼ਨ ਬਾਦਲ ਨੇ ਸਾਧਾਰਨ ਪਾਠਕ ਨੂੰ ਆਪਣੇ ਨਾਲ ਤੋਰਣ ਲਈ ਕੁਝ ਹਲਕੇ-ਫੁਲਕੇ ਗੀਤ ਵੀ ਸ਼ਾਮਿਲ ਕੀਤੇ ਹਨ; ਪਰ ਇਸਦਾ ਇਹ ਮਤਲਬ ਨਹੀਂ ਕਿ ਇਹ ਗੀਤ ਕੋਈ ਲੱਚਰਵਾਦੀ ਗੀਤ ਹਨ। ਜਿਵੇਂ ਕਿ ਅੱਜ ਕੱਲ੍ਹ ਦੇ ਬਹੁਤ ਸਾਰੇ ਗੀਤਕਾਰ ਸਸਤੀ ਸ਼ੌਹਰਤ ਲੈਣ ਲਈ ਲਿਖ ਰਹੇ ਹਨ। ਹਲਕੇ-ਫੁਲਕੇ ਗੀਤ ਲਿਖਦਿਆਂ ਵੀ ਗੁਰਦਰਸ਼ਨ ਬਾਦਲ ਇਸ ਗੱਲੋਂ ਚੇਤੰਨ ਰਹਿੰਦਾ ਹੈ ਕਿ ਉਸਦੇ ਗੀਤਾਂ ਦਾ ਮਿਆਰ ਨ ਡਿੱਗੇ ਅਤੇ ਉਹ ਪ੍ਰਵਾਰ ਵਿੱਚ ਬੈਠਕੇ ਵੀ ਸੁਣੇ ਜਾ ਸਕਣ। ਇਸ ਤਰ੍ਹਾਂ ਕਰਕੇ ਉਹ ਹਰ ਉਮਰ ਦੇ ਪਾਠਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਵਿੱਚ ਕਾਮਿਯਾਬ ਰਹਿੰਦਾ ਹੈ। ਉਸਦੇ ਗੀਤਾਂ ਵਿੱਚ ਵਰਤੀ ਗਈ ਸ਼ਬਦਾਵਲੀ ਬਹੁਤ ਹੀ ਸਰਲ ਹੁੰਦੀ ਹੈ ਅਤੇ ਇਸ ਪੁਸਤਕ ਵਿੱਚ ਸ਼ਾਮਿਲ ਅਨੇਕਾਂ ਖੂਬਸੂਰਤ ਗੀਤ ਗਾਏ ਜਾ ਸਕਦੇ ਹਨ। ਪੇਸ਼ ਹਨ ਉਸਦੇ ਅਜਿਹੇ ਗੀਤਾਂ ਵਿੱਚੋਂ ਕੁਝ ਖੂਬਸੂਰਤ ਉਦਾਹਰਣਾਂ: ਆਵੇ ਹਰ ਇੱਕ ਗੇੜੇ ਤੇਰੀ ਯਾਦ ਸੱਜਣਾ ! ਕੋਠੇ ਉੱਤੋਂ ਸੁੱਕਾ-ਸੁੱਕਾ, ਬਾਲਣ ਮੈਂ ਲਾਹਿਆ ਵੇ, ‘ਘਰ ‘ਚ ਕਲੇਸ਼ ਪੈ ਗਿਆ’ ਇੱਕ ਖੂਬਸੂਰਤ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਗੁਰਦਰਸ਼ਨ ਬਾਦਲ ਕੈਨੇਡਾ ਦੇ ਪੰਜਾਬੀ ਗੀਤਕਾਰਾਂ ਦੀ ਢਾਣੀ ਵਿੱਚ ਵੀ ਸ਼ਾਮਿਲ ਹੋ ਗਿਆ ਹੈ। ਇੱਕ ਸਫ਼ਲ ਗਜ਼ਲਗੋ ਵਜੋਂ ਤਾਂ ਉਸ ਦੀ ਪਹਿਚਾਣ ਪਹਿਲਾਂ ਹੀ ਬਣੀ ਹੋਈ ਸੀ; ਗੁਰਦਰਸ਼ਨ ਬਾਦਲ ਦੀ ਸਾਹਿਤਕ ਸਖਸ਼ੀਅਤ ਵਿਚਲੇ ਇੱਕ ਵਧੀਆ ਗੀਤਕਾਰ ਵਾਲੇ ਗੁਣਾਂ ਨਾਲ ਕੈਨੇਡਾ ਦੇ ਪੰਜਾਬੀ ਪਾਠਕਾਂ ਦੀ ਜਾਣ ਪਹਿਚਾਣ ਕਰਵਾਕੇ ਮੈਨੂੰ ਦਿਲੀ ਖੁਸ਼ੀ ਮਹਿਸੂਸ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਇਸ ਕਾਵਿ-ਸੰਗ੍ਰਹਿ ਨੂੰ ਪੜ੍ਹਣ ਤੋਂ ਬਾਹਦ ਪੰਜਾਬੀ ਪਾਠਕ ਵੀ ਅਜਿਹੀ ਹੀ ਖੁਸ਼ੀ ਮਹਿਸੂਸ ਕਰਨਗੇ। |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 21 ਸਤੰਬਰ 2009) *** |
Sukhinder, Editor: SANVAD, Box 67089, 2300 Yonge St.Toronto ON M4P 1E0 Canada,
Tel. (416) 858-7077, Email: poet_sukhinder@hotmail.com