28 March 2024

ਮੋਹਾਲੀ ਹਵਾਈ ਅੱਡੇ ਦਾ ਨਾਮਕਰਨ: ਸ਼ਹੀਦ ਏ ਆਜਮ ਸ. ਭਗਤ ਸਿੰਘ ਦੇ ਨਾਮ ‘ਤੇ ਕਰਨਾ ਇਕ ਢੁਕਵਾਂ ਫੈਸਲਾ—ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)

ਸ਼ਹੀਦ ਕਿਸੇ ਕੌਮ ਦਾ ਸ਼ਰਮਾਇਆ ਹੁੰਦੇ ਹਨ। ਉਹਨਾਂ ਨੂੰ ਹਮੇਸ਼ਾ ਯਾਦ ਕਰਨਾ ਕਿਸੇ ਕੌਮ ਵਾਸਤੇ ਮਾਣ ਵਾਲੀ ਗੱਲ ਹੁੰਦੀ ਹੈ। ਨਵੀਂਆਂ ਪੀੜ੍ਹੀਆਂ ਵਾਸਤੇ ਸ਼ਹੀਦ ਪ੍ਰੇਰਣਾ ਦਾ ਸੋਮਾ ਹੁੰਦੇ ਹਨ ਤੇ ਜ਼ਿੰਦਾ ਕੌਮਾਂ ਦੀ ਏਹੀ ਪਹਿਚਾਣ ਹੁੰਦੀ ਹੈ ਕਿ ਉਹ ਆਪਣੇ ਵਿਰਸੇ ਨੂੰ ਬਹੁਤ ਹੀ ਸਹਿਜਤਾ ਨਾਲ ਨਵੀਆ ਪੀੜ੍ਹੀਆਂ ਵਿੱਚ ਸੰਚਾਰਕ ਕਰਨ। ਇਸ ਤਰਾਂ ਕਰਨ ਵਾਸਤੇ ਸਰਕਾਰ ਤੇ ਸੰਬੰਧਿਤ ਖ਼ਿੱਤੇ ਦੇ ਅਵਾਮ ਦੀ ਸ਼ਾਂਝੀ ਭੂਮਿਕਾ ਹੁੰਦੀ ਹੈ ਜਿਸ ਵਿੱਚ ਸਰਕਾਰ ਮੋਹਰੀ ਦਾ ਰੋਲ ਅਦਾ ਕਰਦੀ ਹੈ। 

ਬੀਤੀ 28 ਸਤੰਬਰ ਨੂੰ ਸ਼ਹੀਦ ਏ ਆਜਮ ਸ. ਭਗਤ ਸਿੰਘ ਦੀ 125ਵੀਂ ਸਾਲ-ਗਿਰਹਾ ਸੀ। ਇਸ ਮੌਕੇ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਦੀ ਬਾਤ ਕਰਦਿਆਂ ਐਲਾਨ ਕੀਤਾ ਕਿ ਮੌਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦੇ ਆਜਮ ਭਗਤ ਸਿੰਘ ਹਵਾਈ ਅੱਡਾ ਰੱਖਿਆ ਜਾਵੇਗਾ। ਬੇਸ਼ੱਕ ਦੇਸ਼ ਦੀ ਸਰਕਾਰ ਵੱਲੋਂ ਇਹ ਫੈਸਲਾ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ ਪਰ “ਦੇਰ ਆਇਦ ਦਰੁਸਤ ਆਇਦ “ ਵਾਂਗ ਫਿਰ ਵੀ ਸਰਕਾਰ ਦੇ ਇਸ ਫ਼ੈਸਲੇ ਨੂੰ ਬਹੁਤ ਚੰਗਾ ਫੈਸਲਾ ਕਿਹਾ ਜਾ ਸਕਦਾ ਹੈ ਤੇ ਇਸ ਦਾ ਭਰਪੂਰ ਸਵਾਗਤ ਕਰਨਾ ਹਰ ਦੇਸ਼ ਵਾਸੀ ਖ਼ਾਸ ਕਰਕੇ ਪੰਜਾਬੀਆਂ ਦਾ ਪਹਿਲਾ ਫਰਜ ਬਣਦਾ ਹੈ। ਮੈਨੂੰ ਪੱਛਮੀ ਮੁਲਕਾਂ ‘ਚ ਘੁੰਮ ਫ਼ਿਰਕੇ ਦੇਖਣ ਤੋਂ ਬਾਅਦ ਉਹਨਾਂ ਦੀ ਇਕ ਬਹੁਤ ਹੀ ਵਧੀਆ ਕਵਾਇਦ ਦੇਖਣ ਨੂੰ ਮਿਲੀ। ਉਹ ਇਹ ਕਿ ਇਹਨਾ ਮੁਲਕਾਂ ਵਿੱਚ ਗਲ਼ੀਆਂ, ਬੀਹੀਆਂ, ਮੁਹੱਲਿਆ, ਛੋਟੀਆ ਵੱਡੀਆ ਸੜਕਾਂ, ਇਮਾਰਤਾਂ ਆਦਿ ਦੇ ਨਾਮ ਮੁਲਕ ਵਾਸਤੇ ਕੋਈ ਚੰਗਾ ਮੁਆਰਕਾ ਮਾਰਨ ਵਾਲਿਆਂ ਦੇ ਨਾਮ ‘ਤੇ ਰੱਖੇ ਜਾਂਦੇ ਹਨ। ਮੁਲਕ ਵਾਸਤੇ  ਮੁਆਰਕੇ ਮਾਰਨ ਵਾਲੇ ਖਿਡਾਰੀਆਂ, ਵਿਗਿਆਨੀਆ, ਇੰਜੀਨੀਅਰਾਂ, ਸਮਾਜ ਸ਼ਾਸ਼ਤਰੀਆ, ਲਿਖਾਰੀਆਂ, ਮਨੋਵਿਗਿਆਨੀਆ, ਸਿੱਖਿਆ ਸ਼ਾਸਤਰੀਆਂ ਤੇ ਉਚ ਦਰਜੇ ਦੇ ਸਿਆਸਤਦਾਨਾਂ ਦੇ ਨਾਮ, ਹਮੇਸ਼ਾਂ ਵਾਸਤੇ ਅਮਰ ਕਰਨ ਵਾਸਤੇ ਤੇ ਉਹਨਾਂ ਦੀ ਦੇਣ ਨੂੰ ਹਮੇਸ਼ਾਂ ਵਾਸਤੇ ਆਪਣੇ ਮੁਲਕ ਦੇ ਸ਼ਹਿਰੀਆਂ ਦੇ ਮਨ ਮਸਤਕ ਵਿੱਚ ਵਸਾਉਣ ਵਾਸਤੇ, ਸਰਕਾਰਾਂ ਇਹ ਪਹਿਲ ਕਦਮੀ ਕਰਦੀਆਂ ਹਨ ਕਿ ਹਰ ਨਵੇਂ ਪਰੋਜੈਕਟ ਭਾਵ ਸੜਕਾਂ, ਮੁਹੱਲਿਆਂ ਤੇ ਖੇਡ ਮੈਦਾਨਾਂ ਦੀ ਉਸਾਰੀ ਆਦਿ  ਕਰਨ ਵਾਸਤੇ ਉਹਨਾਂ ਦੀ ਪ੍ਰਵਾਨਗੀ ਦੇਣ ਤੋ ਪਹਿਲਾਂ ਉਹਨਾਂ ਦਾ ਨਾਮਕਰਨ ਕਰਦੀਆਂ ਹਨ ਜੋ ਕਿ ਮੈਰਿਟ ਦੇ ਆਧਾਰ ‘ਤੇ ਮੁਲਕ ਨੂੰ ਕਿਸੇ ਚੰਗੀ ਦੇਣ, ਦੇਣ ਵਾਲੇ ਵਿਅਕਤੀ ਦੇ ਨਾਮ ਦੇ ਅਧਾਰਤ ਹੁੰਦੇ ਹਨ। ਦੂਜੇ ਪਾਸੇ ਭਾਰਤ ਵਿੱਚ ਇਹ ਟਰੈਂਡ ਇਸ ਤਰਾਂ ਨਹੀਂ ਹੈ। ਇੱਥੇ ਕਿਸੇ ਵੀ ਪਰੋਜੈਕਟ ਦਾ ਨਾਮਕਰਨ ਕਰਨ ਵੇਲੇ ਸਿਆਸਤ ਭਾਰੂ ਹੁੰਦੀ ਹੈ ਤੇ ਮੂਲ ਮਕਸਦ ਵੀ ਆਮਤੌਰ ‘ਤੇ ਸਿਆਸੀ ਰੋਟੀਆਂ ਸੇਕਣਾ ਹੀ ਹੁੰਦਾ ਹੈ, ਜਿਸ ਕਾਰਨ ਪਰੋਜੈਕਟਾਂ ਦੇ ਨਾਮ ਦਾ ਸਿਆਸੀਕਰਨ ਕੀਤਾ ਜਾਂਦਾ ਹੈ, ਉਹਨਾ ਦੇ ਨਾਮ ਅਜਿਹੇ ਵਿਅਕਤੀਆਂ ਦੇ ਨਾਮ ‘ਤੇ ਰੱਖੇ ਜਾਂਦੇ ਹਨ ਜਿਹਨਾਂ ਦੀ ਜਾਂ ਤਾਂ ਕੋਈ ਵੱਡੀ ਦੇਣ ਨਹੀਂ ਹੁੰਦੀ ਤੇ ਜਾਂ ਫਿਰ ਸੰਬੰਧਿਤ ਪਰੋਜੈਕਟ ਨਾਲ ਕੋਈ ਦੂਰ ਦੂਰ ਤੱਕ ਦਾ ਵੀ ਵਾਹ ਵਾਸਤਾ ਨਹੀਂ ਹੁੰਦਾ ਮਿਸਾਲ ਵਜੋਂ ਪਟਿਆਲ਼ੇ ਦੀ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਦਿੱਲੀ ਦਾ ਇੰਦਰਾ ਗਾਂਧੀ ਹਵਾਈ ਅੱਡਾ ਤੇ ਲੁਧਿਆਣੇ ਦੀ ਗਿਆਨੀ ਜੈਲ ਸਿੰਘ ਮਾਰਕੀਟ। ਇਹਨਾਂ ਉਕਤ ਪਰੋਜੈਕਟਾਂ ਦੇ ਨਾਮਕਰਨ ਕਿਹੜੇ ਅਧਾਰ ਜਾਂ ਮੈਰਿਟ ‘ਤੇ ਕੀਤੇ ਗਏ, ਇਹ ਹਰ ਆਮ ਤੇ ਖ਼ਾਸ ਬੰਦੇ ਦੀ ਸਮਝ ਤੋਂ ਪਰੇ ਦੀ ਗੱਲ਼ ਹੈ ਕਿਉਂਕਿ ਇੰਦਰਾਗਾਂਧੀ ਦੇਸ਼ ਦੀ ਪਰਧਾਨ ਮੰਤਰੀ ਸੀ, ਸਿਆਸਤਦਾਨ ਸੀ ਪਰ ਗਵਾਈ ਅੱਡੇ ਦਾ ਨਾਮਕਰਨ ਉਸਦੇ ਨਾਮ ਨਾਲ ਕਰਨਾ ਕਿਸੇ ਵੀ ਤਰਾਂ ਨਿਆਸੰਗਤ ਨਹੀਂ ਸੀ। ਇਸੇ ਤਰਾਂ ਰਾਜੀਵ ਗਾਂਧੀ ਵੀ ਸਿਆਸਤਦਾਨ ਸਨ ਨਾ ਕਿ ਕੋਈ ਲਾਅਮੇਕਰ ਤੇ ਗਿਆਨੀ ਜੈਲ ਸਿੰਘ ਵੀ ਦੇਸ਼ ਦੇ ਰਾਸ਼ਟਰਪਤੀ ਸਨ ਨਾ ਕਿ ਕੋਈ ਬਹੁਤ ਵੱਡੇ ਖੱਦਰ ਭੰਡਾਰ ਦੇ ਵਪਾਰੀ। 

ਸ਼ਹੀਦੇ ਆਜਮ ਭਗਤ ਸਿੰਘ ਵੀ ਕੋਈ ਪਾਈਲਟ ਨਹੀਂ ਸਨ ਪਰ ਉਹਨਾ ਦੇ ਨਾਮ ‘ਤੇ ਮੋਹਾਲੀ ਹਵਾਈ ਅੱਡੇ ਦਾ ਨਾਮਕਰਨ ਬਿਲਕੁਲ ਸਹੀ ਹੈ। ਭਗਤ ਸਿੰਘ ਇਕ ਵਿਅਕਤੀ ਨਹੀਂ ਬਲਕਿ ਇਕ ਸੋਚ ਦਾ ਨਾਮ ਸੀ। ਉਹ ਆਪਣੇ ਆਪ ਵਿੱਚ ਇਕ ਸੰਸਥਾ ਸਨ, ਏਹੀ ਕਾਰਨ ਹੈ ਕਿ ਸਿੱਖਾਂ, ਆਰੀਆ ਸਮਾਜੀਆਂ ਤੇ ਕਾਮਰੇਡਾਂ ਨੇ ਉਹਨਾਂ ਦੇ ਨਾਮ ਨੂੰ ਆਪਣੇ ਨਾਲ ਜੋੜ ਕੇ ਹਮੇਸ਼ਾਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਪਰ ਉਹਨਾਂ ਦੀ ਸੋਚ ਨੂੰ ਕਦੇ ਵੀ ਆਪਣੇ ਮਨ ਮਸਤਕ ਵਿੱਚ ਨਾ ਹੀ ਬਿਠਾਇਆ ਤੇ ਨਾ ਹੀ ਅਪਣਾਇਆ। ਸ਼ਹੀਦੇ ਆਜਮ ਭਗਤ ਸਿੰਘ ਦੀ ਸੋਚ ਹਵਾਈ ਜਹਾਜ ਦੀ ਉਡਾਨ ਵਾਂਗ ਸਹਿਜ ਅਤੇ ਸ਼ਪੱਸ਼ਟ ਸੀ। ਉਹ ਮੁਲਕ ਨੂੰ ਅੰਗਰੇਜ ਸਾਮਰਾਜ ਤੋਂ ਅਜ਼ਾਦ ਕਰਾਉਣ ਵਾਸਤੇ ਦ੍ਰਿੜ-ਸੰਕਲਪ ਸਨ ਤੇ ਉਹ ਵੀ ਇਕ ਸਮੁੱਚੇ ਮੁਲਕ ਵਜੇਂ ਨਾ ਕਿ ਟੁਕੜਿਆਂ ਦੇ ਰੂਪ ਵਿੱਚ। 

ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਜਿਵੇਂ ਕੁੱਜ ਕੁ ਅਕਲੋਂ ਬੌਨੇ ਲੋਕ ਭਗਤ ਸਿੰਘ ਨੂੰ ਅੱਤਵਾਦੀ ਦੱਸ ਰਹੇ ਹਨ, ਉਹਨਾਂ ਦੀ ਜਾਣਕਾਰੀ ਵਾਸਤੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸ. ਭਗਤ ਸਿੰਘ ਹਥਿਆਰਾਂ ਦੀ ਬਜਾਏ ਵਿਚਾਰਾਂ ਦੀ ਲੜਾਈ ਕਰਨ ਦੇ ਧਾਰਨੀ ਸਨ। ਉਹਨਾਂ ਦਾ ਮੰਨਣਾ ਸੀ ਕਿ, “ਅਜ਼ਾਦੀ ਹਥਿਆਰਾਂ ਨਾਲ ਨਹੀਂ ਬਲਕਿ ਆਪਣੀ  ਸੋਚ  ਨੂੰ ਵਿਚਾਰਾਂ ਦੀ ਸਾਣ ‘ਤੇ ਲਾ ਕੇ ਤਿੱਖੇ ਕਰਨ ਨਾਲ ਆਉਂਦੀ ਹੈ।”  ਭਾਵ ਕਿ ਸੋਚ ਵਿੱਚ ਆਈ ਕਰਾਂਤੀ ਹੀ ਅਜ਼ਾਦੀ ਦਾ ਮੁੱਢ ਬੰਨ੍ਹਦੀ ਹੈ ਤੇ ਉਹਨਾਂ ਨੇ ਆਪਣੀ ਇਸ ਸੋਚ ‘ਤੇ ਆਖਰੀ ਦਮ ਤੱਕ ਪਹਿਰਾ ਦਿੱਤਾ। 

ਮੋਹਾਲੀ ਹਵਾਈ ਅੱਡੇ ਦਾ ਨਾਮਕਰਨ ਸ਼ਹੀਦੇ ਆਜਮ ਸ. ਭਗਤ ਸਿੰਘ ਦੇ ਨਾਮ ‘ਤੇ ਕਰਨ ਨਾਲ ਹੁਣ ਨਵੀਆਂ ਪੀੜ੍ਹੀਆਂ ਨੂੰ ਉਹਨਾਂ ਦੀ ਬੰਦੂਕ ਤੇ ਪਿਸਤੌਲ ਵਾਲੀ ਇਮੇਜ ਤੋਂ ਹੱਟਕੇ ਅਸਲ ਸੋਚ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਚੇਸ਼ਟਾ ਪੈਦਾ ਹੋਏਗੀ। ਦੇਸ਼ ਦੇ ਅਵਾਮ ਨੂੰ ਆਪਣੀ ਸੋਚ ਵਿਚਾਰਾਂ ਦੀ ਸਾਣ ‘ਤੇ ਲਾ ਕੇ ਤਿੱਖਾ ਕਰਨ ਦੀ ਜੁਗਤੀ ਮਿਲੇਗੀ। ਦੇਸ਼ ਤੇ ਕੌਮ ਵਿੱਚ ਪ੍ਰੇਮ ਦਾ ਜਜ਼ਬਾ ਪੈਦਾ ਹੋਏਗਾ ਤੇ ਇਸ ਦੇ ਨਾਲ ਹੀ ਸ਼ਹੀਦ ਏ ਆਜਮ ਸ. ਭਗਤ ਸਿੰਘ ਦੀ ਸ਼ਹਾਦਤ ਬਾਰੇ ਪੂਰੀ ਦੁਨੀਆ ਨੂੰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਉਤਸੁਕਤਾ ਮਿਲੇਗੀ। 

ਸੋ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਇਕ ਵਧੀਆ ਐਲਾਨ ਕੀਤਾ ਗਿਆ ਹੈ। ਹੋਰ ਵੀ ਚੰਗਾ ਹੋਵੇਗਾ ਕਿ ਜੇਕਰ ਹਵਾਈ ਅੱਡੇ ਦੇ ਅੰਦਰ ਸ. ਭਗਤ ਸਿੰਘ ਦਾ ਆਦਮ ਕੱਦ ਬੁੱਤ ਲਗਾਇਆ ਜਾਵੇ ਤੇ ਉਹਨਾਂ ਦੇ ਜੀਵਨ ਫ਼ਲਸਫ਼ੇ ਨਾਲ ਸੰਬੰਧਿਤ ਭਰਪੂਰ ਜਾਣਕਾਰੀ ਦੇਣ ਦੇ ਨਾਲ ਨਾਲ ਹੀ ਅੰਤਰਰਾਸ਼ਟਰੀ ਉਡਾਣਾਂ ਨੂੰ ਨਿਯਮਤ ਕੀਤਾ ਜਾਵੇ। 

ਇਹ ਇਕ ਚੰਗੀ ਸ਼ੁਰੂਆਤ ਹੈ ਜਿਸ ਦਾ ਸਿਲਸਿਲਾ ਚੱਲਦਾ ਰਹਿਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਵੀ ਰਾਜ ਦੀਆਂ ਸੜਕਾਂ ‘ਤੇ ਬੱਸ ਅੱਡਿਆਂ ਸਮੇਤ ਹੋਰ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦਾ ਇਸੇ ਤਰਜੇ ਨਾਮਕਰਨ ਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਅੰਮ੍ਰਿਤਸਰ ਹਵਾਈ ਅੱਡੇ ਦਾ ਨਾਮ ਰਾਜਾ ਸਾਂਸੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਕਰਕੇ ਹੀ ਗੱਲ ਸਮਾਪਤ ਨਹੀਂ ਕਰ ਦੇਣੀ ਚਾਹੀਦੀ ਬਲਕਿ ਸਾਡੇ ਅਮੀਰ ਵਿਰਸੇ ਵਿੱਚ ਬਹੁਤ ਸਾਰੇ ਗੁਰੂ, ਪੀਰ ਤੇ ਸ਼ਹੀਦ ਹਨ ਜਿਹਨਾਂ ਦਾ ਨਾਮ ਹਮੇਸ਼ਾਂ ਸਾਡੇ ਮਨ ਮਸਤਕ ਵਿਚ ਰਹਿਣਾ ਜ਼ਰੂਰੀ ਹੈ ਤਾਂ ਕਿ ਅਗਲੀਆਂ ਪੀੜੀਆ ਵੀ ਉਹਨਾਂ ਨੂੰ ਉਸੇ ਅਦਬ ਸਤਿਕਾਰ ਨਾਲ ਯਾਦ ਕਰ ਸਕਣ, ਇਸ ਕਰਕੇ ਇਹ ਪਰੰਪਰਾ ਪਿੰਡਾਂ ਦੀਆ ਗਲੀਆਂ ਮੁਹੱਲਿਆ ਤੇ ਛੋਟੀਆਂ ਵੱਡੀਆਂ ਸੜਕਾਂ ਅਤੇ ਇਤਿਹਾਸਕ ਇਮਾਰਤਾਂ ਦੇ ਨਾਮਕਰਨ ਵਜੋਂ ਵੀ ਚਾਲੂ ਰੱਖਣੀ ਜ਼ਰੂਰੀ ਹੈ। ਇਸ  ਤਰਾਂ ਕਰਨਾ ਸਾਡੀ ਕੌਮ ਦੀ ਹੋਂਦ ਵਾਸਤੇ ਅਜੋਕੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਤੇ ਮੌਕੇ ਦੀ ਸਰਕਾਰ ਵੱਲੋਂ ਸੱਚੀ ਸ਼ਰਧਾਂਜਲੀ ਵੀ ਹੈ। ਯਾਦ ਰੱਖਣਾ ਪਏਗਾ ਕਿ ਜੋ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਹਨ ਉਹ ਮੁਰਦਾ ਹੋ ਜਾਂਦੀਆਂ ਹਨ।
***
ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
906
***

About the author

Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ