18 September 2024

ਰਿਸ਼ਤਿਆਂ ਦਾ ਕਤਲ (2) – ਦਰਿੰਦਾ ਬਾਪ – ਡਾ. ਹਰੀਸ਼ ਮਲਹੋਤਰਾ, ਬਰਮਿੰਘਮ

ਰਿਸ਼ਤਿਆਂ ਦਾ ਕਤਲ (2)

ਦਰਿੰਦਾ ਬਾਪ

ਡਾ. ਹਰੀਸ਼ ਮਲਹੋਤਰਾ, ਬਰਮਿੰਘਮ

ਦੋ ਸ਼ਬਦ

ਡਾ: ਹਰੀਸ਼ ਮਲਹੋਤਰਾ ਪੰਜਾਬੀ ਸਾਹਿਤਕ ਜਗਤ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ। 1987 ਵਿੱਚ ਜਿਉਂ ਹੀ ਉਸਦੀ ‘ਜਾਅਲੀ ਦੁਨੀਆਂ’ ਨਾਂ ਦੀ ਪਹਿਲੀ ਪੁਸਤਕ ਪ੍ਰਕਾਸ਼ਤ ਹੋਈ ਉਸਦੀ ਲੇਖਣੀ ਨੇ ਪੰਜਾਬੀ ਪਾਠਕਾਂ ਅਤੇ ਸੰਜੀਦਾ ਚਿੰਤਕਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਲਿਆ। ਹੁਣ ਤੱਕ ਉਸਦੀਆਂ ਕੁੱਲ 11 ਪੁਸਤਕਾਂ: 6 ਪੁਸਤਕਾਂ ਪੰਜਾਬੀ ਵਿੱਚ, ਚਾਰ ਪੁਸਤਕਾਂ ਅੰਗਰੇਜੀ ਵਿੱਚ ਅਤੇ ਇੱਕ ਪੁਸਤਕ ਹਿੰਦੀ ਵਿੱਚ, ਪ੍ਰਕਾਸ਼ਿਤ ਹੋ ਚੁੱਕੀਆਂ ਹਨ। 2008 ਵਿੱਚ ਉਸਦੀ ਇੱਕ ਵੱਖਰੇ ਅੰਦਾਜ਼ ਵਿੱਚ ਲਿਖੀ ਸਤਵੀਂ ਪੰਜਾਬੀ ਪੁਸਤਕ ‘ਰਿਸ਼ਤਿਆਂ ਦਾ ਕਤਲ’ (ਅੱਖਰ ਅੱਖਰ ਸੱਚ ਕਹਾਣੀਆਂ) ਪ੍ਰਕਾਸ਼ਿਤ ਹੋਈ। ਇਸ ਅਥਾਹ ਸ਼ਕਤੀਸ਼ਾਲੀ ਨਿਵੇਕਲੀ ਕਿਰਤ ਨੂੰ ਲੜੀਵਾਰ ਪਾਠਕਾਂ ਗੋਚਰੇ ਕਰਿਦਆਂ ‘ਲਿਖਾਰੀ’ ਪਰਸੰਨਤਾ ਦਾ ਅਨੁਭੱਵ ਕਰ ਰਿਹਾ ਹੈ। ਸਾਨੂੰ ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ।—-ਲਿਖਾਰੀ

*******

ਸਾਡੇ ਦਫਤਰ ਦੇ ਕੋਲ ਈ ਸੈਕੰਡਰੀ ਸਕੂਲ ਸੀ ਅਤੇ ਸਕੂਲ ਦਾ ਹੈੱਡਟੀਚਰ ਅਤੇ ਡਿਪਟੀ ਹੈੱਡਟੀਚਰ ਮੇਰੇ ਵਾਕਿਫ ਸਨ। ਇਸੇ ਕਰਕੇ ਜਿਸ ਦਿਨ ਮਨਜੀਤ ਦਾ ਕੇਸ ਸਾਨੂੰ ਰੈਫਿਰ ਹੋਇਆ ਡਿਪਟੀ ਹੈੱਡ ਨੇ ਮੇਰੇ ਨਾਲ ਸਿੱਧਾ ਸੰਪਰਕ ਕਰ ਲਿਆ। ”ਹਰੀਸ਼ ਕੇਸ ਬਹੁਤ ਸੀਰੀਅਸ ਆ, ਬਸ ਫੌਰਨ ਸਕੂਲੇ ਆ ਜਾ।” ਮੈਂ ਪੁੱਛਿਆ, ”ਕਿੰਨ੍ਹਾਂ ਕੁ ਸੀਰੀਅਸ ਆ?” ਤਾਂ ਡਿਪਟੀ ਹੈੱਡ ਦੱਸਿਆ, ”ਸੈਕਸੂਅਲ ਚਾਈਲਡ ਐਬਯੂਜ਼ ਦਾ ਏਸ਼ੀਅਨ ਕੇਸ ਆ।” ਮੈਂ ਡਿਪਟੀ ਹੈੱਡ ਨੂੰ ਕਿਹਾ ਕਿ, ”ਆਪਣੇ ਲਾਈਨ ਮੈਨੇਜ਼ਰ ਨੂੰ ਦੱਸ ਕੇ ਤੁਹਾਡੇ ਕੋਲ ਫੌਰਨ ਪਹੁੰਚਦਾਂ।” ਮੈਨੇਜ਼ਰ ਤੋਂ ਜਾਣ ਦੀ ਹਰੀ ਝੰਡੀ ਲੈ ਕੇ ਮੈਂ ਸਕੂਲ ਜਾ ਪਹੁੰਚਾ। ਡਿਪਟੀ ਹੈੱਡ ਜੋ ਸਕੂਲ ਵਿਚ ਚਾਈਲਡ ਪ੍ਰੋਟੈਕਸ਼ਨ ਦੀ ਇਨਚਾਰਜ਼ ਸੀ ਆਪਣੇ ਦਫਤਰ ਵਿਚ ਇਕ 16 ਸਾਲਾ ਏਸ਼ੀਅਨ ਕੁੜੀ ਨਾਲ ਬੈਠੀ ਮੇਰਾ ਇੰਤਜ਼ਾਰ ਕਰ ਰਹੀ ਸੀ। ਡਿਪਟੀ ਹੈੱਡ ਨੇ ਮੇਰੀ ਏਸ਼ੀਅਨ ਲੜਕੀ ਨਾਲ ਵਾਕਫੀ ਕਰਾਈ, ”ਇਹਦਾ ਨਾ ਮਨਜੀਤ ਆ। ਇਹਦੇ ਨਾਲ ਜੋ ਜੋ ਹੁੰਦਾ ਰਿਹਾ ਇਹ ਆਪ ਈ ਦੱਸੇਗੀ। ਮੈਨੂੰ ਇੱਕ ਕਲਾਸ ਵਿਚ ਜਾਣਾ ਪੈਣਾਂ। ਤੁਸੀਂ ਮੇਰੇ ਦਫਤਰ ‘ਚ ਬੈਠ ਕੇ ਹੀ ਸਾਰੀ ਗੱਲਬਾਤ ਕਰ ਲਵੋ। ਹਾਂ ਸੱਚ, ਮਨਜੀਤ, ਇਹ ਹਰੀਸ਼ ਸੀਨੀਅਰ ਸੋਸ਼ਲ ਵਰਕਰ!”

ਡਿਪਟੀ ਹੈੱਡਟੀਚਰ ਦੇ ਜਾਣ ਤੋਂ ਬਾਦ ਮੈਂ ਮਨਜੀਤ ਨੂੰ ਪੁੱਛਿਆ ਕਿ ਉਹਦੇ ਨਾਲ ਕੀ ਹੋਇਆ ਸੀ? ਏਸ਼ੀਅਨ ਹੋਣ ਕਰਕੇ ਉਹ ਮੇਰੇ ਨਾਲ ਗੱਲ ਕਰਨ ਤੋਂ ਝਿਜਕ ਰਹੀ ਸੀ। ਮੈਂ ਹੌਂਸਲਾ ਦਿੰਦੇ ਕਿਹਾ, ”ਬੇਟਾ, ਮੈਂ ਤੇਰੀ ਮੱਦਦ ਲਈ ਆਇਆਂ। ਤੂੰ ਨਿਝੱਕ ਹੋ ਕੇ ਸਾਰੀ ਗੱਲ ਮੈਨੂੰ ਦੱਸ ਦੇ ?” ਮਨਜੀਤ ਨੂੰ ਥੋੜ੍ਹਾ ਹੌਂਸਲਾ ਹੋਇਆ ਅਤੇ ਉਹਨੇ ਦੱਸਣਾ ਸ਼ੁਰੂ ਕੀਤਾ, ”ਮੇਰਾ ਡੈਡ ਮੈਨੂੰ ਪਿਛਲੇ ਛੇ ਮਹੀਨੇ ਤੋਂ ਰੇਪ ਕਰਦਾ ਆ ਰਿਹਾ।” ਇਸ ਤੋਂ ਬਾਦ ਮਨਜੀਤ ਰੋਣ ਲੱਗ ਪਈ ਅਤੇ ਕੋਈ ਗੱਲ ਨਾ ਕਰ ਸਕੀ। ਸਿੱਧੀ ਸਾਧੀ ਅਤੇ ਸਾਧਾਰਨ ਕੱਪੜੇ ਪਾਈ ਮਨਜੀਤ ਵੱਲ ਦੇਖ ਕੇ ਮੈਨੂੰ ਬੜਾ ਤਰਸ ਆਇਆ ਅਤੇ ਉਹਦੇ ਅਸਲੀ ਬਾਪ ਦੀ ਕਰਤੂਤ ਸੁਣ ਕੇ ਮੇਰਾ ਮਨ ਰੋਹ ਨਾਲ ਪਾਟਣ ਲੱਗਾ। ਮੈਂ ਮਨਜੀਤ ਨੂੰ ਸਾਰੀ ਗੱਲ ਜਾਨਣ ਤੋਂ ਬਿਨਾਂ ਛੱਡ ਕੇ ਜਾ ਨਹੀਂ ਸੀ ਸਕਦਾ। ਮੈਂ ਦਫਤਰ ਫੋਨ ਕਰਕੇ ਆਪਣੀ ਕੁਲੀਗ ਮੁਹਿੰਦਰ ਨੂੰ ਬੁਲਾ ਲਿਆ ਕਿ ਮਨਜੀਤ ਨਾਲ ਇਕੱਲਿਆਂ ਉਹ ਸਾਰੀ ਗੱਲਬਾਤ ਕਰੇ। ਮੈਂ ਸਕੂਲ ਸੈਕ੍ਰੇਟਰੀ ਨਾਲ ਗੱਲ ਕਰਕੇ ਇੱਕ ਕਮਰੇ ਵਿਚ ਚਲਾ ਗਿਆ ਅਤੇ ਪੁਲੀਸ ਨਾਲ ਸੰਪਰਕ ਕਰ ਲਿਆ ਕਿ ਸੈਕਸੂਅਲ ਚਾਈਲਡ ਐਬਯੂਜ਼ ਦਾ ਕੇਸ ਆ ਅਤੇ ਸਾਰੀ ਜਾਣਕਾਰੀ ਮੈਂ ਕੁਝ ਹੀ ਮਿੰਟਾਂ ‘ਚ ਦਿੰਦਾਂ। ਇਸ ਤੋਂ ਬਾਦ ਮੈਂ ਫੋਸਟਰ ਪੈਰੇਂਟਸ ਅਤੇ ਬੱਚਿਆਂ ਦੇ ਰਹਿਣ ਵਾਲੇ ਸਰਕਾਰੀ ਘਰਾਂ ਨਾਲ ਸੰਪਰਕ ਕੀਤਾ ਕਿ ਉਥੇ ਕੋਈ ਖਾਲੀ ਥਾਂ ਹੈ ਜਾਂ ਨਹੀਂ ਤਾਂ ਕਿ ਅਗਰ ਲੋੜ ਪਈ ਤਾਂ ਮਨਜੀਤ ਨੂੰ ਉਥੇ ਰੱਖਿਆ ਜਾ ਸਕੇ।

ਹੁਣ ਮੁਹਿੰਦਰ ਨੇ ਮਨਜੀਤ ਤੋਂ ਸਾਰੀ ਜਾਣਕਾਰੀ ਲੈ ਲਈ ਸੀ। ਮੁਹਿੰਦਰ ਨੇ ਮੈਨੂੰ ਦੱਸਿਆ, ”ਮਨਜੀਤ ਨਾਲ ਉਹਦਾ ਬਾਪ ਇਹ ਬਦਮਾਸ਼ੀਆਂ ਸਕੂਲ ਤੋਂ ਬਾਦ ਕਰਦੈ। ਸਕੂਲ ਤੋਂ ਘਰ ਆਪਣੀ ਕਾਰ ਵਿਚ ਲੈ ਕੇ ਜਾਂਦਾ। ਘਰ ਵਿਚ ਮਨਜੀਤ ਦੀ ਦਾਦੀ ਅਤੇ ਦੋ ਛੋਟੇ ਭਰਾ ਵੀ ਆ। ਘਰ ਜਾਣ ਤੋਂ ਬਾਦ ਸਭ ਨੂੰ ਕੁੱਝ ਖੁਆ ਪਿਲਾ ਕੇ ਦਾਦੀ ਤੇ ਛੋਟੇ ਭਰਾਵਾਂ ਨੂੰ ਉਪਰ ਬੈੱਡਰੂਮ ਵਿਚ ਭੇਜ ਦਿੰਦਾ। ਪੌੜੀਆਂ ਨੂੰ ਲੱਗੇ ਲੰਬੇ ਗੇਟ ਨੂੰ ਜ਼ਿੰਦਾ ਲਾ ਕੇ ਫਿਰ ਮਨਜੀਤ ਨਾਲ ਹਰ ਰੋਜ਼ ਜ਼ਬਰਦਸ਼ਤੀ ਕਰਦੈ। ਮਨਜੀਤ ਦੀ ਮਾਂ ਕਿਸੇ ਫੈਕਟਰੀ ਵਿਚ ਕੰਮ ਕਰਦੀ ਆ ਅਤੇ ਉਹ ਕੰਮ ਤੋਂ ਵਾਪਿਸ ਛੇ ਵਜੇ ਆਉਂਦੀ ਆ। ਮਨਜੀਤ ਦੀ ਮਾਂ ਨੂੰ ਇਸ ਬਾਰੇ ਕੁੱਝ ਨਹੀਂ ਪਤਾ। ਇਹਦੇ ਡੈਡ ਨੇ ਇਹਨੂੰ ਐਨਾ ਡਰਾਇਆ ਕਿ ਜੇ ਕਿਸੇ ਕੋਲ ਕੋਈ ਗੱਲ ਕੀਤੀ ਤਾਂ ਉਹ ਸਾਰੇ ਟੱਬਰ ਨੂੰ ਮਾਰ ਦੇਵੇਗਾ। ਹੁਣ ਵੀ ਮਨਜੀਤ ਨੇ ਤਾਂ ਗੱਲ ਕੀਤੀ ਆ ਕਿ ਉਹਦੇ ਤੋਂ ਹੋਰ ਬਰਦਾਸ਼ਤ ਲਹੀਂ ਸੀ ਹੋ ਰਿਹਾ ਅਤੇ ਉਹਦਾ ਪੜ੍ਹਾਈ ਵਿਚ ਮਨ ਨਹੀਂ ਸੀ ਲੱਗ ਰਿਹਾ। ਉਹ ਕਲਾਸ ਵਿਚ ਚੁੱਪ ਗੜੁੱਪ ਬੇਠੀ ਰਹਿੰਦੀ ਆ।”

ਮਨਜੀਤ ਨੇ ਇਹ ਵੀ ਦੱਸਿਆ ਕਿ, ”ਉਹਦਾ ਡੈਡ ਇੱਕ ਸਾਲ ਤੋਂ ਕੰਮ ਨਹੀਂ ਕਰਦਾ ਅਤੇ ਘਰ ਬੈਠਾ ਆਪਣੇ ਬੱੈਡਰੂਮ ਵਿਚ ਅਸ਼ਲੀਲ ਫਿਲਮਾਂ ਦੇਖਦਾ ਰਹਿੰਦਾ। ਆਪਣੀ ਮਾਂ ਨੂੰ ਉਹ ਕਦੇ ਕਦੇ ਗੁਰਦੁਆਰੇ ਵੀ ਛੱਡ ਆਉਂਦਾ। ਉਹਦੇ ਛੋਟੇ ਭੈਣ ਭਰਾ ਨੂੰ ਉਹਦੀ ਦਾਦੀ ਈ ਸਕੂਲ ਤੋਂ ਲੈ ਕੇ ਆਉਂਦੀ ਆ। ਅਤੇ ਨਾਲੇ ਘਰ ਵਿਚ ਰੋਟੀ ਵੀ ਉਹ ਈ ਬਣਾਉਂਦੀ ਆ।”

ਮੈਂ ਅਤੇ ਮੁਹਿੰਦਰ, ਮਨਜੀਤ ਨੂੰ ਹੁਣ ਹਸਪਤਾਲ ਲੈ ਗਏ ਤਾਂ ਕਿ ਉਹਦਾ ਡਾਕਟਰੀ ਮੁਆਇਨਾ ਕਰਵਾ ਕੇ ਰਿਪੋਰਟ ਲੈ ਲਈ ਜਾਵੇ। ਇਸ ਬਾਰੇ ਮੈਂ ਸਕੂਲ ਅਤੇ ਪੁਲੀਸ ਨੂੰ ਦੱਸ ਦਿੱਤਾ। ਸਕੂਲ ਟਾਈਮ ਤੋਂ ਬਾਦ ਮੈਂ ਮੁਹਿੰਦਰ ਨੂੰ ਕਿਹਾ ਕਿ, ”ਉਹ ਮਨਜੀਤ ਦੀ ਦਾਦੀ ਨੂੰ ਫੋਨ ਕਰ ਦੇਵੇ ਕਿ ਮਨਜੀਤ ਘਰ ਲੇਟ ਆਵੇਗੀ ਅਤੇ ਉਹ ਸੋਸ਼ਲ ਸਰਵਿਸਜ਼ ਦੀ ਹਿਫਾਜ਼ਤ ਵਿਚ ਆ।”

ਡਾਕਟਰੀ ਰਿਪੋਰਟ ਤੋਂ ਬਾਦ ਮੈਂ ਪੁਲੀਸ ਸਟੇਸ਼ਨ ਚਲਾ ਗਿਆ ਅਤੇ ਮੁਹਿੰਦਰ ਨੂੰ ਕਹਿ ਗਿਆ ਕਿ ਉਹ ਮਨਜੀਤ ਨੂੰ ਲੋੈ ਕੇ ਦਫਤਰ ਚਲੀ ਜਾਵੇ ਅਤੇ ਮੇਰਾ ਇੰਤਜ਼ਾਰ ਕਰੇ। ਨਾਲੇ ਮਨਜੀਤ ਨੂੰ ਕੁਝ ਖਿਲਾ ਵੀ ਦੇਵੇ। ਮਨਜੀਤ ਦੀ ਡਾਕਟਰੀ ਰਿਪੋਰਟ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹਦਾ ਸਕਾ ਪਿਉ ਉਹਦੇ ਨਾਲ ਆਪਣੀ ਕਾਮ/ਹਵਸ ਪੂਰੀ ਕਰਦਾ ਰਿਹਾ ਸੀ।

ਮੈਂ ਜਦ ਪੁਲੀਸ ਸਟੇਸ਼ਨ ਗਿਆ ਤਾਂ ਮਨਜੀਤ ਦਾ ਪਿਉ ਨੀਵੀਂ ਪਾ ਕੇ ਬੈਠਾ ਸੀ। ਚਾਲੀ੍ਹਆਂ ਕੁ ਨੂੰ ਢੁੱਕਿਆ ਮਨਜੀਤ ਦਾ ਬਾਪ ਦੇਖਣ ਨੂੰ ਬੀਬਾ ਲੱਗਦਾ ਸੀ। ਸਿਰ ਤੇ ਪੱਗ ਅਤੇ ਦਾੜ੍ਹੀ ਕੇਸ ਰੱਖੇ ਹੋਏ ਸਨ। ਪੁਲੀਸ ਨੇ ਇੰਟਰਪੈਰਟਰ (ਬਾਤੂ) ਦਾ ਪਹਿਲਾਂ ਈ ਬੰਦੋਬਸਤ ਕਰ ਰੱਖਿਆ ਸੀ। ਪੁਲੀਸ ਨੇ ”ਬਾਤੂ” ਦੇ ਜ਼ਰੀਏ ਜਦ ਮਨਜੀਤ ਦੇ ਬਾਪ ਨੂੰ ਪੁੱਛ ਗਿੱਛ ਕੀਤੀ ਤਾਂ ਉਹ ਸਾਫ ਮੁਕਰ ਗਿਆ ਕਿ ਉਹਨੇ ਕਦੇ ਮਨਜੀਤ ਨਾਲ ਕੋਈ ਬਦਫੈਲੀ ਕੀਤੀ ਸੀ। ਸਗੋਂ ਉਲਟੀ ਦਲੀਲ ਦਿੱਤੀ ਕਿ, ”ਇੱਥੇ ਦੇ ਨਿਆਣਿਆਂ ਦਾ ਕੀ ਪਤੈ ਕੀ ਕਰਦੇ ਫਿਰਦੇ ਆ! ਨਾਲੇ ਜੀ ਮੈਂ ਤਾਂ ਗੁਰਸਿੱਖ ਆਦਮੀ ਆਂ।” ਮੈਂ ਹੁਣ ਵਿਚ ਬੋਲ ਪਿਆ, ”ਕੀ ਗੁਰਸਿੱਖ ਹੋਣੈਂ ਬਦਮਾਸ਼ੀਆਂ ਨਾ ਕਰਨ ਦਾ ਲਸੰਸ ਆ? ਮੈਂ ਕਈ ਕੱਟੜ ਧਾਰਮਿਕ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈਆਂ ਨੂੰ ਜਾਣਦੈ ਜੋ ਆਏ ਦਿਨ ਬਦਮਾਸ਼ੀਆਂ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਐ।” ਮੇਰੀ ਇਸ ਗੱਲ ਦਾ ਉਹਦੇ ਕੋਲ ਹੁਣ ਕੋਈ ਜੁਆਬ ਨਹੀਂ ਸੀ। ਮੈਂ ਨਾਲ ਈ ਇਹ ਕਹਿ ਦਿੱਤਾ, ”ਤੂੰ ਮਨਜੀਤ ਨੂੰ ਆਪ ਸਕੂਲੇ ਛੱਡ ਕੇ ਅਤੇ ਲੈ ਕੇ ਆਉਂਦੈ। ਸਕੂਲ ਵਾਲੇ ਕਹਿੰਦੇ ਆ ਕਿ ਮਨਜੀਤ ਕਦੇ ਸਕੂਲੋਂ ਬਾਹਰ ਨਈਂ ਗਈ। ਵੀਕਐਂਡ ਤੇ ਵੀ ਮਨਜੀਤ ਦੇ ਦੱਸਣ ਮੁਤਾਬਕ ਉਹ ਕਦੇ ਇਕੱਲੀ ਘਰੋਂ ਬਾਹਰ ਨਹੀਂ ਗਈ। ਤੇਰੀ ਬਹੁਤੇ ਰਿਸ਼ਤੇਦਾਰਾਂ ਨਾਲ ਬੋਲ ਚਾਲ ਨਈਂ ਅਤੇ ਨਾ ਹੀ ਤੇਰਾ ਕੋਈ ਦੋਸਤ ਮਿੱਤਰ ਤੇਰੇ ਘਰ ਆਉਂਦੈ। ਘਰ ਵਿਚ ਹੋਰ ਕੋਈ ਮਰਦ ਨਹੀਂ। ਫਿਰ ਇਹ ਕਰਤੂਤ ਕੌਣ ਕਰਦਾ ਰਿਹੈ? ਮਨਜੀਤ ਦੇ ਬਾਪ ਕੋਲ ਮੇਰੀਆਂ ਗੱਲਾਂ ਦਾ ਕੋਈ ਜੁਆਬ ਨਹੀਂ ਸੀ ਅਤੇ ਉਹ ਚੁੱਪ ਕਰਕੇ ਬੈਠਾ ਰਿਹਾ। ਪੁਲੀਸ ਨੇ ਮਨਜੀਤ ਦੇ ਡੈਡ ਨੂੰ ਠਾਣੇ ਡੱਕ ਦਿੱਤਾ। ਉਹਨੂੰ ਛੱਡਣ ਦਾ ਹੁਣ ਸੁਆਲ ਈ ਪੈਦਾ ਨਹੀਂ ਸੀ ਹੁੰਦਾ। ਗੱਲ ਦੁੱਧ ਅਤੇ ਪਾਣੀ ਵਾਂਗ ਸਾਫ ਹੋ ਗਈ ਸੀ।

ਮੈਂ ਇਸ ਤੋਂ ਬਾਦ ਦਫਤਰ ਆ ਗਿਆ। ਸਮਾਂ ਵੀ ਛੇ ਤੋਂ ਉੱਪਰ ਹੋ ਗਿਆ ਸੀ। ਸਰਕਾਰੀ ਮਹਿਕਮਿਆਂ ਦੇ ਕੰਮ ਆਪਣੀ ਚਾਲੇ ਈ ਹੁੰਦੈ ਆ। ਮਨਜੀਤ, ਮੁਹਿੰਦਰ ਅਤੇ ਮੈਂ ਮਨਜੀਤ ਦੇ ਘਰ ਉਹਦੀ ਮਾਂ ਨੂੰ ਮਿਲਣ ਚਲੇ ਗਏ। ਜਾਣ ਤੋਂ ਪਹਿਲਾਂ ਮੈਂ ਫੋਨ ਕਰ ਦਿੱਤਾ: ”ਅਸੀਂ ਮਨਜੀਤ ਨੂੰ ਲੈ ਕੇ ਆ ਰਹੇ ਆਂ।”

ਘਰ ਜਾ ਕੇ ਮਨਜੀਤ ਮਾਂ ਦੇ ਗਲ਼ ਲੱਗ ਕੇ ਜ਼ੋਰ ਜ਼ੋਰ ਰੋਣ ਲੱਗ ਪਈ। ਮਨਜੀਤ ਦੀ ਮਾਂ ਉੱਚੀ ਉੱਚੀ ਰੋਣ ਅਤੇ ਹਉਕੇ ਭਰਨ ਲੱਗ ਪਈ। ਮਨਜੀਤ ਦੀ ਦਾਦੀ ਅਤੇ ਛੋਟੇ ਬੱਚੇ ਵੀ ਚੀਕਾਂ ਮਾਰਨ ਲੱਗ ਪਏ। ਮੁਹਿੰਦਰ ਨੇ ਮਨਜੀਤ ਅਤੇ ਉਹਦੀ ਮਾਂ ਨੂੰ ਮਸੀਂ ਚੁੱਪ ਕਰਾਇਆ। ਮੈਂ ਮਨਜੀਤ ਅਤੇ ਉਹਦੀ ਦਾਦੀ ਨੂੰ ਹੌਸਲਾ ਰੱਖਣ ਲਈ ਕਿਹਾ ਕਿ ਮੈਨੂੰ ਸਰਕਾਰੀ ਕਾਰਵਾਈ ਕਰਨੀ ਪੈਣੀਆ। ਮਨਜੀਤ ਦੀ ਦਾਦੀ ਉਸ ਵੇਲੇ ਘਰ ਈ ਸੀ ਜਦ ਪੁਲੀਸ ਉਹਦੇ ਪੁੱਤ ਨੂੂੰ ਫੜ ਕੇ ਲੈ ਗਈ ਸੀ। ਮਨਜੀਤ ਦੇ ਦਾਦੇ ਨੂੰ ਮਰਿਆਂ ਕਈ ਵਰ੍ਹੇ ਬੀਤ ਗਏ ਸਨ ਅਤੇ ਦਾਦੀ ਹੁਣ ਇਸ ਮੁਲਕ ਵਿਚ ਪੱਕੇ ਤੌਰ ਤੇ ਰਹਿ ਰਹੀ ਸੀ। ਪੁਲੀਸ ਨੇ ਮੈਨੂੰ ਦੱਸਿਆ ਸੀ ਕਿ ਜਦ ਉਹ ਮਿਸਟਰ ਸਿੰਘ ਨੂੰ ਘਰੋਂ ਫੜ ਕੇ ਲਿਆਏ ਸਨ ਤਾਂ ਉਹ ਅਸ਼ਲੀਲ ਫਿਲਮ ਦੇਖ ਰਿਹਾ ਸੀ। ਪੁਲੀਸ ਨੇ ਕੁੱਝ ਅਸ਼ਲੀਲ ਫਿਲਮਾਂ ਵੀ ਕਬਜ਼ੇ ‘ਚ ਕਰ ਲਈਆਂ ਸਨ ਤਾਂ ਕਿ ਸਬੂਤ ਹੋਰ ਪੱਕੇ ਹੋ ਸਕਣ।

ਹੁਣ ਮਨਜੀਤ ਦੀ ਮਾਂ ਨੂੰ ਇਕੱਲਿਆਂ ਦੂਜੇ ਕਮਰੇ ਵਿਚ ਲਿਜਾ ਕੇ ਮੈਂ ਅਤੇ ਮੁਹਿੰਦਰ ਨੇ ਸਾਰੀ ਗੱਲ ਦੱਸ ਦਿੱਤੀ ਕਿ ”ਕਿਉਂ ਉਹਦੇ ਘਰ ਵਾਲੇ ਨੂੰ ਪੁਲੀਸ ਫੜ੍ਹਕੇ ਲੈ ਕੇ ਗਈ ਆ।” ਮਨਜੀਤ ਦੀ ਮਾਂ ਇਹ ਸਭ ਸੁਣ ਚੁੱਪ ਕਰ ਗਈ ਅਤੇ ਕੁੱਝ ਨਾਂ ਬੋਲ ਸਕੀ। ਮੈਨੂੰ ਉਹਦਾ ਸਾਹ ਬੰਦ ਹੁੰਦਾ ਨਜ਼ਰ ਆਉਣ ਲੱਗਾ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਸਾਨੂੰ ਹੱਥਾਂ ਪੈਰ੍ਹਾਂ ਦੀ ਪੈ ਗਈ। ਮੁਹਿੰਦਰ ਅਤੇ ਮਨਜੀਤ ਨੂੰ ਮੈਂ ਕਿਹਾ ਕਿ, ”ਉਹ ਉਹਦੀ ਪਿੱਠ, ਲੱਤਾਂ, ਪੈਰਾਂ ਅਤੇ ਸਿਰ ਦੀ ਮਾਲਿਸ਼ ਕਰਨ ਅਤੇ ਮੈਂ ਪਾਣੀ ਦਾ ਗਿਲਾਸ ਲੈ ਆਇਆ। ਥੋੜੀ ਦੇਰ ਬਾਦ ਸਾਡੀ ਇਸ ਨਿਮਾਣੀ ਜੇਹੀ ਕੋਸ਼ਿਸ਼ ਨਾਲ ਮਨਜੀਤ ਦੀ ਮਾਂ ਉੱਠ ਖੜ੍ਹੀ ਹੋਈ। ਮਨਜੀਤ ਆਪਣੀ ਮਾਂ ਨੂੰ ਜੱਫੀ ਪਾ ਕੇ ਬੈਠੀ ਰਹੀ ਅਤੇ ਮੁਹਿੰਦਰ ਨੇ ਵੀ ਉਹਨੂੰ ਸਹਾਰਾ ਦਿੱਤਾ। ਇਹ ਸੀਨ ਬੜਾ ਦਰਦਨਾਕ ਸੀ। ਇਕ ਮਾਂ ਲਈ ਆਪਣੀ ਧੀ ਤੇ ਉਹਦੇ ਈ ਬਾਪ ਵੱਲੋਂ ਕੀਤਾ ਕੁਕਰਮ ਕਿਵੇਂ ਬਰਦਾਸ਼ਤ ਹੋਵੇ? ਮੈਂ ਅਤੇ ਮੁਹਿੰਦਰ ਇਹ ਸਭ ਸਮਝਦੇ ਸੀ ਪਰ ਅਸੀਂ ਕੀ ਕਰ ਸਕਦੇ ਸੀ? ਸਾਨੂੰ ਫਿਕਰ ਮਨਜੀਤ ਦਾ ਸੀ ਕਿ ਉਹਦੇ ਦੋਸ਼ੀ ਬਾਪ ਨੂੰ ਉਹਦੇ ਪਾਪਾਂ ਦੀ ਸਜ਼ਾ ਜ਼ਰੂਰ ਮਿਲੇ ਅਤੇ ਮਨਜੀਤ ਤੇ ਕੋਈ ਉਂਗਲ ਨਾ ਉੱਠੇ।

ਤਕਰੀਬਨ ਪੌਣੇ ਘੰਟੇ ਬਾਦ ਮੈਂ ਹੌਲੀ ਹੌਲੀ ਸਾਰੀ ਗੱਲ ਮਨਜੀਤ ਦੀ ਮਾਂ ਨੂੰ ਦੱਸੀ ਕਿ ਡਾਕਟਰੀ ਰਿਪੋਰਟ ਕੀ ਕਹਿੰਦੀ ਆ। ਇਹਦਾ ਮਤਲਬ ਇਹ ਆ ਕਿ ਮਨਜੀਤ ਦਾ ਡੈਡ ਹੁਣ ਘਰ ਨਹੀਂ ਆ ਸਕਦਾ। ਕੋਰਟ ਵਿਚ ਕੇਸ ਲੱਗੇਗਾ ਅਤੇ ਉਥੇ ਈ ਫੈਸਲਾ ਹੋਵੇਗਾ। ਨਾਲ ਈ ਦੱਬਵੀ ਆਵਾਜ਼ ਵਿਚ ਇਹ ਦੱਸ ਦਿੱਤਾ ਕਿ ਮਨਜੀਤ ਉੱਪਰ ਕਿਸੇ ਵੀ ਕਿਸਮ ਦਾ ਦਬਾਅ ਨਾਂ ਪਾਇਆ ਜਾਵੇ। ਜੇਕਰ ਸਾਨੂੰ ਇਸ ਦਬਾਅ ਵਾਲੀ ਗੱਲ ਦੀ ਭਿਣਕ ਵੀ ਪੈ ਗਈ ਤਾਂ ਮਨਜੀਤ ਨੂੰ ਤਾਂ ਅਸੀਂ ਘਰੋਂ ਲੈ ਜਾਵਾਂਗੇ ਈ, ਤੁਹਾਡੇ ਬਾਕੀ ਦੇ ਦੋਵੇਂ ਬੱਚੇ ਵੀ ਚੁੱਕ ਕੇ ਲੈ ਜਾਣੇ ਆ। ਜਾਣ ਤੋਂ ਪਹਿਲਾਂ ਮਨਜੀਤ ਦੀ ਮਾਂ ਨੂੰ ਮੈਂ ਇਹ ਵੀ ਦੱਸ ਦਿੱਤਾ ਕਿ ਮੈਂ ਅਤੇ ਮੁਹਿੰਦਰ ਤਕਰੀਬਨ ਹਰ ਰੋਜ਼ ਈ ਮਨਜੀਤ ਨੂੰ ਸਕੂਲੇ ਜਾਂ ਘਰ ਮਿਲਣ ਆਉਂਦੇ ਰਹਿਣਾ ਹੈ ਤਾਂ ਕਿ ਪਤਾ ਕਰਦੇ ਰਹੀਏ ਕਿ ਸਭ ਠੀਕ ਠਾਕ ਆ। ਮੇਰੀਆਂ ਗੱਲਾਂ ਦਾ ਮਨਜੀਤ ਦੀ ਮਾਂ ਨੇ ਕੋਈ ਜੁਆਬ ਨਾ ਦਿੱਤਾ। ਉਹ ਵਿਚਾਰੀ ਡੈਂਬਰਿਆਂ ਵਾਂਗ ਮੇਰੇ ਵੱਲ ਦੇਖਦੀ ਰਹੀ ਕਿ ਉਹਦੀ ਵਸਦੀ ਰਸਦੀ ਦੁਨੀਆਂ ਮਿੰਟਾਂ ਸਕਿੰਟਾਂ ਵਿਚ ਈ ਫਨਾਹ ਹੋ ਗਈ ਸੀ। ਉਹਨੂੰ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਤਾਂ ਪ੍ਰਵਾਹ ਹੈ ਈ ਸੀ ਪਰ ਸਭ ਤੋਂ ਜ਼ਿਆਦਾ ਇਸ ਗੱਲ ਦੀ ਨਮੋਸ਼ੀ ਸੀ ਕਿ ਉਹ ਆਪਣੇ ਆਦਮੀ ਤੋਂ ਈ ਆਪਣੀ ਫੁੱਲਾਂ ਵਰਗੀ ਧੀ ਨੂੰ ਨਹੀਂ ਸੀ ਬਚਾ ਸਕੀ। ਦਰਿੰਦਗੀ ਦੀ ਇੰਤਹਾ ਹੋ ਚੁੱਕੀ ਸੀ। ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਅਗਰ ਬੱਚੇ ਆਪਣੇ ਮਾਂ ਬਾਪ ਦੀ ਹਿਫਾਜ਼ਤ ਵਿਚ ਵੀ ਮਹਿਫੂਜ਼ ਨਹੀਂ ਹਨ ਤਾਂ ਉਹ ਕਿਥੇ ਜਾਣ? ਉਤੋਂ ਧਾਰਮਿਕਤਾ ਦਾ ਭੇਖ ਕਿ ਅਸੀਂ ਤਾਂ ਗੁਰੂ ਦੇ ਸਿੱਖ ਆਂ। ਉਹ ਕਿਸੇ ਨੂੰ ਮੂੰਹ ਦਿਖਾਵੇ ਤਾਂ ਦਿਖਾਵੇ ਕਿਵੇਂ? ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਲੱਗ ਪਈ ਕਿ ਇਸ ਭੇੜੀਏ ਕੋਲੋਂ ਉਹ ਆਪਣੀ ਅਣਭੋਲ ਬੱਚੀ ਨਾ ਬਚਾ ਸਕੀ। ਉਹ ਕੇਹੋ ਜਿਹੀ ਮਾਂ ਹੈ? ਉਹਦਾ ਮਨ ਉਹਨੂੰ ਲਾਹਣਤਾ ਪਾ ਰਿਹਾ ਸੀ। ਪਰ ਹੁਣ ਭਾਣਾ ਵਰਤ ਚੁੱਕਾ ਸੀ। ਪਾਣੀ ਸਿਰਾਂ ਉੱਪਰ ਦੀ ਨਿਕਲ ਚੁੱਕਾ ਸੀ। ਗੱਲ, ਬਾਹਰ ਸਰਕਾਰੇ ਦਰਬਾਰੇ ਪਹੁੰਚ ਚੁੱਕੀ ਸੀ। ਇਸ ਰੁੜ੍ਹੀ ਜਾਂਦੀ ਬੇੜੀ ਨੂੰ ਉਹ ਕਿਵੇਂ ਬਚਾਵੇ? ਉਹ ਅਜੇ ਇਸ ਉਧੇੜ ਬੁਣ ‘ਚ ਈ ਸੀ ਕਿ ਦੂਜੇ ਦਿਨ ਪੁਲੀਸ ”ਬਾਤੂ” ਨੂੰ ਨਾਲ ਲੈ ਕੇ ਮਨਜੀਤ ਦੀ ਮਾਂ ਨੂੰ ਇੰਟਰਵਿਊ ਕਰਨ ਆ ਗਈ। ਮੇਰੇ ਨਾਲ ਉਹਨਾਂ ਦਾ ਸੰਪਰਕ ਨਾਂ ਹੋ ਸਕਿਆ, ਨਹੀਂ ਤਾਂ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਮਨਜੀਤ ਦੀ ਮਾਂ ਇਥੇ ਦੀ ਜੰਮੀ ਪਲੀ ਆ ਅਤੇ ਉਹਨੂੰ ”ਬਾਤੂ’ ਦੀ ਲੋੜ ਨਹੀਂ। ਬਸ ਇਸ ”ਬਾਤੂ” ਨੇ ਈ ਮਨਜੀਤ ਦੀ ਮਾਂ ਨੂੰ ਪੱਕਿਆਂ ਕਰ ਦਿੱਤਾ ਕਿ ਅਗਰ ਮਨਜੀਤ ਆਪਣੇ ਬਿਆਨ ਬਦਲ ਲਏ ਫਿਰ ਹੀ ਉਹਦਾ ਘਰ ਵਾਲਾ ਬਚ ਸਕਦਾ ਨਹੀਂ ਤਾਂ ਬਦਨਾਮੀ ਤਾਂ ਹੋਣੀ ਈ ਆ, ਸੱਤ ਸਾਲ ਦੀ ਕੈਦ ਵੀ ਹੋਵੇਗੀ।

ਜਦ ਮੈਂ ਅਤੇ ਪੁਲੀਸ ਨੇ ਕੇਸ ਤਿਆਰ ਕਰ ਲਿਆ ਤਾਂ ਕਚਹਿਰੀ ਵਿਚ ਮਨਜੀਤ ਨੇ ਬਿਆਨ ਬਦਲ ਲਏ। ਕੇਸ ਡਿਸਮਿਸ ਹੋ ਗਿਆ। ਮੇਰਾ ਮਨ ਬੁਰੀ ਤਰ੍ਹਾਂ ਝਰੀਟਿਆ ਗਿਆ। ਮੇਰੀਆ ਅਤੇ ਮਹਿੰਦਰ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਮਨਜੀਤ ਦੀ ਮਾਂ ਅਤੇ ਦਾਦੀ ਨੇ ਆਪਣਾ ਕੰਮ ਕਰ ਦਿੱਤਾ ਸੀ। ਉਹਨਾਂ ਮਨਜੀਤ ਦੇ ਪੈਰ ਫੜ ਲਏ ਸਨ ਕਿ ਸਿਰਫ, ”ਉਹ ਈ ਹੁਣ ਘਰ ਦੀ ਇਜ਼ਤ ਰੱਖ ਸਕਦੀ ਆ।” ਜੋ ਕੁੱਝ ਉਹਦੇ ਬਾਪ ਨੇ ਕੀਤੈ, ਉਹ ਸਾਰੀ ਉਮਰ ਭੁਲਾਇਆ ਨਹੀਂ ਜਾ ਸਕਦਾ। ਕੱਚੀ ਉਮਰ ਅਤੇ ਇਹਨਾਂ ਰਾਹਾਂ ਤੋਂ ਅਣਜਾਣ ਮਨਜੀਤ ਭਰਮਾਈ ਗਈ। ਉਸ ਗਰੀਬੜੀ ਦਾ ਮਾਂ ਨਾਲੋਂ ਨਜ਼ਦੀਕੀ ਹੋਰ ਇਥੇ ਹੈ ਵੀ ਕੌਣ ਸੀ? ਪਰ ਮੈਂ ਗੱਲ ਇਥੇ ਨਹੀਂ ਸੀ ਛੱਡਣਾ ਚਾਹੁੰਦਾ। ਮੈਂ ਪੁਲੀਸ ਅਤੇ ਡਾਕਟਰਾਂ ਨਾਲ ਮਿਲ ਕੇ ਇਹ ਫੈਸਲਾ ਕਰਵਾ ਲਿਆ ਕਿ ਮਨਜੀਤ ਦੇ ਬਾਪ ਦਾ ਨਾਂ ”ਚਾਈਲਡ ਪ੍ਰੋਟੈਕਸ਼ਨ ਰਜਿਸਟਰ” ਤੇ ਲਿਖ ਦਿੱਤਾ ਜਾਵੇ ਅਤੇ ਉਸ ਨੂੰ ਘਰ ਨਾਂ ਵੜਨ ਦਿੱਤਾ ਜਾਵੇ। ਹੁਣ ਮਨਜੀਤ ਦਾ ਬਾਪ ਘਰੋਂ ਦੂਰ ਇਕ ਫਲੈਟ ਵਿਚ ਇਕੱਲਾ ਰਹਿੰਦਾ ਸੀ। ਕਹਿੰਦੇ ਹਨ ਕਿ ਇਨਸਾਨ ਦੀਆਂ ਆਦਤਾਂ ਨਹੀਂ ਬਦਲ ਦੀਆਂ। ਸੱਪ ਡੰਗ ਮਾਰਦਾ ਈ ਮਾਰਦਾ। ਇਸ ਸਾਰੇ ਚੌਣੇਂ ਨੇ ਇਹ ਫੈਂਸਲਾ ਕੀਤਾ ਕਿ ਮਨਜੀਤ ਨੂੰ ਸਕੂਲੀ ਪੜ੍ਹਾਈ ਤੋਂ ਬਾਦ ”ਏ ਲੇਵਲ” ਅਤੇ ਫਿਰ ਯੂਨੀਵਰਸਿਟੀ ਨਾ ਭੇਜਿਆ ਜਾਵੇ ਸਗੋਂ ਇੰਡਿਆ ਤੋਂ ਆਏ ਇੱਕ ”ਜਾਅਲੀ ਫਰੈਸ਼ੀ” ਨਾਲ ਉਹਦਾ ਵਿਆਹ ਕਰ ਦਿੱਤਾ ਜਾਵੇ। ਜਦ ਇਕ ਦਿਨ ਅਚਾਨਕ ਦਫਤਰ ਆ ਕੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਮਨਜੀਤ ਨੂੰ ਕਿਹਾ ਕਿ ਉਹ ਆਪਣੀ ਮਾਂ ਨੂੰ ਕਹਿ ਦੇਵੇ ਕਿ ਜੇਕਰ ਉਹਨਾਂ ਉਹਦੇ ਤੇ ਕਿਸੇ ਕਿਸਮ ਦਾ ਵਿਆਹ ਦਾ ਦਬਾਅ ਪਾਇਆ ਤਾਂ ਉਹ ਸਭ ਕੁੱਝ ਪੁਲੀਸ ਨੂੰ ਦੱਸ ਦੇਵੇਗੀ ਅਤੇ ਉਹਨੂੰ ਅੰਦਰ ਕਰਵਾ ਦੇਵੇਗੀ। ਮਨਜੀਤ ”ਏ ਲੇਵਲ” ਤੋਂ ਬਾਦ ਯੂਨੀਵਰਸਿਟੀ ਜਾ ਕੇ ਪੜ੍ਹਨਾ ਚਾਹੁੰਦੀ ਸੀ। ਮੇਰੀ ਸਲਾਹ ਕਾਰਗਰ ਸਾਬਤ ਹੋਈ। ਉਹਦੀ ਮਾਂ ਨੇ ਮੁੜ ਇਸ ਬਾਰੇ ਗੱਲ ਨਾ ਕੀਤੀ। ਬਾਦ ਵਿਚ ਮਨਜੀਤ ਨੇ ਏ ਲੇਵਲ ਕਰਕੇ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੀ ਡਿਗਰੀ ਕਰ ਲਈ। ਵਿਆਹ ਬਾਰੇ ਗਾਹੇ ਬਗਾਹੇ ਉਹਨੂੰ ਉਹਦੀ ਮਾਂ ਫਿਰ ਵੀ ਤੁਣਕਾ ਲਾਉਂਦੀ ਰਹੀ। ਮਨਜੀਤ ਨੇ ਮੈਨੂੰ ਦੱਸਿਆ ਕਿ ਇਸ ਸਾਰੇ ਸਿਆਪੇ ਦੀ ਜੜ੍ਹ ਉਹਦਾ ਬਦਮਾਸ਼ ਬਾਪ ਸੀ ਜੋ ਉਹਦੀ ਮਾਂ ਤੇ ਇਹੋ ਜੇਹੀਆਂ ਪੁੱਠੀਆਂ ਸਿੱਧੀਆਂ ਸਕੀਮਾਂ ਦੁਆਰਾ ਦਬਾਅ ਪਾਉਂਦਾ ਰਹਿੰਦਾ ਸੀ ਕਿ ਕਿਉਂਕਿ ਮਨਜੀਤ ਦੀ ਮਾਂ ਉਹਨੂੰ ਕਦੇ ਕਦੇ ਮਿਲ ਆਉਂਦੀ ਸੀ। ਭਾਰਤੀ ਸੱਭਿਆਚਾਰ ਵਿਚ ਰੰਗੀ ਹੋਈ ਨਾਰੀ ਜਿਉਂ ਸੀ ਜਿਥੇ ਪਤੀ ਨੂੰ ਪ੍ਰਮੇਸ਼ਰ ਮੰਨਿਆ ਜਾਂਦੈ, ਚਾਹੇ ਪਤੀ ਸਾਹਿਬ ਲੁੱਚਿਆਂ ਦੇ ਲੁੱਚੇ ਹੋਣ।

ਮੈਨੂੰ ਮਨਜੀਤ ਇੱਕ ਦਿਨ ਫਿਰ ਮਿਲਣ ਆਈ ਅਤੇ ਉਹਨੇ ਦੱਸਿਆ ਕਿ ਉਹਨੇ ਯੂਨੀਵਰਸਿਟੀ ਦੇ ਦੌਰਾਨ ਇੱਕ ਪੰਜਾਬੀ ਮੁੰਡੇ ਨਾਲ ਦੋਸਤੀ ਪਾ ਲਈ ਸੀ ਅਤੇ ਉਹਨਾਂ ਆਪਣਾ ਰਜਿਸਟਰ ਵਿਆਹ ਅਗਲੇ ਹਫਤੇ ਕਰਨੈ। ਮੁਹਿੰਦਰ ਅਤੇ ਮੈਂ ਉਥੇ ਜ਼ਰੂਰ ਪਹੁੰਚੀਏ। ਵਿਆਹ ਵਾਲੇ ਦਿਨ ਮਨਜੀਤ ਅਤੇ ਉਹਦਾ ਮਨੋਵਿਗਿਆਨਕ ਗੁਰਜੀਤ ਬੜੇ ਖੁਸ਼ ਸਨ। ਮੈਂ ਅਤੇ ਮੁਹਿੰਦਰ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤੀ: ”ਤੁਹਾਨੂੰ ਦੁਨੀਆਂ ਭਰ ਦੇ ਸੁੱਖ ਮਿਲਣ ਅਤੇ ਤੁਸੀਂ ਸਦਾ ਖੁਸ਼ ਰਹੋ।” ਵਿਆਹ ‘ਚ ਈ ਮੈਨੂੰ ਪਤਾ ਲੱਗਾ ਕਿ ਮਨਜੀਤ ਦੇ ਬਾਪ ਨੂੰ ਅਧਰੰਗ ਹੋ ਗਿਆ ਸੀ। ਸ਼ੂਗਰ ਦਾ ਵੀ ਉਹ ਹੁਣ ਮਰੀਜ਼ ਸੀ ਅਤੇ ਉਹਦੀ ਅੱਖਾਂ ਦੀ ਜੋਤ ਚਲੀ ਗਈ ਸੀ। ਉਹਦੀ ਚਮੜੀ ਵੀ ਥਾ ਥਾਂ ਤੋਂ ਫਟ ਗਈ ਸੀ। ਇਹ ਪਾਪੀ ਆਪਣੇ ਫਲੈਟ ਵਿਚ ਹਰ ਪਲ ਹਰ ਰੋਜ਼ ਜ਼ਿਬ੍ਹਾ ਹੋ ਰਿਹਾ ਸੀ।
*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 13 ਮਾਰਚ 2009)
(ਦੂਜੀ ਵਾਰ 21 ਅਕਤੂਬਰ 2021)

***
589
***