26 April 2024

ਕੀ ਪੁਰਾਣੀ ਸੋਚ ਨਵੀਆਂ ਮੁਸ਼ਕਲਾਂ ਦਾ ਹੱਲ ਕਰ ਸਕਦੀ ਹੈ?—ਅਤਿੰਦਰਪਾਲ ਸਿੰਘ ਸੰਗਤਪੁਰਾ

ਕੁਦਰਤ ਨੇ ਇਸ ਦੁਨੀਆਂ ਦੀ ਸਿਰਜਣਾ ਬਹੁਤ ਹੀ ਖੂਬਸੂਰਤ ਢੰਗ ਨਾਲ ਕੀਤੀ ਹੈ। ਭਾਵੇਂ ਸਮੇਂ ਦੇ ਨਾਲ ਨਾਲ ਇਸ ਵਿੱਚ ਕਾਫ਼ੀ ਬਦਲਾਅ ਆਉਂਦੇ ਰਹਿੰਦੇ ਹਨ ਪਰ ਇਨਸਾਨੀ ਗਤੀਵਿਧੀਆਂ ਕਰਕੇ ਕੁਦਰਤ ਆਪਣੇ ਆਪ ਚੰਗੇ ਮਾੜੇ ਪ੍ਰਭਾਵਾਂ ਦਾ ਸੰਕੇਤ ਦਿੰਦੀ ਰਹਿੰਦੀ ਹੈ। ਅਸੀਂ ਏਨਾ ਪ੍ਰਭਾਵਾਂ ਨੂੰ ਕਿੰਨੀ ਗੰਭੀਰਤਾ ਨਾਲ ਵਿਚਾਰਦੇ ਹਾਂ ਇਹ ਇੱਕ ਵੱਖਰਾ ਵਿਸ਼ਾ ਹੈ।

ਉਂਝ ਭਾਵੇਂ ਵਿਗਿਆਨ ਦੀ ਮੱਦਦ ਨਾਲ ਹਰ ਖੇਤਰ ਨੇ ਤਰੱਕੀ ਕੀਤੀ ਹੈ ਪਰ ਕਿਤੇ ਨਾ ਕਿਤੇ ਇਸ ਤਰੱਕੀ ਨੇ ਸਾਡੀ ਝੋਲੀ ਚੰਗਾ ਘੱਟ ਤੇ ਬੁਰਾ ਵੱਧ ਪਾਇਆ ਹੈ। ਇਹ ਤੱਥ ਕਿਸੇ ਇੱਕ ਖੇਤਰ ਜਾਂ ਖਿੱਤੇ ਉੱਪਰ ਲਾਗੂ ਨਹੀਂ ਹੁੰਦਾ ਕਿਉਂਕਿ ਬੁਰੇ ਪ੍ਰਭਾਵ ਚੰਗੇ ਪ੍ਰਭਾਵਾਂ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਵੱਧ ਹਨ। ਇਸ ਤੱਥ ਨੂੰ ਸਮਝਣ ਲਈ ਆਓ ਕੁਝ ਖੇਤਰਾਂ ਵਿੱਚ ਬਦਲਾਅ ਕਰਕੇ ਪੈਦਾ ਹੋਏ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹਰੀ ਕ੍ਰਾਂਤੀ ਨੂੰ ਵੱਧ ਝਾੜ ਤੇ ਵੱਧ ਮੁਨਾਫ਼ੇ ਦੇ ਆਧਾਰ ਤੇ ਸਲਾਹਿਆ ਗਿਆ ਸੀ ਪਰ ਇਸ ਨਾਲ ਰੇਹਾ ਸਪਰੇਆਂ ਦੀ ਵਰਤੋਂ ਤੇ ਖ਼ਰਚੇ ਕਿੰਨੇ ਵਧੇ ਇਸ ਸਚਾਈ ਨੂੰ ਨਜ਼ਰਅੰਦਾਜ਼ ਅੰਦਾਜ਼ ਕੀਤਾ ਗਿਆ, ਅੰਨ ਪੈਦਾ ਕਰਨ ਵਾਲੀ ਧਰਤੀ ਜ਼ਹਿਰ ਪੈਦਾ ਕਰਨ ਲੱਗ ਪਈ, ਅਨਾਜ ਵਿਚਲੇ ਖ਼ੁਰਾਕੀ ਤੱਤ ਖ਼ਤਮ ਹੋ ਗਏ ਪਰ ਅਸੀਂ ਅੱਜ ਵੀ ਇਸਦਾ ਬਦਲਵਾਂ ਹੱਲ ਲੱਭਣ ਦੀ ਬਜਾਏ ਇਸ ਲਈ ਇੱਕ ਦੂਸਰੇ ਨੂੰ ਜ਼ਿੰਮੇਵਾਰ ਠਹਿਰਾਉਣ ਲੱਗੇ ਹੋਏ ਹਾਂ। ਮੁਫ਼ਤ ਟਿਊਬਵੈੱਲ ਕੁਨੈਕਸ਼ਨ ਤੇ ਮੁਫ਼ਤ ਬਿਜਲੀ ਦੇ ਨਾਮ ਤੇ ਲੁੱਟੇ ਨਹਿਰੀ ਪਾਣੀ ਨੂੰ ਅਸੀਂ ਅੱਜ ਤੱਕ ਵਿਕਾਸ ਸਮਝ ਰਹੇ ਹਾਂ। ਮੋਬਾਈਲ ਟਾਵਰਾਂ ਵਰਗੀਆਂ ਅਣਗਿਣਤ ਕਾਢਾਂ ਨੇ ਕਿੰਨੀਆਂ ਖ਼ਤਰਨਾਕ ਬਿਮਾਰੀਆਂ ਪੈਦਾ ਕਰ ਦਿੱਤੀਆਂ ਤੇ ਕਿੰਨੇ ਅਣਗਿਣਤ ਜੀਵ ਜੰਤੂ ਖ਼ਤਮ ਕਰ ਦਿੱਤੇ ਇਹ ਅਸੀਂ ਕਦੇ ਮਹਿਸੂਸ ਹੀ ਨਹੀਂ ਕੀਤਾ। ਏਨਾ ਤੱਥਾਂ ਤੋਂ ਇਹ ਤਾਂ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੈ ਕਿ ਜਿਸ ਉਚਾਈ ਨੂੰ ਅਸੀਂ ਵਿਕਾਸ ਸਮਝਦੇ ਰਹੇ ਹਾਂ ਅਸਲ ਚ ਉਹ ਸਾਡੀ ਗਿਰਾਵਟ ਦੇ ਪੱਧਰ ਦੀ ਉਚਾਈ ਆ।

ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਆਸ-ਪਾਸ ਇੱਕ ਖ਼ਤਰਨਾਕ ਵਰਤਾਰਾ ਚਲ ਰਿਹਾ ਹੈ ਪਰ ਇਸਨੂੰ ਰੋਕਣ ਲਈ ਅਸੀਂ ਯਤਨਸ਼ੀਲ ਨਹੀਂ ਹਾਂ, ਅਸੀਂ ਸਿਰਫ਼ ਦਿਖਾਵੇ ਦੇ ਤੌਰ ਤੇ ਡਰਾਮਾ ਕਰਨ ਚ ਲੱਗੇ ਹੋਏ ਹਾਂ। ਜੇਕਰ ਅਸੀਂ ਸੱਚਮੁੱਚ ਬਦ ਤੋਂ ਬੱਤਰ ਹੋਈ ਦੁਨੀਆਂ ਨੂੰ ਫੇਰ ਤੋਂ ਖੂਬਸੂਰਤ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਬਦਲਾਅ ਦੀ ਸ਼ੁਰੂਆਤ ਖ਼ੁਦ ਤੋਂ ਕਰਨੀ ਪਵੇਗੀ ਕਿਉਂਕਿ ਬਦਲਾਅ ਕਦੇ ਵੀ ਦੂਸਰਿਆਂ ਨੂੰ ਬਦਲਣ ਉੱਪਰ ਜ਼ੋਰ ਦੇਣ ਨਾਲ ਨਹੀਂ ਆਉਂਦਾ। ਬਦਲਾਅ ਦੀ ਸ਼ੁਰੂਆਤ ਤਾਂ ਖ਼ੁਦ ਨੂੰ ਬਦਲਣ ਦੇ ਨਾਲ ਹੀ ਸ਼ੁਰੂ ਹੁੰਦੀ ਹੈ।‌ ਇਹ ਸ਼ੁਰੂਆਤ ਜ਼ਮੀਨੀ ਪੱਧਰ ਤੇ ਇਸ ਲਈ ਕਾਮਯਾਬ ਨਹੀਂ ਹੁੰਦੀ ਕਿਉਂਕਿ ਦੋ ਗਲਤ ਧਾਰਨਾਵਾਂ ਸਾਡੇ ਸੁਭਾਅ ਦਾ ਹਿੱਸਾ ਬਣ ਚੁੱਕੀਆਂ ਹਨ, ਇਹ ਧਾਰਨਾਵਾਂ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਤੇ ਦੂਸਰਾ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਪੁਰਾਣੀ ਮਾਨਸਿਕਤਾ ਦਾ ਵਿਰੋਧ ਕਰਨ ਦੇ ਬਜਾਏ ਹਮਾਇਤ ਕਰਨਾ ਹੈ। ਇੱਥੇ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਹਰ ਪੁਰਾਣੀ ਸੋਚ ਮਾੜੀ ਨਹੀਂ ਹੋ ਸਕਦੀ ਪਰ ਅਸੀਂ ਇਸ ਤੱਥ ਤੋਂ ਵੀ ਇਨਕਾਰੀ ਨਹੀਂ ਹੋ ਸਕਦੇ ਕਿ ਪੁਰਾਣੀ ਸੋਚ ਨਵੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਵੀ ਨਹੀਂ ਹੋ ਸਕਦੀ। ਪੁਰਾਣੇ ਰਾਹਾਂ ਤੇ ਨਵੇਂ ਤਰੀਕੇ ਨਾਲ ਸਫ਼ਰ ਕਰਨ ਨਾਲ ਹੀ ਚੰਗੇ ਨਤੀਜੇ ਪੈਦਾ ਹੋ ਸਕਦੇ ਹਨ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਝੋਨੇ ਕਣਕ ਦਾ ਫ਼ਸਲੀ ਚੱਕਰ, ਨਾੜ ਨੂੰ ਅੱਗ ਲਾਉਣ ਦਾ ਰੁਝਾਨ ਕਿੰਨਾ ਖ਼ਤਰਨਾਕ ਰੂਪ ਧਾਰਨ ਕਰ ਰਿਹਾ ਹੈ ਪਰ ਅਸੀਂ ਇਸ ਰੁਝਾਨ ਨੂੰ ਰੋਕਣ ਦੀ ਬਜਾਏ ਅੱਗੇ ਤੋਰਨ ਵੱਲ ਰੁੱਝੇ ਹੋਏ ਹਾਂ ਤੇ ਆਪਣੇ ਮਨ ਨੂੰ ਝੂਠੀ ਤਸੱਲੀ ਦੇਣ ਲਈ ਇਸਨੂੰ ਮਜ਼ਬੂਰੀ ਦਾ ਨਾਮ ਦਿੱਤਾ ਜਾ ਰਿਹਾ। ਭਾਵੇਂ ਕਿ ਹਰ ਮਜ਼ਬੂਰੀ ਦਾ, ਕੋਈ ਦਾ ਕੋਈ, ਬਦਲਵਾਂ ਹੱਲ ਜ਼ਰੂਰ ਹੁੰਦਾ। ਮੌਜੂਦਾ ਸਥਿਤੀ ਨੂੰ ਨਵੀਂ ਪੀੜ੍ਹੀ ਜਿੰਨੇ ਵਧੀਆ ਤਰੀਕੇ ਨਾਲ ਸਮਝ ਸਕਦੀ ਹੈ ਉਨ੍ਹਾਂ ਪੁਰਾਣੀ ਪੀੜ੍ਹੀ ਲਈ ਸਮਝਣਾ ਔਖਾ ਹੈ ਕਿਉਂਕਿ ਬਦਲਾਅ ਦੇ ਬਿਨਾਂ ਪੁਰਾਣੀ ਸੋਚ ਸਮੇਂ ਦੀ ਹਾਣੀ ਨਹੀਂ ਹੋ ਸਕਦੀ। ਜ਼ਿਆਦਾਤਰ ਹਿੱਸੇ ਦੀ ਸੋਚ ਬਦਲਣ ਦੀ ਥਾਂ ਖੜੋਤ ਦੇ ਹੱਕ ਵਿੱਚ ਭੁਗਤ ਰਹੀ ਹੈ। ਨੌਜਵਾਨ ਨਵੇਂ ਸਮੇਂ ਦੇ ਹਿਸਾਬ ਨਾਲ ਯਕੀਨਨ ਕੁਝ ਢੁਕਵੇਂ ਹੱਲ ਲੱਭ ਸਕਦੇ ਹਨ ਪਰ ਏਨਾ ਨੌਜਵਾਨਾਂ ਨੂੰ ਫ਼ੈਸਲੇ ਲੈਣ ਹੀ ਨਹੀਂ ਦਿੱਤੇ ਜਾਂਦੇ। ਹਰ ਇਨਸਾਨ ਨੂੰ ਲੱਗਦਾ ਹੈ ਕਿ ਉਸਤੋਂ ਵਧੀਆ ਕੋਈ ਦੂਸਰਾ ਹੋ ਹੀ ਨਹੀਂ ਸਕਦਾ, ਅਸੀਂ ਆਪਣੇ ਬੱਚਿਆਂ ਨੂੰ ਕੰਮ ਕਰਨਾ ਤਾਂ ਸਿਖਾਉਣਾ ਚਾਹੁੰਦੇ ਹਾਂ ਪਰ ਬੱਚੇ ਆਪਣੇ ਫ਼ੈਸਲੇ ਆਪ ਲੈ ਸਕਣ ਇਹ ਅਸੀਂ ਕਦੇ ਵੀ ਨਹੀਂ ਸਿਖਾਉਂਦੇ ਕਿਉਂਕਿ ਕਿਤੇ ਨਾ ਕਿਤੇ ਅਸੀਂ ਨਵਾਂ ਖ਼ਤਰਾ ਚੱਕਣਾ ਹੀ ਨਹੀਂ ਚਾਹੁੰਦੇ। ਦੂਸਰਿਆਂ ਨੂੰ ਸਮਝਾਉਣ ਲਈ ਤਾਂ ਸਾਡੇ ਕੋਲ ਬਹੁਤ ਦਲੀਲਾਂ ਹਨ ਪਰ ਖ਼ੁਦ ਉੱਪਰ ਅਸੀਂ ਕੁਝ ਵੀ ਲਾਗੂ ਨਹੀਂ ਕਰ ਸਕਦੇ। ਸਾਡਾ ਜ਼ਿੰਦਗੀ ਪ੍ਰਤੀ ਇਹੀ ਨਜ਼ਰੀਆ ਹੈ ਜੋ ਸਾਨੂੰ ਬੁਰਾਈ ਦਾ ਇਮਾਨਦਾਰੀ ਨਾਲ ਵਿਰੋਧ ਨਹੀਂ ਕਰਨ ਦਿੰਦਾ। ਅਸੀਂ ਸਭ ਦਿਖਾਵੇ ਦੇ ਤੌਰ ਤੇ ਵਿਰੋਧ ਕਰਨ ਚ ਉਲਝੇ ਹੋਏ ਹਾਂ।

ਪਰ ਸਾਨੂੰ ਇਹ ਸਮਝਣਾ ਪਵੇਗਾ ਕਿ ਅੱਖਾਂ ਬੰਦ ਕਰ ਲੈਣ ਨਾਲ ਸਚਾਈ ਬਦਲ ਨਹੀਂ ਜਾਂਦੀ। ਜੇਕਰ ਅਸੀਂ ਸੱਚਮੁੱਚ ਹੀ ਆਪਣੀ ਦੁਨੀਆਂ ਖੂਬਸੂਰਤ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਸਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਪਵੇਗੀ। ਆਪਣੀਆਂ ਸਮੱਸਿਆਵਾਂ ਲਈ ਕਿਸੇ ਹੋਰ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਖੁਦ ਨੂੰ ਇਸਦਾ ਜਿੰਮੇਵਾਰ ਮੰਨਦੇ ਹੋਏ ਇਸਨੂੰ ਬਦਲਣ ਦੀ ਕੋਸ਼ਿਸ਼ ਕਰਨੀ ਲੋੜੀਂਦੀ ਹੈ। ਜਿਸ ਦਿਨ ਅਸੀਂ ਹਰ ਸਮੱਸਿਆ ਨੂੰ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਨਾਲ ਜੋੜਕੇ ਦੇਖਣ ਲੱਗ ਪਵਾਂਗੇ ਉਸ ਦਿਨ ਅਸੀਂ ਦਿਖਾਵਾ ਛੱਡਕੇ ਹਕੀਕਤ ਵਿੱਚ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਆਰੰਭ ਦੇਵਾਂਗੇ। ਇਸ ਤੋਂ ਇਲਾਵਾ ਸਾਨੂੰ ਹਰ ਪਹਿਲੂ ਨੂੰ ਬਾਰੀਕੀ ਨਾਲ ਅਧਿਐਨ ਕਰਨ ਤੇ ਆਪਣੀ ਸੋਚ ਨੂੰ ਦੂਰ ਅੰਦੇਸ਼ੀ ਸੋਚ ਵਿੱਚ ਬਦਲਣ ਲਈ ਕਾਫੀ ਕੁਝ ਸਿੱਖਣਾ ਪਵੇਗਾ। ਸਾਡੀ ਇਹੀ ਸ਼ੁਰੂਆਤ ਇਸ ਦੁਨੀਆਂ ਨੂੰ ਦੁਬਾਰਾ ਤੋਂ ਖੂਬਸੂਰਤ ਬਣਾ ਦੇਵੇਗੀ। ਆਓ ਚੰਗੇ ਭਵਿੱਖ ਲਈ ਰਲ ਮਿਲਕੇ ਯਤਨਸ਼ੀਲ ਹੋਈਏ।
***
ਅਤਿੰਦਰਪਾਲ ਸਿੰਘ ਸੰਗਤਪੁਰਾ

ਸੰਪਰਕ 81468 08995
***
789
***

About the author

ਅਤਿੰਦਰਪਾਲ ਸਿੰਘ ਸੰਗਤਪੁਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਤਿੰਦਰਪਾਲ ਸਿੰਘ ਸੰਗਤਪੁਰਾ

View all posts by ਅਤਿੰਦਰਪਾਲ ਸਿੰਘ ਸੰਗਤਪੁਰਾ →