19 April 2024

ਸਾਡਾ ਟਿਕਾਣਾ – ਜਗਤਾਰ ਢਾਅ

ਸਾਡਾ ਟਿਕਾਣਾ

– ਜਗਤਾਰ ਢਾਅ

ਜਗਤਾਰ ਢਾਅ ਇੰਗਲੈਂਡ ਵਿਚ ਵੱਸਦੇ ਪੰਜਾਬੀ ਦੇ ਪ੍ਰਮੁੱਖ ਪੰਜਾਬੀ ਸਾਹਿਤਕਾਰਾਂ ਦੀ ਪਹਿਲੀ ਕਤਾਰ ਵਿਚ ਸ਼ਾਮਲ ਨੇ। ਅੱਜ ਉਹਨਾਂ ਦੀ 39 ਸਾਲ ਪਹਿਲਾਂ ਲਿਖੀ ਕਵਿਤਾ “ਸਾਡਾ ਟਿਕਾਣਾ” ਲਿਖਾਰੀ ਦੇ ਪਾਠਕਾਂ ਨਾਲ ਸਾਂਝੀ ਕਰਨ ਦੀ ਖ਼ੁਸ਼ੀ ਲੈ ਰਹੇ ਹਾਂ। – ਲਿਖਾਰੀ

ਸਾਡਾ ਟਿਕਾਣਾ

ਚਾਂਦੀ ਨਗਰ
ਅਸੀਂ ਹੁਣ ਪਰਤ ਨਹੀਂ ਜਾਣਾ
ਤੇਰੀਆਂ ਕੰਧਾਂ ‘ਚ ਹੀ ਲੱਭਾਂਗੇ
ਆਪਣਾ ਟਿਕਾਣਾ।

ਸਾਡੇ ਪਰਤਣ ਨਾਲ ਕਿਹੜਾ
ਸੁੱਕਿਆ ਬਾਗ਼ ਹਰਾ ਹੋ ਜਾਣਾ
ਜਾਂ ਹੱਥਾਂ ਦੀ ਮੈਲ਼ ਵਾਲਾ
ਖੋਟਾ ਪੈਸਾ ਖਰਾ ਹੋ ਜਾਣਾ।

ਸਾਡੀ ਭੁੱਖ ਸਾਡੀ ਤਲਾਸ਼ ਬਣਦੀ
ਤਾਂ ਵਾਪਸ ਪਰਤਦੇ
ਨਿੱਜੀ ਪਿਆਸ ਸਰਬੱਤ ਦੀ ਪਿਆਸ ਬਣਦੀ
ਤਾਂ ਵਾਪਸ ਪਰਤਦੇ।

ਸਾਡਾ ਅਹਿਸਾਸ ਸਾਡਾ ਵਿਸ਼ਵਾਸ਼ ਬਣਦਾ
ਤਾਂ ਵਾਪਸ ਪਰਤਦੇ
ਹਨੇਰੇ ਦਾ ਬੱਦਲ ਸਾਡੇ ਅੰਦਰੋਂ ਛਣਦਾ
ਤਾਂ ਵਾਪਸ ਪਰਤਦੇ।

ਚਾਂਦੀ ਨਗਰ ਤੂੰ ਸਾਡੀ ਭੁੱਖ ਨੂੰ
ਭਟਕਣਾਂ ‘ਚ ਵਟਾ ਦਿੱਤਾ ਹੈ
ਸਾਨੂੰ ਪਿਆਸ ਦਾ
ਹੋਰ ਵੀ ਲਾਂਬੂ ਲਾ ਦਿੱਤਾ ਹੈ।

ਹੁਣ ਏਥੇ ਰਹਿੰਦਿਆਂ ਅਸੀਂ
ਤੇਰੇ ਉਨ੍ਹਾਂ ਇਤਿਹਾਸਿਕ ਕਮਰਿਆਂ ਦੀ ਵੀ
ਪਹਿਰੇਦਾਰੀ ਕਰਿਆ ਕਰਾਂਗੇ
ਜਿਨ੍ਹਾਂ ਅੰਦਰ ਰੱਖੇ ਹੋਏ ਨੇ
ਸਾਡੇ ਪੁਰਖਿਆਂ ਦੇ ਵੱਢੇ ਟੁੱਕੇ ਅੰਗ
ਜਾਂ ਸਾਡੇ ਦੇਸ਼ ਦੇ ਬੱਚਿਆਂ ਦੇ
ਕੱਟੇ ਹੋਏ ਪਤੰਗ।

ਆਪਣੀ ਗੁਆਚ ਰਹੀ ਸ਼ਨਾਖ਼ਤ ਲੱਭਦੇ
ਤੇਰਿਆਂ ਉਦਾਸ ਰਾਹਾਂ ਉੱਤੇ ਭਟਕਿਆ ਕਰਾਂਗੇ
ਠੋਕਰ ਖੜ੍ਹੇ ਖਾਲ਼ੀ ਟੀਨ ਵਾਂਗੂੰ
ਤੇਰੀਆਂ ਸੜਕਾਂ ਉੱਤੇ ਖਟਕਿਆ ਕਰਾਂਗੇ।

ਨਸਲਵਾਦੀ ਅੱਖਾਂ ‘ਚ ਦਿਸਦੇ ਨੇਜ਼ਿਆਂ ਉੱਤੇ
ਮੋਏ ਖ਼ਰਗੋਸ਼ਾਂ ਵਾਂਗੂੰ ਲਟਕਿਆ ਕਰਾਂਗੇ
ਤੋਹਮਤਾਂ ਦੀ ਮੱਖ ਤੋਂ ਆਪਾ ਬਚਾਉਣ ਲਈ
ਪਸ਼ੂਆਂ ਵਾਂਗੂੰ ਪਿੰਡੇ ਝਟਕਿਆਂ ਕਰਾਂਗੇ।

ਸਾਡੀ ਮਾਂ ਦੀ ਵੇਸਵਾ ਗਮਨੀ ਕਰ ਕਰ
ਥੱਕ ਚੂਰ ਹੋਏ ਤੇਰੇ ‘ਯੋਧਿਆਂ’ ਦੇ
ਚੌਰਸਤੇ ਅੰਦਰ ਗੱਡੇ ਬੁੱਤਾਂ ਨੂੰ
ਕੱਸ ਕੇ ਸਲਾਮੀ ਦਿਆ ਕਰਾਂਗੇ।
ਤੇ ਤੇਰੀ ਸਾਡੀ ‘ਸਾਂਝੀ ਦੋਸਤੀ’ ਨੂੰ
ਸਦੀਆਂ ਪੁਰਾਣਾ ਕਿਹਾ ਕਰਾਂਗੇ।

ਤੇਰੇ ਸ਼ੋਅ ਕੇਸਾਂ ‘ਚ ਰੱਖਣ ਲਈ ਆਪਾਂ
ਰਾਤ ਦਿਨੇ ਖ਼ੁਦ ਨੂੰ ਤਰਾਸ਼ਾਂਗੇ
ਤੇਰੇ ਸਰਕਾਰੀ ਭਵਨਾਂ ਦੇ ਦਰਵਾਜ਼ਿਆਂ ‘ਚ ਖੜ੍ਹ ਖੜ੍ਹ
ਆਪਣਾ ਕੱਦ ਮਾਪਾਂਗੇ।

ਪਰ ਹਰ ਵਾਰ ਤੇਰੇ ਵਿਉਪਾਰੀ
ਸਾਨੂੰ ਦਿੱਲੀ ਦੇ ਦੱਲਿਆਂ ਦੀ ਨਜ਼ਰ ‘ਚ ਰੱਖ ਕੇ ਹੀ
ਸਾਡਾ ਮੂਲ ਪਾਉਣਗੇ
ਤਾਂ ਸਾਨੂੰ ਆਪਣੇ ਜਿਸਮ ਉੱਤੇ
ਕਦੀ ਨਾ ਭਰਨ ਵਾਲੇ ਜ਼ਖ਼ਮ ਨਜ਼ਰ ਆਉਣਗੇ।

ਇਸ ਦੇ ਬਾਵਜੂਦ ਵੀ ਚਾਂਦੀ ਨਗਰ
ਅਸੀਂ ਹੁਣ ਪਰਤ ਨਹੀਂ ਜਾਣਾ
ਤੇਰੀਆਂ ਕੰਧਾਂ ‘ਚ ਹੀ ਲੱਭਾਂਗੇ
ਆਪਣਾ ਟਿਕਾਣਾ।

– ਜਗਤਾਰ ਢਾਅ

***

845

***

About the author

ਜਗਤਾਰ ਢਾਅ
+44 7828402630 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ