27 April 2024

ਕੀ ਲੈਣਾ ਐਸੇ ਰਿਸ਼ਤਿਅਾਂ ਤੋਂ/ਬਜ਼ਾਰ ਗਰਮ ਹੈ—ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

1.ਕੀ ਲੈਣਾ ਐਸੇ ਰਿਸ਼ਤਿਆਂ ਤੋਂ..

ਕੀ ਲੈਣਾ ਐਸੇ ਰਿਸ਼ਤਿਆਂ ਤੋਂ, ਜੋ ਬਣੇ ਤਾਂ ਸੀ ਪਰ ਨਿਭੇ ਨਹੀਂ,
ਜ਼ਿੰਦਗੀ ਦੀ ਤਲਖ਼ ਸਚਾਈ ਅੱਗੇ, ਬਹੁਤੀ ਦੇਰ ਉਹ ਟਿਕੇ ਨਹੀਂ।

ਕੁੱਝ ਰਸਤੇ ਸਨ ਕੁੱਝ ਪਗਡੰਡੀਆਂ, ਜੋ ਪੈੜਾਂ ਨੇ ਸਨ ਤੈਅ ਕੀਤੇ,
ਪਰ ਕੀ ਕਰਨਾ ਉਨ੍ਹਾਂ ਪੈਰਾਂ ਨੂੰ, ਜੋ ਕਦਮ ਮਿਲਾ ਕੇ ਤੁਰੇ ਨਹੀਂ।

ਕੁੱਝ ਸੈਨਤਾਂ ‘ਤੇ ਕੁੱਝ ਨਖ਼ਰੇ ਸਨ, ਜੋ ਅਫ਼ਸਾਨੇ ਬਣ ਉਭਰੇ ਸਨ,
ਸਭ ਟੁੱਟੇ ਅੱਖਰ ਕਰ ਕਰ ਕੇ, ਹਕੀਕਤ ਬਣਕੇ ਜੁੜੇ ਨਹੀਂ।

ਗ਼ਜ਼ਲ ਨੇ ਬਹਿਰ ਦੇ ਸੁਰ ਅੰਦਰ, ਅਰੂਜ ਤੱਕ ਹਾਲੇ ਜਾਣਾ ਸੀ,
ਪਰ ਕਾਫ਼ੀਏ ਬਾਂਹ ਵਿੱਚ ਬਾਂਹ ਪਾ ਕੇ, ਰਦੀਫਾਂ ਵੱਲ ਨੂੰ ਮੁੜੇ ਨਹੀਂ।

ਨਾ ਗ਼ਿਲਾ ਕੋਈ ਉਨ੍ਹਾਂ ਉੱਤੇ, ਨਾ ਆਸ ਉਨ੍ਹਾਂ ਤੋਂ ਵਾਅਦਿਆਂ ਦੀ,
ਜੋ ਵਫ਼ਾ ਦੀ ਮੰਜ਼ਿਲ ਪਾ ਨਾ ਸਕੇ, ਜੋ ਵਿਛੋੜੇ ਦੇ ਵਿੱਚ ਝੁਰੇ ਨਹੀਂ।

ਪੱਤਝੜਾਂ ਤੋਂ ਚੱਲ ਬਹਾਰਾਂ ਦਾ, ਸਬਰ ਦਾ ਸਫ਼ਰ ਅਜੀਬ ਰਿਹਾ,
ਰੰਗੀਨ ਸੁਪਨਿਆਂ ਦੀਆਂ ਸ਼ਾਖ਼ਾਂ ‘ਤੇ, ਸਾਕਾਰੀ ਫੁੱਲ ਤਾਂ ਖਿੜੇ ਨਹੀਂ।

ਪਰਤ ਦੇ ਅਗਲੇ ਵਰਕੇ ਨੂੰ, ਕਰ ਅੰਕਿਤ ਨਵਾਂ ਕੋਈ ਅਫ਼ਸਾਨਾ,
ਜੇ ਵਕਤ ਇੰਝ ਹੱਥੋਂ ਨਿਕਲ ਗਿਆ, ਨਾ ਕਹੀਂ ਕਿ ਮੌਕੇ ਮਿਲੇ ਨਹੀਂ।
**

2.ਬਜ਼ਾਰ ਗਰਮ ਹੈ

ਬਜ਼ਾਰ ਗਰਮ ਹੈ ਵੋਟ ਦਾ,
ਹਰੇ, ਗੁਲਾਬੀ ਨੋਟ ਦਾ,
ਪਾਟੋ ਧਾੜੀ ਸੋਚ ਦਾ,
ਅਸੂਲੋਂ ਥਿੜਕੇ ਲੋਕ ਦਾ,
ਕਿੱਥੋਂ ਲਿਆਵਾਂ ਲੱਭ ਕੇ,
ਜੋ ਭਲਾ ਗ਼ਰੀਬ ਦਾ ਲੋਚਦਾ।

ਬਜ਼ਾਰ ਗਰਮ ਹੈ ਲੁੱਟ ਦਾ,
ਈਮਾਨ ਜਾਵੇ ਨਿੱਤ ਖੁੱਸਦਾ,
ਅਹਿਸਾਸ ਦਾ ਦਮ ਹੈ ਘੁੱਟਦਾ
ਕੂੜ ਨਾ ਅੱਜ ਨਿਖੁੱਟਦਾ,
ਕਿੱਥੋਂ ਲਿਆਵਾਂ ਲੱਭ ਕੇ,
ਮੈਂ ਦਰਦੀ ਆਪਣੇ ਦੁੱਖ ਦਾ।

ਬਜ਼ਾਰ ਗਰਮ ਹੈ ਭੇਖ ਦਾ,
ਸਾਧ ਚੋਰ ਇੱਕ ਵੇਸ ਦਾ,
ਸ਼ੈਤਾਨ ਮੁਸਕੜੀ ਦੇਖਦਾ,
ਅੱਜ ਅੰਨ੍ਹਾ ਮੋਹਰੀ ਦੇਸ ਦਾ,
ਕਿੱਥੋਂ ਲਿਆਵਾਂ ਲੱਭ ਕੇ,
ਜੋ ਕੁ-ਕਰਮ ਦੀ ਪੱਟੀ ਮੇਸਦਾ।

ਬਜ਼ਾਰ ਗਰਮ ਹੈ ਭਰਮ ਦਾ,
ਗਿਆਨ ਵਿਹੂਣੇ ਕਰਮ ਦਾ,
ਲਹਿ ਗਿਆ ਹੈ ਪਰਦਾ ਸ਼ਰਮ ਦਾ,
ਨੰਗੇਜ ਹੈ ਗਲੀਏ ਦਨਦਦਾ,
ਕਿੱਥੋਂ ਲਿਆਵਾਂ ਲੱਭ ਕੇ,
ਨਾਸ਼ਵਾਨ ਚੀਰ ਹਰਨ ਦਾ।

ਬਜ਼ਾਰ ਗਰਮ ਹੈ ਝੂਠ ਦਾ,
ਅੱਜ ਸੱਚ ਹੈ ਫਾਂਸੀ ਝੂਟਦਾ,
ਸ਼ਰੀਫ਼ ਡਰਦਾ ਨਹੀਂ ਚੂਕਦਾ,
ਇਨਸਾਫ ਹੈ ਪਿੱਟਦਾ ਹੂਕਦਾ,
ਕਿੱਥੋਂ ਲਿਆਵਾਂ ਲੱਭ ਕੇ,
ਜੋ ਮਨੁੱਖਤਾ ਲਈ ਹੈ ਕੂਕਦਾ।
**

ਰਵਿੰਦਰ ਸਿੰਘ ਕੁੰਦਰਾ

ਕਵੈਂਟਰੀ ਯੂ ਕੇ

***
636
***

About the author

ਰਵਿੰਦਰ ਸਿੰਘ ਕੁੰਦਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***

ਰਵਿੰਦਰ ਸਿੰਘ ਕੁੰਦਰਾ

ਮੇਰਾ ਹਵਾਲਾ ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ। ਬਾਕੀ ਸਭ ਠੀਕ ਠਾਕ ਹੈ। ਰਵਿੰਦਰ ਸਿੰਘ ਕੁੰਦਰਾ ***

View all posts by ਰਵਿੰਦਰ ਸਿੰਘ ਕੁੰਦਰਾ →