23 May 2024

 ਮਲਕੀਅਤ ‘ਸੁਹਲ’ ਦੀਆਂ ਦੋ ਰਚਨਾਵਾਂ

 ਮਲਕੀਅਤ ‘ਸੁਹਲ’ ਦੀਆਂ ਦੋ ਰਚਨਾਵਾਂ

ਦੀਦਾਰ ਹੁੰਦਾ ਰਹੇ

ਸਫਲਤਾ ਦਾ ਸਦਾ ਹੀ, ਦੀਦਾਰ ਹੁੰਦਾ ਰਹੇ।
ਚਿੱਟੀ ਧੁੱਪ ਜਿਹਾ ਤੇਰਾ, ਨਿੱਖ਼ਾਰ ਹੁੰਦਾ ਰਹੇ।

ਸੰਗਰਸ਼ ਦੇ ਲਾ ਚੱਪੂ, ਹਿੰਮਤ ਦੀ ਠੇਲ ਬੇੜੀ
ਤੇਰੇ ਸਿਦਕ ‘ਤੇ ਸਦਾ, ਇਤਬਾਰ ਹੁੰਦਾ ਰਹੇ।

ਪੈਰਾਂ ‘ਚ ਚੁੱਭਦੇ ਰਹੇ ਭੱਖ਼ੜੇ ਦੇ ਸਖ਼ਤ ਕੰਡੇ
ਤੂਫ਼ਾਨਾਂ ਨਾਲ ਵੀ ਤੇਰਾ, ਤਕਰਾਰ ਹੁੰਦਾ ਰਹੇ।

ਸਬਰ ਦਾ ਘੁੱਟ ਭਰਕੇ, ਸਾਗਰ ਡਕਾਰ ਜਾਵੇਂ
ਫਿਰ ਤੇਰਾ ਜ਼ੁਲਮ ‘ਤੇ, ਸ਼ੁਮਾਰ ਹੁੰਦਾ ਰਹੇ।

ਬੇਕਦਰੇ ਲੋਕ ਤੇਰੀ, ਕਦਰ ਕਰਨਗੇ ‘ਸੁਹਲ’
ਹੋਕਾ ਜਿੱਤ ਲਈ ਤੇਰਾ, ਦੰਮਦਾਰ ਹੁੰਦਾ ਰਹੇ।

 

ਢਾਈ ਦਰਿਆ

ਵੰਡਿਆ ਜਦੋਂ ਪੰਜਾਬ ਨੂੰ,
ਰਹਿ ਗਏ ਢਾਈ ਦਰਿਆ।
ਜੋ ਨਿੱਤ ਬੇੜੀ ਸੀ ਪਾਂਵਦੇ,
ਉਹ ਕਿੱਥੇ ਗਏ ਮਲਾਹ।

ਦੋ ਕੰਢ੍ਹੇ ਭਰੀਆਂ ਬੇੜੀਆਂ,
ਪਨਾਹੀਆਂ ਭਰਿਆ ਪੂਰ।
ਅੱਧ ਵਿਚ ਹੁੰਦੇ ਮੇਲ ਸੀ,
ਰਹਿਆ ਨਾ ਕੰਢ੍ਹਾ ਦੂਰ।

ਰਾਵੀ ਦੀ ਹਿੱਕ ਚੀਰ ਕੇ,
ਉਹਦੇ ਟੋਟੇ ਕੀਤੇ ਦੋ।
ਕਾਲੀਆਂ ਰਾਤਾਂ ਵੇਖ ਕੇ,
ਮੇਰੇ ਦਿਲ ਨੂੰ ਪੈਂਦੇ ਡੋਅ।

ਪਾਣੀ ਤੇ ਲੀਕਾਂ ਪੈ ਗਈਆਂ
ਸੱਭ ਦੀ ਮੁੱਠ ਵਿਚ ਜਾਨ।
ਜਨੂਨੀ ਅੱਗ ‘ਚ ਭੜਕਿਆ
ਜਦ ਹਿੰਦ ਤੇ ਪਾਕਿਸਤਾਨ।

ਘਰ ਆਪਣੇ ਛਡਣ ਵਾਸਤੇ,
ਇਹ ਜਨਤਾ ਹੋਈ ਮਜ਼ਬੁਰ।
ਵੰਡੇ ਗਏ ਹਾਣੀ, ਯਾਰ ਵੀ,
ਜੋ, ਰੱਬ ਨੂੰ, ਨਾ- ਮਨਜ਼ੂਰ।

ਮਾਰ ਦੁਹੱਥੜ ਰਾਵੀ ਰੋਈ,
ਹੋ ਗਈ ਲਹੂ – ਲੁਹਾਨ।
ਅਣਗਿਣਤ ਜਾਨਾਂ ਮਰੀਆਂ,
ਕਈ ਹੋਈਆਂ ਬੇ- ਪਛਾਣ।

ਬੱਚਿਆਂ ਨੂੰ ਮਾਵਾਂ ਰੋਂਦੀਆਂ,
ਭੈਣਾਂ ਤੋਂ ਵਿੱਛੜੇ ਵੀਰ।
ਕੋਈ ਨਾ ਉਥੇ ਲੱਭਦਾ,
ਜੋ ਅੱਖੀਉਂ ਪੂੰਝੇ ਨੀਰ।

ਪਤੀ ਤੋਂ ਵਿਛੜੀ ਪਤਨੀ,
ਬੱਾਪੂ ਦੀ ਟੁੱਟ ਗਈ ਬਾਂਹ।
ਸੱਜਣ ਵੀ ਹੱਥ ਛੁਡਾ ਗਏ,
ਮੇਰਾ ਲੁੱਟਿਆ ਗਿਆ ਗਰਾਂ।

ਜਦ ਵੰਡੇ ਗਏ ਪਰਵਾਰ ਵੀ,
ਫਿਰ ਵੰਡੇ ਗਏ ਦਰਿਆ।
ਢਾਈ-ਢਾਈ ਹਿੱਸੇ ਆ ਗਏ
ਬੰਦ ਹੋਏ ਦੋਵਾਂ ਦੇ ਰਾਹ।

ਸੁੱਖ ਨਾ ਪਾਇਆ ਰਾਵੀਏ,
ਤੇਰੀ ਸੁਣੀ ਕਿਸੇ ਨਾ ਹੂੱਕ।
ਸਭ ਖਾਲੀ ਹੱਥੀਂ ਤੁਰ ਪਏ
ਤੂੰ ਅੱਗੋਂ ਰਹੀ ਸੀ ਛੱੂਕ।

ਕਾਣੀਆਂ ਵੰਡਾਂ ਹੋ ਗਈਆਂ,
ਲੋਕੋ! ਵੰਡੇ ਗਏ ਪਿਆਰ।
ਜਬਰੀਂ ਹੋਏ ਨਿਕਾਹ ਦੀ,
ਕਿਸੇ ਨਾ ਸੁਣੀ ਪੁਕਾਰ।

ਨਕਸ਼ਾ ਬਦਲਿਆ ਧਰਤ ਦਾ
ਇਕ ਬਣਿਆਂ ਨਵਾਂ ਪੰਜਾਬ।
ਫਿਰ ਬਾਂਹਵਾਂ ਦੋਵੇਂ ਟੁੱਟੀਆਂ,
‘ਤੇ ਉੱਡ ਗਏ ਸਭ ਖ਼ਵਾਾਬ।

ਫਿਰ ਹਿੱਸੇ ਆਏ ਪੰਜਾਬ ਨੂੰ
ਜਿਨ੍ਹਾਂ ਲੰਗੜਾ ਦਿੱਤਾ ਕਰ।
‘ਸੁਹਲ’ ਰਾਵੀ ਨੂੰ ਅਜੇ ਵੀ,
ਦੋਵਾਂ ਤੋਂ ਲੱਗਦਾ ਡਰ।

ਮਲਕੀਅਤ ‘ਸੁਹਲ’

ਮੋ-9872848610
ਨੋਸ਼ਹਿਰਾ ਬਹਾਦਰ (ਤਿੱਬੜੀ) ਗੁਰਦਾਸਪੁਰ

***
800

***

 

About the author

ਮਲਕੀਅਤ ਸੁਹਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮਲਕੀਅਤ ‘ਸੁਹਲ’
ਮੋਬਾ- 9872848610
ੳਨੋਸ਼ਹਿਰਾ,
ਡਾਕ-ਪੁਲ ਤਿੱਬੜੀ,
ਗੁਰਦਾਸਪੁਰ -143530

 

ਮਲਕੀਅਤ ਸੁਹਲ

ਮਲਕੀਅਤ ‘ਸੁਹਲ’ ਮੋਬਾ- 9872848610 ੳਨੋਸ਼ਹਿਰਾ, ਡਾਕ-ਪੁਲ ਤਿੱਬੜੀ, ਗੁਰਦਾਸਪੁਰ -143530  

View all posts by ਮਲਕੀਅਤ ਸੁਹਲ →