22 July 2024

ਦੋ ਕਵਿਤਾਵਾਂ—ਰਮਿੰਦਰ ਰੰਮੀ

1. —ਤੇ ਉਹ ਝੱਲੀ ਹੋ ਗਈ

ਰਮਿੰਦਰ ਰੰਮੀ


ਅਚਾਨਕ

ਕਾਰ ਦੇ ਬ੍ਰੇਕ ਲੱਗੇ,
ਕਾਰ ਚਿਰਮਿਰਾ ਕੇ ਇਕ
ਝੱਟਕੇ ਵਿੱਚ ਰੁੱਕੀ।
ਕਾਰ ‘ਚੋਂ ਬਾਹਰ ਨਿਕਲ
ਦੇਖਿਆ,
ਇਕ ਔਰਤ ਸੜਕ ਤੇ
ਬੇਹੋਸ਼ ਪਈ ਸੀ।
ਆਲੇ ਦੁਆਲੇ ਜਮਾ ਹੋਈ
ਭੀੜ ਵਿੱਚੋਂ, ਰਸਤਾ ਬਣਾ
ਮੈਂ ਉਸ ਕੋਲ ਪਹੁੰਚੀ।
ਲੋਕ ਤਰ੍ਹਾਂ ਤਰ੍ਹਾਂ ਦੇ
ਫ਼ਿਕਰੇ ਕੱਸ ਰਹੇ ਸਨ।
ਮੈਂ ਕੋਲ ਜਾ ਉਸਨੂੰ ਚੁੱਕ,
ਗੋਦੀ ਵਿੱਚ ਸਿਰ ਰੱਖ
ਪਲ਼ੋਸਿਆ।
ਪਾਣੀ ਪਿਲਾ ਕੁਝ
ਛਿੱਟੇ, ਉਸਦੇ ਮੂੰਹ ਤੇ ਮਾਰੇ।
ਜੱਲਦੀ ਉਸਨੂੰ ਕੁਝ
ਸੁਰਤ ਆਈ, ਅੱਖਾਂ ਝਮਕਾ
ਉਸ ਤੱਕਿਆ ਮੇਰੇ ਵੱਲ।
ਲੋਕ ਉਸਨੂੰ ਝੱਲੀ ਕਹਿ
ਬੁਲਾ ਰਹੇ ਸਨ।
ਮੈਂ ਪੁੱਛਿਆ ਹੋਇਆ ਕੀ,
ਘਬਰਾ ਨਾ ਦੱਸ ਮੈਨੂੰ।
ਮੈਲੇ ਕੂਚੈਲੇ ਕੱਪੜਿਆਂ ਵਿੱਚ,
ਅਜੇ ਵੀ ਬੇਹੱਦ ਖ਼ੂਬਸੂਰਤ
ਲੱਗ ਰਹੀ ਸੀ ਉਹ।
ਲੱਗਦਾ ਜਿਵੇਂ
ਬਹੁਤ ਰਾਤਾਂ ਤੋਂ ਨਹੀਂ ਸੁੱਤੀ,
ਨਾ ਕੁਝ ਖਾਧਾ, ਨਾ ਪੀਤਾ।

ਰੇਸਤਰਾਂ ਵਿੱਚ ਲਿਜਾ,
ਉਸਨੂੰ ਖਾਣਾ ਖਿਲਾਇਆ ਤੇ
ਪੁੱਛਿਆ ਤੇਰਾ ਇਹ
ਹਾਲ ਕਿਸ ਬਣਾਇਆ?
ਫਿੱਕਾ ਜਿਹਾ ਮੁਸਕਰਾ
ਉਹ ਬੋਲੀ, ਉਹ
ਬਹੁਤ ਦਿਨ ਪਹਿਲਾਂ
ਮਿਲਿਆ ਸੀ, ਇਸ ਜਗਹ।
ਪਹਿਲੀ ਮੁਲਾਕਾਤ ਵਿੱਚ
ਇਕ ਦੂਸਰੇ ਨੂੰ, ਦਿਲ ਦੇ ਬੈਠੇ।
ਬਹੁਤ ਪਿਆਰਾ ਸੀ ਉਹ,
ਮੁੱਹਬਤ ਨਾਲ ਲਬਰੇਜ਼।
ਬਹੁਤ ਸਿੱਧਾ ਸਾਧਾ,
ਕੋਈ ਵੱਲ ਛੱਲ ਨਹੀਂ।
ਮੁੱਹਬਤ ਦਾ ਮੁਜੱਸਮਾ ਸੀ,
ਸ਼ਾਇਦ ਉਹ ਕੋਈ।

ਉਸ ਇਕ ਮੁਲਾਕਾਤ ਵਿੱਚ ,
ਦੁਨੀਆਂ ਭਰ ਦੀ ਮੁੱਹਬਤ ਦੇ ,
ਮੇਰੀ ਝੋਲੀ ਭਰ ਦਿੱਤੀ ਉਸ।
ਮੈਂ ਖ਼ੁਸ਼ੀ ਵਿੱਚ ਫੁੱਲੀ ਨਾ ਸਮਾਈ।
ਢੇਰ ਸਾਰੀਆਂ ਮੁੱਹਬਤੀ ਗੱਲਾਂ,
ਉਸ ਮੇਰੇ ਨਾਲ ਕੀਤੀਆਂ।
ਉਸ ਸਮੇਂ ਲੱਗਾ ,ਮੈਂ ਦੁਨੀਆਂ ਦੀ
ਸੱਭ ਤੋਂ ਹੁਸੀਨ ਤੇ ਖ਼ੁਸ਼ਕਿਸਮਤ
ਲੜਕੀ ਹਾਂ।

ਸੱਚ ਬਹੁਤ ਭੋਲਾ ਸੀ ਉਹ,
ਝੱਟ ਗਿਆ ਪੱਟ ਆਇਆ ਕਹਿ,
ਮੁੜ ਨਹੀਂ ਆਇਆ ਕਦੀ।
ਮੈਂ ਹਰ ਰੋਜ਼ ਇਸੇ ਜਗਹ
ਉਸਦਾ ਇੰਤਜ਼ਾਰ ਕਰਦੀ ਹਾਂ।
ਕਦੀ ਤੇ ਆਏਗਾ ਉਹ,
ਇਹ ਮੇਰੀ ਸੁੱਚੜੀ ਮੁੱਹਬਤ
ਦਾ ਯਕੀਨ ਹੈ।
ਇਕ ਵਾਰ ਆਏ ਮੈਂ ਪੁੱਛਾਂ
ਉਸਨੂੰ, ਤੂੰ ਕਿਉਂ ਕੀਤਾ
ਇਸ ਤਰਾਂ ਦੱਸ।
ਕੀ ਕਸੂਰ ਸੀ ਉਸਦਾ?
ਸਿਰਫ਼ ਇਹੀ ਕਿ ਉਸਨੇ
ਉਸਦੀ ਮੁੱਹਬਤ ਤੇ ਯਕੀਨ ਕੀਤਾ।
ਸ਼ਾਇਦ ਕੁਝ ਮਜ਼ਬੂਰੀ
ਰਹੀ ਹੋਏਗੀ ਉਸਦੀ।
ਪੁੱਛਾਂ ਤੇ ਸਹੀ, ਝੱਲਿਆ ਕੋਈ
ਇਸ ਤਰਾਂ ਵੀ ਕਰਦਾ ਹੈ?
ਮੈਂ ਭਟਕਦਿਆਂ, ਤੈਨੂੰ ਭਾਲਦਿਆਂ
ਜ਼ਿੰਦਗੀ ਗੁਜ਼ਾਰਤੀ।
ਕੋਈ ਇਵੇਂ ਵੀ ਜਾਂਦਾ ਹੈ।
ਹਾਂ ਉਹ ਆਏ ਤੇ ਪੁੱਛਾਂਗੀ ,
ਕੀ ਕਸੂਰ ਸੀ ਮੇਰਾ।
ਕਹਾਂ
ਕਿਉਂ ਅੱਧਵਾਟੇ ਛੱਡ ਗਿਉਂ,
ਮੇਰੇ ਸੱਜਣਾਂ।
ਯਾਰੀ ਲਾਈਏ ਤੇ ਤੋੜ ਨਿਭਾਈਏ,
ਮੁੜ ਛੱਡ ਕੇ ਕਦੀ ਨਾ ਜਾਈਏ।
ਸ਼ਾਇਦ ਇਹ ਸਵਾਸ ਹੁਣ ਤੱਕ
ਇਸੇ ਲਈ ਅਟਕੇ ਪਏ ਨੇ,
ਉਹ ਆਏ, ਮੈਨੂੰ ਗਲੇ ਲਗਾਏ।
ਮੈਂ ਹਕਲ਼ਾਉਂਦੇ ਹੋਏ ਪੁੱਛਾਂ,
ਕੀ ਕਸੂਰ ਸੀ ਮੇਰਾ?
ਮੈਂ ਨਹੀਂ ਕਿਹਾ ਸੀ ਤੂੰ
ਮੁੱਹਬਤ ਦੀ ਹਾਮੀ ਭਰਦਾ।
ਆਪਣੀ ਮੁੱਹਬਤ ਤੇ
ਯਕੀਨ ਤੇ ਕਰਦਾ।
ਮੈਂ ਤੈਨੂੰ ਕਦੀ ਵੀ ਰੁਸਵਾ
ਨਾ ਹੋਣ ਦਿੰਦੀ ਤੂੰ
ਇਕ ਵਾਰ ਕਹਿ ਕੇ ਦੇਖਦਾ,
ਮੈਂ ਤੇਰੇ ਲਈ ਦੁਨੀਆਂ ਛੱਡ ਦਿੰਦੀ।
ਪਰ ਉਹ ਨਹੀਂ ਆਇਆ।

ਮੇਰੀ ਉਮੀਦ ਅਜੇ ਵੀ ਬਾਕੀ ਹੈ,
ਆਏਗਾ ਇਕ ਦਿਨ ਜ਼ਰੂਰ ਉਹ।
ਲੋਕ ਝੱਲੀ ਸਮਝਦੇ ਨੇ, ਪਰ
ਮੈਂ ਤੇ ਉਸਦੇ ਪਿਆਰ ਵਿੱਚ
ਝੱਲੀ ਹੋ ਗਈ ਹਾਂ।
ਹੁਣ ਆਖਰੀ ਤਮੰਨਾ ਹੈ ਇਕ,
ਉਹ ਆਏ, ਕਹੇ ਮੈਂ ਆ ਗਿਆ ਹਾਂ।
ਇਹ ਕਹਿ ਉਹ ਕਲਾਵੇ
ਵਿੱਚ ਭਰ ਲਏ।
ਮੈਂ ਉਸਨੂੰ ਤੱਕਦੀ ਹੋਈ,
ਆਪਣੇ ਆਖੀਰੀ ਸਵਾਸ,
ਉਸਦੇ ਗੋਦ ਵਿੱਚ ਛੱਡ ਦਿੰਦੀ।
ਤੇ ਉਹ ਮੁਕਤ ਹੋ ਜਾਂਦਾ,
ਆਪਣੀ ਮੁੱਹਬਤ ਤੋਂ।
ਜੋ ਜਾਣੇ ਅਣਜਾਣੈ ‘ਚ
ਉਸ ਕਬੂਲ ਕੀਤੀ।
ਇਹ ਕਹਿ ਝੱਲੀ ਹੱਸੀ,
ਅੱਖਾਂ ਵਿੱਚ ਡਲ੍ਹਕ ਆਏ ਹੰਝੂ
ਪੂੰਝ, ਗੁਣਗੁਣਾਈ।
“ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ,
ਨੀ ਮੈਂ ਕਮਲੀ ਹਾਂ।
ਨੀ ਮੈਂ ਕਮਲੀ ਹਾਂ।
ਕਮਲੀ ਕਮਲੀ ਕਹਿੰਦੇ
ਹੋਏ ਉਹ
ਚਲੇ ਗਈ
ਅਗਲੇ ਦਿਨ
ਦੀ ਇੰਤਜ਼ਾਰ ਲਈ।
***

2. ਤੇਰੀ ਚਾਹਤ

ਤੇਰੀ ਚਾਹਤ ਦਾ ਕੈਸਾ ਸਰੂਰ ਹੈ ਛਾਇਆ
ਮੇਰਾ ਤਾਂ ਲੂੰ ਲੂੰ ਹੈ ਰੁਸ਼ਨਾਇਆ।

ਤੇਰੀ ਪੂਜਾ, ਤੇਰੀ ਬੰਦਗੀ, ਤੇਰੀ ਇਬਾਦਤ
ਹੁਣ ਇਸ਼ਟ ਹੈ ਮੇਰਾ,
ਉਸੇ ਵਿੱਚ ਰਮੀ ਰਹਿੰਦੀ ਹਾਂ ਮੈਂ ਹਰਦਮ।

ਲੋਕੀਂ ਕਹਿੰਦੇ ਇਹ ਤੇ ਰਮਲੀ ਕਮਲੀ ਹੋ ਗਈ,
ਹੱਸਕੇ ਕਹਿੰਦੀ ਮੈਂ ਤੇ ਉਹਦੀ ਚਾਹਤ ਵਿੱਚ ਪਗਲੀ ਹੋ ਗਈ ।

ਤੇਰੀ ਚਾਹਤ ਜੋ ਮਿਲ ਗਈ ਅਸਾਨੂੰ
ਭਟਕਣ ਖਤਮ ਹੋ ਗਈ ਹੈ ਹੁਣ ਤੇ
ਕੋਈ ਹੋਰ ਚਾਹਤ ਨਹੀਂ ਬਾਕੀ ਹੁਣ ਤੇ।

ਤੇਰੀ ਚਾਹਤ ਨੂੰ ਸਿੱਜਦਾ ਮੈਂ ਕਰਾਂ ਹਰ ਪੱਲ
ਉਸੇ ਵਿੱਚ ਮਸ਼ਗੂਲ ਮੈਂ ਰਹਿੰਦੀ ਹਾਂ ਹਰਦਮ।

ਜੱਦ ਪਿਆਰ ਤਰੰਗਾਂ ਉੱਠਦੀਆਂ ਨੇ
ਮਨ ਬਾਰ ਬਾਰ ਪਿਆ ਗਾਉਂਦਾ ਹੈ,
“ਪ੍ਰੇਮ ਲੱਗੋ ਹਰਿ ਤੀਰ ਮੇਰੇ ਮਨਿ
ਪ੍ਰੇਮ ਲੱਗੋ ਹਰਿ ਤੀਰ।“

ਤੇਰੀ ਚਾਹਤ ਦਾ ਕੈਸਾ ਅਵਲੱੜਾ ਰੋਗ ਹੈ ਲੱਗਾ
ਰਾਤਾਂ ਨੂੰ ਤ੍ਰਬਕ ਕੇ ਉੱਠ ਬਹਿੰਦੀ ਹਾਂ,
ਬਾਰ ਬਾਰ ਇਹ ਗੁਣਗੁਣਾਉਂਦੀ ਰਹਿੰਦੀ ਹਾਂ
“ਪ੍ਰੀਤਮ ਕੈ ਦੇਸ ਕੈਸੇ ਬਾਤਨੁ ਕੇ ਜਾਈਐ
ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ।“

ਤੇਰੀ ਚਾਹਤ ਦੇ ਰੰਗ ਵਿੱਚ ਰੰਗੀ ਹੋਈ ਹਾਂ ਮੈਂ ਤਾਂ ,
ਹੁਣ ਦੂਸਰਾ ਰੰਗ ਕੋਈ ਚੜ੍ਹਦਾ ਨਹੀਂ ਇਸਤੇ।
“ਲਾਲੁ ਰੰਗੁ ਤਿਸ ਕੋ ਲਗਾ ਜਿਸਕੇ ਵੱਡਭਾਗਾ “

ਤੇਰੀ ਚਾਹਤ ‘ਚ ਸਨਮ ਮਿਟ ਗਏ ਹਾਂ,
ਫ਼ਨਾਹ ਹੋ ਗਏ ਹਾਂ,
ਤੈਨੂੰ ਭੋਰਾ ਤਰਸ ਵੀ ਨੀ ਆਇਆ।
“ਜੇ ਤੂ ਮਿਤ੍ਰ ਅਸਾਡੜਾ, ਹਿਕ ਭੋਰੀ ਨਾ ਵੇਛੋੜਿ“

ਕਾਸ਼! ਇਕ ਵਾਰੀ ਫ਼ੇਰਾ ਪਾ ਵੇ ਸੱਜਣਾਂ
ਹਿੱਕ ਆਪਣੀ ਨਾਲ ਤੂੰ ਲਾ ਵੇ ਸੱਜਣਾਂ।

ਤੇਰੀ ਚਾਹਤ ਦੇ ਝੱਲ ਨੇ ਕਮਲ਼ਿਆਂ ਕਰ ਦਿੱਤਾ ਹੈ,
ਕਮਲ਼ਿਆਂ ਵਾਂਗ ਬਾਰ ਬਾਰ ਗੁਣਗੁਣਾਉਂਦੀ ਰਹਿੰਦੀ ਹੈ:
“ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ
ਮਨ ਆਸਾ ਚਿੰਤ ਵਿਸਾਰਿਆ॥”
***
840
***

ਜੀਵਨ ਬਿਉਰਾ:
ਪੂਰਾ ਨਾਮ:ਰਮਿੰਦਰ ਕੌਰ ਵਾਲੀਆ
ਕਲਮੀ ਨਾਮ: ਰਮਿੰਦਰ ਰਮੀ
ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ
ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ
ਜਨਮ ਸਥਾਨ: ਜਲੰਧਰ
ਜਨਮ ਤਰੀਕ: 23 ਮਾਰਚ 1954
ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ

ਸਿਖਿਆ:ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ
ਪੱਕਾ ਪਤਾ: 213 Vodden Street WestL6X 2W8,Ontario, Brampton
Mobile: +1 (647) 919-9023
E-mail: raminderwalia213@gmail.com

ਸ਼ੌਕ:ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ।

* ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ।

* ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ।

* ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ।
ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ
ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ

ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ।
***

ਰਮਿੰਦਰ ਰੰਮੀ

ਜੀਵਨ ਬਿਉਰਾ: ਪੂਰਾ ਨਾਮ: ਰਮਿੰਦਰ ਕੌਰ ਵਾਲੀਆ ਕਲਮੀ ਨਾਮ: ਰਮਿੰਦਰ ਰਮੀ ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ ਜਨਮ ਸਥਾਨ: ਜਲੰਧਰ ਜਨਮ ਤਰੀਕ: 23 ਮਾਰਚ 1954 ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ ਸਿਖਿਆ: ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ ਪੱਕਾ ਪਤਾ: 213 Vodden Street West L6X 2W8, Ontario, Brampton Mobile: +1 (647) 919-9023 E-mail: raminderwalia213@gmail.com ਸ਼ੌਕ: ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ। * ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ। * ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ । * ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ। ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ। ***

View all posts by ਰਮਿੰਦਰ ਰੰਮੀ →