19 June 2024

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਪ੍ਰਸੰਗਿਕ ਕਾਵਿ-ਚਿੱਤਰ—ਮਨਦੀਪ ਕੌਰ ਭੰਮਰਾ

💐23 ਮਾਰਚ ‘ਤੇ ਵਿਸ਼ੇਸ਼:
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਅਸ਼ਅਸ਼ ਕਰਦੀ ਸੁਰਤੀ, ਬੇਪਰਵਾਹੀ ਤੇ ਮਸਤਾਨੜੀ ਬਿਰਤੀ,ਬੇਮਿਸਾਲ ਹਸਤੀ,ਅੰਤਰੀਵ ਅੰਤਹਕਰਨੀ ਰੌਸ਼ਨੀ,ਆਤਮਿਕ ਦ੍ਰਿੜ੍ਹਤਾ, ਪ੍ਰਭਾਵਕਾਰੀ ਆਭਾਮੰਡਲ, ਮੌਤ ਲਾੜੀ ਨਾਲ਼ ਮੁੱਹਬਤੀ ਸਾਂਝ, ਲੋਕਤਾ ਨਾਲ਼ ਲੋਹੜੇ ਦੇ ਪਿਆਰ ਅਤੇ ਜਲੌਅਵੰਤੀ ਨਜ਼ਾਰਿਆਂ ਨਾਲ਼ ਸਜਿਆ ਪ੍ਰਸੰਗਿਕ ਕਾਵਿ-ਚਿੱਤਰ! —-✍️ਮਨਦੀਪ ਕੌਰ ਭੰਮਰਾ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਪ੍ਰਸੰਗਿਕ ਕਾਵਿ-ਚਿੱਤਰ
-ਮਨਦੀਪ ਕੌਰ ਭੰਮਰਾ-

 

 

 

 

 

 

ਖਟਕੜ ਕਲਾਂ ਦੀ ਸੁਭਾਗੀ ਮਿੱਟੀ ਦੀ ਪੈਦਾਵਾਰ,
ਭਾਰਤ ਦੀ ਜੰਗ-ਏ-ਆਜ਼ਾਦੀ ਦੇ ਯੋਧੇ ਜ਼ੋਰਾਵਰ,
ਮਹਾਂਨਾਇਕ ਸ਼ਹੀਦ-ਏ-ਆਜ਼ਮ
ਸਰਦਾਰ ਭਗਤ ਸਿੰਘ
ਵਤਨ ਦੇ ਮੱਥੇ ਦੀ ਕਲਗੀ ਵਿੱਚ
ਜੜਿਆ ਉਹ ਬੇਸ਼ਕੀਮਤੀ ਹੀਰਾ ਹੈ
ਜਿਸਨੇ ਆਪਣੀ ਅੱਤਿ ਦੀ ਸੰਵੇਦਨਸ਼ੀਲਤਾ,
ਬੇਨਜ਼ੀਰ ਬੁੱਧੀ, ਅਜ਼ੀਮ ਦੇਸ਼ ਭਗਤੀ ਦੀ ਭਾਵਨਾ
ਦੇ ਸਦਕਾ ਆਪਣਾ ਸਾਰਾ ਜੀਵਨ
ਵਤਨ ਦੇ ਲੇਖੇ ਲਾ ਦਿੱਤਾ
ਸਰਦਾਰ ਭਗਤ ਸਿੰਘ ਕੇਵਲ
ਮਹਾਂਯੋਧਾ ਹੀ ਨਹੀਂ ਸੀ,
ਸਗੋਂ ਉਹ ਉੱਚਕੋਟੀ ਦਾ ਵਿੱਦਵਾਨ
ਅਤੇ ਮਹਾਂਚਿੰਤਕ ਸੀ,
ਨਿਰਮਲ ਤੇ ਝਿਲਮਿਲ
ਕਰਦੀ ਪਾਰਦਰਸ਼ੀ ਪਵਿੱਤਰ ਆਤਮਾ ਸੀ
ਉਸ ਦੀ ਅਸੀਮ ਕਾਲ ਨੂੰ ਪਾਰ ਕਰਦੀ
ਦੂਰਅੰਦੇਸ਼ੀ,ਤੀਖਣ ਬੁੱਧੀ, ਵਰਿਆਮਗੀ,
ਸੁਭਾਅ ਦੀ ਫ਼ਕੀਰੀ,
ਆਜ਼ਾਦੀ ਲਈ ਲਲਕ,
ਆਪਣੇ ਲੋਕਾਂ ਦੀ ਪੀੜ ਨੂੰ ਜਾਨਣ ਅਤੇ
ਮਹਿਸੂਸ ਕਰਨ ਦਾ ਜਜ਼ਬਾ, ਉੱਚਕੋਟੀ ਦੀ ਸਮਝ, ਲੋਕਤਾ ਲਈ ਦਰਦ,
ਗ਼ੁਲਾਮੀ ਲਈ ਵਿਦਰੋਹ,
ਬਾਲ-ਪਨ ਤੋਂ ਆਪਣੇ ਪਰਿਵਾਰ ਵਿੱਚੋਂ
ਮਿਲ਼ੇ ਲਾਸਾਨੀ ਜਜ਼ਬਿਆਂ ਨਾਲ਼
ਭਰਪੂਰ ਹੋਈ ਚੇਤਨਾ,
ਦੇਸ਼-ਪ੍ਰੇਮ ਨਾਲ਼ ਲਬਰੇਜ਼ ਰੂਹ,
ਕਰਾਂਤੀ ਦਾ ਜਜ਼ਬਾ, ਆਜ਼ਾਦੀ ਲਈ
ਆਪਣੇ ਸੁਯੋਗ ਅਤੇ ਦਿ੍ਰੜ ਸਾਥੀਆਂ ਸਮੇਤ
ਆਮ ਲੋਕਾਂ ਵਿੱਚ ਨਵੀਂ ਰੂਹ ਫ਼ੂਕ ਦੇਣ ਲਈ
ਕੀਤਾ ਤਹੱਈਆ, ਸਾਰਥਿਕ ਉੱਦਮ,
ਸੱਚ ਦੇ ਸੋਹਿਲੇ ਗਾਉਣ ਦੀ ਬਿਰਤੀ
ਉਸਦੀ ਅਡੋਲ ਮਾਨਸਿਕ ਸਥਿਤੀ
ਦਾ ਪ੍ਰਗਟਾਵਾ ਕਰਦੀਆਂ ਭਾਵਨਾਵਾਂ,
ਵੇਦਨਾਵਾਂ ਅਤੇ ਸੰਵੇਦਨਾਵਾਂ
ਉਸਦੇ ਮਹਾਨ ਮਨੁੱਖ ਅਤੇ
ਵਿਲੱਖਣ ਸ਼ਖਸੀਅਤ ਹੋਣ ਦੀ
ਸ਼ਾਹਦੀ ਭਰਦੀਆਂ ਹਨ।
ਭਾਰਤ ਦੀ ਆਜ਼ਾਦੀ ਦੀ ਬਲ਼ਦੀ ਹੋਈ
ਮਿਸ਼ਾਲ ਚੁੱਕ ਕੇ ਮੋਹਰਲੀ ਕਤਾਰ ਵਿੱਚ
ਸਦੀਵੀ ਤੌਰ ’ਤੇ ਖੜ੍ਹੇ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ
ਦੇਸ਼, ਕੌਮ ਅਤੇ ਲੋਕਤਾ ਦਾ ਗੌਰਵ ਹਨ , ਮਾਣ ਹਨ…!

ਆਪਣੇ ਅਜ਼ੀਮ ਸਾਥੀਆਂ
ਰਾਜਗੁਰੂ ਅਤੇ ਸੁਖਦੇਵ ਸਮੇਤ
23 ਮਾਰਚ 1931 ਨੂੰ
ਵਿਦੇਸ਼ੀ ਗੋਰੀ ਸਰਕਾਰ ਵੱਲੋਂ ਫ਼ਿਰੋਜ਼ਪੁਰ ਦੇ ਨੇੜੇ
ਬੜੇ ਹੀ ਬੇਦਰੇਗ਼ ਢੰਗ ਨਾਲ਼ ਸ਼ਹੀਦ ਕਰ ਦਿੱਤੇ ਗਏ;
ਹੁਸੈਨੀਵਾਲ਼ ਵਿਖੇ ਉਹਨਾਂ ਦੀ ਬਣੀ ਸਮਾਧ
ਕਿਸੇ ਤੀਰਥ ਅਸਥਾਨ ਤੋਂ ਘੱਟ ਨਹੀੰ ਹੈ।

ਸੰਨ 1907 ਦੇ ਸਤੰਬਰ ਮਹੀਨੇ ਦੀ 28
ਤਾਰੀਕ ਨੂੰ ਪਾਕਿਸਤਾਨ ਦੇ ਪਿੰਡ 105 ਬੰਗਾ, ਕਸਬਾ ਜੜ੍ਹਾਂਵਾਲ਼ਾ ਵਿਖੇ
ਪਿਤਾ ਸਰਦਾਰ ਕਿਸ਼ਨ ਸਿੰਘ
ਅਤੇ ਮਾਤਾ ਸ਼੍ਰੀਮਤੀ ਵਿੱਦਿਆਵਤੀ ਦੀ ਕੁੱਖੋਂ ਜਨਮੇ ਸਰਦਾਰ ਭਗਤ ਸਿੰਘ ਨੂੰ
ਪਿਤਾ ਅਤੇ ਚਾਚਾ ਸਰਦਾਰ ਅਜੀਤ ਸਿੰਘ ਵੱਲੋਂ ਮਿਲ਼ੀ ਸਿੱਖਿਆ ਨਾਲ਼ ਬਾਰੀਕ-ਬੁੱਧ ਹਾਸਿਲ ਹੋਈ।
ਉਹਨਾਂ ਨੇ ਆਜ਼ਾਦ ਫ਼ਿਜ਼ਾ ਵਿੱਚ
ਮਨੁੱਖਾਂ ਦੇ ਸਾਹ ਲੈਣ ਦੀ ਕੀਮਤ ਨੂੰ ਸਮਝਿਆ,
ਆਜ਼ਾਦੀ ਦੇ ਅਰਥ ਜਾਣੇ,
ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਵਿੱਚ
ਜਨਮ ਲੈ ਕੇ ਸਰਦਾਰ ਭਗਤ ਸਿੰਘ ਹੁਰਾਂ ਨੇ
ਕੇਵਲ ਆਪਣੇ ਪੁਰਖਿਆਂ ਦੀ ਵਚਨਬੱਧਤਾ
ਦੀ ਹੀ ਲਾਜ ਨਹੀਂ ਰੱਖੀ
ਸਗੋਂ ਮੌਤ ਲਾੜੀ ਨਾਲ਼ ਆਪਣੇ ਆਪ ਨੂੰ ਵਿਆਹ ਕੇ
ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਮਹਾਂਯੋਗਦਾਨ
ਪਾਇਆ ,
ਇਸ ਨਾਸ਼ਵਾਨ ਸੰਸਾਰ ਨੂੰ
ਭਰੀ ਜਵਾਨੀ ਵਿੱਚ ਹੀ ਛੱਡ ਕੇ ਚਲੇ
ਜਾਣ ਵਾਲ਼ਾ ਇਹ ਯੋਧਾ ਅਸੀਮ ਕਾਲ ਤੀਕ
ਅਮਰ ਹੋ ਗਿਆ…!
ਉਸ ਘਰ ਦੀ ਚੌਧਰੀ ਸਾਕਿਬ ਇਕਬਾਲ ਵਿਰਕ ਹੁਰਾਂ
ਵੱਲੋਂ ਉਸ ਅਸਥਾਨ ਦੀ ਸੇਵਾ ਸੰਭਾਲ਼ ਕੀਤੀ ਜਾ ਰਹੀ ਹੈ,
ਹੁਣੇ ਜਿਹੇ ਪਾਕਿਸਤਾਨ ਦੇ ਦੌਰੇ ‘ਤੇ ਗਏ
ਸ਼ੇਖਰ ਅਜ਼ੀਮ ਨੇ ਉਸ ਜਗ੍ਹਾ ਦੀਆਂ ਤਸਵੀਰਾਂ
ਅਤੇ ਹਾਲਾਤ ਆਪਣੀ ਵਾਲ ‘ਤੇ ਦਰਸਾਏ ਹਨ ।

ਇਸ ਗੱਲ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ
ਕਿ ਵਕਤ ਦੀਆਂ ਸਾਜ਼ਿਸ਼ੀ ਤਾਕਤਾਂ ਦੇ
ਕੋਝੇ ਮਨਸੂਬਿਆਂ ਨੇ ਸਦਾ ਹੀ
ਸੱਚ ਦੀ ਖ਼ਾਤਿਰ ਮਰ-ਮਿਟਣ ਵਾਲ਼ੀਆਂ
ਹਸਤੀਆਂ ਨਾਲ਼ ਦਗ਼ਾ ਕੀਤਾ ਹੈ
ਪਰ ਸੱਚ ਕਦੀ ਮਰਦਾ ਨਹੀਂ
ਕੂੜ ਦੀ ਭੁੱਬਲ਼ ਵਿੱਚ ਦਬਦਾ ਨਹੀਂ
ਸਗੋਂ ਲਾਟ ਬਣ ਕੇ ਮਘਦਾ ਹੈ
ਕੋਲਿਆਂ ਵੱਤ ਦਘ੍ਹਦਾ ਹੈ
ਤੇ ਚੁਫ਼ੇਰ ਵਿੱਚ ਚਾਨਣ ਫ਼ੈਲਾ ਦਿੰਦਾ ਹੈ
ਜੋਤ ਤੋਂ ਜੋਤ ਜਗਦੀ ਹੈ
ਦੀਵੇ ਤੋਂ ਦੀਵਾ ਬਲ਼ਦਾ ਹੈ
ਬੇਸ਼ੱਕ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ
ਸਾਥੀਆਂ ਦੀਆਂ ਸ਼ਹੀਦੀਆਂ ਦਾ ਵਾਜਬ ਮੁੱਲ
ਹਰਗਿਜ਼ ਨਹੀਂ ਪਿਆ।
ਫ਼ੇਰ ਵੀ ਲੋਕ-ਮਨਾਂ ਅਤੇ ਖ਼ਾਸ ਕਰ ਕੇ
ਨੌਜੁਆਨ ਦਿਲਾਂ ਦੀ ਸਦਾ ਹੀ ਧੜਕਣ ਰਹੇ
ਇਹ ਯੋਧੇ ਸਦਾ ਬੁਲੰਦ ਹਨ।
ਸਮੇਂ ਸਮੇਂ ਸਰਕਾਰਾਂ ਅਤੇ ਸੰਸਥਾਵਾਂ
ਆਪਣੀ ਸ਼ਰਧਾ ਅਤੇ ਸਮਰੱਥਾ ਅਨੁਸਾਰ
ਸਰਦਾਰ ਭਗਤ ਸਿੰਘ ਸਾਥੀਆਂ ਨੂੰ
ਸ਼ਰਧਾ-ਸੁਮਨ ਅਰਪਿਤ ਕਰਦੀਆਂ
ਰਹਿੰਦੀਆਂ ਹਨ
ਪਰੰਤੂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ,ਸਰਦਾਰ ਭਗਵੰਤ ਸਿੰਘ ਮਾਨ ਅਤੇ “ਆਪ” ਪਾਰਟੀ ਦੇ
ਮੁਖੀ, ਦਿੱਲੀ ਦੇ ਮੁੱਖ ਮੰਤਰੀ
ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸਯੁੰਕਤ
ਰੂਪ ਵਿੱਚ ਸਮੂਹ ਸਾਥੀਆਂ ਨੇ
ਜਿਸ ਢੰਗ ਨਾਲ਼ ਸਰਦਾਰ ਭਗਤ ਸਿੰਘ
ਦੇ ਨਮਿੱਤ ਕਈ ਸਯੁੰਕਤ ਕਾਰਜ ਕਰਨ
ਦੇ ਸੰਕਲਪ ਕੀਤੇ ਹਨ,
ਜਾਪਦਾ ਹੈ ਸੱਚਮੁਚ ਦੀ ਆਜ਼ਾਦੀ ਅਤੇ
ਸਰਦਾਰ ਭਗਤ ਸਿੰਘ ਦੇ ਵਤਨ ਲਈ
ਲਏ ਸੁਪਨੇ ਪੂਰੇ ਕਰਨ ਦਾ ਮੁਨਾਸਿਬ
ਅਤੇ ਸੁਭਾਗਾ ਸਮਾਂ ਆ ਗਿਆ ਹੈ-
ਕੁੱਲ ਦੁਨੀਆਂ ਦੇ ਲੋਕਾਂ ਨੂੰ ਆਜ਼ਾਦੀ ਮੁਬਾਰਕ ਹੋਵੇ!
ਜੈ ਹਿੰਦ!
(22.3,2022)
***
704

About the author

mandeep Kaur
ਮਨਦੀਪ ਕੌਰ ਭੰਮਰਾ