ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (31 ਜੁਲਾਈ 2022 ਨੂੰ) 82ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਪਰਵਾਸੀ ਜੀਵਨ ਸੱਚ ਦਾ ਸਿਰਜਕ ਮੋਹਨ ਸਿੰਘ ਕੁੱਕੜਪਿੰਡੀਆ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਮੋਹਨ ਸਿੰਘ ਕੁੱਕੜਪਿੰਡੀਆ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਮੋਹਨ ਸਿੰਘ ਕੁੱਕੜਪਿੰਦੀਆ’ ਨੂੰ ਹਾਰਦਿਕ ਵਧਾਈ ਹੋਵੇ। ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ ਭਾਵੇਂ ਕਿ ਸਾਹਿਤਕ ਸੱਚ, ਆਮ ਸੱਚ ਨਾਲੋਂ ਵੱਖਰੀ ਕਿਸਮ ਦਾ ਹੁੰਦਾ ਹੈ ਪਰ ਸੱਚ, ਸੱਚ ਹੀ ਹੁੰਦਾ ਹੈ ਤੇ ਜਦੋਂ ਇਸ ਨੂੰ ਕੋਈ ਗਲਪਕਾਰ ਉਸ ਭਾਸ਼ਾ ਵਿਚ ਲਿਖਦਾ ਹੈ ਜਿਹੜੀ ਕਿਸੇ ਵਿਚਾਰ ਨੂੰ ਜਨਸਾਧਾਰਨ ਦੀ ਮਾਨਸਿਕਤਾ ਦਾ ਅੰਗ ਬਣਾ ਦਿੰਦੀ ਹੈ ਤਾਂ ਸਫਲਤਾ ਸਿਰਜਕ ਦਾ ਬਦੋਬਦੀ ਮੱਥਾ ਚੁੰਮਦੀ ਹੈ। ਅਜਿਹੀ ਸਿਖਰਲੀ ਸਿਰਜਣ ਅਵਸਥਾ ਬਰਤਾਨੀਆ ਵਿਚ ਵੱਸਦੇ ਨਾਵਲਕਾਰ ਮੋਹਨ ਸਿੰਘ ਕੁੱਕੜਪਿੰਡੀਆ ਨੂੰ ਪ੍ਰਾਪਤ ਹੈ ਜਿਹੜਾ 1961 ਤੋਂ ਵਲੈਤ ਵਿਚ ਹੈ ਤੇ ਜਿਸ ਕੋਲ ਉੱਥੋਂ ਦੇ ਜੀਵਨ ਸੱਚ ਦਾ ਅਸੀਮ ਭੰਡਾਰ ਹੈ। ਇਸੇ ਅਸੀਮ ਅਨੁਭਵੀ ਭੰਡਾਰ ਵਿੱਚੋਂ ਉਸ ਦੀਆਂ ਹੁਣ ਤਕ 25 ਪੁਸਤਕਾਂ ਛਪਕੇ ਪਾਠਕਾਂ ਕੋਲ ਪੁਜ ਚੱੁਕੀਆਂ ਹਨ ਜਿਨ੍ਹਾਂ ਵਿਚ 20 ਨਾਵਲ ਹਨ, 3 ਕਹਾਣੀਆਂ ਦੀਆਂ ਪੁਸਤਕਾਂ ਹਨ ਤੇ 2 ਵਾਰਤਕ ਦੀਆਂ ਹਨ। ਮੋਹਨ ਸਿੰਘ ਕੁੱਕੜਪਿੰਡੀਆ ਦਾ ਜਨਮ 03 ਮਾਰਚ 1950 ਈ: ਨੂੰ ਪਿਤਾ ਕਰਤਾਰ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਿੰਡ ਕੁੱਕੜ ਪਿੰਡ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਆਪਣੇ ਪਿੰਡ ਤੋਂ ਆਰੰਭਕ ਸਿੱਖਿਆ ਦੌਰਾਨ ਹੀ ਆਪਣੇ ਪਿਤਾ ਜੀ ਨਾਲ ਵਲੈਤ ਜਾਣ ਦੀ ਵਿੱਥਿਆ ਮੋਹਨ ਸਿੰਘ ਕੁੱਕੜਪਿੰਡੀਆ ਦੇ ਸ਼ਬਦਾਂ ਵਿਚ ਇਉ ਹੈ :- * ਕੁੱਕੜ ਪਿੰਡ (ਜਲੰਧਰ) ਨੇੜੇ ਮੇਰਾ ਬਚਪਨ ਖੇਡਿਆ ਸੀ। ਪਰ ਮੇਰਾ ਬਚਪਨ ਸੀ ਬਹੁਤ ਰੁੱਖੇ ਕਿਸਮ ਦਾ ਜਿਹਨੇ ਮੈਨੂੰ ਆਪਣੇ ਆਪ ਨਾਲ ਹੀ ਜਿਊਣਾ ਸਿਖਾ ਦਿੱਤਾ। ਇਸ ਪਿੰਡ ਵਿਚ ਮੈਂ ਛੇਵੀਂ ਜਮਾਤ ਦੇ ਅੱਧ ਤਕ ਪੜ੍ਹਦਾ ਰਿਹਾ ਹਾਂ। ਪ੍ਰਾਇਮਰੀ ਸਕੂਲ ਛੱਡਕੇ ਅਜੇ ਪੰਜ-ਛੇ ਕੁ ਮਹੀਨੇ ਹੀ ਪੂਰੇ ਹੋਏ ਸੀ, 1961 ਦੇ ਮਾਰਚ ਦੇ ਅੱਧ ਵਿਚ ਮੇਰਾ ਪਿਓ ਮੈਨੂੰ ਤੇ ਮੇਰੇ ਤੋਂ ਚਾਰ ਸਾਲ ਵੱਡੀ ਮੇਰੀ ਭੈਣ ਨੂੰ ਨਾਲ ਲੈ ਕੇ ਇੰਗਲੈਂਡ ਤੁਰ ਪਿਆ। ਅੱਜ ਵਾਂਗ ਹਵਾਈ ਜਹਾਜ਼ ਰਾਹੀਂ ਨਹੀਂ, ਬੰਬਈ ਤੋਂ ਸਮੁੰਦਰੀ ਜਹਾਜ਼ ਰਾਹੀਂ। ਜਲੰਧਰ ਛਾਉਣੀ ਦੇ ਰੇਲਵੇ ਸਟੇਸ਼ਨ ਤੋਂ ਅਸੀਂ ਤਿੰਨ ਦਿਨਾਂ ਬਾਅਦ ਬੰਬਈ ਪਹੁੰਚੇ। ਉੱਥੇ ਦਸ ਕੁ ਦਿਨ ਰਹਿਕੇ ਪਾਣੀ ਵਾਲੇ ਜਹਾਜ਼ ਰਾਹੀਂ ਕਰਾਚੀ ਸ਼ਹਿਰ। ਹੋਰ ਪਤਾ ਨਹੀਂ ਕਿਹੜੇ-ਕਿਹੜੇ ਦੇਸ਼ ਆਏ। ਕਿਤੇ ਕਾਲ਼ੇ ਰੰਗ ਦਾ ਸਮੁੰਦਰ, ਕਿਤੇ ਚਿੱਟੇ ਰੰਗ ਦਾ ਤੇ ਕਿਤੇ ਹਰੇ ਰੰਗ ਦਾ। ਅਸੀਂ ਇਕ ਮਹੀਨੇ ਬਾਅਦ ਇਟਲੀ ਦੇ ਸ਼ਹਿਰ ਜਨੇਵਾ ਪਹੁੰਚ ਗਏ। ਅੰਤ ਨੂੰ ਸਫ਼ਰ ਕਰਦੇ ਕਰਦੇ ਉਸ ਸਮੇਂ ਇੰਗਲੈਂਡ ਦੇ ਡੋਵਰ ਸ਼ਹਿਰ ਜਾ ਉਤਰੇ। ਇੰਝ 1961 ਤੋਂ ਸ਼ੁਰੂ ਹੋਇਆ ਮੋਹਨ ਸਿੰਘ ਕੁੱਕੜਪਿੰਡੀਆ ਦਾ ਪਰਵਾਸ ਦਾ ਸਮਾਂ 6 ਦਹਾਕਿਆਂ ਤੋਂ ਵੀ ਵੱਧ ਹੋ ਗਿਆ ਹੈ। ਇਸ ਸਮੇਂ ਦੌਰਾਨ ਉਸਨੇ ਬਿਗਾਨੀ ਧਰਤੀ ’ਤੇ ਮੂਲ ਸੱਭਿਆਚਾਰ ਦੇ ਲੋਕਾਂ ਨੂੰ ਮੇਜ਼ਬਾਨ ਸੱਭਿਆਚਾਰ ਦੇ ਲੋਕਾਂ ਨਾਲ ਮਿਲਦੇ-ਭਿੜਦੇ ਵੀ ਵੇਖਿਆ ਹੈ, ਥੁੜੇ-ਟੁੱਟੇ ਲੋਕਾਂ ਦੀ ਆਰਥਿਕ ਪੱਖੋਂ ਜੂਨ ਸੁਧਰਦੀ ਵੀ ਵੇਖੀ ਹੈ ਤੇ ਅੱਗੇ ਚੱਲਕੇ ਮਿਲੀਆਂ ਖੁੱਲ੍ਹਾਂ ਦੀ ਦੁਰਵਰਤੋਂ ’ਚੋਂ ਨਿਕਲਦੀਆਂ ਵਿਸੰਗਤੀਆਂ ਵੀ ਵੇਖੀਆਂ ਹਨ ਜਿਹੜੀਆਂ ਰਾਜੇ ਨੂੰ ਰੰਕ ਬਣਾਉਣ ਵਿਚ ਬਹੁਤੀ ਦੇਰ ਨਹੀਂ ਲਾਉਦੀਆਂ। ਮੋਹਨ ਸਿੰਘ ਕੁੱਕੜਪਿੰਡੀਆ ਦੇ ਅਮੀਰ ਆਵਾਸੀ ਅਨੁਭਵ ’ਚੋਂ ਹੁਣ ਜਿਹੜੀਆਂ 25 ਪੁਸਤਕਾਂ ਨਾਲ ਪਾਠਕਾਂ ਨੇ ਸਾਂਝ ਪਾਈ ਹੈ, ਉਹ ਇਹ ਹਨ : ‘ਪ੍ਰਦੇਸ’, ‘ਵੈਰਨ ਵਲਾਇਤ’, ‘ਵਲੈਤੀਆ’, ‘ਬਲੈਕ ਬਾਸਟਰਡ’, ‘ਕਾਲਾ ਲਹੂ ਲੰਡਨ ਦਾ’, ‘ਬੁਰਕੇ’, ‘ਚਿੱਟੇ ਪਾਣੀ’, ‘ਸੱਤ ਸਮੁੰਦਰ ਪਾਰ’, ‘ਤਾਰੀਖ਼ ਗਵਾਹੀ ਦੇਵੇਗੀ’, ‘ਗੁਲਾਮੀ’, ‘ਚਾਨਣੀ ਰਾਤ ਦਾ ਤੜਕਾ’, ‘ਤਾਰੀਖ਼ ਰੋ ਨਾ ਸਕੀ’, ‘ਸੱਚ ਦਾ ਝੰਡਾ’, ‘ਰੂਹ ਦਾ ਜ਼ਖ਼ਮ’, ‘ਪਵਿੱਤਰ ਸੂਲੀ’, ‘ਮੁਜਰਾ ਦੇਖਣ ਵਾਲੇ ਸਰਦਾਰ’, ‘ਮੇਰੀ ਅਧੂਰੀ ਕਹਾਣੀ’ (ਸਵੈ ਜੀਵਨੀ), ‘ਬੁੱਕਲ ਯਾਰ ਦੀ’, ‘ਗੋਰਿਆਂ ਦੇ ਦੇਸ਼’, ‘ਗੋਰੀਆਂ’, ‘ਭਾਬੀ’, ‘ਯਾਦ ਬਾਕੀ ਹੈ’ (ਸੰਪਾਦਿਤ), ‘ਛੱਲਾ’, ‘ਲਾਲ ਚੂੜਾ’ ਤੇ ‘ਕਾਮਰੇਡਣੀ’। ਉਪਰੋਕਤ ਪੁਸਤਕਾਂ ’ਚੋਂ ਬਹੁਤੇ ਭਾਵ 20 ਨਾਵਲ ਹਨ। ਇਨ੍ਹਾਂ ਨਾਵਲਾਂ ’ਚੋਂ ਬਹੁਤਿਆਂ ਵਿਚ ਬਰਤਾਨਵੀ ਜ਼ਿੰਦਗੀ ਦਾ ਬਹੁ-ਪੱਖੀ ਗਲਪੀ ਚਿਤਰਣ ਹੈ। ਨਾਵਲ ਵਿਚਾਰ ਅਤੇ ਸੰਸਾਰ-ਯੁਕਤ ਹਨ। ਸਿਆਣਿਆਂ ਦਾ ਮੰਨਣਾ ਹੈ ਕਿ ਕਿਸੇ ਵੀ ਗਲਪਕਾਰ ਦਾ ਗਲਪ ਦਿ੍ਰਸ਼ਟੀਕੋਣ ਉਸ ਦੇ ਜੀਵਨ ਦਿ੍ਰਸ਼ਟੀਕੋਣ ਤੋਂ ਹੀ ਵਿਕਸਿਤ ਹੁੰਦਾ ਹੈ ਤੇ ਰਚਨਾਕਾਰ ਦੀ ਰਚਨਾ ਦਿ੍ਰਸ਼ਟੀ ਵੀ ਯੁੱਗ ਬੋਧ ਦਾ ਹੀ ਦੂਜਾ ਨਾਂ ਹੁੰਦੀ ਹੈ। ਮੋਹਨ ਸਿੰਘ ਕੁੱਕੜਪਿੰਡੀਆ ਦੀ ਗਲਪਕਾਰੀ ’ਚੋਂ ਗਲਪ ਰਚਨਾਵਾਂ ’ਚੋਂ ਉਪਰੋਕਤ ਗੱਲਾਂ ਦੀ ਪੁਸ਼ਟੀ ਸੁਭਾਵਿਕ ਰੂਪ ’ਚ ਹੁੰਦੀ ਹੈ। ਉਸ ਦੇ ਕੁਝ ਨਾਵਲ ਕੁਝ ਵੱਖਰੇ ਥੀਮਕ ਪਾਸਾਰਾਂ ਦੇ ਧਾਰਨੀ ਵੀ ਹਨ। ਇਨ੍ਹਾਂ ਵਿਚ ‘ਤਾਰੀਖ਼ ਗਵਾਹੀ ਦੇਵੇਗੀ’, ‘ਗੁਲਾਮੀ’ ਤੇ ‘ਤਾਰੀਖ਼ ਰੋ ਨਾ ਸਕੀ’ ਦਾ ਵਿਸ਼ੇਸ਼ ਜਿਕਰ ਕੀਤਾ ਜਾ ਸਕਦਾ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਵੀ ਉਪਰੋਕਤ ਸੁਭਾਅ ਦੇ ਹਨ। ਮੋਹਨ ਸਿੰਘ ਕੁੱਕੜਪਿੰਡੀਆ ਦੇ ਕੁਝ ਨਾਵਲਾਂ ਦੇ ਕਈ-ਕਈ ਸੰਸਕਰਣ ਵੀ ਛਪ ਚੱੁਕੇ ਹਨ। ਮਸਲਨ ‘ਖ਼ੂਨ ਗ਼ਰੀਬਾਂ ਦਾ’ ਨਾਵਲ ਉਸਨੇ 50 ਸਾਲ ਪਹਿਲਾਂ ਲਿਖਿਆ ਸੀ ਤੇ ਇਹ ਅੱਜ ਵੀ ਬੜੀ ਸੰਜੀਦਗੀ ਨਾਲ ਪੜ੍ਹਿਆ ਜਾਂਦਾ ਹੈ। ਸੰਘਰਸ਼ਮਈ ਕਿਸਾਨੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬੜੇ ਭਾਵਪੂਰਤ ਅੰਦਾਜ਼ ’ਚ ਦਰਸਾਉਦਾ ਹੈ ਇਹ ਨਾਵਲ। ਉਸ ਦਾ ਨਾਵਲ ‘ਤਾਰੀਖ਼ ਗਵਾਹੀ ਦੇਵੇਗੀ’ ਨਕਸਲੀ ਲਹਿਰ ਬਾਰੇ ਹੈ। ਪਰਵਾਸੀ ਜ਼ਿੰਦਗੀ ਨਾਲ ਸੰਬੰਧਤ ਉਸਦੇ ਨਾਵਲਾਂ ਵਿਚ ਭਾਵੇਂ ਕੁਝ ਥਾਵਾਂ ’ਤੇ ਕੁਝ ਵੱਧ ਭਾਸ਼ਾਈ ਖੱੁਲ੍ਹ ਲਈ ਗਈ ਹੈ ਪਰ ਇਕ ਪੱਖ ਇਹ ਬਹੁਤ ਸੁਖਾਵਾਂ ਹੈ ਕਿ ਉਸ ਦੀ ਗਲਪੀ ਸ਼ੈਲੀ ਬਹੁਤ ਰੌਚਕ ਹੈ ਤੇ ਨਾਵਲ ਇੱਕੋ ਬੈਠਕ ਵਿਚ ਪੜ੍ਹਨ ਨੂੰ ਚਿੱਤ ਕਰਦਾ ਹੈ। ਇਹ ਗੱਲ ਇਸੇ ਕਰਕੇ ਹੀ ਪੱਕੀ ਹੈ ਕਿ ਜਿਸ ਨੇ ਮੋਹਨ ਸਿੰਘ ਕੁੱਕੜਪਿੰਡੀਆ ਦਾ ਇਕ ਵੀ ਨਾਵਲ ਇਕ ਵਾਰ ਪੜ੍ਹ ਲਿਆ ਉਹ ਉਸ ਦੇ ਬਾਕੀ ਸਾਰੇ ਨਾਵਲ ਪੜ੍ਹਨ ਲਈ ਬਦੋਬਦੀ ਪ੍ਰੇਰਿਤ ਹੋ ਜਾਵੇਗਾ। ਮੋਹਨ ਸਿੰਘ ਕੁੱਕੜਪਿੰਡੀਆ ਦੀ ਗਲਪਕਾਰੀ ਬਾਰੇ ਸਮੀਖਿਆਤਮਕ ਤੇ ਵਿਸਤਿ੍ਰਤ ਰੂਪ ’ਚ ਜਾਣਨ ਲਈ ਅਰਵਿੰਦਰ ਢਿੱਲੋਂ ਦੀ ਸੰਪਾਦਿਤ ਪੁਸਤਕ ‘ਯਾਦ ਬਾਕੀ ਹੈ’ (ਪੰਨੇ 128) ਜ਼ਰੂਰ ਪੜ੍ਹੀ ਜਾਣੀ ਚਾਹੀਦੀ ਹੈ। ਅੱਜਕੱਲ੍ਹ ਮੋਹਨ ਸਿੰਘ ਕੁੱਕੜਪਿੰਡੀਆ ਪੰਜਾਬ ਵਿਚ ਹੈ। ਉਸ ਨਾਲ ਹੋਏ ਸਾਹਿਤਕ ਵਿਚਾਰ ਵਟਾਂਦਰੇ ’ਚੋਂ ਉਸ ਵੱਲੋਂ ਕੁਝ ਅੰਸ਼ ਇੱਥੇ ਲਿਖੇ ਜਾਂਦੇ ਹਨ :-
ਨਿਰਸੰਦੇਹ ਮੋਹਨ ਸਿੰਘ ਕੁੱਕੜਪਿੰਡੀਆ ਜਿੱਥੇ ਪਰਵਾਸੀ ਜੀਵਨ ਸੱਚ ਦਾ ਸਫਲ ਸਿਰਜਕ ਹੈ ਉੱਥੇ ਉਸ ਦੀ ਅਹਿਮ ਘਟਨਾਵਾਂ/ਦੇਸ਼ਾਂ ਨਾਲ ਜੁੜਦੀ ਜਾਣਕਾਰੀ ਵੀ ਕਮਾਲ ਦੀ ਹੈ ਤੇ ਉਸ ਦੀਆਂ ਸਾਹਿਤ ਤੇ ਸਾਹਿਤਕਾਰਾਂ ਬਾਰੇ ਕੀਤੀਆਂ ਉਪਰੋਕਤ ਗੱਲਾਂ ਵੀ ਵਜ਼ਨਦਾਰ ਹਨ। ਪੰਜਾਬੀ ਸਾਹਿਤ ਦੇ ਏਥੇ ਤੇ ਉਥੇ ਬੈਠੇ ਪਾਠਕਾਂ ਨੂੰ ਉਸ ਦੇ ਨਵੇਂ ਨਾਵਲਾਂ ਦੀ ਸਦਾ ਉਡੀਕ ਰਹੇਗੀ। |