8 December 2024

‘ਉਸਨੇ ਕਿਹਾ’ ਵਿਚਲਾ ਆਤਮ ਸੰਵਾਦ -ਡਾ: ਦੇਵਿੰਦਰ ਕੌਰ

‘ਉਸਨੇ ਕਿਹਾ’ ਵਿਚਲਾ ਆਤਮ ਸੰਵਾਦ

-ਡਾ: ਦੇਵਿੰਦਰ ਕੌਰ (ਵੁਲਵਰਹੈਂਪਟਨ, ਯੂ.ਕੇ.)-

‘ਉਸਨੇ ਕਿਹਾ’ ਭੂਪਿੰਦਰ ਸੱਗੂ ਦਾ ਛੇਵਾਂ ਕਾਵਿ-ਸੰਗ੍ਰਹਿ ਹੈ। ਆਪਣੀ ਕਵਿਤਾ ਦਾ ਆਰੰਭ ਉਸਨੇ ਰਿਸ਼ਤਿਆਂ ਦੇ ਜੰਗਲ (1989 ) ਤੋਂ ਕੀਤਾ ਸੀ। ਹੌਲੀ ਹੌਲੀ 1993 ਤਕ ਪਹੁੰਚਦਿਆਂ ਉਸਦੀ ਕਵਿਤਾ ਸੱਚ ਤੇ ਸੂਲੀ ਦੇ ਤਣਾਓ ਪੂਰਨ ਸੰਬੰਧਾਂ ਵਿਚਲੇ ਸੰਘਰਸ਼ ਦਾ ਸਾਹਮਣਾ ਕਰਨ ਲੱਗੀ। 1998 ਵਿਚ ਆ ਕੇ ਉਸਦੇ ਕਈ ਪਲ ਸਿਮਟੇ ਜਿਨ੍ਹਾਂ ਨੂੰ ਖੋਲ੍ਹਣ ਲਈ 2002 ਵਿਚ ਕਤਰਾ ਕਤਰਾ ਨੂਰ ਦੀ ਇਬਾਦਤ ਦਾ ਮੌਕਾ ਮਿਲਿਆ। 2006 ਵਿਚ ਸੰਘਰਸ਼ ਦੇ ਜਾਰੀ ਸਫ਼ਰ ਵਿਚ ਕਈ ਫੁੱਲ ਅੰਗਿਆਰ ਬਣੇ। ਸ਼ਾਇਰ ਬੇਪਰਵਾਹ ਦਰਿਆ ਵਾਂਗ ਅੱਗੇ ਵਧਦਾ ਗਿਆ ਜਿਸਦਾ ਨਤੀਜਾ ‘ਉਸਨੇ ਕਿਹਾ’ ਵਰਗੀ ਆਤਮ ਸੰਵਾਦੀ ਕਵਿਤਾ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ।

ਹਾਲਾਂਕਿ ਇਸ ਪੁਸਤਕ ਦੀ ਪ੍ਰਕਾਸ਼ਨਾ ਵੇਲੇ ਇਸਨੂੰ ਸੰਵਾਦੀ ਕਵਿਤਾ ਦੀ ਸੰਗਿਆ ਦਿੱਤੀ ਗਈ ਹੈ, ਲੇਕਿਨ ਮੇਰੀ ਧਾਰਨਾ ਇਹ ਹੈ ਕਿ ਇਹ ਸੰਵਾਦੀ ਕਵਿਤਾ ਨਾਲੋਂ ਵਧੇਰੇ ਆਤਮ ਸੰਵਾਦੀ ਕਵਿਤਾ ਬਣਦੀ ਹੈ। ਉਸਦਾ ਕਾਰਨ ਇਹ ਹੈ ਕਿ ਸੰਵਾਦ ਦੀ ਜੁਗਤ ਨਾਟਕ ਲਈ ਵਧੇਰੇ ਢੁਕਵੀਂ ਹੈ। ਸੰਵਾਦ ਵਿਚ ਦੋ ਧਿਰਾਂ ਦੀ ਹਾਜ਼ਰੀ ਹੁੰਦੀ ਹੈ ਅਤੇ ਗੱਲ ਬਾਤ ਦਾ ਸਿਲਸਿਲਾ ਅੱਗੇ ਤੁਰਦਾ ਹੈ। ਉਸ ਗੱਲ ਬਾਤ ਵਿਚ ਵੀ ਸਵਾਲ ਘੱਟ ਅਤੇ ਤਰਕ ਦੀ ਵਰਤੋਂ ਵਧੇਰੇ ਹੋਈ ਹੁੰਦੀ ਹੈ। ਆਤਮ ਸੰਵਾਦ ਵਿਚ ਇਕੋ ਹੀ ਧਿਰ ਸਵਾਲ ਜਵਾਬ ਦੀ ਕਾਰਜਸ਼ੀਲਤਾ ਵਿਚ ਪਈ ਹੁੰਦੀ ਹੈ। ‘ਉਸਨੇ ਕਿਹਾ’ ਵਿਚ ਸਾਰੀਆਂ ਕਵਿਤਾਵਾਂ ਦੀ ਪਹਿਲੀ ਸਤਰ ਉਸਨੇ ਕਿਹਾ ਹੈ ਜੋ ਕਿ ਕਵਿਤਾ ਵਿਚ ਥੀਮ ਦੀ ਥਾਂ ਇਕ ਜੁਗਤ ਵਾਂਗ ਪੇਸ਼ ਹੋਈ ਹੈ। ਇਸ ਸਤਰ ਦੀ ਵਰਤੋਂ ਰਾਹੀਂ ਕਵੀ ਨੇ ਇਸ ਕਾਵਿ-ਪੁਸਤਕ ਵਿਚ ਜ਼ਿੰਦਗੀ ਬਾਰੇ ਕੁਝ ਸਵਾਲ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਦਾ ਜਵਾਬ ਲੱਭਣ ਦਾ ਯਤਨ ਕੀਤਾ ਗਿਆ ਹੈ। ਮਜ਼ੇਦਾਰ ਗੱਲ ਇਹ ਵਾਪਰਦੀ ਹੈ ਕਿ ਕਈ ਸਵਾਲਾਂ ਦੇ ਉੱਤਰ ਮਿਲ ਜਾਂਦੇ ਹਨ ਲੇਕਿਨ ਕਈ ਸਵਾਲਾਂ ਦਾ ਉੱਤਰ ਸਿਰਫ਼ ਖ਼ਾਮੋਸ਼ੀ ਹੁੰਦਾ ਹੈ। ਖ਼ਾਮੋਸ਼ੀ ਸਿਰਜਣ ਵਾਲੀਆਂ ਕਵਿਤਾਵਾਂ ਦਾ ਪਿੰਡਾ ਵਧੇਰੇ ਜਟਿਲ ਬਣਦਾ ਹੈ ਅਤੇ ਉਨ੍ਹਾਂ ਵਿਚ ਅਰਥਾਂ ਦੀਆਂ ਸੰਭਾਵਨਾਵਾਂ ਵੀ ਵਧੇਰੇ ਪੈਦਾ ਹੁੰਦੀਆਂ ਹਨ। ਮਿਸਾਲ ਵਜੋਂ ਇਸ ਪੁਸਤਕ ਦੀ 14 ਨੰਬਰ ਕਵਿਤਾ ਵਿਚ ਬੜੇ ਕਲਾਤਮਕ ਅੰਦਾਜ਼ ਵਿਚ ਸਵਾਲ ਉਠਾਇਆ ਗਿਆ ਹੈ। ਉਸਦੀ ਉਦਾਹਰਣ ਪੇਸ਼ ਹੈ:-

”ਰੋਜ਼ ਦਿਨ ਦਾ ਬੂਹਾ
ਹੁੰਗਾਰੇ ਦੀ ਉਡੀਕ ਵੱਲ ਖੁੱਲ੍ਹਦਾ
ਤੇਰੇ ਪਰਤ ਆਊਣ ਦੀ ਕਨਸੋਅ
ਪੱਛੋਂ ‘ਦੇ ਬੁੱਲਿਆਂ ਕੋਲੋਂ ਪੁੱਛਦੀ”
( ਉਸਨੇ ਕਿਹਾ, ਪੰਨਾ, 30 )

ਅਤੇ ਕਵਿਤਾ ਦੇ ਅਖੀਰ ਵਿਚ ਕਾਵਿ-ਸਤਰਾਂ ਦੇਖੋ:-

”ਉਸਨੇ ਕਿਹਾ
ਖ਼ਾਮੋਸ਼… ਖ਼ਾਮੋਸ਼ੀ… ਨਿਰੀ ਖ਼ਾਮੋਸ਼ੀ…”
( ਉਹੀ, ਪੰਨਾ, 31 )

ਕਈ ਕਵਿਤਾਵਾਂ ਵਿਚ ਕਵੀ ਵਲੋਂ ਕੁਝ ਸਵਾਲ ਉਠਾਏ ਗਏ ਹਨ ਲੇਕਿਨ ਉਸਨੇ ਕਿਹਾ ਦੀ ਜੁਗਤ ਦੀ ਵਰਤੋਂ ਰਾਹੀਂ। ਮਿਸਾਲ ਵਜੋਂ:-

”ਇਹ ਕੈਸੀ ਗੁਫ਼ਤਗੂ ਹੈ” ( ਪੰਨਾ 15 )

”ਅਵੱਗਿਆ ਹੈ ਵਰ ਹੈ
ਜਾਂ ਕੋਈ ਸਰਾਪ” ( ਪੰਨਾ22 )

”ਦਸਤਕ ਕਦੋਂ ਹੋਵੇਗੀ ਫੇਰ” ( ਪੰਨਾ,23 )

”ਯਾਦ ਹੈ ਨਾ ਉਹ ਪਲ-ਛਿਣ” ( ਪੰਨਾ, 31 )

”ਕਦੋਂ ਤੱਕ
ਲੋਕਾਂ ਦੇ ਪੈਰਾਂ ਹੇਠ
ਪਗਡੰਡੀ ਬਣਿਆ ਰਹੇਂਗਾ” ( ਪੰਨਾ, 37 )

”ਜ਼ਿੰਦਗੀ ਕੀ ਹੈ” ( ਪੰਨਾ, 39 )

”ਇਹ ਸ਼ਖ਼ਸ ਕੌਣ ਹੈ” ( ਪੰਨਾ, 40 )

ਜਿਸ ਕਾਵਿਕ ਅੰਦਾਜ਼ ਵਿਚ ਇਸ ਕਵਿਤਾ ਵਿਚ ਸਵਾਲ ਸਿਰਜੇ ਗਏ ਹਨ ਉਸੇ ਹੀ ਕਾਵਿਕ ਅੰਦਾਜ਼ ਨਾਲ ਜਵਾਬ ਵੀ ਪੇਸ਼ ਕੀਤੇ ਗਏ ਹਨ। ਜਿਵੇਂ, ‘ਖਿੰਡਰੀ ਹੋਂਦ ਰਸਤੇ ਤਲਾਸ਼ਦੀ’, ‘ਸੋਚਣ ਦੇ ਵਿਹੜੇ ਪਸਰੀ ਧੁੰਦ ਦੀਵੇ ਬਾਲ ਜਾਂਦੀ ਹੈ’,( ਪੰਨਾ,20) ‘ਕਮਰਾ ਮੁਹੱਬਤ’ਚ ਬੌਰਾ ਹੋ ਕੇ ਨੱਚ ਉਠਿਆ’ (ਪੰਨਾ, 23 ), ‘ਦਿਨ ਦਾ ਬੂਹਾ ਹੁੰਗਾਰੇ ਦੀ ਉਡੀਕ ‘ਚ ਖੁੱਲ੍ਹਦਾ ਹੈ’ ( ਪੰਨਾ, 30 ), ‘ਸੂਰਜ ਆਵੇਗਾ ( ਪੰਨਾ, 34 ), ‘ਲੜਨ ਦਾ ਫ਼ੈਸਲਾ ਕਰਨਾ ਪਵੇਗਾ’ ( ਪੰਨਾ, 36 ), ‘ਬੇਪਰਵਾਹ ਦਰਿਆ ਆਪਣੇ ਰਾਹ ਆਪ ਬਣਾਉਂਦੇ ਨੇ’ ( ਪੰਨਾ, 37 )।ਇਸ ਤੋਂ ਪਤਾ ਇਹ ਲਗਦਾ ਹੈ ਕਿ ਇਹ ਕਵਿਤਾ ਐਸੀ ਕਾਵਿ-ਮੈਂ ਦੀ ਸਿਰਜਣਾ ਕਰ ਜਾਂਦੀ ਹੈ ਜੋ ਆਪਣੀ ਜੰਗ ਆਪ ਲੜਦੀ ਹੈ, ਆਪੇ ਹੀ ਸਵਾਲ ਕਰਦੀ ਹੈ ਅਤੇ ਆਪੇ ਹੀ ਉਸਦੇ ਜਵਾਬ ਲਭਦੀ ਹੈ। ਇਹੀ ਆਤਮ ਸੰਵਾਦ ਹੈ ਜੋ ਇਸ ਕਵਿਤਾ ਦੀ ਜੁਗਤ ਤੋਂ ਵੀ ਵਧੇਰੇ ਕਵਿਤਾ ਦੀ ਸੰਰਚਨਾ ਬਣ ਕਵਿਤਾ ਦੇ ਆਰ ਪਾਰ ਫੈਲਿਆ ਹੋਇਆ ਹੈ।

ਆਪਣੀਆਂ ਪਹਿਲੀਆਂ ਕਵਿਤਾਵਾਂ ਦੀਆਂ ਪੁਸਤਕਾਂ ਵਿਚ ਭੂਪਿੰਦਰ ਨੇ ਗ਼ਜ਼ਲ ਵਾਲੇ ਰੂਪ ਨੂੰ ਵਧੇਰੇ ਅਪਣਾਇਆ ਹੈ ਅਤੇ ਕਵਿਤਾ ਦਾ ਥੀਮ ਵੀ ਪ੍ਰਗਤੀਵਾਦੀ ਰੰਗ ਵਾਲਾ ਹੈ। ਉਹ ਕਵਿਤਾਵਾਂ ਸਮਾਜ ਦੇ ਬਾਹਰੀ ਰੂਪ ਨਾਲ ਵਧੇਰੇ ਸੰਬੰਧਿਤ ਹਨ। ਇਸ ਪੁਸਤਕ ਵਿਚ ਭੂਪਿੰਦਰ ਨੇ ਮਨੁੱਖ ਦੇ ਅੰਦਰਲੇ ਸੰਸਾਰ ਨਾਲ ਸੰਬੰਧਿਤ ਭਾਵਾਂ ਅਤੇ ਜਜ਼ਬਿਆਂ ਨੂੰ ਵੀ ਥਾਂ ਦਿੱਤੀ ਹੈ। ਇਸ ਤਰ੍ਹਾਂ ਕਰਨ ਨਾਲ ਮਨੁੱਖ ਦੇ ਅੰਤਰ ਮਨ ਦਾ ਵੀ ਸਮਾਜ ਨਾਲ ਰਿਸ਼ਤਾ ਜੁੜ ਜਾਂਦਾ ਹੈ। ਇਸ ਨਾਲ ਕਵਿਤਾ ਵਿਚ ਗਹਿਰਾਈ ਵੀ ਆਉਂਦੀ ਹੈ ਅਤੇ ਉਸ ਦੀ ਪ੍ਰਮਾਣਿਕਤਾ ਵੀ ਵੱਧ ਜਾਂਦੀ ਹੈ।

ਕਵਿਤਾ ਦੀ ਕਾਵਿ-ਭਾਸ਼ਾ ਤੇ ਨਜ਼ਰ ਮਾਰਿਆਂ ਪਤਾ ਲਗਦਾ ਹੈ ਕਿ ਇਸ ਪੁਸਤਕ ਵਿਚ ਆ ਕੇ ਭੁਪਿੰਦਰ ਸੱਗੂ ਦੀ ਕਾਵਿ-ਭਾਸ਼ਾ ਵਿਚ ਵੀ ਵਿਸਤਾਰ ਆਇਆ ਹੈ। ਉਸ ਦਾ ਕਾਰਨ ਇਹ ਹੈ ਕਿ ਇਸ ਕਵਿਤਾ ਵਿਚ ਬਹੁਤ ਸਾਰੇ ਸ਼ਬਦ ਮਨੁੱਖੀ ਭਾਵਨਾਵਾਂ ਨਾਲ ਜੁੜ ਕੇ ਪੇਸ਼ ਹੋਏ ਹਨ। ਮਿਸਾਲ ਵਜੋਂ, ‘ਸਿਮਟੇ ਪਲ’, ਖਿੱਲਰੀ ਹੋਂਦ’, ‘ਰਚਣ ਪੀੜਾ ਦੀ ਕੈਨਵਸ’, ‘ਨੀਮ ਪਿਆਜ਼ੀ ਮੁਸਕਾਨ’, ‘ਸੋਚਣ ਦੇ ਵਿਹੜੇ’, ‘ਹੁੰਗਾਰੇ ਦੀ ਉਡੀਕ’, ‘ਸ਼ਾਂਤਮਈ ਝੀਲ’, ‘ਚੇਤਨਾ ਦੇ ਫੁੱਲ’, ‘ਅੰਤਰ ਮੁਖੀ ਝਨਾ’, ‘ਕੁਦਰਤ ਦੀ ਕਿਤਾਬ’, ‘ਮੁਹੱਬਤ ਦੀ ਉਮੰਗ’ ਆਦਿ।ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ‘ਉਸ ਨੇ ਕਿਹਾ’ ਨਵੀਆਂ ਸੰਭਾਵਨਾਵਾਂ ਜਗਾਉਣ ਵਾਲੀ, ਨਵੀਂ ਕਾਵਿ-ਸੰਰਚਨਾ ਸਿਰਜਣ ਵਾਲੀ ਕਾਵਿ-ਪੁਸਤਕ ਦਾ ਸਵਾਗਤ ਹੈ ਅਤੇ ਉਮੀਦ ਹੈ ਕਿ ਪਾਠਕਾਂ ਅਤੇ ਆਲੋਚਕਾਂ ਵੱਲੋਂ ਇਸ ਨੂੰ ਹਾਂ-ਮੁਖੀ ਹੁੰਗਾਰਾ ਮਿਲੇਗਾ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 1 ਦਸੰਬਰ 2010)
(ਦੂਜੀ ਵਾਰ 28 ਜਨਵਰੀ 2022)

***
659
***

ਡਾ:ਦਵਿੰਦਰ ਕੌਰ ਯੂ.ਕੇ.
within_light@yahoo.co.uk | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ