28 March 2024

ਨਾਵਲ ਕੰਡਿਆਲੇ ਸਾਕ – ਟੁੱਟਦੇ ਰਿਸ਼ਤਿਆਂ ਦੀਆਂ ਤੰਦਾਂ ਦੀ ਉਲਝੀ ਤਾਣੀ

ਨਾਵਲ ਕੰਡਿਆਲੇ ਸਾਕ

ਟੁੱਟਦੇ ਰਿਸ਼ਤਿਆਂ ਦੀਆਂ ਤੰਦਾਂ ਦੀ ਉਲਝੀ ਤਾਣੀ

ਕੰਵਰ ਬਰਾੜ

ਜਸਵਿੰਦਰ ਰੱਤੀਆਂ ਦੀਆਂ ਨਿੱਕੀਆਂ ਨਿੱਕੀਆਂ ਟਿੱਪਣੀਆਂ ਤੇ ਲਿਖਤਾਂ ਮੈਂ ਫੇਸਬੁੱਕ ਤੇ ਅਕਸਰ ਹੀ ਪੜ੍ਹਦਾ ਰਹਿੰਦਾ ਹਾਂ, ਇਨ੍ਹਾਂ ਲਿਖਤਾਂ ਦੇ ਵਾਕਾਂ ਵਿਚਲੇ ਸ਼ਬਦਾਂ ਦੇ ਆਰ ਪਾਰ ਤੱਕਿਆਂ ਸਾਫ਼ ਦਿਸਦਾ ਕੇ ਜਸਵਿੰਦਰ ਰੱਤੀਆਂ ਜਿੱਥੇ ਜੜ੍ਹ ਨਾਲ ਜੁੜਿਆ, ਪਿੰਡ ਤੇ ਪੰਜਾਬ ਦੀਆਂ ਬਾਤਾਂ ਪਾਉਣ ਵਾਲਾ ਲੇਖਕ ਹੈ, ਉੱਥੇ ਹੀ ਦਿਸਹੱਦਿਆਂ ਪਾਰ ਦੇ ਵਰਤਾਰਿਆਂ ਦੇ ਸੰਦਰਭ ਨੂੰ ਵਾਕਾਂ ਵਿੱਚ ਘੜਨ ਵਾਲਾ ਤਿੱਖੀ ਕਲਮ ਦਾ ਮਾਹਰ ਖਿਲਾੜੀ ਹੈ।

ਮੈਨੂੰ ਉਦੋਂ ਬਹੁਤ ਚੰਗਾ ਲੱਗਿਆ ਜਦੋਂ ਜਸਵਿੰਦਰ ਰੱਤੀਆਂ ਨੇ ਰੂਪ ਢਿੱਲੋਂ ਦੇ ਪੰਜਾਬੀ ਵਿਚ ਆਮ ਪਿਰਤ ਤੋਂ ਹਟ ਕੇ ਲਿਖੇ ਵੱਖਰੀ ਕਿਸਮ ਦੇ ਨਾਵਲ “ਸਿੰਧਬਾਦ” ਨੂੰ ਗਹੁ ਨਾਲ ਪੜ੍ਹ ਕੇ ਆਪਣੇ ਵਿਚਾਰ ਪ੍ਰਗਟਾਏ, ਮੈਂ ਉਦੋਂ ਤੋਂ ਸੋਚਿਆ ਸੀ ਕਿ ਇਸ ਲੇਖਕ ਦੀ ਕੋਈ ਨਾ ਕੋਈ ਕਿਤਾਬ ਜ਼ਰੂਰ ਪੜ੍ਹਨੀ ਹੈ।

ਅਸੀਂ ਆਮ ਹੀ ਸੁਣਦੇ ਹਾਂ ਕਿ ਇਕ ਕਾਬਲ ਲੇਖਕ ਹੋਣ ਲਈ ਇਕ ਸੁਘੜ ਪਾਠਕ ਹੋਣਾ ਜ਼ਰੂਰੀ ਹੈ, ਪਰ ਬਦਕਿਸਮਤੀ ਇਹ ਕੇ ਕਿੰਨੇ ਕੁ ਪੰਜਾਬੀ ਦੇ ਲੇਖਕ ਨੇ ਜੋ ਰੱਤੀਆਂ ਵਾਂਗ ਲਿਖਣ ਦੇ ਨਾਲ ਨਾਲ ਦੂਜਿਆਂ ਦੀਆਂ ਲਿਖਤਾਂ ਨੂੰ ਪੜ੍ਹਨ ਤੇ ਉਨ੍ਹਾਂ ਬਾਰੇ ਚਿੰਤਨ ਕਰਨ ਦੇ ਸ਼ੌਕੀਨ ਹੋਣ? ਚਲੋ ਖ਼ੈਰ … ।

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਰੱਤੀਆਂ ਦੇ ਲਿਖੇ ਨਾਵਲ “ਕੰਡਿਆਲੇ ਸਾਕ” ਬਾਰੇ ਪੰਜਾਬੀ ਦੇ ਗੜ੍ਹ ਸਾਊਥਾਲ ਵਿੱਚ ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਦੁਆਰਾ ਆਯੋਜਿਤ ਵਿਚਾਰ ਚਰਚਾ ਸੰਬੰਧੀ ਜਦੋਂ ਇਕ ਪੋਸਟਰ ਦੇਖਿਆ ਤਾਂ ਮੈਂ ਰੱਤੀਆਂ ਨਾਲ ਸੋਸ਼ਲ ਮੀਡੀਏ ਦੇ ਮਾਧਿਅਮ ਰਾਹੀਂ ਨਾਵਲ ਪੜ੍ਹਨ ਦੀ ਖ਼ਾਹਿਸ਼ ਜ਼ਾਹਰ ਕੀਤੀ। ਪਹਿਲਾਂ ਕੋਈ ਜਾਣ ਪਹਿਚਾਣ ਨਾ ਹੋਣ ਦੇ ਬਾਵਜੂਦ ਵੀ ਜਸਵਿੰਦਰ ਰੱਤੀਆਂ ਨੇ ਚਾਉ ਨਾਲ ਮੈਨੂੰ ਨਾਵਲ ਦੀ ਇਕ ਕਾਪੀ ਭੇਜੀ।

ਇਹ ਕਦੇ ਕਦੇ ਹੀ ਹੁੰਦਾ ਕਿ ਤੁਸੀਂ ਪੰਜਾਬੀ ਦੀ ਕੋਈ ਅਜਿਹੀ ਦਿਲਚਸਪ ਕਿਤਾਬ ਚੁੱਕ ਬੈਠਦੇ ਹੋ ਕਿ ਫਿਰ ਉਹ ਕਿਤਾਬ ਰੱਖਣ ਨੂੰ ਦਿਲ ਨਹੀਂ ਕਰਦਾ। ਅਜਿਹਾ ਹੀ ਕੁਝ ਅਨੁਭਵ ਰਿਹਾ ਜਸਵਿੰਦਰ ਰੱਤੀਆਂ ਦਾ ਨਾਵਲ “ਕੰਡਿਆਲੇ ਸਾਕ” ਪੜ੍ਹਦਿਆਂ।

ਬੜੇ ਉਤਰਾ-ਚੜ੍ਹਾ ਤੇ ਮੋੜ-ਘੋੜ ਨੇ ਨਾਵਲ ਦੇ ਪ੍ਰਸੰਗ ਵਿਚ, ਪਹਿਲੇ ਪੰਦਰਾਂ ਕੁ ਸਫ਼ਿਆਂ ਤੇ ਨਾਇਕ ਲੱਗਣ ਵਾਲਾ ਪਾਤਰ ਆਖ਼ਰੀ ਪੰਦਰਾਂ ਕੁ ਸਫ਼ਿਆਂ ਤੇ ਪਹੁੰਚਦਿਆਂ ਐਸਾ ਖਲਨਾਇਕ ਬਣ ਉੱਭਰਦਾ ਕੇ ਪਾਠਕਾਂ ਦੇ ਦਿਲਾਂ ਤੋਂ ਲਹਿ ਜਾਂਦਾ।

ਦੋ ਕੁ ਸੌ ਸਫ਼ਿਆਂ ਦੀ ਗਾਥਾ ਵਿਚ ਸੱਤਰ ਤੋਂ ਵਧ ਪਾਤਰਾਂ ਦੇ ਟੁੱਟਦੇ ਭੱਜਦੇ ਰਿਸ਼ਤਿਆਂ ਦੀ ਟੁੱਟ-ਭੱਜ ਚੋਂ ਰਿਸਦੇ ਜਜ਼ਬਾਤਾਂ ਤੇ ਵਲਵਲਿਆਂ ਨੂੰ ਲੇਖਕ ਨੇ ਇਕ ਵਿਲੱਖਣ ਢੰਗ ਨਾਲ ਨਾਵਲ ਦੇ ਅਖੀਰ ਤੇ ਇਕ ਥਾਂ – ਸਹੀ ਜਾਂ ਗ਼ਲਤ ਅਤੇ ਗਵਾਏ ਜਾਂ ਪਾਏ – ਦੀ ਤੱਕੜੀ ਵਿੱਚ ਲਿਆ ਤੋਲ ਦਿੱਤਾ।

ਮੈਨੂੰ ਪਹਿਲੇ ਕੁਝ ਸਫ਼ੇ ਪੜ੍ਹਦਿਆਂ ਰੱਤੀਆਂ ਹੋਰਾਂ ਦਾ, ਨਾਵਲ ਦੇ ਪਾਤਰਾਂ ਨੂੰ ਪੇਸ਼ ਕਰਨ ਦਾ ਢੰਗ ਬੜਾ ਓਪਰਾ ਜਿਹਾ ਲੱਗਿਆ, ਨਾਵਲ ਵਿੱਚ ਰੱਤੀਆਂ ਪਾਤਰ ਦੇ ਨਾਂ ਦਾ ਜ਼ਿਕਰ ਪਹਿਲਾਂ ਕਰਦਾ ਤੇ ਉਸ ਦੇ ਨਾਲ ਜਾਣ ਪਹਿਚਾਣ ਬਾਅਦ ਵਿਚ ਕਰਵਾਉਂਦਾ। ਪਰ ਥੋੜ੍ਹੀ ਦੇਰ ਬਾਅਦ ਮੈਨੂੰ ਇਹ ਢੰਗ ਚੰਗਾ-ਚੰਗਾ ਤੇ ਰੋਚਕ ਲੱਗਣ ਲੱਗਾ ਕਿਉਂਕਿ ਇਕ ਪਾਠਕ ਹੋਣ ਦੇ ਨਾਤੇ ਮੈਂ ਵੀ ਆਪਣੀ ਸੋਚ ਦੇ ਘੋੜੇ ਭਜਾ ਵਿਚਾਰ ਰਿਹਾ ਸੀ ਕੇ ਇਹ ਨਵਾਂ ਪਾਤਰ ਕਹਾਣੀ ਨਾਲ ਕਿਵੇਂ ਜੁੜਦਾ ਤੇ ਕਹਾਣੀ ਨੂੰ ਅੱਗੇ ਕਿਵੇਂ ਤੋਰਦਾ।

ਹਾਂ ਸੱਚ, ਸੋਚ ਸ਼ਕਤੀ ਤੋਂ ਯਾਦ ਆਇਆ ਕੇ ਇਹ ਨਾਵਲ ਆਪਣੇ ਵਿਸਥਾਰ ਤੇ ਵਿਸ਼ਾਲਤਾ ਕਾਰਨ ਪਾਠਕ ਨੂੰ ਪੱਬਾਂ ਭਾਰ ਰੱਖਦਾ ਤੇ ਚਾਹ ਦਾ ਕਰੜਾ ਜਿਹਾ, ਵੱਧ ਪੱਤੀ ਵਾਲਾ ਕੰਗਣੀ ਤੱਕ ਭਰਿਆ, ਕੱਪ ਬਣਾ ਕੇ ਪੜ੍ਹਨ ਵਾਲਾ, ਜਿਵੇਂ ਹੀ ਪਾਠਕ ਅਵੇਸਲਾ ਹੁੰਦਾ ਕਿ ਹੁਣ ਤਾਂ ਕਹਾਣੀ ਪਕੜ ਵਿਚ ਆ ਗਈ, ਉਦੋਂ ਹੀ ਲੇਖਕ ਕੋਈ ਹੋਰ ਪਾਤਰ ਜਾਂ ਕਹਾਣੀ ਦੀ ਨਵੀਂ ਧਿਰ ਖੜੀ ਕਰ ਦਿੰਦਾ।

ਨਾਵਲ ਪੜ੍ਹਨ ਉਪਰੰਤ ਇਕ ਦੋ ਦਿਨ ਤੱਕ ਇਕੱਲੇ ਇਕੱਲੇ ਪਾਤਰ ਦੀ ਕਹਾਣੀ ਖ਼ਤਮ ਹੋਣ ਦੇ ਬਾਵਜੂਦ ਵੀ ਮੇਰੀ ਸੋਚ ਦੇ ਵਹਿਣਾਂ ਵਿਚ ਵਹਿ ਰਹੀ ਸੀ।

ਨਾਵਲ ਦੇ ਪ੍ਰਸੰਗ ਦੇ ਦੋ ਸਿਰੇ ਨੇ – ਇਕ ‘ਵਿਅਕਤੀਗਤ ਤੰਦ’ ਤੇ ਦੂਜੀ ‘ਸਮਾਜਿਕ ਤਾਣੀ’।

ਕਹਾਣੀ ਦੀ ਮੁੱਖ ਤੰਦ ਵਿਅਕਤੀਗਤ ਪ੍ਰਤੀਬਿੰਬਾਂ ਦੁਆਲੇ ਉਲਝ ਰਿਸ਼ਤਿਆਂ ਦੀ ਧੁੰਦ ਚੋਂ ਆਪਣਾ ਰਾਹ ਤਰਾਸ਼ਦੀ ਹੈ। ਜਿਸ ਦੇ ਚਲਦਿਆਂ ਤਕੜੇ ਦੀ ਮਾੜੇ ਨੂੰ ਦਬਾਉਣ ਦੀ ਦੋੜ ਵਿਚ, ਆਪਣੇ ਹੀ ਆਪਣਿਆਂ ਤੋਂ ਬਿਗਾਨੇ ਹੋ ਹਮਦਰਦੀ ਦੀ ਥਾਂ ਖ਼ੁਦਗ਼ਰਜ਼ੀ ਦਾ ਸਫ਼ਰ ਤੈਅ ਕਰ ਇਨਸਾਨੀਅਤ ਦਾ ਦਿਨ ਦਿਹਾੜੇ ਕਤਲ ਕਰ ਬਹਿੰਦੇ ਨੇ।

ਇਸ “ਮੈਂ” ਦੁਆਲੇ ਘੁੰਮਦੀ ਕਹਾਣੀ ਦੇ ਅੰਤ ਤੱਕ ਪੁੱਜਦਿਆਂ ਖ਼ੁਸ਼ੀ ਤੇ ਉਮੰਗ ਦੀ ਖ਼ੁਦਕੁਸ਼ੀ ਕਰ ਹਰ ਰੂਹ ‘ਆਪੇ’ ਤੋਂ ਜਿੱਤ ਕੇ ‘ਅਪਣੱਤ’ ਤੋਂ ਹਾਰ ਜਾਂਦੀ ਹੈ।

ਕਹਾਣੀ ਦੀ ਤਾਣੀ, ਪੰਜਾਬੀ ਸਮਾਜਿਕ ਕਦਰਾਂ ਕੀਮਤਾਂ ਦਾ ਢਿੱਡ ਨੰਗਾ ਕਰਦੀ ਸਾਡੇ ਸਭਿਅਕ ਅਸੱਭਿਅਕ ਵਿਹਾਰਾਂ ਵਿੱਚ ਫੈਲੀ ਬਦਫ਼ੇਲ੍ਹੀ ਦੇ ਫੋੜੇ ਨੂੰ ਨਸ਼ਰ ਕਰਦੀ ਹੈ, ਜਿਸ ਨੂੰ ਅਸੀਂ ਚਿਰਾਂ ਤੋਂ ਪੱਟੀਆਂ ਨਾਲ ਢੱਕ ਢੱਕ ਇਨ੍ਹਾਂ ਪਕਾ ਦਿੱਤਾ ਕਿ ਲੋਭ ਤੇ ਹਵਸ ਦੀ ਪਾਕ ਨਾਲ ਰਿਸਦਾ ਕਿਰਦਾਰਾਂ ਦਾ ਇਹ ਫੋੜਾ ਲਾ-ਇਲਾਜ ਹੁੰਦਾ ਜਾਂਦਾ।

ਸਮੇਂ ਦੀ ਲੋੜ ਹੈ ਕਿ ਅਸੀਂ ਲੋਕ ਪੱਧਰ ਤੇ ਦੁਰਾਚਾਰ ਵਿਰੁੱਧ ਜਾਗਰੂਕ ਹੋਈਏ ਇਸ ਬਿਮਾਰੀ ਦੇ ਉਪਚਾਰ ਦਾ ਉਪਾਅ ਕਰੀਏ।

ਰੱਤੀਆਂ ਨੇ ਇੱਕ ਜ਼ਿੰਮੇਵਾਰ ਲੇਖਕ ਵਜੋਂ ਸਮਾਜਿਕ ਦੁਰਾਚਾਰ ਨੂੰ ਪਾਠਕਾਂ ਸਾਹਮਣੇ ਆਪਣੀ ਲਿਖਤ ਨੂੰ ਕਿਸੇ ਅਸ਼ਲੀਲਤਾ ਦੀ ਰੇਖਾ ਟਪਾਏ ਬਿਨਾਂ, ਇਸ ਤਰ੍ਹਾਂ ਪੇਸ਼ ਕੀਤਾ ਕਿ ਕਿਸੇ ਵੀ ਤਰ੍ਹਾਂ ਦਾ ਪਾਠਕ ਲਿਖਤ ਨਾਲ ਸਾਂਝ ਦੀਆਂ ਤੰਦਾਂ ਬੁਣਨ ਤੋਂ ਮੁਨਕਰ ਨਹੀਂ ਹੋ ਸਕਦਾ।

ਨਾਵਲ ਦੀ ਕਹਾਣੀ ਇਕ ਵਿਧਵਾ ਹੋਏ ਬੰਦੇ (ਸਰਬਣ) ਦੇ ਘਰ ਤੋਰੀ ਉਸ ਦੀ ਮਰ ਚੁੱਕੀ ਘਰਵਾਲੀ (ਅਮਰੋ) ਦੀ ਭੈਣ (ਬਲ਼ਵੀਰੋ), ਤੇ ਸਰਬਣ ਦੇ ਭਰਾ (ਅਰਜਨ) ਦੀ ਆਪਣੀ ਭਾਬੀ ਬਲਵੀਰੋ ਨਾਲ ਰਿਸ਼ਤਿਆਂ ਦੀਆਂ ਹੱਦਾਂ ਪਾਰ ਕਰ ਬੇਪਰਵਾਹ ਤੋਂ ਲਾਪਰਵਾਹ ਹੋ ਇੱਜ਼ਤ ਕੱਚੀਆਂ ਕੰਧਾਂ ਤੋਂ ਉਪਰ ਉਛਾਲਨ ਨਾਲ ਸ਼ੁਰੂ ਹੁੰਦੀ ਹੈ।
ਫੇਰ ਇਹ ਕਹਾਣੀ ਸਰੀਰੋਂ ਜਿਉਂਦੇ ਪਰ ਰੂਹ ਤੋਂ ਮਰੇ ਮਾਪਿਆ ਦੇ ਅੱਠ ਕੁ ਯਤੀਮ ਜੁਆਕਾਂ ਦੀ ਜ਼ਿੰਦਗੀ ਨੂੰ ਘੜੀਸਦੀ ਪਿੰਡ ਦੀ ਫਿਰਨੀ ਵਾਲੀ ਬੈਠਕ ਤੋਂ ਇੰਗਲੈਂਡ ਦੀਆਂ ਪੱਕੀਆਂ ਇਮਾਰਤਾਂ ਤੱਕ ਦਾ ਸਫ਼ਰ ਹੈ, ਜਿਸ ਵਿੱਚ ਰਾਹੇ ਵਗਾਹੇ ਕਈ ਚੰਗੇ ਮਾੜੇ ਪਾਤਰ ਆ ਮਿਲਦੇ ਨੇ।

ਅਰਜਨ ਅਸਲ ਵਿੱਚ ਆਪਣੀ ਭਾਬੀ ਦੀ ਭੈਣ ਬਲਵੀਰੋ ਨੂੰ ਉਸ ਦੇ ਵਿਆਹ ਤੋਂ ਪਹਿਲਾਂ ਚਾਹੁੰਦਾ ਸੀ, ਪਰ ਜਦੋਂ ਬਲਵੀਰੋ ਉਸ ਦੇ ਨਰਮ ਦਿਲ ਭਰਾ ਦੇ ਘਰ ਆ ਵਸੀ ਤਾਂ ਦੋਹਾਂ ਪ੍ਰੇਮੀਆਂ ਨੂੰ ਰਿਸ਼ਤਿਆਂ ਦੀ ਦੀਵਾਰ ਮਨਜ਼ੂਰ ਨਾ ਚੜ੍ਹੀ। ਉਨ੍ਹਾਂ ਨੂੰ ਨੇੜੇ ਹੁੰਦਿਆਂ ਦੇਖ ਸਰਬਣ ਸਬਰ ਕਰ ਦੂਰ ਹੋਣ ਲੱਗਾ। ਕਰਦੀ ਕਰਾਉਂਦੀ ਬਲਵੀਰੋ ਸੱਤ ਅੱਠ ਜੁਆਕ ਜੰਮ ਬਹਿੰਦੀ ਹੈ, ਜਿੰਨਾ ਵਿੱਚੋਂ ਬਹੁਤਿਆਂ ਨੂੰ ਆਪਣੇ ਬਾਪ ਦੀ ਸ਼ਨਾਖ਼ਤ ਨਹੀਂ।

ਢਲਦੀ ਜਵਾਨੀ ਵੇਲੇ ਅਰਜਨ ਦਾ ਦਿਲ ਬਲਵੀਰੋ ਤੋਂ ਲਹਿ ਨਿੱਕੇ ਬਦਮਾਸ਼ ਦੀ ਭਤੀਜੀ ਬੰਤੋ ਤੇ ਆ ਜਾਂਦਾ।ਜਿਸ ਨੂੰ ਆਪਣੇ ਨਾਲ ਵਸਾਉਣ ਖ਼ਾਤਰ ਉਹ ਉਸ ਦੇ ਪਤੀ ਦਾ ਕਤਲ ਕਰਨ ਤੇ ਉੱਤਰ ਆਉਂਦਾ, ਪਰ ਬਲਵੀਰੋ ਸੌਂਕਣ ਨੂੰ ਪੈਰ ਲਾਉਂਦਿਆਂ ਦੇਖ ਬੰਤੋ ਦੇ ਪੈਰ ਬਾਬੇ ਦੀ ਪੁੜੀ ਨਾਲ ਧਰਤੀ ਤੋਂ ਚੱਕ ਦਿੰਦੀ ਹੈ।

ਅਰਜਨ ਅੰਦਰਲਾ ਅਪਰਾਧੀ ਆਪਣੀ ਸ਼ੈਤਾਨੀ ਹੈਂਕੜ ਨੂੰ ਤਾਅ ਦੇਣ ਲਈ ਘਰ ਵਿੱਚ ਗੋਹਾ ਕੂੜਾ ਕਰਨ ਵਾਲੀ ਧਰਮੋ ਨਾਲ ਮਾੜਾ ਹੁੰਦਾ, ਇਸ ਕੱਚੇ ਸਾਕ ਵਿੱਚੋਂ ਜੰਮਦੀ ਹੈ – ਪਾਸ਼ੋ।

ਅਰਜਨ ਨਾਵਲ ਦੀ ਸਾਰੀ ਕਹਾਣੀ ਵਿੱਚ ਪਾਸ਼ੋ ਨੂੰ ਇਸ ਲਈ ਧੀ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਉਹ ਛੋਟੀ ਜਾਤ ਵਾਲੀ ਮਾਂ ਦੀ ਕੁੱਖੋਂ ਪੈਦਾ ਹੋਈ। ਪਹਿਲੀਆਂ ਵਿੱਚ ਅਰਜਨ ਨਾਲ ਮਾੜੇ ਕੰਮਾਂ ਦਾ ਹਿੱਸੇਦਾਰ (ਸੀਤਾ) ਮੇਲੋ ਨਾਲ ਵਿਆਹ ਕਰਵਾ ਇੱਕ ਚੰਗਾ ਜੀਵਨ ਜਿਉਣ ਲੱਗਦਾ ਤੇ ਇੱਕ ਮੱਧਵਰਗੀ ਕਬੀਲਦਾਰੀ ਚੋਂ ਪੁੱਤ (ਬੋਹੜੀ) ਨੂੰ ਵਕੀਲ ਬਣਾ ਲੈਂਦਾ, ਜੋ ਆਪਣੀ ਪਤਨੀ (ਅਮਨਦੀਪ) ਨਾਲ ਮਿਲ ਫਿਰ ਪਾਸ਼ੋ ਨੂੰ ਪੜਾਉਂਦੇ ਲਿਖਾਉਂਦੇ ਤੇ ਕਾਮਰੇਡ ਅਤੇ ਕਾਮੇ ਮੁੰਡੇ (ਕਸ਼ਮੀਰ) ਨਾਲ ਵਿਆਹੁੰਦੇ ਹਨ।

ਦੂਜੇ ਪਾਸੇ ਅਰਜਨ ਤੇ ਬਲਵੀਰੋ ਦੇ ਟੱਬਰ ਵਿੱਚ ਜੁਆਕ ਜਿਉਂ ਜਿਉਂ ਵੱਡੇ ਹੁੰਦੇ ਹਨ ਓਵੇਂ ਓਵੇਂ ਉਹ ਵੱਡਿਆਂ ਦੁਆਰਾ ਛੱਡੇ ਪਰਛਾਵਿਆਂ ਦੀ ਪੈੜ ਵਿੱਚ ਪੈੜ ਧਰਦੇ ਹਨ। ਵੱਡੇ ਹੋ ਇਹ ਜੁਆਕ ਇੰਗਲੈਂਡ ਵੱਲ ਪ੍ਰਵਾਸ ਕਰ ਲੈਂਦੇ ਹਨ ਤੇ ਇਸ ਘਟਨਾਕ੍ਰਮ ਵਿੱਚ ਪੰਜਾਬੀਆਂ ਦੇ ਆਪਣੀ ਧਰਤੀ ਨੂੰ ਕਿਸੇ ਵੀ ਕੀਮਤ ਤੇ ਤਿਆਗ ਵਿਕਾਸ ਨੇ ਨਾਂ ਹੇਠ ਸਦਰਾਂ ਨੂੰ ਮਾਰ ਪੱਛਮ ਦੇ ਮੈਲ਼ੇ ਪਾਣੀਆਂ ਵਿੱਚ ਲਾਈ ਡੁਬਕੀ ਦਾ ਵਿਖਿਆਨ ਹੈ।

ਕਹਿੰਦੇ ਲੰਡੇ ਨੂੰ ਖੁੰਢਾ ਵੱਲ ਭੰਨ ਕੇ ਮਿਲਦਾ, ਓਵੇਂ ਬਲਵੀਰੋ ਤੇ ਅਰਜਨ ਬਾਬੇ ਮੁੱਲਾਂਪੁਰੀਏ ਨੂੰ ਮਿਲਦੇ ਨੇ, ਜਿਸ ਨੇ ਇੰਗਲੈਂਡ ਵਿੱਚ ਆਪਣਾ ਡਮਰੂ ਵਜਾ ਗੁਰਮੰਤਰ ਵਰਗਿਆਂ ਨੂੰ ਵਰਗਲ਼ਾ ਉਸ ਦੀ ਪੰਜਾਬ ਵਿਚਲੀ ਜ਼ਮੀਨ ਹੜੱਪ ਡੇਰਾ ਖੋਲ੍ਹ ਦਿੱਤਾ, ਜਿਸ ਵਿੱਚ ਅਰਜਨ ਵਰਗਾ ਵੈਲੀ ਚਿੱਟੇ ਕੱਪੜੇ ਪਾ ਬਾਬਾ ਬਣ ਬੈਠਾ।

ਬਲਵੀਰੋ ਦੀ ਵੱਡੀ ਕੁੜੀ ਗਿੰਦੋ ਉਸ ਦੇ ਭਰਾ ਜਗਸੀਰ ਰਾਹੀਂ ਇੰਗਲੈਂਡ ਆ ਵਸੀ, ਪਰ ਆਪਣੇ ਘਰਵਾਲੇ ਗੁਰਮੰਤਰ ਸੰਗ ਆਪਣੇ ਤਿੰਨ ਜੁਆਕਾਂ ਕਿੰਨੀ, ਮਿੰਨੀ ਤੇ ਗਿੰਨੀ ਨੂੰ ਇੰਗਲੈਂਡ ਦੇ ਮਾਹੌਲ ਮੁਤਾਬਕ ਪੈਸੇ ਕਮਾਉਣ ਦੇ ਚੱਕਰ ਵਿੱਚ ਸਹੀ ਤਰ੍ਹਾਂ ਪਾਲ ਪੋਸ਼ ਨਾ ਸਕੀ।

ਜਦੋਂ ਕਿੰਨੀ ਨੇ ਪੰਜਾਬ ਵਿੱਚ ਪਾਸ਼ੋ ਦੇ ਦਿਓਰ ਰਣਵੀਰ ਨਾਲ ਵਿਆਹ ਕਰਵਾਇਆ ਤਾਂ ਅਰਜਨ ਤੇ ਬਲਵੀਰੋ ਨੂੰ ਜਾਤ-ਪਾਤ ਦੇ ਨਸ਼ੇ ਵਿੱਚ ਬੌਂਦਲਿਆਂ ਇਹ ਰਾਸ ਨਾ ਆਇਆ। ਅਰਜਨ ਨੇ ਅੱਤਵਾਦ ਦੇ ਮੋਢੇ ਤੇ ਬੰਦੂਕ ਧਰ ਪਾਸ਼ੋ ਦੇ ਪਰਿਵਾਰ ਦੀ ਬੱਤੀ ਸਦਾ ਲਈ ਬੁਝਾ ਦਿੱਤੀ, ਉਹ ਵੀ ਬਿਨ ਕਿਸੇ ਦਰਦ ਦੇ..।

ਪਾਲੀ ਨੂੰ ਇੰਗਲੈਂਡ ਸਿਰਫ਼ ਇੱਕ ਨਾਂ ਦੇ ਹੀ ਮਰਦ ਜੈਸੀ ਨਾਲ ਵਿਆਹ ਦਿੱਤਾ ਗਿਆ ਜੋ ਸਿਰੇ ਨਾ ਚੜ੍ਹਿਆ। ਸੱਤੀ ਵੀ ਬੁੱਢੀ ਉਮਰ ਦੇ ਕਰਮ ਸਿੰਘ ਨਾਲ ਵਿਆਹ ਦਿੱਤੀ ਗਈ ਕਿਉਂਕਿ ਉਹ ਪੰਜਾਬ ਵਿੱਚ ਕਿਸੇ ਹੋਰ ਜਾਤ ਦੇ ਬਲਜਿੰਦਰ ਨਾਲ ਨਿਭਣਾ ਚਾਹੁੰਦੀ ਸੀ, ਬਲਜਿੰਦਰ ਵੀ ਸਿਦਕ ਦਾ ਪੂਰਾ ਜੋ ਸਭ ਕੁਝ ਦਾਅ ਤੇ ਲਾ ਸੱਤੀ ਪਿੱਛੇ ਪੁੱਠੇ ਸਿੱਧੇ ਰਾਹਾਂ ਰਾਹੀਂ ਏਜੰਟਾਂ ਦੇ ਹੱਥ ਚੜ੍ਹ ਇੰਗਲੈਂਡ ਪਹੁੰਚਣ ਵਿੱਚ ਕਾਮਯਾਬ ਹੋ ਜਾਂਦਾ।

ਬਲਵੀਰੋ ਦਾ ਪੁੱਤ ਸੱਤਾ ਵੀ ਉਸ ਤੇ ਸਰਬਣ ਸੰਗ ਇੰਗਲੈਂਡ ਦੁਕਾਨ ਚਲਾਉਣ ਦੇ ਨਾਲ ਨਾਲ ਚਰਿੱਤਰ ਵਜੋਂ ਚਾਲੂ ਹੋ ਜਾਂਦਾ ਤੇ ਪਾਸਪੋਰਟ ਦੀ ਆਸ ਵਿੱਚ ਇੱਕ ਵੱਡੀ ਉਮਰ ਦੀ ਗੋਰੀ ਦੀ ਗੋਦ ਵਿੱਚ ਜਾ ਬਹਿੰਦਾ।

ਦੂਜੇ ਕਾਂਡ ਤੱਕ ਪੁੱਜਦਿਆਂ ਲੇਖਕ ਆਪਣੇ ਸਿਰਜੇ ਦੋ ਅਹਿਮ ਪਾਤਰਾਂ ਦੀਆਂ ਕਰਤੂਤਾਂ ਤੋਂ ਥੋੜ੍ਹਾ ਪਾਸਾ ਵਟਦਾ ਕੁਝ ਅਗਾਂਹਵਧੂ ਸੋਚ ਵਾਲੇ ਪਾਤਰਾਂ ਦਾ ਆਗਾਜ਼ ਕਰਦਾ।

ਬਲਵੀਰੋ ਦੀ ਭੈਣ (ਅੰਗਰੇਜ਼) ਦੀ ਧੀ (ਦਿਲਜੀਤ) ਆਪਣੇ ਕਾਲਜ ਦੇ ਵਿੱਚ ਇਕ ਹੋਣਹਾਰ ਮੁੰਡੇ (ਗੁਰਮੀਤ) ਨੂੰ ਮਿਲਦੀ ਹੈ, ਦੋਹਾਂ ਦਾ ਬਾਅਦ ਵਿੱਚ ਵਿਆਹ ਹੋ ਜਾਂਦਾ ਜੋ ਦਿਲਜੀਤ ਦੇ ਬਾਪ ਗਰਦਿੱਤ ਦੀ ਪ੍ਰੇਰਨਾ ਸਦਕਾ ਉੱਚ ਅਧਿਕਾਰੀ ਦਾ ਟੈਸਟ ਪਾਸ ਕਰ ਚੰਡੀਗੜ੍ਹ ਜਾ ਵੱਸਦਾ। ਪਿੱਛੇ ਗੁਰਮੀਤ ਦੇ ਪਰਿਵਾਰ ਦੀ ਵੀ ਆਪਣੀ ਕਹਾਣੀ ਹੈ, ਉਸ ਦਾ ਬਾਪ (ਪ੍ਰੀਤਮ) ਤੇ ਮਾਂ (ਜਸਮੇਲ) ਕੋਰੇ ਅਨਪੜ੍ਹ ਹੋਣ ਬਾਵਜੂਦ ਧੁਰੋਂ ਅਕਲਮੰਦ ਹਨ, ਪਰ ਪ੍ਰੀਤਮ ਦੇ ਭਰਾ (ਜੀਤ) ਦੀ ਚੁੱਕ ਵਿੱਚ ਆ ਕੇ ਗੁਰਮੀਤ ਦਾ ਛੋਟਾ ਭਰਾ ( ਸੁਖਵੀਰ) ਘਰ ਵਿੱਚ ਵੰਡ ਵਿਗਾੜ ਪਾ ਬਹਿੰਦਾ ਪਰ ਜਦੋਂ ਤੱਕ ਉਹ ਆਪਣੀ ਗ਼ਲਤੀ ਨੂੰ ਸਮਝਦਾ ਉਦੋਂ ਤੱਕ ਆਪਣੇ ਚਾਚੇ (ਜੀਤ) ਅਤੇ ਉਸ ਦੇ ਮੁੰਡੇ (ਸੀਬੇ) ਨਾਲ ਵੈਰ ਪਾ ਬਹਿੰਦਾ ਤੇ ਸ਼ਰੀਕੇਬਾਜ਼ੀ ਵਿੱਚ ਅੱਤਵਾਦੀ ਬਣੇ ਸੀਬੇ ਹੱਥੋਂ ਉਸ ਦੀ ਘਰਵਾਲੀ ਚਰਨੋਂ ਦੀ ਜਾਨ ਚਲੀ ਜਾਂਦੀ ਹੈ।

ਗੁਰਮੀਤ ਭਾਰਤੀ ਸਰਕਾਰ ਦਾ ਅਫ਼ਸਰ ਬਣ ਯੂਰਪ ਵਿੱਚ ਅੱਤਵਾਦ ਦੇ ਮਾੜੇ ਸਮੇਂ ਦੌਰਾਨ ਆ ਨੌਕਰੀ ਕਰਦਾ ਤੇ ਦਿਲਜੀਤ ਤੇ ਬੱਚਿਆਂ ਸਮੇਤ ਸੁਖਵੀਰ ਨੂੰ ਪਾਲੀ ਨਾਲ ਵਿਆਹ ਇੰਗਲੈਂਡ ਬੁਲਾ ਲੈਂਦਾ। ਤੇ ਜ਼ਿੰਦਗੀ ਫਿਰ ਤੋਂ ਚੰਗੀ ਤੇ ਸਹਿਜ ਰਫ਼ਤਾਰ ਚੱਲਣ ਲੱਗਦੀ ਹੈ।

ਜਦੋਂ ਅਰਜਨ ਬਹਿਰੂਪੀਆ ਬਾਬਾ ਬਣ ਇੰਗਲੈਂਡ ਆਉਂਦਾ ਤਾਂ ਕਿੰਨੀ ਉਸ ਨੂੰ ਆਪਣੇ ਪਤੀ ਦਾ ਕਾਤਲ ਕਹਿ ਸਿੱਧੀ ਟੱਕਰਦੀ ਹੈ ਤੇ ਇਹ ਨਾਵਲ ਵਿੱਚ ਪਹਿਲੀ ਵਾਰ ਸੀ ਜਦੋਂ ਕੋਈ ਅਰਜਨ ਵਰਗੇ ਵਿੰਗੇ ਬੰਦੇ ਨੂੰ ਸਿੱਧਾ ਕਰਨ ਲਈ ਕੋਈ ਸਿੱਧਾ ਟੱਕਰਿਆ ਹੋਵੇ।

ਗੁਰਮੀਤ ਦੀ ਬਦਲੀ ਵਾਪਸ ਪੰਜਾਬ ਹੋ ਜਾਂਦੀ ਹੈ ਤੇ ਉਹਨੀਂ ਦਿਨੀਂ ਸੀਬਾ ਪੁਲਿਸ ਮੁਕਾਬਲੇ ਵਿਚ ਖ਼ੁਦ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਤੇ ਉਸ ਦੇ ਮਗਰੇ ਹੀ ਤਾਜ਼ੇ ਬਣੇ ਬਾਬੇ ਅਰਜਨ ਦੀ ਵੀ ਧੁਰ ਦੀ ਟਿਕਟ ਕੱਟੀ ਜਾਂਦੀ ਹੈ। ਗੁਰਮੀਤ ਦਾ ਚਾਚਾ ਅੱਤਵਾਦ ਦਾ ਉਜਾੜਿਆ ਫੇਰ ਪਿੰਡ ਆ ਵੱਸਦਾ। ਗੁਰਮੀਤ ਪਿੰਡ ਆਇਆ ਆਪਣੇ ਚਾਚੇ ਨਾਲ ਲੱਖਾਂ ਵੈਰ ਵਿਰੋਧ ਹੋਣ ਦੇ ਬਾਵਜੂਦ ਵੀ ਉਸ ਨੂੰ ਬੁਲਾਇਆ ਬਿਨਾਂ ਲੰਘ ਨਹੀਂ ਸਕਦਾ।

ਅੰਤ ਤੇ ਨਾਵਲ ਦੀ ਕਹਾਣੀ ਇਕ ਚਾਚੇ (ਜੀਤ) ਤੇ ਭਤੀਜੇ (ਗੁਰਮੀਤ) ਦੇ ਸਰੀਰਕ ਤੌਰ ਤੇ ਟੁੱਟ ਚੁੱਕੇ ਪਰ ਭਾਵਨਾਵਾਂ ਦੇ ਅਟੁੱਟ “ਸਾਕ” ਨੂੰ ਗੰਢਦੀ ਪਾਠਕ ਲਈ ਵੱਡੇ ਸਵਾਲ ਛੱਡ ਸਿਮਟ ਜਾਂਦੀ ਹੈ।

ਨਾਵਲ ਦੀ ਬਹੁਤੀ ਬੋਲੀ ਮਾਲਵੇ ਦੀ ਹੋਣ ਕਾਰਨ ਮੈਨੂੰ ਪੜ੍ਹਨਾ ਬੜਾ ਆਸਾਨ ਲੱਗਿਆ। ਤੇ ਲੇਖਕ ਦੁਆਰਾ ਸਿਰਜੇ ਪਾਤਰ ਵੀ ਉਹਨਾਂ ਕਹਾਣੀਆਂ ਨਾਲ ਮੇਲ ਖਾਂਦੇ ਜਿਨ੍ਹਾਂ ਨੂੰ ਕਦੇ ਪਿੰਡਾਂ ਦੀਆਂ ਥੜ੍ਹੀਆਂ ਤੇ ਖੁੰਢਾਂ ਤੇ ਧੂਣੀਆਂ ਸੇਕਦੇ ਸੁਣਿਆ ਕਰਦੇ ਸੀ। ਹਾਂ ਸੱਚ, ਲਿਖਤ ਦੇ ਧੁਰ ਅੰਦਰ ਤੱਕ ਉੱਤਰਨ ਲਈ ਪੱਛਮੀ ਵਿਹਾਰਾਂ ਦੀ ਲੋਈ ਦੀ ਬੁੱਕਲ ਵਿਚ ਜਕੜੇ ਪਾਠਕਾਂ ਨੂੰ ਕੁਝ ਦੇਰ ਲਈ ਇਹ ਲੋਈ ਲਾਹ ਸੁੱਟਣੀ ਪੈਣੀ ਹੈ ਤਾਂ ਜੋ ਲਿਖਤ ਦਾ ਨਿੱਘ ਮਾਣ ਸਕਣ।

ਨਾਵਲ ਦਾ ਬਿਰਤਾਂਤ ਸਿਰਜਣ ਦੌਰਾਨ ਲੇਖਕ ਪੰਜਾਬ ਤੇ ਪੰਜਾਬੀ ਸਮਾਜ ਨਾਲ ਜੁੜੀਆਂ ਕਈ ਅਹਿਮ ਸਮੱਸਿਆਵਾਂ ਨੂੰ ਉਭਾਰਦਾ – ਜਿਸ ਵਿੱਚ ਨਸ਼ਾਖੋਰੀ, ਬਦਫ਼ੇਲ੍ਹੀ, ਜਾਤ-ਪਾਤ, ਖੱਬੇ ਤੇ ਸੱਜੇ ਪੱਖੀ ਵਿਚਾਰਧਾਰਾਵਾਂ ਦੀ ਆਪਸੀ ਦੁਸ਼ਮਣੀ, ਡੇਰਾਵਾਦ, ਪ੍ਰਵਾਸ ਦੀ ਲਾਲਸਾ, ਟੁੱਟਦੇ ਪਰਿਵਾਰ, ਔਰਤ ਦਾ ਸ਼ੋਸ਼ਣ, ਗੁੰਡਾਗਰਦੀ ਆਦਿ ਸ਼ਾਮਲ ਹਨ।

ਲੇਖਕ ਸਫ਼ਾ 125 ਤੇ ਪਾਤਰ ਗੁਰਮੀਤ ਜ਼ਰੀਏ ਜਾਣੇ ਅਨਜਾਣੇ ਸਾਰੇ ਨਾਵਲ ਦਾ ਨਿਚੋੜ ਪੇਸ਼ ਕਰਦਾ “ਜ਼ਿੰਦਗੀ ਦਾ ਸਭ ਤੋਂ ਅਹਿਮ ਭਾਗ ਹੈ ਪਿਆਰ। ਪਿਆਰ ਹੈ ਤਾਂ ਘਰ ਵਿੱਚ ਬਰਾਬਰੀ ਹੋਵੇਗੀ। ਘਰ ਵਿੱਚ ਬਰਾਬਰੀ ਹੋਊ ਤਾਂ ਸਮਾਜ ਵਿਚ ਬਰਾਬਰਤਾ ਆਪਣੇ ਆਪ ਆ ਜਾਣੀ। ਲੋੜ ਏ ਘਰਾਂ ਦੀਆਂ ਕੰਧਾਂ ਅੰਦਰ ਛੁਪੀ, ਨਾ-ਬਰਾਬਰੀ ਨੂੰ ਖ਼ਤਮ ਕਰਨ ਦੀ।”

ਰੱਤੀਆਂ ਦੀ ਲੇਖਣੀ ਦੇ ਉੱਤਮ ਮਿਆਰ ਦਾ ਅੰਦਾਜ਼ਾ ਸਫ਼ਾ ਨੰਬਰ 24 ਤੋਂ ਲਗਾਇਆ ਜਾ ਸਕਦਾ। ਇਹ ਉਹ ਘਟਨਾ ਹੈ ਜਦੋਂ ਅਰਜਨ ਨੂੰ ਪਤਾ ਲਗਦਾ ਹੈ ਕਿ ਬਲਵੀਰੋ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਤੇ ਉਹ ਖੇਤ ਸਰਬਣ ਦੀ ਰੋਟੀ ਫੜਾਉਣ ਜਾਂਦਾ। ਲੇਖਕ ਨੇ ਬੜੇ ਹੀ ਸੁਹਿਰਦ ਤਰੀਕੇ ਨਾਲ ਦੋ ਭਰਾਵਾਂ ਦੀ ਮਿਲਣੀ ਤੇ ਵਾਰਤਾਲਾਪ ਨੂੰ ਪੇਸ਼ ਕੀਤਾ।

ਇਕ ਹੋਰ ਗੱਲ ਨੇ ਮੈਨੂੰ ਟੁੰਬਿਆ ਕੇ ਕਿਵੇਂ ਲੇਖਕ ਨੇ ਬੜੇ ਵਿਸ਼ੇਸ਼ ਤਰੀਕੇ ਨਾਲ ਸਹੀ ਜਗਾ, ਸਹੀ ਸਮੇਂ, ਸਹੀ ਸ਼ਬਦਾਂ ਦੀ ਵਰਤੋਂ ਕੀਤੀ ਹੈ, ਸਿਰਲੇਖ ਵਿਚ ਸ਼ਬਦ “ਸਾਕ” ਦੀ ਵਰਤੋਂ ਆਪਣੇ ਆਪ ਵਿਚ ਇਕ ਵਧੀਆ ਉਦਾਹਰਨ ਹੈ। ਜੇ ਸ਼ਬਦ ‘ਸਾਕ’ ਦੀ ਥਾਂ ਸ਼ਬਦ “ਰਿਸ਼ਤੇ” ਵਰਤਿਆ ਜਾਂਦਾ ਤਾਂ ਸ਼ਾਇਦ ਇਹ ਹੋਰ ਦਾ ਕੁਝ ਹੋਰ ਹੀ ਬਣ ਜਾਂਦਾ।

ਜਸਵਿੰਦਰ ਰੱਤੀਆਂ ਅਜਿਹੀ ਗਹਿਰਾਈ ਤੇ ਵਿਸਥਾਰ ਵਾਲੀ ਦਿਲਚਸਪ ਲਿਖਤ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਨ ਲਈ ਵਾਕਿਆ ਹੀ ਵਧਾਈ ਦਾ ਹੱਕਦਾਰ ਹੈ।

-ਕੰਵਰ ਬਰਾੜ

***
801

***

About the author

ਕੰਵਰ ਬਰਾੜ (ਇੰਗਲੈਂਡ)
+44 7930886448 | kenwar.brar@gmail.com | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →