15 October 2024

ਜੋਤਹੀਣ ਅੱਖਾਂ ਦਾ ਦਰਦ -ਤਲਵਿੰਦਰ ਸਿੰਘ

ਜੋਤਹੀਣ ਅੱਖਾਂ ਦਾ ਦਰਦ

-ਤਲਵਿੰਦਰ ਸਿੰਘ-

ਪਿੱਛੇ ਜਿਹੇ ਮੈਂ ਟੀ.ਵੀ. ਉੱਤੇ ਇਕ ਨਾਟਕ ਵੇਖ ਰਿਹਾ ਸਾਂ। ਇਕ ਪਾਤਰ ਬਹੁਤ ਜ਼ਾਲਮ ਤੇ ਨਿਰਦਈ ਬੰਦੇ ਦਾ ਰੋਲ ਅਦਾ ਕਰ ਰਿਹਾ ਸੀ। ਉਹ ਬੇਲਿਹਾਜ਼ ਕਿਸਮ ਦਾ ਬੰਦਾ ਦੂਜੇ ਨਾਲ ਵਾਲੇ ਪਾਤਰ ਨੂੰ ਪੁੱਛਦਾ ਹੈ ਕਿ ਦੱਸ ਮੇਰੀਆਂ ਦੋਹਾਂ ਅੱਖਾਂ ਵਿੱਚੋਂ ਕਿਹੜੀ ਅੱਖ ਦਾ ਡੇਲਾ ਪੱਥਰ ਦਾ ਹੈ। ਉਹ ਦੂਜਾ ਪਾਤਰ ਉਹਦੀਆਂ ਅੱਖਾਂ ਵੱਲ ਗਹੁ ਨਾਲ ਵੇਖਦਾ ਤੇ ਦੱਸਦਾ ਹੈ, ‘ਇਹ ਸੱਜੇ ਪਾਸੇ ਵਾਲੀ ਅੱਖ ਦਾ।’

‘ਕਿਵੇਂ ਪਤਾ ਲੱਗਾ?’ ਉਹ ਰੁੱਖਾ ਤੇ ਅਮਾਨਵੀ ਰੁਚੀਆਂ ਵਾਲਾ ਪਾਤਰ ਪੁੱਛਦਾ ਹੈ।

‘ਸਾਫ਼ ਹੈ।’ ਦੂਜਾ ਪਾਤਰ ਕਹਿੰਦਾ ਹੈ, ‘ਇਸ ਪੱਥਰ ਦੇ ਡੇਲੇ ਵਿਚ ਫਿਰ ਵੀ ਕੁਝ ਤਰਸ ਤੇ ਲਿਹਾਜ਼ ਹੈ।’

ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਵਿਚ ਮੈਂ ਆਪਣੇ ਪਾਕਿਸਤਾਨ ਤੋਂ ਆਏ ਮਿੱਤਰ ਸਲਮਾਨ ਰਸ਼ੀਦ ਤੇ ਨਿੱਕੇ ਵੀਰ ਦੇਵਿੰਦਰ ਨਾਲ ਜਾਂਦਾ ਸਭੌਕੀ ਗੱਲ ਕਰ ਰਿਹਾ ਸਾਂ। ਸਵੇਰ ਵੇਲੇ ਟਰੈਫਿਕ ਤਾਂ ਘੱਟ ਸੀ ਪਰ ਧੁੰਦ ਕਾਰਨ ਸਾਹਮਣੇ ਵੀਹ ਪੰਝੀ ਗਜ਼ ਤੋਂ ਅਗਾਂਹ ਦਿਸਦਾ ਕੁਝ ਨਹੀਂ ਸੀ। ਕਾਰ ਬੇਹੱਦ ਧੀਮੀ ਚੱਲ ਰਹੀ ਸੀ। ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਜਾ ਰਹੇ ਸਾਂ। ਅੰਬਰਸਰੋਂ ਤੁਰਿਆਂ ਦੋ ਘੰਟੇ ਹੋਣ ਲੱਗੇ ਸਨ। ਉਸੇ ਦਿਨ ਸਲਮਾਨ ਹੋਰਾਂ ਵਾਪਸ ਮੁੜਨਾ ਸੀ ਤੇ ਅਸਾਂ ਉਨ੍ਹਾਂ ਨੂੰ ਮੁੜ ਵਾਹਗੇ ਵੀ ਛੱਡਣਾ ਸੀ। ਰੱਈਏ ਤੋਂ ਜੀ.ਟੀ ਰੋਡ ਛੱਡ ਕੇ ਅਸੀਂ ਪਿੰਡਾਂ ਵੱਲ ਨੂੰ ਰੁਖ਼ ਕਰ ਲਿਆ।

ਸਫ਼ਰਨਾਮੇ ਤੇ ਇਤਿਹਾਸ ਲਿਖਣ ਵਾਲੇ ਸਲਮਾਨ ਨੂੰ ਮੈਂ ਉਹਦੀ ਪਿਛਲੀ ਫੇਰੀ ਵੇਲੇ ਹੀ ਲਾਰਾ ਲਾਇਆ ਸੀ ਕਿ ਅਗਲੀ ਵਾਰ ਜ਼ਰੂਰ ਉਹਨੂੰ ਬੁਟਰਾਂ ਵਾਲੇ ਚਰਨ ਸਿੰਘ ਨੂੰ ਮਿਲਾਵਾਂਗਾ। ਸਲਮਾਨ ਅਜਿਹਾ ਬੰਦਾ ਲੱਭ ਰਿਹਾ ਸੀ ਜਿਹੜਾ ਸੰਤਾਲੀ ਦੇ ਦੰਗਿਆਂ ਵਿਚ ਸਿੱਧੀ ਭੂਮਿਕਾ ਨਿਭਾ ਚੁੱਕਿਆ ਹੋਵੇ। ਜ਼ਾਹਿਰ ਸੀ ਕਿ ਅੱਵਲ ਤਾਂ ਉਸ ਪੀੜ੍ਹੀ ਦੇ ਲੋਕ ਵਿਰਲੇ ਟਾਵੇਂ ਰਹਿ ਗਏ ਨੇ, ਜੇ ਕੋਈ ਲੱਭ ਵੀ ਪਵੇ ਤਾਂ ਕੋਈ ਅਜਿਹੀ ਗੱਲ ਮੰਨਣ ਲਈ ਬਹੁਤਾ ਰਾਜ਼ੀ ਨਹੀਂ ਹੋਵੇਗਾ। ਇਸ ਪਿੰਡ ਦੇਵਿੰਦਰ ਦੇ ਸਹੁਰੇ ਪਰਿਵਾਰ ਦੇ ਕੁਝ ਜੀਅ ਵੱਸਦੇ ਸਨ ਤੇ ਉਸ ਘਰ ਦਾ ਬਜ਼ੁਰਗ ਕਾਲਾ ਸਿੰਘ ਦੰਗਿਆਂ ਵਿਚ ਹਿੱਸਾ ਲੈ ਚੁੱਕਿਆ ਸੀ। ਕਾਲਾ ਸਿੰਘ ਗੁੰਮ ਜਿਹੇ ਸੁਭਾਅ ਦਾ ਸੀ ਜਦ ਕਿ ਉਸੇ ਪਿੰਡ ਦਾ ਇਕ ਹੋਰ ਬਜ਼ੁਰਗ ਚਰਨ ਸਿੰਘ ਆਪਣੇ ਕੀਤੇ ਕੰਮਾਂ ਨੂੰ ਸਵੀਕਾਰਦਾ ਸੀ। ਕਾਲਾ ਸਿੰਘ ਤੇ ਚਰਨ ਸਿੰਘ ਦੇ ਦੋਸਤਾਨਾ ਸਬੰਧ ਸਨ। ਇਹ ਦੋਵੇਂ ਬਜ਼ੁਰਗ ਸੰਤਾਲੀ ਦੀ ਵੰਡ ਵੇਲੇ ਬਲਵਈਆਂ ਨਾਲ ਰਲ਼ ਕੇ ਕੱਟ ਵੱਢ ਵਿਚ ਸਰਗਰਮ ਭੂਮਿਕਾ ਨਿਭਾ ਚੁੱਕੇ ਸਨ। ਮੈਂ ਤੇ ਦੇਵਿੰਦਰ ਉਨ੍ਹਾਂ ਨੂੰ ਮਿਲ ਚੁੱਕੇ ਸਾਂ ਤੇ ਕੁਝ ਗੱਲਾਂ ਪਹਿਲਾਂ ਵੀ ਸੁਣ ਬੈਠੇ ਸਾਂ। ਮੈਂ ਸਲਮਾਨ ਨੂੰ ਉਨ੍ਹਾਂ ਬਾਰੇ ਦੱਸ ਪਾਈ ਤਾਂ ਉਹ ਜ਼ੋਰ ਪਾਉਣ ਲੱਗਾ ਕਿ ਉਨ੍ਹਾਂ ਨਾਲ ਜ਼ਰੂਰ ਮਿਲਾ ਕੇ ਲਿਆਓ। ਉਹ ਇਨ੍ਹਾਂ ਤੋਂ ਆਪਣੀ ਨਵੀਂ ਕਿਤਾਬ ਲਈ ਕੁਝ ਤੱਥ ਜਾਣਨਾ ਚਾਹੁੰਦਾ ਸੀ। ਅਸਾਂ ਸਲਾਹ ਬਣਾਈ ਸੀ ਕਿ ਉਨ੍ਹਾਂ ਨਾਲ ਵਾਰਤਾਲਾਪ ਸਹਿਜ ਸੁਭਾਵਕ ਹੀ ਕਰਨੀ ਹੈ। ਕੋਈ ਸਿੱਧਾ ਸੁਆਲ ਨਹੀਂ ਪੁੱਛਣਾ। ਕਿਉਂਕਿ ਜੇ ਇਨ੍ਹਾਂ ਬਜ਼ੁਰਗਾਂ ਨੂੰ ਸਲਮਾਨ ਬਾਰੇ ਦੱਸ ਦਿੱਤਾ ਕਿ ਇਹ ਪਾਕਿਸਤਾਨ ਤੋਂ ਆਇਆ ਕੋਈ ਲਿਖਾਰੀ ਹੈ ਤਾਂ ਸ਼ਾਇਦ ਉਹ ਤੱਥਾਂ ਨੂੰ ਏਨੀ ਸਪਸ਼ਟਤਾ ਨਾਲ ਦੱਸਣੋ ਗੁਰੇਜ਼ ਕਰ ਜਾਣ, ਜਿੰਨਾ ਉਹ ਆਮ ਸਾਧਾਰਨ ਗੱਲਬਾਤ ਵਿਚ ਕਰ ਸਕਦੇ ਸਨ।

ਪਿੰਡ ਬੁਟਰਾਂ ਦੀ ਫਿਰਨੀ ‘ਤੇ ਕਾਰ ਰੋਕ ਅਸੀਂ ਗਲ਼ੀ ‘ਚੋਂ ਹੁੰਦੇ ਹੋਏ ਇਕ ਸਾਧਾਰਨ ਜਿਹੇ ਘਰ ਵਿਚ ਦਾਖਲ ਹੋਏ। ਵਿਹੜੇ ਦੇ ਇਕ ਪਾਸੇ ਬਾਲਟੇ ਵਿਚ ਧੂਣੀ ਧੁਖ਼ਾ ਕੇ ਬਜ਼ੁਰਗ ਬੈਠਾ ਸੀ ਤੇ ਦੂਜੇ ਬੰਨੇ ਚੌਕੇ ਵਿਚ ਉਸਦੀ ਸੁਆਣੀ ਚੁੱਲ੍ਹੇ ‘ਤੇ ਰਿੰਨ੍ਹਣ ਪਕਾਉਣ ਦਾ ਕੰਮ ਕਰ ਰਹੀ ਸੀ। ਅਸੀਂ ਉਨ੍ਹਾਂ ਨੂੰ ਮਿਲੇ। ਦੇਵਿੰਦਰ ਨੇ ਆਉਣ ਬਾਰੇ ਪਹਿਲਾਂ ਹੀ ਦੱਸਿਆ ਹੋਇਆ ਸੀ। ਸਾਨੂੰ ਮਿਲਣ ਪਿੱਛੋਂ ਇਸ ਘਰ ਵਾਲਾ ਬਜ਼ੁਰਗ ਜਿਸਦਾ ਨਾਂ ਕਾਲ਼ਾ ਸਿੰਘ ਸੀ ਆਪਣੇ ਦੂਜੇ ਸਾਥੀ ਚਰਨ ਸਿੰਘ ਨੂੰ ਲੈਣ ਚਲਾ ਗਿਆ। ਚਾਹ ਬਣਦੇ ਤੱਕ ਉਸਦਾ ਹੱਥ ਫੜੀ ਕਾਲਾ ਸਿੰਘ ਆ ਗਿਆ। ਚਰਨ ਸਿੰਘ ਦੀਆਂ ਖੁੱਲ੍ਹੀਆਂ ਅੱਖਾਂ ਨਜ਼ਰ ਵਿਹੂਣੀਆਂ ਸਨ। ਉਨ੍ਹਾਂ ਵਿਚਲੇ ਡੇਲਿਆਂ ਦਾ ਰੰਗ ਗਹਿਰੀ ਦੂਧੀਆ ਜਿਹੀ ਭਾਹ ਮਾਰਦਾ ਸੀ। ਚਿੱਟੀ ਸਫ਼ੈਦ ਦਾੜ੍ਹੀ ਤੇ ਗੋਰੇ ਰੰਗ ਦੇ ਚਰਨ ਸਿੰਘ ਦਾ ਕੱਦ ਦਰਮਿਆਨਾ ਸੀ। ਅਸਾਂ ਉੱਠ ਕੇ ਉਹਨੂੰ ਫਤਿਹ ਬੁਲਾਈ। ਦੋ ਕੁ ਮਹੀਨੇ ਪਹਿਲਾਂ ਮਿਲੇ ਹੋਣ ਕਰਕੇ ਉਸਨੇ ਜਾਣੂਆਂ ਵਾਂਗ ਵਿਹਾਰ ਕੀਤਾ। ਬਜ਼ੁਰਗ ਮਾਈ ਨੇ ਸਾਡੇ ਨਾਲ ਚਾਹ ਦੀ ਗਿਲਾਸੀ ਉਸਨੂੰ ਵੀ ਫੜਾਈ। ਸਲਮਾਨ ਆਪਣਾ ਕੈਮਰਾ ਤੇ ਟੇਪ ਰਿਕਾਰਡਰ ਸੈੱਟ ਕਰਨ ਲੱਗਾ।

ਹਾਲ ਚਾਲ ਦੱਸਣ ਪੁੱਛਣ ਤੋਂ ਪਿੱਛੋਂ ਗੱਲਾਂ ‘ਚੋਂ ਗੱਲ ਕੱਢਣ ਦਾ ਸਿਲਸਿਲਾ ਆਰੰਭ ਹੋਇਆ। ਚਰਨ ਸਿੰਘ ਨੇ ਦੱਸਿਆ ਕਿ ਉਹ ਮਹਿਰਾ ਬਰਾਦਰੀ ਨਾਲ ਸਬੰਧ ਰੱਖਦਾ ਹੈ ਤੇ ਚਾਰ ਮੁੰਡਿਆਂ ਤੇ ਇਕ ਧੀ ਦਾ ਪਿਓ ਹੈ। ਬੱਚੇ ਵਿਆਹੇ ਵਰ੍ਹੇ ਹਨ ਤੇ ਅੱਡੇ ‘ਤੇ ਸਾਇਕਲ ਮੁਰੰਮਤ ਕਰਨ ਤੇ ਟਾਇਰਾਂ ਟਿਊਬਾਂ ਨੂੰ ਪੈਂਚਰ ਵਗੈਰਾ ਲਾਉਣ ਦਾ ਕੰਮ ਕਰਦੇ ਹਨ। ਇਹ ਪਿੰਡ ਉਸਦੇ ਨਾਨਕਿਆਂ ਦਾ ਹੈ। ਜੱਦੀ ਪਿੰਡ ਜੇਠੂਵਾਲ ਲਾਗੇ ਹੈ। ਪਿਓ ਉਨ੍ਹਾਂ ਦਾ ਨਿੱਕੇ ਨਿੱਕੇ ਜੁਆਕ ਛੱਡ ਕੇ ਮਰ ਗਿਆ ਸੀ ਤੇ ਨਾਨੇ ਨੇ ਧੀ ਨੂੰ ਬੱਚਿਆਂ ਸਮੇਤ ਆਪਣੇ ਕੋਲ ਲੈ ਆਂਦਾ ਸੀ। ਇੱਥੇ ਹੀ ਇਨ੍ਹਾਂ ਦੀ ਪਰਵਰਿਸ਼ ਹੋਈ। ਸੋਲਾਂ ਸਤਾਰਾਂ ਸਾਲ ਦੀ ਉਮਰ ਵਿਚ ਉਹ ਚੰਗਾ ਸੁਹਣਾ ਜਵਾਨ ਨਿਕਲ ਆਇਆ। ਇਸ ਪਿੰਡ ਤੋਂ ਦੋ ਕੁ ਮੀਲ ਹਟਵੇਂ ਪਿੰਡ ਬੁਤਾਲੇ ਦੇ ਮਾਲ ਮਹਿਕਮੇ ਵਿਚ ਲੱਗੇ ਜ਼ਿਲ੍ਹੇਦਾਰ ਦੀ ਨਜ਼ਰੀਂ ਚੜ੍ਹਿਆ ਤਾਂ ਉਹਨੇ ਆਪਣਾ ਅਰਦਲੀ ਭਰਤੀ ਕਰ ਲਿਆ। ਨੌਕਰੀ ਦੌਰਾਨ ਹੀ ਵਿਆਹ ਹੋਇਆ। ਨਿਆਣੇ ਪੈਦਾ ਹੋਏ। ਕੁਲ ਪੰਦਰਾਂ ਵੀਹ ਸਾਲ ਨੌਕਰੀ ਕੀਤੀ। ਗੁੜਗਾਓਂ, ਕਸੂਰ, ਅੰਬਾਲੇ ਤੇ ਅਖੀਰ ਅੰਬਰਸਰ ਵਰਗੀਆਂ ਥਾਵਾਂ ‘ਤੇ ਨੌਕਰੀ ਕੀਤੀ। ਵੱਡੇ ਭਰਾ ਦੀ ਮੌਤ ਹੋਣ ਬਾਅਦ ਘਰ ਵਿਚ ਰਹਿਣਾ ਜ਼ਰੂਰੀ ਹੋ ਗਿਆ ਤੇ ਨੌਕਰੀ ਛੱਡ ਦਿੱਤੀ। ਇੱਥੇ ਵਿਆਹਾਂ ਸ਼ਾਦੀਆਂ ‘ਤੇ ਕੰਮ ਕਰਨ ਜਾਂਦਾ ਰਿਹਾ। ਠੇਕੇ ‘ਤੇ ਜ਼ਮੀਨ ਲੈ ਕੇ ਵਾਹੁੰਦਾ ਰਿਹਾ। ਭਰਾ ਦੇ ਬੱਚੇ ਵੀ ਪਾਲੇ ਤੇ ਆਪਣਾ ਟੱਬਰ ਵੀ ਸਾਂਭਿਆ। ਹੁਣ ਵੀਹਾਂ ਕੁ ਸਾਲਾਂ ਤੋਂ ਨਜ਼ਰ ਬਿਲਕੁਲ ਬੰਦ ਹੈ। ਸਿਹਤ ਠੀਕ ਹੈ। ਘਰ ਦਾ ਗੁਜ਼ਾਰਾ ਵੀ ਚੰਗਾ ਚੱਲ ਰਿਹਾ ਹੈ। ਇਸ ਵੇਲੇ ਉਮਰ ਸਤਾਸੀ ਸਾਲ ਹੈ। ਤੇਈ ਦਾ ਜਨਮ ਹੈ।

‘ਤੇ ਬਾਪੂ ਜੀ ਜਦੋਂ ਪਾਕਿਸਤਾਨ ਬਣਿਆ ਉਦੋਂ ਕਿੱਥੇ ਸੀ?’ ਸਲਮਾਨ ਨੇ ਸਹਿਜ ਨਾਲ ਗੱਲ ਤੋਰੀ।

‘ਉਦੋਂ ਮੈਂ ਕਸੂਰ ਸਾਂ। ਜ਼ਿਲ੍ਹੇਦਾਰ ਸਾਹਿਬ ਸਰਦਾਰ ਪ੍ਰਤਾਪ ਸਿੰਘ ਦੇ ਸਿਪਾਹੀ ਦੀ ਚਾਕਰੀ ਕਰਦਾ ਸਾਂ। ਉਹਦੇ ਦਫ਼ਤਰ ਤੇ ਘਰ ਦੇ ਨਿੱਕੇ ਮੋਟੇ ਕੰਮ ਸਾਂਭਦਾ। ਉਹ ਮੇਰੇ ਕੰਮ ‘ਤੇ ਖ਼ੁਸ਼ ਸੀ। ਮੇਰੇ ‘ਤੇ ਯਕੀਨ ਕਰਦਾ ਸੀ। ਮੈਂ ਬੜਾ ਮਿਹਨਤੀ ਸਾਂ। ਕਸੂਰ ਦੇ ਦੋ ਨਾਇਬ ਤਸੀਲਦਾਰ ਸਿੱਖ ਸਨ। ਵੱਡਾ ਤਸੀਲਦਾਰ ਵੀ ਸਿੱਖ ਸੀ। ਇਹ ਸਾਰੇ ਵੱਡੇ ਅਫ਼ਸਰ ਸਨ ਤੇ ਇਨ੍ਹਾਂ ਦੀ ਬਥੇਰੀ ਚੱਲਦੀ ਸੀ। ਲੋਕ ਡਰਦੇ ਵੀ ਸਨ। ਜ਼ਿਲ੍ਹੇਦਾਰ ਦਾ ਸਿਪਾਹੀ ਹੋਣ ਕਰਕੇ ਮੇਰਾ ਵੀ ਚੰਗਾ ਰੋਅਬ ਸੀ। ਘੋੜੇ ਵਾਲੀ ਬੱਘੀ ਵਿਚ ਸਰਦਾਰ ਬਹਾਦਰ ਆਪਣੇ ਸਰਕਾਰੀ ਦੌਰੇ ਤੇ ਇੱਧਰ ਉੱਧਰ ਜਾਂਦੇ ਤੇ ਮੈਂ ਨਾਲ ਜਾਂਦਾ। ਉਹ ਕੋਚਵਾਨ ਲਾਗੇ ਅੱਗੇ ਬਹਿੰਦੇ ਤੇ ਮੈਂ ਉਨ੍ਹਾਂ ਦੇ ਕਾਗ਼ਜ਼ਾਂ ਦਾ ਪੁਲੰਦਾ ਫੜ ਕੇ ਪਿੱਛੇ ਬੈਠਦਾ। ਲੋਕ ਉਨ੍ਹਾਂ ਨੂੰ ਝੁਕ ਝੁਕ ਸਲਾਮਾਂ ਕਰਦੇ। ਜਦੋਂ ਵੰਡ ਦਾ ਰੌਲਾ ਪਿਆ ਤਾਂ ਪਤਾ ਲੱਗਾ ਕਸੂਰ ਪਾਕਿਸਤਾਨ ਵੱਲ ਜਾ ਰਿਹਾ। ਸਿੱਖ ਅਫ਼ਸਰ ਜ਼ੋਰ ਪਾਉਣ ਲੱਗੇ ਕਿ ਨਹੀਂ, ਕਸੂਰ ਹਿੰਦੁਸਤਾਨ ਵਿਚ ਜਾਵੇ। ਕੁਝ ਦਿਨ ਭੰਬਲਭੂਸਾ ਪਿਆ ਰਿਹਾ। ਸਰਦਾਰਾਂ ਦਾ ਅਫ਼ਸਰੀ ਟੌਹਰ ਹਿੱਲਣ ਲੱਗਾ ਤਾਂ ਸਾਨੂੰ ਫਿਕਰ ਹੋਇਆ। ਕਸੂਰ ਨੂੰ ਹਿੰਦੁਸਤਾਨ ਵਿਚ ਖੜਨ ਨਾਲੋਂ ਆਪਣੇ ਬਚਾਅ ਦਾ ਖ਼ਿਆਲ ਵੱਧ ਹੋਣ ਲੱਗਾ। ਇੱਧਰੋਂ ਉੱਧਰੋਂ ਸਾੜ ਫੂਕ, ਲੁੱਟਾਂ ਖੋਹਾਂ ਤੇ ਬੰਦਿਆਂ ਦੇ ਮਰਨ ਮਰਾਉਣ ਦੀਆਂ ਖ਼ਬਰਾਂ ਦਾ ਜ਼ੋਰ ਹੋ ਗਿਆ ਤਾਂ ਅਸਾਂ ਨਿਕਲਣ ਦੀ ਸੋਚੀ। ਉੱਧਰ ਸ਼ਹਿਰ ਵਿਚ ਇਹ ਅਫ਼ਵਾਹ ਜ਼ੋਰ ਫੜ ਗਈ ਕਿ ਇਹ ਸਿੱਖ ਕਸੂਰ ਨੂੰ ਹਿੰਦੁਸਤਾਨ ਵਿਚ ਖੜਨ ਲਈ ਜ਼ੋਰ ਪਾ ਰਹੇ ਨੇ। ਉਸ ਸ਼ਾਮ ਮੈਂ ਰੋਟੀ ਬਣਾ ਰਿਹਾ ਸਾਂ ਕਿ ਇਕਦਮ ਰੌਲਾ ਪੈ ਗਿਆ। ਅਸੀਂ ਘਬਰਾ ਗਏ ਤੇ ਬਿਨਾਂ ਦੇਰ ਕੀਤੇ ਉੱਥੋਂ ਦੌੜੇ। ਦੰਗਾ ਕਰਨ ਵਾਲਿਆਂ ਨੂੰ ਖ਼ਬਰ ਹੋ ਗਈ ਤੇ ਉਹ ਸਾਡੀ ਭਾਲ਼ ਵਿਚ ਨਿਕਲੇ। ਉਨ੍ਹਾਂ ਨੂੰ ਪਤਾ ਲੱਗਾ ਕਿ ਅਸੀਂ ਖੇਮਕਰਨ ਵੱਲ ਗਏ ਆਂ ਤਾਂ ਉਹ ਉੱਧਰ ਨੂੰ ਸਾਡੇ ਮਗਰ ਚੜ੍ਹੇ। ਉਨ੍ਹਾਂ ਦੇ ਲਲਕਾਰੇ ਤੇ ਹੋ ਹੋ ਦੇ ਆਵਾਜ਼ੇ ਸਾਨੂੰ ਸੁਣ ਰਹੇ ਸਨ। ਅਸੀਂ ਜਾਨਾਂ ਬਚਾਉਂਦੇ ਨੱਸੇ ਆਏ। ਉਹ ਖੇਮਕਰਨ ਤੋਂ ਅਗਾਂਹ ਤੱਕ ਸਾਡੇ ਮਗਰ ਆਏ। ਸਿਰਫ਼ ਪੰਜਾਂ ਸੱਤਾਂ ਮਿੰਟਾਂ ਦਾ ਹੀ ਫ਼ਰਕ ਪਿਆ ਕਿ ਅਸੀਂ ਉਨ੍ਹਾਂ ਦੀ ਜੱਦ ਵਿੱਚੋਂ ਨਿਕਲੇ। ਜਦ ਅਸੀਂ ਆਪਣੇ ਆਪ ਨੂੰ ਕੁਝ ਬਚ ਬਚਾਅ ਵਿਚ ਮਹਿਸੂਸ ਕੀਤਾ ਤਾਂ ਥੋੜ੍ਹਾ ਸਾਹ ਲਿਆ। ਇਲਾਕਾ ਚੰਗੀ ਤਰ੍ਹਾਂ ਜਾਣਦਾ ਸੀ। ਉੱਥੋਂ ਇਕ ਪਿੰਡ ਵਿੱਚੋਂ ਕੋਈ ਨਿੱਕਾ ਮੋਟਾ ਸਾਧਨ ਲੱਭਿਆ ਤੇ ਪਹੂਵਿੰਡ ਪਹੁੰਚੇ। ਪਹੂਵਿੰਡ ਬਾਬਾ ਬਿਧੀ ਚੰਦ ਦਾ ਪਿੰਡ ਹੈ ਤੇ ਇੱਥੇ ਉਨ੍ਹਾਂ ਦੇ ਟੱਬਰ ਨਾਲ ਸਰਦਾਰ ਹੋਰਾਂ ਦੀ ਚੰਗੀ ਸਾਂਝ ਸੀ। ਅਸੀਂ ਉਨ੍ਹਾਂ ਦੇ ਘਰ ਪਹੁੰਚੇ। ਇਹ ਘਰਾਣਾ ਚੰਗੇ ਸਰਦੇ ਪੁੱਜਦੇ ਲੋਕਾਂ ਦਾ ਸੀ। ਬੰਦੇ ਚੰਗੇ ਵੱਡੇ ਸਰਦਾਰ ਸੀ। ਅਮੀਰ ਜ਼ਿਮੀਦਾਰ। ਉਨ੍ਹਾਂ ਅਗਲੀ ਸਵੇਰ ਸਾਨੂੰ ਇਕ ਲਾਰੀ ਦਾ ਪ੍ਰਬੰਧ ਕਰਕੇ ਦਿੱਤਾ। ਨਾਲ ਡਰਾਇਵਰ ਵੀ ਦਿੱਤਾ ਤੇ ਸਾਨੂੰ ਉੱਥੋਂ ਤੋਰਿਆ। ਉਸ ਲਾਰੀ ਵਿਚ ਅਸੀਂ ਇੱਥੇ ਪਿੰਡ ਪਹੁੰਚੇ। ਆਪਣੀ ਜਾਨ ਮਸੀਂ ਬਚਾ ਕੇ।’

‘ਕਸੂਰ ਤੋਂ ਪਿੰਡ ਆਉਣ ਦੇ ਸਫ਼ਰ ਵਿਚ ਕਿਸ ਤਰ੍ਹਾਂ ਦਾ ਅਸਰ ਹੋਇਆ?’ ਮੈਂ ਗੱਲ ਤੋਰਨ ਵਜੋਂ ਪੁੱਛਿਆ।

‘ਬਹੁਤ ਈ ਮਾੜਾ। ਉਹ ਸਮਾਂ ਕਦੇ ਨ੍ਹੀਂ ਭੁੱਲ ਸਕਦਾ। ਸਭ ਤੋਂ ਪਹਿਲਾਂ ਕਸੂਰ ਬਰਾਂਚ ਵਾਲੀ ਵੱਡੀ ਨਹਿਰ ਦੇ ਪੁਲ਼ ਕੋਲ ਇਕ ਲਾਸ਼ ਰੁਕੀ ਹੋਈ ਨਜ਼ਰੀਂ ਪਈ। ਜ਼ਿਲ੍ਹੇਦਾਰ ਸਾਹਿਬ ਨੇ ਲਾਰੀ ਰੁਕਵਾਈ। ਅਸਾਂ ਉੱਤਰ ਕੇ ਡਿੱਠਾ ਤਾਂ ਉੱਥੇ ਤਾਂ ਕਈ ਲਾਸ਼ਾਂ ਇਕ ਦੂਜੀ ਨਾਲ ਅਟਕੀਆਂ ਰੁਕੀਆਂ ਪਈਆਂ ਸਨ। ਅਗਾਂਹ ਤੁਰੇ ਤਾਂ ਸੜਕ ਦੇ ਕੰਢੇ ਕਈ ਮਰੇ ਹੋਏ ਲੋਕ ਪਏ ਸਨ। ਸੜਕ ਉਦੋਂ ਕੱਚੀ ਹੁੰਦੀ ਸੀ। ਸਾਰੇ ਰਾਹ ਏਨੀਆਂ ਲੋਥਾਂ ਵੇਖੀਆਂ ਕਿ ਗਿਣੀਆਂ ਨਹੀਂ ਸਨ ਜਾ ਸਕਦੀਆਂ। ਆਸੇ ਪਾਸੇ ਨੱਕ ਸਾੜਵੀਂ ਬੋਅ। ਉੱਤੋਂ ਅੱਤ ਦੀ ਗਰਮੀ। ਬੁਰੇ ਹਾਲੀਂ ਪਿੰਡ ਪਹੁੰਚੇ। ਬਹੁਤ ਬੁਰਾ ਅਸਰ ਹੋਇਆ। ਉਸਤੋਂ ਬੁਰਾ ਅਸਰ ਉਦੋਂ ਹੋਇਆ ਜਦੋਂ ਏਥੇ ਆ ਕੇ ਪਤਾ ਲੱਗਾ ਕਿ ਉੱਧਰ ਪਾਕਿਸਤਾਨ ਵਾਲੇ ਪਾਸੇ ਸਾਡੇ ਹਿੰਦੂਆਂ ਸਿੱਖਾਂ ਉੱਤੇ ਬਹੁਤ ਜ਼ੁਲਮ ਹੋਣ ਡਹੇ ਨੇ। ਮੁਸਲਮਾਨ ਧਾੜਵੀ ਰੱਜ ਕੇ ਕਤਲੇਆਮ ਕਰ ਰਹੇ ਨੇ। ਓਧਰ ਸਿਆਲਕੋਟ ਵੱਲ ਸੁਣਿਆ ਕਿ ਮੁਸਲਿਆਂ ਜ਼ਨਾਨੀਆਂ ਦੀ ਬੜੀ ਬੇਜ਼ਤੀ ਕੀਤੀ। ਉਨ੍ਹਾਂ ਦੇ ਥਣ ਵੱਢ ਵੱਢ ਜਲੂਸ ਕੱਢੇ। ਉਨ੍ਹਾਂ ਗੱਡੀ ਭਰ ਕੇ ਲਾਸ਼ਾਂ ਦੀ ਅੰਬਰਸਰ ਵੱਲ ਤੋਰੀ ਹੈ। ਫਿਰ ਸਾਨੂੰ ਵੀ ਰੋਹ ਚੜ੍ਹ ਗਿਆ। ਅਸਾਂ ਗੱਭਰੂ ਮੁੰਡਿਆਂ ਨੇ ਟੋਲੇ ਬਣਾਏ ਤੇ ਹਥਿਆਰ ਇਕੱਠੇ ਕੀਤੇ। ਕਿਰਪਾਨਾਂ, ਬਰਛੇ, ਛਵ੍ਹੀਆਂ, ਜੋ ਵੀ ਲੱਭਾ ਫੜਿਆ ਤੇ ਆ ਬੁਤਾਲੇ ਦੀ ਘੇਰਾ ਬੰਦੀ ਕਰ ਲਈ। ਬੁਤਾਲਾ ਵੱਡਾ ਪਿੰਡ ਹੈ। ਏਥੇ ਮੁਸਲਮਾਨਾਂ ਦੀ ਵੱਡੀ ਤਾਦਾਦ ਸੀ। ਲਾਗੇ ਦੇ ਹੋਰ ਵੀ ਕਈ ਪਿੰਡਾਂ ਵਿਚ ਮੁਸਲਮਾਨ ਬਥੇਰੇ ਸਨ। ਇਨ੍ਹਾਂ ਵਿਚ ਬਹੁਤੇ ਨਿੱਕੇ ਕਿੱਤਿਆਂ ਵਾਲੇ ਸਨ – ਮੋਚੀ, ਜੁਲਾਹੇ, ਘੁਮਿਆਰ, ਤਰਖਾਣ। ਪਹਿਲਾਂ ਅਸਾਂ ਬੁਤਾਲਾ ਘੇਰਿਆ। ਆਸੇ ਪਾਸੇ ਨਾਕੇ ਲਾਏ ਤੇ ਪਿੰਡ ਵੜ ਕੇ ਲੱਗੇ ਮੁਸਲੇ ਲੱਭ ਲੱਭ ਮਾਰਨ। ਬੜੇ ਆਹੂ ਲਾਹੇ। ਸਮਝੋ ਪਈ ਬੰਦਾ ਮਾਰਨ ਲੱਗਿਆਂ ਕੋਈ ਦਰੇਗ਼ ਨਹੀਂ ਸੀ ਆਉਂਦਾ। ਵੱਢ ਵੱਢ ਸੱਥਰ ਲਾਹ ਦਿਤੇ। ਕਿਸੇ ਦੇ ਰੋਣ ਦਾ, ਤਰਲਿਆਂ ਦਾ ਕੋਈ ਅਸਰ ਨਾ …।’

ਜੋਤਹੀਣ ਅੱਖਾਂ ਦੇ ਦੂਧੀਆ ਬਲੌਰਾਂ ਵਰਗੇ ਡੇਲੇ ਬੀਤੇ ਦੇ ਨਕਸ਼ ਚਿਤਾਰ ਰਹੇ ਸਨ। ਨਕਸ਼ ਜਿਹੜੇ ਅਜੇ ਵੀ ਕਿਤੇ ਗੁੰਮ ਨਹੀਂ ਸਨ ਹੋਏ। ਹਨ੍ਹੇਰਿਆਂ ਨਾਲ ਦੀਰਘ ਰਿਸ਼ਤਾ ਗੰਢਣ ਵਾਲੀਆਂ ਅੱਖਾਂ ਵਿਚ ਕੋਈ ਭਾਵ ਨਹੀਂ ਸੀ। ਪਿੱਛੇ ਦਿਮਾਗ ਦੇ ਕਿਸੇ ਖਾਨੇ ਵਿਚ ਧੁੰਦਲੇ ਨਕਸ਼ ਰਲਗੱਡ ਹੋ ਰਹੇ ਸਨ। ਚਾਹ ਦਾ ਆਖਰੀ ਸੁੜ੍ਹਾਕਾ ਮਾਰ ਕੇ ਉਸਨੇ ਟਟੋਲ ਕੇ ਗਿਲਾਸੀ ਹੇਠਾਂ ਜ਼ਮੀਨ ‘ਤੇ ਰੱਖ ਦਿੱਤੀ।

ਸਲਮਾਨ ਨੇ ਪੁੱਛਿਆ, ‘ਫੇਰ ਬਾਬਾ ਜੀ?’

‘ਫੇਰ ਕੀ, ਉਹ ਦਿਨ ਹੀ ਅਜਿਹੇ ਸੀ। ਲਹੂ ਚਿੱਟਾ ਹੋ ਗਿਆ ਸੀ। ਮਜ਼ਹਬੀ ਜਨੂੰਨ ਸਿਰ ਚੜ੍ਹਿਆ ਸੀ। ਬੰਦਾ ਮਾਰ ਕੇ ਠੰਢ ਪੈਂਦੀ ਸੀ। ਲੋਕਾਂ ਰੱਜ ਕੇ ਲੁੱਟ ਕੀਤੀ। ਦਾਣਾ-ਫੱਕਾ, ਜੁੱਲੀਆਂ-ਬਿਸਤਰੇ, ਡੰਗਰ-ਵੱਛਾ, ਜੋ ਵੀ ਲੱਭਾ ਲੁੱਟਿਆ ਤੇ ਆਪਣੇ ਘਰੀਂ ਢੋਅ ਲਿਆ। ਓਧਰ ਵੀ ਇਵੇਂ ਈ ਹੋਇਆ ਸੀ। ਉੱਥੇ ਕਸੂਰ ਵੱਲ ਵੀ। ਸਾਡੇ ਲੋਕ ਉੱਥੇ ਬਥੇਰੇ ਅਮੀਰ ਸਨ। ਕਈਆਂ ਤਾਂ ਆਪਣੇ ਘਰੀਂ ਟੋਏ ਪੁੱਟ ਪੁੱਟ ਚੀਜ਼ਾਂ ਲੁਕਾਈਆਂ। ਗਹਿਣੇ, ਪੈਸੇ, ਹੋਰ ਚੀਜ਼ਾਂ। ਬਾਅਦ ਵਿਚ ਖ਼ੌਰੇ ਕਿਸੇ ਨੂੰ ਲੱਭੇ ਕਿ ਨਾ? ਕੋਈ ਲੈਣ ਗਿਆ ਵੀ ਕਿ ਨਾ? ਏਧਰ ਵੀ ਬੜਾ ਕੁਛ ਹੋਇਆ। ਜਿਹੜਾ ਜਿੰਨਾ ਵੱਡਾ, ਓਸ ਓਨੀ ਵੱਡੀ ਲੁੱਟ ਕੀਤੀ। ਲੋਕਾਂ ਘਰ ਭਰ ਲਏ। ਅਸੀਂ ਵੱਢ ਟੁੱਕ ਨੂੰ ਟੱਕਰੇ ਸਾਂ। ਸਾਡਾ ਵੀਹਾਂ ਪੰਝੀਆਂ ਜਣਿਆਂ ਦਾ ਟੋਲਾ ਸੀ। ਅਸਾਂ ਬੁਤਾਲੇ ਦੀ ਹੇਠਲੀ ਉੱਤੇ ਲੈ ਆਂਦੀ। ਕੱਚੇ ਘਰਾਂ ਦੇ ਕੋਠੇ ਟੱਪਦੇ ਤੇ ਹੇਠਾਂ ਵਿਹੜਿਆਂ ਵਿਚ ਛਾਲਾਂ ਮਾਰਦੇ। ਕੰਧਾਂ ਕੌਲ਼ਿਆਂ ਉਹਲੇ ਲੁਕੇ ਬੰਦਿਆਂ ਨੂੰ ਧੂਹ ਕੇ ਬਾਹਰ ਕੱਢਦੇ ਤੇ ਤਲਵਾਰ ਦੇ ਇਕੋ ਵਾਰ ਨਾਲ ਧੌਣ ਲਾਹ ਕੇ ਅਹੁ ਮਾਰਦੇ ਜਾਂ ਬਰਛਾ ਢਿੱਡ ਦੇ ਆਰ ਪਾਰ ਲੰਘਾ ਦਿੰਦੇ। ਇਕ ਪੂਰਾ ਦਿਨ ਅਸਾਂ ਉਹ ਵੱਢ ਕੱਟ ਕੀਤੀ। ਆਸੇ ਪਾਸੇ ਲਾਸ਼ਾਂ ਹੀ ਲਾਸ਼ਾ, ਖ਼ੂਨ ਹੀ ਖ਼ੂਨ। ਜਿਵੇਂ ਕਸੂਰੋਂ ਆਉਂਦਿਆਂ ਅਸਾਂ ਰਾਹ ਵਿਚ ਡਿੱਠਾ ਸੀ। ਅਗਲੇ ਦਿਨ ਲਾਸ਼ਾਂ ਨੂੰ ਧੂਹ ਧੂਹ ਇਕ ਥਾਂ ਇਕੱਠਿਆਂ ਕੀਤਾ ਤੇ ਤਿੰਨ ਵੱਡੇ ਗੱਡੇ ਭਰੇ। ਨਾਲ ਹੀ ਲਹੂ ਦੇ ਭਰੇ ਜੁੱਲੇ ਬਿਸਤਰੇ ਸੁੱਟੇ। ਰੱਸੀਆਂ ਬੇੜਾਂ ਨਾਲ ਉਨ੍ਹਾਂ ਨੂੰ ਬੰਨ੍ਹਿਆ। ਤਿੰਨੇ ਗੱਡੇ ਬਿਆਸਾ ਵੱਲ ਲੈ ਤੋਰੇ। ਮਗਰ ਪੈਂਠ-ਸੱਤਰ ਜ਼ਨਾਨੀਆਂ ਤੁਰੀਆਂ। ਜ਼ਨਾਨੀਆਂ ਅਸਾਂ ਘੱਟ ਮਾਰੀਆਂ ਸੀ। ਅਸਾਂ ਕਿਹਾ, ਘਰੀਂ ਮੁੜ ਜਾਓ, ਅਸੀਂ ਵਾਪਸ ਮੁੜਦੇ ਆਂ ਤੇ ਤੁਹਾਨੂੰ ਵੰਡ ਵੰਡਾ ਕੇ ਆਪਣੇ ਘਰੀਂ ਬਿਠਾ ਲਵਾਂਗੇ। ਪਰ ਉਹ ਸਹੁਰੀਆਂ ਮੁੜੀਆਂ ਨਹੀਂ। ਨਾ ਉਨ੍ਹਾਂ ਸਾਡੀ ਗੱਲ ਸੁਣੀ। ਜਦੋਂ ਬਿਆਸ ਦਰਿਆ ਵਿਚ ਅਸਾਂ ਤਿੰਨਾਂ ਗੱਡਿਆਂ ਦੀਆਂ ਲਾਸ਼ਾਂ ਰੋੜ੍ਹੀਆਂ ਉਨ੍ਹਾਂ ਸਾਰੀਆਂ ਕਿਹਾ, ਜੇ ਸਾਡੇ ਮਾਲਕ ਨਹੀਂ ਰਹੇ, ਅਸਾਂ ਵੀ ਨ੍ਹੀਂ ਰਹਿਣਾ। ਉਨ੍ਹਾਂ ਸਾਡੇ ਰੋਕਣ ਦੇ ਬਾਵਜੂਦ ਵਾਰੋ ਵਾਰੀ ਦਰਿਆ ਵਿਚ ਛਾਲਾਂ ਮਾਰ ਦਿੱਤੀਆਂ। ਅਸਾਂ ਬਾਹਾਂ ਫੜ ਫੜ ਹਟਕਣਾ ਚਾਹਿਆ ਪਰ ਉਨ੍ਹਾਂ ਸਾਡੀ ਇਕ ਨਹੀਂ ਸੁਣੀ। ਸਹੁਰੀਆਂ ਦੀਨ ਦੀਆਂ ਬੜੀਆਂ ਪੱਕੀਆਂ ਸੀ। ਅਸੀਂ ਖਾਲੀ ਗੱਡੇ ਲੈ ਕੇ ਵਾਪਸ ਮੁੜ ਆਏ।’

‘ਤੁਸੀਂ ਕਿਹਾ ਨਾ ਬੰਦੇ ਮਾਰ ਕੇ ਸਕੂਨ ਮਿਲਦਾ ਸੀ ਪਰ ਕਿਸੇ ਗੱਲ ਨੇ ਦੁਖ਼ੀ ਨਾ ਕੀਤਾ?’

‘ਇਕ ਸਾਲ ਡੇਢ ਸਾਲ ਦਾ ਮੁੰਡਾ ਸੀ। ਗਲੀ ਵਿਚ ਰੋਂਦਾ ਫਿਰੇ। ਸਾਡੇ ’ਚੋਂ ਇਕ ਜਣਾ ਕਹਿਣ ਲੱਗਾ, ਇਹਦਾ ਕੀ ਕਰੀਏ? ਇਹਦੇ ਮਾਂ-ਬਾਪ ਤਾਂ ਵੱਢੇ ਗਏ। ਇਹਨੂੰ ਕੌਣ ਪਾਲੂ? ਤਾਂ ਦੂਜੇ ਆਖਿਆ, ਇਹਦਾ ਵੀ ਪੁੰਨ ਕਰੋ। ਇਸ ਵੇਲੇ ਇਹਨੂੰ ਮਾਰਨਾ ਜਾਇਜ਼ ਆ। ਤਾਂ ਉਹਨੇ ਆਪ ਹੀ ਬਰਛਾ ਮਾਰ ਕੇ ਉਹਦੀ ਧੌਣ ਲਾਹ ਕੇ ਅਹੁ ਮਾਰੀ। ਇਸ ਗੱਲ ਦਾ ਮੇਰੇ ‘ਤੇ ਬੜਾ ਅਸਰ ਹੋਇਆ। ਇਹ ਗੱਲ ਮੈਨੂੰ ਚੰਗੀ ਨਾ ਲੱਗੀ।’

‘ਇਹ ਨਫ਼ਰਤ ਵਾਲਾ ਮਾਹੌਲ ਇਕ ਦਮ ਬਣ ਗਿਆ ਕਿ ਵੰਡ ਤੋਂ ਪਹਿਲਾਂ ਵੀ ਕਿਤੇ ਹੈ ਸੀ?’ ਦੇਵਿੰਦਰ ਨੇ ਪੁੱਛਿਆ।

‘ਪਹਿਲਾਂ ਕਿੱਥੇ ਸੀ? ਸਾਰੇ ਮਿਲ ਜੁਲ ਕੇ ਰਹਿੰਦੇ ਸੀ। ਅਸੀਂ ਮੁੰਡੇ ਖੁੰਡੇ ਸ਼ਾਮੀ ਕਬੱਡੀਆਂ ਖੇਡਦੇ, ਘੁਲ਼ਦੇ। ਮੇਰੇ ਬਹੁਤੇ ਯਾਰ ਮੁਸਲਮਾਨਾਂ ਦੇ ਮੁੰਡੇ ਸੀ – ਅਹਿਮਦ, ਗੇਲੂ, ਮੁਹੰਮਦੀ। ਲੋਕ ਇਕ ਦੂਏ ਦੇ ਘਰੀਂ ਦੁੱਖ ਸੁੱਖ ਨੂੰ ਜਾਂਦੇ। ਵਿਆਹ ਸ਼ਾਦੀਆਂ ‘ਤੇ ਕੱਠੇ ਹੁੰਦੇ। ਇਕ ਦੂਜੇ ਦਾ ਖਾ ਵੀ ਲੈਂਦੇ ਸਨ। ਈਦ ਨੂੰ ਮੁਸਲਮਾਨ ਬੱਕਰੇ ਜ਼ਿਬਾਹ ਕਰਦੇ ਤਾਂ ਲੋਕਾਂ ਨੂੰ ਮੀਟ ਵੰਡਦੇ। ਸਾਡੇ ਲੋਕ ਉਂਜ ਤਾਂ ਹਲਾਲ ਵਾਲਾ ਮੀਟ ਨਹੀਂ ਸੀ ਖਾਂਦੇ ਪਰ ਕਈ ਮੁਫ਼ਤ ਦਾ ਲੈ ਕੇ ਖਾ ਵੀ ਲੈਂਦੇ ਸਨ। ਮੁਸਲਮਾਨ ਸਾਡੇ ਸਿੱਖਾਂ ਹਿੰਦੂਆਂ ਦੇ ਘਰੋਂ ਰਿੱਧਾ ਪੱਕਾ ਖਾ ਲੈਂਦੇ ਸਨ। ਕੋਈ ਬਹੁਤੀ ਤੇਰ ਮੇਰ ਨਹੀਂ ਸੀ। ਜਦੋਂ ਰੌਲ਼ੇ ਪਏ ਤਾਂ ਫਿਰ ਕੋਈ ਪਛਾਣ ਨਾ ਰਹੀ। ਕੋਈ ਦਰਦ ਨਾ ਰਿਹਾ। ਲਹੂ ਸਫ਼ੈਦ ਹੋ ਗਿਆ।’

‘ਬਾਬਾ ਜੀ, ਇਹ ਦੱਸੋ ਪਈ ਜ਼ਨਾਨੀਆਂ ਨਾਲ ਜ਼ੋਰ ਜ਼ਬਰ ਵੀ ਹੋਇਆ?’ ਸਲਮਾਨ ਨੇ ਪੁੱਛਿਆ।

‘ਹੋਇਆ ਹੋਊ ਜ਼ਰੂਰ ਪਰ ਆਪਾਂ ਨ੍ਹੀਂ ਕੀਤਾ। ਬਾਕੀ ਬਈ ਜਦੋਂ ਮੂਲ਼ੀ ਗਾਜਰ ਵਾਂਗ ਜਦੋਂ ਬੰਦਾ ਵੱਢਿਆ ਜਾ ਸਕਦਾ ਸੀ ਤਾਂ ਇਹ ਗੱਲ ਕਿਹੜੀ ਏਡੀ ਵੱਡੀ ਸੀ। ਸੁਣਿਆ ਲੋਕਾਂ ਕੀਤਾ ਵੀ ਐਦਾਂ, ਪਰ ਆਪਾਂ ਨ੍ਹੀਂ।’ ਦੂਧੀਆ ਰੰਗੇ ਬਲੌਰ ਘੁੰਮੇ। ਸ਼ਾਇਦ ਬਾਬਾ ਘਰ ਵਿਚ ਬੈਠੀ ਤੀਵੀਂ ਤੋਂ ਸੰਕੋਚ ਕਰ ਗਿਆ ਜਾਂ ਵੱਡੀ ਉਮਰ ਦਾ ਲਿਹਾਜ਼ ਕਰ ਗਿਆ ਕਿ ਮੰਨਿਆ ਨਾ। ਨਾ ਹੀ ਲਾਗੇ ਚੁੱਪ ਬੈਠੇ ਕਾਲਾ ਸਿਹੁੰ ਨੇ ਕੋਈ ਹਾਮੀ ਭਰੀ।

ਮੈਂ ਗੱਲ ਬਦਲੀ, ‘ਬਾਬਾ ਜੀ, ਉਹ ਤੁਹਾਡੇ ਯਾਰ ਬੇਲੀ ਜਿਹੜੇ ਪਾਕਿਸਤਾਨ ਚਲੇ ਗਏ ਮੁੜ ਆਏ ਕਦੇ?’

‘ਆਏ, ਇਕ ਦੋ ਵਾਰ। ਸਾਡੇ ਗਲ਼ੀਂ ਲੱਗ ਕੇ ਰੋਏ। ਉੱਧਰ ਵਿਚਾਰੇ ਖਿੱਲਰ ਪੁੱਲਰ ਗਏ। ਕੋਈ ਕਿਧਰੇ ਕੋਈ ਕਿਧਰੇ। ਸਭ ਖ਼ੁਆਰ ਹੋ ਗਏ। ਆਪਣਾ ਪਿੰਡ ਵੇਖ ਕੇ ਬੜਾ ਰੋਏ। ਅਸਾਂ ਵੀ ਕਿਹਾ, ਪਤਾ ਨ੍ਹੀਂ ਯਾਰੋ ਕਿੱਦਾਂ ਹਨ੍ਹੇਰ ਗਰਦੀ ਪੈ ਗਈ। ਕੈਸਾ ਜਨੂੰਨ ਚੜ੍ਹ ਗਿਆ ਕਿ ਆਪਣੇ ਬੇਗ਼ਾਨੇ ਦੀ ਪਛਾਣ ਈ ਭੁੱਲ ਗਈ। ਕੁਝ ਸਮਝ ਨਹੀਂ ਲੱਗੀ ਕਿ ਉਦੋਂ ਹੋ ਕੀ ਗਿਆ ਸੀ। ਏਨੇ ਬੇਕਿਰਕ ਕਿੱਦਾਂ ਹੋ ਗਏ ਸਾਂ? ਫਿਰ ਮੇਰੀ ਨਜ਼ਰ ਚਲੇ ਗਈ। ਨਜ਼ਰ ਗਈ ਤਾਂ ਸੋਚਿਆ, ਕਿਸੇ ਦੀ ਬਦ-ਦੁਆ ਲੱਗੀ ਹੈ। ਪਤਾ ਨ੍ਹੀਂ ਕਿਹਦੀ? ਕਿਸੇ ਬੇਗੁਨਾਹ ਦੀ ਹਾਅ ਪਈ ਹੈ ਕਿ ਰੱਬ ਨੇ ਮੈਨੂੰ ਅੰਨ੍ਹਾ ਕਰ ਦਿੱਤਾ। ਵੀਹ ਸਾਲ ਹੋ ਗਏ ਨੇ। ਉਹ ਤਿੰਨ ਲਾਸ਼ਾਂ ਦੇ ਭਰੇ ਗੱਡੇ ਨ੍ਹੀਂ ਭੁਲਦੇ। ਉਹ ਵਿਰਲਾਪ ਕਰਦੀਆਂ ਜ਼ਨਾਨੀਆਂ ਦਾ ਖ਼ਿਆਲ ਨ੍ਹੀਂ ਜਾਂਦਾ। ਉਹ ਸਾਲ ਭਰ ਦਾ ਫੂਹੀ ਜਿੰਨਾ ਬੱਚਾ ਨ੍ਹੀਂ ਵਿਸਰਦਾ। ਪਤਾ ਨ੍ਹੀਂ ਕਿਹਦਾ ਸਰਾਪ ਲੱਗਾ? ਜਦੋਂ ਸਾਹਿਬ ਦਾ ਅਰਦਲੀ ਸਾਂ ਤਾਂ ਉਹਦੇ ਕਹਿਣ ’ਤੇ ਮੁਰਗ਼ਾ ਵਗੈਰਾ ਝਟਕਾ ਦਿੰਦਾ ਸਾਂ। ਉਹ ਕਹਿੰਦਾ ਤਾਂ ਇੱਧਰੋਂ ਉੱਧਰੋਂ ਸਹਿਆ ਖ਼ਰਗੋਸ਼ ਵੀ ਫੜ ਲਿਆਉਂਦਾ ਤੇ ਵੱਢ ਕੇ ਧਰ ਦਿੰਦਾ। ਬਾਅਦ ਵਿਚ ਐਸੀ ਦਿਮਾਗ਼ ਨੂੰ ਪਲਟੀ ਲੱਗੀ ਕਿ ਕਿਸੇ ਜਾਨਵਰ ਨੂੰ ਵੱਢਣਾ ਮਾਰਨਾ ਤਾਂ ਦੂਰ, ਮੀਟ ਵੀ ਖਾਣ ਨੂੰ ਦਿਲ ਨ੍ਹੀਂ ਕੀਤਾ। ਕਿਸੇ ਨਾਲ ਮੁੜ ਕਦੇ ਮਾੜਾ ਨਹੀਂ ਕੀਤਾ। ਨੇਕ ਕਮਾਈ ਕੀਤੀ ਤੇ ਹੱਕ ਦਾ ਖਾਧਾ। ਪਰ ਇਹ, ਮੈਨੂੰ ਪੱਕ ਪਤਾ ਹੈ ਕਿਸੇ ਦਾ ਹਉਕਾ ਲੈ ਬੈਠਾ।’

‘ਵੰਡ ਤੋਂ ਬਾਅਦ ਕਿੰਨਾ ਕੁ ਚਿਰ ਨੌਕਰੀ ਕੀਤੀ?’ ਗ਼ਮਗੀਨ ਮਾਹੌਲ ਨੂੰ ਛੰਡਣ ਦੀ ਖਾਤਰ ਦੇਵਿੰਦਰ ਨੇ ਪੁੱਛਿਆ।

‘ਮਾਲ ਅਫ਼ਸਰ ਸਾਹਿਬ ਨੇ ਏਧਰ ਵੀ ਮੈਨੂੰ ਨਾਲ ਹੀ ਰੱਖਿਆ। ਪੰਜ ਕੁ ਸਾਲ ਅੰਬਾਲੇ ਰਹੇ। ਫਿਰ ਅੰਬਰਸਰ। ਜਦੋਂ ਭਰਾ ਦੀ ਮੌਤ ਹੋਈ ਤਾਂ ਮੈਂ ਕਿਹਾ, ਸਾਹਿਬ ਜੀ ਮੈਨੂੰ ਹੁਣ ਛੁੱਟੀ ਦੇ ਦਿਓ। ਮੇਰੀ ਮਜਬੂਰੀ ਆ। ਉਨ੍ਹਾਂ ਕਿਹਾ ਕੁਝ ਸਾਲ ਹੋਰ ਟਿਕ ਤੇਰੀ ਪੈਨਸ਼ਨ ਲੱਗ ਜੂ, ਪਰ ਮੈਂ ਨਹੀਂ ਮੰਨਿਆ ਤੇ ਘਰ ਆ ਗਿਆ।’ ਦੂਧੀਆ ਬਲੌਰਾਂ ਵਰਗੇ ਡੇਲੇ ਦਿਮਾਗ਼ ਦੀ ਕਿਸੇ ਕੁੰਦਰ ਵਿੱਚੋਂ ਸਹਿਕਦੇ, ਦਮ ਤੋੜਦੇ ਨਕਸ਼ਾਂ ਨੂੰ ਚਿਤਾਰਦੇ ਘੁੰਮਣ ਲੱਗੇ ਤੇ ਜ਼ੁਬਾਨ ਟੁੱਟੀ ਲੜੀ ਜੋੜਨ ਲੱਗੀ, ‘ਬਾਕੀ ਇਕ ਗੱਲ ਮੇਰੀ ਸਮਝ ਵਿਚ ਆਉਂਦੀ ਆ, ਉਹ ਮਜ਼ਹਬੀ ਝਗੜਾ ਸੀ ਜਿਹੜਾ ਹੋਣਾ ਨਹੀਂ ਸੀ ਚਾਹੀਦਾ। ਮਜ਼ਹਬੀ ਝਗੜਿਆਂ ‘ਚ ਬੰਦਾ ਅੰਨ੍ਹਾ ਹੋ ਜਾਂਦਾ। ਉਦੋਂ ਮੈਨੂੰ ਮਜ਼ਹਬੀ ਜਨੂੰਨ ਨੇ ਅੰਨ੍ਹਾ ਕਰ ਦਿੱਤਾ ਸੀ, ਹੁਣ ਰੱਬ ਨੇ। ਕਿਸੇ ਦੀ ਹਾਅ ਨੇ। ਹੁਣ ਪਛਤਾਉਂਦਾ ਹਾਂ ਕਿ ਉਦੋਂ ਉਹ ਸਭ ਕਿਉਂ ਕੀਤਾ। ਆਪਣੇ ਆਪ ਨੂੰ ਪੁੱਛਦਾ ਹਾਂ, ਭਈ ਉਦੋਂ ਤੈਨੂੰ ਹੋ ਕੀ ਗਿਆ ਸੀ, ਪਰ ਕੋਈ ਜੁਆਬ ਨਹੀਂ ਲੱਭਦਾ। ਹੁਣ ਕਦੇ ਕਦੇ ਨੀਂਦ ਨਹੀਂ ਆਉਂਦੀ। ਕਿੰਨਾ ਕਿੰਨਾ ਚਿਰ ਉੱਠ ਕੇ ਬਹਿ ਰਹਿੰਦਾ ਹਾਂ। ਸੋਚਦਾ ਰਹਿੰਦਾ ਹਾਂ। ਪਰ ਸੋਚਣ ਨਾਲ ਹੁਣ ਕੀ ਹੋਣਾ?’

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 28 ਅਕਤੂਬਰ 2010)
(ਦੂਜੀ ਵਾਰ 21 ਜਨਵਰੀ 2022)

***
588
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ