ਪੰਜਾਬੀ ਸਾਹਿਤ ਦੇ ਖੇਤਰ ਵਿਚ ਹਰ ਵਰੵੇ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਇਹਨਾਂ ਵਿਚ ਕਵਿਤਾ, ਕਹਾਣੀ, ਗ਼ਜ਼ਲ, ਨਾਵਲ, ਨਾਟਕ, ਸਫ਼ਰਨਾਮਾ, ਇਕਾਂਗੀ, ਅਨੁਵਾਦ ਅਤੇ ਸੰਪਾਦਨਾ ਆਦਿਕ ਨੂੰ ਪ੍ਰਮੁੱਖ ਰੂਪ ਵਿਚ ਸ਼ਾਮਲ ਕੀਤਾ ਜਾਂਦਾ ਹੈ।
ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਂਗ ਪੰਜਾਬ ਤੋਂ ਬਾਹਰ ਦੇ ਸੂਬਿਆਂ ਜਿਵੇਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿਚ ਵੀ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਵੱਡੀ ਗਿਣਤੀ ਵਿਚ ਪ੍ਰਕਾਸਿ਼ਤ ਹੋ ਕੇ ਪੰਜਾਬੀ ਪਾਠਕਾਂ ਦੇ। ਹੱਥਾਂ ਤੱਕ ਪਹੁੰਚਦੀਆਂ ਹਨ। ਇਹਨਾਂ ਵਿਚ ਹਰਿਆਣੇ ਦਾ ਨਾਮ ਪ੍ਰਮੁੱਖ ਤੌਰ ਤੇ ਲਿਆ ਜਾ ਸਕਦਾ ਹੈ ਕਿਉਂਕਿ ਹਰਿਆਣੇ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵੱਸਦੇ ਹਨ। ਹਰ ਵਰੵੇ ਵਾਂਗ ਇਸ ਵਰੵੇ 2023 ਵਿਚ ਵੀ ਹਰਿਆਣੇ ਅੰਦਰ ਲਗਭਗ ਗਿਆਰਾਂ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੋਈਆਂ ਹਨ। ਇਹਨਾਂ ਵਿਚ ਕਵਿਤਾ, ਗ਼ਜ਼ਲ, ਅਨੁਵਾਦ, ਸਮੀਖਿਆ ਅਤੇ ਬਾਲ ਸਾਹਿਤ ਦੀਆਂ ਪੁਸਤਕਾਂ ਸ਼ਾਮਲ ਹਨ। ਇਹ ਗਿਣਤੀ ਹਰ ਵਰੵੇ ਅਮੂਮਨ ਦਸ, ਬਾਰਾਂ ਦੇ ਨੇੜੇ- ਤੇੜੇ ਹੀ ਰਹਿੰਦੀ ਹੈ ਕਿਉਂਕਿ ਹਰਿਆਣੇ ਵਿਚ ਪੰਜਾਬੀ ਲੋਕ ਭਾਵੇਂ ਵੱਡੀ ਗਿਣਤੀ ਵਿਚ ਰਹਿੰਦੇ ਹਨ ਪਰ! ਸਾਹਿਤ ਪ੍ਰਤੀ ਉਹਨਾਂ ਦਾ ਰੁਝਾਨ ਘੱਟ ਹੁੰਦਾ ਜਾ ਰਿਹਾ ਹੈ। ਨਵੀਂ ਪੀੜ੍ਹੀ ਆਪਣੀਆਂ ਜੜਾਂ ਨਾਲੋਂ ਟੁੱਟਦੀ ਜਾ ਰਹੀ ਹੈ। ਰੁਜ਼ਗਾਰ ਦੇ ਵਸੀਲੇ ਘੱਟ ਹੋਣ ਕਰਕੇ ਪੰਜਾਬੀ ਭਾਸ਼ਾ ਪੜ੍ਹਨ-ਪੜ੍ਹਾਉਨ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟ ਹੁੰਦੀ ਜਾ ਰਹੀ ਹੈ। ਕੁਝ ਸਰਕਾਰਾਂ ਦੀ ਬੇਰੁਖ਼ੀ ਕਰਕੇ ਸਕੂਲਾਂ/ਕਾਲਜਾਂ ਵਿਚ ਪੰਜਾਬੀ ਪੜ੍ਹਨ ਵਾਲੇ ਬੱਚੇ ਘੱਟ ਹੁੰਦੇ ਜਾ ਰਹੇ ਹਨ। ਖ਼ੈਰ! ਇਹ ਵੱਖਰਾ ਵਿਸ਼ਾ ਹੈ। ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ‘ਸਾਲ 2023 ਵਿਚ ਹਰਿਆਣੇ ਅੰਦਰ ਪ੍ਰਕਾਸਿ਼ਤ ਹੋਈਆਂ ਪੰਜਾਬੀ ਪੁਸਤਕਾਂ’ ਦੀ ਸੰਖੇਪ ਰੂਪ ਵਿਚ ਚਰਚਾ ਕਰਨਾ ਹੈ ਤਾਂ ਕਿ ਮੁੱਖਧਾਰਾ ਦੇ ਪੰਜਾਬੀ ਪਾਠਕਾਂ ਨੂੰ ਹਰਿਆਣਵੀਂ ਪੰਜਾਬੀ ਲੇਖਕਾਂ ਦੀਆਂ 2023 ਵਿਚ ਕੀਤੀਆਂ ਗਈਆਂ ਸਾਹਿਤਕ ਸਿਰਜਣਾਵਾਂ ਦਾ ਪਤਾ ਲੱਗ ਸਕੇ ਅਤੇ ਇਹਨਾਂ ਪੁਸਤਕਾਂ ਦੀ ਚਰਚਾ ਨੂੰ ਅੱਗੇ ਤੋਰਿਆ ਜਾ ਸਕੇ। ਇਸ ਵਰੵੇ ਯਾਨੀ ਕਿ 2023 ਵਿਚ ਡਾ: ਰਮੇਸ਼ ਕੁਮਾਰ ਹੁਰਾਂ ਦਾ ਕਾਵਿ-ਸੰਗ੍ਰਹਿ ‘ਪਾਤਾਲ ’ਚੋਂ’, ਬਲਬੀਰ ਸਿੰਘ ਸੈਣੀ ਦਾ ਲੇਖ-ਸੰਗ੍ਰਹਿ ‘ਸ਼ਬਦਾਂ ਦੇ ਦਰਿਆ’, ਲਖਵਿੰਦਰ ਸਿੰਘ ਬਾਜਵਾ ਦਾ ਕਾਵਿ-ਸੰਗ੍ਰਹਿ ‘ਸੰਦਲੀ ਕਿਰਨਾਂ’, ਡਾ: ਚਰਨਜੀਤ ਕੌਰ ਦਾ ਲੋਕਗੀਤ-ਸੰਗ੍ਰਹਿ ‘ਘੋੜੀਆਂ ਅਤੇ ਸੁਹਾਗ ਲੋਕ-ਗੀਤ: ਇੱਕ ਅਲੋਕਾਰ ਸੰਸਾਰ’, ਮਨਜੀਤ ਕੌਰ ਅੰਬਾਲਵੀ ਦਾ ਬਾਲ ਕਹਾਣੀ-ਸੰਗ੍ਰਹਿ ‘ਆ ਜਾ ਚਿੜੀਏ’, ਗੁਰਪ੍ਰੀਤ ਕੌਰ ਸੈਣੀ ਦਾ ਗ਼ਜ਼ਲ-ਸੰਗ੍ਰਹਿ ‘ਅੱਖਰ ਅੱਖਰ ਲੋਅ’, ਛਿੰਦਰ ਕੌਰ ਸਿਰਸਾ ਦਾ ਕਾਵਿ-ਸੰਗ੍ਰਹਿ ‘ਭਰ ਜੋਬਨ ਬੰਦਗੀ’, ਚਰਨ ਪੁਆਧੀ ਦਾ ਪੁਆਧੀ ਲੇਖ-ਸੰਗ੍ਰਹਿ ‘ਘੱਗਰ ਕੇ ਢਾਹੇ ਢਾਹੇ’ ਅਤੇ ਬਾਲ- ਪੁਸਤਕ ‘ਉਰਦੂ ਦਾ ਕਾਫ਼ ਜ਼ਿਕਾਫ’, ਅਨੁਪਿੰਦਰ ਸਿੰਘ ਅਨੂਪ ਦੀ ਲਿਪੀਅੰਤਰ ਅਤੇ ਸੰਪਾਦਨਾ ‘ਹਮੇਸ਼ਾ ਦੇਰ ਕਰ ਦੇਤਾ ਹੂੰ’ ਅਤੇ ‘ਤੁਸੀਂ ਜੇ ਬਹੁਤ ਕੋਮਲ ਹੋ’ ਪ੍ਰਕਾਸਿ਼ਤ ਹੋਈਆਂ ਪੰਜਾਬੀ ਪੁਸਤਕਾਂ ਹਨ। ਦੂਜੇ ਪਾਸੇ, ਰਮੇਸ਼ ਕੁਮਾਰ ਦੀ ਸ਼ਾਇਰੀ ਵਿਚ ‘ਵਿਚਾਰ’ ਬਲਵਾਨ ਹੁੰਦਾ ਹੈ। ਉਹ ਬਹੁਤ ਥੋੜ੍ਹੇ ਲਫ਼ਜ਼ਾਂ ਵਿਚ ਵੱਡੀ ਗੱਲ ਕਹਿਣ ਦੇ ਸਮਰੱਥ ਸ਼ਾਇਰ ਹੈ। ਉਹਨਾਂ ਦੀਆਂ ਨਜ਼ਮਾਂ ਵਿਚ ਕਹਾਣੀਆਂ ਨੂੰ ਪੜ੍ਹਿਆ ਜਾ ਸਕਦਾ ਹੈ/ ਸਮਝਿਆ ਜਾ ਸਕਦਾ ਹੈ। ਪਾਠਕ ਰਮੇਸ਼ ਕੁਮਾਰ ਦੀ ਕਵਿਤਾ ਦਾ ਪਾਠ ਕਰਦਿਆਂ ਇੰਝ ਮਹਿਸੂਸ ਕਰਦਾ ਹੈ ਕਿ ਉਹ ਕੋਈ ਕਹਾਣੀ ਪੜ੍ਹ ਰਿਹਾ ਹੈ ਕਿਉਂਕਿ ਰਮੇਸ਼ ਕੁਮਾਰ ਦੀ ਕਵਿਤਾ ਦੇ ਪਾਤਰ ਸਾਨੂੰ ਆਪਣੇ ਆਲੇ- ਦੁਆਲੇ ਹੀ ਮਿਲ ਜਾਂਦੇ ਹਨ। ਰਮੇਸ਼ ਕੁਮਾਰ ਦੀ ਕਵਿਤਾ ਵਿਚ ਸੱਤਾ ਦੇ ਖਿ਼ਲਾਫ਼ ਕ੍ਰੋਧ ਸਾਫ਼ ਦੇਖਿਆ ਜਾ ਸਕਦਾ ਹੈ। ਉਹ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਹਿੰਦਾ ਹੈ ਕਿ ਲੋਕਾਂ ਨੂੰ ਆਪਣੀ ਆਵਾਜ਼ ਚੁੱਕਦੇ ਰਹਿਣਾ ਚਾਹੀਦਾ ਹੈ। ਜੇਕਰ ਹਾਕਮ ਧਿਰ ਆਵਾਜ਼ ਨਹੀਂ ਸੁਣਦੀ ਤਾਂ ਵੀ ਆਵਾਜ਼ ਚੁੱਕਣੀ ਬੰਦ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ੁਲਮ ਦੇ ਖਿਲਾਫ਼ ਆਵਾਜ਼ ਚੁੱਕਣਾ ‘ਜਿਉਂਦੇ’ ਹੋਣ ਦੀ ਨਿਸ਼ਾਨੀ ਹੈ: “ਨਹੀਂ ਨਹੀਂ / ਇਹ ਜ਼ਰੂਰੀ ਤਾਂ ਨਹੀਂ/ਕਿ/ ਸਮੇਂ ਦੀ ਚੁੱਪ ਕੋਲ/ਹਰ ਸਵਾਲ ਦਾ ਜਵਾਬ ਹੋਵੇ/ਤੁਸੀਂ ਬਸ/ ਆਵਾਜ਼ ਦਿਉ ਅਤੇ ਦਿੰਦੇ ਹੀ ਰਹੋ ਪ੍ਰਸ਼ਨ ਕਰੋ/ ਅਤੇ ਕਰਦੇ ਹੀ ਰਹੋ/ ਹਨ੍ਹੇਰਿਆਂ ਨੂੰ / ਤਾਂ ਕਿ ਅਹਿਸਾਸ ਰਹੇ ਕਿ/ਕੋਈ ਤਾਂ ਜਿ਼ੰਦਾ ਹੈ।” (ਪਾਤਾਲ ’ਚੋਂ ਪੁਸਤਕ ਵਿਚੋਂ) ਰਮੇਸ਼ ਕੁਮਾਰ ‘ਪਾਤਾਲ ’ਚੋਂ’ ਪੁਸਤਕ ਵਿਚ ਆਪਣੀਆਂ ਨਜ਼ਮਾਂ ਰਾਹੀਂ ਪਾਠਕਾਂ ਨੂੰ ਸੰਬੋਧਨ ਹੁੰਦਿਆਂ ਕਹਿੰਦਾ ਹੈ ਕਿ ਇਤਿਹਾਸ ਹਮੇਸ਼ਾ ਉਹਨਾਂ ਲੋਕਾਂ ਨੂੰ ਚੇਤੇ ਰੱਖਦਾ ਹੈ ਜਿਹੜੇ ਹਵਾਵਾਂ ਤੋਂ ਉਲਟ ਤੁਰਦੇ ਹਨ / ਜਿਹੜੇ ਜ਼ੁਲਮ ਖਿਲਾਫ ਖੜੇ ਹੋਣ ਦਾ ਹੀਆ ਕਰਦੇ ਹਨ / ਬੁਝੇ ਹੋਏ ਦੀਵਿਆਂ ਨੂੰ ਇਤਿਹਾਸ ਆਪਣੇ ਪੰਨਿਆਂ ਤੋਂ ਸਦਾ ਲਈ ਮਿਟਾ ਦਿੰਦਾ ਹੈ: “ਬੁਝੇ ਹੋਏ ਦੀਵਿਆਂ ਦਾ / ਕਿਉਂਕਿ / ਹਨ੍ਹੇਰਿਆਂ ਦੇ ਇਤਹਾਸ ਵਿਚ ਕੋਈ ਨਾਮ ਨਹੀਂ ਹੁੰਦਾ।” (ਪਾਤਾਲ ’ਚੋਂ ਪੁਸਤਕ ਵਿਚੋਂ) ਇਸ ਤਰ੍ਹਾਂ ਰਮੇਸ਼ ਕੁਮਾਰ ਦੀ ਸ਼ਾਇਰੀ ਪਾਠਕ ਅੰਦਰ ਨਵ-ਚੇਤਨਾ ਦਾ ਪਾਸਾਰਾ ਕਰਦੀ ਹੈ। ਉਹ ਪਾਠਕ ਨੂੰ ਜਿੱਥੇ ਸੋਚਣ ਲਈ ਮਜ਼ਬੂਰ ਕਰਦੀ ਹੈ ਉੱਥੇ ਹੀ ਉਤਸ਼ਾਹ ਅਤੇ ਨਵੀਂ ਸੋਚ ਦਾ ਧਾਰਨੀ ਬਣਨ ਲਈ ਪ੍ਰੇਰਣਾ ਵੀ ਦਿੰਦੀ ਹੈ। ਸ਼ਬਦਾਂ ਦੇ ਦਰਿਆ – ਬਲਬੀਰ ਸਿੰਘ ਸੈਣੀ
ਇਸ ਲੇਖ-ਸੰਗ੍ਰਹਿ ਦੇ ਹਰ ਲੇਖ ਦਾ ਵਿਸ਼ਾ ਵੱਖਰਾ ਅਤੇ ਨਿਵੇਕਲਾ ਹੈ। ਅਸਲ ਵਿਚ ਬਲਬੀਰ ਸਿੰਘ ਸੈਣੀ ਗ਼ਜ਼ਲਕਾਰ ਦੇ ਤੌਰ ਤੇ ਵੱਧ ਮਕਬੂਲ ਹੈ ਪਰ! ਵਾਰਤਕ ਉੱਪਰ ਵੀ ਉਹਨਾਂ ਦੀ ਪਕੜ ਮਜ਼ਬੂਤ ਹੈ।ਉਹਨਾਂ ਦੇ ਵਾਰਤਕ ਲੇਖਾਂ ਦੇ ਵਿਸ਼ੇ ਆਮ ਵਾਰਤਕ ਲੇਖਕਾਂ ਨਾਲੋਂ ਹੱਟ ਕੇ ਹੁੰਦੇ ਹਨ / ਦਿਲਚਸਪ ਹੁੰਦੇ ਹਨ। ਪਾਠਕ ਵੱਲੋਂ ਜੇਕਰ ਇਕ ਵਾਰ ਲੇਖ ਨੂੰ ਪੜ੍ਹਨਾ ਸ਼ੁਰੂ ਕਰ ਲਿਆ ਤਾਂ ਇਸਨੂੰ ਅੱਧ ਵਿਚਾਲੇ ਛੱਡਣਾ ਸੌਖਾ ਨਹੀਂ ਹੁੰਦਾ। ਬਲਬੀਰ ਸਿੰਘ ਸੈਣੀ ਦੀ ਸ਼ਬਦਾਵਲੀ ਮੁਹਾਵਰੇਦਾਰ ਅਤੇ ਸਰਲ ਹੁੰਦੀ ਹੈ। ਇਸ ‘ਸ਼ਬਦਾਂ ਦੇ ਦਰਿਆ’ ਨੂੰ ਪੜ੍ਹਨ ਉਪਰੰਤ ਇੰਝ ਜਾਪਦਾ ਹੈ ਕਿ ਇਹ ਪੁਸਤਕ ਬਲਬੀਰ ਸਿੰਘ ਸੈਣੀ ਦਾ ਜਿ਼ੰਦਗੀਨਾਮਾ ਹੈ। ਜਿੱਥੇ ਕੁਝ ਲੇਖ ਗੰਭੀਰ ਵਿਸ਼ੇ ਚੁੱਕਦੇ ਹਨ ਉੱਥੇ ਹੀ ਕੁਝ ਲੇਖ ਹਲਕਾ- ਫੁਲਕਾ ਮਨੋਰੰਜਨ ਵੀ ਕਰਦੇ ਦਿਖਾਈ ਦਿੰਦੇ ਹਨ। ਬਲਬੀਰ ਸਿੰਘ ਸੈਣੀ ਨੂੰ ਪੜ੍ਹਦਿਆਂ ਕਦੇ- ਕਦੇ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਲੇਖ ਲਿਖਦਿਆਂ ਹੋਇਆਂ ਵੀ ਆਪਣੀ ‘ਕਵਿਤਾ’ ਤੋਂ ਮੁਕਤ ਨਹੀਂ ਹੁੰਦੇ। ਉਹਨਾਂ ਦੇ ਲੇਖਾਂ ਦਾ ਪਾਠ ਕਰਦਿਆਂ ਇੰਝ ਲੱਗਦਾ ਹੈ ਜਿਵੇਂ ਕਵਿਤਾ ਦਾ ਪਾਠ ਕੀਤਾ ਜਾ ਰਿਹਾ ਹੋਵੇ। ਇਹ ਕਿਸੇ ਸ਼ਾਇਰ ਦੀ ਬਿਰਤੀ ਉੱਪਰ ਨਿਰਭਰ ਹੁੰਦਾ ਹੈ। ਜਿਸ ਤਰ੍ਹਾਂ ਉੱਪਰ ਵੀ ਦੱਸਿਆ ਜਾ ਚੁਕਿਆ ਹੈ ਕਿ ਬਲਬੀਰ ਸਿੰਘ ਸੈਣੀ ਗ਼ਜ਼ਲਕਾਰ ਵਧੇਰੇ ਹੈ ਅਤੇ ਵਾਰਤਕਕਾਰ ਘੱਟ। ਇਸੇ ਲਈ ਉਹਨਾਂ ਦੀ ਵਾਰਤਕ ਵਿਚ ਕਵਿਤਾ ਦੇ ਅੰਸ਼ ਦੇਖਣ / ਪੜ੍ਹਨ ਨੂੰ ਮਿਲਦੇ ਹਨ। ਸੰਦਲੀ ਕਿਰਨਾਂ – ਲ਼ਖਵਿੰਦਰ ਸਿੰਘ ਬਾਜਵਾ
‘ਸੰਦਲੀ ਕਿਰਨਾਂ’ ਦਾ ਅਧਿਐਨ ਕਰਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਲਖਵਿੰਦਰ ਬਾਜਵਾ ਦੀ ਭਾਸ਼ਾ, ਸੈ਼ਲੀ ਅਤੇ ਵਿਸ਼ਾ ਪੇਂਡੂ ਧਰਾਤਲ ਨਾਲ ਜੁੜਿਆ ਹੋਇਆ ਹੈ। ਉਸਦੀਆਂ ਕਵਿਤਾਵਾਂ ਵਿਚ ਗਰੀਬ ਕਿਸਾਨ, ਮਜ਼ਦੂਰ ਅਤੇ ਕਿਰਤੀ ਬੰਦਿਆਂ ਦੀ ਗੱਲ ਵਧੇਰੇ ਕੀਤੀ ਗਈ ਹੈ। ਇਸ ਤੋਂ ਇਲਾਵਾ ਔਰਤ ਦੇ ਜੀਵਨ ਪੱਧਰ ਅਤੇ ਸੰਘਰਸ਼ ਦੇ ਸੰਦਰਭ ਵਿਚ ਵੀ ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਕੁਝ ਕਵਿਤਾਵਾਂ ਵਿਚ ਧੀਆਂ ਦੀ ਪੁਕਾਰ ਨੂੰ ਬਿਆਨ ਕੀਤਾ ਗਿਆ ਹੈ; “ਸੁਣ ਨੀਂ ਮਾਏ ਮੇਰੀਏ – ਦੱਸੀਂ ਖਾਂ ਕੋਈ ਗੱਲ ਨੀਂ” ਗਰੀਬ ਮਜ਼ਦੂਰਾਂ ਦੀ ਆਵਾਜ਼ ਨੂੰ ਚੁੱਕਦਿਆਂ ਸ਼ਾਇਰ ਕਹਿੰਦਾ ਹੈ ਕਿ ਇਹ (ਮਜ਼ਦੂਰ) ਜਮਾਤ ਸਭ ਤੋਂ ਵੱਧ ਮਿਹਨਤ ਕਰਦੀ ਹੈ ਪਰ! ਇਹਨਾਂ ਦੇ ਹੱਕ ਨਹੀਂ ਦਿੱਤੇ ਜਾਂਦੇ। ਹਾਕਮ ਧਿਰ ਇਹਨਾਂ ਮਜ਼ਦੂਰਾਂ ਨਾਲ ਮਾੜਾ ਸਲੂਕ ਕਰਦੀ ਹੈ। ਹਾਕਮਾਂ ਲਈ ਤਿਆਰ ਕੀਤੇ ਮਹਿਲਾਂ ਵਿਚ ਇਹਨਾਂ ਮਜ਼ਦੂਰਾਂ ਨੂੰ ਵੜਨ ਤੱਕ ਨਹੀਂ ਦਿੱਤਾ ਜਾਂਦਾ। ਹਾਕਮਾਂ ਲਈ ਮਹਿਲ ਤਿਆਰ ਕਰਨ ਵਾਲਾ ਮਜ਼ਦੂਰ ਖੁਦ ਖੁੱਲ੍ਹੇ ਆਸਮਾਨ ਹੇਠਾਂ ਜੀਵਨ ਬਤੀਤ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ; “ਚਾਂਦਨੀ ਦੀ ਉਡਣੀ ਲੈ ਧਰਤੀ ਦੀ ਹਿੱਕੜੀ ਤੇ, ਰੋਜ਼ ਸੌਂਦੇ ਵੇਖੇ ਮਜ਼ਦੂਰ ਘੋੜੀਆਂ ਅਤੇ ਸੁਹਾਗ ਲੋਕ-ਗੀਤ ਇੱਕ ਅਲੋਕਾਰ ਸੰਸਾਰ – ਡਾ: ਚਰਨਜੀਤ ਕੌਰ
ਡਾ: ਚਰਨਜੀਤ ਕੌਰ ਅਨੁਸਾਰ, “ਅਜੋਕੇ ਸਮੇਂ ਘੋੜੀਆਂ ਅਤੇ ਸੁਹਾਗ ਗਾਉਣ ਦਾ ਰਿਵਾਜ਼ ਘੱਟ ਹੁੰਦਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਕੋਲ ਆਪਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਲਈ ਵਕਤ ਦੀ ਘਾਟ ਹੈ। ਦੂਜੀ ਗੱਲ, ਅੱਜਕਲ੍ਹ ਬਹੁਤੇ ਵਿਆਹ ਕੋਰਟ-ਮੈਰਿਜ਼ਾਂ ਰਾਹੀਂ ਹੋ ਰਹੇ ਹਨ। ਇਸ ਲਈ ਵਿਆਹਾਂ ਦੇ ਗਾਏ ਜਾਂਦੇ ਘੋੜੀਆਂ ਅਤੇ ਸੁਹਾਗਾਂ ਦੀ ਅਹਿਮੀਅਤ ਲਗਾਤਾਰ ਘੱਟਦੀ ਜਾ ਰਹੀ ਹੈ। ਤੀਜੀ ਗੱਲ, ਅੱਜ ਦਾ ਜ਼ਮਾਨਾ ਵਿਆਹ ਤੋਂ ਪਹਿਲਾਂ ਹੀ ਇੱਕ ਦੂਜੇ ਨਾਲ ਰਹਿਣ (ਲਿਵ ਇਨ ਰਿਲੇਸ਼ਨਸਿ਼ਪ) ਵਿਚ ਰਹਿਣ ਦਾ ਰੁਝਾਣ ਵੱਧਦਾ ਜਾ ਰਿਹਾ ਹੈ। ਮੁੰਡਾ-ਕੁੜੀ ਬਿਨਾਂ ਵਿਆਹ ਤੋਂ ਇੱਕ ਦੂਜੇ ਨਾਲ ਪਤੀ-ਪਤਨੀ ਵਾਂਗ ਰਹਿੰਦੇ ਹਨ। ਅਜਿਹੇ ਵਕਤ ਵਿਚ ਵਿਆਹਾਂ ਦੀ ਅਹਿਮੀਅਤ ਘੱਟਦੀ ਜਾ ਰਹੀ ਹੈ।” ਲੋਕ ਗੀਤਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਸਾਜ਼ ਦੇ ਮੁਥਾਜ ਨਹੀ ਹੁੰਦੇ। ਪਿੰਡਾਂ ਵਿਚ ਔਰਤਾਂ ਵੱਲੋਂ ਰਲ਼ ਮਿਲ ਕੇ ਉੱਚੀ ਆਵਾਜ਼ ਵਿਚ ਲੋਕ ਗੀਤ ਗਾਏ ਜਾਂਦੇ ਰਹੇ ਹਨ: “ਲੋਕਗੀਤਾਂ ਦੀ ਆਪਣੀ ਨਿਜੀ ਗਾਇਨ ਸ਼ੈਲੀ ਅਤੇ ਬੰਦਸ਼ ਹੁੰਦੀ ਹੈ ਪਰ ਘੋੜੀਆਂ ਅਤੇ ਸੁਹਾਗਾਂ ਦੀ ਲੈਅ, ਹੇਕ ਅਤੇ ਗਾਇਨ ਸ਼ੈਲੀ ਬਿਲਕੁਲ ਨਿਆਰੀ, ਮੌਲਿਕ ਅਤੇ ਨਿਵੇਕਲੀ ਹੈ।” (ਘੋੜੀਆਂ ਅਤੇ ਸੁਹਾਗ ਲੋਕ-ਗੀਤ ਇੱਕ ਅਲੋਕਾਰ ਸੰਸਾਰ, ਪੰਨਾ-13) ਇਹ ਲੋਕ ਗੀਤ ਪੀੜ੍ਹੀ ਦਰ ਪੀੜ੍ਹੀ ਤੁਰਦੇ ਰਹੇ ਹਨ। ਹਾਂ! ਵਕਤ ਦੇ ਨਾਲ-ਨਾਲ ਇਹਨਾਂ ਵਿਚ ਕੁਝ ਬਦਲਾਅ ਮਹਿਸੂਸ ਕੀਤਾ ਜਾ ਸਕਦਾ ਹੈ ਪਰ! ਅਸਲੋਂ ਹੀ ਖ਼ਤਮ ਨਹੀਂ ਕੀਤੇ ਜਾ ਸਕਦੇ। ਇਹਨਾਂ ਲੋਕ ਗੀਤਾਂ ਦਾ ਇੱਕ ਪੱਖ ਇਹ ਵੀ ਹੈ ਕਿ ਘੋੜੀਆਂ ਗਾਉਣ ਵੇਲੇ ਮੁੰਡੇ ਦੇ ਪਿਤਾ ਦੀ ‘ਚੜ੍ਹਤ’ ਨੂੰ ਬਿਆਨ ਕੀਤਾ ਜਾਂਦਾ ਹੈ ਅਤੇ ਸੁਹਾਗ ਗਾਉਣ ਵੇਲੇ ਧੀ ਦੇ ਪਿਤਾ ਨੂੰ ‘ਕਮਜ਼ੋਰ’ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਵੱਖਰਾਪਣ ਸਾਡੇ ਸਮਾਜਿਕ ਜੀਵਨ ਦਾ ਅੰਗ ਕਿਹਾ ਜਾ ਸਕਦਾ ਹੈ। ਇਹ ਸਾਡੇ ਮਰਦ ਪ੍ਰਧਾਨ ਸਮਾਜ ਦੀ ਆ ਜਾ ਚਿੜੀਏ – ਮਨਜੀਤ ਕੌਰ ਅੰਬਾਲਵੀ
ਇਹਨਾਂ ਕਹਾਣੀਆਂ ਵਿਚ ਲੇਖਿਕਾ ਮਨਜੀਤ ਕੌਰ ਅੰਬਾਲਵੀ ਵੱਲੋਂ ਨਿੱਕੇ ਬੱਚਿਆਂ ਨੂੰ ਪ੍ਰੇਰਣਾ ਅਤੇ ਹੱਲਾਸ਼ੇਰੀ ਦਿੱਤੀ ਗਈ ਹੈ। ਅਸਲ ਵਿਚ ਬਾਲ ਸਾਹਿਤ ਦਾ ਮੂਲ ਮਨੋਰਥ ਹੀ ਬੱਚਿਆਂ ਦੇ ਮਨਾਂ ਉੱਪਰ ‘ਸਾਰਥਕ’ ਪ੍ਰਭਾਵ ਪਾਉਣਾ ਹੁੰਦਾ ਹੈ। ਦੂਜੀ ਗੱਲ, ਬਾਲ ਸਾਹਿਤ ਵਿਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਨਿੱਕੇ ਬੱਚਿਆਂ ਨੂੰ ਚੰਗੇ ਅਤੇ ਨੇਕ ਰਾਹ ਉੱਪਰ ਤੋਰਿਆ ਜਾ ਸਕੇ। ਲੇਖਿਕਾ ਨੇ ਆਪਣੀ ਇਸ ਪੁਸਤਕ ਵਿਚ ਇਸ ਗੱਲਦਾ ਖਾਸ ਖਿਆਲ ਰੱਖਿਆ ਹੈ। ਸਾਹਿਤ ਦੇ ਖੇਤਰ ਵਿਚ ਬਾਲ ਸਾਹਿਤ ਦੀ ਸਿਰਜਣਾ ਨੂੰ ਸਭ ਤੋਂ ਔਖਾ ਕੰਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਕਾਰਜ ਵਿਚ ਲੇਖਕ ਨੂੰ ਬਾਲ ਮਨਾਂ ਤੇ ਪੱਧਰ ਤੇ ਪਹੁੰਚਣਾ ਪੈਂਦਾ ਹੈ। ਬਹੁਤ ਗੂੜ੍ਹੀਆਂ ਗੱਲਾਂ ਨੂੰ ਨਿੱਕੇ ਬੱਚਿਆਂ ਦੇ ਜਿ਼ਹਨ ਵਿਚ ਨਹੀਂ ਬਿਠਾਇਆ ਜਾ ਸਕਦਾ। ਲੇਖਕ ਜਾਂ ਲੇਖਿਕਾ ਆਪਣੇ ਮਨ ਦੇ ਭਾਵਾਂ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਸ ਨਾਲ ਨਿੱਕੇ ਬੱਚਿਆਂ ਨੂੰ ਸਹਿਜਤਾ ਨਾਲ ਸਮਝ ਆ ਸਕੇ। ‘ਦਿਲਪ੍ਰੀਤ ਦੀ ਸਿਆਪਣ’ ਕਹਾਣੀ ਵਿਚ ਦੱਸਿਆ ਗਿਆ ਹੈ ਕਿ ਨਿੱਕੇ ਬੱਚੇ ਸਮਝਾਉਣ ਨਾਲ ਨਹੀਂ ਬਲਕਿ ਦੇਖਾ- ਦੇਖੀ ਜਲਦੀ ਸਮਝਦੇ ਹਨ। ਇਸ ਕਹਾਣੀ ਵਿਚ ਦਿਲਪ੍ਰੀਤ ਆਪਣੀ ਦਾਦੀ ਮਾਤਾ ਦੀਆਂ ਚੰਗੀਆਂ ਆਦਤਾਂ ਨੂੰ ਛੇਤੀ ਸਿੱਖਦੀ ਹੈ। ‘ਖੱਬਚੂ ਬਿੱਲੀ’ ਕਹਾਣੀ ਵਿਚ ਦੱਸਿਆ ਗਿਆ ਕਿ ਜਾਨਵਰ ਪਿਆਰ ਦੇ ਭੁੱਖੇ ਹੁੰਦੇ ਹਨ ਅਤੇ ਉਹ ਪਿਆਰ ਕਰਨ ਵਾਲੇ ਇਨਸਾਨ ਨਾਲ ਮਿੱਤਰਤਾ ਨਿਭਾਉਂਦੇ ਹਨ। ਇਸ ਤਰ੍ਹਾਂ ਸਮੁੱਚੀਆਂ ਕਹਾਣੀਆਂ ਵਿਚ ਨਿੱਕੇ ਬੱਚਿਆਂ ਨੂੰ ਸੰਦੇਸ਼ ਅਤੇ ਸਿੱਖਿਆ ਦੇਣ ਦਾ ਯਤਨ ਕੀਤਾ ਗਿਆ ਹੈ। ਅੱਖਰ ਅੱਖਰ ਲੋਅ – ਗੁਰਪ੍ਰੀਤ ਕੌਰ ਸੈਣੀ
“ਭਲਾ ਕਿਉਂ ਹੋਂਦ ਮੇਰੀ ਨੂੰ, ਨਵੀਂ ਹੀ ਨਿੱਤ ਸਜ਼ਾ ਦਿੰਦੇ? ਗੁਰਪ੍ਰੀਤ ਕੌਰ ਸੈਣੀ ਦੀ ਸ਼ਾਇਰੀ ਬਾਰੇ ਗੱਲ ਕਰਦਿਆਂ ਸੁਲੱਖਣ ਸਰਹੱਦੀ ਲਿਖਦੇ ਹਨ, ”ਗੁਰਪ੍ਰੀਤ ਦੇ ਸਿ਼ਅਰ ਦੀਪਕ ਵਾਂਗ ਤੁਹਾਡੇ- ਸਾਡੇ ਰਾਹ ਵਿਚ ਜਗ ਰਹੇ ਹਨ। ਇਹਨਾਂ ਦੀ ਲਾਟ ਹੀ ਇਹਨਾਂ ਦੇ ਅਰਥ ਹਨ।” (ਅੱਖਰ ਅੱਖਰ ਲੋਅ, ਭੁਮਿਕਾ ਵਿਚੋਂ) ਅੱਖਰ ਅੱਖਰ ਲੋਅ’ ਦੀਆਂ ਗ਼ਜ਼ਲਾਂ ਦਾ ਅਧਿਐਨ ਉਪਰੰਤ ਇਹ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਸ਼ਾਇਰਾ ਦੰਭੀਆਂ, ਚੁਗਲਖੋਰਾਂ, ਰਿਸ਼ਵਤਖੋਰਾਂ, ਸਿਆਸੀ ਚੋਧਰੀਆਂ ਅਤੇ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦੀ ਹੈ। ਉਹ ਉਹਨਾਂ ਲੇਖਿਕਾਂ ਅਤੇ ਲੇਖਿਕਾਵਾਂ ਨੂੰ ਵੀ ਫਿਟਕਾਰ ਪਾਉਂਦੀ ਹੈ ਜਿਹੜੇ ਸਰਕਾਰਾਂ ਹੱਥੋਂ ਇਨਾਮਾਂ ਖ਼ਾਤਰ ਆਪਣੀ ਜ਼ਮੀਰ ਨੂੰ ਵੇਚ ਦਿੰਦੇ ਹਨ ਜਾਂ ਸਮਝੋਤੇ ਕਰਨ ਲਈ ਤਿਆਰ ਹੋ ਜਾਂਦੇ ਹਨ। ਭਰ ਜੋਬਨ ਬੰਦਗੀ – ਛਿੰਦਰ ਕੋਰ ਸਿਰਸਾ
‘ਭਰ ਜੋਬਨ ਬੰਦਗੀ’ ਕਾਵਿ-ਸੰਗ੍ਰਹਿ ਦਾ ਅਧਿਐਨ ਕਰਦਿਆਂ ਇਹ ਗੱਲ ਸਹਿਜੇ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਛਿੰਦਰ ਕੋਰ ਅਜੋਕੇ ਸਮੇਂ ਸਿਰਜੇ ਜਾ ਰਹੇ ਔਰਤ ਸਾਹਿਤ ਤੋਂ ਵੱਖ ਰੂਪ ਵਿਚ ਸਿਰਜਣਾ ਕਰਦੀ ਹੈ। ਅਜੋਕਾ ਦੌਰ ਨਾਰੀਵਾਦੀ ਔਰਤ ਲੇਖਿਕਾਵਾਂ ਵੱਲੋਂ ਮਰਦ ਪ੍ਰਧਾਨ ਸਮਾਜ ਅਤੇ ਸਮੁੱਚੇ ਮਰਦ ਸਮਾਜ ਪ੍ਰਤੀ ਨਫ਼ਰਤ ਦੀ ਭਾਵਨਾ ਨਾਲ ਲਬਰੇਜ਼ ਦਿਖਾਈ ਦਿੰਦੀ ਹੈ ਪਰ! ਛਿੰਦਰ ਕੋਰ ਦੀਆਂ ਕਵਿਤਾਵਾਂ ਦਾ ਅਧਿਐਨ ਕਰਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਉਹ ਬਾਪ ਨੂੰ ਬਾਪ ਦੀ ਇੱਜ਼ਤ ਦਿੰਦਿਆਂ ਦਿਖਾਈ ਦਿੰਦੀ ਹੈ/ ਭਰਾ ਨੂੰ ਭਰਾ ਦੀ ਅਤੇ ਪਤੀ ਨੂੰ ਪਤੀ ਦੀ। ਉਸਦੀਆਂ ਬਹੁਤੀਆਂ ਕਵਿਤਾਵਾਂ ਮਰਦ ਦੇ ਸਾਰਥਕ ਰੂਪ ਦਾ ਹਵਾਲੇ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ। ਕੁਲ ਮਿਲਾ ਕੇ ਛਿੰਦਰ ਕੋਰ ਆਪਣੀਆਂ ਕਵਿਤਾਵਾਂ ਵਿਚ ਮਰਦ ਦੇ ਹੱਕ ਵਿਚ ਖਲੋਣ ਦਾ ਹੀਆ ਕਰਦੀ ਦਿਖਾਈ ਦਿੰਦੀ ਹੈ। ਛਿੰਦਰ ਕੋਰ ਸਿਰਸਾ ਦੇ ਅਨੁਸਾਰ ਉਹਨਾਂ ਦੀ ਇਹ ਪੁਸਤਕ ‘ਮੇਲੇ ਦੀ ਰੌਣਕ’ ਵਰਗੀ ਪੁਸਤਕ ਹੈ। ਇਸ ਵਿਚ ਜਿੱਥੇ ਸਮਾਜਿਕ ਸਰੋਕਾਰਾਂ ਦੀ ਗੱਲ ਹੈ ਉੱਥੇ ਹੀ ਨਾਰੀ ਦੇ ਸਰਵਪੱਖੀ ਵਿਕਾਸ ਅਤੇ ਉਸਦੀਆਂ ਕੋਮਲ ਸੰਵੇਦਨਾਵਾਂ ਦੀ ਗੱਲ ਬਹੁਤ ਗੁੜ੍ਹੇ ਭਾਵਾਂ/ਅਰਥਾਂ ਵਿਚ ਕਰਨ ਦਾ ਯਤਨ ਕੀਤਾ ਗਿਆ ਹੈ: “ਤੇਰੇ ਹੁੰਦਿਆਂ ਵੇ ਮੇਰੇ ਧਰਮੀ ਬਾਬਲਾ ਇਸ ਤੋਂ ਇਲਾਵਾ ‘ਭਰ ਜੋਬਨ ਬੰਦਗੀ’ ਵਿਚ ਪਰਵਾਸ ਦੇ ਸੰਦਰਭ ਵਿਚ ਬਹੁਤ ਸਾਰੀਆਂ ਕਵਿਤਾਵਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ। ਘੱਗਰ ਕੇ ਢਾਹੇ ਢਾਹੇ – ਚਰਨ ਪੁਆਧੀ
“ਆਂਦਾ ਨਹੀਂ ਯਕੀਨ ਕਿਸੇ ਨੂੰ/ ਇਬੋ ਦੇਖ ਲੋ ਜਾ ਕਾ। ਚਰਨ ਪੁਆਧੀ ਆਪਣੀ ਬੋਲੀ ਪ੍ਰਤੀ ਸਮਰਪਿਤ ਰਚਨਾਕਾਰ ਹੈ। ਉਸਦੀਆਂ ਬਹੁਤੀਆ ਕਿਤਾਬਾਂ ਅਤੇ ਲੇਖ ਆਪਣੀ ਬੋਲੀ ਪ੍ਰਤੀ ਪਿਆਰ ਦਾ ਇਜ਼ਹਾਰ ਕਹੇ ਜਾ ਸਕਦੇ ਹਨ। ਉਹ ਆਪਣੇ ਇਲਾਕੇ ਅਤੇ ਬੋਲੀ ਨੂੰ ਮੁੱਖਧਾਰਾ ਦੇ ਸਾਹਿਤ ਵਿਚ ਪੱਕੇ ਪੈਰੀਂ ਖੜੇ ਕਰਨ ਦਾ ਚਾਹਵਾਨ ਰਚਨਾਕਾਰ ਹੈ। ਹਮੇਸ਼ਾ ਦੇਰ ਕਰ ਦੇਤਾ ਹੂੰ – ਅਤੇ ਤੁਸੀਂ ਜੇ ਬਹੁਤ ਕੋਮਲ ਹੋ – ਅਨੁਪਿੰਦਰ ਸਿੰਘ ਅਨੂਪ (ਲਿਪੀਅੰਤਰ ਅਤੇ ਸੰਪਾਦਨਾ)
ਅਨੂਪ ਨੇ ਉਰਦੂ ਨਾ ਪੜ੍ਹ ਸਕਣ ਵਾਲੇ ਪਾਠਕਾਂ ਲਈ ਮੁਨੀਰ ਨਿਯਾਜ਼ੀ ਦੀ ਸ਼ਾਇਰੀ ਨੂੰ ਪੰਜਾਬੀ ਵਿਚ ਲਿਪੀਅੰਤਰ ਕਰਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ ਜਿਸ ਨਾਲ ਪੰਜਾਬੀ ਦੇ ਪਾਠਕ ਵੀ ਮੁਨੀਰ ਨਿਯਾਜ਼ੀ ਦੀ ਮੁਹੱਬਤੀ ਸ਼ਾਇਰੀ ਦਾ ਲੁਤਫ ਲੈ ਸਕਣਗੇ। ਦੂਜੀ ਪੁਸਤਕ ‘ਤੁਸੀਂ ਜੇ ਬਹੁਤ ਕੋਮਲ ਹੋ’ ਵਿਚ ਹਰਿਆਣੇ ਦੇ ਨਾਮਵਰ ਸ਼ਾਇਰ ਜਨਾਬ ਹਰਭਜਨ ਸਿੰਘ ਕੋਮਲ ਹੁਰਾਂ ਦੀਆਂ ਚੋਣਵੀਆਂ ਗ਼ਜ਼ਲਾਂ ਨੂੰ ਸੰਪਾਦਿਤ ਕਰਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਿਆ ਗਿਆ ਹੈ। ਹਰਭਜਨ ਸਿੰਘ ਕੋਮਲ ਕੇਵਲ ਹਰਿਆਣੇ ਤੱਕ ਸੀਮਤ ਸ਼ਾਇਰ ਨਹੀਂ ਸਨ ਬਲਕਿ ਉਹ ਮੁੱਖਧਾਰਾ ਦੇ ਪੰਜਾਬੀ ਸ਼ਾਇਰਾਂ ਵਿਚੋਂ ਇਕ ਗਿਣੇ ਜਾਂਦੇ ਸਨ। ਅਨੁਪਿੰਦਰ ਸਿੰਘ ਅਨੂਪ ਹੁਰਾਂ ਦੀ ਸ਼ਾਇਰੀ ਉੱਪਰ ਵੀ ਹਰਭਜਨ ਕੋਮਲ ਹੁਰਾਂ ਦਾ ਪਭਾਵ ਦੇਖਿਆ ਜਾ ਸਕਦਾ ਹੈ/ ਪੜ੍ਹਿਆ ਜਾ ਸਕਦਾ ਹੈ। ਆਖ਼ਰ ਵਿਚ ਉੱਪਰ ਕੀਤੀ ਗਈ ਵਿਚਾਰ ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਹਰ ਵਰੵੇ ਵਾਂਗ ਇਸ ਵਰੵੇ 2023 ਵਿਚ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ- ਲੇਖਿਕਾਵਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਵਧੀਆ ਕਾਰਗੁਜਾਰੀ ਦਿਖਾਈ ਹੈ। ਮੁੱਖਧਾਰਾ ਦੇ ਪੰਜਾਬੀ ਸਾਹਿਤ ਵਿਚ ਹਰਿਆਣੇ ਦੇ ਪੰਜਾਬੀ ਸਾਹਿਤ ਨੂੰ ਸਨਮਾਨਯੋਗ ਥਾਂ ਦਿੱਤੀ ਜਾਂਦੀ ਹੈ ਕਿਉਂਕਿ ਹਰਿਆਣੇ ਦੇ ਪੰਜਾਬੀ ਲੇਖਕ ਹਰ ਵਰੵੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਆ ਰਹੇ ਹਨ ਅਤੇ ਭੱਵਿਖ ਵਿਚ ਵੀ ਨਿਭਾਉਂਦੇ ਰਹਿਣਗੇ ਡਾ. ਨਿਸ਼ਾਨ ਸਿੰਘ ਰਾਠੌਰ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009