ਪੁਸਤਕ : ਅਦੀਬ ਸਮੁੰਦਰੋਂ ਪਾਰ ਦੇ
ਇਨ੍ਹਾਂ ਨੂੰ ਸਾਹਮਣੇ ਲਿਆਉਣ ਦੇ ਬਹੁਤ ਹੀ ਘੱਟ ਉਪਰਾਲੇ ਹੋਏ ਹਨ। ਇਸ ਤਰ੍ਹਾਂ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਹਰਮੀਤ ਸਿੰਘ ਅਟਵਾਲ ਨੇ। ਅਦਬੀ ਖੇਤਰ ’ਚ ਉਨ੍ਹਾਂ ਦਾ ਬਹੁਤ ਵੱਡਾ ਨਾਂ ਹੈ ਤੇ ਉਨ੍ਹਾਂ ਦੀ ਜਾਣ-ਪਛਾਣ ਦਾ ਘੇਰਾ ਵੀ ਬਹੁਤ ਜ਼ਿਆਦਾ ਵਸੀਹ ਹੈ। ਉਨ੍ਹਾਂ ਨੇ ‘ਅਦੀਬ ਸਮੁੰਦਰੋਂ ਪਾਰ ਦੇ’ ਨਾਂ ਦਾ ਕਾਲਮ ‘ਪੰਜਾਬੀ ਜਾਗਰਣ’ ’ਚ ਸ਼ੁਰੂ ਕੀਤਾ, ਜਿਸ ਰਾਹੀਂ ਵੱਖ-ਵੱਖ ਵਿਧਾਵਾਂ ’ਚ ਲਿਖਣ ਵਾਲੇ ਸਾਹਿਤਕਾਰਾਂ ਦੀ ਰਚਨਾਕਾਰੀ ਤੇ ਘਾਲਣਾ ਨੂੰ ਲੋਕਾਈ ਸਾਹਮਣੇ ਲਿਆਂਦਾ। ਪਾਠਕਾਂ ਨੇ ਇਸ ਕਾਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਪਾਠਕਾਂ ਦੀਆਂ ਚਿੱਠੀਆਂ ਇਸ ਕਾਲਮ ਦੀ ਮਕਬੂਲੀਅਤ ਦਾ ਪ੍ਰਮਾਣ ਹਨ। ਇਸ ਕਾਲਮ ਨੂੰ ਕਿਤਾਬੀ ਰੂਪ ਦੇਣਾ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ। ਅਟਵਾਲ ਹੁਰਾਂ ਨੇ ਹਰ ਸਾਹਿਤਕਾਰ ਦੇ ਸਿਰਫ਼ ਜੀਵਨ ਤੇ ਰਚਨਾਕਾਰੀ ਦੀ ਤਫ਼ਸੀਲ ਹੀ ਨਹੀਂ ਬਿਆਨ ਕੀਤੀ ਸਗੋਂ ਉਨ੍ਹਾਂ ਦੀ ਲਿਖਣ ਸ਼ੈਲੀ, ਵਿਸ਼ਾ ਪੱਖ ਤੇ ਰੂਪਕ ਪੱਖ ਤੋਂ ਆਲੋਚਨਾਤਮਿਕ ਟਿੱਪਣੀਆਂ ਵੀ ਦਿੱਤੀਆਂ ਹਨ। ਹਰ ਲੇਖਕ ਬਾਰੇ ਸਮਕਾਲੀ ਸਾਹਿਤਕਾਰਾਂ ਦੇ ਵਿਚਾਰ ਵੀ ਸ਼ਾਮਲ ਕੀਤੇ ਗਏ ਹਨ। ਇਸ ਕਿਤਾਬ ’ਚ 61 ਲੇਖਕ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ’ਚ 20 ਔਰਤਾਂ ਵੀ ਸ਼ਾਮਲ ਹਨ। ਵਿਦੇਸ਼ ’ਚ ਰਹਿੰਦੀਆਂ ਪੰਜਾਬ ਦੀਆਂ ਅਦੀਬ ਔਰਤਾਂ ਬਾਰੇ ਜਾਣਕਾਰੀ ਇਸ ਕਿਤਾਬ ਦੀ ਦਿਲਚਸਪੀ ’ਚ ਹੋਰ ਵਾਧਾ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਵਿਦੇਸ਼ੀ ਧਰਤੀ ਦੇ ਅਨੁਭਵ ਰਾਹੀਂ ਔਰਤ ਦੀ ਆਲਮੀ ਸਥਿਤੀ ਨੂੰ ਬਿਆਨਿਆ ਹੈ। ਲੇਖਕ ਨੂੰ ਇਹ ਕੰਮ ਨੇਪਰੇ ਚਾੜ੍ਹਨ ਵਾਸਤੇ ਬਹੁਤ ਜ਼ਿਆਦਾ ਮੁਸ਼ੱਕਤ ਕਰਨੀ ਪਈ ਹੈ, ਇਸ ਦਾ ਅਹਿਸਾਸ ਪੜ੍ਹਨ ਵਾਲੇ ਨੂੰ ਭਲੀਭਾਂਤ ਹੁੰਦਾ ਹੈ। ਇਹ ਕਿਤਾਬ ਪਰਵਾਸੀ ਪੰਜਾਬੀ ਸਾਹਿਤ ਦੇ ਖੋਜਾਰਥੀਆਂ ਲਈ ਵੀ ਬਹੁਤ ਮਦਦਗਾਰ ਹੋਵੇਗੀ। ਪੰਜਾਬੀ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ। – ਗੁਰਪ੍ਰੀਤ ਖੋਖਰ |