15 October 2024

ਡਾ. ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਸਮਾਜਿਕਤਾ ਦਾ ਪ੍ਰਤੀਕ—ਉਜਾਗਰ ਸਿੰਘ, ਪਟਿਆਲਾ    

ਗ਼ਜ਼ਲ ਨੂੰ ਹੁਣ ਤੱਕ ਰੁਮਾਂਸਵਾਦ  ਵਿੱਚ ਪਰੁਚੀ ਇਸਤਰੀ ਲਿੰਗ ਮਹਿਸੂਸ ਕੀਤਾ ਜਾਂਦਾ ਰਿਹਾ ਹੈ। ਪੰਜਾਬੀ ਗ਼ਜ਼ਲ ਵਿੱਚ ਵੀ ਬਹੁਤੀਆਂ ਗ਼ਜ਼ਲਾਂ ਇਸਤਰੀ ਅਤੇ ਰੁਮਾਂਸਵਾਦ  ਦੇ ਆਲੇ ਦੁਆਲੇ ਹੀ ਘੁੰਮਦੀਆਂ ਰਹੀਆਂ ਹਨ। ਸਮੇਂ ਦੀ ਤਬਦੀਲੀ ਨਾਲ ਗ਼ਜ਼ਲ ਦਾ ਵਿਸ਼ਾ ਵਸਤੂ ਅਤੇ ਰੂਪ ਰੇਖਾ ਬਦਲ ਗਈ ਹੈ, ਭਾਵੇਂ ਰੁਮਾਂਸਵਾਦ ਦੀ ਪ੍ਰਵਿਰਤੀ ਅਜੇ ਵੀ ਅੰਸ਼ਕ ਰੂਪ ਵਿੱਚ ਬਰਕਰਾਰ ਹੈ। 

ਡਾ. ਹਰਬੰਸ ਕੌਰ ਗਿੱਲ ਨੇ ਵਾਰਤਕ ਦੀਆਂ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹੋਈਆਂ ਹਨ ਪਰੰਤੂ ‘ਰੂਹ ਦੇ ਰੰਗ’ ਉਨ੍ਹਾਂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ। ‘ਰੂਹ ਦੇ ਰੰਗ’ ਦੀਆਂ ਗ਼ਜ਼ਲਾਂ ਸਮਾਜਿਕਤਾ, ਰੁਮਾਂਸਵਾਦ ਅਤੇ ਅਧਿਆਮਿਕਤਾ ਦੇ ਰੰਗ ਵਿੱਚ ਰੰਗੀਆਂ ਹੋਈਆਂ ਹਨ। ਸ਼ਾਇਰਾ ਦੀਆਂ ਗ਼ਜ਼ਲਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਆ ਰਹੀ ਹੈ ਕਿਉਂਕਿ ਡਾ.ਹਰਬੰਸ ਕੌਰ ਗਿੱਲ ਅਤੇ ਉਨ੍ਹਾਂ ਦੀਆਂ ਗ਼ਜ਼ਲਾਂ ਦੀ ਪਿੱਠਭੂਮੀ ਪੰਜਾਬੀ ਵਿਰਾਸਤ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਦੇ ਸ਼ਿਅਰ ਵਗਦੇ ਦਰਿਆ ਦੇ ਪਾਣੀ ਦੇ ਵਹਿਣ ਦੀ ਤਰ੍ਹਾਂ ਵਹਿੰਦੇ ਹੋਏ ਪਾਠਕ ਦੇ ਮਨ ਵਿੱਚ ਅਜਿਹੀਆਂ ਛੱਲਾਂ ਉਛਾਲਦੇ ਹਨ, ਜਿਹੜੀਆਂ ਸੰਗੀਤ ਦੀਆਂ ਸੁਰਾਂ ਪੈਦਾ ਕਰਦੀਆਂ ਹਨ। ਸਮਾਜਿਕ ਤਾਣੇ ਬਾਣੇ ਵਿੱਚ ਰੋਜ ਮਰਰ੍ਹਾ ਦੇ ਜੀਵਨ ਵਿੱਚ ਜੋ ਕੁਝ ਵਾਪਰਦਾ ਹੈ, ਉਸਦੇ ਪ੍ਰਭਾਵ ਦਾ ਪ੍ਰਤੱਖ ਪ੍ਰਮਾਣ ਡਾ.ਗਿੱਲ ਦੀਆਂ ਗ਼ਜ਼ਲਾਂ ਵਿੱਚੋਂ ਮਿਲਦਾ ਹੈ। ਖਾਸ ਤੌਰ ‘ਤੇ ਜੋ ਘਟਨਾਵਾਂ ਸਮਾਜ ਵਿੱਚ ਵਾਪਰਦੀਆਂ ਹਨ, ਜਿਨ੍ਹਾਂ ਦਾ ਪ੍ਰਭਾਵ ਸਮੁੱਚੀ ਮਾਨਵਤਾ ਦੇ ਜੀਵਨ ‘ਤੇ ਗਹਿਰਾ ਅਸਰ ਪਾਉਂਦਾ ਹੈ, ਉਹ ਸ਼ਾਇਰਾ ਦੇ ਸ਼ਿਅਰਾਂ ਦਾ ਪਹਿਰਾਵਾ ਪਹਿਨ ਕੇ ਸਮਾਜ ਨੂੰ ਝੰਜੋੜਦੀਆਂ ਹਨ। ਉਹ ਪੰਜਾਬੀ ਜੀਵਨ ਵਿੱਚ ਵਰਤੀ ਜਾਂਦੀ ਲੋਕਧਾਰਾ ਵਾਲੀ ਵਿਰਾਸਤੀ ਸ਼ਬਦਾਵਲੀ ਦੀ ਵਰਤੋਂ ਕਰਦੀ ਹੈ। 

ਪੰਜਾਬ ਵਿੱਚ ਡਾ.ਹਰਬੰਸ ਕੌਰ ਗਿੱਲ ਨੇ ਬਚਪਨ ਤੋਂ ਪ੍ਰੌੜ੍ਹ ਉਮਰ ਤੱਕ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਦਿਆਂ ਜੋ ਕੁਝ ਵੇਖਿਆ, ਮਹਿਸੂਸ ਕੀਤਾ ਅਤੇ ਹੰਢਾਇਆ, ਉਸ ਨੂੰ ਆਪਣੀਆਂ ਗ਼ਜ਼ਲਾਂ ਦਾ ਵਿਸ਼ਾ ਵਸਤੂ ਬਣਾਇਆ ਹੈ। ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਗ਼ਜ਼ਲ ਬਾਰੇ ਸੰਪੂਰਨ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਅਜਿਹਾ ਹੱਥ ਅਜਮਾਇਆ ਜੋ ਗ਼ਜ਼ਲਾਂ ਨੂੰ ਵਿਲੱਖਣਤਾ ਦਾ ਜਾਮਾ ਪਹਿਨਾ ਗਿਆ। ਆਮ ਤੌਰ ‘ਤੇ ਹਰ ਸ਼ਾਇਰ ਕਚਘਰੜ ਜਿਹੀ ਸਾਹਿਤਕ ਉਮਰ ਵਿੱਚ ਹੀ ਗ਼ਜ਼ਲ ਲਿਖਣ ਨੂੰ ਤਰਜ਼ੀਹ ਦੇਣ ਲੱਗ ਜਾਂਦਾ ਹੈ। ਡਾ. ਗਿੱਲ ਨੇ ਪੱਕੇ ਪੈਰੀਂ ਹੱਥ ਪਾਇਆ ਹੈ। ਉਨ੍ਹਾਂ ਦੀਆਂ ਗ਼ਜ਼ਲਾਂ, ਗ਼ਜ਼ਲ ਦੇ ਮਾਪ ਦੰਡਾਂ ‘ਤੇ ਪੂਰੀਆਂ ਉਤਰਦੀਆਂ ਹਨ। ਉਨ੍ਹਾਂ ਦੀ ਲਗਪਗ ਹਰ ਗ਼ਜ਼ਲ ਵਿੱਚ ਘੱਟੋ ਘੱਟ ਦੋ ਸ਼ਿਅਰ ਸਮਾਜ ਵਿੱਚ ਵਾਪਰ ਰਹੀਆਂ ਸੁਖਾਵੀਂਆਂ/ਅਣਸੁਖਾਵੀਆਂ ਘਟਨਾਵਾਂ ਅਤੇ ਜ਼ੋਰ ਜ਼ਬਰਦਸਤੀਆਂ ਬਾਰੇ ਹਨ। ਭਾਵ ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ ਹੁੰਦੀ ਹੈ। ਰੁਮਾਂਟਿਕ ਗ਼ਜ਼ਲਾਂ ਵਿੱਚ ਵੀ ਸਮਾਜਵਾਦ ਦੀ ਝਲਕ ਵਿਖਾਈ ਦਿੰਦੀ ਹੈ। ਸ਼ਾਇਰਾ ਨੇ ਗ਼ਜ਼ਲ ਨੂੰ ਰੂਹਾਨੀ ਰੂਪ ਵੀ ਦਿੱਤਾ ਹੈ, ਜਿਸ ਦਾ ਸਬੂਤ ਉਨ੍ਹਾਂ ਦੀ ਪਹਿਲੀ ਗ਼ਜ਼ਲ ਹੀ ਹੈ, ਜਿਸ ਵਿੱਚ ਉਹ ਅਧਿਆਤਮਿਕਤਾ ਦਾ ਪ੍ਰਗਟਾਵਾ ਕਰਦੀ ਹੈ। ਮੇਰੇ ਖਿਆਲ ਮੁਤਾਬਕ ਡਾ.ਹਰਬੰਸ ਕੌਰ ਗਿੱਲ ਪਹਿਲੀ ਗ਼ਜ਼ਲਗੋ ਹੈ, ਜਿਨ੍ਹਾਂ ਨੇ ਅਧਿਆਤਮਿਕ ਰੰਗ ਦੇ ਗਲੇਫ ਵਿੱਚ ਲਪੇਟ ਕੇ ਗ਼ਜ਼ਲ ਲਿਖੀ ਹੈ। ਉਹ ਲਿਖਦੇ ਹਨ,

ਨਿਰਭਉੁ ਨਿਰਵੈਰ ਦਾ ਜਿਸ ਵਿੱਚ ਪਸਾਰਾ ਹੋ ਗਿਆ,
ਓਸ ਦਾ ਸੰਸਾਰ ਫਿਰ ਸਾਰੇ ਦਾ ਸਾਰਾ ਹੋ ਗਿਆ।
ਵੈਰ, ਨਫ਼ਰਤ, ਬੇਵਿਸਾਹੀ ਖੰਭ ਲਾ ਕੇ ਉਡ ਗਏ,
ਨਾਮ ਦੀ ਬਰਕਤ ਮੇਰਾ ਹਰ ਸਿਤਾਰਾ ਹੋ ਗਿਆ।

ਡਾ.ਹਰਬੰਸ ਕੌਰ ਗਿੱਲ ਦੀਆਂ ਗ਼ਜ਼ਲਾਂ ਦੇ ਵਿਸ਼ੇ ਬਹੁ-ਰੰਗੀ, ਬਹੁ-ਪਰਤੀ ਅਤੇ ਬਹੁ-ਪੱਖੀ ਹਨ। ਸਮਾਜ ਵਿੱਚ ਵਾਪਰ ਰਹੀ ਹਰ ਵਿਸੰਗਤੀ ਦੇ ਵਿਰੁੱਧ ਉਨ੍ਹਾਂ ਆਪਣੀਆਂ ਗ਼ਜ਼ਲਾਂ ਵਿੱਚ ਆਵਾਜ਼ ਉਠਾਈ ਹੈ। ਸ਼ਾਇਰਾ ਨੇ ਬਲਾਤਕਾਰ, ਰਾਜਨੀਤਕ ਤਿਗੜਮਬਾਜ਼ੀ,  ਹਓਮੈ, ਗ਼ਰੀਬ ਅਮੀਰ ਦਾ ਪਾੜਾ, ਵਿਖਾਵਾ, ਮਖੌਟੇਬਾਜ਼ੀ, ਨਫ਼ਰਤ, ਦਗ਼ਾ-ਫ਼ਰੇਬ, ਝੂਠ ਦਾ ਪਸਾਰਾ, ਕੁਦਰਤ, ਵਾਤਾਵਰਨ, ਪ੍ਰਦੂਸ਼ਨ ਦਾਜ-ਦਹੇਜ ਅਤੇ ਇਸਤਰੀਆਂ ਨੂੰ ਸਾੜ ਕੇ ਮਾਰਨ ਨੂੰ ਵਿਸ਼ਾ ਬਣਾਇਆ ਹੈ। ਲੋਕਾਈ ਦਾ ਦੁੱਖ ਦਰਦ ਉਨ੍ਹਾਂ ਦੀ ਮਾਨਸਿਕਤਾ ਨੂੰ ਕੁਰੇਦਦਾ ਰਹਿੰਦਾ ਹੈ, ਜਿਸ ਕਰਕੇ ਉਨ੍ਹਾਂ ਨੇ ਲੋਕਾਂ ਦੀ ਦੁੱਖਦੀ ਰਗ ‘ਤੇ ਹੱਥ ਰੱਖਿਆ ਹੈ। ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਜਾਗ੍ਰਤ ਕਰਨ ਲਈ ਉਹ ਤੁਣਕੇ ਲਗਾਉਂਦੀ ਰਹਿੰਦੀ ਹੈ: 

ਓਸ ਨੂੰ ਦੁਨੀਆਂ ਦੇ ਅੰਦਰ ਹੱਕ ਨਹੀਂ ਹੈ ਜੀਣ ਦਾ,
ਜਿਸ ਨੇ ਸਿਰ ਆਪਣਾ ਤਲੀ ਉੱਤੇ ਨਾ ਧਰ ਕੇ ਦੇਖਿਆ।

ਪਰਵਾਸ ਵਿੱਚ ਬੱਚਿਆਂ ਦੇ ਜਾਣ ਨਾਲ ਮਾਪਿਆਂ ਦੀ ਅਣਵੇਖੀ ਹੋ ਰਹੀ ਹੈ। ਇਸ ਦੇ ਸੰਤਾਪ ਦਾ ਜ਼ਿਕਰ ਵੀ ਕਵਿਤਰੀ ਆਪਣੀਆਂ ਗ਼ਜ਼ਲਾਂ ਵਿੱਚ ਕਰਦੀ ਹੈ। ਉਹ ਲੋਕਾਂ ਨੂੰ ਮਿਹਨਤ ਮੁਸ਼ੱਕਤ ਕਰਨ ਦੀ ਪ੍ਰੇਰਨਾ ਕਰਦੀ ਹੋਈ ਸਲਾਹ ਦਿੰਦੀ ਹੈ ਕਿ ਮੁਕੱਦਰਾਂ ‘ਤੇ ਵਿਸ਼ਵਾਸ਼ ਕਰਨ ਵਾਲੇ ਪਛੜ ਜਾਂਦੇ ਹਨ। ਇਕ ਗ਼ਜ਼ਲ ਵਿੱਚ ਲਿਖਦੀ ਹੈ,

ਐਵਰੈਸਟ ਕਦੇ ਵਿਆਹੀ ਨਾ ਜਾਂਦੀ, ਜੇ ਹਿੰਮਤ ਨੇ ਸਿਹਰੇ ਸਜਾਏ ਨਾ ਹੁੰਦੇ।

ਆਪਣੀ ਇਕ ਹੋਰ ਗ਼ਜ਼ਲ ਵਿੱਚ ਰੁੱਤਾਂ ਦੀ ਕਹਾਣੀ ਦਾ ਜ਼ਿਕਰ ਕਰ ਰਹੇ ਹਨ, ਜਿਸ ਦਾ ਭਾਵ ਹੈ ਕਿ ਜਿਸ ਇਨਸਾਨ ਨਾਲ ਜਦੋਂ ਕੋਈ ਜ਼ਿਆਦਤੀ ਹੁੰਦੀ ਹੈ ਤਾਂ ਉਸ ਦੀ ਤਕਲੀਫ਼ ਬਾਰੇ ਉਹ ਹੀ ਜਾਣ ਸਕਦਾ ਹੈ। ਜ਼ਿੰਦਗੀ ਦੁੱਖ ਸੁੱਖ ਦਾ ਦੂਜਾ ਨਾਮ ਹੈ। ਮਨੁੱਖ ਦੇ ਅੰਦਰ ਹੀ ਸਭ ਕੁਝ ਹੈ ਪਰੰਤੂ ਮਨੁੱਖ ਬਾਹਰ ਭਟਕਦਾ ਰਹਿੰਦਾ ਹੈ। ਗੁੱਸਾ, ਨਕਲੀ ਹਾਸਾ, ਹੁਸਨ-ਜਵਾਨੀ, ਬੇਫ਼ਾਈ, ਧੋਖਾ, ਹਓਮੈ ਅਤੇ ਆਪੋ ਧਾਪੀ ਸਭ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਹਨ। ਡਾ.ਹਰਬੰਸ ਕੌਰ ਗਿੱਲ ਦਾ ਪਿਛੋਕੜ ਦਿਹਾਤੀ ਇਲਾਕੇ ਦਾ ਹੈ, ਇਸ ਲਈ ਉਨ੍ਹਾਂ ਦੀਆਂ ਗ਼ਜ਼ਲਾਂ ਵਿੱਚ ਕਿਸਾਨੀ ਦੀ ਦੁਰਦਸ਼ਾ ਅਤੇ ਕਿਸਾਨਾ ਦੇ ਬੱਚਿਆਂ ਵੱਲੋਂ ਖੇਤੀ ਕਰਨ ਤੋਂ ਪਾਸਾ ਵੱਟਣ ਦੀ ਚਿੰਤਾ ਸਾਫ ਵਿਖਾਈ ਦਿੰਦੀ ਹੈ ਜਦੋਂ ਉਹ ਆਪਣੇ ਸ਼ਿਅਰਾਂ ਵਿੱਚ ਲਿਖਦੀ ਹੈ:

ਖੇਤੀ ਖਸਮਾਂ ਸੇਤੀਇਹ ਗੱਲ ਸੱਚੀ ਹੈ,
ਪਰ ਇਕ ਗੇੜਾ ਖੇਤਾਂ ਵਲ ਵੀ ਲਾਇਆ ਕਰ।
ਉਮਰ ਭਰ ਜਿਸ ਸ਼ਖ਼ਸ ਨੇ ਨਾ ਕੰਮ, ਕਰਕੇ ਦੇਖਿਆ,
ਕੁਝ ਨਹੀਂ ਉਹ, ਜਿਸ ਨਹੀਂ ਸੜ ਕੇ ਜਾਂ ਠਰ ਕੇ ਦੇਖਿਆ।
ਇਹ ਸਚਾਈ ਹੈ ਕਿ ਉਹ ਜ਼ਰਖ਼ੇਜ਼ ਹੋ ਸਕਦੀ ਨਹੀਂ,
ਜਿਹੜੀ ਮਿੱਟੀ ਨੇ ਨਹੀਂ ਮੀਂਹਾਂ ਖ਼ਰ ਕੇ ਦੇਖਿਆ।
ਜੰਮਣੋਂ ਪਹਿਲਾਂ ਹੀ ਉਹ ਫ਼ਸਲਾਂ ਮਰ ਜਾਵਣ,
ਜੇਕਰ ਬੱਦਲ ਜਲ ਥਲ ਮੂੰਹਜ਼ੋਰ ਕਰੇ।

ਕਵਿਤਰੀ ਇਸਤਰੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਅਤੇ ਬਲਾਤਕਾਰ ਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕਰਦੀ ਹੋਈ ਆਪਣੀਆਂ ਗ਼ਜ਼ਲਾਂ ਵਿੱਚ ਲਿਖਦੀ ਹੈ ਕਿ ਹੁਣ ਕੁੜੀਆਂ ਚਿੜੀਆਂ ਨਹੀਂ ਰਹੀਆਂ। ਉਹ ਬੇਬਸ ਨਹੀਂ ਹਨ। ਉਹ ਜ਼ੁਲਮ ਦੇ ਵਿਰੁੱਧ ਲਾਮਬੰਦ ਹੋ ਕੇ ਆਵਾਜ਼ ਬੁਲੰਦ ਕਰਨਗੀਆਂ,

ਦੱਸੋ, ਆਵਾਰਾ ਸਾਨ੍ਹਾਂ ਨੂੰ, ਹੁਣ ਕਦ ਨੱਥਾਂ ਪੈਣਗੀਆਂ?
ਕਦ ਤਕ ਬਾਜ਼ਾਂ ਕੋਲੋਂ, ਡਰਦੀਆਂ ਰਹਿਣਗੀਆਂ?

ਕਦ ਤੀਕਰ ਕਲੀਆਂ ਦੀ ਅਸਮਤ ਲੁੱਟੀ ਜਾਵੇਗੀ?
ਨਵੀਆਂ ਨਸਲਾਂ ਆਉਂਦੇ ਕੱਲ੍ਹ ਸਾਨੂੰ ਕੀ ਕਹਿਣਗੀਆਂ?

ਚਿੜੀਆਂ ਦਸਮੇਸ਼ੀ ਮਤਾ ਪਕਾਇਆ, ਬਾਜ਼ਾਂ ਸੰਗ ਲੜਨਾ,
ਅੱਜ ਦੀਆਂ ਚਿੜੀਆਂ ਹੁਣ ਨਾ, ਜ਼ੁਲਮਾਂ ਤਾਈਂ ਸਹਿਣਗੀਆਂ।

ਸ਼ਾਇਰਾ ਨੇ ਆਪਣੀਆਂ ਕਈ ਗ਼ਜ਼ਲਾਂ ਵਿੱਚ ਸਿਆਸਤਦਾਨਾ ਦੀਆਂ ਆਪਹੁਦਰੀਆਂ ਹਰਕਤਾਂ ਦਾ ਪਰਦਾ ਫਾਸ਼ ਕੀਤਾ ਹੈ। ਰਾਜਨੀਤਕ ਲੋਕਾਂ ਦੇ ਕਿਰਦਾਰਾਂ ਤੇ ਕਿੰਤੂ ਪ੍ਰੰਤੂ ਕਰਦੀ ਸ਼ਇਰਾ ਲਿਖਦੀ ਹੈ ਕਿ ਸਿਆਸਤਦਾਨ ਵੋਟਾਂ ਦੀ ਖ਼ਾਤਰ ਡੇਰੇਦਾਰਾਂ ਦੇ ਚਕਰਾਂ ਵਿੱਚ ਪੈ ਕੇ ਵੋਟਾਂ ਵਟੋਰਦੇ ਹਨ ਅਤੇ ਸਰਮਾਏਦਾਰਾਂ ਦੇ ਹੱਥਠੋਕੇ ਬਣ ਗਏ ਹਨ। ਨੌਜਵਾਨਂੀ ਨੂੰ ਨਸ਼ਿਆਂ ਵਿਚ ਲਗਾਉਣ ਦੇ ਉਹ ਜ਼ਿੰਮੇਵਾਰ ਹਨ:

ਬਣੇ ਮਾਲਿਕ ਜਿੱਤਾਂ ਹਾਰਾਂ ਦੇ, ਦੇਖ ਸਾਧਾਂ ਦੇ ਜੋ ਡੇਰੇ ਨੇ,
ਹੁਣ ਸਰਕਾਰੂ ਕੁਝ ਨਹੀਂ ਰਹਿਣਾ, ਅਡਾਨੀਆਂ ਪਾਏ ਘੇਰੇ ਨੇ।
ਲੀਡਰ ਪੂਰੀ ਬੋਤਲ ਪੀ ਕੇ, ਪਿੰਡ ਨਸ਼ੇ ਤੋਂ ਮੁਕਤ ਕਰਾ ਗਿਆ।
ਉਹ ਬਖ਼ਸ਼ਣ ਦੇ ਕਾਬਿਲ ਨਹੀਂਓਂ, ਜੋ ਸਾਨੂੰ ਚਿੱਟੇਤੇ ਜੋ ਲਾ ਗਿਆ।
ਇਸ ਨੇ ਦਿੱਤੀ ਮਾਰ ਜਵਾਨੀ, ਠੇਕਾ ਪਿੰਡ ਮੇਰੇ ਨੂੰ ਖਾ ਗਿਆ।

ਡਾ. ਗਿੱਲ ਆਪਣੀਆਂ ਗ਼ਜ਼ਲਾਂ ਵਿੱਚ ਪਿਆਰ ਮੁਹੱਬਤ ਨੂੰ ਘਾਟੇ ਦਾ ਸੌਦਾ ਕਹਿ ਰਹੇ ਹਨ ਕਿਉਂਕਿ ਲੋਕ ਮਖੌਟੇ ਪਾਈ ਫਿਰਦੇ ਹਨ,

ਉਹ ਖ਼ੁਸ਼ਬੂ ਖ਼ੁਸ਼ਬੂ ਹੋ ਜਾਂਦੈ, ਜੋਮੈਂਨੂੰ ਮਾਰ ਮੁਕਾਉਂਦਾ ਏ।
ਇਸ਼ਕ ਦਾ ਸੌਦਾ ਅਵੱਲਾ, ਨਾ ਨਫ਼ਾ ਹੈ ਏਸ ਵਿੱਚ,
ਜਿਸ ਨੇ ਨਿਹੁੰ ਲਾਇਆ ਵਿਚਾਰਾ ਸ਼ਖ਼ਸ ਹੋ ਬੇਘਰ ਗਿਆ।
ਇਸ਼ਕ ਵੀ ਹੁੰਦਾ ਹੈ ਬੀਮਾਰੀ, ਖਾ ਕੇ ਮਾਰ ਸਮਝ ਵਿੱਚ ਗਿਆ।
ਪਰਦੇ ਉਹਲੇ ਸ਼ਕਲ ਲੁਕਾਈ ਹੈ ਸਭ ਨੇ,
ਕਿੰਝ ਪਛਾਣਾਂ, ਖੋਟੇ ਹਨ ਕੌਣ ਖ਼ਰੇ?
ਹੈ ਦਰਿਆ ਅੱਗ ਦਾ ਇਹ ਇਸ਼ਕ ਸੱਚਮੁਚ ਹੀ,
ਮਗਰ ਉਤਰਨ ਸਮੇਂ ਕਿਹੜਾ ਵਿਚਾਰਦਾ।

ਕਵਿਤਰੀ ਲੋਕਾਈ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਮਰਕੱਸੇ ਕਸਣ  ਦੀ ਤਾਕੀਦ ਕਰਦੀ ਹੈ। ਹਿੰਮਤ ਅਤੇ ਜਦੋਜਹਿਦ ਕਰਨ ਤੋਂ ਬਿਨਾ ਸਫਲਤਾ ਨਹੀਂ ਮਿਲਦੀ ਇਸ ਲਈ ਉਹ ਲਿਖਦੀ ਹੈ:

ਬੇਦਰਦੀ ਰੁੱਤ ਹੈ, ਖ਼ੁਦ ਨੂੰ ਇਸਪਾਤ ਬਣਾਉਣਾ ਪੈਣਾ ਏਂ।
ਹੁਣ ਸਾਨੂੰ ਹੱਕ ਲੈਣ ਲਈ, ਕੁਝ ਜ਼ੋਰ ਲਗਾਉਣਾ ਪੈਣਾ ਏਂ।

ਚੇਤੇ ਰੱਖੀਂ, ਕੱਚੇ ਘਰ ਹੁਣ ਮਹਿਲਾਂ ਨੂੰ ਵੰਗਾਰਨਗੇ,
ਮਹਿਲਾਂ ਨੂੰ ਇਹਨਾ ਦੇ ਸਿਰਤੇ, ਤਾਜ ਸਜਾਉਣਾ ਪੈਣਾ ਏਂ।

ਏਥੇ ਤਾਂ ਤਕੜਾ ਮਾੜੇ ਨੂੰ, ਮੁੱਢ ਤੋਂ ਹੀ ਧਮਕਾਉਂਦਾ ਹੈ,
ਹੁਣ ਦਾਤਰ, ਖੁਰਪੇ, ਕਹੀਆਂ ਨੂੰ, ਹਥਿਆਰ ਬਣਾਉਣਾ ਪੈਣਾ ਏਂ।

ਸਚਿਤਰ ਰੰਗਦਾਰ ਮੁੱਖ ਕਵਰ, 104 ਪੰਨਿਆਂ, 86 ਗ਼ਜ਼ਲਾਂ ਅਤੇ 295 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮ:ਐਸ.ਏ.ਐਸ. ਨਗਰ ਮੋਹਾਲੀ/ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ। ਭਵਿਖ ਵਿੱਚ ਕਵਿਤਰੀ ਤੋਂ ਹੋਰ ਵਧੀਆ ਗ਼ਜ਼ਲ ਸੰਗ੍ਰਹਿ ਦੀ ਕਾਮਨਾ ਕੀਤੀ ਜਾ ਸਕਦੀ ਹੈ।
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
***
877
***       

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ