ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ ਛੰਦਬੱਧ ਕਵਿਤਾਵਾਂ ਦਾ ਸੁੰਦਰ ਗੁਲਦਸਤਾ ਹੈ- ‘ਰਸੀਲਾ ਕਾਵਿ’, ਜਿਸਨੂੰ ਪੰਜ ਵਿਸ਼ਿਆਂ ਵਿੱਚ ਐਮ.ਏ. ਪਾਸ ਕਵੀ ਜਸਵਿੰਦਰ ਸਿੰਘ ਰੁਪਾਲ ਨੇ ਡੂੰਘੀ ਮਿਹਨਤ, ਸ਼ੌਕ ਤੇ ਲਗਨ ਨਾਲ਼ ਕਾਵਿ-ਬੱਧ ਕੀਤਾ ਹੈ। ਜਿਵੇਂ ਬ੍ਰਹਿਮੰਡ ਦਾ ਸਮੁੱਚਾ ਪਾਸਾਰਾ ਇੱਕ ਨੇਮ ਤੇ ਮਰਯਾਦਾ ਵਿੱਚ ਬੱਝਾ ਹੋਇਆ ਹੈ, ਤਿਵੇਂ ਹੀ ਕਵਿਤਾ ਦੇ ਕੁਝ ਖਾਸ ਨਿਯਮ ਤੇ ਅਨੁਸ਼ਾਸਨ ਹਨ ਤੇ ਇਹੋ ਪਾਬੰਦੀ ਇਹਨੂੰ ਹੋਰਨਾਂ ਸਾਹਿਤ ਰੂਪਾਂ ਨਾਲ਼ੋਂ ਨਿਖੇੜਦੀ ਹੈ। ਪੰਜਾਬ ਵਿੱਚ ਕਵੀਸ਼ਰੀ ਦੀ ਪਰੰਪਰਾ ਕਾਫ਼ੀ ਪੁਰਾਣੀ ਹੈ, ਜਿਸਨੂੰ ਰਾਜਿਆਂ-ਮਹਾਰਾਜਿਆਂ ਦੇ ਦਰਬਾਰਾਂ ਵਿੱਚ ਕਵੀ-ਜਨਾਂ ਦੁਆਰਾ ਗਾਇਆ ਜਾਂਦਾ ਸੀ। ਆਧੁਨਿਕ ਸਮੇਂ ਵਿੱਚ ਵੀ ਇਹ ਬਗ਼ੈਰ ਸਾਜ਼ ਤੋਂ ਸਿਰਫ਼ ਚੰਗੀ ਜ਼ੋਰਦਾਰ ਅਵਾਜ਼ ਅਤੇ ਇਸ਼ਾਰਿਆਂ ਨਾਲ਼ ਗਾਈ ਜਾ ਸਕਣ ਵਾਲ਼ੀ ਵਿਧਾ ਹੈ। ਗੁਰਦੁਆਰਿਆਂ ਦੇ ਧਾਰਮਿਕ ਸਮਾਗਮਾਂ ਤੋਂ ਇਲਾਵਾ ਇਸਨੂੰ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਦੀਆਂ ਪ੍ਰਤਿਯੋਗਤਾਵਾਂ ਵਿੱਚ ਮੁਹਾਰਤ ਨਾਲ਼ ਪੇਸ਼ ਕੀਤਾ ਜਾਂਦਾ ਹੈ। ਅਕਸਰ ਕਵੀਸ਼ਰੀ ਲਿਖਣ ਤੇ ਗਾਇਨ ਦਾ ਕਾਰਜ ਇੱਕੋ ਵਿਅਕਤੀ ਵੱਲੋਂ ਨਿਭਾਇਆ ਜਾਂਦਾ ਹੈ। ਮਾਲਵੇ ਦੀ ਕਵੀਸ਼ਰੀ ਦਾ ਇਸ ਪਰੰਪਰਾ ਨੂੰ ਅੱਗੇ ਲਿਜਾਣ ਵਿੱਚ ਵੱਡਮੁੱਲਾ ਯੋਗਦਾਨ ਹੈ। ‘ਰਸੀਲਾ ਕਾਵਿ’ ਵੱਖ ਵੱਖ ਵਿਸ਼ਿਆਂ ਤੇ ਲਿਖੀਆਂ ਛੰਦਯੁਕਤ ਕਵਿਤਾਵਾਂ ਦਾ ਸੰਗ੍ਰਹਿ ਹੈ ਤੇ ਛੰਦਾਬੰਦੀ ਦੀਆਂ ਬਾਰੀਕੀਆਂ ਕਵੀ ਨੂੰ ਉੱਘੇ ਕਵੀਸ਼ਰ ਸ. ਦਰਸ਼ਨ ਸਿੰਘ ਭੰਮੇ (ਸਕੱਤਰ, ਕਵੀਸ਼ਰੀ ਵਿਕਾਸ ਮੰਚ ਪੰਜਾਬ) ਤੋਂ ਪ੍ਰਾਪਤ ਹੋਈਆਂ ਹਨ। ਭੰਮੇ ਨੂੰ ਮੈਂ ਇੱਕ ਉਸਤਾਦ ਕਵੀ ਗਰਦਾਨਦਾ ਹਾਂ, ਜਿਸਨੇ ਨਾ ਕੇਵਲ ਖੁਦ ਛੰਦਬੱਧ ਪੁਸਤਕਾਂ ਦੀ ਰਚਨਾ ਕੀਤੀ ਹੈ, ਸਗੋਂ ਉਹ ਸਿਖਾਂਦਰੂ/ ਪੁੰਗਰਦੇ ਕਵੀਆਂ ਨੂੰ ਆਨਲਾਈਨ ਕਾਰਜਸ਼ਾਲਾ ਰਾਹੀਂ ਪਿੰਗਲ ਦੀਆਂ ਰਮਜ਼ਾਂ ਤੋਂ ਪਰਿਚਿਤ ਕਰਵਾ ਰਿਹਾ ਹੈ।
ਇਨ੍ਹਾਂ ਛੰਦਾਂ ਅਧੀਨ ਰੁਪਾਲ ਨੇ ਵੱਖ-ਵੱਖ ਵਿਸ਼ਿਆਂ ਨੂੰ ਪੇਸ਼ ਕੀਤਾ ਹੈ। ਆਗ਼ਾਜ਼ ਵਜੋਂ ਲਹਿਰੀਆ ਛੰਦ ਹੇਠ ‘ਨੱਚੀਏ ਤੇ ਨਚਾਈਏ’ ਨੂੰ ਕੁਝ ਇਸ ਤਰ੍ਹਾਂ ਪ੍ਰਗਟਾਇਆ ਗਿਆ ਹੈ: ਸਾਡੀ ਜ਼ਿੰਦਗੀ ‘ਚ ਤਲਖ਼ੀਆਂ ਬਾਹਲ਼ੀਆਂ। ‘ਰਸੀਲਾ ਕਾਵਿ’ ਪੁਸਤਕ ਦੇ ਵਿਸ਼ੇ ਵਿਵਿਧਮੁਖੀ ਹਨ, ਜਿਸਦੇ ਅੰਤਰਗਤ ਕਵੀ ਨੇ ਸਮਾਜਕ, ਧਾਰਮਿਕ, ਸਭਿਆਚਾਰਕ, ਸਦਾਚਾਰਕ, ਸਿੱਖਿਆਦਾਇਕ, ਸਾਹਿਤਕ, ਨੈਤਿਕ ਆਦਿ ਭਾਵਬੋਧ ਨੂੰ ਪ੍ਰਗਟਾਉਂਦੇ ਸਰੋਕਾਰਾਂ ਨਾਲ਼ ਪਾਠਕਾਂ ਦੀ ਸਾਂਝ ਪੁਆਈ ਹੈ। ਕਵੀ ਨੇ ਸਪਸ਼ਟ ਕੀਤਾ ਹੈ ਕਿ ਲੇਖਨ ਦਾ ਕਾਰਜ ਸੌਖਾ ਨਹੀਂ, ਸਗੋਂ ਇਹਦੇ ਲਈ ਖੂਨ ਵਿੱਚ ਕਲਮ ਡੁਬਾਉਣੀ ਪੈਂਦੀ ਹੈ: ਲਿਖਣਾ ਐਨਾ ਸੌਖਾ ਨਾਹੀਂ, ਏਸ ਤੱਥ ਨੂੰ ਜਾਣੋ। ਕਵੀ ਨੇ ਪੰਜਾਬੀ ਭਾਸ਼ਾ ਦੀ ਪ੍ਰਗਤੀ ਲਈ ਦੁਆ ਕੀਤੀ ਹੈ ਤੇ ਇਸ ਸੰਬੰਧੀ ਉਹਨੇ ਮਾਂ ਬੋਲੀ ਪੰਜਾਬੀ, ਮੇਰਾ ਨਾਉਂ ਪੰਜਾਬੀ, ਕਰਾਂ ਦਿਲੋਂ ਇਹਦਾ ਸਤਿਕਾਰ ਜੀ ਆਦਿ ਕਵਿਤਾਵਾਂ ਦੀ ਰਚਨਾ ਕੀਤੀ ਹੈ। ਸਮਕਾਲੀ/ਤਤਕਾਲੀ ਵਿਸ਼ਿਆਂ ਤੇ ਵੀ ਉਹਨੇ ਖੂਬ ਕਲਮ ਚਲਾਈ ਹੈ, ਜਿਸ ਵਿੱਚ ਆਨਲਾਈਨ ਪੜ੍ਹਾਈ, ਕਿਸਾਨ ਸੰਘਰਸ਼, ਪਾਣੀ ਦੀ ਬਚਤ, ਨਸ਼ੇ, ਸ਼ੋਰ ਪ੍ਰਦੂਸ਼ਣ, ਪੌਣ-ਪਾਣੀ-ਧਰਤੀ, ਬੇਰੋਜ਼ਗਾਰੀ ਆਦਿ ਨੂੰ ਰੇਖਾਂਕਿਤ ਕੀਤਾ ਹੈ। ਕਿੱਸਾ ਕਾਵਿ ਦੇ ਨਾਇਕ/ਨਾਇਕਾ, ਸਿੱਖ ਧਰਮ ਨਾਲ਼ ਸੰਬੰਧਿਤ ਬਹੁਤ ਸਾਰੇ ਵਿਸ਼ਿਆਂ ਸਮੇਤ ਭਗਤ ਰਵਿਦਾਸ, ਭਗਤ ਪੂਰਨ ਸਿੰਘ ਬਾਰੇ ਵੀ ਉਲੇਖ ਮਿਲਦਾ ਹੈ। ਸਿੱਖਿਆਦਾਇਕ ਕਹਾਣੀਆਂ ਨੂੰ ਕਾਵਿ ਰੂਪ ਵਿੱਚ ਪੇਸ਼ ਕਰਕੇ ਕਵੀਸ਼ਰੀ ਨੂੰ ਨਵਾਂ ਰੰਗ ਦਿੱਤਾ ਹੈ, ਜਿਸ ਵਿੱਚ ਏਕੇ ਦੀ ਬਰਕਤ, ਕੱਛੂ ਤੇ ਖਰਗੋਸ਼ ਨੂੰ ਪ੍ਰਗਟਾਇਆ ਗਿਆ ਹੈ। ਜੀਵਨ ਦੀ ਨਾਸ਼ਮਾਨਤਾ ਦਾ ਬੋਧ ਕਰਵਾਉਂਦਿਆਂ ਕਵੀ ਨੇ ਮਨੁੱਖਾ ਜਨਮ ਨੂੰ ਸਕਾਰਥ ਬਣਾਉਣ ਦਾ ਜ਼ਿਕਰ ਕੀਤਾ ਹੈ: ਤੂੰ ਕਦਰ ਨਾ ਪਾਈ ਵੇ, ਬੰਦੇ ਹੀਰਾ ਜਨਮ ਗਵਾਇਆ।
ਕਰੀਂ ਹੱਕ ਦੀ ਕਮਾਈ, ਹੋਵੇ ਦੂਣੀ ਤੇ ਸਵਾਈ, ਇਸ ਤਰ੍ਹਾਂ ਕਵੀ ਰੁਪਾਲ ਨੇ ਪਹਿਲੀ ਹੀ ਕਾਵਿ ਪੁਸਤਕ ਰਾਹੀਂ ਪ੍ਰਬੁੱਧ ਹੋਣ ਦਾ ਪਰਿਚੈ ਦਿੱਤਾ ਹੈ, ਜਿਸ ਤੋਂ ਉਸਦੀ ਸੰਜੀਦਗੀ ਤੇ ਪ੍ਰੌਢਤਾ ਦੀ ਝਲਕ ਪੈਂਦੀ ਹੈ। ਛੰਦਬੱਧ ਕਵਿਤਾ ਵਿੱਚ ਰੁਚੀ ਰੱਖਣ ਵਾਲ਼ੇ ਜਗਿਆਸੂਆਂ/ਪਾਠਕਾਂ ਲਈ ਇਹ ਕਿਤਾਬ, ਜਿਸਦਾ ਸਰਵਰਕ ਵੀ ਆਕਰਸ਼ਕ ਹੈ, ਕਾਫ਼ੀ ਸਹਾਈ ਸਿੱਧ ਹੋਵੇਗੀ, ਅਜਿਹਾ ਮੇਰਾ ਵਿਸ਼ਵਾਸ ਹੈ! ਕਵੀਸ਼ਰੀ ਵਿਕਾਸ ਮੰਚ (ਰਜਿ.) ਤਲਵੰਡੀ ਸਾਬੋ ਦੀ ਪੇਸ਼ਕਸ਼ ਇਸ ਕਿਤਾਬ ਦਾ ਨਿੱਘਾ ਸਵਾਗਤ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015