26 April 2024

ਕਰੋਨਾ ਮਹਾਮਰੀ ਸੰਬੰਧੀ ਜਾਣਕਾਰੀ ਭਰਪੂਰ ਦਸਤਾਵੇਜ : ਸੁਖਿੰਦਰ ਦਾ ਨਵਲ ‘ਕਰੋਨਾ ਕਾਫ਼ਲੇ’ – ਰਵਿੰਦਰ ਸਿੰਘ ਸੋਢੀ

ਕਰੋਨਾ ਮਹਾਮਰੀ ਸੰਬੰਧੀ ਜਾਣਕਾਰੀ ਭਰਪੂਰ ਦਸਤਾਵੇਜ : ਸੁਖਿੰਦਰ ਦਾ ਨਵਲ ‘ਕਰੋਨਾ ਕਾਫ਼ਲੇ’

– ਰਵਿੰਦਰ ਸਿੰਘ ਸੋਢੀ

ਸੁਖਿੰਦਰ ਸਾਹਿਤ ਸਿਰਜਣਾ ਦੇ ਖੇਤਰ ਵਿਚ 1974 ਤੋਂ ਕ੍ਰਿਆਸ਼ੀਲ ਹੈ। ਉਸ ਦੀਆਂ ਪਹਿਲੀਆਂ ਦੋ ਪੁਸਤਕਾਂ ਵਿਗਿਆਨਕ ਵਿਸ਼ਿਆਂ ਨਾਲ ਸੰਬੰਧਤ ਸੀ। ਉਸ ਤੋਂ ਬਾਅਦ ਉਹ ਆਪਣੀਆਂ ਕਾਵਿਕ ਰਚਨਾਵਾਂ ਰਾਹੀਂ ਪੰਜਾਬੀ ਪਾਠਕਾਂ ਦੇ ਸਨਮੁਖ ਹੋਇਆ। ਹੁਣ ਤੱਕ ਉਸ ਦੇ ਵੀਹ ਕਾਵਿ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ।

ਆਲੋਚਨਾ ਦੇ ਖੇਤਰ ਵਿਚ ਵੀ ਉਹ ਚਾਰ ਪੁਸਤਕਾਂ ਨਾਲ ਹਾਜ਼ਰੀ ਲਾ ਚੁੱਕਿਆ ਹੈ। ਇਹਨਾਂ ਤੋਂ ਇਲਾਵਾ ਸੁਖਿੰਦਰ ਦੀਆਂ ਪੰਜਾਬੀ ਵਾਰਤਕ ਦੀਆਂ ਪੰਜ, ਇਕ ਨਾਵਲ, ਇਕ ਪੁਸਤਕ ਬੱਚਿਆਂ ਲਈ, ਸੰਪਾਦਕ ਕੀਤੀਆਂ ਚਾਰ ਪੁਸਤਕਾਂ ਨੂੰ ਵੀ ਪਾਠਕਾਂ ਵੱਲੋਂ ਭਰਭੂਰ ਹੁੰਗਾਰਾ ਮਿਲਿਆ ਹੈ। ਉਸ ਦੀ ਅੰਗਰੇਜ਼ੀ ਕਵਿਤਾਵਾਂ ਦੀ ਵੀ ਇਕ ਕਿਤਾਬ ਛਪ ਚੁੱਕੀ ਹੈ।

ਅੱਜ ਕੱਲ੍ਹ ਉਹ ਕੈਨੇਡਾ ਦੇ ਟਰਾਂਟੋ ਸ਼ਹਿਰ ਦਾ ਵਸਨੀਕ ਹੈ। ਉਹ ਲੰਮੇ ਅਰਸੇ ਤੋਂ ‘ਸੰਵਾਦ’ ਮੈਗਜ਼ੀਨ ਵੀ ਕੱਢ ਰਿਹਾ ਹੈ। ਇਹਨਾਂ ਤੋਂ ਇਲਾਵਾ ਉਹ ਪੰਜਾਬੀ ਸਾਹਿਤਕ ਵਰਤਾਰਿਆਂ, ਸਾਹਿਤਕਾਰਾਂ, ਸਾਹਿਤਕ ਪ੍ਰਸਥਿਤੀਆਂ, ਸਾਹਿਤਕ (ਅ ਸਾਹਿਤਕ ਵੀ) ਪੁਸਤਕਾਂ ਸੰਬੰਧੀ ਬੇਬਾਕ ਟਿੱਪਣੀਆਂ ਲਈ ਵੀ ਜਾਣਿਆ ਜਾਂਦਾ ਹੈ। ਉਹ ਟਿੱਪਣੀਆਂ ਕਰਨ ਸਮੇਂ ਇਹ ਪ੍ਰਵਾਹ ਨਹੀਂ ਕਰਦਾ ਕਿ ਉਸ ਦੇ ਕਥਨ ਕਿਸੇ ਦੇ ਗੋਡੇ ਲੱਗਦੇ ਹਨ ਜਾਂ ਗਿੱਟੇ।

ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਸੇ ਵਿਅਕਤੀਗਤ ਕਾਰਨ ਕਰਕੇ ਅਜਿਹੀਆਂ ਟਿੱਪਣੀਆਂ ਕਰਦਾ ਹੈ। ਬੇਬਾਕੀ ਉਸ ਦੇ ਸਾਹਿਤਕ ਪੱਖ ਦਾ ਗੁਣ ਜਾਂ ਔਗੁਣ (ਇਹ ਪੜ੍ਹਨ ਵਾਲੇ ਦੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ)ਹੈ।

‘ਕਰੋਨਾ ਕਾਫ਼ਲੇ’ ਦੇ ਲੇਖਕ ਵੱਲੋਂ ਭੂਮਿਕਾ(ਕਰੋਨਾ ਮਹਾਂਮਾਰੀ ਸੰਕਟ ਦਾ ਬ੍ਰਿਤਾਂਤ)ਵਿਚ ਪ੍ਰਗਟਾਏ ਹੇਠ ਲਿਖੇ ਵਿਚਾਰ ਵਿਸ਼ੇਸ਼ ਧਿਆਨ ਖਿੱਚ ਦੇ ਹਨ:

1. ਇਸ ਨਾਵਲ ਵਿਚ ਪ੍ਰੰਪਰਿਕ ਨਾਵਲ ਵਾਲੀ ਕੋਈ ਗੱਲ ਨਹੀਂ।

2. ਇਹ ਨਾਵਲ ਦੁਨੀਆਂ ਦੇ ਕਈ ਹਿੱਸਿਆਂ ਵਿਚ ਲੈ ਕੇ ਜਾਵੇ ਗਾ।

3. ਇਸ ਨਾਵਲ ਵਿਚ ਕਰੋਨਾ ਮਹਾਮਾਰੀ ਦੌਰਾਨ ਅਮਰੀਕਾ, ਯੂ ਕੇ, ਹਿੰਦੁਸਤਾਨ ਵਿਚ ਹਕੂਮਤ ਕਰ ਰਹੀਆਂ ਵਿਗਿਆਨ ਵਿਰੋਧੀ ਅਤੇ ਧਾਰਮਿਕ ਕੱਟੜਵਾਦੀ ਵਿਚਾਰਧਾਰਾਵਾਂ ਤੇ ਵੀ ਚਰਚਾ ਕੀਤੀ ਗਈ ਹੈ।

4. ਇਸ ਨਾਵਲ ਵਿਚ ਕਰੋਨਾ ਸੰਕਟ ਤੋਂ ਬਾਅਦ ਵਿਸ਼ਵ ਪੱਧਰ ਤੇ ਕਿਹੋ ਜਿਹੀਆਂ ਰਾਜਨੀਤਕ ਪ੍ਰਣਾਲੀਆਂ ਪਸੰਦ ਕੀਤੀਆਂ ਜਾਣ ਗੀਆਂ ਅਤੇ ਕਿਸ ਪ੍ਰਕਾਰ ਦੀਆਂ ਰਾਜਨੀਤਕ ਪ੍ਰਣਾਲੀਆਂ ਵਾਲੀਆਂ ਸਰਕਾਰਾਂ ਡਿਗ ਜਾਣ ਗੀਆਂ ਤੇ ਵੀ ਚਰਚਾ ਹੈ।

5. ਕਰੋਨਾ ਸੰਕਟ ਦੌਰਾਨ ਇਕ ਨਿੱਕੇ ਜਿਹੇ ਕੀਟਾਣੂ ਨੇ ਵਿਸ਼ਵ ਸ਼ਕਤੀ ਦਾ ਸੰਕਲਪ ਹੀ ਬਦਲ ਦਿੱਤਾ ਹੈ। ਹੁਣ ਪ੍ਰਮਾਣੂ ਬੰਬਾਂ ਅਤੇ ਸਟਾਰ ਵਾਰ ਵਾਲੀ ਤਕਨਾਲੋਜੀ ਨਾਲ ਲੈਸ ਮਹਾਸ਼ਕਤੀਆਂ ਵੀ ਸ਼ਕਤੀਹੀਣ ਹੋ ਗਈਆਂ ਹਨ। ਭਵਿੱਖ ਵਿਚ ਵੱਖੋ-ਵੱਖ ਦੇਸ਼ਾਂ ਵਿਚ ਰਸਾਇਣ ਬਾਇਓਲੋਜੀਕਲ ਹਥਿਆਰਾਂ ਦੀ ਦੌੜ ਸ਼ੁਰੂ ਹੋਵੇ ਗੀ।

6. ਹਿੰਦੁਸਤਾਨ ਦੀ ਸਰਕਾਰ ਵਿਗਿਆਨਕ ਜਾਣਕਾਰੀ ਦੇਣ ਨਾਲੋਂ ਧਾਰਮਿਕ ਕੱਟੜਵਾਦ ਅਤੇ ਅੰਧਵਿਸ਼ਵਾਸ ਵੱਲ ਹੀ ਧਕੇਲਦੀ ਰਹੀ।

7. ਕਰੋਨਾ ਮਹਾਮਾਰੀ ਨੇ ਧਾਰਮਿਕ ਅਦਾਰਿਆਂ ਉੱਤੇ ਵੀ ਸੁਆਲੀਆ ਨਿਸ਼ਾਨ ਲਗਾ ਦਿੱਤਾ ਹੈ।

8. ਸਾਡੇ ਦੇਸ਼ ਵਿਚ ਮੁਕੰਮਲ ਲੌਕਡਾਊਨ ਨੇ ਵੀ ਦੇਸ਼ ਦੀ ਆਰਥਿਕਤਾ ਦਾ ਦੀਵਾਲਾ ਕੱਢ ਦਿੱਤਾ ਹੈ।

9. ਕਰੋਨਾ ਸੰਕਟ ਨੇ ਪਰਵਾਸ ਦੇ ਅਰਥ ਵੀ ਬਦਲ ਦਿੱਤੇ। ਪਰਵਾਸੀਆਂ ਦਾ ਵਿਰੋਧ ਸ਼ੁਰੂ ਹੋ ਗਿਆ।

10. ਇਸ ਸਮੇਂ ਦੌਰਾਨ ਕੁਝ ਚੰਗੀਆਂ ਗੱਲਾਂ ਵੀ ਵਾਪਰੀਆਂ। ਵਾਤਾਵਰਣ ਸ਼ੁੱਧ ਹੋ ਗਿਆ, ਲੋਕ ਇਕ ਦੂਜੇ ਦਾ ਫਿਕਰ ਕਰਨ ਲੱਗੇ, ਪਰਿਵਾਰਾਂ ਨੂੰ ਇਕੱਠੇ ਮਿਲ ਬੈਠਣ ਦਾ ਸਮਾਂ ਮਿਲਿਆ ਆਦਿ।

ਉਪਰੋਕਤ ਵਿਚੋਂ ਮੈਂ ਸਿਰਫ ਪਹਿਲੇ ਵਿਚਾਰ ਤੇ ਹੀ ਚਰਚਾ ਕਰਾਂਗਾ। ਬਾਕੀ ਨੁਕਤਿਆਂ ਵਿਚੋਂ ਕੁਝ ਅਜਿਹੇ ਹਨ (ਖਾਸ ਕਰ ਜੋ ਸਾਡੇ ਦੇਸ਼ ਨਾਲ ਸੰਬੰਧਤ ਹਨ) ਜਿੰਨਾਂ ਨੂੰ ਹਰ ਕੋਈ ਆਪਣੇ ਵਿਚਾਰਾਂ ਦੀ ਰੰਗਤ ਵਾਲੀ ਐਨਕ ਵਿਚੋਂ ਹੀ ਦੇਖਣ ਦਾ ਯਤਨ ਕਰੇਗਾ ਕਿਉਂ ਜੋ ਬਹੁਤੇ ਹਿੰਦੁਸਤਾਨੀ ਉਲਾਰ ਸੋਚ ਦੇ ਦਾਇਰੇ ਵਿਚੋਂ ਘੱਟ ਹੀ ਬਾਹਰ ਨਿਕਲਦੇ ਹਨ।

ਚਰਚਾ ਅਧੀਨ ਨਾਵਲ ਵਾਕਿਆ ਹੀ ਪ੍ਰੰਪਰਿਕ ਨਾਵਲ ਨਹੀਂ। ਇਸ ਵਿਚ ਨਾਇਕ, ਨਾਇਕਾ, ਵਿਰੋਧੀ ਵਿਚਾਰਾਂ ਦਾ ਟਕਰਾ ਆਦਿ ਪੇਸ਼ ਨਹੀਂ ਕੀਤਾ ਗਿਆ। ਇਕ ਅਦਿੱਖ ਅਤੇ ਅੱਤ ਸੂਖਮ ਜੀਵ ਵੱਲੋਂ ਫੈਲਾਈ ਗਈ ਬਿਮਾਰੀ ਦਾ ਜ਼ਿਕਰ ਹੈ। ਉਹ ਜੀਵ ਹੀ ਨਾਇਕ, ਨਾਇਕਾ ਜਾਂ ਖਲਨਾਇਕ ਹੈ।

ਪੰਜ ਚਾਰ ਪ੍ਰੋਫ਼ੈਸਰ ਟਾਈਪ ਪਾਤਰ ਹੀ ਕੁਝ ਕਾਂਡਾਂ ਵਿਚ ਸਾਂਝੀ ਕੜੀ ਹਨ ਜੋ ਦੇਸ਼ ਵਿਚ ਕਰੋਨਾ ਦੀ ਸਥਿਤੀ, ਸਰਕਾਰ ਦੇ ਠੀਕ ਗਲਤ ਫ਼ੈਸਲਿਆਂ ਤੇ ਚਰਚਾ ਕਰਦੇ ਹਨ। ਲੇਖਕ ਆਪ ਵੀ ਵੱਖ ਵੱਖ ਸੋਮਿਆਂ ਤੋਂ ਇਕੱਤਰ ਕੀਤੀ ਜਾਣਕਾਰੀ ਨੂੰ ਪਾਠਕਾਂ ਨਾਲ ਸਾਂਝੀ ਕਰਦਾ ਹੈ। ਇਹ ਜਾਣਕਾਰੀ ਉਸ ਨੇ ਕੁਝ ਵੱਖਰੇ ਕਾਂਡਾਂ ਵਿਚ ਪੇਸ਼ ਕੀਤੀ ਹੈ, ਭਾਵ ਲੇਖਕ ਆਪ ਪਾਠਕਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਰਿਹਾ ਹੈ ਜੋ ਕਿ ਨਾਵਲ ਕਲਾ ਦੇ ਪੱਖੋਂ ਵਧੀਆਂ ਨਹੀਂ ਮੰਨਿਆ ਜਾਂਦਾ।

ਲੇਖਕ ਕੁਝ ਕਾਂਡਾਂ ਦੇ ਅੰਤ ਵਿਚ ਲਿਖਦਾ ਹੈ ਕਿ ‘ਮੈਂ ਆਪਣੀਆਂ ਕਵਿਤਾ ਦੀਆਂ ਇਹਨਾਂ ਸਤਰਾਂ ਨਾਲ ਖਤਮ ਕਰਦਾ ਹਾਂ।’ ਜਿਵੇਂ 21 ਵੇਂ ਕਾਂਡ ਦੇ ਅੰਤ ਵਿਚ ਦਰਜ ਹੈ, ” ਕਰੋਨਾ ਵਾਇਰਸ ਮਹਾਮਾਰੀ ਅਤੇ ਯੋਰਪ ਦੀ ਤ੍ਰਾਸਦੀ ਬਾਰੇ ਚਰਚਾ ਮੈਂ ਆਪਣੀ ਹੀ ਇਕ ਨਜ਼ਮ ‘ਕੁੱਕੜ ਖੁੱਡੇ’ ਦੀਆਂ ਇਹਨਾਂ ਸਤਰਾਂ ਨਾਲ ਇਥੇ ਹੀ ਖਤਮ ਕਰਨਾ ਚਾਹੁੰਦਾ ਹਾਂ——— ਇਹ ਢੰਗ ਵੀ ਸੁਖਿੰਦਰ ਦਾ ਆਪਣਾ ਹੀ ਹੈ। ਅਜਿਹਾ ਵਰਤਾਰਾ ਨਾਵਲ ਨਾਲੋਂ ਵਾਰਤਕ ਦੇ ਜਿਆਦਾ ਨੇੜੇ ਹੈ। ਕੁਝ ਕਾਂਡ ਕੋਵਿਡ ਮਹਾਮਾਰੀ ਦੇ ਫੈਲਣ ਦੇ ਘਟਨਾਕ੍ਰਮ, ਕੁਝ ਦੇਸ਼ਾਂ ਵੱਲੋਂ ਇਸ ਸਮਸਿਆ ਦੌਰਾਨ ਲਏ ਗਏ ਲੋਕ ਭਲਾਈ ਦੇ ਫੈਸਲੇ, ਸਾਡੇ ਦੇਸ਼ ਦਾ ਕਿਸਾਨ ਅੰਦੋਲਨ ਆਦਿ ਦੀ ਜਾਣਕਾਰੀ ਦੇਣ ਲਈ ਜੋੜੇ ਗਏ ਹਨ। ਅਜਿਹੀ ਜਾਣਕਾਰੀ ਨਾਵਲੀ ਵਰਤਾਰਾ ਨਾ ਹੋ ਕੇ ਲੇਖ ਬਣ ਗਈ ਹੈ। ਸ਼ਾਇਦ ਅਜਿਹੀਆਂ ਗੱਲਾਂ ਦਾ ਲੇਖਕ ਨੂੰ ਆਪ ਵੀ ਇਲਮ ਹੈ, ਇਸੇ ਲਈ ਉਸ ਨੇ ਆਪ ਹੀ ‘ਕਰੋਨਾ ਕਾਫ਼ਲੇ’ ਨੂੰ ਪ੍ਰੰਪਰਿਕ ਨਾਵਲ ਦੀ ਕਤਾਰ ਤੋਂ ਬਾਹਰ ਰੱਖਿਆ ਹੈ। ਇਸ ਨੂੰ ਵੀ ਸੁਖਿੰਦਰ ਦੀ ਸੁਹਿਰਦਤਾ ਹੀ ਕਿਹਾ ਜਾ ਸਕਦਾ ਹੈ।

ਨਾਵਲ ਦੇ ਕੁਲ 23 ਕਾਂਡ ਹਨ। ਨਾਵਲ ਦੇ ਪਹਿਲੇ ਕਾਂਡ ਵਿਚ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਰੋਨਾ ਨੂੰ ਭਜਾਉਣ ਲਈ ਤਾਲੀਆਂ ਵਜਾਉਣ, ਥਾਲੀਆਂ ਖੜਕਾਉਣ ਅਤੇ ਦੀਵੇ ਜਗਾਉਣ ਵਰਗੀ ਗੈਰ ਵਿਗਿਆਨਕ ਸੋਚ ਤੇ ਵਿਅੰਗ ਕੀਤਾ ਹੈ। ਦੇਸ਼ ਦੀ ਆਮ ਜਨਤਾ ਨੇ ਹੀ ਨਹੀਂ ਸਗੋਂ ਪੜ੍ਹਿਆਂ ਲਿਖਿਆਂ ਨੇ ਵੀ ਇਸ ਨੂੰ ਹੁੰਗਾਰਾ ਦਿੱਤਾ, ਜਿਸ ਤੋਂ ਸਹਿਜੇ ਹੀ ਸਾਡੇ ਰਾਜਸੀ ਨੇਤਾਵਾਂ ਦੀ ਸਿਆਸੀ ਸੂਝ ਅਤੇ ਆਮ ਲੋਕਾਂ ਦੀ ਪਿਛਲੱਗ ਰੁਚੀ ਸੰਬੰਧੀ ਪਤਾ ਲੱਗਦਾ ਹੈ। ਇਸ ਕਾਂਡ ਦੇ ਅੰਤ ਵਿਚ ਦਰਜ ਕੀਤੀਆਂ ਇਹ ਸਤਰਾਂ- ਤੇਰਾ ਲਿਖ ਦੂੰ/ਕਰੋਨਿਆ ਮੈਂ ਨਾਂ/ਥਾਲੀ ਤੇ ਪਲੇਟ ਦੇ ਉੱਤੇ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ। ਪਹਿਲਾ ਕਾਂਡ ਹੀ ਵਿਅੰਗਾਤਮਕ ਸੁਰ ਨਾਲ ਸ਼ੁਰੂ ਹੁੰਦਾ ਹੈ, ਪਰ ਇਥੇ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਇਹ ਵਿਅੰਗ ਨਿਰੋਲ ਵਿਅੰਗ ਨਾ ਹੋ ਕੇ ਗਲਤ ਅਤੇ ਗੈਰ ਵਿਗਿਆਨਕ ਵਤੀਰੇ ਵਿਰੁੱਧ ਅਵਾਜ਼ ਉਠਾਉਣਾ ਵੀ ਹੈ।

ਦੂਜੇ ਕਾਂਡ ਵਿਚ ਕਿਸੇ ਯੁਨੀਵਰਸਿਟੀ ਦੇ ਕੁਝ ਪ੍ਰੋਫੈਸਰ ਵੀ ਨੇਤਾ ਜੀ ਦੇ ਭਾਸ਼ਨ ਤੇ ਚਰਚਾ ਕਰਦੇ ਹਨ। ਇਹਨਾਂ ਵਿਚੋਂ ਇਕ ਪ੍ਰੋਫੈਸਰ ਦਾ ਤਾਂ ਇਹ ਵਿਚਾਰ ਹੈ ਕਿ ਨੇਤਾ ਜੀ ਦੀ ਅਜਿਹੇ ਭਾਸ਼ਨ ਦੇ ਪਿਛੋਕੜ ਵਿਚ ਦੇਸ਼ ਨੂੰ ਧਾਰਮਿਕ ਕੱਟੜਵਾਦ ਵੱਲ ਲੈ ਕੇ ਜਾਣ ਦੀ ਗੁਪਤ ਯੋਜਨਾ ਕੰਮ ਕਰ ਰਹੀ ਹੈ। ਇਹਨਾ ਵਿਚੋਂ ਇਕ ਪ੍ਰੋਫੈਸਰ ਸਰਕਾਰ ਦੇ ਹੱਕ ਦੀ ਗੱਲ ਵੀ ਕਰਦਾ ਹੈ। ਇਸ ਚਰਚਾ ਵਿਚ ਸਾਡੇ ਦੇਸ਼ ਦੀ ਮੌਜੂਦਾ ਸਰਕਾਰ ਦੀ ਸੌੜੀ ਸੋਚ ਦੇ ਨਾਲ-ਨਾਲ ਇਕ ਮੁਸਲਿਮ ਪ੍ਰੋਫੈਸਰ, ਪਾਕਿਸਤਾਨ ਦੇ ਇਕ ਮੌਲਾਨਾ ਦੇ ਕਥਨ ਦਾ ਵੀ ਮਜ਼ਾਕ ਉਡਾਉਂਦੀ ਹੈ ਜਿਸ ਨੇ ਕਿਹਾ ਸੀ ਕਿ ਜੇ ਤੁਸੀਂ ਸਾਰਾ ਦਿਨ ਸੁੱਤੇ ਰਹੋ ਗੇ ਤਾਂ ਕਰੋਨਾ ਵੀ ਸੁੱਤਾ ਰਹੇ ਗਾ। ਇਸ ਦੇ ਨਾਲ ਹੀ ਇਕ ਰਾਜ ਦੇ ਕਿਸੇ ਸ਼ਾਤਰ ਬੰਦੇ ਵੱਲੋਂ ਗਊ ਮੂਤਰ ਅਤੇ ਗੋਬਰ ਵੇਚਣ ਦੀ ਗੱਲ ਵੀ ਕੀਤੀ ਗਈ ਹੈ, ਜਿਸ ਨੂੰ ਬਾਅਦ ਵਿਚ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਲੇਖਕ ਨੇ ਵੱਖ ਵੱਖ ਖੇਤਰਾਂ ਦੇ ਵਾਇਰਸਾਂ ਦੇ ਨਾਲ-ਨਾਲ ਸਾਡੇ ਸਮਾਜ ਨੂੰ ਚਿੰਬੜੇ ਕੁਝ ਵਾਇਰਸਾਂ-ਊਚ ਨੀਚ, ਜਾਤ-ਪਾਤ ਅਤੇ ਧਾਰਮਿਕ ਕੱਟੜਵਾਦ ਦਾ ਵੀ ਜ਼ਿਕਰ ਕੀਤਾ ਹੈ ਅਤੇ ਨੇਤਾਵਾਂ ਦੀ ਉਸ ਘਟੀਆ ਸੋਚ ਦਾ ਉਲੇਖ ਵੀ ਕੀਤਾ ਹੈ ਜਿਸ ਤਹਿਤ ਉਹ ਆਮ ਜਨਤਾ ਦੇ ਦਿਮਾਗ ਵਿਚ ਧਾਰਮਿਕ ਕੱਟੜਤਾ ਦਾ ਵਾਇਰਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸੁਖਿੰਦਰ ਨੇ ਕਰੋਨਾ ਵਾਇਰਸ ਦੇ ਚੀਨ ਤੋਂ ਸ਼ੁਰੂ ਹੋਣ ਦੀ ਗੱਲ ਕਰਦੇ ਹੋਏ ਵੱਖੋ-ਵੱਖ ਦੇਸ਼ਾਂ ਵਿਚ ਫੈਲਣ ਦੇ ਤੱਥ ਪੇਸ਼ ਕਰਨ ਦੇ ਨਾਲ-ਨਾਲ ਚੀਨ ਦੀ ਇਸ ਗੱਲ ਤੋਂ ਸ਼ਲਾਘਾ ਕੀਤੀ ਹੈ ਕਿ ਉਹਨਾ ਨੇ ਬਿਨਾਂ ਸਮਾਂ ਵਿਅਰਥ ਗਵਾਏ ਇਸ ਬਿਮਾਰੀ ਦੇ ਰੋਕ ਥਾਮ ਦੇ ਵਿਗਿਆਨਕ ਯਤਨ ਸ਼ੁਰੂ ਕੀਤੇ, ਲੌਕਡਾਉਨ ਦੇ ਸਮੇਂ ਆਮ ਲੋਕਾਂ ਦੀਆਂ ਰੋਜ਼ਾਨਾ ਦੀਆਂ ਜਰੂਰਤਾਂ ਪੂਰੀਆਂ ਕਰਨ ਦੇ ਪ੍ਰਬੰਧ ਵੀ ਕੀਤੇ। ਨਾਵਲਕਾਰ ਕੇ ਪਾਕਿਸਤਾਨ ਸਰਕਾਰ ਵੱਲੋਂ ਲਾਏ ‘ਸਮਾਰਟ ਲੌਕਡਾਊਨ’ ਦੀ ਤਾਰੀਫ ਵੀ ਕੀਤੀ ਹੈ ਜਿਸ ਨਾਲ ਪਾਕਿਸਤਾਨ ਦੀ ਆਰਥਿਕਤਾ ਤੇ ਬਹੁਤਾ ਮਾੜਾ ਅਸਰ ਨਹੀਂ ਪਿਆ। ਜਦੋਂ ਸਾਡੇ ਦੇਸ਼ ਵਿਚ ਕਰੋਨਾ ਦੀ ਲਹਿਰ ਪੂਰੀ ਤਰਾਂ ਪ੍ਰਬਲ ਸੀ ਤਾਂ ਲੇਖਕ ਵੀ ਉਹਨਾਂ ਦਿਨਾਂ ਵਿਚ ਉਥੇ ਹੀ ਸੀ।

ਟੀ ਵੀ ਚੈਨਲਾਂ ਤੇ ਗੈਰ ਮਿਆਰੀ ਅਤੇ ਤੱਥਾਂ ਤੋਂ ਕੋਹਾਂ ਦੂਰ ਹੁੰਦੀਆਂ ਅਖੌਤੀ ਬਹਿਸਾਂ ਵਿਚ ਸੱਚ ਨਾਲੋਂ ਜਿਆਦਾ ਝੂਠ ਪਰੋਸਿਆਂ ਜਾ ਰਿਹਾ ਸੀ। ਫਿਰਕੂ ਮਾਹੌਲ ਨੂੰ ਵਿਗਾੜਣ ਵਾਲੀਆਂ ਖਬਰਾਂ ਨੂੰ ਦੇਖ ਕੇ ਉਹ ਵੀ ਬਹੁਤੇ ਚੈਨਲਾਂ ਲਈ ਗੋਦੀ ਮੀਡੀਆ, ਭੌਂਕੂ ਮੀਡੀਆ ਆਦਿ ਵਿਸ਼ੇਸ਼ਣ ਵਰਤਦਾ ਹੈ। ਲੇਖਕ ਨੂੰ ਇਹ ਗੱਲ ਵੀ ਅੱਖਰੀ ਕਿ ਦੇਸ਼ ਦੇ ਵਿਕਾਊ ਮੀਡੀਆ ਨੇ ਯੂ ਪੀ ਵਿਚ ਨਾਂਗੇ ਸਾਧੂਆਂ ਦੇ ਪੰਜਾਹ ਹਜ਼ਾਰ ਦੇ ਇਕੱਠ ਜਾਂ ਚੋਣਾਂ ਜਿੱਤਣ ਲਈ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਵਿਰੁੱਧ ਤਾਂ ਕੋਈ ਗੱਲ ਨਹੀਂ ਕੀਤੀ, ਪਰ ਮਰਕਸ ਅਤੇ ਤਬੀਲਗੀਆਂ ਦੇ ਇਕੱਠਾਂ ਨੂੰ ਕਰੋਨਾ ਫੈਲਾਉਣ ਦਾ ਦੋਸ਼ੀ ਠਹਿਰਾਇਆ।

ਦੇਸ਼ ਵਿਚ ਇਕ ਸਾਲ ਤੋਂ ਵੀ ਵੱਧ ਚਲੇ ਕਿਸਾਨ ਅੰਦੋਲਨ ਦਾ ਜ਼ਿਕਰ ਵੀ ਕੀਤਾ ਹੈ। ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਆਪਣੇ ਰਾਜਾਂ ਵੱਲ ਮੁਹਾਰਾਂ ਮੋੜਨ ਦਾ ਵੇਰਵਾ ਵੀ ਹੈ। ਇਹੋ ਨਹੀਂ, ਅੰਤਰ-ਰਾਸ਼ਟਰੀ ਪੱਧਰ ਤੇ ਕਰੋਨਾ ਦੇ ਪਏ ਪ੍ਰਭਾਵ ਦੀ ਚਰਚਾ ਵੀ ਕੀਤੀ ਹੈ ਅਤੇ ਜਿਹੜੇ ਦੇਸ਼ਾਂ ਨੇ ਇਸ ਸਮੱਸਿਆ ਨੂੰ ਗਲਤ ਢੰਗ ਨਾਲ ਨਜਿੱਠਣ ਦੇ ਯਤਨ ਕੀਤੇ ਉਹਨਾਂ ਨੂੰ ਭੰਡਿਆ ਵੀ ਹੈ। ਜਿਹੜੇ ਮੁਲਕਾਂ ਨੇ ਪਹਿਲੀ ਲਹਿਰ ਦੌਰਾਨ ਕੀਤੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਦੂਜੀ ਲਹਿਰ ਵੇਲੇ ਸਿਹਤ ਸੇਵਾਵਾਂ ਨੂੰ ਵਿਕਸਿਤ ਕਰ ਕੇ ਸੁਚਾਰੂ ਢੰਗ ਨਾਲ ਇਸ ਮਹਾਮਾਰੀ ਦਾ ਮੁਕਾਬਲਾਂ ਕੀਤਾ, ਉਹਨਾਂ ਦੀ ਪ੍ਰਸੰਸਾ ਵੀ ਕੀਤੀ ਹੈ।

ਕੈਨੇਡਾ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਦੇ ਉੱਦਮ ਨੂੰ ਸਲਾਹਿਆ ਵੀ ਹੈ, ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਟਰੰਪ ਦੀਆਂ ਗਲਤ ਨੀਤੀਆਂ ਦੀ ਨਿਖੇਧੀ ਵੀ ਕੀਤੀ ਹੈ। ਲੇਖਕ ਨੇ ਇਸ ਗੱਲ ਤੇ ਵੀ ਚਰਚਾ ਕੀਤੀ ਹੈ ਕਿ ਪਿਛਲੇ ਸੌ ਸਾਲਾਂ ਵਿਚ ਆਈਆਂ ਪ੍ਰਕੋਪੀਆਂ ਨਾਲੋਂ ਕੋਵਿਡ ਪ੍ਰਕੋਪੀ ਸਭ ਤੋਂ ਭਿਆਨਕ ਸੀ, ਜਿਸ ਨਾਲ ਜਾਨੀ ਨੁਕਸਾਨ ਹੀ ਨਹੀਂ ਹੋਇਆ ਸਗੋਂ ਹੋਰ ਕਈ ਸਮੱਸਿਆਵਾਂ ਜਿਵੇਂ ਕਿ ਸਮਾਜਿਕ ਪਾੜਾ, ਵਿਸ਼ਵਾਸ ਦੀ ਭਾਵਨਾ ਦਾ ਖਤਮ ਹੋਣਾ, ਇੱਕਲਤਾ ਵਿਚ ਵਾਧਾ, ਸਭਿਆਚਾਰ ਦਾ ਖੇਰੂੰ ਖੇਰੂੰ ਹੋਣਾ, ਕਲਾ, ਸੰਗੀਤ, ਨਾਟਕ, ਖੇਡਾਂ, ਪਰਿਵਾਰਕ, ਕਾਰਪੋਰੇਟ ਕਲਚਰ, ਮੀਡੀਆ ਕਲਚਰ ਆਦਿ ਤੇ ਵੀ ਨਕਾਰਾਤਮਕ ਪ੍ਰਭਾਵ ਪਏ।

ਲੇਖਕ ਨੇ ਨਾਵਲ ਦੇ 22 ਵੇਂ ਕਾਂਡ ਵਿਚ ਇਕ ਮਹੱਤਵਪੂਰਨ ਟਿੱਪਣੀ ਕੀਤੀ ਹੈ ਕਿ ਸਾਡੇ ਦੇਸ਼ ਦੀ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਦਿਖਾਏ ਨਕਾਰਾਤਮਕ ਰਵਈਏ ਕਾਰਨ ਅੰਤਰ-ਰਾਸ਼ਟਰੀ ਪੱਧਰ ਦੇ ਨੇਤਾਵਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ, ਉਹਨਾਂ ਦੀ ਪਾਰਟੀ ਮੈਂਬਰਾਂ ਦੀ ਬਿਮਾਰ ਮਾਨਸਿਕਤਾ ਤੋਂ ਨਾਤਾ ਤੋੜ ਲਿਆ ਸੀ। ਲੇਖਕ ਦਾ ਇਹ ਵਿਚਾਰ ਵੀ ਹੈ ਕਿ ਨੇਤਾ ਜੀ ਦੀ ਇਕ ਪਾਸੜ ਸੋਚ ਦੇਸ਼ ਨੂੰ ਕਰੋਨਾ ਦੀ ਆੜ ਵਿਚ ਧਾਰਮਿਕ ਅੰਧ ਵਿਸ਼ਵਾਸ ਦੀਆਂ ਹਨੇਰੀਆਂ ਗੁਫਾਵਾਂ ਵੱਲ ਧੱਕੇ ਗੀ।

ਉਪਰੋਕਤ ਤੋਂ ਇਲਾਵਾ ਸੁਖਿੰਦਰ ਨੇ ਆਪਣੀ ਇਸ ਰਚਨਾ ਵਿਚ ਹੋਰ ਕਈ ਪਹਿਲੂਆਂ ਤੇ ਵੀ ਗੱਲ ਕੀਤੀ ਹੈ।

ਅੰਤ ਵਿਚ ਗੱਲ ਇਕ ਵਾਰ ਫੇਰ ਇਸ ਰਚਨਾ ਦੇ ਨਾਵਲੀ ਰੂਪ ਤੇ ਕਰਨੀ ਹੈ। ਮੇਰਾ ਵਿਅਕਤੀਗਤ ਵਿਚਾਰ ਹੈ ਕਿ ‘ਕਰੋਨਾ ਕਾਫ਼ਲੇ’ ਨਾਵਲ ਨਾ ਤਾਂ ਪੂਰਨ ਰੂਪ ਵਿਚ ਨਾਵਲੀ ਵਿਧਾ ਅਧੀਨ ਆਉਂਦਾ ਹੈ ਅਤੇ ਨਾ ਹੀ ਵਾਰਤਕ ਵਿਧਾ ਵਿਚ। ਇਹ ਦੋਹਾਂ ਦਾ ਮਿਲ ਗੋਭਾ ਹੈ। ਪਾਤਰਾਂ ਦੀ ਗਲਬਾਤ ਸਮੇਂ ਵੀ ਲੇਖਕ ਲਿਖਦਾ ਹੈ: ਪ੍ਰੋ ਸ਼ਿਵ ਸ਼ੰਕਰ ਬੋਲਿਆ, ਨੀਟਾ ਗੁਪਤਾ ਬੋਲੀ, ਸਪਨਾ ਮੁਖਰਜੀ ਬੋਲੀ ਆਦਿ।

ਅਜਿਹੀ ਸ਼ੈਲੀ ਵੀ ਅ-ਸਾਹਿਤਕ ਲੱਗਦੀ ਹੈ। ਅਜਿਹੀਆਂ ਉਕਾਈਆਂ ਦੇ ਬਾਵਜੂਦ ਇਸ ਰਚਨਾ ਦੀ ਮਹੱਤਤਾ ਇਸ ਕਰਕੇ ਹੈ ਕਿ ਸੁਖਿੰਦਰ ਨੇ ਇਕ ਗਲੋਬਲੀ ਪਸਾਰੇ ਵਾਲੇ ਵਿਸ਼ੇ ਦੀ ਤਕਰੀਬਨ ਤਕਰੀਬਨ ਸਾਰੀ ਜਾਣਕਾਰੀ ਹੀ ਬੜੀ ਸੰਖੇਪਤਾ ਨਾਲ(112ਪੰਨਿਆਂ ਵਿਚ)ਪੇਸ਼ ਕਰਨ ਦਾ ਯੋਗ ਉਪਰਾਲਾ ਕੀਤਾ ਹੈ।

ਇਸੇ ਲਈ ਮੇਰੇ ਅਨੁਸਾਰ ਇਹ ਸਾਹਿਤਕ ਕਿਰਤ ਹੋਣ ਦੇ ਨਾਲ-ਨਾਲ ਇਕ ਜਾਣਕਾਰੀ ਭਰਪੂਰ ਦਸਤਾਵੇਜ ਵੀ ਹੋ ਨਿਬੜਿਆ ਹੈ। ਇਸ ਰਚਨਾ ਦਾ ਨਾਵਲ ਵਿਧਾ ਅਧੀਨ ਆਉਣਾ ਜਾਂ ਨਾ ਆਉਣਾ ਐਨਾ ਮਹੱਤਵਪੂਰਨ ਨਹੀਂ ਜਿੰਨਾ ਇਸ ਰਚਨਾ ਦੁਆਰਾ ਤਥਾਂ ਤੇ ਅਧਾਰਿਤ ਜਾਣਕਾਰੀ ਨੂੰ ਇਕ ਥਾਂ ਪਾਠਕਾਂ ਸਨਮੁੱਖ ਪੇਸ਼ ਕਰਨਾ ਹੈ।

ਰਵਿੰਦਰ ਸਿੰਘ ਸੋਢੀ

ਰਿਚਮੰਡ, ਕੈਨੇਡਾ।

***
812***

About the author

ਰਵਿੰਦਰ ਸਿੰਘ ਸੋਢੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ