ਕਵਿਤਾ ਇੱਕ ਵਰਤਾਰਾ ਹੈ, ਇਹ ਕੇਵਲ ਲਿਖਣ ਲਈ ਨਹੀਂ ਲਿਖੀ ਜਾਂਦੀ। ਇਹ ਲੰਬਾ ਸਮਾਂ ਕਵੀ ਦੀ ਜ਼ਹਿਨੀਅਤ ‘ਚ ਬਣਦੀ-ਮਿਟਦੀ ਰਹਿੰਦੀ ਹੈ। ਕਵਿਤਾ ਨੂੰ ਕਾਗਜ਼ ‘ਤੇ ਉੱਕਰਿਆ ਜਾਣਾ ਕੇਵਲ ਇੱਕ ਮਕਾਨਕੀ ਪੱਖ ਹੈ, ਇੱਕ ਲੰਬੇ ਅਮਲ ਦਾ ਅਖੀਰਲਾ ਹਿੱਸਾ। ਇਹ, ਇਸ ਤੋਂ ਬਹੁਤ ਪਹਿਲਾਂ ਉੱਸਰਨੀ ਸ਼ੁਰੂ ਹੋ ਜਾਂਦੀ ਹੈ। ਸਾਲੋ-ਸਾਲ ਕਵੀ ਦੇ ਅਨੁਭਵਾਂ ‘ਚ ਢਲ ਕੇ ਕੁੰਦਨ ਬਣਦੀ ਹੈ। ਚੰਗੀ ਕਵਿਤਾ ਜ਼ਿੰਦਗੀ ਦੀ ਸਜੀਵਤਾ ਚੋਂ ਆਉਂਦੀ ਹੈ, ਕਵੀ ਦੇ ਨਿੱਜੀ ਅਨੁਭਵ ਇਸਦੀ ਪੁਖ਼ਤਗੀ ਦੇ ਗਵਾਹ ਬਣਦੇ ਹਨ। ਕੁਲਵੰਤ ਕੌਰ ਢਿੱਲੋਂ ਹੁਰਾਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਮਨ-ਮੰਥਨ ਦੀ ਇਬਾਰਤ’ ਬਰਤਾਨਵੀ ਪੰਜਾਬੀ ਸਾਹਿਤ ਦੇ ਦ੍ਰਿਸ਼ ਦੇ ਉੱਤੇ ਰਚੇ ਜਾ ਰਹੇ ਗਹਿਰੇ ਕਾਵਿ ਦਾ ਇੱਕ ਵਧੀਆ ਨਮੂਨਾ ਹੈ। ਇਸ ਕਿਤਾਬ ਦੀ ਪਾਠਕ ਨੂੰ ਚਿਰੋਕੀ ਉਡੀਕ ਸੀ। ਜਦੋਂ ਸਿਰਜਣਾ ਦੀ ਕੋਈ ਵੰਨਗੀ ਵਕਤ ਦੇ ਚੌਖਟਿਆਂ ਦੀ ਮਜਬੂਰੀ ਤੋਂ ਪਰ੍ਹੇ ਕਿਸੇ ਅਣ-ਐਲਾਨੇ ਸਮਾ-ਸਥਾਨ ‘ਤੇ ਨਮੂਦਾਰ ਹੁੰਦੀ ਹੈ ਤਾਂ ਉਸਦੀ ਆਭਾ ਹੀ ਨਿਰਾਲੀ ਹੁੰਦੀ ਹੈ। ਇਸ ਗੱਲ ਦੀ ਪੁਸ਼ਟੀ ਮੈਂ ਏਸ ਬਿਆਨ ਨਾਲ ਕਰ ਸਕਦਾਂ ਕਿ ਇਹ ਕਿਤਾਬ ਕਿਸੇ ਕਾਹਲ ਵਿਚੋਂ ਨਹੀਂ ਉਗਮੀ। ਇਸਦੇ ਸਿਰਜਣਾਤਮਕ ਅਮਲ ਵਿੱਚ ਕੋਈ ‘ਪ੍ਰੋਜੈਕਟ’ ਨਹੀਂ ਸੀ ਲੁਕਿਆ ਹੋਇਆ। ਹਰ ਕਵਿਤਾ ਆਪਣੇ ਸਹੀ ਸਮਾਂ-ਸਥਾਨ ਅਤੇ ਮਾਹੌਲ ਵਿੱਚੋਂ ਨਮੂਦਾਰ ਹੋਈ ਹੈ। ਹਰ ਕਵਿਤਾ ਉਦੋਂ ਹੀ ਹੋਂਦ ਵਿੱਚ ਆਈ ਹੈ ਜਦੋਂ ਉਸਦਾ ਆਉਣਾ ਬਣਦਾ ਸੀ। ਕੁਲਵੰਤ ਢਿੱਲੋਂ ਹੁਰਾਂ ਦੀ ਇਹ ਕਿਤਾਬ ਆਪਣੇ ਪੂਰੇ ਸਮੁੱਚ ਨਾਲ ਪਾਠਕਾਂ ਦੇ ਸਨਮੁੱਖ ਹੈ। ਇਹਨਾਂ ਕਵਿਤਾਵਾਂ ਦਾ ਪਾਠ ਕਰਦਿਆਂ ਮੈਂ ਉਹਨਾਂ ਸਾਰਿਆਂ ਅਨੁਭਵਾਂ, ਖੁਸ਼-ਉਦਾਸ ਪਲਾਂ, ਸਾਰੀਆਂ ਵਿਸੰਗਤੀਆਂ ਅਤੇ ਸਭ ਆਸਾਂ-ਉਮੀਦਾਂ ਦੇ ਨਾਲ-ਨਾਲ ਤੁਰਿਆ ਹਾਂ ਜੋ ਇਹਨਾਂ ਸ਼ਬਦਾਂ ਨੇ ਮੇਰੇ ਅੰਦਰ ਜਗਾਈਆਂ। ਇਹਨਾਂ ਕਵਿਤਾਵਾਂ ਦੇ ਪਰਛਾਵੇਂ ਹੇਠ ਤੁਰਦਿਆਂ ਪਾਠਕ ਨੂੰ ਚਾਰੇ ਦੀਆਂ ਚਾਰੇ ਰੁੱਤਾਂ ਕੋਲ ਦੀ ਲੰਘਦੀਆਂ ਹੋਈਆਂ ਮਹਿਸੂਸ ਹੁੰਦੀਆਂ ਹਨ। ਆਲੇ ਦੁਆਲੇ ਦੀ ਹਰ ਸ਼ੈ ਕਾਵਿਕ ਪ੍ਰਤੀਤ ਹੁੰਦੀ ਹੈ। ਕਵਿਤਾ ਨਾਲ ਉਸਦਾ ਇੱਕ ਅਟੁੱਟ ਰਿਸ਼ਤਾ ਬਣ ਜਾਂਦਾ ਹੈ। ਕਵਿਤਾ ਕੋਈ ਪਾਰ-ਅਲੌਕਿਕ ਵਸਤ ਨਾ ਹੋ ਕੇ ਪਾਠਕ ਦਾ ਅੰਦਰਲਾ ਵਰਤਾਰਾ ਹੋ ਜਾਂਦੀ ਹੈ। ਜ਼ਿੰਦਗੀ ਦੇ ਉੱਚੇ-ਨੀਵੇਂ ਰਾਹਾਂ ਦਾ ਅਮੁੱਕ ਦ੍ਰਿਸ਼ਟਾਂਤ, ਕਵਿਤਾ ਦੀਆਂ ਤੁਕਾਂ ਦੇ ਰਾਹੀਂ ਦ੍ਰਿਸ਼ਟਮਾਨ ਹੋਣ ਲੱਗਦਾ ਹੈ। ਇੱਕ ਚੰਗੀ ਕਵਿਤਾ ਦਾ ਇਹੋ ਗੁਣ ਹੈ ਤੇ ਹੋਣਾ ਚਾਹੀਦਾ ਹੈ। ‘ਮਨ-ਮੰਥਨ ਦੀ ਇਬਾਰਤ ਦੇ ਨਾਲ ਸਹਿਜੇ-ਸਹਿਜੇ ਤੁਰਦਿਆਂ ਤੁਹਾਨੂੰ ਵੀ ਅਜਿਹੇ ਅਨੇਕਾਂ ਭਾਵਾਂ ਦੀ ਸ਼ਨਾਖ਼ਤ ਹੋਵੇਗੀ ਜੋ ਪਾਠਕ ਨੂੰ ਇੱਕ ਤੋਂ ਦੂਸਰੀ ਕਵਿਤਾ ਦੇ ਦਰ ਤੱਕ ਪਹੁੰਚਾਉਂਦੇ ਹਨ। ਹਰ ਕਵਿਤਾ ਇੱਕ ਵੱਖਰਾ ਸੰਸਾਰ ਸਿਰਜਦੀ ਹੈ, ਹਰ ਸਤਰ ਪਾਠਕ ਦਾ ਹੱਥ ਫੜ ਕੇ ਉਸਨੂੰ ਅੱਗੇ ਦੀ ਅੱਗੇ ਤੋਰਦੀ ਰਹਿੰਦੀ ਹੈ। ਇਸ ਸੰਗ੍ਰਿਹ ਦੀਆਂ ਅਨੇਕਾਂ ਕਵਿਤਾਵਾਂ ਅਜਿਹੀਆਂ ਹਨ ਜਿਹਨਾਂ ਨੂੰ ਹਵਾਲਿਆਂ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ। ਸ਼ਾਇਰੀ ਦੀਆਂ ਅਸੀਮ ਸੰਭਾਵਨਾਵਾਂ ਨੂੰ ਉਜਾਗਰ ਕਰਦੀ ਕਵਿਤਾ, ਜਿਸਦਾ ਸਿਰਲੇਖ ਹੈ ‘ਕਵਿਤਾ ਤਾਂ ਵਹਿੰਦਾ ਦਰਿਆ ਹੈ ਦੇ ਕੁਝ ਅੰਸ਼ ਪੇਸ਼ ਹਨ: ਕੀ ਛੁਪਿਆ ਹੈ ਕਵਿਤਾ ਤੋਂ ਪੰਨਾ 30 ਉੱਪਰ ਦਰਜ਼ ਲਘੂ ਕਵਿਤਾਵਾਂ ਨੇ ਸ਼ਾਇਰੀ ਦੀ ਰਵਾਇਤ ਨੂੰ ਆਪਣੇ ਅੰਦਰ ਸਾਲਮ ਲੁਕੋਇਆ ਹੋਇਆ ਹੈ। ਉਹ ਰਵਾਇਤ ਜਿਸ ਵਿਚ ਸ਼ਬਦਾਂ ਦੀ ਛਾਂ ਹੇਠ ਅਰਥਾਂ ਦਾ ਪੁੰਗਰਨਾ ਜਾਰੀ ਰਹਿੰਦਾ ਹੈ। ਥੋੜ੍ਹੇ ਸ਼ਬਦਾਂ ਦੇ ਫੈਲਾਓ ਅੰਦਰ ਹੈਰਾਨਕੁੰਨ ਵੱਡੇ ਅਰਥ ਸਿਰਜਣਾ ਸ਼ਾਇਰੀ ਦਾ ਇੱਕ ਹੋਰ ਵੱਡਾ ਖਾਸਾ ਹੈ। ਇਸ ਪੁਸਤਕ ਵਿਚਲੀਆਂ ਲਘੂ ਕਵਿਤਾਵਾਂ ਨੂੰ ਪੜ੍ਹਦਿਆਂ ਅਨੇਕਾਂ ਅਛੂਤੇ ਅਰਥ ਸਿਰਜਦੀਆਂ ਸਤਰਾਂ ਪੇਸ਼ ਆਉਂਦੀਆਂ ਹਨ: ਦਰਵਾਜ਼ੇ ਤਾਂ ਖੁੱਲ੍ਹੇ ਸਨ ਜਾਂ ਇਹ ਕਵਿਤਾ ਵੀ ਵੇਖੀ ਜਾ ਸਕਦੀ ਹੈ: ਜਦ ਮੇਰੀ ਰੂਹ ਕਰਜ਼ਾਈ ਸੀ ਕੁਲਵੰਤ ਢਿੱਲੋਂ ਹੁਰਾਂ ਦੀ ਲਿਖਣ ਸ਼ੈਲੀ ਦ੍ਰਿਸ਼ ਸਿਰਜਕ ਹੈ। ਇਸ ਸੰਗ੍ਰਹਿ ਵਿੱਚ ਕਈ ਕਵਿਤਾਵਾਂ ਅਜਿਹੀਆਂ ਮਿਲ ਜਾਂਦੀਆਂ ਹਨ ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਦੀਆਂ ਅੱਖਾਂ ਅੱਗੇ ਬਿਆਨ ਨਾਲ ਸਬੰਧਿਤ ਦ੍ਰਿਸ਼ ਅਤੇ ਘਟਨਾ-ਕ੍ਰਮ ਤੈਰਨ ਲੱਗ ਜਾਂਦੇ ਹਨ। ਪਾਠਕ ਖ਼ੁਦ ਉਸ ਦ੍ਰਿਸ਼ ਵਿੱਚ ਆਪਣੇ-ਆਪ ਨੂੰ ਖੜ੍ਹਾ ਮਹਿਸੂਸ ਕਰਦਾ ਹੈ। ਕਿਸੇ ਨਾ ਕਿਸੇ ਪਾਤਰ ਵਿੱਚ ਆਪਣੇ-ਆਪ ਨੂੰ ਜਾਂ ਆਪਣੇ ਕਿਸੇ ਪਿਆਰੇ ਨੂੰ ਬਹੁਤ ਨੇੜਿਓਂ ਦੇਖਣ ਲਗਦਾ ਹੈ। ਆਪਣੇ-ਆਪ ਨੂੰ ਉਸ ਘਟਨਾ-ਕ੍ਰਮ ਦਾ ਹਿੱਸਾ ਮਹਿਸੂਸ ਕਰਨ ਲਗਦਾ ਹੈ। ਪੰਨਾ 32 ਉੱਪਰ ਦਰਜ਼ ਕਵਿਤਾ ‘ਸਾਲ-ਦਰ-ਸਾਲ’ ਦੇ ਪਹਿਲੇ ਦੋ ਪੈਰੇ ਪੜ੍ਹਦੇ ਹਾਂ: ਸਾਲ-ਦਰ-ਸਾਲ ਬਾਪੂ ਦਾ ਦਿਹਾੜੀ ਲਾਉਣ ਤੋਂ ਬਾਅਦ ‘ਧੂੰਏਂ ਭਰੀਆਂ ਅੱਖਾਂ’ ਨਾਲ ਮੁਸਕਰਾਉਣਾ ਕੋਈ ਸਹਿਜ ਘਟਨਾ ਨਹੀਂ ਹੈ। ਇਸ ਪਿੱਛੇ ਉਮਰਾਂ ਦਾ ਸਮਰਪਣ ਤੇ ਆਪਣੇ ਆਪੇ ਨੂੰ ਸਿਫ਼ਰ ਕਰ ਕੇ ਦੇਖਣ ਦੀ ਇੱਕ ਲੰਬੀ ਪ੍ਰਕਿਰਿਆ ਮੌਜੂਦ ਹੈ। ਕਬੀਲਦਾਰੀ ਦੀਆਂ ਡੂੰਘੀਆਂ ਪਰਤਾਂ ਤੱਕ ਚੇਤਨ-ਅਵਚੇਤਨ ਪਹੁੰਚਣ ਦਾ ਲੰਬਾ ਅਮਲ ਅਤੇ ਜ਼ਿੰਦਗੀ ਦੇ ਨਿਭਾਅ ਦੇ ਫਨੀਅਰ ਨਾਗ ਨੂੰ ਆਪਣੀਆਂ ਅੱਖਾਂ ਦੀ ਲੋਅ ਨਾਲ ਕੀਲ ਕੇ ਬਿਠਾਈ ਰੱਖਣ ਦੀ ਮੁਹਾਰਤ ਹੀ ਕਿਸੇ ਨੂੰ ਧੂੰਏਂ ਭਰੀਆਂ ਅੱਖਾਂ ਨਾਲ ਮੁਸਕਰਾਉਣ ਦੇ ਸਮਰੱਥ ਬਣਾ ਸਕਦੀ ਹੈ। ਯਕੀਨਨ ਹਰ ਕੋਈ ਅਜਿਹੀ ਮੁਸਕੁਰਾਹਟ ਨਹੀਂ ਦੇ ਸਕਦਾ। ਇਸ ਵਿੱਚ ਕਿਤੇ ਨਾ ਕਿਤੇ ਕਵਿੱਤਰੀ ਦਾ ਆਪਾ ਵੀ ਲੁਕਿਆ ਹੋਇਆ ਹੈ। ਜ਼ਿੰਦਗੀ ਦੇ ਔਝੜ ਰਸਤਿਆਂ ‘ਤੇ ਤੁਰਦਿਆਂ ਹੋਇਆਂ ਕਵਿੱਤਰੀ ਨੂੰ ਖ਼ੁਦ ਵੀ ਇਸ ਮੁਸਕੁਰਾਹਟ ਦਾ ਭੇਤ ਪਤਾ ਹੈ। ਇਹ ਉੱਚੇ-ਨੀਵੇਂ ਰਸਤੇ ਇੱਕ ਭਾਵਪੂਰਤ ਤੇ ਅਰਥ-ਭਰਪੂਰ ਕਵਿਤਾ ਦਾ ਰਾਹ ਵੀ ਖੋਲ੍ਹਦੇ ਹਨ। ਸੰਘਰਸ਼ ਕਦੇ ਅਜਾਈ ਨਹੀਂ ਜਾਂਦੇ। ਇਹ ਆਉਣ ਵਾਲੀਆਂ ਨਸਲਾਂ ਦਾ ਰਾਹ ਪੱਧਰ ਕਰਦੇ ਹਨ। ਕਵਿਤਾ ‘ਸਾਲ-ਦਰ-ਸਾਲ’ ਆਪਣੇ-ਆਪ ਵਿੱਚ ਇੱਕ ਮਹੱਤਵਪੂਰਨ ਤੇ ਰਾਹ-ਦਰਸਾਊ ਕਵਿਤਾ ਹੈ। ‘ਪਾਸ਼ ਦੇ ਨਾਂ’ ਇੱਕ ਹੋਰ ਪੜ੍ਹਨ-ਯੋਗ ਕਵਿਤਾ ਹੈ। ਜਦ ਰੁੱਤ ਲਹੂ ਚੌਂਦੀ ਹੈ ਹੁੰਮਸ ‘ਚ ਸਤਾਏ ਲੋਕਾਂ ਦੀ ਚੀਕ ਜੀਹਦਾ ਜੀਵਨ ਜਨਮਦੀ ਰੌਸ਼ਨੀ ਦਾ ਪਾਸ਼ ਵਰਗੇ ਐਲਾਨੀਆ ਇਨਕਲਾਬੀ ਕਵੀ ਨੂੰ ਇਹ ਸੱਚੀ ਸ਼ਰਧਾਂਜਲੀ ਹੈ। ਪੂਰਬੀ ਨਿਆਂ ਢਾਂਚੇ ਦੀ ਤਰਕ-ਸੰਗਕਤਾ ‘ਤੇ ਚੇਤੰਨ ਮਨਾਂ ਵੱਲੋਂ ਸਵਾਲ ਚੁੱਕੇ ਜਾਂਦੇ ਹਨ। ਪੂਰਬ ਤੋਂ ਪੱਛਮ ਵੱਲ ਰੋਟੀ ਦੀ ਭਾਲ ਵਿੱਚ ਜਾਣਾ ਇੱਕ ਰਵਾਇਤ ਬਣ ਗਿਆ ਹੈ। ਪਰਵਾਸ, ਬਿਨਾ ਸ਼ੱਕ ਜੀਵਨ ਦਾ ਅਟੁੱਟ ਅੰਗ ਹੈ ਤੇ ਇਸ ਨਾਲ ਇਨਸਾਨੀ ਭਾਵਨਾਵਾਂ ਦਾ ਬੜਾ ਗਹਿਰਾ ਸਬੰਧ ਹੈ। ਕਵਿਤਾ ‘ਹਵਾਵਾਂ’ ਵਿਛੋੜੇ ਦੀ ਓਸ ਪੀੜ ਨੂੰ ਉਜਾਗਰ ਕਰਦੀ ਹੈ ਜੋ ਪੀੜ ਪਰਵਾਸ ਜਾਂ ਹਿਜਰਤ ਤੋਂ ਬਾਅਦ ਪਰਿਵਾਰਾਂ ਦੇ ਟੁੱਟਣ ਅਤੇ ਮੁੜ ਮਿਲਣ ਦੀ ਫਿੱਕੀ ਜਿਹੀ ਆਸ ਨਾਲ ਜਿਉਂਦੇ ਰਹਿਣ ਦਾ ਕਾਰਨ ਬਣਦੀ ਹੋਈ ਸਾਰੀ ਉਮਰ ਇਕਲਾਪਾ ਦੀ ਪੀੜ ਭੋਗਣ ‘ਤੇ ਮਜਬੂਰ ਕਰਦੀ ਹੈ। ਪੱਛਮ ਦਿਆ ਬੁੱਲਿਆ ਵੇ ਇਸ ਕਵਿਤਾ ਵਿੱਚ ਵੱਖੋ-ਵੱਖ ਰਿਸ਼ਤਿਆਂ ਦੇ ਵੱਖੋ-ਵੱਖ ਕੋਣ ਪੇਸ਼ ਕੀਤੇ ਗਏ ਹਨ, ਪੂਰਬ ਤੋਂ ਪੱਛਮ ਵੱਲ ਪਰਵਾਸ ਕਰ ਗਏ ਜੀਆਂ ਦੇ ਹੇਰਵੇ ਵਿੱਚ ਦੁੱਖਾਂ ਦੇ ਪਹਾੜਾਂ ਨਾਲ ਟੱਕਰ ਲੈਣ ਵਾਲੇ ਮਗਰ ਰਹਿ ਗਏ ਜੀਆਂ ਦਾ ਦੁੱਖ ਸਹਿਜਤਾ ਨਾਲ ਬਿਆਨ ਕੀਤਾ ਗਿਆ ਹੈ। ਪੰਨਾ 56 ਉੱਤੇ ਦਰਜ ‘ਮਾਂ ਤੇ ਮੈਂ’ ਕਵਿਤਾ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਧੀ ਉੱਪਰ ਮਾਂ ਦੇ ਨਿੱਤ-ਕਰਮ ਦਾ ਸਹਿਜ ਅਸਰ ਹੈ ਜਿਸ ਨਾਲ ਧੀ ਦਾ ਜਿਊਣ-ਢੰਗ ਜੁੜਿਆ ਹੋਇਆ ਹੈ। ਮਾਂ ਦੀਆਂ ਸੁਚੱਜੇ ਢੰਗ ਨਾਲ ਰੱਖੀਆਂ ਵਲਟੋਹੀਆਂ, ਬਾਲਟੀਆਂ, ਦਰੀਆਂ, ਖੇਸ, ਫੁਲਕਾਰੀਆਂ, ਚਾਦਰਾਂ-ਸਿਰਹਾਣੇ; ਉਸ ਦੁਆਰਾ ਲਿੱਪ-ਪੋਚ ਕੇ ਸੰਵਾਰੀਆਂ ਕੰਧਾਂ-ਕੰਧੋਲੀਆਂ, ਘਰ ਵਿੱਚ ਰੱਖੇ ਹੋਏ ਪਸ਼ੂਆਂ-ਪੰਛੀਆਂ ਦਾ ਉਸ ਨਾਲ ਪਿਆਰ- ਇਹ ਸਭ ਕੁਝ ਮਾਂ ਦੇ ਤੁਰ ਜਾਣ ਬਾਅਦ ਧੀ ਦੀ ਵਿਰਾਸਤ ਬਣਦਾ ਹੈ। ਮਾਂ ਦੁਆਰਾ ਕੰਮ-ਕਾਜ ਕਰਦਿਆਂ ਗੁਣਗੁਣਾਏ ਲੋਕ-ਗੀਤ ਧੀ ਨੂੰ ਸਾਰੀ ਉਮਰ ਪੰਜਾਬ ਤੇ ਪੰਜਾਬੀਅਤ ਦੀ ਰੂਹ ਨਾਲ ਜੋੜੀ ਰੱਖਦੇ ਹਨ। ਇਸ ਕਵਿਤਾ ਦੇ ਅੰਤ ਵਿੱਚ ਕਵਿੱਤਰੀ ਉਸਨੂੰ ਮਾਂ, ਔਰਤ ਤੇ ਧਰਤ ਦਾ ਦਰਜ਼ਾ ਦਿੰਦੀ ਹੈ ਜੋ ਔਰਤ ਜ਼ਾਤ ਦਾ ਉੱਚਤਮ ਸਤਿਕਾਰ ਹੈ। ਰਿਸ਼ਤਿਆਂ ਦੀਆਂ ਸਮੀਕਰਨਾਂ ਆਧੁਨਿਕ ਯੁੱਗ ਵਿੱਚ ਅਸਲੋਂ ਬਦਲ ਗਈਆਂ ਹਨ। ਜਿੱਥੇ ਸਾਂਝੇ ਪਰਿਵਾਰ ਸਾਡੇ ਸਮਾਜ ਦੀ ਤਾਕਤ ਹੁੰਦੇ ਸਨ, ਉੱਥੇ ਇਹ ਪਰਿਵਾਰ ਹੁਣ ਇਕਾਈਆਂ ਵਿੱਚ ਬਦਲ ਗਏ ਹਨ। ਸਗੋਂ ਪਰਿਵਾਰ ਦਾ ਹਰ ਜੀਅ ਇੱਕ ਇਕਾਈ ਬਣ ਗਿਆ ਹੈ। ਨਿੱਜੀ ਹਿੱਤ ਪਹਿਲਾਂ ਦੇਖੇ ਜਾਂਦੇ ਹਨ। ਆਰਥਿਕਤਾ ਦੇ ਭਾਰੀ-ਭਰਕਮ ਬੋਝ ਹੇਠਾਂ ਦਰੜੇ ਇਨਸਾਨਾਂ ਅੱਗੇ ਬਾਕੀ ਸਭ ਮਸਲੇ-ਮਸਾਇਲ ਦੂਜੈਲੀ ਚੀਜ਼ ਬਣ ਗਏ ਹਨ। ਆਰਥਿਕ ਨਾ-ਬਰਾਬਰੀ ਅਤੇ ਸਾਧਨਾਂ ਦੀ ਕੁਚੱਜੀ ਵੰਡ ਨੇ ਬੰਦੇ ਨੂੰ ਬੰਦੇ ਤੋਂ ਦੂਰ ਕਰ ਦਿੱਤਾ ਹੈ। ਇਸ ਹਵਾਲੇ ਨਾਲ ਪੰਨਾ 59 ਉਤਲੀ ਕਵਿਤਾ ਸਵਾਲ-ਜਵਾਬ ਅਜੋਕੇ ਸਮਾਜਿਕ ਪ੍ਰਬੰਧ ਤੇ ਰਿਸ਼ਤਿਆਂ ਦੀਆਂ ਨਵੀਆਂ ਪਰਿਭਾਸ਼ਾਵਾਂ ਨੂੰ ਵਿਅੰਗਾਤਮਕ ਤਰੀਕੇ ਨਾਲ ਪੇਸ਼ ਕਰਦੀ ਹੈ। ਇਸ ਨਿੱਕੀ ਜਿਹੀ ਕਵਿਤਾ ਵਿੱਚ ਵੱਡਾ ਸਵਾਲ ਲੁਕਿਆ ਹੋਇਆ ਹੈ। ਇੱਥੇ ਸਾਰੀ ਕਵਿਤਾ ਪੜ੍ਹਨੀ ਵਾਜ਼ਿਬ ਹੋਵੇਗੀ: ਸਵਾਲ ਉੱਠਿਆ ਜਮਾਤ ਵਿੱਚ ਮੇਰੀ ਉਂਗਲ ਪੋਟਿਆਂ ‘ਤੇ ਚਲੀ ਗਈ ਹੱਸੇ ਨਹੀਂ ਮੇਰੇ ਸਹਿਪਾਠੀ ਸਕਿੰਟਾਂ ਵਿੱਚ ਜਿੱਥੇ ਧੰਦੇ ਚਾਚੇ-ਮਾਸੀਆਂ ਦੇ ਪੁੱਤ-ਧੀਆਂ ਭੈਣ-ਭਾਈਆਂ ਦੀ ਗਿਣਤੀ ਵਿੱਚ ਆਉਂਦੇ ਸਨ ਉੱਥੇ ਹੁਣ ਖ਼ੂਨ ਦੇ ਰਿਸ਼ਤੇ ਵੀ ਸ਼ੱਕ ਦੇ ਘੇਰੇ ‘ਚ ਆ ਗਏ ਹਨ। ਇਸ ਪੁਸਤਕ ਵਿੱਚ ਕੁਲਵੰਤ ਢਿੱਲੇ ਹੁਰਾਂ ਨੇ ਜਿੱਥੇ ਧਾਰਮਿਕ ਅਤੇ ਇਤਿਹਾਸਕ ਹਵਾਲਿਆਂ ਨਾਲ ਮਨੁੱਖਤਾ ਨਾਲ ਜੁੜੇ ਹੋਏ ਨੁਕਤੇ ਪੇਸ਼ ਕੀਤੇ ਹਨ, ਉੱਥੇ ਆਪਣੀ ਮਨੁੱਖ-ਵਾਦੀ ਸੋਚ ਦਾ ਮੁਜ਼ਾਹਰਾ ਕਰਦਿਆਂ ਹਾਸ਼ੀਏ ਤੋਂ ਪਰ੍ਹੇ ਧੱਕੇ ਮਨੁੱਖ ਦਾ ਜ਼ਿਕਰ ਵੀ ਥਾਂ ਥਾਂ ਕੀਤਾ ਹੈ। ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖੇ ਜਾ ਚੁੱਕੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਵਾਰਤਾ ਪੰਨਾ 67 ਉੱਪਰ ਪੜ੍ਹੀ ਜਾ ਸਕਦੀ ਹੈ: ਮੰਗੇ ਜੋ ਹੱਕ ਕਿਸਾਨੀ ਕਿਰਤੀ ਦੇ ਫੋਲਣ ਦੁਖੜੇ ਇਹ ਰਚਨਾ ਖ਼ੂਬਸੂਰਤ ਪ੍ਰਗੀਤ ਦੇ ਤੌਰ ‘ਤੇ ਲਿਖੀ ਗਈ ਹੈ ਜਿਸਨੂੰ ਵੀਰ-ਰਸ ਦੀ ਸ਼ੈਲੀ ਵਿੱਚ ਗਾਇਆ ਜਾ ਸਕਦਾ ਹੈ। ਮਨੁੱਖੀ ਸਬੰਧਾਂ ਦੀ ਗੱਲ ਸੂਖਮਤਾ ਦੇ ਵੱਖੋ-ਵੱਖ ਧਰਾਤਲਾਂ ‘ਤੇ ਦੁਨੀਆ ਭਰ ਦੀਆਂ ਭਾਸ਼ਾਵਾਂ ‘ਚ ਕਹੀ ਗਈ ਹੈ। ਕੁਦਰਤ ਨੇ ਮਨੁੱਖੀ ਸਬੰਧਾਂ ਦਾ ਤਾਣਾ ਬਾਣਾ ਇਸ ਤਰ੍ਹਾਂ ਬੁਣਿਆ ਹੈ ਕਿ ਹਰ ਨਿੱਕੀ ਨਿੱਕੀ ਖੁਸ਼ੀ ਦੇ ਜਸ਼ਨ ਤੋਂ ਲੈ ਕੇ ਮਨੁੱਖ ਜਾਤੀ ਦੇ ਫੈਲਾਓ ਤੱਕ ਦੇ ਵੱਡੇ ਅਮਲ ਮਨੁੱਖੀ ਸਬੰਧਾਂ ਦੇ ਸਮਾਨੰਤਰ ਨਿਭਣ ਕਰਕੇ ਤੁਰਦੇ ਹਨ। ਮਨੁੱਖ ਇੱਕ ਦੂਜੇ ਤੋਂ ਸੇਧ ਵੀ ਲੈਂਦਾ ਹੈ, ਇੱਕ ਦੂਜੇ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਬਣਦਾ ਹੈ। ਇੱਥੇ ਇੱਕ ਲਘੂ ਕਵਿਤਾ ਦਾ ਜਿਕਰ ਕਰਨਾ ਬਣਦਾ ਹੈ: ਇੱਕ ਧੂੜ ਇਨਸਾਨੀ ਸੰਘਰਸ਼ ਦੀ ਦਾਸਤਾਨ ਕਹਿੰਦੀ ਕਵਿਤਾ ‘ਮਾਰੂਥਲੀ ਫੁੱਲ’ ਇੱਕ ਅਸਰਦਾਰ ਰਚਨਾ ਹੈ। ਇਸ ਦੇ ਅਖੀਰਲੇ ਅੰਸ਼ ਪੜਦੇ ਹਾਂ: ਇਹਨਾਂ ਅਣ-ਪਕੜੇ ਅਤੀਤ ਨੂੰ ਵਰਤਮਾਨ ਦੀ ਜਗ੍ਹਾ ਰੱਖ ਕੇ ਜਿਊਣਾ ਬੇਸ਼ੱਕ ਔਖਾ ਹੈ, ਪਰ ਰੇਗਿਸਤਾਨ ‘ਚ ਖਿੜਨ ਵਾਲੇ ਫੁੱਲਾਂ ਕੋਲ. ਅਤੀਤ ਹੀ ਬਚਦਾ ਹੈ ਜੋ ਜੜ੍ਹਾਂ ਦੇ ਸਜੀਵ ਰੂਪ ਦੇ ਤੌਰ ‘ਤੇ ਜਿਊਂਦਾ ਹੈ। ਅਤੀਤ ਹੀ ਹੈ ਜੋ ਪਾਣੀ ਦੀ ਇੱਕ ਇੱਕ ਬੂੰਦ ਨੂੰ ਵਕਤ ਦੇ ਧਰਾਤਲ ਹੇਠੋਂ ਕੱਢ ਕੇ ਅਣਖਿੜੇ ਫੱੁਲਾਂ ਨੂੰ ਦੇ ਸਕਦਾ ਹੈ। ‘ਮਨ-ਮੰਥਨ ਦੀ ਇਬਾਰਤ’ ਪੁਸਤਕ ਵਿੱਚ ਕੁਲਵੰਤ ਢਿੱਲੋਂ ਹੁਰਾਂ ਨੇ ਖੁੱਲ੍ਹੀ ਕਵਿਤਾ ਸ਼ੈਲੀ ਨੂੰ ਵਰਤਿਆ ਹੈ ਅਤੇ ਤੁਕਾਂਤਕ ਕਵਿਤਾਵਾਂ ਤੇ ਗੀਤ ਵੀ ਸ਼ਾਮਿਲ ਕੀਤੇ ਹਨ। ਪੰਨਾ 121 ਤੋਂ 131 ਤੱਕ ਦਰਜ਼ ਗੀਤਾਂ ਵਿੱਚ ਵੱਖੋ-ਵੱਖ ਵਿਸ਼ੇ ਨਿਭਾਏ ਗਏ ਹਨ। ਇਹਨਾਂ ਵਿੱਚ ਪਿਆਰ, ਵਿਛੋੜਾ, ਨਿਹੋਰੇ, ਬੇਬਸੀ, ਸਦਾਚਾਰ, ਸੰਘਰਸ਼ ਦਿਖਦੇ ਹਨ ਤੇ ਸਭ ਤੋਂ ਵੱਡਾ ਅੰਸ਼ ਨਜ਼ਰ ਆਉਂਦਾ ਹੈ ਆਸ ਦਾ। ਜੀਵਨ ਸੰਘਰਸ਼ ਦੇ ਪੰਧ ‘ਤੇ ਤੁਰਦਿਆਂ ਕੁਲਵੰਤ ਢਿੱਲੋਂ ਹੁਰਾਂ ਦੀ ਕਵਿਤਾ ਏਸੇ ਸੰਘਰਸ਼ ਦੇ ਸਮਾਨੰਤਰ ਤੁਰਦੀ ਹੈ। ਹਰ ਕਵਿਤਾ ਦੇ ਕੇਂਦਰੀ ਭਾਵ ਵਿੱਚ ਇੱਕ ਆਮ ਇਨਸਾਨ ਲਈ ਹਮਦਰਦੀ, ਸੰਘਰਸ਼ਮਈ ਜਮਾਤ ਲਈ ਹਾਅ ਦਾ ਨਾਅਰਾ ਅਤੇ ਜੀਵਨ ਲਈ ਇੱਕ ਸਮਤੋਲ ਪਹੁੰਚ ਝਲਕਦੀ ਹੈ। ਇੱਕ ਪਾਠਕ ਦੇ ਤੌਰ ‘ਤੇ ਇਨ੍ਹਾਂ ਕਵਿਤਾਵਾਂ ਦੇ ਨਾਲ ਤੁਰਦਿਆਂ ਮੈਂ ਸ਼ਾਇਰੀ ਦਾ ਚਿਰ ਤੱਕ ਰਹਿਣ ਵਾਲਾ ਨਿੱਘ ਮਹਿਸੂਸ ਕੀਤਾ ਹੈ। ਇਹ ਕਿਤਾਬ ਹਰ ਪੰਜਾਬੀ ਪਿਆਰੇ ਨੂੰ ਪੜ੍ਹਨੀ ਚਾਹੀਦੀ ਹੈ। ਧੰਨਵਾਦ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਵਾਲਸਾਲ, ਯੂ.ਕੇ.
jeetrajinder@hotmail.co.uk