ਸਫਾਈ, ਪੜ੍ਹਾਈ ਤੇ ਦਵਾਈ ਕਿਸੇ ਵੀ ਸਮਾਜਕ ਇਕਾਈ ਪਿੰਡ, ਸ਼ਹਿਰ, ਪ੍ਰਾਂਤ ਅਤੇ ਦੇਸ਼ ਦਾ ਅਟੁੱਟ ਅੰਗ ਹਨ। ਸਮਾਜ ਦੀ ਬਣਤਰ ਹੀ ਮਾਨਵ ਸ਼੍ਰੇਣੀ ਦੀ ਬਿਹਤਰੀ ਲਈ ਹੈ। ਧਰਮ, ਸਮਾਜ ਵਿੱਚ ਵਿਚਰਣ ਲਈ, ਨੈਤਿਕਤਾ ਦੇ ਚੰਗੇ ਮਾਪਦੰਡ ਸਿਰਜ ਕੇ ਵੱਡਾ ਯੋਗਦਾਨ ਪਾਉਂਦਾ ਹੈ। ਜਿਨ੍ਹਾਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਪ੍ਰਤੀ ਇਹਨਾਂ ਤਿੰਨ ਮੂਲ ਅਤੀ ਜਰੂਰੀ ਥੰਮਾਂ ਵੱਲ ਧਿਆਨ ਦਿੱਤਾ ਉਹ ਸਮਾਜ, ਪ੍ਰਾਂਤ, ਦੇਸ਼ ਅਤੇ ਉਥੇ ਵਸਣ ਵਾਲੇ ਲੋਕ ਵਧੇਰੇ ਤਰੱਕੀ ਕਰ ਗਏ ਤੇ ਕਰ ਰਹੇ ਹਨ। ਸਾਫ਼ ਸੁਥਰਾ ਚੰਗਾ ਜੀਵਨ ਜੀਉਂ ਰਹੇ ਹਨ। ਅੱਜ ਕੱਲ ਕਰੋਨਾ ਮਹਾਂਮਾਰੀ ਤੇ ਹੁਣ ਓਮਨੀਕਰੋਨਜ਼ ਅਤੇ ਮੌਂਕੀ ਪੌਕਸ ਦੀ ਵੇਵ ਕਰਕੇ ਹਰ ਪਾਸੇ ਡਰ ਤੇ ਭੈ ਦਾ ਪਸਾਰਾ ਹੈ। ਗੁਰਬਾਣੀ ਦਾ ਕਥਨ ਹੈ:
ਜੋ ਜੋ ਦੀਸੈ ਸੋ ਸੋ ਰੋਗੀ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ॥1॥ ਭੈਰਉ ਮਹਲਾ ੫ ਅੰਗ 1140
ਤਰੱਕੀ ਪਸੰਦ ਮੁਲਕਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੀਆਂ ਆਰਥਿਕ ਅਤੇ ਸਿਹਤ ਸਹੂਲਤਾਂ ਦਾ ਖਿਆਲ ਰੱਖ ਰਹੀਆਂ ਹਨ। ਇਸ ਪਿੱਛੇ ਸਫਾਈ, ਪੜ੍ਹਾਈ ਤੇ ਦਵਾਈ ਦੇ ਤਿੰਨ ਵੱਡੇ ਅਸੂਲ ਚੁੱਪ-ਚਾਪ ਕੰਮ ਕਰ ਰਹੇ ਹਨ ਕਿਉਂਕਿ ਸਰਕਾਰਾਂ ਤੇ ਨਾਗਰਿਕਾਂ ਦੀ ਸੋਚ ਉਸਾਰੂ, ਪ੍ਰਗਤੀਵਾਦੀ, ਸਕਾਰਾਤਮਕ ਹੋ ਚੁੱਕੀ ਹੈ। ਸੱਭ ਆਪਣੇ ਆਪਣੇ ਥਾਂ ਸਿਰ ਆਪਣੀ ਜਿਮੇਂਵਾਰੀ ਸਮਝਦੇ ਹਨ। ਜੇ ਸੱਭ ਥਾਵਾਂ ਦੇ ਲੋਕ ਇਕਜੁੱਟ ਹੋ ਕੇ, ਉਸਾਰੂ ਸੋਚ ਦੇ ਧਾਰਨੀ ਬਣਨ ਤਾਂ ਸਮਾਜ ਆਪਣੇ ਆਪ ਸੁਹਣਾ ਤੇ ਸੁਥਰਾ ਹੋਣ ਲਗਦਾ ਹੈ। ਗੁਰਬਾਣੀ ਦਾ ਕਥਨ ਹੈ:
ਸਲੋਕ ਮਹਲਾ ੧ ਰਾਗ ਸਾਰੰਗ ਅੰਗ 1245
ਘਾਲਿ ਖਾਏ ਕਿਛੁ ਹਥਹੁ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ॥
ਸੇਵਾ:
ਧਰਮ ਸਮਾਜ ਅਤੇ ਲੋਕਾਂ ਵਿੱਚ ਸੇਵਾ ਭਾਵਨਾ ਪੈਦਾ ਕਰਦਾ ਹੈ। ਇਕ ਸਰਵੇਅ ਅਨੁਸਾਰ ਧਰਮ ਦੇ ਧਾਰਣੀ ਆਮ ਲੋਕਾਂ ਨਾਲੋ 25% ਵੱਧ ਦਾਨ ਜਾਂ ਲੋੜਵੰਦਾਂ ਦੀ ਮਦਦ ਕਰਦੇ ਹਨ। ਭਗਤ ਪੂਰਨ ਸਿੰਘ ਜੀ ਅਤੇ ਹੁਣ ੳਹਨਾਂ ਦੇ ਅਨੁਯਾਈਆਂ ਨੇ ਜਿਸ ਤਰ੍ਹਾਂ ਬੀਮਾਰਾਂ, ਲਾਚਾਰਾਂ ਅਤੇ ਰੋਗੀਆਂ ਦੀ ਸੇਵਾ ਦਾ ਬੀੜਾ ਚੁੱਕਿਆ, ਉਹ ਆਪਣੇ ਆਪ ਵਿੱਚ ਇਕ ਮਿਸਾਲ ਬਣ ਗਿਆ ਹੈ। ਹੁਣ ਹੋਰ ਵੀ ਕਈ ਸੰਸਥਾਵਾਂ ਇਸ ਤਰਾਂ ਦੀਆਂ ਸੇਵਾਵਾਂ ਕਰ ਰਹੀਆਂ ਹਨ।
ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਕੋਵਿਡ ਕਾਰਣ ਮਰਨ ਵਾਲਿਆਂ ਦਾ ਸਸਕਾਰ ਕਰਨ ਦੀ, ਦਿੱਲੀ ਦੇ ਸਰਦਾਰ ਪ੍ਰੀਤਮ ਸਿੰਘ ਜੀ ਯੂਨਾਇਟਡ ਸਿੱਖਸ ਅਤੇ ਇਸਦੇ ਸੇਵਾਦਾਰਾਂ ਨੇ ਸੱਭ ਖਤਰਨਾਕ ਸੇਵਾ ਨਿਭਾਈ ਜੋ ਇਕ ਅਦੁਤੀ ਮਿਸਾਲ ਬਣ ਗਈ। ਇਸ ਖੇਤਰ ਵਿੱਚ ਸਰਦਾਰ ਜਤਿੰਦਰ ਸਿੰਘ ਸ਼ੰਟੀ ਜੀ ਦੀ ਸੇਵਾ ਵੀ ਅਦੁੱਤੀ ਮੰਨੀ ਜਾਂਦੀ ਹੈ। ਕੋਵਿਡ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਹੱਥ ਲਾੳਣਾ ਤਾਂ ਇੱਕ ਪਾਸੇ, ਕੋਈ ਵੇਖਣਾ ਵੀ ਪਸੰਦ ਨਹੀਂ ਕਰਦਾ ਸੀ। ਹਸਪਤਾਲ ਵੀ ਇਹਨਾਂ ਸਿੰਘਾਂ ਨੂੰ ਫੂਨ ਕਰਕੇ ਲਾਸ਼ਾਂ ਦਾ ਸਸਕਾਰ ਕਰਨ ਲਈ ਬੇਨਤੀ ਕਰਦੇ ਰਹੇ ਹਨ। ਲੋਕ ਵੀ ਆਪਣੇ ਰਿਸਤੇਦਾਰਾਂ ਦਾ ਸਸਕਾਰ ਇਹਨਾਂ ਕੋਲੋਂ ਕਰਵਾ ਰਹੇ ਸਨ ਤੇ ਉਹ ਵੀ ਮੁਫ਼ਤ। ਬਹਤੇ ਲੋਕ ਡਰ ਰਹੇ ਸਨ, ਭੈ ਵਿੱਚ ਸਨ ਅਤੇ ਬੀਮਾਰੀ ਜਾਂ ਮੌਤ ਦਾ ਬਹਾਨਾ ਲਾ ਕੇ ਆਪਣੇ ਮਰਨ ਵਾਲਿਆਂ ਦਾ ਸਸਕਾਰ ਕਰਨ ਤੋਂ ਮੁਨਕਰ ਹੋ ਰਹੇ ਸਨ। ਹਿੰਦੂ, ਸਿੱਖ, ਮੁਸਲਮਾਨ ਕੋਵਿਡ ਦੀ ਮਹਾਂਮਾਰੀ ਨਾਲ ਮਰਨ ਵਾਲਿਆਂ ਦਾ, ਉਹਨਾਂ ਦੀਆਂ ਧਾਰਮਿਕ ਰਹੁ- ਰੀਤਾਂ ਅਨੁਸਾਰ, ਇਹ ਸਿੰਘ ਹਰ ਰੋਜ਼ ਮੁਫਤ 14-15 ਲਾਸ਼ਾਂ ਦਾ ਸਸਕਾਰ ਜਾਂ ਅੰਤਮ ਕਿਰਿਆ ਕਰਦੇ ਰਹੇ ਸਨ। ਉਹ ਵੀ ਕੋਵਿਡ ਦੇ ਚਲਦਿਆਂ, ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ। ਇਹ ਆਪਣੇ ਆਪ ਵਿੱਚ ਜਿੱਥੇ ਇਕ ਵੱਡੀ ਦਰਦਨਾਕ ਘਟਨਾ ਹੈ ਓਥੇ ਚੰਗਿਆਈ ਅਤੇ ਨਿਸ਼ਕਾਮ ਸੇਵਾ ਦੀ ਉਤਮ ਮਿਸਾਲ ਵੀ ਹੈ:
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ॥
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ॥ ਅੰਗ 314 – ਰਾਗ ਗਾਉੜੀ ਮਹਲਾ ੩
ਦਸਵੰਧ ਨਾਲ ਸਮਾਜਿਕ ਧਾਰਮਿਕ ਕੰਮਾਂ ਨੂੰ ਸਾਂਝੇ ਤੌਰ ਤੇ ਕਰਨ ਦੀ ਪਿਰਤ ਪਾਈ ਗਈ ਜਿਸ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੋਈ। ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਸੀ ਹਰ ਸਿੱਖ ਦੂਜੇ ਲੋੜਵੰਦ ਸਿੱਖ ਦੀ ਲੋੜ ਵੇਲੇ ਮਦਦ ਕਰੇ। ਉਸਦੇ ਅੜੇ ਹੋਏ ਜਾਂ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਵਿੱਚ ਯਥਾਯੋਗ ਸਹਾਇਤਾ ਦੇਵੇ।
ਲੰਗਰ ਪ੍ਰਥਾ:
ਗੁਰੂ ਸਾਹਿਬਾਨ ਨੇ ਊਚ ਨੀਚ, ਅਮੀਰ ਗਰੀਬ, ਰੰਗ ਭੇਦ, ਲਿੰਗ ਭੇਦ, ਧਰਮ, ਜਾਤੀ ਦਾ ਭੇਦ ਭਾਵ ਖਤਮ ਕਰਨ ਲਈ ਲੰਗਰ ਪ੍ਰਥਾ ਚਾਲੂ ਕੀਤੀ। ‘ਪਹਿਲੇ ਪੰਗਤ ਪਾਛੇ ਸੰਗਤ’ ਦਾ ਸਿਧਾਂਤ ਪੱਕਾ ਕੀਤਾ। ਅਕਬਰ ਬਾਦਸ਼ਾਹ ਨੇ ਪੰਗਤ ਵਿੱਚ ਬਹਿ ਕੇ ਭਾਵ ਜ਼ਮੀਨ ਤੇ ਬਹਿ ਕੇ ਪਰਸ਼ਾਦਾ ਛਕਿਆ। ਬਾਦਸ਼ਾਹ ਲਈ ਕੋਈ ਵੱਖਰਾ ਦਸਤਰਖ਼ਾਨ ਨਹੀਂ ਲਗਾਇਆ ਗਿਆ ਸੀ। ਅੱਜ ਕੱਲ ਕਈ ਅਸਥਾਨਾਂ ਤੇ ਵੱਡੇ ਲੋਕਾਂ ਲਏ ‘ਵੱਡੀ ਸੇਵਾ’ ਅਰਥਾਤ ਵੱਖਰੇ ਥਾਂ ਤੇ ਵੱਖਰੀ ਤਰ੍ਹਾਂ ਦਾ ਲੰਗਰ ਪਾਣੀ, ਸਪੈਸ਼ਲ ਚਾਹ ਛਕਾਉਣ ਦੀ ਪਿਰਤ ਪੈ ਗਈ ਹੈ, ਕਿਉਂ? ਸ਼ਾਇਦ ਸਾਡੇ ਅੰਦਰ ਕੁੱਝ ਘੱਟ ਗਿਆ ਜਾਂ ਆਰਥਿਕ ਲੋਭ ਵੱਧ ਗਿਆ, ਜਾਂ ਸਤਿਗੁਰੂ ਵਿੱਚ ਭਰੋਸਾ ਘੱਟ ਗਿਆ। ਉਸ ਸਤਿਗਰੂ ਤੇ ਜਿਸ ਦੇ ਲੰਗਰਾਂ ਦੀ ਦੁਨੀਆਂ ਭਰ ਵਿੱਚ ਧੁੰਮ ਪਈ ਹੋਈ।
ਹੜਾਂ, ਸੋਕੇ, ਭੁਚਾਲਾਂ, ਯੁੱਧ ਤੇ ਦਹਿਸ਼ਗਰਦੀ ਵਰਗੇ ਮਾਰੂ ਹਾਲਾਤਾਂ ਵਿੱਚ ‘ਖਾਲਸਾ ਏਡ’ ਨੇ ਜਿਥੇ ਰੈੱਡ ਕਰੌਸ ਵੀ ਨਾ ਪਹੁੰਚ ਕਰ ਸਕੀ, ਉੱਥੇ ਜਾ ਕੇ ਮੁਫਤ ਲੰਗਰ ਚਲਾਏ ਅਤੇ ਲੋੜਵੰਦਾਂ ਦੀ ਮਦਦ ਵੀ ਕੀਤੀ। ਭਾਈ ਰਵੀ ਸਿੰਘ ਜੀ ਖਾਲਸਾ ਨੇ, ਦੁਨੀਆਂ ਭਰ ਵਿੱਚ ਸੇਵਾ, ਨਿਰਸਵਾਰਥ ਸੇਵਾ, ਕਰਨ ਦੀ ਇਕ ਨਵੀਂ ਮਿਸਾਲ ਪੈਦਾ ਕਰ ਦਿੱਤੀ ਹੈ। ਸਰਦਾਰ ਰਵੀ ਸਿੰਘ ਜੀ ‘ਖਾਲਸਾ ਏਡ’ ਵਾਲਿਆਂ ਨੇ ਜਿਸ ਤਰ੍ਹਾਂ ਲੋਕਾਈ ਦੀ ਸੇਵਾ ਬਿਨਾ, ਕਿਸੇ ਭੇਦ ਭਾਵ ਰੰਗ ਨਸਲ ਧਰਮ ਜਾਣੇ ਕੀਤੀ, ਇਸ ਦੀ ਮਿਸਾਲ ਦੁਨੀਆਂ ਵਿੱਚ ਕਾਇਮ ਹੋ ਚੁੱਕੀ ਹੈ। ‘ਸਿੱਖ ਸਮਾਜ’ ਤੇ ‘ਸੇਵਾ’ ਇਹ ਦੋ ਸ਼ਬਦ ਹੁਣ ਇਕਮਿਕ ਹੋਈ ਜਾ ਰਹੇ ਹਨ। ਸਿੱਖ ਹੈ ਤਾਂ ਸੇਵਾ ਵੀ ਹੈ। ਹੋਰ ਲੋਕ ਵੀ ਹੁਣ ਅੱਗੇ ਹੋ ਕੇ ਇਸ ਸੇਵਾ ਵਿੱਚ ਜੁੱਟ ਰਹੇ ਹਨ। ਅੱਜ ਸਿੱਖ ਕੌਮ ਦਾ ਨਾਂ ਘਰ ਘਰ ਵਿੱਚ ਜਾਣਿਆਂ ਜਾਣ ਲੱਗਾ ਹੈ। ਖਾਲਸੇ ਦੀ ਸੇਵਾ ਰਾਹੀਂ ਗੁਰੂ ਦਾ ਉਪਦੇਸ਼ ਫੈਲ ਰਿਹਾ ਹੈ। ਸੰਸਾਰ ਸ਼ਾਂਤੀ ਵੱਲ ਵੱਧ ਰਿਹਾ ਹੈ।
ਆਕਸੀਜਨ ਦੇ ਲੰਗਰ:
ਕੋਵਿਡ-19 ਦੇ ਦੌਰਾਨ ਦਿੱਲੀ ਦੇ ਆਸ ਪਾਸ ਆਕਸੀਜਨ ਦੇ ਲੰਗਰ ਲਾ ਕੇ ਸਿੱਖ ਕੌਮ ਨੇ ਇਕ ਵੱਖਰੀ ਮਿਸਾਲ ਕਾਇਮ ਕੀਤੀ। ਦੁਨੀਆਂ ਭਰ ਦੇ ਸਿੱਖਾਂ, ਖਾਸ ਕਰਕੇ ਇੰਗਲੈਂਡ ਅਮਰੀਕਾ ਕੈਨੇਡਾ ਸਿੰਘਪੁਰ ਦੇ ਸਿਖਾਂ ਨੇ ਇਸ ਵਿੱਚ ਵੱਡਾ ਯੋਗਦਾਨ ਪਾਇਆ। ‘ਖਾਲਸਾ ਏਡ’ ਨੇ ਮਈ 14 -15, 2021 ਇਕ ‘ਫੈਡ-ਐਕਸ’ ਦੇ ਚਾਰਟਰਡ ਜਹਾਜ਼ ਰਾਹੀਂ ਹਜ਼ਾਰਾਂ ਆਕਸੀਜਨ ਕੰਨਸਨਟਰੇਟਜ਼, ਸਿਲੰਡਰਜ਼ ਅਤੇ ਕਰੋੜਾਂ ਦੀ ਗਿਣਤੀ ਵਿੱਚ ‘ਕੇ ਐਨ 95 ਮਾਸਕ’ ਭਾਰਤ ਦੇ ਹਸਪਤਾਲਾਂ ਲਈ ਭੇਜੇ। ਸਿੱਖ ਧਰਮ ਦੀ ਗੱਲ ਹਰ ਦੇਸ਼ ਵਿੱਚ ਚੱਲ ਰਹੀ ਹੈ:
ਸੇਵਾ ਕਰਤ ਹੋਇ ਨਿਹਕਾਮੀ॥
ਤਿਸ ਕਉ ਹੋਤ ਪਰਾਪਤਿ ਸੁਆਮੀ॥ ਅੰਗ 286 ਰਾਗ ਗਾਉੜੀ ਮਹਲਾ ੫
ਸਿੱਖ ਗੁਰੂ ਸਾਹਿਬਾਨ ਨੇ ਸੰਗਤ, ਸੇਵਾ ਅਤੇ ਲੰਗਰ ਦੀ ਪ੍ਰਥਾ ਚਲਾਕੇ ਉਸਾਰੂ ਸਮਾਜ ਦਾ ਨਿਰਮਾਣ ਕੀਤਾ। ਸਮਾਜਿਕ ਬਰਾਬਰੀ ਨਾਲ ਹੀ ਸਮਾਜਿਕ ਨਿਆਉਂ ਦਾ ਸੰਕਲਪ ਜੁੜਿਆ ਹੋਇਆ ਹੈ। ਸਿੱਖ ਨੈਤਿਕ ਸ਼ਾਸਤਰ ਦੇ ਵਿਦਵਾਨ ਡਾ. ਅਵਤਾਰ ਸਿੰਘ, (ਐਥਿਕਸ ਆਫ ਦ ਸਿਖਸ, ਪੰਜਾਬੀ ਯੂਨੀ, ਪਟਿਆਲਾ, ਪੰਨਾ 99), ਅਨੁਸਾਰ, ਨਿਆਉਂ ਦਾ ਗੁਣ ਦੋ ਗੱਲਾਂ ਵਿਚ ਨਿਹਿਤ ਹੈ: ”ਦੂਸਰਿਆਂ ਦੇ ਅਧਿਕਾਰਾਂ ਦਾ ਸਤਿਕਾਰ ਕਰਨਾ ਅਤੇ ਦੂਸਰਿਆਂ ਦਾ ਸੋਸ਼ਣ ਨਾ ਕਰਨਾ।“ ਧਰਮ ਇਸ ਸਿਧਾਂਤ ਨੂੰ ਪਰਪੱਕ ਕਰਨ ਲਈ ਕਰਮ ਸਿਧਾਂਤ ਦੀ ਵਰਤੋਂ ਕਰਦਾ ਹੈ। ਜੋ ਲੱਗਭੱਗ ਸੱਭ ਧਰਮਾਂ ਿਵੱਚ ਇਕ ਸਮਾਨ ਹੈ। ਚੰਗੇ ਤੇ ਬੁਰੇ ਕਰਮਾਂ ਦਾ ਨਤੀਜਾ ਇੱਥੇ ਹੀ ਮਿਲ ਜਾਂਦਾ ਹੈ:
ਜੇਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤੁ॥ ਬਾਰਾਮਾਹ ਮਾਝ ਮਹਲਾ ੫ ਅੰਗ 134
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ ਆਸਾ ਮਹਲਾ ੧ ਅੰਗ 356
ਧਰਮ ਨੇ ਵਿੱਦਿਆ ਦੇ ਪ੍ਰਚਾਰ ਤੇ ਪਸਾਰ ਵਿੱਚ ਵੱਡੀ ਮਦਦ ਕੀਤੀ ਹੈ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਅਤੇ ਹੋਰ ਵਿਦਵਾਨਾਂ ਦੀ ਰਾਇ ਅਨੁਸਾਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਧੁਨਿਕ ਸਕੂਲ ਸਿਸਟਮ ਦੀ ਬਕਾਇਦਾ ਸ਼ੁਰੂਆਤ ਕੀਤੀ। ਉਹਨਾਂ ਨੇ ਗੋਇੰਦਵਾਲ ਸਾਹਿਬ ਵਿਖੇ ਸਿੱਖ ਬੱਚਿਆਂ ਨੂੰ ਬਕਾਇਦਾ ਪੜਾਉਣ ਤੇ ਸਰੀਰਕ ਸਿਖਿਆ ਦੇਣ ਦਾ ਪ੍ਰਬੰਧ ਕੀਤਾ। ਇਕ ਇਤਿਹਾਸਕ ਘਟਨਾ ਅਨੁਸਾਰ ਜਦੋਂ ਹਮਾਯੂੰ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਪੰਜਾਬ ਵੱਲ ਆਇਆ ਤਾਂ ਗੋਇੰਦਵਾਲ ਸਾਹਿਬ ਕੋਲੋਂ ਲੰਘਿਆ ਤੇ ਉਸ ਨੇ ਗੁਰੂ ਜੀ ਦੇ ਉਪਰ ਤਲਵਾਰ ਖਿੱਚੀ ਸੀ। ਉਸ ਵੇਲੇ ਗੁਰੂ ਜੀ ਬੱਚਿਆਂ ਨੂੰ ਪੜਾਉਣ ਵਿੱਚ ਵਿਅਸਤ ਸਨ। ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਵਿੱਚ ਆਪ ਪੜ੍ਹਨ ਅਤੇ ਅੱਗੇ ਹੋਰਾਂ ਨੂੰ ਪੜਾਉਣ ਦੀ ਪ੍ਰਥਾ ਨੂੰ ਤੋਰਿਆ। ਜੋ ਲਗਾਤਾਰ ਸਿੱਖ ਧਰਮ ਦਾ ਇਕ ਅਸੂਲ ਬਣ ਗਿਆ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਫਕੀਰ ਅਜ਼ੀਜ਼ੋਦੀਨ ਸਾਹਿਬ ਦੇ ਛੋਟੇ ਭਰਾ ਫਕੀਰ ਨੂਰਦੀਨ ਜੀ, ਜੋ ਕਿ ਸ਼ਾਹੀ ਹਕੀਮ ਵੀ ਸਨ, ਕੋਲੋਂ ਕਾਇਦਾ-ਏ-ਨੂਰ ਲਿਖਵਾ ਕੇ ਆਪਣੇ ਰਾਜ ਕਾਲ ਵਿੱਚ ਮੁਢਲੀ ਪੜਾਈ ਦਾ ਆਰੰਭ ਕੀਤਾ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਰਾਜ ਵਿੱਚ 80% ਲੋਕ ਪੜ੍ਹੇ ਲਿਖੇ ਸਨ। ਲੋਕਾਂ ਦੀ ਸਹੂਲਤ ਲਈ ਹਸਪਤਾਲ ਵੀ ਖੋਲ੍ਹੇ ਸਨ। ਇਕ ਦੂਰ ਅੰਦੇਸ਼ ਸੂਝਵਾਨ ਅਤੇ ਸਿੱਖ ਧਰਮ ਤੋਂ ਪ੍ਰਰੇਰਤ ਮਹਾਰਾਜਾ ਸਾਹਿਬ ਨੇ ਕਾਇਦਾ-ਏ-ਨੂਰ ਵਰਗੀ ਮਹੱਤਵਪੂਰਣ ਦੇਣ ਦਿੱਤੀ:
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ ਪ੍ਰਭਾਤੀ ਮਹਲਾ ੧ ਅੰਗ 1329
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥ ਜਪੁ ਮਹਲਾ ੧ ਅੰਗ ੧
ਅਮਰੀਕਾ ਵਿੱਚ ਹੋਏ ਇਕ ਸਰਵੇ ਅਨੁਸਾਰ ਜੋ ਲੋਕ ਧਰਮ ਨੂੰ ਅਪਨਾਉਂਦੇ ਹਨ ਉਹਨਾਂ ਦੇ ਬੱਚੇ ਪੜਾਈ ਵਿੱਚ ਵਧੀਆ ਗਰੇਡ ਲੈ ਕੇ ਪਾਸ ਹੁੰਦੇ ਹਨ ਅਤੇ ਉੱਚ ਵਿੱਦਿਆ ਹਾਸਲ ਕਰਦੇ ਹਨ। ਇਸ ਦੀਆਂ ਅਣਗਿਣਤ ਮਿਸਾਲਾਂ ਸਿੱਖ ਸਮਾਜ ਵਿਚ ਮਿਲਦੀਆਂ ਹਨ। ਡਾਕਟਰ ਸਰਦਾਰ ਮਨਮੋਹਨ ਸਿੰਘ ਜੀ, ਡਾ. ਨਰਿੰਦਰ ਸਿੰਘ ਕਪਾਨੀ ਜੀ ਦਾ ਨਾਮ ਲੈਣਾ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ।
ਸਮਾਨਤਾ:
ਹਰ ਊਚ ਨੀਚ, ਗੋਰਾ ਕਾਲਾ, ਅਮੀਰ ਗਰੀਬ, ਔਰਤ ਮਰਦ, ਬੱਚਾ ਬੁੱਢਾ ਜਵਾਨ, ਤਕੜਾ ਮਾੜਾ, ਸੁਹਣਾ ਕਸੁਹਣਾ, ਪੜ੍ਹਿਆ ਅਨਪੜ੍ਹਿਆ ਸੱਭ ਧਰਮ ਦੀ ਨਜ਼ਰ ਵਿੱਚ ਸਮਾਨ ਹਨ ਜੇ ਸ਼ੁੱਭ ਅਮਲਾਂ ਦੇ ਧਾਰਨੀ ਹਨ:
ਜੋ ਪ੍ਰਾਣੀ ਗੋਵਿੰਦ ਧਿਆਵੈ॥ ਪੜਿਆ ਅਣਪੜਿਆ ਪਰਮ ਗਤਿ ਪਾਵੇ॥੧॥ ਗਾਉੜੀ ਮਹਲਾ ੫ ਅੰਗ 197
ਜੋ ਪੜ੍ਹ ਲਿਖ ਕੇ ਸਮਾਜ ਲਈ ਉਸਾਰੂ ਕਾਰਜ ਨਹੀਂ ਕਰਦਾ ਅਤੇ ਆਪਣੀ ਅਫਸਰੀ ਦੀ ਹੈਂਕੜ ਕਰਕੇ ਲੋਭ ਲਾਲਚ ਵਿੱਚ ਲੋਕਾਂ ਨੂੰ ਤੰਗ-ਪਰੇਸ਼ਾਨ ਕਰਦਾ ਹੋਵੇ, ਗੁਰਬਾਣੀ ਅਨੁਸਾਰ ਉਸਨੂੰ ਮੂਰਖ ਦਾ ਦਰਜਾ ਦਿੱਤਾ ਗਿਆ ਹੈ:
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥ ਅੰਗ 140 ਰਾਗ ਮਾਝ ਮਹਲਾ ੧
ਇਸ ਤਰਾਂ ਧਰਮ ਮਨੁੱਖ ਨੂੰ ਉਦਾਰਚਿੱਤ ਹੋਣ ਲਈ ਪ੍ਰਰੇਦਾ ਹੈ। ਲੋਕਾਂ ਵਿੱਚ ਸਦ ਭਾਵਨਾ ਭਰਦਾ ਹੈ ਲੋਕਾਂ ਨੂੰ ਬੁਰਿਆਈ ਤੋਂ ਰੋਕ ਕੇ ਚੰਗੇ ਕੰਮ ਕਰਨ ਲਈ ਉਤਸ਼ਾਹਤ ਕਰਦਾ ਹੈ:
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ॥ ਸਲੋਕ ਸੇਖ ਫਰੀਦ ਕੇ ਅੰਗ 1378
ਸਮਾਜਿਕ ਬਰਾਬਰੀ ਸਮਾਜਿਕ ਰਿਸ਼ਤਿਆਂ ਨੂੰ ਨਿਰਧਾਰਤ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿਸ ਤਰ੍ਹਾਂ ਘਾੜਾ ਮਿੱਟੀ ਨੂੰ ਚੰਗੀ ਤਰਾਂ ਗੋਹ ਕੇ, ਤਿਆਰ ਕਰਕੇ, ਚੱਕ ਤੇ ਚਾੜ੍ਹਦਾ ਹੈ। ਫਿਰ ਚੱਕ ਨੂੰ ਘੁੰਮਾ ਉਸ ਗੋਹੀ ਹੋਈ ਮਿੱਟੀ ਨੂੰ ਆਪਣੇ ਹੁਨਰ ਦੀ ਵਰਤੋਂ ਕਰਦਾ ਹੈ ਉਸ ਵਿੱਚੋਂ ਵੱਖੋ ਵੱਖਰੇ ਅਕਾਰ, ਪ੍ਰਕਾਰ ਦੇ ਬਰਤਨ: ਭਾਂਡੇ, ਸੁਰਾਹੀਆਂ, ਦੀਵੇ, ਘੜੇ ਅਤੇ ਗਲਾਸ ਘੜਦਾ ਹੈ। ਇਸੇ ਤਰ੍ਹਾਂ ਸਿਰਜਣਹਾਰ ਨੇ ਵੀ ਮਾਨਵ ਜੀਵ ਜੰਤੂ ਪੌਦੇ ਰੁੱਖ ਫਲਦਾਰ ਰੁੱਖ ਉੱਚੀਅਾਂ ਨੀਵੀਅਾਂ ਝਾੜੀਆਂ ਤੇ ਫੁੱਲਾਂ ਫਲਾਂ ਦੀਆਂ ਕਿਸਮਾਂ ਪੈਦਾ ਕੀਤੀਆਂ ਅਤੇ ਇਹਨਾਂ ਤੱਤਾਂ ਤੋਂ ਵੱਖਰੇ ਵੱਖਰੇ ਮਨੁੱਖ ਬਣਾਏ ਹਨ। ਇਸ ਵਿੱਚ ਨਾ ਹੀ ਮਿੱਟੀ ਦਾ ਦੋਸ਼ ਹੈ, ਨਾ ਹੀ ਸਿਰਜਣਹਾਰ ਦਾ। ਇਹ ਸਾਰਾ ਸੰਸਾਰ ਉਸ ਇੱਕ ਹੀ ਰੱਬੀ ਨੂਰ ਤੋਂ ਪੈਦਾ ਹੋਇਆ ਹੈ ਅਤੇ ਉਸ ਦਾ ਨੂਰ ਸਭ ਵਿਚ ਵਿਆਪਕ ਹੈ। ਇਸ ਲਈ ਵੱਖਰੇ ਹੋਣ ਦੇ ਬਾਵਜੂਦ ਵੀ ਬਰਾਬਰ ਤੇ ਸਮਾਨਤਾ ਦਾ ਦਰਜ਼ਾ ਰੱਖਦੇ ਹਨ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥1॥ (ਅੰਗ 1349-50)
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ, ਸੰਤ, ਭੱਟ ਅਤੇ ਭਾਈ ਮਰਦਾਨਾ ਜੀ ਆਪਣੀ ਭਗਤੀ ਸ਼ਰਧਾ ਵਿਸ਼ਵਾਸ ਤੇ ਪ੍ਰਭੂ ਪ੍ਰੇਮ ਕਰਕੇ ਹੀ ਸਦੀਆਂ ਬੀਤਣ ਬਾਅਦ ਵੀ ਸਤਿਕਾਰਯੋਗ ਹਨ ਅਤੇ ਚੰਗੇ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾ ਰਹੇ ਹਨ।
ਬਰਾਬਰਤਾ ਦੀ ਸੱਭ ਤੋਂ ਅਦੁਤੀ ਇਤਿਹਸਕ ਮਿਸਾਲ ਭਾਈ ਘਨਈਆਂ ਜੀ ਦੀ ਹੈ। ਜੋ ਦੁਸ਼ਮਣ ਨੂੰ ਵੀ ਆਪਣਾ ਸਮਝਦੇ ਸਨ। ਉਹਨਾਂ ਨੂੰ ਹਰ ਜ਼ਖਮੀ ਫੌਜੀ ਵਿੱਚੋਂ ਸਿਰਫ ਗੁਰੂ ਦਾ ਹੀ ਮੁੱਖ ਦਿਖਦਾ ਸੀ। ਗੁਰਬਾਣੀ ਦਾ ਧਾਰਨੀ ਹੀ ਐਸਾ ਇਨਸਾਨ ਹੋ ਸਕਦਾ ਹੈ। ਉਦਾਹਰਣ ਲਈ ਗੁਰੂ ਹੁਕਮ ਵੇਖੋ ਜੇ ਮੰਨ ਸਕੀਏ ਤਾਂ:
ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥15॥ ਅੰਗ 1427
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਧਨਾਸਰੀ ਮਹਲਾ ੫ ਅੰਗ 671
ਭਾਈਚਾਰਕ ਸਾਂਝ:
ਧਰਮ ਸਮਾਜ ਵਿੱਚ ਭਾਈਚਾਰਕ ਸਾਂਝ ਪੈਦਾ ਕਰਨ ਲਈ ਜ਼ੋਰ ਦਿੰਦਾ ਹੈ:
ਹਮ ਨਹੀ ਚੰਗੇ ਬੁਰਾ ਨਹੀ ਕੋਇ ॥
ਪ੍ਰਣਵਤਿ ਨਾਨਕ ਤਾਰੇ ਸੋਇ॥ ਰਾਗ ਸੂਹੀ ਮਹਲਾ ੧ ਅੰਗ 728
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥ ਸਲੋਕ ਸੇਖ ਫਰੀਦ ਕੇ ਅੰਗ 1381
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ ॥
ਆਪਨੜੇ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ ॥ 7॥ ਸਲੋਕ ਸੇਖ ਫਰੀਦ ਕੇ ਅੰਗ 1378
ਭਵਨ ਅਤੇ ਸ਼ਹਿਰਾ ਦਾ ਨਿਰਮਾਣ:
ਦੁਨੀਆਂ ਭਰ ਵਿੱਚ ਵੱਡੇ ਸ਼ਹਿਰ ਅਤੇ ਸੈਰ ਸਪਾਟੇ ਦੇ ਕਈ ਅਸਥਾਨ ਵੀ ਉਹਨਾਂ ਦੇਸ਼ਾਂ ਦੇ ਕਿਸੇ ਨਾ ਕਿਸੇ ਮਹਾਨ ਸੰਤ ਮਹਾਤਮਾ ਜਾਂ ਵੀਰ ਨਾਲ ਜੁੜੇ ਅਸਥਾਨਾਂ ਦੇ ਆਲੇ ਦੁਆਲੇ ਵੱਸੇ ਮਿਲਦੇ ਹਨ। ਰੋਮ ਤੋਂ ਅੰਮ੍ਰਿਤਸਰ ਤੱਕ ਕਿਤੇ ਵੀ ਚਲੇ ਜਾਉ। ਕਰਤਾਰਪੁਰ ਪਾਕਿਤਾਨ, ਖਡੂਰ ਸਾਹਿਬ, ਗੋਇੰਦਵਾਲ ਕਰਤਾਰਪੁਰ ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਕੀਰਤਪੁਰ। ਹਰਿਗੋਬਿੰਦ ਪੁਰ, ਅਨੰਦਪੁਰ ਸਾਹਿਬ ਅਤੇ ਪਾਉਂਟਾ ਸਾਹਿਬ ਅਤੇ ਹੋਰ ਦੂਸਰੇ ਪ੍ਰਾਂਤਾਂ ਅਤੇ ਦੇਸ਼ਾਂ ਵਿੱਚ ਗੁਰੂ ਸਾਹਿਬਾਨ ਦੇ ਨਾਂ ਹੇਠ ਸੈਂਕੜੇ ਗੁਰੂ ਘਰ ਬਣ ਚੁੱਕੇ ਹਨ। ਸਿੱਖ ਖਾਸ ਤੌਰ ਤੇ ਗੁਰੂਦਵਾਰਾ ਬਣਾਉਂਦੇ ਹਨ ਫਿਰ ਆਸ ਪਾਸ ਹੀ ਆਪਣੇ ਘਰ ਬਣਾਉਂਦੇ ਹਨ ਅਤੇ ਵਪਾਰ ਸੈੱਟ ਕਰਦੇ ਹਨ। ਇਹ ਵਰਤਾਰਾ ਹੋਰ ਧਰਮਾਂ ਦੇ ਲੋਕਾਂ ਵਿੱਚ ਵੀ ਪਾਇਆ ਗਿਆ ਹੈ।
ਸਿੱਖ ਗੁਰੂ ਸਾਹਿਬਾਨ ਨੇ ਖੂਹ ਸਰੋਵਰ ਅਤੇ ਬਾਉਲੀਆਂ ਵੀ ਪੁਟਵਾੀਅਾਂ। ਪੀਣ ਵਾਲੇ ਸਾਫ ਪਾਣੀ ਦੀ ਵਿਵਸਥਾ ਕੀਤੀ। ਗੁਰੂ ਨਾਨਕ ਦੇਵ ਜੀ ਨੇ ਕਰਤਾਰ ਪੁਰ ਵਸਾਇਆ। ਖੇਤੀ ਕੀਤੀ। ਸੰਗਤ ਦਾ ਨਿਰਮਾਣ ਕੀਤਾ। ਕਰਤਾਰਪੁਰ ਸਾਹਿਬ ਨੂੰ ਇਕ ਨਵੀਨ ਕਿਸਮ ਦਾ ਕੇਂਦਰ ਬਣਾਇਆ। ਲੰਗਰ ਚਾਲੂ ਕੀਤੇ। ਹਿੰਦੂ ਮੁਸਲਿਮ ਇਕ ਥਾਂ ਇੱਕਠੇ ਬੈਠਣ ਲੱਗੇ:
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ॥ ਰਾਗ ਬਿਲਾਵਲ ਮਹਲਾ ੫ ਅੰਗ 816
ਅੰਮ੍ਰਿਤਸਰ ਸਾਹਿਬ ਦਾ ਪਹਿਲਾ ਨਾਮ ਗੁਰੂ ਕਾ ਚੱਕ ਸੀ। (1577) ਗੁਰੂ ਅਰਜਨ ਦੇਵ ਜੀ ਨੇ ਇਸਦਾ ਨਾਮ “ਰਾਮਦਾਸ ਪੁਰ” ਰਖਿਆ ਅਤੇ ਬਾਅਦ ਵਿੱਚ ਅੰਮ੍ਰਿਤਸਰ ਪ੍ਰਚਲਿਤ ਹੋਇਆ। ਅੰਮ੍ਰਿਤਸਰ ਦਾ ਪ੍ਰਤੀਕ ਸਤਿਗੁਰ ਲਈ ਵੀ ਵਰਤਿਆ ਗਿਆ ਹੈ:
ਅੰਮ੍ਰਿਤਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ ਗੁਜਰੀ ਮਹਲਾ ੪ ਅੰਗ 493
ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥ ਮਹਲਾ 3 ॥28॥ 1412
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ
ਹਰਿ ਹਾਂ ਕਸਮਲ ਜਾਹਿ ਨਾਇਐ ਰਾਮਦਾਸ ਸਰ॥ ਫੁਨਹੇ ੫ ਅੰਗ 1361
ਅਨੰਦਪੁਰ ਸਾਹਿਬ ਅਨੰਦ ਦੀ ਨਗਰੀ ਖਾਲਸੇ ਜਨਮ ਅਸਥਾਨ
ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥ ਸਾਰੰਗ ਮਹਲਾ ੧ ਅੰਗ 1204
ਤਰਨਤਾਰਨ
ਕਰਿ ਬਿਚਾਰ ਬਿਕਾਰ ਪਰਹਰਿ ਤਰਨ ਤਾਰਨ ਸੋਇ ॥ ਰਾਗ ਆਸਾ ਕਬੀਰ ਜੀ ਅੰਗ 482
ਯਾਹੂ ਤਰਨ ਤਾਰਨ ਸਮਰਾਥਾ॥
ਰਾਖਿ ਲੇਹੁ ਨਿਰਗੁਨ ਨਰਨਾਥਾ॥ ਰਾਗ ਗਉੜੀ ਮਹਲਾ ੫ ਅੰਗ 259
ਇਹਨਾਂ ਨਗਰਾਂ ਵਿੱਚ ਮੰਡੀਆਂ ਤੇ ਹਰ ਪ੍ਰਕਾਰ ਦੇ ਕਿੱਤਿਆਂ ਅਤੇ ਵਪਾਰ ਦਾ ਪ੍ਰਬੰਧ ਕਰਕੇ 52 ਜਾਤੀਆਂ ਦੇ ਦਸਤਕਾਰੀ ਅਤੇ ਹੋਰ ਕਿਤਿਆਂ ਦੇ ਮਾਹਿਰ ਲੋਕਾਂ ਨੂੰ ਅੰਮ੍ਰਿਤਸਰ ਵਿੱਚ ਵਸਾਇਆ। ਲੋਕਾਈ ਦੇ ਭਲੇ ਲਈ ਰੋਜ਼ਗਾਰ ਪੈਦਾ ਕਰਕੇ ਆਤਮ ਨਿਰਭਰ ਬਣਾਇਆ। ਕਮਾਈ ਵਿੱਚ ਵਾਧਾ ਕੀਤਾ। ਫਿਰ ਲੋੜਵੰਦਾਂ ਦੀ ਮਦਦ ਕਰਨ ਦੀ ਸਿਖਿਆ ਦਿੱਤੀ:
ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ॥
ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ॥ ੧॥ ਰਾਗ ਰਾਮਕਲੀ ਮਹਲਾ ੫ ਅੰਗ 965
ਬਹਾਦਰੀ:
ਧਰਮ ਆਮ ਲੋਕਾਂ ਵਿੱਚ ਬਹਾਦਰੀ, ਸੂਰਬੀਰਤਾ ਅਤੇ ਨਿਰਭੈਤਾ ਵਰਗੇ ਗੁਣ ਭਰ ਦਿੰਦਾ ਹੈ। ਸਿੱਖ ਇਤਿਹਾਸ ਅਤੇ ਹੋਰ ਧਰਮਾਂ ਦਾ ਇਤਿਹਾਸ ਮਿਥਿਹਾਸ ਵੀ ਸੂਰਬੀਰਾਂ ਦੀਅਾਂ ਗਾਥਾਵਾਂ ਨਾਲ ਭਰਿਆ ਪਿਆ ਹੈ ਜਿਹਨਾਂ ਨੇ ਅਸਾਧਾਰਨ ਹਾਲਾਤਾਂ ਦੌਰਾਨ ਅਸਾਧਾਰਨ ਕਾਰਨਾਮੇ ਕਰ ਵਿਖਾਏ। ਸਿੱਖ ਸੂਰਬੀਰਾਂ ਤੇ ਖਾਲਸਾ ਪੰਥ ਦੀਆਂ ਕੁਰਬਾਨੀਆਂ ਤੇ ਬਹਾਦਰੀ ਦੇ ਕਿੱਸੇ ਘਰ ਘਰ ਗਾਏ ਜਾਂਦੇ ਹਨ ।
ਕਿਸਾਨ ਮੋਰਚੇ ਵਿੱਚ ਆਪਣੀ ਸੂਝ ਬੂਝ ਤੇ ਲੰਗਰ ਲਗਾ ਕੇ ਆਤਮ ਨਿਰਭਰਤਾ ਤੇ ਸ਼ਾਂਤੀ ਪੂਰਵਕ ਹੱਕ ਲੈਕੇ ਮੁੜਨ ਦੀ ਬੇਮਿਸਾਲ ਪਿਰਤ ਪੰਜਾਬੀਆਂ ਨੇ ਪਾਈ ਹੈ। ਕਿਸਾਨਾਂ ਨੇ ਆਪਣੇ ਸੁਹਣੇ ਕਿਰਦਾਰ ਨਾਲ ਹਰਿਆਣੇ ਯੂਪੀ ਤੇ ਹੋਰ ਪ੍ਰਾਂਤਾਂ ਦਾ ਸਹਿਯੋਗ ਪ੍ਰਾਪਤ ਕੀਤਾ ਤੇ ਪੰਜਾਬ ਤੋਂ ਸ਼ੁਰੂ ਹੋਇਆ ਮੋਰਚਾ ਦੇਸ਼ ਵਿਆਪੀ ਹੋ ਗਿਆ ਜਿਸਦੀ ਚਰਚਾ ਦੁਨੀਆਂ ਭਰ ਵਿੱਚ ਹੋਈ। ਸਰਕਾਰਾਂ ਤੇ ਵੱਡੇ ਵੱਡੇ ਆਰਟਿਸਟ ਤੇ ਗਾਇਕ ਬਿਉਂਨਸੇ ਵਰਗੀ ਅਮੀਰ ਤੇ ਸਵਿਡਸ਼ ਐਕਟਵਿਸਟ ਗਰੇਟਾ ਥੰਨਬਰਗ ਨੇ ਟਿਵੱਟਰ ਤੇ ਇਸਦਾ ਨੋਟਿਸ ਲਿਆ ਤਾਂ ਭਾਰਤ ਸਰਕਾਰ ਬੌਖਲਾ ਉੱਠੀ। ਦੁਨੀਆਂ ਵਿੱਚ ਚਰਚਾ ਛਿੜੀ ਤੇ ਇਕ ਵੱਖਰਾ ਇਤਿਹਾਸ ਸਿਰਜ ਦਿੱਤਾ ਗਿਆ। ਭਾਵੇੰ ਕਿਸਾਨ ਸੱਭ ਧਰਮਾਂ ਦੇ ਸਨ ਉਹਨਾਂ ਦੀ ਇਸ ਅਨੂਠੀ ਤਾਕਤ ਪਿੱਛੇ ਉਹਨਾਂ ਦੇ ਅਚੇਤ ਮਨ ਵਿੱਚ ਧਾਰਮਿਕ ਸੰਸਕਾਰਾਂ ਦੀ ਲੁਕੀ ਹੋਈ ਤਾਕਤ ਕੰਮ ਕਰ ਰਹੀ ਸੀ। 734 ਦੇ ਤਕਰੀਬਨ ਮੌਤਾਂ ਵੀ ਹੋਈਆਂ ਪਰ ਜੋ ਅਡੋਲ ਮਨੋਬਲ, ਸੂਰਬੀਰਤਾ ਤੇ ਨਿਰਭੈਤਾ ਮੋਰਚੇ ਵਿੱਚ ਮਰਦਾਂ ਔਰਤਾਂ ਬੱਚਿਆਂ ਨੇ ਵਿਖਾਈ ਉਹ ਅਕੱਥ ਕਹਾਣੀ ਬਣ ਗਿਆ ਹੈ। ਗੁਰਬਾਣੀ ਅਨੁਸਾਰ:
ਸੂਰਬੀਰ ਬਚਨ ਕੇ ਬਲੀ॥
ਕਉਲਾ ਬਪੁਰੀ ਸੰਤੀ ਛਲੀ॥ 3॥ ਆਸਾ ਮਹਲਾ ਪ ਅੰਗ 392
ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤਿ ਆਨਿ॥
ਕਹੁ ਨਾਨਕ ਸੁਨਿ ਰੇ ਮਨ ਗਿਆਨੀ ਤਾਹਿ ਬਖਾਨਿ॥ ਅੰਗ 1427
ਕਹੁ ਕਬੀਰ ਸੁਖਿ ਸਹਜਿ ਸਮਾਵਉ॥
ਆਪਿ ਨ ਡਰਉ ਨ ਅਵਰ ਡਰਾਵਉ॥3॥17॥ ਗਉੜੀ ਕਬੀਰ ਜੀ ਤਿਪਦੇ ਚਾਰਤੁਕੇ॥ ਅੰਗ 326
ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ 20॥1412॥ ਮਹਲਾ 1
ਧਰਮ, ਨਿਮਾਣਿਆਂ ਨਿਤਾਣਿਆਂ ਦਾ ਮਾਣ ਤੇ ਤਾਣ ਹੈ। ਧਰਮ ਕਮਜ਼ੋਰਾਂ ਦੀ ਤਾਕਤ ਅਤੇ ਧਿਰ ਹੈ:
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧ ਸਭੁ ਕਿਛ ਮੈਨੋ ਸਉਪਿਆ ਜਾ ਤੇਰਾ ਬੰਦਾ॥ ਰਾਗ ਮਾਰੂ ਮਹਲਾ ੫ ਅੰਗ 1096
ਦੇਦਾ ਦੇ ਲੈਦਾ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ ॥
ਹੰਕਾਰੀ, ਵਿਭਚਾਰੀ, ਤਾਕਤ ਦੇ ਨਸ਼ੇ ਵਿਚ ਗੜੁੱਤ, ਹਾਕਮਾਂ ਨੂੰ ਉਹ ਹੀ ਆਖਿਆ ਗਿਆ ਹੈ ਜੋ ਉਹ ਹਨ:
ਰਾਜੇ ਸ਼ੀਂਹ ਮੁਕੱਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ
ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ॥ ਜਪੁ ਮਹਲਾ ੧ ਅੰਗ 1
ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ॥42॥ 1428
ਪਾਖੰਡੀ ਬਾਬਿਆਂ ਬਾਰੇ ਸਾਫ ਸਾਫ ਕਹਿ ਦਿੱਤਾ :
ਉਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ ਰਾਗ ਆਸਾ ਭਗਤ ਕਬੀਰ ਅੰਗ 476
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ॥ ਸਿਰੀਰਾਗੁ ਮਹਲਾ ੧ ਅੰਗ 57
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥ ਰਾਗੁ ਰਾਮਕਲੀ ਮਹਲਾ ੩ ਅੰਗ 951
ਅਖੌਤੀ ਧਰਮੀਆਂ ਤੇ ਬਾਬਿਆਂ ਦੇ ਕੁਟਿਲ ਕਰਮਾਂ, ਕੁਕਰਮਾਂ, ਬੀਬੀਆਂ ਬੱਚਿਆਂ ਤੇ ਜ਼ੁਲਮ ਕਰਨ ਕਾਰਣ/ਸਰੀਰਕ ਸੋਸ਼ਣ ਕਰਨ ਕਾਰਣ ਕਾਫੀ ਗਿਣਤੀ ਵਿੱਚ ਲੋਕ ਜਨ ਸਮੂਹ ਧਰਮ ਅਤੇ ਰੱਬ ਵਿੱਚ ਵਿਸ਼ਵਾਸ ਹੀ ਨਹੀਂ ਕਰਦੇ। ਦੁਨੀਆਂ ਭਰ ਵਿੱਚ ਐਸੇ ਪਖੰਡੀਆਂ ਨੂੰ ਸਜ਼ਾਵਾਂ ਮਿਲੀਆਂ ਹਨ ਅਤੇ ਮਿਲ ਵੀ ਰਹੀਆਂ ਹਨ। ਪਤਾ ਨਹੀਂ ਕਿਵੇਂ ਅਜੀਬੋ ਗਰੀਬ ਤਰੀਕੇ ਅਪਣਾ ਕੇ ਇਹ ਪਖੰਡੀ ਮਾਸੂਮ ਲੋਕਾਂ ਨੂੰ ਵਰਗਲਾ ਕੇ ਆਪਣੇ ਮਗਰ ਲਗਾ ਲੈਂਦੇ ਹਨ। ਇਹਨਾਂ ਤੋਂ ਬਚਣ ਦੀ ਲੋੜ ਹੈ। ਗੁਰਬਾਣੀ ਵਿੱਚ ਲੋਕਾਂ ਨੂੰ ਅਖਾਉਤੀ ਧਾਰਮਿਕ ਪਾਖੰਡੀਆਂ ਤੋਂ ਬਚਣ ਲਈ ਚੇਤਾਵਨੀ ਦਿੱਤੀ ਗਈ ਹੈ:
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ॥ 64॥ 1421।
ਨਿੰਦਕਾਂ ਬਾਰੇ ਕਿਹਾ ਕਿ ਨਿੰਦਕ ਬਿਨਾ ਮਜ਼ਦੂਰੀ ਲਏ ਦੂਜਿਆ ਦਾ ਭਾਰ ਆਪਣੇ ਸਿਰ ਚੁੱਕੀ ਫਿਰਦਾ ਹੈ:
ਸੋ ਨਿੰਦਾ ਭਲੀ ਕਿਸੀ ਕੀ ਨਾਹੀ।।
ਗੁਰਬਾਣੀ ਅਨੁਸਾਰ ਨਿੰਦਾ ਕਰਿ ਕਰਿ ਬਹੁ ਭਾਰ ਊਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ॥ ਮਾਝ ਮਹਲਾ ੩ ਅੰਗ 117
ਗਲਤ ਤਰੀਕਿਆਂ ਨਾਲ ਕਮਾਇਆ ਧਨ ਜਾਇਜ਼ ਅਤੇ ਹੱਕ ਦੀ ਕਮਾਈ ਨਹੀਂ ਬਣ ਜਾਂਦਾ। ਗੁਰੂ ਅਤੇ ਪੀਰ ਵੀ ਉਸੇ ਦੀ ਹਾਮੀ ਭਰਦੇ ਹਨ ਜਿਹੜਾ ਸਹੀ ਕਮਾਈ ਕਰ ਕੇ ਖਾਂਦਾ ਹੈ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ ਮਹਲਾ ੧ (ਪੰਨਾ 141)
ਧਰਮ ਅਤੇ ਔਰਤ:
ਔਰਤ ਵੱਲ ਉਦਾਰਤਾ ਦਾ ਨਜ਼ਰੀਆ ਅਪਨਾਉਣ ਲਈ ਸਿੱਖ ਧਰਮ ਨੇ ਸੱਭ ਤੋਂ ਵੱਡਾ ਯੋਗਦਾਨ ਪਾਇਆ। ਧਰਮ ਔਰਤ ਦੀ ਇਜ਼ਤ ਮਾਣ ਰੱਖਣਾ ਸਿਖਾਉਂਦਾ ਹੈ। ਘਰਾਂ ਅੰਦਰ ਹੋ ਰਹੀ ਹਿੰਸਾ ਨੂੰ ਰੋਕਦਾ ਹੈ। ਚਾਹੇ ਇਸ ਪਾਸੇ ਅਜੇ ਹੋਰ ਬਹੁਤ ਕੰਮ ਕਰਨ ਦੀ ਜਰੂਰਤ ਹੈ। ਮਰਦਾਨਗੀ ਹੋਣਾ ਹੋਰ ਗੱਲ ਹੈ, ਮਰਦਾਨਗੀ ਦੀ ਹੈਂਕੜ ਹੋਣਾ ਹੋਰ ਗੱਲ। ਮਰਦ ਤੇ ਔਰਤ ਜਦੋਂ ਇਕ ਦੂਜੇ ਦੇ ਪੂਰਕ ਬਣ ਗਏ ਇਸਦਾ ਹੱਲ ਨਿਕਲਣਾ ਸ਼ੁਰੂ ਹੋ ਜਾਵੇਗਾ। ਗੁਰ ਨਾਨਕ ਜੀ ਦਾ ਮਹਾਂਵਾਕ ਹੈ:
ਸੋ ਕਿਉਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ॥ ਰਾਗ ਆਸਾ ਮਹਲਾ ੧ ਅੰਗ 473
ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥
ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੧॥ ਮਹਲਾ ੩ ਗਾਉੜੀ ਬੈਰਾਗਣਿ ਅੰਗ 162
ਗੁਰੂ ਅਮਰ ਦਾਸ ਜੀ ਨੇ ਸਤੀ ਦੀ ਰਸਮ ਨੂੰ ਤੋੜਿਆ, ਮੁੜ ਵਿਆਹ ਦੀ ਇਜਾਜ਼ਤ ਦਿੱਤੀ, ਔਰਤ ਨੂੰ ਬਰਾਬਰ ਦੇ ਅਧਿਕਾਰ ਦੇਣ ਦੀ ਗੱਲ ਤੋਰੀ ਤੇ ਸਮਾਜ ਵਿੱਚ ਇਜ਼ਤ ਮਾਣ ਬਖਸ਼ਿਆ। ਉਹ ਅਲੱਗ ਬਾਤ ਹੈ ਕਿ ਕਈ ਲੋਕ, ਫੋਕੀ ਹੈਂਕੜ ਤੇ ਮਰਦਊਪੁਣੇ ਵਿੱਚ ਇਸ ਤੋਂ ਮੁਨਕਰ ਹੋਈ ਫਿਰਨ। ਪਰ ਕਹਿਣਾ ਚਾਹਾਂਗਾ ਕਿ ਔਰਤ ਦਾ ਸਤਿਕਾਰ ਕਰਨ ਨਾਲ ਅਤੇ ਔਰਤਾਂ ਨੂੰ ਉੱਚ ਵਿਦਿਆ ਦਿਵਾਉਣ ਨਾਲ ਹੀ ਚੰਗੇ ਘਰ ਪਰਿਵਾਰ ਤੇ ਸਮਾਜ ਦਾ ਨਿਰਮਾਣ ਹੋ ਸਕਦਾ ਹੈ। ਔਰਤ ਨੂੰ ਤਰੱਕੀ ਕਰਦਿਆਂ ਵੇਖ ਅੰਤ ਵਿੱਚ ਗਲਤ ਚੁੰਝ ਚਰਚਾ ਵੀ ਖਤਮ ਹੋ ਜਾਂਦੀ ਹੈ। ਸਮਾਂ ਪਾ ਕੇ ਔਰਤ ਦੇ ਕੀਤੇ ਹੋਏ ਕੰਮ ਕਾਜ, ਸੁਚੱਜ, ਸੁਹਜ ਦੀ ਗੱਲ ਹੁੰਦੀ ਹੈ। ਨਾ ਸਿਰਫ ਆਪਣੇ ਮੁਲਕ ਵਿੱਚ ਬਲਕਿ ਦੁਨੀਆਂ ਭਰ ਵਿੱਚ ਵੱਡੇ ਅਹੁਦਿਆਂ ਉਤੇ ਜਦੋਂ ਅਸੀਂ ਆਪਣੀਆਂ ਧੀਆਂ ਭੇਣਾਂ ਨੂੰ ਵੇਖਦੇ ਹਾਂ ਤਾਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਸੈਂਕੜੇ ਉਦਾਹਰਣਾਂ ਹਨ: ਰਾਜਨੀਤੀ, ਮੈਡੀਕਲ ਸਾਇੰਸ ਇੰਜੀਨੀਅਰਿੰਗ, ਸਪੇਸ ਵਿੱਚ, ਸਮੁੰਦਰ ਵਿਚ, ਅੰਟਾਰਟਿਕਾ, ਮਾਊਂਟ ਐਵਰੈਸਟ ਅਤੇ ਹੁਣ ਮੰਗਲ ਯਾਨ ਵਿੱਚ ਸਾਡੀ ਕੁੜੀ ਜਸਲੀਨ ਕੌਰ ਜੋਸਨ ਨਾਸਾ ਵਲੋਂ ਜਾਵੇਗੀ। ਆਪਣੀ ਅਕਲ ਤੇ ਬੁੱਧੀ ਕਰਕੇ ਸਾਡੀ ਔਰਤ ਦੁਨੀਆਂ ਵਿਚ ਮੱਲਾਂ ਮਾਰ ਰਹੀ ਹੈ।
ਵਿਆਹ ਅਤੇ ਤਲਾਕ:
ਵਿਆਹ ਪ੍ਰਬੰਧ ਵਿੱਚ ਦੇਖਿਆ ਗਿਆ ਹੈ ਕਿ ਧਰਮ ਨੂੰ ਮੰਨਣ ਵਾਲਿਆਂ ਦੀ ਜਿਆਦਾ ਬਣ ਆਉਂਦੀ ਹੈ। ਸਿੱਖ ਵਿਆਹ “ਅਨੰਦ ਵਿਆਹ” ਹੈ, ਜਿਸ ਵਿੱਚ ਤਲਾਕ ਦਾ ਕੋਈ ਥਾਂ ਨਹੀਂ। ਹੁਣ ਸਮਾਂ ਬਦਲ ਰਿਹਾ ਹੈ ਤੇ ਇਹ ਤਲਾਕ ਵਰਗੀ ਸਮੱਸਿਆ ਵੀ ਵੱਧ ਰਹੀ ਹੈ। ਫਿਰ ਵੀ ਮਾਹਿਰਾਂ ਦਾ ਕਹਿਣਾ ਹੈ ਕਿ ਧਰਮ ਨੂੰ ਮੰਨਣ ਵਾਲਿਆਂ ਵਿੱਚ ਤਲਾਕ ਆਮ ਲੋਕਾਂ ਨਾਲੋ 22% ਘੱਟ ਹੁੰਦੇ ਹਨ। ਜੇ ਦੰਪਤੀ ਜੋੜੇ ਇਕ ਦੂਜੇ ਦੀ ਕਦਰ ਕਰਨ ਤਾਂ ਤਲਾਕ ਦੀ ਨੌਬਤ ਨਹੀਂ ਆਉਂਦੀ:
ਧਨ ਪਿਰੁ ਏਹਿ ਨ ਆਖੀਅਨ ਬਹਨਿ ਇਕਠੇ ਹੋਇ॥
ਏਕ ਜੋਤਿ ਦੋਇ ਮੂਰਤੀ ਧਨ ਪਿਰੁ ਕਹੀਐ ਸੋਇ॥ ਵਾਰ ਸੂਹੀ ੩ ਅੰਗ 788
ਧਰਮ ਅਤੇ ਰਿਸ਼ਤੇ:
ਧਰਮ ਆਪਸੀ ਰਿਸ਼ਤੇ ਨਾਤੇ ਸਾਕ ਸਬੰਧੀਆਂ ਨਾਲ ਵੀ ਪਿਆਰ ਕਰਨ ਦੀ ਸਿਖਿਆ ਦਿੰਦਾ ਹੈ। “ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ।“ ਰਿਸ਼ਤੇਦਾਰੀ ਅਤੇ ਦੋਸਤੀ ਵਿੱਚ ਨੈਤਿਕ ਤੌਰ ਤੇ ਜਿਮੇਂਵਾਰ ਬਣੋ। ਝਗੜੇ ਨਾ ਪਾ ਕੇ ਪ੍ਰੇਮ ਕਰਨਾ ਸਿੱਖੋ। ਪੁੱਤਰ ਨੂੰ ਪਿਤਾ ਦੀ ਇਜ਼ਤ ਕਰਨ ਲਈ ਕਿਹਾ। ਮਾਤਾ ਪਿਤਾ ਨੇ ਜਨਮ ਦੇ ਕੇ ਪਾਲਿਆ ਪੋਸਿਆ ਹੁੰਦਾ ਹੈ ਅਤੇ ਕੋਈ ਪੁੱਤਰ ਜੇ ਵੱਡਾ ਹੋ ਕੇ ਉਹਨਾਂ ਨਾਲ ਆਹਢੇ ਲਾਉਣ ਲੱਗ ਪੈਂਦਾ ਹੈ ਤਾਂ ਸੱਚੇ ਗੁਰੂ ਰਾਮਦਾਸ ਜੀ ਸਿਖਆ ਦੇ ਰਹੇ ਹਨ:
ਕਾਹੇ ਪੂਤ ਝਗਰਤ ਹਉ ਸੰਗਿ ਬਾਪ॥
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸੰਗਿ ਝਗਰਤ ਪਾਪ
॥੧॥ ਰਹਾਉ॥ ਰਾਗ ਸਾਰੰਗ ਮਹਲਾ ੪ ਅੰਗ 1200
ਧਰਮ ਨੈਤਿਕਤਾ ਸਿਖਾਉਂਦਾ ਹੈ। ਚੰਗੀ ਗੱਲਬਾਤ ਕਰਨ ਦੀ ਸੋਚ ਪੈਦਾ ਕਰਦਾ ਹੈ। ਇਕ ਦੂਜੇ ਨਾਲ ਸਨੇਹ ਨਾਲ ਚੱਲਣ ਲਈ ਪ੍ਰਰੇਰਦਾ ਹੈ। ਫਿੱਕੇ ਕੌੜੇ ਕਠੋਰ ਬਚਨ ਬੋਲਣ ਤੋਂ ਮਨ੍ਹਾ ਕਰਦਾ ਹੈ। ਐਸੇ ਬੋਲ ਬੋਲਣ ਨਾਲ ਸਾਡੀ ਸੋਭਾ ਤੇ ਆਭਾ ਘੱਟਦੀ ਹੈ। ਦੂਸਰਿਆਂ ਦਾ ਮਨ ਦੁੱਖੀ ਹੁੰਦਾ ਹੈ। ਦਿਲ ਟੁਟਦਾ ਹੈ। ਰੱਬ ਦੂਰ ਹੁੰਦਾ ਹੈ:
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥ ਸਲੋਕ ਮਹਲਾ ੧ ਅੰਗ 473
ਇਕ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮੂਲਿ ਮਚਾਂਗਵਾ॥ ੧੨੯॥ ਸਲੋਕ ਫਰੀਦ ਕੇ ਅੰਗ 1384
ਵਾਤਾਵਰਣ:
ਸਾਡੇ ਸਮਾਜ ਲਈ ਧਰਤੀ ਅਤੇ ਵਾਤਾਵਰਣ ਦੀ ਬਹੁਤ ਮਹੱਤਤਾ ਹੈ। ਧਰਤੀ ਤੇ ਇਸ ਉਪਰਲੇ ਜਲਵਾਯੂ ਕਰਕੇ ਹੀ ਸਾਨੂੰ ਸਾਹ ਲੈਣ ਅਤੇ ਖਾਣ ਪੀਣ ਦੇ ਪਦਾਰਥ ਪ੍ਰਪਾਤ ਹੁੰਦੇ ਹਨ। ਮਨੁੱਖੀ, ਜੀਵ ਜੰਤੂਆਂ ਅਤੇ ਪ੍ਰਕ੍ਰਿਤਕ ਜੀਵਨ ਸੰਭਵ ਹੋ ਸਕਿਆ ਹੈ। ਗੁਰੂ ਜੀ ਨੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ:
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸ ਰਾਤਿ ਦੁਇ ਦਾਈ ਦਾਇਆ ਖੇਲੇ ਸਗਲ ਜਗਤੁ॥ ਜਪ ਮਹਲਾ ੧ ਅੰਗ 8
ਗੁਰਮੁਖਿ ਧਰਤੀ ਗੁਰਮੁਖਿ ਪਾਣੀ॥
ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ॥ ਮਾਝ ਮਹਲਾ ੩ ਅੰਗ 117
ਧਰਤੀ ਸਾਨੂੰ ਮਾਂ ਵਾਂਗ ਹੀ ਜੀਵਨ ਦਾਨ ਦਿੰਦੀ ਹੈ, ਪਾਲਦੀ ਪੋਸਦੀ ਵੱਡਾ ਕਰਦੀ ਹੈ ਅਤੇ ਮੌਤ ਉਪਰੰਤ ਵੀ ਆਪਣੀ ਗੋਦ ਵਿੱਚ ਸਮਾ ਲੈਂਦੀ ਹੈ। ਇਸ ਕਰਕੇ ਵੀ ਧਰਤੀ ਸਾਡੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਹੈ ਸਾਨੂੰ ਧਰਤੀ ਦੀ ਕਦਰ ਕਰਨੀ ਚਹੀਦੀ ਹੈ:
ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡ ਨ ਕੋਇ ॥
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ॥੧੭॥ ਸਲੋਕ ਸੇਖ ਫਰੀਦ ਕੇ ਅੰਗ 1378
ਵਣ ਬਨਸਪਤੀ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਨੂੰ ਕੱਟ ਵੱਢ ਕੇ ਮਨੁੱਖ ਦੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਬਰਬਾਦ ਨਹੀਂ ਕਰਨਾ ਚਾਹੀਦਾ ਹੈ। ਅੱਜ ਕੱਲ ਜੰਗਲਾਂ ਵਿੱਚ, ਝੀਲਾਂ ਸਮੁੰਦਰਾਂ ਦੇ ਕਿਨਾਰੇ ਤੇ ਪਹਾੜਾਂ ਨੂੰ ਕੱਟ ਕੇ ਅਣਉਚਿਤ ਤਰੀਕਿਆਂ ਦੀ ਵਰਤੋ ਕਰਕੇ ਜਿਸ ਤਰਾਂ ਉਚੀਆਂ ਇਮਾਰਤਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਉਸਦਾ ਵਾਤਵਰਣ ਤਾਂਂ ਦਿਨ-ਬ-ਦਿਨ ਮਾੜਾ ਪ੍ਰਭਾਵ ਵੱਧ ਰਿਹਾ ਹੈ। ਸਮਾਜ ਅਤੇ ਵਾਤਵਰਣ ਲਈ ਵੱਡੀ ਚਿੰਤਾ ਕਾਰਣ ਬਣ ਰਿਹਾ ਹੈ। ਫਰੀਦ ਜੀ ਬਾਰਵੀਂ ਸਦੀ ਵਿੱਚ ਚੇਤਾਵਨੀ ਦੇ ਗਏ ਸਨ:
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥੧੯॥ ਸਲੋਕ ਫਰੀਦ ਕੇ ਅੰਗ 1378
ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਧਰਮ ਸਮਾਜ ਦੇ ਚੰਗੇ ਨਿਰਮਾਣ ਲਈ ਸਚਾਰੂ ਤੇ ਉਸਾਰੂ ਢੰਗ ਨਾਲ ਕੰਮ ਕਰਦਾ ਹੈ।
ਜੇ ਕੋਈ ਧਰਮ ਨੂੰ ਸਿੱਧੇ ਤੌਰ ਤੇ ਨਹੀਂ ਵੀ ਮੰਨਦਾ ਉਹ ਤਾਂ ਵੀ ਧਰਮ ਨੂੰ ਨੈਤਿਕ ਅਸੂਲਾਂ ਦੇ ਰੂਪ ਵਿੱਚ ਮੰਨ ਰਿਹਾ ਹੁੰਦਾ ਹੈ। ਹੁਣ ਲੋੜ ਹੈ ਧਰਮ ਦੀ ਸਾਰਥਿਕਤਾ ਨੂੰ ਸਮਾਜ ਦੇ ਕਲਿਆਣ ਦੇ ਰੂਪ ਵਿੱਚ ਸਮਝਣ ਦੀ। ਆਪਣੇ ਚੱਜ ਵਿਚਾਰਨ ਦੀ:
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ॥
ਨਵਾ ਖੰਡਾ ਵਿਚਿ ਜਾਣਿਆ ਅਪਨੇ ਚਜ ਵੀਚਾਰ॥ ਅੰਗ 1413
ਸਮਾਜ ਦੀ ਨੀਂਹ ਧਰਮ ਤੇ ਅਧਾਰਿਤ ਹੈ। ਧਰਮ ਲੋਕਾਂ ਨੂੰ ਨੈਤਿਕ ਗੁਣਾਂ ਦਾ ਧਾਰਨੀ ਬਣਾਉਂਦਾ ਹੈ। ਹਲੀਮੀ, ਸਹਿਣਸ਼ੀਲਤਾ, ਵੱਡਿਆਂ ਦਾ ਆਦਰ ਸਤਿਕਾਰ, ਛੋਟਿਆਂ ਨਾਲ ਪਿਆਰ, ਔਰਤ ਦੀ ਇਜ਼ਤ ਕਰਨਾ, ਨਿਆਂ, ਸੱਚ, ਇਨਸਾਫ, ਇਮਾਨਦਾਰੀ, ਬਰਾਬਰਤਾ, ਭਾਈਚਾਰਕ ਸਾਂਝ, ਸੇਵਾ ਭਾਵਨਾ, ਗਰੀਬਾਂ, ਬੀਮਾਰਾਂ, ਲੋੜਵੰਦਾਂ ਦੀ ਮਦਦ ਕਰਨਾ, ਦੇਸ਼, ਕੌਮ, ਧਰਮ ਦੀ ਰੱਖਿਆ ਲਈ ਆਪਾ ਵਾਰਨ ਦਾ ਜ਼ਜ਼ਬਾ ਪੈਦਾ ਕਰਨ ਵਰਗੇ ਅਨਮੋ਼ਲ ਗੁਣ ਧਰਮ ਨਾਲ ਹੀ ਪੈਦਾ ਹੁੰਦੇ ਹਨ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਧਰਮ ਸਮਾਜ ਦੇ ਚੰਗੇ ਨਿਰਮਾਣ ਲਈ ਸਚਾਰੂ ਤੇ ਉਸਾਰੂ ਢੰਗ ਨਾਲ ਕੰਮ ਕਰਦਾ ਹੈ।
***
ਪਿਆਰਾ ਸਿੰਘ ਕੁੱਦੋਵਾਲ
pskudowal@yahoo.com
***
811
***