ਯਾਦੂਈ ਯਥਾਰਥਵਾਦ : ਨਾਵਲ – ਅੰਬਰ ਪਰੀਆਂਡਾ. ਅਮਨਦੀਪ ਸਿੰਘ |
ਬਲਜਿੰਦਰ ਨਸਰਾਲੀ ਪੰਜਾਬੀ ਗਲਪ ਵਿੱਚ ਬੇਹੱਦ ਨਾਮਣਾ ਖੱਟਣ ਵਾਲਾ ਗਲਪਕਾਰ ਹੈ। ਉਸ ਨੇ ਆਪਣੇ ਦੋ ਨਾਵਲਾਂ (ਹਾਰੇ ਦੀ ਅੱਗ, ਵੀਹਵੀਂ ਸਦੀ ਦੀ ਆਖ਼ਰੀ ਕਥਾ) ਅਤੇ ਦੋ ਕਹਾਣੀ ਸੰਗ੍ਰਹਿਆਂ (ਡਾਕਖ਼ਾਨਾ ਖ਼ਾਸ, ਔਰਤ ਦੀ ਸ਼ਰਣ ਵਿੱਚ) ਰਾਹੀਂ ਪੰਜਾਬੀ ਗਲਪ ਸਾਹਿਤ ਵਿੱਚ ਆਪਣੀ ਨਿੱਗਰ ਪਛਾਣ ਬਣਾਈ ਹੈ। ‘ਅੰਬਰ ਪਰੀਆਂ’ ਉਸ ਦਾ ਸੱਜਰਾ ਨਾਵਲ ਹੈ। ‘ਅੰਬਰ ਪਰੀਆਂ’ ਨਾਵਲ ਦੀ ਖ਼ਾਸੀਅਤ ਇਹ ਹੈ ਕਿ ਇਸ ਨੇ ਪੰਜਾਬੀ ਨਾਵਲ ਦੇ ਪਰੰਪਰਕ ਫਰੇਮ ਨੂੰ ਤੋੜਿਆ ਹੈ ਅਤੇ ਪੰਜਾਬੀ ਨਾਵਲ ਦੇ ਵਿਕਾਸ ਵੱਲ ਇੱਕ ਪੁਲਾਂਘ ਹੋਰ ਪੁੱਟੀ ਹੈ। ਇਹ ਨਾਵਲ ‘ਜਾਦੂਈ ਯਥਾਰਥਵਾਦ’ ਦੀ ਤਕਨੀਕ ਨਾਲ ਉਸਾਰਿਆ ਗਿਆ ਹੈ। ਇਸ ਸ਼ੈਲੀ ਵਿੱਚ ਯੂਟੋਪੀਆ, ਮਿੱਥ, ਫ਼ੈਂਟਸੀ, ਜਾਦੂ-ਟੂਣਾ, ਪਰੀ-ਕਥਾਵਾਂ, ਦੈਵੀ-ਸ਼ਕਤੀਆਂ ਵਿੱਚ ਵਿਸ਼ਵਾਸ ਅਤੇ ਸ਼ਗਨ-ਅਪਸ਼ਗਨ ਆਦਿ ਰਾਹੀਂ ਸਮਾਜਿਕ ਯਥਾਰਥ ਨੂੰ ਪ੍ਰਗਟ ਕੀਤਾ ਜਾਂਦਾ ਹੈ। ਡਾ. ਸੁਰਜੀਤ ਸਿੰਘ ਪੰਜਾਬੀ ਨਾਵਲ ਦੇ ਕਾਵਿ-ਸ਼ਾਸਤਰ ਦੀ ਤਲਾਸ਼ ਕਰਦੇ ਹੋਏ ਪੰਜਾਬੀ ਨਾਵਲ ਦੀ ਰੂਪ-ਵਿਧਾ ਨੂੰ ਨਿਰੰਤਰ ਵਿਕਾਸਮਾਨ ਨਾ ਹੋ ਕੇ ਉਤਾਰ-ਚੜ੍ਹਾ ਤੇ ਵਿੰਗ-ਟੇਢ ਰਾਹੀਂ ਵੱਖ-ਵੱਖ ਪੜ੍ਹਾਵਾਂ ਵਿੱਚੋਂ ਗੁਜ਼ਰਦੀ ਹੋਈ ਮੰਨਦੇ ਹਨ। ਜਿਸ ਦਾ ਇੱਕ ਪਾਸਾਰ ਗੁਰਦਿਆਲ ਸਿੰਘ ਅਤੇ ਉਸ ਦੀ ਪਰੰਪਰਾ ਦੇ ਹੋਰ ਨਾਵਲਕਾਰਾਂ ਦੇ ਨਾਵਲਾਂ ਵਿੱਚੋਂ ਦ੍ਰਿਸ਼ਟੀਗੋਚਰ ਹੁੰਦਾ ਹੈ ਅਤੇ ਦੂਜਾ ਰੂਪ ਚੇਤਨਾ ਪ੍ਰਵਾਹ, ਆਂਤਰਿਕ-ਮਨਬਚਨੀ, ਫ਼ੈਂਟੇਸੀ, ਕਾਵਿ-ਪ੍ਰਤੀਕਾਤਮਕਤਾ ਆਦਿ ਪੱਛਮੀ ਵਿਧੀਆਂ ਦੇ ਹਵਾਲੇ ਨਾਲ ਸਾਹਮਣੇ ਆਉਂਦਾ ਹੈ। 6 ਹਥਲਾ ਨਾਵਲ ‘ਅੰਬਰ ਪਰੀਆਂ’ ਇਸ ਦੂਸਰੇ ਪਾਸਾਰ ਦੀ ਇੱਕ ਪੁਲਾਂਘ ਹੋਰ ਅੱਗੇ ਦੀ ਸ਼ੈਲੀ ਵਾਲੀ ਨਾਵਲੀ ਰਚਨਾ ਹੈ। ਇਸ ਦੇ ਕੇਂਦਰ ਵਿੱਚ ਔਰਤ-ਮਰਦ ਪਿਆਰ ਸੰਬੰਧ ਅਤੇ ਵਿਆਹ-ਸੰਸਥਾ ਵਿਚਲੇ ਤਣਾਅ ਵਰਗੇ ਪੇਚੀਦਾ ਮਸਲੇ ਦੇ ਕਈ ਪੱਖਾਂ, ਕੋਣਾਂ ਅਤੇ ਪਰਤਾਂ ਦਾ ਬੋਧ ਹੁੰਦਾ ਹੈ। ਜਿਸ ਨੂੰ ਨਾਵਲਕਾਰ ਨੇ ਪੰਜਾਬ ਦੀਆਂ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਸਥਿਤੀਆਂ ਵਿੱਚੋਂ ਲੰਘਾ ਕੇ ਪੇਸ਼ ਕੀਤਾ ਹੈ। ਨਾਵਲਕਾਰ ਆਪਣੇ ਇਸ ਨੁਕਤੇ ਨੂੰ ਪੇਂਡੂ ਸਮਾਜ ਵਿਵਸਥਾ ਅਤੇ ਨਵ-ਪੂੰਜੀਵਾਦ ਕਦਰਾਂ-ਕੀਮਤਾਂ ਦੁਆਰਾ ਘੜੇ ਸ਼ਹਿਰੀ ਮੱਧਵਰਗੀ ਸਮਾਜ ਦੇ ਦੋ ਵੱਖੋ-ਵੱਖਰੇ ਲੜਾਂ ਰਾਹੀਂ ਵਿਉਂਤਦਾ ਹੈ। ਪਹਿਲੇ ਲੜ ਦੇ ਅੰਤਰਗਤ ਨਾਵਲਕਾਰ ਪੇਂਡੂ ਸਮਾਜ ਵਿਵਸਥਾ ਵਿਚਲੀ ਵਿਆਹ ਸੰਸਥਾ ਦੇ ਮਹੱਤਵਪੂਰਨ ਜੁਜ਼ਾਂ (ਆਰਥਿਕ ਅਤੇ ਸਭਿਆਚਾਰਕ) ਦੇ ਰਾਹੀਂ ਇਸ ਦੇ ਸੱਚ ਨੂੰ ਬਿਆਨ ਕਰਦਾ ਹੈ। ਪੇਂਡੂ ਸਮਾਜ ਵਿਵਸਥਾ ਦਾ ਆਧਾਰ ਖੇਤੀਬਾੜੀ ਹੈ। ਪਰ ਛੋਟੀ ਕਿਸਾਨੀ ਦੀਆਂ ਆਰਥਿਕ ਥੁੜ੍ਹਾਂ ਬਹੁਤ ਸਾਰੇ ਸੰਕਟਾਂ ਨੂੰ ਪੈਦਾ ਕਰਦੀਆਂ ਹਨ। ਜਿਵੇਂ ਨਾਵਲ ਵਿੱਚ ਅੰਬਰ ਦਾ ਬਾਪੂ ਅਮਰ ਸਿੰਘ ਅਤੇ ਤਾਇਆ ਅਰਜਣ ਸਿੰਘ ਦੋਵੇਂ ਭਰਾ ਸੱਤ ਕੀਲਿਆਂ ਦੇ ਮਾਲਕ ਸਨ। ਵੱਡੀਆਂ ਭੈਣਾਂ ਦੇ ਵਿਆਹ ਕਰਦਿਆਂ ਪਰਿਵਾਰ ਸਿਰ ਕਰਜ਼ਾ ਚੜ੍ਹ ਗਿਆ ਸੀ। ਦੂਸਰਾ ਜ਼ਮੀਨ ਦੀ ਮਾਲਕੀ ਦੇ ਹਿਸਾਬ ਨਾਲ ਦੋਵੇਂ ਭਰਾਵਾਂ ਦਾ ਵਿਆਹ ਹੋਣਾ ਅਸੰਭਵ ਸੀ। ਇਸ ਕਾਰਨ ਅਰਜਣ ਸਿੰਘ ਅਣਵਿਆਹਿਆ ਰਹਿ ਜਾਂਦਾ ਹੈ ਅਤੇ ਅਮਰ ਸਿੰਘ ਸੁਨੱਖਾ ਹੋਣ ਕਰਕੇ ਸ਼ਿੰਦਰ ਕੌਰ ਨਾਲ ਵਿਆਹਿਆ ਜਾਂਦਾ ਹੈ। ਪਰ ਆਪਣੀਆਂ ਸਰੀਰਕ ਲੋੜਾਂ ਵੱਸ ਅਰਜਣ ਸਿੰਘ, ਸ਼ਿੰਦਰ ਕੌਰ ਨਾਲ ਨਜਾਇਜ਼ ਸੰਬੰਧਾਂ ਦੀ ਗ੍ਰਹਿਸਤ ਨਿਭਾਉਂਦਾ ਹੈ। ”ਜ਼ਮੀਨ ਦੀਆਂ ਹੋਰ ਵੰਡੀਆਂ ਪੈਣ ਦੇ ਡਰੋਂ ਸਾਰਿਆਂ ਦਾ ਵਿਆਹ ਜ਼ਰੂਰੀ ਵੀ ਨਹੀਂ ਸਮਝਿਆ ਜਾਂਦਾ ਹੈ। ਸੋ ਭਰਾਵਾਂ ਵਿਚੋਂ ਕਿਸੇ ਇੱਕ ਦਾ ਵਿਆਹ ਹੀ ਸਾਰੇ ਭਰਾਵਾਂ ਦੀ ਭਾਵੁਕ ਪੂਰਤੀ ਦਾ ਸਾਧਨ ਸਮਝ ਲਿਆ ਜਾਂਦਾ ਹੈ। ਮਜਬੂਰੀ ਵਿੱਚੋਂ ਉਪਜਿਆ ਹੋਣ ਕਰਕੇ ਇਸ ਪ੍ਰਬੰਧ ਵਿੱਚ ਭਾਵੁਕ ਪਰਿਵਾਰਕ ਅਤੇ ਸਮਾਜਿਕ ਸੰਕਟ ਦੇ ਬੀਜ਼ ਵੀ ਨਿਹਿਤ ਹੁੰਦੇ ਹਨ।”7 ਇਹਨਾਂ ਸੰਬੰਧਾਂ ਕਾਰਨ ਮਜ਼੍ਹਬੀਆਂ ਦਾ ਭੂੰਨਾ, ਪਟਵਾਰੀ ਦਾ ਭਿੰਦਰ ਅੰਬਰ ਨੂੰ ‘ਅਰਜਣ ਦਾ’ ਆਖ ਕੇ ਖਿਝਾਉਂਦੇ ਹਨ ਅਤੇ ਉਸ ਅੰਦਰ ਪਿਉ ਬਾਹਰਾ ਹੋਣ ਦੀ ਹੀਣ ਭਾਵਨਾ ਭਾਰੂ ਹੋ ਜਾਂਦੀ ਹੈ। ਭਾਵੇਂ ਅਮਰ ਸਿੰਘ ਆਪਣੇ ਆਰਥਿਕ ਮੁਫ਼ਾਦ ਲਈ ਇਨ੍ਹਾਂ ਸੰਬੰਧਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦਾ ਹੈ। ਪਰ ਹਮੇਸ਼ਾ ਅੰਦਰੋਂ-ਅੰਦਰੀਂ ਰਿੱਝਦਾ ਰਹਿੰਦਾ ਹੈ। ਪਰ ਜਦੋਂ ਉਸ ਉੱਪਰ ਸਮਾਜਿਕ ਨੈਤਿਕ ਕਦਰਾਂ-ਕੀਮਤਾਂ ਭਾਰੂ ਹੋ ਜਾਂਦੀਆਂ ਤਾਂ ਉਸ ਦਾ ਗ਼ੁੱਸਾ ਸ਼ਿੰਦਰ ਕੌਰ ਦੀ ਸਰੀਰਕ ਹਿੰਸਾ ਵਿੱਚ ਨਿਕਲਦਾ। ਅਮਰ ਸਿੰਘ ਨੂੰ ਇਹ ਵੀ ਪਤਾ ਸੀ ਕਿ ਵੱਡੇ ਭਾਈ ਦੇ ਹਿੱਸੇ ਦੀ ਜ਼ਮੀਨ ਉਸ ਦੇ ਜੁਆਕਾਂ ਨੂੰ ਹੀ ਆਉਣੀ ਸੀ। ਇਹੀ ਕਾਰਨ ਸੀ ਉਹ ਭਰਾ ਦੇ ਖਿਲਾਫ਼ ਸਿੱਧਾ ਕਦੇ ਕੁਝ ਨਹੀਂ ਸੀ ਬੋਲਦਾ। (ਅੰਬਰ ਪਰੀਆਂ ਪੰਨਾ-34) ਪੇਂਡੂ ਸਮਾਜ ਦੀ ਸਭਿਆਚਾਰਕ ਸੰਰਚਨਾ ਵੀ ਵਿਆਹ ਸੰਸਥਾ ਦੀ ਜਟਿਲਤਾ ਦਾ ਬੋਧ ਕਰਵਾਉਂਦੀ ਹੈ। ਕਿਸਾਨੀ ਸਮਾਜ-ਸਭਿਆਚਾਰ ਵਿੱਚ ਮਰਦ ਦੀ ਪ੍ਰਧਾਨਤਾ ਹਮੇਸ਼ਾ ਬਣੀ ਰਹੀ ਹੈ। ਜਿਸ ਨੇ ਜਾਇਦਾਦ ਦੇ ਉੱਤਰਾਧਿਕਾਰੀ ਵਜੋਂ ਪੁੱਤਰ ਦੀ ਲੋੜ ਕਾਰਨ ਔਰਤ ਦੀ ਸਥਿਤੀ ਨੂੰ ਪੇਤਲਾ ਵੀ ਕਰ ਦਿੱਤਾ ਹੈ। ਮਨੁੱਖੀ ਇਤਿਹਾਸ ਵਿੱਚ ਵਿਆਹ ਸੰਸਥਾ ਟੋਲੀ ਵਿਆਹ, ਜੋੜਾ ਵਿਆਹ ਅਤੇ ਇੱਕ ਪਤੀ-ਪਤਨੀ ਵਿਆਹ ਦੇ ਰੂਪ ਵਿੱਚ ਵਿਕਾਸ ਕਰਦੀ ਹੈ। ਇੱਕ ਪਤੀ-ਪਤਨੀ ਵਿਆਹ ਪ੍ਰਥਾ ਦਾ ਆਧਾਰ ਪਿਆਰ ਜਾਂ ਪਰਸਪਰ ਖਿੱਚ ਨਾ ਹੋ ਕੇ ਸਗੋਂ ਪੂਰਨ ਪਤੀ-ਵਰਤਾ ਔਰਤ ਪੈਦਾ ਕਰਦਾ ਸੀ, ਕਿਉਂਕਿ ”ਇੱਕ ਵਿਆਹ ਪ੍ਰਥਾ ਕਿਸੇ ਨੈਤਿਕ ਚੇਤਨਾ ਜਾਂ ਔਰਤ-ਮਰਦ ਦੇ ਪਰਸਪਰ ਪਿਆਰ ਦੇ ਫਲਸਰੂਪ ਨਹੀਂ ਸਾਕਾਰ ਹੋਈ। ਪਿਤਾ ਦੀ ਜਾਇਦਾਦ ਨੂੰ ਭੋਗਣ ਵਾਲੇ ਸ਼ੁੱਧ ਉੱਤਰਾਧਿਕਾਰੀਆਂ ਨੂੰ ਜਨਮ ਦੇਣਾ ਹੀ ਇਸ ਪ੍ਰਥਾ ਦਾ ਮੁੱਖ ਪ੍ਰਯੋਜਨ ਸੀ।”8 ਇਸ ਤਰ੍ਹਾਂ ਵਿਆਹ ਤੋਂ ਬਾਅਦ ਔਰਤ ਦੁਆਰਾ ਪੁੱਤਰ ਜੰਮਣ ਨਾਲ ਹੀ ਪਰਿਵਾਰ ਵਿੱਚ ਉਸ ਦੀ ਜੜ੍ਹ ਲੱਗੀ ਸਮਝੀ ਜਾਂਦੀ ਅਤੇ ਵਿਆਹ-ਸੰਬੰਧ ਵੀ ਮਜ਼ਬੂਤ ਹੁੰਦੇ : ਪਰ ਦੂਜਾ ਮੁੰਡਾ ਜੰਮਣ ਤੇ ਨਸੀਬ ਕੁਰ, ਸ਼ਿੰਦਰ ਪ੍ਰਤੀ ਕੁਝ-ਕੁਝ ਕੂਲ਼ੀ ਹੋਈ ਸੀ। (ਪੰਨਾ 34) ਨਾਵਲਕਾਰ ਨੇ ਥੋੜ੍ਹੀ ਜ਼ਮੀਨੀ ਮਾਲਕੀ ਕਾਰਨ ਪੈਦਾ ਹੋਏ ਸੰਕਟਾਂ ਦੇ ਯਥਾਰਥ ਅਤੇ ਬਦਲ ਰਹੀਆਂ, ਸਮਾਜ-ਸਭਿਆਚਾਰਕ ਸਥਿਤੀਆਂ ਵਿੱਚ ਨਵੇਂ ਉੱਸਰ ਰਹੇ ਸਮਾਜਿਕ ਵਰਤਾਰਿਆਂ ਨੂੰ ਇਸ ਨਵੀਂ ਨਾਵਲੀ ਸ਼ੈਲੀ ਰਾਹੀਂ ਬਾਖ਼ੂਬੀ ਚਿਤਰਿਆ ਹੈ। ਜਿਵੇਂ ਜਦੋਂ ਅੰਬਰ ਦੀ ਦਾਦੀ ਨਸੀਬ ਕੁਰ ਗ਼ਲਤੀ ਨਾਲ ਧਰਮਰਾਜ ਦੀ ਕਚਹਿਰੀ ਪਹੁੰਚ ਜਾਂਦੀ ਹੈ ਤਾਂ ਉਸ ਦੀ ਮੁਲਾਕਾਤ ਆਪਣੇ ਮਰ ਚੁੱਕੇ ਪਤੀ ਦਸੌਂਧਾ ਸਿੰਘ ਨਾਲ ਹੁੰਦੀ ਹੈ। ਬਾਬਾ ਪੂਰੇ ਪਰਿਵਾਰ ਦਾ ਹਾਲ ਪੁੱਛਣ ਤੋਂ ਬਾਅਦ ਦੂਜੇ ਮੁੰਡੇ ਦੀ ਆਮਦ (ਜਨਮ) ਬਾਰੇ ਸੁਣ ਕੇ ਖ਼ੁਸ਼ ਤਾਂ ਹੁੰਦਾ ਹੈ, ਪਰ ਨਸੀਬ ਕੁਰ ਨੂੰ ਪੁੱਛੇ ਸੁਆਲ ਵਿੱਚ ਛੋਟੀ ਕਿਸਾਨੀ ਦੇ ਸਾਹਮਣੇ ਖੜ੍ਹੇ ਸੰਕਟ ਦੀ ਤਸਵੀਰ ਸਾਫ਼ ਹੋ ਜਾਂਦੀ ਹੈ। ”ਦੇਖ ਅੰਬਰ ਆਹਾ ਜਿਹੜੇ ਤੈਨੂੰ ਖੇਤ ਦਿਸਦੇ ਨੇ, ਇਨ੍ਹਾਂ ‘ਚੋਂ ਸੱਤ ਕੀਲੇ ਆਪਣੇ ਜੱਦੀ ਨੇ, ਇਕ ਅਸੀਂ ਖ਼ਰੀਦਿਆ। ਬਾਕੀ ਵੀਹ ਕੀਲੇ ਆਪਾਂ ਠੇਕੇ ਤੇ ਲਏ ਹੋਏ ਨੇ। ਤੇਰਾ ਚਾਰ ਕੀਲਿਆਂ ‘ਤੇ ਕੋਈ ਗੁਜ਼ਾਰਾ ਨੀਂ ਹੋਣਾ। ਮੂਹਰੇ ਪੜ੍ਹੇ ਲਿਖੇ ਲੋਕਾਂ ਦਾ ਯੁੱਗ ਆ ਰਿਹੈ, ਇਸ ਲਈ ਮੱਲ ਬਣ ਕੇ ਪੜ੍ਹਜਾ” (ਪੰਨਾ-39) ਇਸ ਹੱਲਾਸ਼ੇਰੀ ਨਾਲ ਅੰਬਰ ਸਕੂਲ ਤੋਂ ਕਾਲਜ ਅਤੇ ਕਾਲਜ ਤੋਂ ਯੂਨੀਵਰਸਿਟੀ ਤੱਕ ਉਚੇਰੀ ਸਿੱਖਿਆ ਪ੍ਰਾਪਤ ਕਰਦਾ ਹੈ। ਮਲੇਰਕੋਟਲੇ ਕਾਲਜ ਦੀ ਨੌਕਰੀ ਤੋਂ ਬਾਅਦ ਜੰਮੂ ਯੂਨੀਵਰਸਿਟੀ ਬਤੌਰ ਪ੍ਰੋਫ਼ੈਸਰ ਨਿਯੁਕਤ ਹੁੰਦਾ ਹੈ। ਫਲਸਰੂਪ ਪੇਂਡੂ ਸਮਾਜ ਵਿੱਚ ਜੰਮਿਆ ਪਲਿਆ ਇਹ ਮੁੱਖ ਪਾਤਰ ਉਦਯੋਗੀਕਰਨ, ਬਾਜ਼ਾਰੀਕਰਨ ਦੀਆਂ ਨੀਤੀਆਂ ਦੇ ਪ੍ਰਭਾਵ ਸਦਕਾ ਬਦਲ ਰਹੇ ਸਮੁੱਚੇ ਸਮਾਜ-ਸਭਿਆਚਾਰ ਵਿੱਚ ਬੱਝਵੇਂ ਵਿਆਹ ਸੰਬੰਧਾਂ ਵਰਗੇ ਪਰੰਪਰਿਕ ਮੁੱਲਾਂ ਅਤੇ ਰੂੜੀਆਂ ਨੂੰ ਤੋੜ ਕੇ ਨਵੇਂ ਸਮੇਂ ਵਿੱਚ ਖੁੱਲ੍ਹਾ ਸਾਹ ਲੈਣ ਦੀ ਅਕਾਂਖਿਆ ਲਈ ਤੜਫਦਾ ਹੈ। ਕਿਉਂਕਿ ”ਸਰਮਾਏਦਾਰੀ ਨੇ ਵਿਸ਼ਵ ਵਿੱਚ ਐਸੀ ਚੜ੍ਹ ਮਚਾ ਦਿੱਤੀ ਕਿ ਦੁਨੀਆ ਵਸਤੂਆਂ ਦੇ ਹੜ੍ਹ ਵਿੱਚ ਗੁੰਮ ਗੁਆਚਣ ਲੱਗੀ। ਪੰਜਾਬੀ ਮਨੁੱਖ ਜੋ ਪੰਜਾਬ ਸੰਕਟ ਤੋਂ ਭੈਅ ਭੀਤ ਸੀ, ਉਸਨੂੰ ਅਮਨ-ਕਾਨੂੰਨ ਨੇ ਜਿੱਥੇ ਰਾਹਤ ਦਿੱਤੀ ਉਥੇ ਸਿੱਧੇ ਉਪਭੋਗਤਾ ਦੇ ਖੁੱਲ੍ਹੇ ਬਾਜ਼ਾਰ ਵਿਚ ਲਿਆ ਖੜ੍ਹਾ ਕੀਤਾ। ਇਕ ਪਾਸੇ ਵਲੂੰਧਰੀ ਮਾਨਸਿਕਤਾ, ਦੂਜੇ ਪਾਸੇ ਉਪਭੋਗਤਾ ਦਾ ਆਲਮ ਤੇ ਤੀਜਾ ਸਮਾਜਵਾਦੀ ਸਮਾਜ ਦਾ ਖਿੰਡਾਅ ਪੰਜਾਬੀ ਮਨੁੱਖ ਨੂੰ ਸਵੈ-ਕੇਂਦਰਿਤ ਸਰੋਕਾਰਾਂ ਵੱਲ ਧਕੇਲ ਕੇ ਲੈ ਗਿਆ।”9 ਇਨ੍ਹਾਂ ਨਵੇਂ ਸਮਿਆਂ ਵਿਚ ਬੰਦੇ ਉੱਪਰ ਵਿਅਕਤੀਗਤ ਸਵੈ ਭਾਰੂ ਹੋ ਜਾਂਦਾ ਹੈ ਅਤੇ ਉਹ ਸਮਾਜਕ ਅਤੇ ਸਮੂਹਿਕ ਰਿਸ਼ਤਾ-ਨਾਤਾ ਪ੍ਰਬੰਧ ਤੋਂ ਭੱਜਦਾ ਹੈ। ਇਸ ਲਈ ਵਿਸ਼ਵ-ਮੰਡੀ ਦੇ ਵਿਸਥਾਰ ਅਤੇ ਉਪਭੋਗੀ ਕਲਚਰ ਦੇ ਡੂੰਘੇ ਪ੍ਰਭਾਵਾਂ ਨੇ ਵਿਆਹ ਦੇ ਸਥਾਈ ਹੋਣ ਦੀ ਮਿੱਥ ਨੂੰ ਤਿੜ੍ਹਕਾ ਦਿੱਤਾ ਹੈ। ਦੂਸਰਾ ਅੰਬਰ ਮੱਧਵਰਗੀ ਜੀਵਨ ਦੀ ਲਾਚਾਰੀ/ਬੇਵੱਸੀ ਨਾਲ ਵੀ ਜੂਝਦਾ ਹੈ। ਫਲਸਰੂਪ ਆਪਣੀ ਐਡਹਾਕ ਦੀ ਨੌਕਰੀ ਸਮੇਂ ਉਸਨੂੰ ਘਰੇਲੂ ਕੁੜੀ ਕਿਰਨਜੀਤ ਨਾਲ ਵਿਆਹ ਕਰਵਾਉਣਾ ਪੈਂਦਾ ਹੈ ਜਿਹੜੀ ਨਾ ਬਹੁਤ ਸੋਹਣੀ ਸੀ ਅਤੇ ਨਾ ਹੀ ਬਹੁਤ ਜ਼ਿਆਦਾ ਪੜ੍ਹੀ ਲਿਖੀ ਸੀ। ਪਰ ਅੰਬਰ ਆਪਣੇ ਬਚਪਨ ਵਿਚ ਆਪਣੀ ਸਹਿਪਾਠਣ ਚਰਨੀ, ਜਸਵੀਰ ਅਤੇ ਫਿਰ ਮਲੇਰਕੋਟਲੇ ਤੋਂ ਆਉਂਦੀ ਸਮਾਜਿਕ ਸਿੱਖਿਆ ਦੀ ਅਧਿਆਪਕਾ ਨਾਦਿਰਾ ਖ਼ਾਨਮ, ਕਾਲਜ ਵਿਦਿਆਰਥਣ ਰਾਬੀਆ, ਆਪਣੀ ਕਾਲਜ ਸਹਿਕਰਮਣ ਮਿਊਜ਼ਿਕ ਟੀਚਰ ਅਵਨੀਤ ਅਤੇ ਜੰਮੂ ਵਿੱਚ ਮਿਲੀ ਜੋਇਆ ਵਰਗੀਆਂ ਪਰੀਆਂ ਨਾਲ ਉੱਡਣਾ ਚਾਹੁੰਦਾ ਹੈ। ਨਵੀਆਂ ਪੂੰਜੀਵਾਦੀ ਕਦਰਾਂ-ਕੀਮਤਾਂ ਦੇ ਅਸਰ ਕਾਰਨ ਅੰਬਰ ਦੇ ਅਵਚੇਤਨ ਵਿੱਚ ਵੱਡੀ ਉਥਲ-ਪੁਥਲ ਵਾਪਰਦੀ ਹੈ ਜਿਸ ਕਾਰਨ ਉਹ ਵਿਆਹ-ਸੰਸਥਾ ਦੇ ਮਕੱੜ ਜਾਲ ਤੋਂ ਬਚਣਾ ਲੋਚਦਾ ਹੈ। ਪਤਨੀ ਕਿਰਨਜੀਤ ਉਸਨੂੰ ਕਦੇ ਵੀ ਆਪਣੇ ਸੁਪਨਿਆਂ ਦੀ ਔਰਤ ਵਰਗੀ ਨਹੀਂ ਲੱਗਦੀ। ਪਰ ਕਿਰਨਜੀਤ ਅੰਬਰ ਦੇ ਹਾਣ ਦਾ ਹੋਣ ਲਈ ਯਤਨ ਕਰਦੀ ਰਹਿੰਦੀ ਹੈ। ਖ਼ਾਸ ਕਰਕੇ ਉਹ ਆਪਣੀ ਮਿਹਨਤ ਨਾਲ ਐੱਮ.ਏ., ਪੀ.ਐੱਚ.ਡੀ. ਅਤੇ ਨੈੱਟ ਵਰਗੀਆਂ ਡਿਗਰੀਆਂ ਵੀ ਹਾਸਲ ਕਰ ਲੈਂਦੀ ਹੈ। ਅੰਬਰ ਨੂੰ ਕਿਰਨਜੀਤ ਕੇਵਲ ਘਰੇਲੂ, ਰੁੱਖੇ ਹੱਥਾਂ ਵਾਲੀ ਜਾਂ ਖਾਣ-ਪੀਣ ਦੀਆਂ ਆਪਣੇ ਤੋਂ ਉਲੱਟ ਆਦਤਾਂ ਵਾਲੀ ਔਰਤ ਹੀ ਨਹੀਂ ਜਾਪਦੀ ਹੈ, ਸਗੋਂ ਪਤੀ-ਪਤਨੀ ਕਾਮ-ਸੰਬੰਧਾਂ ਪੱਖੋਂ ਵੀ ਉਦਾਸੀਨ ਲੱਗਦੀ ਰਹਿੰਦੀ ਹੈ। ਭਾਵੇਂ ਇਸ ਤਰ੍ਹਾਂ ਦੀ ਮਾਨਸਿਕ ਅਵਸਥਾ ਪਿੱਛੇ ਔਰਤ ਉੱਪਰ ਥੋਪੀਆਂ ਸਦੀਆਂ ਪੁਰਾਣੀਆਂ ਲੈਂਗਿਕ ਸੰਬੰਧਾਂ ਦੀਆਂ ਵਰਜਨਾਵਾਂ ਅਤੇ ਮਰਿਆਦਾਵਾਂ ਵਿਚੋਂ ਖੋਜਿਆ ਜਾ ਸਕਦਾ ਹੈ। ਇਤਿਹਾਸਕ ਰੂਪ ਵਿੱਚ ਵਿਆਹ-ਪ੍ਰਥਾ ਟੋਲੀ ਵਿਆਹ, ਜੋੜਾ ਵਿਆਹ ਪ੍ਰਥਾ ਅਤੇ ਇਕ ਪਤੀ-ਪਤਨੀ ਵਿਆਹ ਪ੍ਰਥਾ ਵਿਚੋਂ ਗੁਜਰ ਦੀ ਹੈ। ਪਰ ਅਜੋਕੇ ਸਮੇਂ ਤੱਕ ਪਹੁੰਚਦਿਆਂ ਮਰਦ ਆਪਣੇ ਕਾਮੁਕ-ਸੰਬੰਧਾਂ ਲਈ ਕੁਝ ਰਿਆਇਤਾਂ ਹਾਸਲ ਕਰ ਲੈਂਦਾ ਹੈ। ”ਦਰਅਸਲ ਇਸ ਬਹੁਗਮਨੀ ਦੇ ਸਮੇਂ ਵਿੱਚ ਪ੍ਰਾਪਤ ਹੁੰਦੀ ਕਾਮ-ਊਰਜਾ ਦੀ ਸਿਮਰਤੀ ਮਰਦ-ਔਰਤਾਂ ਦੋਹਾਂ ਦੇ ਸਮੂਹਕ-ਅਵਚੇਤਨ ਵਿੱਚ ਜਿਊਂਦੀ ਹੈ। ਇਹ ਵੱਖਰੀ ਗੱਲ ਹੈ ਕਿ ਔਰਤ ਦੀ ਕਾਮੁਕਤਾ ਨੂੰ ਪਿਤਰਕੀ-ਸੰਰਚਨਾਵਾਂ ਰਾਹੀਂ ਵਧੇਰੇ ਨਿਯੰਤਰਿਤ ਕਰ ਲਿਆ ਗਿਆ ਤੇ ਮਰਦ ਹਮੇਸ਼ਾਂ ਇੱਕ ਤੋਂ ਵਧੇਰੇ ਔਰਤਾਂ ਨਾਲ ਸੰਭੋਗ-ਇੱਛਾ ਦੀ ਪੂਰਤੀ ਲਈ ਯਤਨ ਕਰਦਾ ਰਿਹਾ।”10 ਕਿਰਨਜੀਤ ਦੇ ਅੰਦਰ ਅਜਿਹੀ ਮਾਨਸਿਕਤਾ ਦਾ ਉਪਜਣਾ ਸੁਭਾਵਿਕ ਜਾਪਦਾ ਹੈ : ਅੰਬਰ ਤੇ ਕਿਰਨਜੀਤ ਵੀ ਹਮੇਸ਼ਾਂ ਬੱਤੀ ਬੁਝਾ ਕੇ ਹੀ ਮਿਲਦੇ ਹਨ। ਕਿਰਨਜੀਤ ਹੁਣ ਤੱਕ ਇਸ ਮਿਲਣੀ ਨੂੰ ਕਿਤੇ ਨਾ ਕਿਤੇ ਅਚੇਤ ਮਨ ਵਿੱਚ ਪਾਪ ਦੀ ਨਜ਼ਰ ਨਾਲ ਦੇਖਦੀ ਸੀ। ਇਸ ਮਸਲੇ ਨੂੰ ਲੈ ਕੇ ਉਸਦੇ ਮਨ ਵਿੱਚ ਪੀਡੀਆਂ ਗੰਢਾਂ ਸਨ। (ਪੰਨਾ – 98) ਦੂਸਰੇ ਪਾਸੇ ਅੰਬਰ ਖੁੱਲ੍ਹੇ ਪਿਆਰ/ਕਾਮ ਸੰਬੰਧਾਂ ਦੀ ਹਮਾਇਤ ਕਰਦਾ ਹੋਇਆ ਅਜੋਕੀ ਵਿਆਹ-ਸੰਸਥਾ ਨੂੰ ਇਹਨਾਂ ਸੰਬੰਧਾਂ ਵਿਚਲੀ ਸਭ ਤੋਂ ਵੱਡੀ ਰੁਕਾਵਟ ਮੰਨਦਾ ਹੈ। ਬਚਪਨ ਵਿੱਚ ਚਰਨੀ, ਜਸਵੀਰ ਅਤੇ ਨਾਦਿਰਾ ਖ਼ਾਨਮ ਉਸਨੂੰ ਆਕਰਸ਼ਿਤ ਕਰਦੀਆਂ ਹਨ, ਉਥੇ ਕਾਲਜ ਵਿੱਚ ਨੌਕਰੀ ਕਰਦਿਆਂ ਛੇਵੇਂ ਅਸਮਾਨ ਦੀ ਪਰੀ ਮਿਊਜ਼ਿਕ ਅਧਿਆਪਕਾ ਅਵਨੀਤ ਨਾਲ ਜਿਸਮਾਨੀ ਸੰਬੰਧਾਂ ਵਿੱਚ ਬੱਝਦਾ ਹੈ ਅਤੇ ਫਿਰ ਜੰਮੂ ਯੂਨੀਵਰਸਿਟੀ ਵਿੱਚ ਜ਼ੋਇਆ ਵਰਗੀ ਸੱਤੇਂ ਅਸਮਾਨ ਦੀ ਪਰੀ ਨਾਲ ਪਿਆਰ-ਸੰਬੰਧ ਬਣਾਉਂਦਾ ਹੈ। ਅੰਬਰ ਅਤੇ ਜ਼ੋਇਆ ਦੇ ਪਿਆਰ-ਸੰਬੰਧਾਂ ਦੀ ਸਿਖ਼ਰ ਉਸ ਵੇਲੇ ਹੁੰਦੀ ਹੈ ਜਦੋਂ ਅੰਬਰ ਦੋ ਬੱਚਿਆਂ ਦੀ ਮਾਂ ਕਿਰਨਜੀਤ ਕੋਲੋਂ ਤਲਾਕ ਮੰਗ ਲੈਂਦਾ ਹੈ। ਅੰਬਰ ਉਪਭੋਗੀ ਰੁਚੀਆਂ ਅਨੁਸਾਰ ਘੜਿਆ ਅਜੋਕਾ ਸ਼ਹਿਰੀ ਮੱਧਵਰਗੀ ਬੰਦਾ ਹੈ ਜਿਹੜਾ ਵਿਆਹ ਸੰਸਥਾ ਦੇ ਤਾਣੇ-ਬਾਣੇ ਨੂੰ ਨਕਾਰਦਾ ਹੈ ਅਤੇ ਖੁੱਲ੍ਹੇ ਪਿਆਰ ਸੰਬੰਧਾਂ ਨੂੰ ਭੋਗਣਾ ਲੋਚਦਾ ਹੈ। ਪਰ ਇਸ ਲੋਚਾ ਵਿੱਚ ਮਾਨਸਿਕ ਸੰਤੁਸ਼ਟੀ ਗ਼ੈਰ-ਹਾਜ਼ਰ ਨਜ਼ਰ ਆਉਂਦੀ ਹੈ। ”ਅਸਲ ਵਿਚ ‘ਪੱਛਮੀ ਸੁਹਜ ਮੁੱਲ’ ਉਸ ਦੇ ਈਸੜੂ, ਮਲੇਰਕੋਟਲੇ ਅਤੇ ਜੰਮੂ ਰਹਿਦਿਆਂ ਵੀ ਉਸ ਦੇ ਅਚੇਤ ਦਾ ਹਿੱਸਾ ਬਣ ਚੁੱਕੇ ਹਨ। ਉਹ ਤਾਂ ਨਵੇਂ ਸਮਿਆਂ ਦੇ ਅਜਿਹੇ ਮੱਧਵਰਗੀ ਮਨੁੱਖ ਵਿੱਚ ਬਦਲ ਚੁੱਕਾ ਹੈ, ਜੋ ‘ਸੱਤਵੇਂ ਅਸਮਾਨ’ ‘ਤੇ ‘ਪਰੀਆਂ’ ਨਾਲ ਘੁੰਮ-ਫਿਰ, ਮੌਜਾਂ ਮਾਣ ਕੇ ਵੀ ਸੰਤੁਸ਼ਟ ਨਹੀਂ ਹੈ। ਜੇ ਕੁਝ ਪਲਾਂ ਲਈ ਸੰਤੁਸ਼ਟ ਹੁੰਦਾ ਵੀ ਹੈ ਤਾਂ ਇਹ ਸੰਤੁਸ਼ਟੀ ਬੜੀ ਥੋੜ੍ਹ-ਚਿਰੀ ਹੈ। ਉਸਨੂੰ ਆਨੰਦ ਹੀ ਆਨੰਦ ਚਾਹੀਦਾ ਹੈ। ਉਹ ਕਿਸੇ ‘ਪੂਰਨ ਆਨੰਦ’ ਦੀ ਤਲਾਸ਼ ਵਿੱਚ ਹੈ। ਇਸ ਤਲਾਸ਼ ਵਿੱਚ ਭਟਕਣ ਹੈ।”11 ਜਦੋਂ ਕਿ ਅਜੋਕਾ ਸ਼ਹਿਰੀ, ਮੱਧਵਰਗੀ ਬੰਦਾ ਜਿੰਨ੍ਹਾਂ ਅਸੰਤੁਸ਼ਟ ਸਥਿਤੀਆਂ ਵਿੱਚ ਜਿਉਣ ਲਈ ਮਜਬੂਰ ਹੈ, ਉਨ੍ਹਾਂ ਸਥਿਤੀਆਂ ਵਿੱਚ ਪਿਆਰ ਕੋਈ ਵੱਡਾ ਮੁੱਲ ਨਹੀਂ ਹੁੰਦਾ, ਸਗੋਂ ਇਹ ਦੇਹ ਨੂੰ ਭੋਗਣ ਦੀ ਭੁੱਖ ਹੀ ਹੁੰਦੀ ਹੈ। ਅੰਬਰ ਦਾ ਜ਼ੋਇਆ ਨੂੰ ਵਿਆਹ ਤੋਂ ਬਿਨਾਂ ਪਿਆਰ ਸੰਬੰਧੀ ਬਣਾਈ ਰੱਖਣ ਲਈ ਕਹਿਣਾ ਇਸ ਮਨਸ਼ਾ ਵੱਲ ਸੰਕੇਤ ਕਰਦਾ ਹੈ। ”….. ਵਿਆਹ ਤੂੰ ਜਿੱਥੇ ਕਰਵਾਉਣਾ ਕਰਵਾ ਲਈ। ਇੱਕ ਵਾਰ ਮੇਰੇ ਨਾਲ ਇਸ ਰਿਸ਼ਤੇ ਚੋਂ ਲੰਘ ਕੇ ਤਾਂ ਦੇਖ।” (ਪੰਨਾ-157) ਇਸੇ ਤਰ੍ਹਾਂ ਉਸਦੀ ਅੰਦਰਲੀ ਅਵਾਜ਼ ਦਾ ਇਹ ਕਹਿਣਾ ਕਿ ‘‘ਮੈਨੂੰ ਬਥੇਰੀ ਤਰ੍ਹਾਂ ਦੀਆਂ ਔਰਤਾਂ ਮਿਲ ਜਾਣਗੀਆਂ। ਮੈਂ ਕਿਉਂ ਕਿਸੇ ਇੱਕ ਤੱਕ ਸੀਮਤ ਹੋਵਾ ….।” (ਪੰਨਾ – 263) ਜਾਂ ਅਵਨੀਤ, ਜ਼ੋਇਆ ਅਤੇ ਇਸ ਤੋਂ ਬਾਅਦ ਹੋਰ ਬਥੇਰੀਆਂ ਔਰਤਾਂ ਨੂੰ ਮਾਨਣ ਦੀ ਇੱਛਾ ਮਰਦ ਦੀ ਅੰਤਰੀਵੀ ਗਹਿਰੀ ਕਾਮੁਕ ਅਤ੍ਰਿਪਤੀ ਵੱਲ ਇਸ਼ਾਰਾ ਕਰਦੀ ਹੈ। ਕਿਉਂਕਿ ”ਉਸ ਸੰਸਕ੍ਰਿਤੀ ਵਿੱਚ ਜਿਸ ਵਿੱਚ ਬਾਜ਼ਾਰ ਦੀ ਧਾਰਨਾ ਮਹੱਤਵਪੂਰਨ ਹੋਵੇ, ਅਤੇ ਜਿਸ ਵਿੱਚ ਭੌਤਿਕ ਸਫ਼ਲਤਾ ਸਭ ਤੋਂ ਵੱਡਾ ਮੁੱਲ ਹੋਵੇ – ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਨੁੱਖ ਦੇ ਪਿਆਰ-ਸੰਬੰਧ ਵੀ ਉਹੀ ਸਮੀਕਰਨ ਅਪਣਾ ਲੈਣ ਜਿਹੜੇ ਵਸਤੂਆਂ ਅਤੇ ਬਾਜ਼ਾਰ ਦੇ ਵਿੱਚ ਸਥਾਪਿਤ ਹਨ।”12 ਦੂਸਰੇ ਪਾਸੇ ਉਸਦੇ ਅੰਦਰ ਪਿੱਤਰਕੀ ਸੱਤਾ ਦੀ ਮਰਦਾਵੀਂ ਸੋਚ ਭਾਰੂ ਹੈ ਕਿਉਂਕਿ ਉਹ ਤਲਾਕ ਤੋਂ ਬਾਅਦ ਕਿਰਨਜੀਤ ਦੇ ਗ਼ੈਰ-ਮਰਦ ਨਾਲ ਸਰੀਰਕ ਸੰਬੰਧਾਂ ਬਾਰੇ ਸੋਚ ਕੇ ਪ੍ਰੇਸ਼ਾਨ ਹੋ ਜਾਂਦਾ ਹੈ। ਵਿਆਹ ਸੰਸਥਾ ਦਾ ਤੀਜਾ ਪਾਸਾਰ ਨਾਵਲ ਵਿਚੋਂ ਪਿਆਰ ਵਿਆਹ ਦੇ ਪ੍ਰਸੰਗ ਵਿੱਚ ਸਾਹਮਣੇ ਆਉਂਦਾ ਹੈ। ਜਿਸ ਵਿੱਚ ਜ਼ੋਇਆ ਦੀ ਮਾਂ ਲਖਵੀਰ ਕੌਰ ਅਤੇ ਬਾਪ ਹਰਜੀਤ ਸਿੰਘ ਪ੍ਰੇਮੀ-ਪ੍ਰੇਮਿਕਾ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ। ਪਰ ਹੌਲੀ-ਹੌਲੀ ਦੋਵਾਂ ਵਿਚਲਾ ਪਿਆਰ-ਜਨੂੰਨ ਘੱਟ ਹੋ ਜਾਂਦਾ ਹੈ, ਜਿਸ ਕਰਕੇ ਲਖਵੀਰ ਕੌਰ ਪਿਆਰ ਵਿਆਹ ਕਰਵਾਉਣ ਦੇ ਆਪਣੇ ਫੈਸਲੇ ਨੂੰ ਅੰਦਰੋਂ ਅੰਦਰੀ ਕੋਸਦੀ ਰਹਿੰਦੀ ਹੈ। ਕਿਉਂਕਿ ਹਰਜੀਤ ਸਿੰਘ ਡੀ.ਐੱਸ.ਪੀ. ਬਣਨ ਲਈ ਆਪਣੇ ਪਿਆਰ ਅਤੇ ਅੰਦਰਲੀ ਮਨੁੱਖਤਾ ਦਾ ਘਾਣ ਕਰ ਦਿੰਦਾ ਹੈ। ਨਾਵਲ ਵਿੱਚ ਇੱਕ ਹੋਰ ਵਾਚਣਯੋਗ ਪੱਖ ਅਵਨੀਤ ਅਤੇ ਜੌਹਨ ਸੰਧੂ ਵਰਗੇ ਪਾਤਰਾਂ ਦੇ ਵਿਆਹ ਅਤੇ ਤਲਾਕ ਦੁਆਰਾ ਪੱਛਮੀ ਜੀਵਨ ਪੱਧਤੀ ਦੇ ਸੱਚ ਨੂੰ ਬਿਆਨਦਾ ਹੈ। ਜਿਥੇ ਡਾਈਵੋਰਸ ਨੂੰ ਆਮ ਜ਼ਿੰਦਗੀ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਡਾਈਵੋਰਸ ਸੈਲੀਬਰੇਸ਼ਨ ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਵਿਆਹ-ਬਾਹਰੇ ਅਵੈਧ ਸੰਬੰਧਾਂ ਦਾ ਨੁਕਤਾ ਵੀ ਨਾਵਲਕਾਰ ਉਠਾਉਂਦਾ ਹੈ। ਵਿਆਹ-ਬਾਹਰੇ ਅਵੈਧ ਸੰਬੰਧ ਕੇਵਲ ਮਰਦ (ਅੰਬਰ) ਹੀ ਨਹੀਂ ਹੰਢਾਉਂਦਾ ਸਗੋਂ ਔਰਤਾਂ ਦੇ ਵਿਆਹ ਬਾਹਰੇ ਸੰਬੰਧਾਂ ਨੂੰ ਪ੍ਰਿੰਸੀਪਲ ਹਰਕਮਲ ਕੌਰ ਅਤੇ ਕਾਲਜ ਡਾਇਰੈਕਟਰ ਗੁਰਮੋਹਨ ਸਿੰਘ ਕਾਲੀਆ ਰਾਹੀਂ ਪ੍ਰਗਟ ਕੀਤਾ ਹੈ। ਇਨ੍ਹਾਂ ਅਵੈਧ ਸੰਬੰਧਾਂ ਦੀ ਸਿਖ਼ਰ ਉਦੋਂ ਹੁੰਦੀ ਹੈ ਜਦੋਂ ਇਹ ਗ਼ੈਰ-ਕੁਦਰਤੀ ਸੈਕਸ ਖਿਡੌਣਿਆਂ ਦਾ ਸਹਾਰਾ ਲੈਂਦੇ ਹਨ। ਬਦਲੇ ਸਮਿਆਂ ਵਿੱਚ ਪੜ੍ਹੇ ਲਿਖੇ ਸ਼ਹਿਰੀ ਮੱਧਵਰਗੀ ਲੋਕ ਪਿਆਰ ਵਿਆਹ/ਕੋਰਟ ਮੈਰਿਜ਼ ਪ੍ਰਤੀ ਕੁੱਝ ਨਰਮ ਰਵੱਈਆ ਅਪਣਾਉਂਦੇ ਹਨ, ਪਰ ਪੇਂਡੂ ਸਮਾਜ ਵਿਚ ਅੱਜ ਵੀ ਅਣਖ ਖਾਤਰ ਕੁੜੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇਸ ਸੰਬੰਧੀ ਜ਼ੋਇਆ ਦੇ ਅੰਬਰ ਨੂੰ ਆਖੇ ਸ਼ਬਦ ਮਹੱਤਵ ਤੋਂ ਖ਼ਾਲੀ ਨਹੀਂ। ”…. ਤੁਹਾਡੇ ਜੱਟਾਂ ਦੇ ਵਿੱਚ ਜਿਵੇਂ ਹੁੰਦਾ, ਕੁੜੀ ਦਾ ਪਿੱਛਾ ਕਰਦੇ ਨੇ, ਮਾਰਨ ਤੱਕ ਜਾਂਦੇ ਨੇ, ਸਾਡੇ ਇਸ ਤਰ੍ਹਾਂ ਨਹੀਂ ਕਰਦੇ। ਕੁਝ ਸਾਲਾਂ ਤੱਕ ਸਾਡੇ ਆਉਣ ਜਾਣ ਵੀ ਲੱਗ ਜਾਣਗੇ।” (ਪੰਨਾ – 196) ਇਸ ਸਮੁੱਚੀ ਸ਼ਿਲਪ ਜੜ੍ਹਤ ਵਿੱਚ ਜਟਿਲਤਾ ਅਤੇ ਵਾਸਤਵਿਕਤਾ ਨੂੰ ਮੂਰਤੀਮਾਨ ਕਰਨ ਲਈ ਨਾਵਲਕਾਰ ਨੇ ਆਦਿ-ਸਮਾਜ ਦੇ ਜੀਵਨ, ਧਰਮਰਾਜ ਦੀ ਕਚਹਿਰੀ, ਪਰੀਆਂ ਦਾ ਦੇਸ਼ ਅਤੇ ਉੱਡਣ ਖਟੋਲਾ, ਬਾਬਾ ਗਗਨ ਦੀ ਕਹਾਣੀ, ਭੂਤਾਂ, ਮਿੱਥਾਂ, ਸ਼ਹੀਦ ਕਰਨੈਲ ਸਿੰਘ ਦੀ ਆਤਮਾ, ਏਲੀਅਨ ਦਾ ਜ਼ਿਕਰ, ਤਾਰਾ ਵਿਗਿਆਨ, ਛੇਵੇਂ ਅਸਮਾਨ ਅਤੇ ਸੱਤਵੇਂ ਅਸਮਾਨ ਦੀ ਗੱਲ ਆਦਿ ਦਾ ਸਹਾਰਾ ਲਿਆ ਹੈ, ਜਿਹੜਾ ਇਸ ਦੀ ਵਿੱਲਖਣ ਬੁਣਾਵਟ ਦਾ ਆਧਾਰ ਬਣਦਾ ਹੈ। ਇਸ ਤੋਂ ਇਲਾਵਾ ਨਾਵਲਕਾਰ ਨੇ ਦੂਸਰੇ ਵਿਸ਼ੇ ਜਿਵੇਂ ਉੱਚ ਵਿਦਿਅਕ ਸੰਸਥਾਵਾਂ ਵਿਚਲੇ ਨਿਘਾਰ, ਪੜ੍ਹੇ-ਲਿਖੇ ਨੌਜਵਾਨਾਂ ਦਾ ਐਡਹਾਕ ਵਰਗੀ ਨੌਕਰੀ ਦਾ ਸਰਾਪ ਭੋਗਣਾ, ਜੰਮੂ-ਕਸ਼ਮੀਰ ਵਿਚਲੇ ਲੋਕਾਂ ਦਾ ਭਾਰਤੀ/ ਪੰਜਾਬੀ ਲੋਕਾਂ ਪ੍ਰਤੀ ਰਵੱਈਆ, ਜੰਮੂ ਵਿੱਚਲੇ ਲੋਕਾਂ ਦਾ ਪੁਣਛੀ, ਮੁਜ਼ੱਫਰਾਵਾਦੀ ਤੇ ਕਸ਼ਮੀਰੀ ਆਂਚਲਾਂ ਵਿੱਚ ਵੰਡਿਆ ਹੋਣਾ, ਮਲੇਰਕੋਟਲਾ ਰਿਆਸਤ ਬਾਰੇ ਇਤਿਹਾਸਕ ਹਵਾਲਾ, ਵੱਡੀ ਕਿਸਾਨੀ ਦੁਆਰਾ ਛੋਟੀ ਕਿਸਾਨੀ ਦੀ ਜ਼ਮੀਨ ਹੜ੍ਹੱਪਣ ਸੰਬੰਧੀ ਬਚਿੱਤਰ ਸਿੰਹੁ ਆੜ੍ਹਤੀਏ ਅਤੇ ਜੱਦੀ ਜ਼ਮੀਨ ਵੇਚਣ ਵਾਲੇ ਅੰਬਰ ਦੇ ਭਰਾ ਮਨਦੀਪ ਦਾ ਚਿੱਤਰ, ਭਾਰਤੀ ਫ਼ੌਜ਼ ਦੁਆਰਾ ਕਸ਼ਮੀਰੀ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਬਰ ਦੇ ਕਸ਼ਮੀਰੀ ਦੋਸਤ ਅਕਬਰ ਦੁਆਰਾ ਪ੍ਰਗਟ ਕਰਨਾ, ਪੰਜਾਬੀਆਂ ਦੇ ਮਨਾਂ ਵਿੱਚ ਜੰਮੂ ਦੇ ਭਾਪਿਆਂ ਪ੍ਰਤੀ ਹਿਕਾਰਤ ਭਰੇ ਰੱਵਈਏ ਦਾ ਜ਼ਿਕਰ, ਕਸ਼ਮੀਰ ਦੇ ਲੋਕਾਂ ਦਾ ਸਭਿਆਚਾਰ ਅਤੇ ਭਾਈਚਾਰਕ ਸਾਂਝ ਅਤੇ ਸੰਸਾਰ ਪੱਧਰ ‘ਤੇ ਕਮਿਊਨਿਸਟ ਲਹਿਰਾਂ ਵਿਚਲੀ ਖੜੋਤ ਬਾਰੇ ਮਿਲਦੇ ਸੰਕੇਤ ਨਾਵਲ ਦੇ ਬਿਰਤਾਂਤ ਦਾ ਹਿੱਸਾ ਬਣਦੇ ਹਨ। ਭਾਸ਼ਾ ਪੱਖੋਂ ਨਾਵਲਕਾਰ ਨੇ ਦੋ ਵੱਖ-ਵੱਖ ਖਿੱਤਿਆਂ (ਪੰਜਾਬ ਅਤੇ ਜੰਮੂ) ਤੋਂ ਆਏ ਪਾਤਰਾਂ ਨੂੰ ਭਰਵੇਂ ਰੂਪ ਵਿੱਚ ਚਿਤਰਿਆ ਹੈ ਜਿਸ ਤੋਂ ਨਾਵਲਕਾਰ ਦੀ ਪੰਜਾਬੀ ਭਾਸ਼ਾ ਦੇ ਨਾਲ-ਨਾਲ ਜੰਮੂ ਦੀਆਂ ਸਥਾਨਕ ਭਾਸ਼ਾਵਾਂ ਦੀ ਸੂਖ਼ਮ ਪਛਾਣ ਹੀ ਨਹੀਂ ਸਗੋਂ ਗਹਿਰੀ ਸਮਝ ਦਾ ਪਤਾ ਲੱਗਦਾ ਹੈ। ਇਸ ਕੁਸ਼ਲਤਾ ਕਾਰਨ ਹੀ ਨਾਵਲ ਆਪਣੇ ਪਾਠਕਾਂ ਨੂੰ ਵੱਧ ਪ੍ਰਭਾਵਿਤ ਕਰ ਸਕਿਆ ਹੈ। ਹਵਾਲੇ ਅਤੇ ਟਿੱਪਣੀਆਂ ਡਾ. ਅਮਨਦੀਪ ਸਿੰਘ, ਅਸਿਸਟੈਂਟ ਪ੍ਰੋਫੈਸਰ, ਆਰ.ਐਸ.ਡੀ.ਕਾਲਜ, ਫ਼ਿਰੋਜ਼ਪੁਰ ਸ਼ਹਿਰ |
***
834 *** |
ਅਸਿਸਟੈਂਟ ਪ੍ਰੋਫੈਸਰ, ਆਰ.ਐਸ.ਡੀ.ਕਾਲਜ, ਫ਼ਿਰੋਜ਼ਪੁਰ ਸ਼ਹਿਰ