28 April 2024

ਅਦੀਬ ਸਮੁੰਦਰੋਂ ਪਾਰ ਦੇ : ਸਮੇਂ ਨਾਲ ਸੰਵਾਦ ਰਚਾਉਂਦੀਆਂ ਕਹਾਣੀਆਂ ਦਾ ਸਿਰਜਕ ਹਰਨੇਕ ਸਿੰਘ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (21 ਅਗਸਤ 2022 ਨੂੰ) 83ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸਮੇਂ ਨਾਲ ਸੰਵਾਦ ਰਚਾਉਂਦੀਆਂ ਕਹਾਣੀਆਂ ਦਾ ਸਿਰਜਕ ਹਰਨੇਕ ਸਿੰਘ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਸ. ਹਰਨੇਕ ਸਿੰਘ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਸ. ਹਰਨੇਕ ਸਿੰਘ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
***
ਅਦੀਬ ਸਮੁੰਦਰੋਂ ਪਾਰ ਦੇ :
ਸਮੇਂ ਨਾਲ ਸੰਵਾਦ ਰਚਾਉਂਦੀਆਂ ਕਹਾਣੀਆਂ ਦਾ ਸਿਰਜਕ ਹਰਨੇਕ ਸਿੰਘ
-ਹਰਮੀਤ ਸਿੰਘ ਅਟਵਾਲ-

ਪਿਛਲੇ ਕੁਝ ਦਹਾਕਿਆਂ ਵਿਚ ਅਮਰੀਕਨ ਪੰਜਾਬੀ ਕਹਾਣੀ ਨੇ ਬਹੁਤ ਵਿਕਾਸ ਕੀਤਾ ਹੈ। ਇਸ ਗੁਣਾਤਮਕ ਵਿਕਾਸ ਵਿਚ ਜਿਨ੍ਹਾਂ ਅਮਰੀਕਨ ਪੰਜਾਬੀ ਕਹਾਣੀਕਾਰਾਂ ਨੇ ਆਪਣਾ ਬਣਦਾ ਤੇ ਬਹੁਪਰਤੀ ਯੋਗਦਾਨ ਪਾਇਆ ਹੈ ਉਨ੍ਹਾਂ ਵਿੱੱਚੋਂ ਇਕ ਹੈ ਕੈਲੇਫੋਰਨੀਆ ਵਾਸੀ ਹਰਨੇਕ ਸਿੰਘ ਜਿਸ ਦੀਆਂ ਕਹਾਣੀਆਂ ਬੜੀ ਦਿਲਚਸਪੀ ਨਾਲ ਪੜ੍ਹੀਆਂ ਜਾਂਦੀਆਂ ਹਨ ਤੇ ਬੁੱਧੀਵਾਨਾਂ ਵਿਚ ਵਿਚਾਰੀਆਂ ਵੀ ਜਾਂਦੀਆਂ ਹਨ।

ਹਰਨੇਕ ਸਿੰਘ ਦਾ ਜਨਮ 1 ਦਸੰਬਰ 1938 ਨੂੰ ਪਿੰਡ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਨੌਰੰਗ ਸਿੰਘ ਤੇ ਮਾਤਾ ਬਚਨ ਕੌਰ ਦੇ ਘਰ ਹੋਇਆ। ਹਰਨੇਕ ਸਿੰਘ ਨੇ ਕਾਫ਼ੀ ਵਿੱਦਿਆ ਪ੍ਰਾਪਤ ਕੀਤੀ। ਬੜੀ ਲੰਮੀ ਉਡੀਕ ਮਗਰੋਂ ਸਕੂਲ ਲੈਕਚਰਾਰ ਬਣਿਆ। ਡੇਢ ਕੁ ਸਾਲ ਕਾਰਜਕਾਰੀ ਪ੍ਰਿੰਸੀਪਲ ਵੀ ਰਿਹਾ। 1996 ’ਚ ਸੇਵਾ ਮੁਕਤ ਹੋ ਕੇ ਸਾਲ 2000 ਵਿਚ ਅਮਰੀਕਾ ਜਾ ਵਸਿਆ। ਸਾਹਿਤ ਸਿਰਜਣਾ ਵਾਲੇ ਪਾਸੇ ਆਉਣ ਦੀ ਵਿੱਥਿਆ ਦੱਸਦਿਆਂ ਹਰਨੇਕ ਸਿੰਘ ਦਾ ਆਖਣਾ ਹੈ ਕਿ ਜਦੋਂ ਮੈਂ ਗਿਆਨੀ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਪੰਜਾਬੀ ਸਾਹਿਤ ਨਾਲ ਜਾਣ-ਪਛਾਣ ਹੋਈ।

ਉਸ ਸਮੇਂ ਦੇ ਸਭ ਪ੍ਰਸਿੱਧ ਲੇਖਕਾਂ ਜਿਵੇਂ ਨਾਨਕ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਜਸਵੰਤ ਸਿੰਘ ਕੰਵਲ, ਕਰਤਾਰ ਸਿੰਘ ਦੁੱਗਲ, ਮੋਹਣ ਸਿੰਘ ਪੰਜ ਦਰਿਆ, ਅੰਮ੍ਰਿਤਾ ਪ੍ਰੀਤਮ, ਕੁਲਵੰਤ ਸਿੰਘ ਵਿਰਕ ਆਦਿ ਨੂੰ ਮੈਂ ਪੜ੍ਹਿਆ। ਮਨ ਅੰਦਰ ਲੇਖਕ ਬਣਨ ਦੀ ਰੀਝ ਜਾਗੀ। ਪਹਿਲਾਂ ਧਾਰਮਿਕ ਗੀਤ ਤੇ ਫੇਰ ਕਵਿਤਾ ਲਿਖਣ ਲੱਗਿਆ।

ਅਮਰੀਕਾ ਆ ਕੇ ਮੈਂ ਵਿਕੋਲਿਤਰੀਆਂ ਜੌਬਾਂ ਕੀਤੀਆਂ। ਕਦੇ ਸੁਪਨੇ ਵਿਚ ਵੀ ਖ਼ਿਆਲ ਨਹੀਂ ਸੀ ਆਇਆ ਕਿ ਅਮਰੀਕਾ ਖ਼ਾਸ ਕਰਕੇ ਕੈਲੇਫੋਰਨੀਆ ਵਿਚ ਸਾਹਿਤਕ ਗਤੀਵਿਧੀਆਂ ਚੱਲ ਰਹੀਆਂ ਹਨ। ਇਕ ਦਿਨ ਕ੍ਰਿਸ਼ਮਾ ਵਾਪਰਿਆ। ਤ੍ਰਿਪਤ ਸਿੰਘ ਭੱਟੀ ਜੀ (ਮਿੰਨੀ ਕਹਾਣੀ ਦੇ ਪ੍ਰਸਿੱਧ ਲੇਖਕ) ਨਾਲ ਮੁਲਾਕਾਤ ਹੋ ਗਈ। ਲਿਖਣ ਬਾਰੇ ਚਰਚਾ ਹੋਈ। ਉਹ ਪੰਜਾਬੀ ਸਾਹਿਤ ਸਭਾ ਸਟਾਕਟਨ ਦੇ ਮੋਢੀਆਂ ਵਿੱਚੋਂ ਸਨ। ਉਨ੍ਹਾਂ ਦੀ ਪ੍ਰੇਰਨਾ ਸਦਕਾ ਮੈਂ ਸਭਾ ਦੀ ਮੀਟਿੰਗ ਵਿਚ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ। ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਪੰਧੇਰ ਨਾਲ ਵੀ ਨੇੜਤਾ ਹੋ ਗਈ। ਉਨ੍ਹਾਂ ਦੋਨਾਂ ਦੀ ਹੱਲਾਸ਼ੇਰੀ, ਪ੍ਰੋ. ਹਰਭਜਨ ਸਿੰਘ ਤੇ ਹੋਰ ਸਾਥੀਆਂ ਦੀ ਹੌਸਲਾ ਅਫ਼ਜਾਈ ਸਦਕਾ ਫੇਰ ਕਲਮ ਚੱੁਕਣ ਦੀ ਹਿੰਮਤ ਬੱਝੀ। ਕਵਿਤਾ ਤਾਂ ਔਹੜ ਨਹੀਂ ਸੀ ਰਹੀ। ਕਹਾਣੀ ਵੱਲ ਹੱਥ ਅਜਮਾਈ ਕੀਤੀ। ਬਹੁਤ ਸਾਰੀਆਂ ਕਹਾਣੀਆਂ ਦੀਆਂ ਪੁਸਤਕਾਂ ਪੜ੍ਹੀਆਂ। ਗੱਲ ਬਣਦੀ ਗਈ। ਕਹਾਣੀਆਂ ਦੀ ਮੇਰੀ ਪਲੇਠੀ ਪੁਸਤਕ ‘ਕੱਲਰ ’ਚ ਖਿੜਿਆ ਫੁੱਲ’ ਛਪਕੇ ਪਾਠਕਾਂ ਦੇ ਹੱਥਾਂ ’ਚ ਪੁੱਜੀ ਹੈ।

ਹਰਨੇਕ ਸਿੰਘ ਦੀ ਹੁਣ ਤਕ ਪਿੱਛੇ ਜਿਹੇ ਆਈ ਕਹਾਣੀਆਂ ਦੀ ਇੱਕੋ-ਇੱਕ ਪੁਸਤਕ ‘ਕੱਲਰ ’ਚ ਖਿੜਿਆ ਫੁੱਲ’ ਵਿਚ ਕੁੱਲ 9 ਲੰਬੀਆਂ ਕਹਾਣੀਆਂ ਹਨ ਜਿਹੜੀਆਂ ਆਪਣੇ ਆਪ ’ਚ ਮਾਅਰਕੇ ਦੀਆਂ ਹਨ। ਕਹਾਣੀਕਾਰ ਆਪਣੇ ਏਥੇ ਤੇ ਉਥੇ ਦੇ ਸਮਾਜ ’ਚ ਆਉਦੇ-ਜਾਂਦੇ ਵਰਤਾਰਿਆਂ ਬਾਰੇ ਕਿੰਨਾ ਚੇਤੰਨ ਹੈ ਤੇ ਕਿੰਨੀ ਵਿਸ਼ਾਲ ਤੇ ਤਿੱਖੀ ਦ੍ਰਿਸ਼ਟੀ ਰੱਖਦਾ ਹੈ, ਇਨ੍ਹਾਂ ਕਹਾਣੀਆਂ ਨੂੰ ਪੜ੍ਹਕੇ ਭਲੀ ਭਾਂਤ ਪਤਾ ਲੱਗ ਜਾਂਦਾ ਹੈ।

ਜਿਸ ਪਾਠਕ ਨੇ ਹਰਨੇਕ ਸਿੰਘ ਦੀ ਪੁਸਤਕ ਦੇ ਨਾਂ ਵਾਲੀ ਕਹਾਣੀ ਹੀ ਪੜ੍ਹ ਲਈ ਉਹ ਯਕੀਨਨ ਉਸ ਦੇ ਕਥਾ ਸੰਸਾਰ ਦਾ ਪੱਕਾ ਪਾਠਕ ਬਣ ਜਾਵੇਗਾ। ਹਰਨੇਕ ਸਿੰਘ ਦੀ ਪੇਂਡੂ ਮੁਹਾਵਰੇ ਵਾਲੀ ਭਾਸ਼ਾ ਸ਼ੈਲੀ ਉਸ ਦੀਆਂ ਬਿਰਤਾਂਤਕ ਜੁਗਤਾਂ ਨੂੰ ਹੋਰ ਵੀ ਚਾਰ ਚੰਨ ਲਾਉਂਦੀ ਹੈ। ਇਨ੍ਹਾਂ ਕਹਾਣੀਆਂ ਬਾਰੇ ਪੰਜਾਬੀ ਦੇ ਨਾਮਵਰ ਕਹਾਣੀਕਾਰ ਜਸਬੀਰ ਸਿੰਘ ਰਾਣਾ ਦਾ ਇਹ ਕਥਨ ਇਥੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ:-

* ਇਸ ਕਥਾ ਪੁਸਤਕ ਵਿਚ ਦਰਜ ਹਰ ਕਹਾਣੀ ਆਪਣੇ ਸਮੇਂ ਨਾਲ ਸੰਵਾਦ ਰਚਾੳਂਦੀ ਹੈ। ਹਰਨੇਕ ਸਿੰਘ ਕੋਲ ਉਮਰ ਦਾ ਲੰਬਾ ਅਨੁਭਵ ਹੈ। ਇਸ ਲਈ ਉਸ ਦੀ ਕਥਾ ਚੇਤਨਾ ਸਮੇਂ ਤੇ ਸਪੇਸ ਦੇ ਆਰ-ਪਾਰ ਫੈਲੀ ਹੋਈ ਹੈ। ਉਸ ਦੀਆਂ ਕਹਾਣੀਆਂ ਵਿਚ ਪੰਜਾਬੀ ਜੀਵਨ-ਝਾਕੀ ਦੀ ਜੀਵੰਤ ਦ੍ਰਿਸ਼ਕਾਰੀ ਹੈ। ਪਰਵਾਸ ਦਾ ਸੰਕਟ ਹੈ। ਰਿਸ਼ਤਾ ਪ੍ਰਬੰਧ ਦੀ ਜਟਿਲਤਾ ਹੈ। ਔਰਤ-ਮਰਦ ਸਬੰਧਾਂ ਦੀ ਮਨੋਵਿਗਿਆਨਕ ਪੇਸ਼ਕਾਰੀ ਹੈ। ਉਸ ਦਾ ਭਾਸ਼ਾ ਰਜਿਸਟਰ ਆਂਚਲਿਕ ਰੰਗਤ ਵਾਲਾ ਹੈ। ਇਸ ਵਿਚ ਅਹਿਮਦਗੜ੍ਹ, ਰਾਏਕੋਟ, ਮਾਲੇਰਕੋਟਲਾ ਤੇ ਲੋਹਗੜ੍ਹ ਦੇ ਇਲਾਕੇ ਦੀ ਉਪ-ਭਾਸ਼ਾ ਦਾ ਰੰਗ ਹੈ। …ਭਾਵੇਂ ਕਿ ਹਰਨੇਕ ਸਿੰਘ ਨੇ ਅਜੇ ਪੰਜਾਬੀ ਕਹਾਣੀ ਦੇ ਸ਼ਾਹ-ਰਾਹ ਦਾ ਲੰਬਾ ਪੈਂਡਾ ਤੈਅ ਕਰਨਾ ਹੈ। ਬੜਾ ਕੁਝ ਲਿਖਣਾ ਪੜ੍ਹਨਾ ਤੇ ਸਿੱਖਣਾ ਹੈ। ਐਪਰ ਫਿਰ ਵੀ ਇਹ ਕਹਾਣੀਆਂ ਉਸ ਦੀ ਵਿਰਾਟ ਸਮਰੱਥਾ ਤੇ ਸੰਭਾਵਨਾ ਦੀ ਖ਼ਬਰ ਦਿੰਦੀਆਂ ਹਨ। ਇੰਝ ਹੀ ਅਮਰੀਕਾ ਨਿਵਾਸੀ ਕਹਾਣੀਕਾਰ ਹਰਜਿੰਦਰ ਸਿੰਘ ਪੰਧੇਰ ਨੇ ਵੀ ਹਰਨੇਕ ਸਿੰਘ ਦੀਆਂ ਕਹਾਣੀਆਂ ਬਾਰੇ ਨਚੋੜਨੁਮਾ ਗੱਲ ਆਖੀ ਹੈ ਕਿ ਲੇਖਕ ਆਪਣੀਆਂ ਰਚਨਾਵਾਂ ਰਾਹੀਂ ਸੂਝਵਾਨ ਪੜ੍ਹੇ ਲਿਖੇ ਤਬਕੇ ਦੀ ਸ਼ਕਤੀ ਉਨ੍ਹਾਂ ਦੇ ਨਿੱਜੀ ਮੁਫਾਦਾਂ ਤੋਂ ਉੱਪਰ ਉਠਕੇ ਸਮਾਜ ਦੀ ਸਾਰੀ ਉਸਾਰੂ ਮਾਰਗਦਰਸ਼ਕਤਾ ਵੱਲ ਲਾਉਣਾ ਚਾਹੁੰਦਾ ਹੈ।

ਹਰਨੇਕ ਸਿੰਘ ਦੀਆਂ ਕਹਾਣੀਆਂ ਦੇ ਅੰਤਰ ਵਸਤੂ ਦਾ ਕਹਾਣੀਵਾਰ ਸੰਖਿਪਤ ਜ਼ਿਕਰ ਵੀ ਕਰੀਏ ਤਾਂ ਕਹਿ ਸਕਦੇ ਹਾਂ ਕਿ ਪੁਸਤਕ ਦੀ ਪਹਿਲੀ ਕਹਾਣੀ ‘ਕੱਲਰ ’ਚ ਖਿੜਿਆ ਫੁੱਲ’ ਵਿਚ ਬਜ਼ੁਰਗਾਂ ਦੀ ਅਣਦੇਖੀ ਦਾ ਇਜ਼ਹਾਰ ਹੈ। ਕਹਾਣੀ ਵਿਚਲਾ ਫ਼ੌਜੀ ਪਾਤਰ ਸਮਾਜ ਦੀ ਵਿਰੋਧੀ ਹਵਾ ਨਾਲ ਇਕੱਲਾ ਹੀ ਟੱਕਰ ਲੈਂਦਾ ਹੈ ਤੇ ਪਿਛਲੀ ਉਮਰੇ ਵਿਆਹ ਕਰਵਾਕੇ ਆਪਣੀ ਗ੍ਰਹਿਸਥ ਗੱਡੀ ਸੁਖਾਵੀਂ ਕਰਦਾ ਹੈ। ‘ਮਨ ਮੈਲਾ ਤਨ ਗਿਰਵੀ’ ਕਹਾਣੀ ’ਚ ਚੰਗੇ ਭਵਿੱਖ ਦੀ ਆਸ ਵਿਚ ਪਰਵਾਸ ਦਾ ਨੌਜਵਾਨੀ ਸੰਕਟ ਦਿਖਾਇਆ ਗਿਆ ਹੈ।

‘ਪਰਾਏ ਆਪਣੇ’ ਕਹਾਣੀ ’ਚ ਦਿੱਲੀ ਦੇ 84 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਵੀ ਕੁਝ ਲੋਕਾਂ ਵੱਲੋਂ ਜਿਹੜੀ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਗਿਆ ਹੈ ਉਸ ਨੂੰ ਹਰਨੇਕ ਸਿੰਘ ਨੇ ਬੜੇ ਸਾਹਿਤਕ ਸਹਿਜ ਨਾਲ ਕਥਾ ਰੂਪ ’ਚ ਸਿਰਜਿਆ ਹੈ। ‘ਨਾਂ ਵਿਚ ਬਹੁਤ ਕੁਝ ਹੈ’ ਇਕ ਮਨੋਵਿਗਿਆਨਕ ਕਹਾਣੀ ਹੈ ਜਿਹੜੀ ਨਾਂ ਦੀ ਉਚਿਤਤਾ ਨੂੰ ਕੇਂਦਰ ’ਚ ਰੱਖਕੇ ਲਿਖੀ ਗਈ ਹੈ।

‘ਕਰਮੋ ਚਾਚੀ’ ਵਿਚ ਔਰਤ ’ਤੇ ਹੁੰਦੇ ਜ਼ੁਲਮ ਦੀ ਦਾਸਤਾਨ ਬੜੀ ਦੁਖਾਂਤਕ ਦਰਸਾਈ ਗਈ ਹੈ। ਕਹਾਣੀ ‘ਕਾਨੂੰਨੀ ਵਾਰਸ’ ਮੁੰਡਿਆਂ ਨੂੰ ਵੱਧ ਤਰਜੀਹ ਦੇਣ ਦਾ ਵਿਸ਼ਾ ਸਾਹਮਣੇ ਲਿਆਉਦੀ ਹੈ। ਲੜਕੀ ਦੀ ਇਕ-ਅੱਧ ਗ਼ਲਤੀ ਝੱਟ ਜੱਗ-ਜਾਹਰ ਹੋ ਜਾਂਦੀ ਹੈ ਜਦਕਿ ਲੜਕੇ ਕਈ ਗੱਲਾਂ ’ਚ ਬਰੀ ਹੋ ਜਾਂਦੇ ਹਨ। ਇਸ ਕਿਸਮ ਦੀ ਅਸਮਾਨਤਾ ਨੂੰ ਹੀ ਸਿਰਜਿਆ ਗਿਆ ਹੈ ਇਸ ਕਥਾ ਰਚਨਾ ਵਿਚ। ‘ਡਾਕਟਰ ਦੀ ਫੀਸ’ ਕਹਾਣੀ ਡਾਕਟਰ ਅਤੇ ਇਕ ਮਾਸੂਮ ਬੱਚੇ ਦੀ ਦਾਸਤਾਨ ਹੈ। ‘ਅੱਧ ਅਸਮਾਨੇ’ ਕਹਾਣੀ ਪੰਜਾਬ ਸੰਕਟ ਨਾਲ ਸਬੰਧਿਤ ਹੈ। ‘ਆ ਬੁਲਾਏ ਦੁਪਹਿਰਾ ਕੱਟ’ ਪੰਜਾਬ ਵਿਚ ਚੱਲੀ ਨਕਸਲੀ ਲਹਿਰ ਦੇ ਸਮੇਂ ਨਾਲ ਸਬੰਧਿਤ ਕਹਾਣੀ ਹੈ। ਇੰਜ ਹਰਨੇਕ ਸਿੰਘ ਦੀਆਂ ਸਾਰੀਆਂ ਕਹਾਣੀਆਂ ਵੱਖ-ਵੱਖ ਵਿਸ਼ਿਆਂ ਨੂੰ ਆਪਣੀ ਵਿਲੱਖਣ ਕਥਾ ਸ਼ੈਲੀ ਨਾਲ ਸਫ਼ਲਤਾ ਨਾਲ ਨਿਭਾਉਦੀਆਂ ਹਨ।

ਹਰਨੇਕ ਸਿੰਘ ਨਾਲ ਸਮੇਂ-ਸਮੇਂ ਸਾਡਾ ਸਾਹਿਤਕ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਹੈ। ਹੋਈਆਂ ਅਦਬੀ ਗੱਲਾਂ ’ਚੋਂ ਉਸ ਵੱਲੋਂ ਕੁਝ ਅੰਸ਼ ਇਥੇ ਲਿਖੇ ਜਾਂਦੇ ਹਨ :-

* ਮੈਨੂੰ ਤਾਂ ਪੰਜਾਬੀ ਕਹਾਣੀ ਦਾ ਭਵਿੱਖ ਬਹੁਤ ਉਜਲਾ ਦਿਖਾਈ ਦਿੰਦਾ ਹੈ। ਪੰਜਾਬੀ ਦੇ ਕਈ ਨੌਜਵਾਨ ਕਹਾਣੀਕਾਰ ਨਵੇਂ-ਨਵੇਂ ਤਜਰਬੇ ਕਰ ਰਹੇ ਹਨ। ਜਸਬੀਰ ਸਿੰਘ ਰਾਣਾ ਉਨ੍ਹਾਂ ’ਚੋਂ ਇਕ ਹੈ ਤੇ ਵਿਲੱਖਣ ਹੈ।

* ਅਮਰੀਕਾ ਵਿਚ ਵੱਸਦੇ ਲੇਖਕਾਂ ਦੀ ਤ੍ਰਾਸਦੀ ਇਹ ਹੈ ਕਿ ਸਾਨੂੰ ਏਥੇ ਅਮਰੀਕਾ ਵਿਚ ਬੈਠਿਆਂ ਨੂੰ ਪੰਜਾਬ ਵਿਚ ਵੱਸਦੇ ਲੇਖਕਾਂ ਨਾਲ ਜਾਣ-ਪਛਾਣ ਕਰਨੀ ਬਹੁਤ ਔਖੀ ਹੈ। ਉਨ੍ਹਾਂ ਦੀਆਂ ਰਚਨਾਵਾਂ ਸਾਡੇ ਤੱਕ ਪਹੁੰਚਣੀਆਂ ਵੀ ਮੁਸ਼ਕਲ ਹਨ। ਏਥੇ ਪੰਜਾਬੀ ਲਾਇਬ੍ਰੇਰੀਆਂ ਵੀ ਨਹੀਂ ਹਨ। ਲੋਕਲ ਲਾਇਬ੍ਰੇਰੀਆਂ ਵਿਚ ਪੰਜਾਬੀ ਸੈਕਸ਼ਨ ਨਹੀਂ ਹਨ। ਇਸ ਤਰ੍ਹਾਂ ਅਸੀਂ ਨਵੇਂ ਰਚੇ ਜਾ ਰਹੇ ਸਾਹਿਤ ਤੋਂ ਅਭਿੱਜ ਰਹਿ ਜਾਂਦੇ ਹਾਂ।

* ਅਮਰੀਕੀ ਪੰਜਾਬੀ ਕਹਾਣੀ ਦਾ ਭਵਿੱਖ ਵੀ ਕਾਫ਼ੀ ਰੌਸ਼ਨ ਹੈ। ਨਵੇਂ ਅਮਰੀਕੀ ਕਹਾਣੀਕਾਰਾਂ ਵਿਚ ਸੁਰਿੰਦਰ ਸੋਹਲ, ਹਰਜਿੰਦਰ ਸਿੰਘ ਪੰਧੇਰ, ਡਾ. ਰਵੀ ਸ਼ੇਰਗਿੱਲ, ਪ੍ਰੋ. ਹਰਭਜਨ ਸਿੰਘ, ਚਰਨਜੀਤ ਸ਼ਾਹੀ, ਲਾਜ਼ ਨੀਲਮ ਸੈਣੀ, ਮਨਜੀਤ ਕੌਰ ਸੇਖੋਂ, ਤਾਰਾ ਸਿੰਘ ਸਾਗਰ ਆਦਿ ਦਾ ਨਾਂ ਵਰਣਨਯੋਗ ਹੈ।

* ਆਲੋਚਨਾ ਕੇਵਲ ਆਲੋਚਨਾ ਲਈ ਹੀ ਨਹੀਂ ਹੋਣੀ ਚਾਹੀਦੀ। ਅੱਜ ਕੱਲ੍ਹ ਆਲੋਚਕ ਬੜੀ ਔਖੀ ਭਾਸ਼ਾ ਦੀ ਵਰਤੋਂ ਕਰਦੇ ਹਨ, ਸ਼ਾਇਦ ਆਪਣੀ ਵਿਦਵਤਾ ਦਾ ਪ੍ਰਭਾਵ ਪਾਉਣ ਲਈ। ਪਰ ਮੇਰੇ ਖ਼ਿਆਲ ਅਨੁਸਾਰ ਸਰਲ ਭਾਸ਼ਾ ਹੀ ਵਰਤੀ ਜਾਣੀ ਚਾਹੀਦੀ ਹੈ।

* ਅਮਰੀਕਾ ਵਿਚ ਪੰਜਾਬੀ ਪਾਠਕਾਂ ਦਾ ਘੇਰਾ ਬਹੁਤ ਤੰਗ ਹੈ ਤੇ ਇਹ ਘੇਰਾ ਹੋਰ ਤੰਗ ਹੋ ਰਿਹਾ ਹੈ।

ਇਕ ਮਨਚਿਤ ਹੋ ਕੇ ਹਰਨੇਕ ਸਿੰਘ ਦੀ ਹਰ ਗੱਲ ਗੌਲਣਯੋਗ ਹੈ। ਉਸ ਦੀਆਂ ਕਹਾਣੀਆਂ ਵਿਚ ਵੀ ਸਮੇਂ ਦਾ ਸੱਚ ਹੀ ਸਾਹਮਣੇ ਆਇਆ ਹੈ। ਉਸ ਦੀ ਨਵੀਂ ਕਹਾਣੀਆਂ ਦੀ ਕਿਤਾਬ ‘ਇੱਕੋ ਰੈਂਕ ਤੇ ਹੋਰ ਕਹਾਣੀਆਂ’ ਵੀ ਬਹੁਤ ਜਲਦ ਪਾਠਕਾਂ ਕੋਲ ਪੁੱਜ ਰਹੀ ਹੈ। ਨਿਰਸੰਦੇਹ ਹਰਨੇਕ ਸਿੰਘ ਅਮਰੀਕਨ ਪੰਜਾਬੀ ਕਹਾਣੀ ਦਾ ਕਮਾਲ ਦਾ ਕਹਾਣੀਕਾਰ ਹੈ, ਉੱਭਰਦਾ ਹਸਤਾਖ਼ਰ ਹੈ।
***
856
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ