ਡਾ.ਸਾਹਿਬ ਸਿੰਘ ਦਾ ਨਾਟਕ ‘ਧੰਨ ਲੇਖਾਰੀ ਨਾਨਕਾ’ – ਚੁੱਪ ਚੋਂ ਨਿਕਲੀ ਚੀਕ ਦਾ ਅਹਿਸਾਸਕੰਵਰ ਬਰਾੜ |
ਪੰਜਾਬੀ ਯੂਨੀਵਰਸਿਟੀ ‘ਚ ਪੜ੍ਹਦਿਆਂ ਸਾਡੇ ਵਿਭਾਗ ਦੇ ਥੱਲੇ ਵਾਲੀ ਮੰਜ਼ਲ ਤੇ ਥੀਏਟਰ ਵਿਭਾਗ ਸੀ। ਜਦੋਂ ਕਦੇ ਉਨ੍ਹਾਂ ਯੂਨੀਵਰਸਿਟੀ ਵਿੱਚ ਵੱਡੇ ਮੰਚ ਤੇ ਕੋਈ ਨਾਟਕ ਖੇਡਣਾ ਹੁੰਦਾ ਤਾਂ ਉਹ ਕਈ ਕਈ ਦਿਨ ਪਹਿਲਾਂ ਅਭਿਆਸ ਸ਼ੁਰੂ ਕਰ ਦਿੰਦੇ। ਸਾਡੀ ਸਾਰੀ ਜਮਾਤ ਨੂੰ ਬਣਾਉਟੀ ਸਰੋਤਿਆਂ ਵਾਂਗੂੰ ਰੰਗ-ਮੰਚ ਨੇੜਿਓਂ ਦੇਖਣ ਦਾ ਖੁੱਲ੍ਹਾ ਸੱਦਾ ਹੁੰਦਾ ਤੇ ਸਾਡੇ ਲਈ ਇਹ ਜਮਾਤ ਛੱਡ ਕੇ ਜਾਣ ਦਾ ਇਕ ਵਧੀਆ ਬਹਾਨਾ। ਉਦੋਂ ਤੋਂ ਹੀ ਰੰਗ-ਮੰਚ ਦੇਖਣਾ ਚੰਗਾ ਲੱਗਦਾ। ਕਈ ਦਿਨ ਪਹਿਲਾਂ ਸੋਸ਼ਲ ਮਾਧਿਅਮ ਤੇ ਦੇਖਿਆ ਕਿ ਡਾ.ਸਾਹਿਬ ਸਿੰਘ ਆਪਣਾ ਨਾਟਕ “ਧੰਨ ਲੇਖਾਰੀ ਨਾਨਕਾ” ਖੇਡਣ ਸਾਊਥਾਲ ਆ ਰਹੇ ਨੇ, ਇਸ ਨਾਟਕਕਾਰ ਬਾਰੇ ਪਹਿਲਾਂ ਬਹੁਤ ਚਰਚਾ ਹੋਈ ਜਦੋਂ ਉਹ ਨਾਟਕ “ਸੰਮਾਂ ਵਾਲੀ ਡਾਂਗ” ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਖੇਡ ਕੇ ਗਏ। ਮੈਨੂੰ ਪੋਸਟਰ ਦੇਖ ਕੇ ਲੱਗਿਆ ਕਿ ਨਾਟਕ ਦੇਖਣ ਦੀ ਕੋਸ਼ਸ਼ ਜ਼ਰੂਰ ਕਰਾਂਗਾ, ਪਰ ਇਹ ਭੁੱਲ ਗਿਆ ਕਿ ਇਹ ੨੩ ਜੁਲਾਈ ੨੦੨੨ ਸ਼ਾਮ ਨੂੰ ਖੇਡਿਆ ਜਾਣਾ। ਸਾਡੇ ਸਾਰਿਆਂ ਦੇ ਭੂਆ ਜੀ ਕੁਲਵੰਤ ਢਿੱਲੋਂ ਜੀ ਨੇ ਜਦੋਂ ਕੁਝ ਘੰਟੇ ਪਹਿਲਾਂ ਯਾਦ ਕਰਵਾਇਆ ਤਾਂ ਮੈਂ ਆਪਣੇ ਕੁਝ ਰੁਝੇਵੇਂ ਬਦਲ ਕੇ ਨਾਟਕ ਦੇਖਣ ਪੁੱਜਿਆ।
ਦੇਖਦਿਆਂ ਹੀ ਦੇਖਦਿਆਂ ਹਾਲ ਕੋਈ ਸੌ ਸਵਾ ਕੁ ਸੌ ਦਰਸ਼ਕਾਂ ਨਾਲ ਭਰ ਗਿਆ। ਕੰਵਲ ਧਾਲੀਵਾਲ ਜੀ ਨੇ ਆਪਣੀਆਂ ਪੇਂਟਿੰਗਾਂ ਦੀ ਨੁਮਾਇਸ਼ ਲਗਾਈ ਹੋਈ ਸੀ ਜੋ ਅਜ਼ਾਦੀ ਦੀ ਬਰਬਾਦੀ ਦੇ ਦਰਦ ਨੂੰ ਖ਼ੂਬ ਉਭਾਰਦੀ ਸੀ। ਪੇਂਟਿੰਗਾਂ ਦੇਖਦਿਆਂ ਇੰਗਲੈਂਡ ਦੇ ਕਈ ਨਵੇਂ ਤੇ ਪੁਰਾਣੇ ਲੇਖਕਾਂ ਨਾਲ ਗੱਲਬਾਤ ਹੋਈ। ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਮੇਅਰ ਮਿੱਢਾ ਤੇ ਮੈਂਬਰ ਪਾਰਲੀਮੈਂਟ ਸ਼ਰਮਾ ਜੀ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਇਸੇ ਸਮੇਂ ਐਨਥਨੀ ਨੋਲਨ ਟਰੱਸਟ ਦੀ ਨੁਮਾਇੰਦਾ ਨੇ ਸਭ ਨੂੰ ਸਟੈਮ ਸੈੱਲਾਂ ਦੇ ਦਾਨ ਲਈ ਆਪਣਾ ਨਾਂ ਰਜਿਸਟਰ ਕਰਵਾਉਣ ਦੀ ਬੇਨਤੀ ਕੀਤੀ ਤਾਂ ਜੋ ਕੈਂਸਰ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਜਾਣ ਬਚਾਈ ਜਾ ਸਕੇ। ਫਿਰ ਹੋਇਆ ਸ਼ੁਰੂ ਡਾ. ਸਾਹਿਬ ਸਿੰਘ ਦਾ ਸ਼ਾਨਦਾਰ ਤੇ ਜਾਨਦਾਰ ਇਕੱਲਮ-ਇਕੱਲੇ ਖੇਡਿਆ ਨਾਟਕ, ਜੋ ਕੋਈ ਡੇਢ ਘੰਟੇ ਬਿਨਾ ਠਹਿਰਾਓ ਚੱਲਿਆ, ਸਾਹਿਬ ਸਿੰਘ ਇੱਕ ਪਾਤਰ ਤੋ ਦੂਜੇ ਵਿੱਚ ਤਬਦੀਲ ਹੋ ਆਪਣੀਆਂ ਤਕਰੀਰਾਂ ਸਰੋਤਿਆਂ ਨਾਲ ਸਾਂਝੀਆਂ ਕਰਦਾ ਰਿਹਾ ਤੇ ਪੂਰੇ ਹਾਲ ਵਿੱਚ ਪੂਰਨ ਚੁੱਪ ਛਾਈ ਰਹੀ। ਪੂਰਾ ਨਾਟਕ ਇੱਕ ਲਿਖਾਰੀ ਨੂੰ ਬੋਚ ਬੋਚ ਕੇ ਲਿਖਣ ਨਾਲ਼ੋਂ ਬੇਬਾਕ ਹੋ ਕੇ ਲਿਖਣ ਦੀ ਪ੍ਰੇਰਨਾ ਵਿੱਚੋਂ ਉਪਜਦਾ ਹੈ, ਸਾਰਾ ਨਾਟਕ ਕਹਾਣੀਆਂ ਦੀ ਇਕ ਕਹਾਣੀ ਹੋ ਨਿੱਬੜਦਾ। ਇੱਕ ਕਹਾਣੀ ਹੈ ਨਾਟਕ ਦੇ ਪਾਤਰ ਲੇਖਕ ਦੀ ਆਪਣੀ ਧੀ ਦੀ ਜੋ ਸੱਚ ਦੇ ਹੱਕ ਵਿੱਚ ਅਵਾਜ਼ ਚੁੱਕਦੀ ਗੁੰਡਿਆਂ ਹੱਥੋਂ ਹੱਡੀਆਂ ਤੁੜਵਾ ਬਹਿੰਦੀ ਹੈ, ਜੇਲ੍ਹ ਜਾਂਦੀ ਹੈ ਪਰ ਹੌਸਲਾ ਨਹੀਂ ਹਾਰਦੀ। ਦੂਜੀ ਕਹਾਣੀ ਹੈ ਇੱਕ ਹਿੰਦੂ ਕੁੜੀ ਦੀ ਜੋ ਭਾਰਤੀ ਸਰਕਾਰ ਸਿਟੀਜ਼ਨਸ਼ਿਪ ਸਾਬਤ ਕਰਨ ਲਈ ਲਿਆਂਦੇ ਸੀ.ਏ.ਏ. ਦੇ ਫੁਰਮਾਨਾਂ ਖ਼ਿਲਾਫ਼ ਡਟਣ ਕਰਕੇ ਮੁਸਲਿਮ ਸਮਝ ਕੇ ਹਿੰਦੁਸਤਾਨ ਦੇ ਆਪੇ ਬਣੇ ਮਾਲਕਾਂ ਦੇ ਹੱਥੋਂ ਧਰਮ ਦੀ ਸਿਆਸਤ ਵਿੱਚ ਇੱਜ਼ਤ ਲੁਟਾ ਅੱਗ ਦੀ ਭੇਂਟ ਚੜ੍ਹ ਜਾਂਦੀ ਹੈ ਤੇ ਉਸ ਕੋਲ ਆਪਣੇ ਹਿੰਦੂ ਹੋਣ ਦਾ ਪ੍ਰਮਾਣ ਵੀ ਉਸ ਨੂੰ ਸਮੇਂ ਸਿਰ ਬਚਾ ਨਹੀਂ ਸਕਿਆ। ਵਿੱਚੇ ਹੁੰਦਾ ਸੰਵਾਦ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸਾਹਿਤ ਵੇਚਣ ਦੀਆਂ ਹੁੰਦੀਆਂ ਕੋਸ਼ਿਸ਼ਾਂ ਦਾ ਕਿਉਂਕਿ ਪਾਠਕਾਂ ਨੂੰ ਵੀ ਅੱਜ-ਕੱਲ੍ਹ ਵਰਕ ਲੱਗੀ ਚਮਕੀਲੀ ਬਰਫ਼ੀ ਖਾਣ ਦੀ ਆਦਤ ਹੋ ਗਈ ਹੈ, ਉਹ ਚਾਹੇ ਖੱਟੇ ਦੁੱਧ ਦੀ ਹੀ ਬਣੀ ਹੋਵੇ।
ਡਾ. ਸਾਹਿਬ ਸਿੰਘ ਨਾਟਕ ਰਾਹੀਂ ਅੱਜ ਦੇ ਰਾਜਨੀਤਿਕ ਵਰਤਾਰੇ ਤੇ ਡੂੰਘਾ ਤੇ ਉਦਾਸੀ ਭਰਿਆ ਨਿਸ਼ਾਨਾ ਕੱਸਦਾ, ਉਹ ਸਮਾਜਿਕ ਬੁਰਾਈਆਂ ਵਿੱਚੋਂ ਗ਼ਰੀਬੀ ਦੀ ਕਹਾਣੀ ਨੂੰ ਇਉਂ ਉਭਾਰਦਾ ਕਿ ਸਰੋਤੇ ਸੋਚ ਦੇ ਵਹਾਅ ਵਿੱਚ ਵਗੇ ਬਿਨਾ ਨਹੀਂ ਰਹਿ ਸਕਦੇ। ਡਾ. ਸਾਹਿਬ ਸਿੰਘ ਭਾਰਤੀ ਨਿਆਂ ਸਿਸਟਮ ਵਿੱਚ ਤਰੀਕ ਤੇ ਪੈਂਦੀ ਤਰੀਕ ਨੂੰ ਆਮ ਨਾਗਰਿਕਾਂ ਦੇ ਕਦੇ ਵੀ ਨਿਆਂ ਮਿਲਣ ਤੋਂ ਉਠਦੇ ਵਿਸ਼ਵਾਸ ਨੂੰ ਬੜੇ ਦਿਲਚਸਪ ਢੰਗ ਨਾਲ ਪੇਸ਼ ਕਰਦਾ। ਡਾ. ਸਾਹਿਬ ਸਿੰਘ ਨੇ ਨਾਟਕ ਦੇ ਕਿਰਦਾਰਾਂ ਰਾਹੀਂ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਸਮਝਣ ਤੇ ਵਿਚਾਰਨ ਦੀ ਪੁਕਾਰ ਲਾਈ। ਇੱਕ ਕਿਰਦਾਰ ਲੇਖਕ ਨੂੰ ਦੁਹਾਈ ਪਾਉਂਦਾ ਕਿ “ਜਾਗਦੇ ਸਿਰਾਂ ਦੀ ਬਾਤ ਪਾਵੇ”, ਇਹ ਡਾਇਲਾਗ ਨਾਟਕ ਦਾ ਇਕ ਹਾਸਲ ਸੀ। ਡਾ. ਸਾਹਿਬ ਸਿੰਘ ਇੱਕ ਹੋਰ ਅਹਿਮ ਮੁੱਦਾ ਉਜਾਗਰ ਕਰਦਾ ਕਿ ਅੱਜ ਦੇ ਲੇਖਕ ਸੈਮੀਨਾਰਾਂ ਲਈ ਪਰਚੇ ਲਿਖ ਵਡਿਆਈ ਮਗਰ ਭੱਜ ਰਹੇ ਨੇ, ਚਾਹੇ ਅਸਲ ਮੁੱਦੇ ਦੀ ਸਮਝ ਹੋਵੇ ਨਾ ਹੋਵੇ ਬੱਸ ਹਰ ਇਕ ਨੂੰ ਲਿਖਣ ਦੀ ਕਾਹਲ਼ ਹੈ। ਕੁੱਲ ਮਿਲਾ ਕਿ ਧੰਨ ਲਿਖਾਰੀ ਨਾਨਕਾ ਨਾਟਕ ਦਾ ਵਿਸ਼ਾ ਵਸਤੂ, ਨਾਟਕ ਦਾ ਕਥਾਨਕ, ਤੇ ਪੇਸ਼ਕਾਰੀ ਬਹੁਤ ਹੀ ਮਿਆਰੀ ਪੱਧਰ ਦੇ ਹੋ ਗੁਜ਼ਰੇ। ਮੈਂ ਬੈਠਾ ਇਹੀ ਸੋਚਦਾ ਰਿਹਾ ਕਿ ਇੱਕ ਬੰਦੇ ਨੂੰ ਡੇਢ ਘੰਟਾ ਇਕੱਲਿਆਂ ਨਾਟਕ ਖੇਡਣ ਲਈ ਕਿੰਨੀ ਦਿਮਾਗ਼ੀ ਤੇ ਸਰੀਰਕ ਸ਼ਕਤੀ ਚਾਹੀਦੀ ਹੈ ਜੋ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ। ਆਪਣੀ ਇਸ ਖ਼ੂਬਸੂਰਤ ਪੇਸ਼ਕਾਰੀ ਲਈ ਡਾ.ਸਾਹਿਬ ਸਿੰਘ ਵਾਕਿਆ ਹੀ ਵਧਾਈ ਦਾ ਹੱਕਦਾਰ ਹੈ। ਜਦੋਂ ਨਾਟਕ ਮੁੱਕਿਆ ਤਾਂ ਸਭ ਨੇ ਆਪਣੀ ਕੁਰਸੀ ਤੋਂ ਖੜ੍ਹ ਕੇ ਜ਼ੋਰਦਾਰ ਤਾੜੀਆਂ ਨਾਲ ਹਾਲ ਦੀ ਚੁੱਪ ਨੂੰ ਤੋੜਿਆ ਤੇ ਡਾ. ਸਿੰਘ ਦੀ ਭਰਪੂਰ ਸ਼ਲਾਘਾ ਕੀਤੀ। ਨਾਟਕ ਦੇ ਬਾਅਦ ਇੱਕ ਹੋਰ ਕਮਾਲ ਦੀ ਗੱਲ ਹੋਈ। ਜਦੋਂ ਅਸੀਂ ਛੋਟੇ ਸੀ ਤਾਂ ਸਾਡੇ ਦਾਦਾ ਜੀ ਦਾ ਰੇਡੀਓ ਹਮੇਸ਼ਾ ਧੀਮੀ ਆਵਾਜ਼ ਵਿਚ ਚੱਲਦਾ ਰਹਿੰਦਾ ਤੇ ਦੁਪਹਿਰ ਦੇ ਗੀਤਾਂ ਵਾਲੇ ਪ੍ਰੋਗਰਾਮ ਵਿੱਚੋਂ ਕੁਝ ਗੀਤ ਜਿਵੇਂ “ਬੂਟਾ ਅੰਬੀ ਦਾ” ਜਾਂ ਫਿਰ “ਰਾਤ ਚਾਨਣੀ ਮੈਂ ਤੁਰਾਂ, ਮੇਰਾ ਨਾਲ ਤੁਰੇ ਪਰਛਾਵਾਂ ਨੀ ਜਿੰਦੇ ਮੇਰੀਏ” ਅੱਜ ਵੀ ਕੰਨਾਂ ਵਿੱਚ ਵੱਜਦੇ ਰਹਿੰਦੇ ਹਨ। ਅੱਜ ਇਹਨਾਂ ਗੀਤਾਂ ਦੇ ਗਾਇਕ ਤੇ ਪੰਜਾਬੀ ਸੰਗੀਤ ਦੇ ਨਾਇਕ ਦੀਦਾਰ ਸਿੰਘ ਪਰਦੇਸੀ ਜੀ ਦੇ ਨਾਲ ਉਹਨਾਂ ਦੀਆਂ ਅਗਲੀਆਂ ਦੋ ਪੀੜੀਆਂ ਦੇ ਦੀਦਾਰ ਕਰਨ ਦਾ ਸੁਭਾਗ ਮਿਲਿਆ। ਉਮੀਦ ਹੈ ਕਿ ਕੁਦਰਤ ਦੀਦਾਰ ਪਰਦੇਸੀ ਜੀ ਦੀ ਉਮਰ ਲੋਕ ਗੀਤ ਜਿੰਨੀ ਲਮੇਰੀ ਕਰੇ ਤੇ ਉਹ ਪਿਛਲੇ ਸੱਤਰ ਸਾਲ ਵਾਂਗ ਇਸੇ ਤਰ੍ਹਾਂ ਆਪਣੇ ਪ੍ਰਸੰਸਕਾਂ ਨੂੰ ਪੰਜਾਬੀ ਸੰਗੀਤ ਨਾਲ ਜੋੜੀ ਰੱਖਣ। ਡਾ. ਸਾਹਿਬ ਸਿੰਘ ਦਾ ਨਾਟਕ “ਧੰਨ ਲੇਖਾਰੀ ਨਾਨਕਾ” ਆਉਂਦੇ ਦਿਨਾਂ ਵਿਚ ਇੰਗਲੈਂਡ ਦੇ ਹੋਰ ਸ਼ਹਿਰਾਂ ਵਿਚ ਖੇਡਿਆ ਜਾਵੇਗਾ, ਇਸ ਸੰਬੰਧੀ ਜਾਣਕਾਰੀ ਹਰਸੇਵ ਬੈਂਸ ਜੀ ਤੋਂ 07956 8111553 ਰਾਹੀਂ ਲਈ ਜਾ ਸਕਦੀ ਹੈ। |
***
832 *** |