19 June 2024

ਹਰਭਜਨ ਹੁੰਦਲ ਦੇ ਦੋਸਤੀਨਾਮਾ ਦਾ ਮੁਲਾਂਕਣ -ਬਲਜਿੰਦਰ ਪਾਲ

ਹਰਭਜਨ ਹੁੰਦਲ ਦੇ ਦੋਸਤੀਨਾਮਾ ਦਾ ਮੁਲਾਂਕਣ

-ਬਲਜਿੰਦਰ ਪਾਲ-

ਹਰਭਜਨ ਹੁੰਦਲ

ਹਰਭਜਨ ਸਿੰਘ ਹੁੰਦਲ ਦਾ ਪੰਜਾਬੀ ਸਾਹਿਤ ਖੇਤਰ ਵਿਚ ਨਿਵੇਕਲਾਂ ਸਥਾਨ ਹੈ। ਹੁੰਦਲ ਨੇ ਕਵੀ ਹੋਣ ਦੇ ਨਾਲ ਨਾਲ ਜੀਵਨੀ, ਸਫ਼ਰਨਾਮਾ,ਅਨੁਵਾਦਕ ਅਤੇ ਆਲੋਚਨਾ ਤੇ ਵੀ ਹੱਥ ਅਜਮਾਈ ਕੀਤੀ। ਇਸ ਵਿਚ ਉਸ ਨੂੰ ਭਰਪੂਰ ਸਫਲਤਾ ਵੀ ਪ੍ਰਾਪਤ ਹੋਈ। ਦੋਸਤੀਨਾਮਾ ਹੁੰਦਲ ਦੀ ਬੈਂਤ ਛੰਦ ਵਿਚ ਲਿਖੀ ਇਕ ਲੰਮੀ ਕਵਿਤਾ ਹੈ। ਇਸ ਵਿਚ ਗੱਲ ਭਾਵੇ ਨਿੱਜੀ ਦੋਸਤੀ ਤੋਂ ਸੁਰੂ ਹੁੰਦੀ ਹੈ ਪਰ ਇਹ ਬਹੁਤ ਸਾਰੇ ਉਪ ਵਿਸਿ਼ਆ ਨੂੰ ਸਮੇਟਦੀ ਹੋਈ ਦੋਸਤੀ ਦੇ ਮਹੱਤਵ ਤੇ ਚਾਣਨਾ ਪਾਉਦੀ ਹੈ।

ਦੋਸਤੀਨਾਮਾ ਵਿਚ ਹੁੰਦਲ ਆਪਣੇ ਪੁਰਾਣੇ ਦੋਸਤਾਂ ਰਘਵੀਰ ਸਿੰਘ ‘ਸਿਰਜਣਾ’(ਸਿਰਜਣਾ ਦੇ ਸੰਪਾਦਕ) ਅਤੇ ਡਾ.ਸੁਰਿੰਦਰ ਗਿੱਲ ਜੋ ਕਿ ਇਕ ਕਵੀ ਹੈ ਨੂੰ ਸੰਬੋਧਿਤ ਹੁੰਦਾ ਹੈ। ਹੁੰਦਲ, ਰਘਵੀਰ ਅਤੇ ਸੁਰਿੰਦਰ ਜੋ ਕਿ ਤਿੰਨੋ ਇਕ ਹੀ ਵਿਚਾਰਧਾਰਾ ਨਾਲ ਸੰਬੰਧਿਤ ਹਨ। ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਦਾਅਵਾ ਕਰਦੇ ਹਨ। ਪਰ ਕਈ ਥਾਂ ਉਨ੍ਹਾਂ ਦਾ ਅਹੰਮ ਟਕਰਾਉਂਦਾ ਨਜ਼ਰ ਆਉਂਦਾ ਹੈ, ਦਿਲ ਦੇ ਕਿਸੇ ਨਾ ਕੋਨੇ ਵਿਚੋਂ ਜਲਣ ਦੀ ਬੋ੍ਹ ਆਉਦੀ ਹੈ। ਹੁੰਦਲ ਦੇ ਜਿਆਦਾਤਰ ਦੋਸਤ ਖੱਬੀ ਧਿਰ ਨਾਲ ਸੰਬੰਧਿਤ ਰਹੇ ਹਨ, ਪਰ ਸਮੇਂ ਦੀਆਂ ਤਬਦੀਲੀਆਂ ਕਾਰਨ ਅਤੇ ਖੱਬੇ ਪੱਖੀਆਂ ਵਿਚ ਚਲਦੇ ਟਕਰਾ ਨੇ ਕਈ ਗੂੜੇ ਮਿੱਤਰਾਂ ਦੇ ਮਨਾ ਵਿਚ ਵੀ ਤਰੇੜ੍ਹਾਂ ਪਾ ਦਿੱਤੀਆ ਹਨ। ਹੁੰਦਲ ਦੇ ਕਈ ਮਿੱਤਰ ਸੁਹੇਲ ਸਿੰਘ ਵਰਗੇ ਇਸ ਦੁਨੀਆਂ ਨੂੰ ਚੜ੍ਹਦੀ ਜਵਾਨੀ ਵਿਚ ਅਲਵਿਦਾ ਕਹਿ ਗਏ ਸਨ। ਇਸ ਲਈ ਉਸ ਦੀ ਜੋ ਵੀ ਮਿੱਤਰ ਮੰਡਲੀ ਸੀ ਉਹ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ। ਇਸ ਤੋ ਇਲਾਵਾ ਉਸ ਨੂੰ ਜਿੱਥੇ ਸਰਕਾਰਾਂ-ਦਰਬਾਰਾਂ ਨਾਲ ਸੰਘਰਸ਼ ਕਰਨਾ ਪਿਆ ਉਥੇ ਉਸ ਨੂੰ ਪਾਰਟੀ ਅੰਦਰ ਵੀ ਬਹੁਤ ਗੰਭੀਰ ਮਸਲਿਆਂ ਤੇ ਲੜ੍ਹਾਈ ਲੜਨੀ ਪਈ। ਜਿਸ ਕਾਰਨ ਕੁਝ ਸਮੇਂ ਲਈ ਹੁੰਦਲ ਪਰੇਸ਼ਾਨ ਵੀ ਰਿਹਾ ਅਤੇ ‘ਮੁਖਬਰੀ ਕਰਦੇ ਦਿਨ’ ਕਵਿਤਾ ਦੀ ਪੁਸਤਕ ਇਸੇ ਸੰਘਰਸ਼ ਦਾ ਸਿੱਟਾ ਸੀ।

ਹਰਭਜਨ ਸਿੰਘ ਹੁੰਦਲ ਅਤੇ ਉਸ ਦੇ ਮਿੱਤਰਾਂ ਡਾ. ਰਘਵੀਰ ਸਿਰਜਣਾ ਅਤੇ ਸੁਰਿੰਦਰ ਗਿੱਲ ਦੀ ਸ਼ਬਦੀ ਜੰਗ ਵੀ ਖੱਬੇ ਪੱਖੀਆਂ ਵਿਚ ਆਈਆਂ ਤਰੇੜਾਂ ਦਾ ਨਤੀਜਾ ਜਾਪਦੀ ਹੈ। ਜਿਸ ਕਾਰਨ ਉਸ ਦੇ ਇੰਨ੍ਹਾਂ ਮਿੱਤਰਾਂ ਦੀਆਂ ਕਵਿਤਾਵਾਂ ਦਾ ਇਕ ਨੁਕਾਤੀ ਪ੍ਰੋਗਰਾਮ ਹੁੰਦਲ ਦੀ ਖਿਲਾਫਤ ਰਿਹਾ ਅਤੇ ਇਹ ਕਵਿਤਾਵਾਂ ‘ਸਿਰਜਣਾ’ ਸਮੇਤ ਕਈ ਪੱਤਰਕਾਵਾਂ ਵਿਚ ਪ੍ਰਕਾਸਿ਼ਤ ਹੁੰਦੀਆਂ ਰਹੀਆਂ। ਹੁੰਦਲ ਜੋ ਕਿ ਇਕ ਸੰਜੀਦਾ ਕਿਸਮ ਦਾ ਇਨਸਾਨ ਹੋਣ ਕਾਰਨ ਕੁਝ ਸਮੇਂ ਲਈ ਇਸ ਮਿੱਤਰ ਮੰਡਲੀ ਦੀ ਖਿਲਾਫ਼ਤ ਨੂੰ ਨਜ਼ਰਅੰਦਾਜ ਕਰਦਾ ਰਿਹਾ। ਆਖਰ ਕਿਸੇ ਚੀਜ਼ ਦੀ ਹੱਦ ਹੁੰਦੀ ਹੈ, ਇਸੇ ਕਾਰਨ ਹੁੰਦਲ ਨੇ ਉਨ੍ਹਾਂ ਦੀ ਤੰਗਦਿਲੀ ਦਾ ਜਵਾਬ ਵੀ ਕਵਿਤਾ ਦੇ ਰੂਪ ਵਿਚ ਹੀ ਦਿੱਤਾ ਜਿਸ ਦਾ ਨਾਂ ਰੱਖਿਆ ਗਿਆ ‘ਦੋਸਤੀਨਾਮਾ’।

ਇਸ ਕਾਵਿ ਰਚਨਾ ਬਾਰੇ ਹੁੰਦਲ ਖੁ਼ਦ ਲਿਖਦਾ ਹੈ, “ ਆਪਣੇ 45 ਸਾਲ ਪੁਰਾਣੇ ਦੋਸਤਾਂ ਵੱਲੋ ਕੀਤੇ ਜਾਂਦੇ ਹਸਦ ਭਰੇ ਹਮਲਿਆਂ ਦੇ ਦਰਦ ਨੂੰ ਡੂੰਘੀ ਤਰਾਂ ਅਨੁਭਵ ਕਰਦੀ ਤੇ ਇਸ ਦਾ ਪ੍ਰਗਟਾਵਾ ਕਰਦੀ ਇਹ ਲੰਮੇਰੀ ਕਾਵਿ ਰਚਨਾ ਮੇਰੀ ਉਸ ਡੂੰਘੀ ਪੀੜ੍ਹ ਦੀ ਸਾਹਿਤਿਕ ਦਸਤਾਵੇਜ ਹੈ ਜੋ ਕਿ ਮੈਂ ਕਈ ਸਾਲ ਆਪਣੇ ਅੰਦਰ ਦਬਾਈ ਫਿਰਦਾ ਰਿਹਾ ਸੀ, ਆਖਰ ਇਸ ਡੂੰਘੇ ਦਰਦ ਨੇ ਕਵਿਤਾ ਰਾਹੀ ਪ੍ਰਗਟ ਹੋਣ ਦਾ ਰਾਹ ਲੱਭ ਹੀ ਲਿਆ।” ਉਹ ਕੂੜ ਪ੍ਰਚਾਰ ਦੇ ਜਵਾਬ ਵਿਚ ਸ਼ੁਰੂ ਵਿਚ ਹੀ ਲਿਖਦਾ ਹੈ;

ਤੇਰੀ ਕਲਮ ਨੇ ਬੁਰਜ ਨਹੀਂ ਕੋਈ ਢਾਹੇ,
ਘੱਟਾ ਜ਼ਰਾ ਉਡਾਇਆ, ਤਾਂ ਕੀ ਹੋਇਆ,
ਫੋਕੇ ਫਾਇਰ ਵਿਗਾੜਦੇ ਦੱਸ ਕੀਹਦਾ,
ਪੰਛੀ ਸੁੱਤਾ ਜਗਾਇਆ ਤਾਂ ਕੀ ਹੋਇਆ।

ਕਹਿੰਦੇ ਹਨ ਦੋਸਤਾਂ ਦੇ ਤੀਰ ਦੁਸਮਣਾਂ ਤੋ ਵੀ ਡੂੰਘੇ ਉਤਰ ਜਾਂਦੇ ਹਨ ਫਿਰ ਉਸ ਦਾ ਜਵਾਬ ਵੀ ਤਿੱਖਾ ਦੇਣਾ ਪੈਦਾ ਹੈ ਸ਼ਾਇਦ ਇਸੇ ਕਾਰਨ ਦੋਸਤੀਨਾਮਾ ਵਿਚ ਹੁੰਦਲ ਦੀ ਸੁਰ ਵੀ ਕਾਫੀ ਤਿੱਖੀ ਹੈ। ਪਰ ਉਹ ਤਿੱਖੀ ਨਸ਼ਤਰ ਲਾਉਣ ਤੋਂ ਬਾਦ ਅਗਲੇ ਹੀ ਪਲ ਮਲ੍ਹਮ ਪੱਟੀ ਵੀ ਕਰਦਾ ਹੈ ਤਾਂ ਕਿ ਮਿੱਤਰਾਂ ਦੇ ਜਿਆਦਾ ਦਰਦ ਨਾ ਹੋਵੇ। ਆਖਰ ਮਿੱਤਰ ਤਾਂ ਮਿੱਤਰ ਹੀ ਹੁੰਦੇ ਹਨ ਭਾਵੇ ਦੁਸ਼ਮਣਾ ਵਰਗੇ ਹੀ ਕਿਉਂ ਨਾ ਹੋਣ। ਪਰ ਜਦਂੋ ਹੁੰਦਲ ਨੂੰ ਗੁੱਸਾ ਆਉਦਾ ਹੈ ਫਿਰ ਉਸ ਦੇ ਸ਼ਬਦ ਜਿਆਦਾ ਹੀ ਖਤਰਨਾਕ ਰੂਪ ਧਾਰਨ ਕਰ ਜਾਂਦੇ ਹਨ ਤੇ ਸਾਹਮਣੇ ਵਾਲੇ ਨੂੰ ਭੱਜਦਿਆ ਰਾਹ ਨਹੀਂ ਲੱਭਦਾ ਅਤੇ ਵਿਅੰਗ ਬੜਾ੍ਹ ਹੀ ਤੇਜ਼ਧਾਰ ਹੁੰਦਾ ਹੈ। ਜਿਵੇਂ ਕਿ ਉਹ ਲਿਖਦਾ ਹੈ;

ਕਿੰਨੇ ਸਾਲ ਹੋਏ ਤੈਨੂੰ ਕੁੜਦਿਆਂ ਨੂੰ,
ਮੇਰਾ ਦੱਸ ਤੂੰ ਕੀ ਵਿਗਾੜ ਦਿੱਤਾ।

ਦੋਸਤੀਨਾਮਾ ਭਾਵੇ ਕਿ ਦੋਸਤੀ ਬਾਰੇ ਅਤੇ ਦੋਸਤਾਂ ਨਾਲ ਨਰਾਜ਼ਗੀ ਵਾਲਾ ਕਾਵਿ ਹੈ ਪਰ ਹੁੰਦਲ ਤੈਸ਼ ਵਿਚ ਆਕੇ ਸਿਰਫ ਤੁੱਕਬੰਦੀ ਨਹੀਂ ਕਰਦਾ ਉਹ ਕਵਿਤਾ ਦੇ ਨਿਯਮਾਂ ਦਾ ਪੂਰਨ ਖਿਆਲ ਰੱਖਦਾ ਹੈ। ਉਸ ਨੇ ਇਸ ਕਾਵਿ ਰਚਨਾ ਵਿਚ ਬੜੇ ਹੀ ਕਮਾਲ ਦੇ ਬਿਂੰਬਾਂ ਦੀ ਵਰਤੋਂ ਕੀਤੀ ਹੈ।ਜਿਵੇਂ ਕਿ;

ਜੇ ਤੂੰ ਜ਼ਹਿਰ ਹੀ ਫੱਕਣਾ ਸਿੱਖਿਆ ਹੈ
ਅਸੀਂ ਸ਼ਹਿਦ ਨਹੀਂ ਘੋਲ ਪਿਆ ਸਕਦੇ।

ਦੋਸਤੀਨਾਮਾ ਜੋ ਕਿ ਬੈਂਤ ਛੰਦ ਵਿਚ ਲਿਖੀ ਲੰਮੀ ਰਚਨਾ ਹੈ। ਇਸ ਛੰਦ ਦੀ ਖਾਸੀਅਤ ਇਹ ਹੈ ਕਿ ਇਸ ਦੀਆਂ ਬਹੁਤ ਸਾਰੀਆਂ ਤੁਕਾਂ ਅਖਾਣ ਬਣ ਜਾਂਦੀਆਂ ਹਨ ਇਸ ਲਈ ਬੈਂਤ ਛੰਦ ਵਿਚ ਲਿਖੀ ਕਵਿਤਾ ਵਿਚ ਅਖਾਣਾਂ ਦੀ ਭਰਮਾਰ ਹੁੰਦੀ ਹੈ। ਇਸ ਸੰਗ੍ਰਹਿ ਵਿਚ ਵੀ ਬਹੁਤ ਸਾਰੇ ਅਖਾਣ ਪ੍ਰਯੋਗ ਕੀਤੇ ਗਏ ਹਨ।ਜਿਵੇ;

ਮੈਂ ਨਹੀਂ ਲਿਖੇ ਕਸੀਦੇ,ਨਾ ਗਾਏ ਸੁਹਲੇ,
ਮੈਨੂੰ ਝੱਲਿਆ ਕੀ ਸਮਝਾਏਗਾ ਤੂੰ,
ਚਾਰ ਘਰਾਂ ਨੂੰ ਡਾਇਣ ਵੀ ਛੱਡ ਲੈਂਦੀ,
ਦੇਰ ਤੱਕ ਹੁਣ ਰੋਏ ਕੁਰਲਾਏਗਾਂ ਤੰੂ।

ਹਰਭਜ਼ਨ ਸਿੰਘ ਹੁੰਦਲ ਜੋ ਕਿ ਇਕ ਪ੍ਰਗਤੀਵਾਦੀ ਕਵੀ ਹੈ। ਪ੍ਰਗਤੀਵਾਦੀ ਹਮੇਸ਼ਾ ਹੀ ਇਨਕਲਾਬ,ਸਮਾਜਵਾਦ ਅਤੇ ਕਰਾਂਤੀ ਦੀ ਗੱਲ ਕਰਦੇ ਹਨ। ਉਹ ਹਮੇਸਾ ਲੋਕਾਂ ਨੂੰ ਸੰਘਰਸ ਕਰਨ ਦੀ ਪ੍ਰੇਰਨਾ ਦਿੰਦੇ ਹਨ। ਹੁੰਦਲ ਖੁਦ ਮੁ਼਼ਲ਼ਾਜਮ ਲ਼ਹਿਰ ਨਾਲ ਜੁੜਿਆ ਰਿਹਾ ਹੈ। ਅੱਜ ਵੀ ਮਜ਼ਦੂਰਾਂ,ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਹੈ।ਇਸ ਲਈ ਉਹ ਆਪਣੇ ਕਾਵਿ ਸੰਗ੍ਰਹਿ ਦੋਸਤੀਨਾਮਾ ਵਿਚ ਵੀ ਸੰਘਰਸ਼ ਦੀ ਗੱਲ ਕਰਨੋ ਨਹੀਂ ਚੂਕਦਾ। ਜਿਵੇਂ ਕਿ;

ਯਾਰਾਂ ਬਿਨ੍ਹਾਂ ਸੰਗਰਾਮ ਨਾ ਜਿੱਤ ਹੁੰਦੇ,
ਫ਼ੌਜਾਂ ਜਿੱਤੀਆਂ ਵੀ ਅੰਤ ਹਾਰੀਆਂ ਜੀ।

ਹੁੰਦਲ ਇਸ ਕਾਵਿ ਵਿਚ ਸੱਚੇ ਮਿੱਤਰਾਂ ਦੀ ਮਹੱਤਤਾ ਨੂੰ ਬੜ੍ਹੇ ਹੀ ਚੰਗੇ ਢੰਗ ਨਾਲ ਪੇਸ਼ ਕਰਦਾ ਹੈ। ਮੌਸਮੀ ਮਿੱਤਰ ਕਦੇ ਵੀ ਅੱਧ ਵਿਚਕਾਰ ਡੋਬ ਸਕਦੇ ਹਨ। ਵਿਆਕਤੀ ਦੀਆਂ ਕਈ ਲੋੜਾਂ ਘਰ ਪਰਿਵਾਰ ਪੂਰੀਆਂ ਨਹੀਂ ਕਰ ਸਕਦਾ ਉਹ ਸਿਰਫ ਸੱਚੇ ਮਿੱਤਰ ਹੀ ਪੂਰੀਆਂ ਕਰ ਸਕਦੇ ਹਨ। ਇੱਥੇ ਹੁੰਦਲ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਜਿਸ ਰਿਸ਼ਤੇ ਦਾ ਮਹੱਤਵ ਪੇਸ਼ ਕਰਦਾ ਹੈ,ਇੰਨੇ ਚੰਗੇ ਢੰਗ ਨਾਲ ਪੇਸ਼ ਕਰਦਾ ਹੈ ਕਿ ਉਹ ਪਾਠਕ ਦੇ ਡੂੰਘੇ ਉਤਰ ਜਾਂਦਾ ਹੈ। ਜਿਵੇ ਕਿ ਉਹ ‘ਕਵਿਤਾ ਦੀ ਤਲਾਸ’ ਕਾਵਿ ਸੰਗ੍ਰਹਿ ਵਿਚ ਭਰਾਂਵਾਂ ਦੇ ਮਹੱਤਵ ਬਾਰੇ ਲਿਖਦਾ ਹੈ;

ਤੀਰਾਂ ਤੇ ਤਲਵਾਰਾਂ ਉਪਰ ਮਾਣ ਬੜਾ ਸੀ ਕਰਦਾ ,
ਐਪਰ ਪਰ ਜਦ ਮਰਿਆ ਮਿਰਜ਼ਾ,ਮਰਿਆ ਬਾਂਝ ਭਰਾਵਾਂ।

ਇਸੇ ਤਰਾਂ ਉਹ ਦੋਸਤੀਨਾਮਾ ਵਿਚ ਦੋਸਤੀ ਦਾ ਮਹੱਤਵ ਦੱਸਦਾ ਲਿਖਦਾ ਹੈ;

ਯਾਰਾਂ ਬਾਝ ਨਾ ਜਿ਼ੰਦਗੀ ਸੋਭਦੀ ਹੈ,
ਯਾਰਾਂ ਬਿਨ੍ਹਾਂ ਨਾ ਬਾਗ ਬਹਾਰ ਹੁੰਦੀ।
ਲੱਖ ਵਾਰ ਆਖੋ ਨਹੀਂ ਲੋੜ੍ਹ ਕੋਈ,
ਬੇੜੀ ਚੱਪੂਆਂ ਬਾਝ ਨਾ ਪਾਰ ਹੁੰਦੀ।

ਦੋਸਤੀਨਾਮਾ ਵਿਚ ਹੁੰਦਲ ਕਲਾ ਅਤੇ ਕਲਾਕਾਰ ਨੂੰ ਵੀ ਨਸੀਅਤ ਦਿੰਦਾ ਹੈ। ਉਸ ਅਨੁਸਾਰ ਕਲਾਕਾਰ ਨੂੰ ਅਸਮਾਨ ਵਿਚ ਉਡਾਰੀਆਂ ਲਾਉਣ ਦੀ ਬਜਾਏ ਜ਼ਮੀਨ ਨਾਲ ਜਿਆਦਾ ਜੁੜੁੇ ਰਹਿਣਾ ਚਾਹੀਦਾ ਹੈ। ਉਸ ਨੂੰ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਰਕਾਰੀ ਸਰਪ੍ਰਸਤੀ ਲਈ ਕੋਸਿ਼ਸਾਂ। ਉਸ ਅਨੁਸਾਰ ਹਰ ਕਲਾਕਾਰ ਦੀ ਆਪਣੀ ਸੈ਼ਲੀ ਆਪਣਾ ਢੰਗ ਹੁੰਦਾ ਹੈ ਉਸ ਨੂੰ ਬੰਧਨਾਂ ਵਿਚ ਨਹੀ ਬੰਨਿਆਂ ਜਾ ਸਕਦਾ। ਕਵਿਤਾ ਸਿਰਫ ਤੁੱਕਬੰਦੀ ਨਹੀ ਹੈ, ਕਵੀ ਬਣਨ ਲਈ ਕਾਫੀ ਮੰਜਿ਼ਲਾਂ ਤਹਿ ਕਰਨੀਆਂ ਪੈਂਦੀਆ ਹਨ। ਜਿਵੇ ਕਿ ਉਹ ਲਿਖਦਾ ਹੈ;

ਤੇਰੇ ਨਾਲ ਕਾਹਦਾ ਸਾਡਾ ਟਾਕਰਾ ਹੈ,
ਹਰ ਕਵੀ ਦਾ ਆਪਣਾ ਰੰਗ ਹੁੰਦਾ।
ਕਲਾ ਕਿਸੇ ਨੂੰ ਢੂੰਡਿਆਂ ਨਹੀਂ ਮਿਲਦੀ,
ਗੱੁਝੀ ਮਸ਼ਕਰੀ ਕਦੇ ਵਿਅੰਗ ਹੁੰਦਾ?
ਉਹੀ ਕਵੀ ਹੈ ਅੰਤ ਪ੍ਰਵਾਨ ਚੜ੍ਹਦਾ,
ਔਖੀ ਘੜ੍ਹੀ ਜੋ ਲੋਕਾਂ ਦੇ ਸੰਗ ਹੁੰਦਾ।

ਕਲਪਨਾ ਕਵਿਤਾ ਦਾ ਇਕ ਮਹੱਤਵਪੂਰਨ ਤੱਤ ਹੈ। ਇਸ ਤੋਂ ਬਿਨ੍ਹਾਂ ਕਵਿਤਾ ਨੂੰ ਅਧੂਰਾ ਮੰਨਿਆ ਜਾਂਦਾ ਹੈ। ਹੁੰਦਲ ਇਸ ਗੱਲੋ ਪਰਪੱਕ ਕਵੀ ਹੈ,ਉਸ ਦਾ ਵਿਸ਼ਾ ਭਾਵੇ ਕੋਈ ਵੀ ਹੋਵੇ ਉਹ ਕਵਿਤਾ ਦੇ ਤੱਤਾ ਤੋਂ ਬਾਹਰ ਜਾਣਾ ਪਸੰਦ ਨਹੀਂ ਕਰਦਾ। ਉਸ ਨੇ ਦੋਸਤੀਨਾਮਾ ਵਿਚ ਵੀ ਕਲਪਨਾ ਦੀ ਉਡਾਰੀ ਭਰੀ ਹੈ। ਜਿਵੇਂ ਕਿ ਹੇਠ ਲਿਖੀਆਂ ਸਤਰਾਂ ਹਨ;

ਮੈਨੂੰ ਪਤਾ ਹੈ ਅੰਤ ਤੂੰ ਬਹਿ ਰੋਣਾ,ਚੰਡੀਗੜ ਫਿਰ ਫੋਨ ਖਵਕਾਏਗਾ ਤੂੰ,
ਰੋਣਾ ਰੋਦਿਆਂ ਬਣੇਗਾ ਆਪ ਸੱਚਾ,ਲਿਖ ਲਿਖ ਚਿੱਠੀਆਂ ਲੰਮੀਆਂ ਪਾਏਗਾ ਤੂੰ,
ਨਜ਼ਮਾਂ ਲਿਖ ਕੇ ਪੱਤ੍ਰਿਕਾ ਵਿਚ ਨਵੀਆਂ,ਅੱਗ ਹਸਦ ਦੀ ਹੋਰ ਭੜਕਾਏਗਾ ਤੂੰ।

ਹੁੰਦਲ ਆਪਣੇ ਬਦਲ ਗਏ ਮਿੱਤਰਾਂ ਤੇ ਕਰੜਾ੍ਹ ਵਿਅੰਗ ਕਰਦਾ ਹੈ। ਉਸ ਅਨੁਸਾਰ ਪੈਸੇ ਦਾ ਸੁਆਦ ਚੱਖ ਕੇ ਉਨ੍ਹਾਂ ਦੇ ਸੁਆਦ ਵੀ ਬਦਲ ਚੁੱਕੇ ਹਨ। ਅੱਜ ਸਰਕਾਰਾਂ ਦਰਬਾਰਾਂ’ਚ ਉਨ੍ਹਾਂ ਦੀ ਬੜੀ ਪਹੁੰਚ ਹੈ। ਮਾਰਕਸਵਾਦ ਅਨੁਸਾਰ ਸਮਾਜ ਵਿਚ ਦੋ ਹੀ ਵਰਗ ਹਨ, ਲੁੱਟਣ ਵਾਲੇ ਤੇ ਲੁੱਟੇ ਜਾਣ ਵਾਲੇ। ਅੱਜ ਉਹ ਮਿੱਤਰ ਲੋਕ ਹਿਤੈਸ਼ੀ ਹੋਣ ਦੀ ਥਾਂ ਲੋਕ ਵਿਰੋਧੀ ਜੁੰਡਲੀ ਦੇ ਪਾਲ਼ੇ ਵਿਚ ਖੜ੍ਹੇ ਹਨ। ਉਹ ਇਨ੍ਹਾਂ ਮਿੱਤਰਾਂ ਤੇ ਵਿਅੰਗ ਕਰਦਾ ਲਿਖਦਾ ਹੈ;

ਨਾਲ ਅਫ਼ਸਰਾਂ ਯਾਰੀਆਂ ਗੰਢ ਲਈਆ,
ਸੋਫੇ਼ ਨਵੇ ਮੰਗਵਾਏ ਤੇ ਮਜ਼ਾ ਆਇਆ।
ਨਵੀਆਂ ਸੋਹਣੀਆਂ ਕੋਠੀਆਂ ਪਾ ਲਈਆਂ,
ਰੰਗ ਨਵੇਂ ਕਰਾਏ ਤੇ ਮਜ਼ਾ ਆਇਆ।

ਹੁੰਦਲ ਨੇ ਜਦੋਂ ਸਾਹਿਤਕ ਮੈਗਜ਼ੀਨ ‘ਚਿਰਾਗ’ ਸੁਰੂ ਕੀਤਾ ਤਾਂ ਅਗਾਹਵਧੂ ਲੋਕਾਂ ਨੇ ਅਤੇ ਸਾਹਿਤੱਕ ਹਲਕਿਆਂ ਨੇ ਇਸ ਦਾ ਭਰਪੂਰ ਸਵਾਗਤ ਕੀਤਾ। ਪਰ ਉਸ ਦੇ ਇਨਾਂ ਮਿੱਤਰਾਂ ਰਘਬੀਰ ਸਿਰਜਣਾ ਤੇ ਸੁਰਿੰਦਰ ਗਿੱਲ ਨੂੰ ਜਿਆਦਾ ਖੁਸ਼ੀ ਨਾ ਹੋਈ। ਸ਼ਇਦ ਇਹ ਹੁੰਦਲ ਦੀ ਵੱਧ ਰਹੀ ਲੋਕਪ੍ਰਿਯਤਾ ਤੋਂ ਅੰਦਰੋ ਅੰਦਰੀ ਖਾਰ ਖਾ ਰਹੇ ਸਨ। ਇਨ੍ਹਾਂ ਨੇ ‘ਸਿਰਜਣਾ’

ਰਾਹੀਂ ਹੁੰਦਲ ਵਿਰੋਧ ਦਾ ਮੋਰਚਾ ਖੋਲ੍ਹ ਦਿੱਤਾ। ਸਰਿੰਦਰ ਨੇ ਲਿਖਿਆ ਤੇ ਰਘੁਬੀਰ ਨੇ ਛਾਪਿਆ,ਇਹ ਪ੍ਰਚਾਰ ਸਾਹਿਤਿਕ ਹਲਕਿਆਂ ਵਿਚ ਹੁੰਦਲ ਨੂੰ ਬਦਨਾਮ ਕਰਨ ਦੀ ਚਾਲ ਸੀ ਜੋ ਕਿ ਸਫਲ ਨਾ ਹੋ ਸਕੀ ਪਰ ਹੁੰਦਲ ਦੇ ਕਵੀ ਮਨ ਨੂੰ ਠੇਸ ਜਰੂਰ ਪਹੁੰਚੀ। ਉਹ ਦੋਸਤੀਨਾਮਾ ਵਿਚ ਇਨ੍ਹਾਂ ਬਾਰੇ ਲਿਖਦਾ ਹੈ;

ਰੁੱਸੀ ‘ਸਿਰਜਣਾ’, ਜਦੋਂ ‘ਚਿਰਾਗ’ ਜਗਿਆ,
ਸਿੱਧੇ ਮੁੰਹ ਬੋਲੀ ਨਾ ਬਾਅਦ ਬੇਲੀ।

ਦੋਸਤੀਨਾਮਾ ਵਿਚ ਵਿਚ ਹੁੰਦਲ ਵਿਛੜ ਚੁੱਕੇ ਯਾਰਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ ਕਿਉਂ ਕਿ ਸੱਚੇ ਮਿੱਤਰਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਸੁਹੇਲ ਸਿੰਘ ਜੋ ਕਿ ਹੁੰਦਲ ਦੇ ਗੂੰੜੇ ਮਿੱਤਰ ਸਨ ਉਹ ਵਿਚਾਰਧਾਰਕ ਤੌਰ ਤੇ ਹੁੰਦਲ ਦਾ ਰਾਹ ਰਸਨਾਉਂਦੇ ਸਨ, ਉਹ ਜਿੰ਼ਦਗੀ ਦਾ ਪੈਡਾ ਅੱਧ ਵਿਚਕਾਰ ਛੱਡ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਸੁਹੇਲ ਸਿੰਘ ਹੋਰਾਂ ਦੀ ਮਾਰਕਸਵਾਦ ਤ ਕਮਾਲ ਦੀ ਪਕੜ ਸੀ, ਉਨ੍ਹਾਂ ਦੇ ਜਾਣ ਨਾਲ ਜਿੱਥੇ ਹੁੰਦਲ ਨੂੰ ਨਿੱਜੀ ਤੌਰ ਤੇ ਘਾਟਾ ਪਿਆ ਹੈ ਉਥੇ ਅਗਾਹਵਧੂ ਲੋਕਾਂ ਲਈ ਵੀ ਕਦੇ ਨਾ ਪੂਰਾ ਹੋਣ ਵਾਲਾ ਖਲਾਅ ਹੈ। ਹੁੰਦਲ ਦੋਸਤੀਨਾਮਾ ਵਿਚ ਸੁਹੇਲ ਬਾਰੇ ਲਿਖਦਾ ਹੈ;

ਸਾਡਾ ਯਾਰ ਸੁਹੇਲ ਵੀ ਤੁਰ ਗਿਆ ਏ,
ਆਉਂਦੀ ਨਿੱਤ ਉਹਦੀ ਮਿੱਠੀ ਯਾਦ ਬੇਲੀ।
‘ਨੇਤਾ ਜੀ’ ਨਾ ਦੱਸ ਕੇ ਗਏ ਸਾਨੂੰ,
ਕਿਹਦੇ ਕੋਲ ਕੋਈ ਕਰੇ ਫਰਿਆਦ ਬੇਲੀ।

ਅਤੇ

ਸਾਡਾ ਯਾਰ ਸੁਹੇਲ ਸੀ ਨਿਰਾ ਸੋਨਾ,
ਮਿੱਠਾ ਬੋਲਦਾ ਤੇ ਮਹਿਕ ਵੰਡਦਾ ਸੀ।

ਹਰਭਜਨ ਹੁੰਦਲ ਭਾਵੇ ਕਿ ਇਕ ਪਰਪੱਕ ਕਵੀ ਹੈ,ਪਰ ਕਈ ਥਾਂ ਉਸ ਅੰਦਰ ਅਹੰਮ ਵੀ ਬੋਲਦਾ ਹੈ। ਉਹ ਆਪਣੀ ਆਲੋਚਨਾ ਦਾ ਜਵਾਬ ਪਿਆਰ ਨਾਲ ਦੇਣ ਦੀ ਬਜਾਏ ਦੋ ਹੱਥ ਕਰਨ ਲਈ ਬਾਹਾਂ ਉਪਰ ਨੂੰ ਚਾੜਦਾ ਨਜ਼ਰ ਆਉਂਦਾ ਹੈ। ਉਹ ਨੱਕ ਤੇ ਮੱਖੀ ਨਹੀਂ ਬੈਠਣ ਦਿੰਦਾ। ਉਹ ਪੂਰਨ ਸਿੰਘ ਦੀਆਂ ਸਤਰਾਂ ਤੇ ਅਮਲ ਕਰਦਾ ਹੈ;

ਇਹ ਬੇਪ੍ਰਵਾਹ ਪੰਜਾਬ ਦੇ,
ਮੌਤ ਨੂੰ ਮਖੌਲਾਂ ਕਰਨ,
ਮਰਨ ਥੀ ਨਹੀਂ ਡਰਦੇ,
ਪਿਆਰ ਨਾਲ ਇਹ ਕਰਨ ਗ਼ੁਲਾਮੀਂ
ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋਂ ਜਾਣ ਡਾਂਗਾ ਮੋਢੇ ਤੇ ਉਲਾਰ ਕੇ।

ਹੁੰਦਲ ਦਾ ਅਹੰਮ ਦੋਸਤੀਨਾਮਾ ਵਿਚ ਹੇਠ ਲਿਖੀਆਂ ਸਤਰਾਂ ਤੋ ਝਲਕਦਾ ਹੈ;

ਬੜਾ ਮਾਣ ਤੈਨੂੰ ਆਪਣੀ ਕਲਮ ਉਤੇ,
ਪਰ ਵਾਲ ਨਾ ਵਿੰਗਾ ਮੇਰਾ ਕਰਨ ਜੋਗੀ,
ਇਹਨੇ ਵੇਖੀਆਂ ਨਾ ਜੇਲ੍ਹਾਂ ਹੱਥਕੜੀਆਂ,
ਕਿਥੋਂ ਜਬਰ ਦਾ ਡੰਗ ਹੈ ਜਰਨ ਜੋਗੀ।
ਫੁੱਲਾਂ ਨਾਲ ਪਿਆਰ ਦੀ ਖੇਡ ਖੇਡੇ,
ਪੈਰ ਕੱਚ ਤੇ ਨਹੀਂ ਇਹ ਧਰਨ ਜੋਗੀ।
ਐਵੇ ਸਿੰਗ ਫਸਾਏ ਤੇ ਲਏ ਪੰਗੇ,
ਇਹ ਨਾ ਲੜਦਿਆ ਲੜਦਿਆਂ ਮਰਨ ਜੋਗੀ।

ਕਈ ਥਾਂ ਹੁੰਦਲ ਆਪਣੇ ਮੂੰਹ ਮੀਆ ਮਿੱਠੂ ਵੀ ਬਣਦਾ ਹੈ,ਆਪਣੀ ਤਾਰੀਫ਼ ਦੂਜੇ ਤੋਂ ਸੁਣਨ ਦੀ ਬਜਾਏ ਖੁਦ ਹੀ ਕਰਨ ਲਗਦਾ ਹੈ। ਜਿਵੇਂ ਕਿ;

ਪੋਚੇ ਪਾਉਣ ਦਾ ਨਹੀਂ ਅਭਿਆਸ ਕੋਈ,
ਗੱਲਾਂ ਕੋਰੀਆਂ ਕਰਨੀਆ ਜਾਣਦੇ ਹਾਂ,
ਸਾਡਾ ਕਪਟ ਦੇ ਨਾਲ ਹੈ ਵੈਰ ਮੁੱਢੋਂ,
ਮੂੰਹ ਤੇ ਕਹਿਣੀਆਂ ਜਰਨੀਆਂ ਜਾਣਦੇ ਹਾਂ।

ਦੋਸਤੀਨਾਮਾ ਵਿਚ ਹੁੰਦਲ ਆਤਮਵਿਸ਼ਲੇਸ਼ਣ ਵੀ ਕਰਦਾ ਹੈ ਕਿ ਕਿਉਂ ਉਸ ਦੇ ਦੋਸਤ ਉਸ ਤੋਂ ਦੂਰ ਚਲੇ ਗਏ।ਉਹ ਮਿੱਤਰਾਂ ਦੇ ਦੂਰ ਜਾਣ ਦਾ ਗਮ ਅੱਜ ਵੀ ਸੀਨੇ ਵਿਚ ਸਮੋਏ ਹੋਏ ਹੈ। ਉਹ ਲਿਖਦਾ ਹੈ;

ਕੀ ਆਖੀਏ ਤੇ ਕਾਹਦਾ ਮਾਣ ਕਰੀਏ,
ਸਾਡੇ ਵਿਹੜੇ ਨਾ ਸੁਗੰਧਾਂ ਆਉਣ ਮੀਆਂ,
ਅਸੀਂ ਜਿ਼ੰਦਗੀ ਵਿਚ ਕਿਹੜੇ ਪਾਪ ਕੀਤੇ,
ਬਹਿਣ ਕੋਲ ਤੇ ਜ਼ਰਾ ਸਮਝਾਉਣ ਮੀਆਂ।

ਹੁੰਦਲ ਦਾ ਦੋਸਤੀਨਾਮਾ ਜੋ ਕਿ ਉਸ ਦੀ ਨਿੱਜੀ ਦੋਸਤਾ ਬਾਰੇ ਲੰਮੀ ਕਵਿਤਾ ਹੈ ਫਿਰ ਵੀ ਉਸ ਨੇ ਇਕ ਪ੍ਰਗਤੀਵਾਦੀ ਕਵੀ ਦੇ ਨਾਤੇ ਇਸ ਸੰਗ੍ਰਹਿ ਵਿਚ ਸਮਾਜਵਾਦ, ਇਨਕਲਾਬ ਅਤੇ ਫਿਰਕਾਪ੍ਰਸਤੀ ਨਾਲ ਸੰਬੰਧਿਤ ਵਿਸ਼ੇ ਛੋਹੇ ਹਨ। ਇਸ ਤੋਂ ਇਲਾਵਾ ਭਾਰਤ-ਪਾਕਿ ਦੋਸਤੀ ਦੀਆ ਚੱਲ ਰਹੀਆ ਕੋਸਿ਼ਸਾ ਦਾ ਭਰਪੂਰ ਸਵਾਗਤ ਕੀਤਾ ਹੈ। ਹਿੰਦੋਸਤਾਨ ਵਿਚ ਪਿਛਲੇ ਸਮੇਂ ਦੌਰਾਨ ਜਿਸ ਹਿਸਾਬ ਨਾਲ ਫਿਰਕਾਪ੍ਰਸਤੀ ਨੇ ਆਮ ਨਾਗਰਿਕਾਂ ਨੂੰ ਲੜ੍ਹਾ ਕੇ ਖੂਨ ਦੀ ਹੋਲ਼ੀ ਖੇਡੀ ਹੈ,ਉਸ ਦਾ ਜਿ਼ਕਰ ਵੀ ਹੁੰਦਲ ਕਰਦਾਾ ਹੈ। ਜਿਵੇਂ ਕਿ ਉਹ ਲਿਖਦਾ ਹੈ;

ਚੜ੍ਹੀਆਂ ਆਉਣ ਹਨੇਰੀਆਂ ਕਾਲੀਆ ਜੋ,
ਇਨ੍ਹਾਂ ਸਾਡੇ ਹੀ ਦੇਸ਼ ਉਜਾੜਨੇ ਨੇ।
ਪਾ ਕੇ ਵੰਡੀਆਂ ਧਰਮ ਤੇ ਜਾਤ ਦੀਆਂ,
ਪਿੰਡ-ਪਿੰਡ ਇਨ੍ਹਾਂ ਲੋਕੀਂ ਪਾੜਨੇ ਨੇ।
ਛੁਰੇ ਕੱਢ ਨਿਰਦੋਸ਼ ਨੇ ਕਤਲ ਕਰਨੇ,
ਘੁੱਗ ਵੱਸਦੇ ਹੋਏ ਘਰ ਸਾੜਨੇ ਨੇ।

ਹੁੰਦਲ ਭਾਰਤ-ਪਾਕਿ ਦੋਸਤੀ ਦਾ ਸਵਾਗਤ ਕਰਦਾ ਲਿਖਦਾ ਹੈ;

ਜਦੋਂ ਜਗੇ ਚਿਰਾਗ ਕੁਝ ਲੋਅ ਹੋਈ,
ਚਿਹਰੇ ਧੁੰਦਲੇ ਫਿਰ ਮਸਕਰਾਉਣ ਲੱਗੇ।
ਵਾਹਗੇ-ਪਾਰ ਤੋਂ ਮਿੱਤਰਾਂ ਯਾਦ ਕੀਤਾ,
ਸਾਨੂੰ ਖੱਤ ਮੁਹੱਬਤੀ ਆਉਣ ਲੱਗੇ।

ਦੋਸਤੀਨਾਮਾ ਵਿਚ ਉਹ ਮਾਂ ਬੋਲੀ ਪੰਜਾਬੀ ਦੀ ਵੀ ਗੱਲ ਕਰਦਾ ਹੈ ਕਿਉਂ ਕਿ ਸਾਡੀ ਮਿੱਠੀ ਮਾਂ ਬੋਲੀ ਭਾਈਚਾਰਾ,ਸਾਝੀਵਾਲਤਾ ਅਤੇ ਮਿਲ ਕੇ ਰਹਿਣ ਦਾ ਸੰਦੇਸ਼ ਦਿੰਦੀ ਹੈ। ਇਸ ਲਈ ਮਾਂ ਬੋਲੀ ਦੀ ਗੱਲ ਕੀਤੇ ਬਿਨ੍ਹਾਂ ਦੋਸਤੀ ਦੀ ਗੱਲ ਕਰਨਾ ਨਾ-ਮੁਮਕਿਨ ਹੈ ।ਇਹ ਕਾਵਿ ਸੰਗ੍ਰਹਿ ਦਾ ਮੁੱਖ ਛੰਦ ਬੈਂਤ ਹੈ ਉਹੀ ਬੈਂਤ ਜਿਸ ਵਿਚ ਵਾਰਿਸ ਸ਼ਾਹ ਨੇ ਹੀਰ ਦੀ ਰਚਨਾ ਕੀਤੀ ਹੈ। ਜਿਵੇਂ ਹੀਰ ਵਿਚ ਵਾਰਿਸ ਸ਼ਾਹ ਕਈ ਤੁਕਾਂ ਵਿਚ ਆਪਣੇ ਆਪ ਨੂੰ ਸੰਬੋਧਨ ਹੁੰਦਾ ਹੈ ‘ਵਾਰਿਸ ਸ਼ਾਹ ਮੀਆਂ’ ਠੀਕ ਉਸੇ ਤਰਾਂ ਹੁੰਦਲ ਵੀ ‘ਹਰਭਜਨ ਸਿੰਘਾਂ’ ਨਾਂ ਨਾਲ ਸੰਬੋਧਿਤ ਹੁੰਦਾ ਹੈ। ਉਹ ਦੋਸਤੀਨਾਮਾ ਨੂੰ ਵੀ ਕਿੱਸਾ ਦੋਸਤੀ ਕਹਿੰਦਾ ਹੈ,ਇਸ ਰਚਨਾ ਦੇ ਲਿਖਣ ਆਦਿ ਦਾ ਸਮਾਂ ਵੀ ਦੱਸਦਾ ਹੈ;

ਸਦੀ ਇੱਕੀਵੀ ਤੇ ਚੜ੍ਹਿਆ ਸਾਲ ਦੂਜਾ,
ਕਿੱਸਾ ਦੋਸਤ ਿਦਾ ਜਦੋਂ ਜੋੜਿਆ ਈ।

ਆਖਰ ਵਿਚ ਕਿਹਾ ਜਾ ਸਕਦਾ ਹੈ ਕਿ ਹੁੰਦਲ ਦਾ ਕਾਵਿ ਸੰਗ੍ਰਹਿ ਦੋਸਤੀਨਾਮਾ ਇਕ ਸਫ਼ਲ ਕਾਵਿ ਸੰਗ੍ਰਹਿ ਹੈ ਭਾਵੇ ਕਿ ਇਸ ਨੂੰ ਲਿਖਣ ਦਾ ਮਕਸਦ ਨਿੱਜੀ ਹੋ ਸਕਦਾ ਹੈ,ਜੋ ਕਿ ਅਖੌਤੀ ਮਿੱਤਰਾਂ ਦੇ ਕੂੜ ਪ੍ਰਚਾਰ ਦਾ ਜਵਾਬ ਦੇਣ ਲਈ ਲਿਖਿਆ ਗਿਆ ਹੋਵੇ। ਪਰ ਹੁੰਦਲ ਨੇ ਜਿਸ ਸਚੱਜੇ ਢੰਗ ਨਾਲ ਇਸ ਨੂੰ ਕਲਮਬੰਦ ਕੀਤਾ ਹੈ ,ਇਹ ਇਕ ਉੱਤਮ ਸਾਹਕਾਰ ਨਜ਼ਰ ਆਉਂਦਾ ਹੈ। ਦੋਸਤੀਨਾਮਾ ਨੂੰ ਲਿਖਣ ਵੇਲੇ ਹੁੰਦਲ ਨੇ ਕਵਿਤਾ ਲਿਖਣ ਦੇ ਉਦੇਸ਼ ਅਤੇ ਨਿਯਮਾਂ ਨੂੰ ਜ਼ਹਿਨ ਵਿਚ ਰੱਖਿਆ ਹੈ। ਇਸ ਵਿਚ ਪਾਠਕਾਂ ਨੂੰ ਸੰਦੇਸ਼ ਦੇਣਾ ਵੀ ਨਹੀਂ ਭੁੱਲਿਆ। ਕਈ ਥਾਂ ਉਹ ਭਾਵੁਕ ਵੀ ਹੁੰਦਾ ਹੈ ਜੋ ਕਿ ਵਿਸ਼ੇ ਦੇ ਅਨੁਕੂਲ ਹੈ।ਉਸ ਨੇ ਕਵਿਤਾ ਦੇ ਸਾਰੇ ਤੱਤਾ ਨੂੰ ਛੋਹਿਆ ਹੈ। ਆਪਣੀ ਪ੍ਰਗਤੀਵਾਦੀ ਧਾਰਾ ਦੇ ਸੁਭਾਅ ਅਨੁਸਾਰ ਸੰਘਰਸ਼ਾਂ ਦੀ ਗੱਲ ਵੀ ਦੋਸਤੀਨਾਮਾ ਵਿਚ ਕੀਤੀ ਹੈ। ਇਸ ਤਰਾਂ ਨਾਲ ਹੁੰਦਲ ਦਾ ਦੋਸਤੀਨਾਮਾ ਇੱਕ ਚੰਗੀ ਕਾਵਿ ਕ੍ਰਿਤ ਹੋ ਨਿਬੜੀ ਹੈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001-2007)
(ਦੂਜੀ ਵਾਰ 30 ਨਵੰਬਰ 2021)

***
526
***

About the author

ਬਲਜਿੰਦਰ ਪਾਲ

ਬਲਜਿੰਦਰ ਪਾਲ,
ਪਿੰਡ ਤੇ ਡਾਕਖਾਨਾ ਖੀਵਾ ਕਲਾਂ,
ਵਾਇਆ ਭੀਖੀ,
ਜ਼ਿਲਾ ਮਾਨਸਾ,
ਪੰਜਾਬ (ਇੰਡੀਆ)

ਬਲਜਿੰਦਰ ਪਾਲ

ਬਲਜਿੰਦਰ ਪਾਲ, ਪਿੰਡ ਤੇ ਡਾਕਖਾਨਾ ਖੀਵਾ ਕਲਾਂ, ਵਾਇਆ ਭੀਖੀ, ਜ਼ਿਲਾ ਮਾਨਸਾ, ਪੰਜਾਬ (ਇੰਡੀਆ)

View all posts by ਬਲਜਿੰਦਰ ਪਾਲ →