10 October 2024

ਲੋਕਾਂ ਲਈ ਨਹੀਂ ਲੋਕਾਂ ਬਾਰੇ ਲਿਖਣ ਵਾਲ਼ਾ ਸੁਰਜੀਤ ਪਾਤਰ —ਬਲਜਿੰਦਰ ਪਾਲ

ਲੋਕਾਂ ਲਈ ਨਹੀਂ ਲੋਕਾਂ ਬਾਰੇ ਲਿਖਣ ਵਾਲ਼ਾ ਸੁਰਜੀਤ ਪਾਤਰ

-ਲੇਖਕ-
ਬਲਜਿੰਦਰ ਪਾਲ

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਮੇਰੇ ਯਾਰ ਕਿੰਝ ਸਹਿਣਗੇ।
ਚੁੱਪ ਰਿਹਾ ਤਾਂ ਸਮਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇਸੁਰਜੀਤ ਪਾਤਰ ਦੀਆਂ ਇਹ ਲਾਇਨਾ ਦੁਬਿਧਾ ਵਿਚ ਫਸੇ ਮਨੁੱਖ ਨੂੰ ਬਾਹਰ ਆਉਣ ਦਾ ਸੁਨੇਹਾ ਹਨ। ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਸੰਘਰਸ਼ ਦਾ ਸੱਦਾ ਹਨ ਤਾਂ ਜੋ ਆਪਣੀ ਮਿਹਨਤ ਦਾ ਪੂਰਾ ਮੁੱਲ ਵਸੂਲਿਆ ਜਾ ਸਕੇ। ਇਕ ਨਵੇਂ ਸਮਾਜ ਦੀ ਸਿਰਜਣਾ ਕੀਤੀ ਜਾਵੇ ਜਿੱਥੇ ਸਭ ਬਰਾਬਰ ਹੋਣ, ਕਾਣੀ ਵੰਡ ਦੀ ਥਾਂ ਸਾਰੇ ਵੰਡ ਕੇ ਸਕਣ।ਸੁਰਜੀਤ ਪਾਤਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ ਹੈ ਪੰਜਾਬੀ ਪ੍ਰਗਤੀਵਾਦੀ ਕਾਵਿ ਧਾਰਾ ਵਿਚ ਉਸ ਦਾ ਇਕ ਵਿਸੇ਼ਸ਼ ਮੁਕਾਮ ਹੈ। ਉਸ ਨੇ ਪੰਜਾਬੀ ਕਾਵਿ ਰੂਪ ਕਵਿਤਾ ਅਤੇ ਗ਼ਜ਼ਲ ਲਿਖਕੇ ਪਾਠਕਾਂ ਦੇ ਮਨਾਂ ਤੇ ਡੂੰਘੀ ਛਾਪ ਛੱਡੀ ਹੈ। ਉਸ ਦੀਆਂ ਲਿਖਤਾਂ ਵਿਚ ਆਮ ਲੁਕਾਈ ਦਾ ਦਰਦ ਛੁਪਿਆ ਹੋਇਆ ਹੈ। ਪਾਤਰ ਨੇ ਝੂਠੀ ਸੋ਼ਹਰਤ ਲਈ ਹੋਸ਼ੀ ਸ਼ਾਇਰੀ ਨਹੀਂ ਕੀਤੀ ਸਗੋਂ ਪੰਜਾਬੀ ਸਭਿਆਚਾਰ ਤੇ ਸਾਹਿਤ ਨੂੰ ਧਿਆਨ ਵਿਚ ਰੱਖਦਿਆ ਨਿਰੋਈ ਤੇ ਨਿੱਗਰ ਰਚਨਾਂ ਕੀਤੀ ਹੈ। ਉਸ ਦੀ ਰਚਨਾਂ ਅੰਦਰ ਪੰਜਾਬੀ ਲੋਕਾਂ ਦੇ ਜ਼ਜਬਾਤ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹਨ ਇਹ ਕਵਿਤਾਵਾਂ, ਇਕ ਦਰਦ ਹਨ ਜਿਸ ਨੂੰ ਆਮ ਲੋਕ ਹੱਡੀ ਹੰਢਾ ਰਹੇ ਹਨ। ਮਿਹਨਤਕਸ਼ ਜਨਤਾ ਕੋਹਲੂ ਦੇ ਬੈਲ ਦੀ ਤਰ੍ਹਾਂ ਦਿਨ ਰਾਤ ਮਿਹਨਤ ਕਰਦੀ ਹੈ ਪਰ ਉਨ੍ਹਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਆ ਰਿਹਾ। ਇ੍ਹਨਾਂ ਮਜ਼ਬੂਰੀਆਂ ਕਾਰਨ ਇਹ ਨੌਜੁ਼ਆਨ ਦੇਸ਼ ਛੱਡ ਕੇ ਪ੍ਰਦੇਸ਼ਾਂ ਵਿਚ ਆਪਣੀਆਂ ਜਵਾਨੀਆਂ ਰੋਲ਼ ਰਹੇ ਹਨ। ਸੁਰਜੀਤ ਪਾਤਰ ਨੇ ਲੋਕਾਂ ਦੇ ਦੁੱਖਾਂ ਦਰਦਾ ਨੁੰ ਆਪਣੀ ਕਵਿਤਾ ਤੇ ਗਜ਼ਲ ਰਾਹੀ ਬੜੇ ਹੀ ਵਧੀਆ ਤਰੀਕੇ ਨਾਲ ਕਲਮਬੰਦ ਕੀਤਾ ਹੈ, ਜਿਸ ਵਿਚ ਉਸ ਦੇ ਨਿੱਜੀ ਤਜਰਬੇ ਵੀ ਸਾਮਿਲ ਹਨ।

ਸੁਰਜੀਤ ਪਾਤਰ ਦੇ ਚਾਰ ਕਾਵਿ ਸੰਗ੍ਰਹਿ, ‘ਹਵਾ ਵਿਚ ਲਿਖੇ ਹਰਫ਼’, ‘ਬਿਰਖ ਅਰਜ਼ ਕਰੇ’, ‘ਹਨੇਰੇ ਵਿਚ ਸੁਲਗਦੀ ਵਰਣਮਾਲਾ’, ਅਤੇ ‘ਲਫ਼ਜ਼ਾਂ ਦੀ ਦਰਗਾਹ’ ਪ੍ਰਕਾਸਿਤ ਹੋ ਚੁੱਕੇ ਹਨ। ਇਨ੍ਹਾਂ ਸੰਗਹਿਆਂ ਵਿਚ ਕਵਿਤਾ ਦੇ ਨਾਲ-ਨਾਲ ਗ਼ਜ਼ਲ ਰੂਪ ਵੀ ਸਾਮਿਲ ਹੈ। ਪੰਜਾਬੀ ਕਵਿਤਾ ਦੇ ਅੰਦਰ ਪਾਤਰ ਇਕ ਨਵੀਂ ਯੁੱਗ ਚੇਤਨਾ ਦਾ ਕਵੀ ਹੈ। ਉਸ ਦੀ ਕਵਿਤਾ ਤੇ ਗ਼ਜ਼ਲ ਸੰਗੀਤ ਭਰਪੂਰ ਹੈ। ਪ੍ਰਗਤੀਵਾਦੀ ਕਾਵਿ ਧਾਰਾ ਤੋਂ ਪ੍ਰਭਾਵਿਤ ਹੋਣ ਕਾਰਨ ਉਸ ਦੀ ਕਵਿਤਾ ਵਿਚ ਮਾਰਕਸਵਾਦੀ ਚੇਤਨਾ ਦੀ ਸੁਰ ਵਿਦਮਾਨ ਹੈ। ਜਿਸ ਨੂੰ ਉਸ ਦੇ ਪਹਿਲੇ ਹੀ ਕਾਵਿ ਸੰਗਹਿ ਤੋਂ ਸਮਝਿਆ ਜਾ ਸਕਦਾ ਹੈ। ਜਿਵੇ ਕਿ ਉਹ ਲਿਖਦਾ ਹੈ;

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ,
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ,
ਵਜਦਾ ਬਸੰਤ ਰਾਗ ਹੈ ਜੇ ਰੇਡੀਓ ਤੋਂ ਰੋਜ਼,
ਮਤਲਬ ਨਾ ਲੈ ਕਿ ਪੌਣ ਖਿਜ਼ਾ ਦੀ ਤੁਰੀ ਨਹੀਂ।

ਸੁਰਜੀਤ ਪਾਤਰ ਦਾ ਪ੍ਰਗਤੀਵਾਦੀ ਕਵੀ ਬਣਨਾ ਵੀ ਇਕ ਇਤਫ਼ਾਕ ਸੀ। ਉਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਧੀ ਨੇ ਪੂਰੇ ਦੇਸ਼ ਅੰਦਰ ਐਮਰਜ਼ੈਸੀ ਐਲਾਨ ਰੱਖੀ ਸੀ, ਲੋਕਾਂ ਦੇ ਹੱਕਾਂ ਤੇ ਸੰਘਰਸ਼ਾਂ ਨੂੰ ਜਬਰਦਸਤੀ ਦਬਾਇਆ ਜਾ ਰਿਹਾ ਸੀ। ਆਮ ਲੋਕਾਂ ਤੇ ਪੁਲਿਸ ਜਬਰ ਦਿਨੋ-ਦਿਨ ਵੱਧਦਾ ਜਾ ਰਿਹਾ ਸੀ। ਹਾਲਾਤ ਇੰਨੇ ਭੈ-ਭੀਤ ਕਰਨ ਵਾਲੇ ਸਨ ਕਿ ਲੋਕਤੰਤਰੀ ਦੇਸ਼ ਵਿਚ ਬੋਲਣ ਦੀ ਵੀ ਮਨਾਹੀ ਸੀ। ਇਸ ਬਾਰੇ ਪਾਤਰ ਲਿਖਦਾ ਹੈ;

ਮੈਂ ਤਾਂ ਬਸ ਇਨ੍ਹਾਂ ਕਿਹਾ ਸੀ ਨਾ ਜਲਾਓ ਫੁੱਲ,
ਅੱਗ ਮੈਨੂੰ ਫੜ ਕੇ ਲੈ ਗਈ ਕਹਿ ਕੇ ਚੋਰ ਚੋਰ।

ਪਾਤਰ ਨਕਸਲਬਾੜੀ ਲਹਿਰ ਤੋਂ ਵੀ ਪ੍ਰਭਾਵਿਤ ਰਿਹਾ ਇਸ ਦਾ ਪਤਾ ਉਸ ਦੀਆਂ ਕਈ ਰਚਨਾਵਾਂ ਤੋਂ ਲਾਇਆ ਜਾ ਸਕਦਾ ਹੈ,ਪਰ ਉਸ ਦੀ ਕਵਿਤਾ ਅੰਦਰ ਮਾਅਰਕੇਵਾਜੀ ਨਹੀਂ ਹੈ। ਪਾਤਰ ਨੇ ਜਿੰਨ੍ਹਾਂ ਦਿਨਾਂ ਵਿਚ ਲਿਖਣਾ ਸੁਰੂ ਕੀਤਾ ਉਸ ਸਮੇਂ ਲਕਸਲਬਾੜੀ ਲਹਿਰ ਆਪਣੇ ਪੂਰੇ ਜੋਬਣ ਤੇ ਸੀ। ਕਾਲਜਾਂ ਵਿਚ ਪੜ੍ਹਦੇ ਮੁੰਡੇ ਕੁੜੀਆਂ ਇਸ ਲਹਿਰ ਤੋਂ ਬਹੁਤ ਜਿਆਦਾ ਪ੍ਰਭਾਵਿਤ ਸਨ ਜਿਸ ਕਾਰਨ ਸੁਰਜੀਤ ਪਾਤਰ ਨੂੰ ਵੀ ਮਾਰਕਸਵਾਦੀ ਵਿਚਾਰਧਾਰਾ ਦੀ ਚੇਟਕ ਲੱਗ ਗਈ। ਉਸ ਦੇ ਨਕਸਲਬਾੜੀ ਤੋਂ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਉਸ ਦੀਆਂ ਹੇਠ ਲਿਖੀਆ ਸ਼ਤਰਾਂ ਤੋਂ ਲਾਇਆ ਜਾ ਸਕਦਾ ਹੈ;

ਮੇਰਾ ਜੀਅ ਕਰਦਾ ਹੈ,
ਜੰਗਲ ਵਿਚ ਛੁਪੇ ਗੁਰੀਲੇ ਨੂੰ ਕਹਾਂ,
ਅਹਿ ਲੈ ਮੇਰੀਆ ਕਵਿਤਾਵਾਂ ,
ਬਾਲ ਕੇ ਅੱਗ ਸੇਕ ਲੈ
ਉਸ ਵਕਤ ਉਸ ਦੀ ਬੰਦੂਕ ਦੀ ਨਾਲੀ ‘ਚੋਂ
ਨਿਕਲਦੀ ਆਵਾਜ਼ ਨੂੰ
ਖੂ਼ਬਸੂਰਤ ਸ਼ਿਅਰ ਵਾਂਗ ਮੁੜ-ਮੁੜ ਸੁਣਨ ਨੂੰ ਜੀਅ ਕਰਦਾ ਹੈ।

ਉਸ ਦੇ ਪ੍ਰਗਤੀਵਾਦੀ ਧਾਰਾ ਨਾਲ ਜੁੜਨ ਦਾ ਤੀਸਰਾ ਕਾਰਨ ਇਹ ਵੀ ਸੀ ਕਿ ਉਨ੍ਹਾਂ ਦਿਨ੍ਹਾ ਵਿਚ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਦਾ ਲੋਕ ਘੋਲਾਂ ਅੰਦਰ ਪੂਰਾ ਦਬਦਬਾ ਸੀ। ਬੱਸ ਕਿਰਾਇਆ ਘੋਲ,ਮੋਗਾ ਗੋਲੀ ਕਾਂਡ, ਵਿਦਿਆਰਥੀ ਬੱਸ ਪਾਸਾ ਲਈ ਸੰਘਰਸ਼ ਆਦਿ ਦਾ ਪ੍ਰਭਾਵ ਪਾਤਰ ਵਰਗੇ ਸੰਜੀਦਾ ਇਨਸਾਨ ਤੇ ਪੈਣਾ ਸੁਭਾਵਿਕ ਸੀ। ਇੰਨ੍ਹਾ ਘੋਲਾਂ ਅੰਦਰ ਪੰਜਾਬੀ ਲੋਕਾ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਇਸੇ ਪ੍ਰਭਾਵ ਅਧੀਨ ਸੁਰਜੀਤ ਪਾਤਰ ਨੇ ਬਹੁਤ ਸਾਰੀ ਪ੍ਰਗਤੀਵਾਦੀ ਕਵਿਤਾ ਦੀ ਰਚਨਾ ਕੀਤੀ।

ਸੁਰਜੀਤ ਪਾਤਰ ਨੂੰ ਉਸ ਦੀਆਂ ਰਚਨਾਵਾਂ ਲਈ ਬਹੁਤ ਸਾਰੇ ਇਨਾਮ ਤੇ ਸਨਮਾਨ ਮਿਲ ਚੁੱਕੇ ਹਨ ,ਜਿੰਨ੍ਹਾਂ ਦੀ ਗਿਣਤੀ ਕਰਨਾ ਬੜਾ ਹੀ ਮੁਸ਼ਕਿਲ ਹੈ। ਮੁੱਖ ਸਨਮਾਨਾਂ ਵਿਚ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ(1978),ਭਾਸ਼ਾਂ ਵਿਭਾਗ ਵੱਲੋਂ ਗੁਰਮੁੱਖ ਸਿੰਘ ਮੁਸ਼ਾਫਿਰ ਪੁਰਸਕਾਰ(1979),ਪੰਜਾਬੀ ਸਾਹਿਤ ਅਕਾਦਮੀ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ(1985),ਸ.ਸ.ਮੀਸਾ ਪੁਰਸਕਾਰ(1993),ਸ਼ਿਵ ਕੁਮਾਰ ਬਟਾਲਵੀ ਪੁਰਸਕਾਰ(ਵਿਜ਼ਨ ਆਫ ਇੰਡੀਆ ਟਰਾਂਟੋ ਵੱਲੋ,1991),ਪਾਸ਼ ਯਾਦਗਾਰੀ ਪੁਰਸਕਾਰ (1991),ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਦੋ ਸਤਾਬਦੀ ਕਵੀ ਪੁਰਸਕਾਰ(1995),ਸਾਹਿਤ ਅਕਾਦਮੀ(1993),ਭਾਸ਼ਾ ਪ੍ਰੀਸ਼ਦ ਵੱਲੋ ਪੰਜਨਦ ਪੁਰਸਕਾਰ(1999),ਅਮਨਦੀਪ ਯਾਦਗਾਰੀ ਇਨਾਮ(2000) ਅਤੇ ਹੋਰ ਬਹੁਤ ਸਾਰੇ ਇਨਾਮ ਪਾਤਰ ਦੀਆ ਰਚਨਾਵਾਂ ਨੂੰ ਮਿਲ ਚੁੱਕੇ ਹਨ।

ਸੁਰਜੀਤ ਪਾਤਰ ਦੀ ਕਵਿਤਾ ਬਾਰੇ ਡਾ. ਸਾਧੂ ਸਿੰਘ ਲਿਖਦੇ ਹਨ ਕਿ, “ਸੁਰਜੀਤ ਪਾਤਰ ਨੇ ਸਮਕਾਲੀ ਸਮੱਸਿਆਵਾਂ ਬਾਰੇ ਵੀ ਰਚਨਾਵਾਂ ਲਿਖੀਆਂ ਹਨ ਅਤੇ ਸਰਬਕਾਲੀ ਮਸਲਿਆਂ ਬਾਰੇ ਵੀ। ਮਸਲੇ ਦੀ ਵਸਤੂਗਤ ਤੇ ਕਾਲਗਤ ਨੌਈਅਤ ਕੋਈ ਵੀ ਹੋਵੇ, ਪਾਤਰ ਉਸ ਦੇ ਸਮੁੱਚੇ ਪਹਿਲੂਆਂ,ਪਰਤਾਂ ਤੇ ਪਸਾਰਾਂ ਦੇ ਜਟਿਲ ਅੰਤਰ ਵਿਰੋਧਾਂ ਨੂੰ ਬਿਜਲਈ ਗਤੀ ਨਾਲ ਘੁੰਮਕੇ ਆਪਣੀ ਚੇਤਨਾ ਦੇ ਚੱਕ ਨਾਲ ਸਤੁੰਲਨ ਪ੍ਰਦਾਨ ਕਰਦਾ ਹੈ।”

ਸੁਰਜੀਤ ਪਾਤਰ ਦੇ ਵਿਸ਼ਿਆਂ ਵਿਚ ਵੰਨ ਸਵੰਨਤਾ ਪਾਈ ਜਾਦੀ ਹੈ। ਉਸ ਨੇ ਪ੍ਰਗਤੀਵਾਦੀ ਵਿਚਾਰਧਾਰਾ ਅਨੁਸਾਰ ਔਰਤਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਮਸਲੇ, ਬੇਕਾਰੀ ਦੀ ਸਮੱਸਿਆ, ਵਿਦੇਸ਼ ਵਿਚ ਰੁਲਦੇ ਲੋਕਾਂ ਦੇ ਦਰਦ, ਧਾਰਮਿਕ ਕੱਟੜਵਾਦ,ਫੋਕੇ ਕਰਮ-ਕਾਂਡ,ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਆਦਿ ਨੂੰ ਵਿਸ਼ਾ ਬਣਾਇਆ ਹੈ। ਸੁਰੂ-ਸੁਰੂ ਵਿਚ ਉਸ ਨੇ ਵੀ ਪਿਆਰ ਭਰੀ ਕਵਿਤਾ ਤੇ ਹੱਥ ਅਜਮਾਈ ਕੀਤੀ, ਅਜਿਹਾ ਮੰਨਿਆ ਜਾਂਦਾ ਹੈ। ਉਸ ਨੇ ਧਾਰਮਿਕ,ਰਾਜਨੀਤਿਕ,ਆਰਥਿਕ ਅਤੇ ਸੱਭਿਆਚਾਰਕ ਮਸਲਿਆਂ ਨੂੰ ਪੂਰੀ ਬਾਰੀਕੀ ਨਾਲ ਪਰਖ ਕੇ ਆਪਣੀ ਕਵਿਤਾ ਵਿਚ ਕਲਮਬੰਦ ਕੀਤਾ ਹੈ।

ਪਾਤਰ ਨੇ ਆਪਣੇ ਕਾਵਿ ਸੰਸਾਰ ਦੀ ਸੁਰੂਆਤ ਪਿਆਰ ਵਰਗੇ ਭਾਵੁਕ ਵਿਸ਼ ਤੋਂ ਕੀਤੀ,ਭਾਵੇ ਕਿ ਉਸ ਦੀ ਪੂਰੀ ਰਚਨਾ ਅੰਦਰ ਹੀ ਭਾਵੁਕਤਾ ਦਾ ਅੰਸ਼ ਸਭ ਤੋਂ ਜ਼ਿਆਦਾ ਮਿਲਦਾ ਹੈ ਪਰ ਸੁਰੂ ਵਿਚ ਪ੍ਰੇਮਿਕਾ ਦਾ ਪਿਆਰ, ਮਾਂ ਦਾ ਪਿਆਰ ਆਦਿ ਉਸ ਦੀ ਕਵਿਤਾ ਵਿਚ ਮਿਲਦੇ ਹਨ। ਬਾਦ ਵਿਚ ਉਸ ਦੀ ਰਚਨਾ ਵਿਚ ਪੂਰੀ ਲੋਕਾਈ ਦਾ ਪਿਆਰ ਤੇ ਦਰਦ ਛੁਪਿਆ ਹੋਇਆ ਹੈ। ਜਿਵੇਂ ਕਿ ਉਸ ਦੀਆਂ ਹੇਠ ਼ਿਲਖੀਆ ਸਤਰਾਂ ਪਿਆਰ ਬਾਰੇ ਸੰਕੇਤ ਕਰਦੀਆ ਹਨ;

ਤੇਰੇ ਨਾਲ ਬੀਤੇ ਦਿਨ ਹੋ ਗਏ ਗੈਰ,
ਪੈ ਗਏ ਵੈਰ ਮੈਨੂੰ ਜੀਣ ਵੀ ਨਾ ਦਿੰਦੇ।
ਚੂੰਡਦੇ ਨੇ ਐਵੇਂ ਮੇਰੇ ਕਾਲਜੇ ਦਾ ਮਾਸ,
ਪਿੱਛੇ ਭੇਜ ਨਾ ਤੂੰ ਯਾਦਾਂ ਦੇ ਪਰਿੰਦੇ।

ਇਸੇ ਤਰ੍ਹਾਂ ਮਾਂ ਦੇ ਪਿਆਰ ਬਾਰੇ ਉਸ ਦੀਆਂ ਸਤਰਾਂ ਵਿਚ ਮਿਲਦਾ ਹੈ;

ਖੱਤ ਆਵੇਗਾ ਰਾਤ ਬਰਾਤੇ ਖੱਤ ਆਵੇਗਾ ਅੰਮੀ ਦਾ,
ਪੁੱਤਰਾਂ ਇਹ ਨਹੀਂ ਭੁੱਲ ਜਾਈਦਾ ਜਿਹੜੀ ਕੁੱਖੋ ਜੰਮੀ ਦਾ।

ਪਾਤਰ ਸਿਰਫ਼ ਮਨੁੱਖੀ ਪਿਆਰ ਤੱਕ ਹੀ ਸੀਮਿਤ ਨਹੀਂ ਹੈ,ਉਹ ਕੁਦਰਤ ਨੂੰ ਵੀ ਅਥਾਹ ਪ੍ਰੇਮ ਕਰਦਾ ਹੈ। ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਚ ਰੁੱਖਾਂ ਦਾ ਜਿਕਰ ਥਾਂ-ਥਾਂ ਮਿਲਦਾ ਹੈ ਇਥੋ ਤੱਕ ਕਿ ਉਸ ਦੇ ਇਕ ਕਾਵਿ ਸੰਗਹਿ ਦਾ ਨਾਂ ਹੀ ‘ਬਿਰਖ ਅਰਜ਼ ਕਰੇ’ ਹੈ। ਉਹ ਰੁੱਖਾਂ ਨੂੰ ਇਨਸਾਨ ਦੇ ਸੰਗੀ ਸਾਥੀ ਮੰਨਦਾ ਹੈ। ਰੁੱਖਾਂ ਦੀ ਦਰਿਆਦਿਲੀ ਤੇ ਨਿਮਰਤਾ ਤੋਂ ਉਹ ਬਹੁਤ ਜਿਆਦਾ ਪ੍ਰਭਾਵਿਤ ਹੈ ਕਿ ਕਿਵੇਂ ਰੁੱਖ ਬਿਨ੍ਹਾਂ ਕਿਸੇ ਫਾਇਦੇ ਦੀ ਆਸ ਦੇ ਲੋਕਾਂ ਲਈ ਛਾਂ ਕਰਦੇ ਹਨ। ਉਹ ਬੁੱਤ ਪੂਜਾ ਤੇ ਵਿਅੰਗ ਕਰਦਿਆ ਰੁੱਖਾਂ ਦੀ ਸੰਭਾਲ ਤੇ ਜ਼ੋਰ ਦਿੰਦਾ ਹੈ:

ਐਵੇਂ ਨਾ ਬੁੱਤਾਂ ਤੇ ਡੋਲ੍ਹੀ ਜਾ ਪਾਣੀ,
ਜਾ ਕਿਤੇ ਬਿਰਖਾਂ’ ਤੇ ਬਰਸਾ ਪਾਣੀ।
ਰੁੱਖਾਂ ਦੀ ਮਹੱਤਤਾ ਬਾਰੇ ਹੀ ਉਹ ਲਿਖਦਾ ਹੈ;

(1) ਕੋਈ ਡਾਲ੍ਹੀਆਂ’ਚੋ ਲੰਘਿਆ ਹਵਾ ਬਣਕੇ,
ਅਸੀਂ ਰਹਿ ਗਏ ਬਿਰਖ ਵਾਲੀ ਹਾਂ ਬਣਕੇ।

(2) ਰੁੱਖ ਬੋਲ ਨਾ ਸਕਦੇ ਭਾਵੇ,
ਬੰਦਿਆਂ ਦਾ ਦੁੱਖ ਜਾਣਦੇ,

(3) ਬਿਰਖਾਂ ਦਾ ਗੀਤ ਸੁਣਕੇ,
ਮੇਰੀ ਰੁਹ ਵਿਚ ਚਾਨਣ ਹੋਇਆ।

ਸੁਰਜੀਤ ਪਾਤਰ ਪੰਜਾਬੀ ਤੇ ਪੰਜਾਬੀਅਤ ਦਾ ਤਹਿ ਦਿਲੋਂ ਹਿਤੈਸ਼ੀ ਹੈ। ਉਹ ਪੰਜਾਬੀਆਂ ਦਾ ਸੱਚਾ ਸਾਥੀ ਹੋਣ ਕਾਰਨ ਉਨ੍ਹਾਂ ਦੇ ਦੁੱਖਾਂ ਸੁੱਖਾਂ ਵਿਚ ਸ਼ਰੀਕ ਹੈ। ਭਾਵੇਂ ਅਪਰੇਸ਼ਨ ਬਲਿਊ ਸਟਾਰ ਹੋਵੇਨਵੰਬਰ’84 ਦੇ ਸਿੱਖ ਵਿਰੋਧੀ ਦੰਗੇ ਹੋਣ ,ਇਸ ਤੋਂ ਬਾਦ ਅੱਤਵਾਦੀ ਵੱਖਵਾਦੀ ਤਾਕਤਾਂ ਵੱਲੋ ਧਰਮ ਦੀ ਆੜ ਹੇਠ ਪੰਜਾਬ ਵਿਚ ਖੇਡਿਆ ਗਿਆ ਖ਼ੂਨੀ ਤਾਂਡਵ ਹੋਵੇ ਜਿੰਨ੍ਹਾਂ ਵਿਚ ਪੰਜਾਬੀਆਂ ਦਾ ਖੂਨ ਡੁੱਲ੍ਹਿਆ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਉਹ ਡਾਢਾ ਦੁੱਖੀ ਹੁੰਦਾ ਹੈ। ਅੁਹ ਆਪਣੇ ਅੰਦਾਜ਼ ਵਿਚ ਲਿਖਦਾ ਹੈ,

ਲੱਗੀ ਨਜ਼ਰ ਪੰਜਾਬ ਨੂੰ ,ਇਹਦੀ ਨਜ਼ਰ ਉਤਾਰੋ,
ਲੈ ਕਿ ਮਿਰਚਾਂ ਕੌੜੀਆਂ,ਇਹਦੇ ਸਿਰ ਤੋਂ ਵਾਰੋ।

ਇਸ ਦੇ ਨਾਲ ਹੀ ਉਹ ਆਮ ਲੋਕਾਂ ਨੂੰ ਧਰਮ ਦੇ ਠੇਕੇਦਾਰਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੰਦਾ ਹੈ ਜੋ ਧਰਮ ਦੇ ਨਾ ਤੇ ਲੋਕਾਂ ਨੂੰ ਲੜਾ ਕੇ ਆਪਣੇ ਨਿੱਜੀ ਮੁਫਾਦ ਹੱਲ ਕਰ ਰਹੇ ਹਨ। ਪਾਤਰ ਨੂੰ ਇਸ ਗੱਲ ਦਾ ਭਲੀ ਭਾਂਤ ਗਿਆਨ ਹੈ ਕਿ ਮਨੁੱਖਤਾ ਦਾ ਸਭ ਤੋਂ ਜਿਆਦਾ ਘਾਣ ਫ਼ਿਰਕਾਪ੍ਰਸਤਾਂ ਤੇ ਧਰਮ ਦੇ ਠੇਕੇਦਾਰਾਂ ਨੇ ਕੀਤਾ ਹੈ। ਉਸ ਦੀਆਂ ਹੇਠ ਲਿਖੀਆਂ ਸਤਰਾਂ ਅੱਜ ਦੇ ਸੰਦਰਭ ਵਿਚ ਵੀ ਪੂਰੀ ਤਰ੍ਹਾਂ ਨਾਲ ਅਨੁਕੂਲ ਬੈਠਦੀਆਂ ਹਨ:

ਮੇਰੇ ਹੱਤਿਆਰੇ ਨੇ ਗਂੰਗਾਂ ਵਿਚ ਲਹੂ ਧੋਤਾ,
ਗੰਗਾ ਦੇ ਪਾਣੀਆਂ ਵਿਚ ਕੁਹਰਾਮ ਨਹੀਂ ਹੈ,
ਮਸਜਿਦ ਦੇ ਆਖਣ ਤੇ ਕਾਜ਼ੀ ਦੇ ਫਤਵੇ ’ਤੇ,
ਅੱਲ੍ਹਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ।

ਸੁਰਜੀਤ ਪਾਤਰ ਫ਼ਿਰਕਾਪ੍ਰਸਤੀ ਤੇ ਕਾਫੀ ਤਿੱਖਾ ਵਿਅੰਗ ਕਰਦਾ ਹੈ। 1947 ਦੀ ਭਾਰਤ-ਪਾਕਿ ਵੰਡ ਦਾ ਮੁੱਖ ਕਾਰਨ ਵੀ ਇਸ ਧਾਰਮਿਕ ਕੱਟੜਤਾ ਤੇ ਫ਼ਿਰਕਾਪ੍ਰਸਤੀ ਨੂੰ ਮੰਨਦਾ ਹੈ ਜਿਸ ਕਾਰਨ ਲੱਖਾਂ ਪੰਜਾਬੀਆਂ ਨੂੰ ਆਪਣੀ ਜਾਨ ਗੁਆਉਣੀ ਪਈ, ਔਰਤਾਂ ਦੀਆਂ ਇੱਜ਼ਤਾਂ ਨਾਲ ਖੇਡਿਆ ਗਿਆ, ਪੰਜਾਬ ਦੋ ਟੁਕੜਿਆਂ ਵਿਚ ਵੰਡਿਆ ਗਿਆ। ਪਾਤਰ ਨਹੀਂ ਚਾਹੁੰਦਾ ਕਿ ਸਾਨੂੰ ਦੁਬਾਰਾ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਉਸ ਵੰਡ ਦੇ ਜਖ਼ਮ ਅੱਜ ਵੀ ਹਰੇ ਹਨ ਜਿਸ ਨੂੰ ਵੋਟਾਂ ਦੀ ਰਾਜਨੀਤੀ ਲਈ ਫ਼ਿਰਕਾਪ੍ਰਸਤਾਂ ਨੇ ਵਾਰ-ਵਾਰ ਕੁਰੇਦਿਆ ਹੈ। ਉਹ ਇਸ ਬਾਰੇ ਲਿਖਦਾ ਹੈ;

ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ,
ਹੁਣ ਸ਼ਿਵ ਕੁਮਾਰ ਦੀ ਵਾਰੀ ਏ।
ਉਹ ਜ਼ਖ਼ਮ ਪੁਰਾਣੇ ਭੁੱਲ ਵੀ ਗਏ?
ਨਵਿਆਂ ਦੀ ਜੋ ਫੇਰ ਤਿਆਰੀ ਏ।

ਉਹ ਰਾਜਨੀਤਿਕ ਲੋਕਾਂ ਵੱਲੋ ਅੱਤਵਾਦ ਵੱਖਵਾਦ ਦੌਰਾਨ ਸੇਕੀਆਂ ਰੋਟੀਆਂ ਤੇ ਵੀ ਵਿਅੰਗ ਕਰਦਾ ਹੋਇਆ ਲਿਖਦਾ ਹੈ,

ਡੂੰਘੇ ਵੈਣਾਂ ਦਾ ਕੀ ਮਿਣਨਾ
ਤਖ਼ਤ ਦੇ ਪਾਵੇ ਮਿਣੀਏ।
ਜਦ ਤੱਕ ਉਹ ਲਾਂਸ਼ਾਂ ਗਿਣਦੇ ਨੇ
ਆਪਾ ਵੋਟਾਂ ਗਿਣੀਏ।

ਪਾਤਰ ਅੱਤਵਾਦ ਤੇ ਵੱਖਵਾਦ ਫੈਲਾਉਣ ਵਾਲਿਂਆਂ ਤੇ ਵੀ ਕਟਾਕਸ਼ ਕਰਦਾ ਹੈ ਕਿ ਕਿਵੇਂ ਉਹ ਪੰਜਾਬ ਮਸਲੇ ਨੂੰ ਸੁਲਝਾਉਂਣ ਦੀ ਥਾਂ ਲਗਾਤਾਰ ਉਲਝਾਂਉਂਦੇ ਰਹੇ;

ਤੇਰੀ ਚੁੱਪ ਨੇ ਜੰਗਲਾਂ ਨੂੰ ਉਹ ਤਲਖ਼ ਹਵਾ ਦਿੱਤੀ,
ਜੰਗਲ ਵਿਚ ਕੰਡਿਆਂ ਦੀ ਇਕ ਝਿੜੀ ਉਗਾ ਦਿੱਤੀ
ਕੰਡੇ ਕੰਡਿਆਂ ਵਿਚ ਕੱੁਲ ਜੰਗਲ ਦੀ ਗੱਲ ਉਲਝਾ ਦਿੱਤੀ
ਜੋ ਤੂੰ ਖੁਦ ਉਲਝਾਉਣੀ ਚਾਹਵੇਂ ਕਿੰਜ ਸੁਲਝਾਵਾਂ ਮੈਂ।

1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਪੰਜਾਬ ਅੰਦਰ ਹਿੰਦੂਆਂ ਦੇ ਕਤਲੇਆਮ ਤੇ ਚਿੰਤਾ ਪ੍ਰਗਟ ਕਰਦਾ ਪਾਤਰ ਲਿਖਦਾ ਹੈ ;

ਹਿੰਦੂਆਂ,ਸਿੱਖਾਂ ਦਾ ਕਤਲ,
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ,
ਪਰ ਬੇਦੋਸ਼ਾ ਖੂਨ ਤਾਂ ਪੱਗਾਂ ਸਿਰ ਲੱਗਾ,
ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ,
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ।

ਇੰਨ੍ਹਾਂ ਹਲਾਤਾਂ ਨੂੰ ਦੇਖ ਕੇ ਹੀ ਪਾਤਰ ਨੇ ਪੰਜਾਬ ਦੇ ਨਵਂੇ ਅਰਥ ਘੜ ਦਿੱਤੇ ਸਨ;

ਮਾਤਮ, ਹਿੰਸਾ, ਖੌਫ਼, ਬੇਬਸੀ ਤੇ ਅਨਿਆਂ,
ਇਹ ਅੱਜਕਲ ਮੇਰੇ ਦਰਿਆਵਾਂ ਦੇ ਨਾਂ।

ਪਾਤਰ ਦੱਸਦਾ ਹੈ ਕਿ ਮਨੁੱਖਤਾ ਤੋਂ ਉਪਰ ਕੋਈ ਧਰਮ ਨਹੀਂ ਹੋ ਸਕਦਾ, ਉਹ ਹਮੇਸ਼ਾ ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ ਹੈ। ਸਰਮਾਏਦਾਰ ਲੋਕਾਂ ਦੁਆਰਾ ਆਪਣੇ ਮੁਨਾਫੇ਼ ਲਈ ਭੋਲ਼ੇ ਭਾਲ਼ੇ ਲੋਕਾਂ ਨੂੰ ਧਾਰਮਿਕ ਢੋਂਗ ਰਚ ਕੇ ਮੂਰਖ ਬਣਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਧਿਆਨ ਸੰਘਰਸ਼ਾਂ ਤੋਂ ਹੱਟ ਕਿ ਫੋਕੇ ਧਾਰਮਿਕ ਆਡੰਬਰਾਂ ਵਿਚ ਵਟਿਆ ਰਹੇ। ਇਹ ਸਰਮਾਏਦਾਰ ਆਪਣੀ ਕਾਲੀ ਕਮਾਈ ਵਿਚੋਂ ਕੁਝ ਕੁ ਪੈਸਾ ਮੰਦਿਰਾਂ, ਗੁਰਦੁਆਰਿਆਂ ਵਿਚ ਦਾਨ ਕਰਕੇ ਆਪਣੇ ਦਾਨੀ ਤੇ ਸੱਚੇ ਸੁੱਚੇ ਹੋਣ ਦਾ ਢੋਂਗ ਕਰਦੇ ਹਨ ਜਿਵੇਂ ਪਾਤਰ ਆਪਣੀਆਂ ਹੇਠ ਲਿਖੀਆਂ ਸਤਰਾਂ ਵਿਚ ਲਿਖਦਾ ਹੈ;

ਕਾਲੇ ਧਨ ਦੇ ਚਿੱਟੇ ਸਿੱਕੇ ਚਾੜ੍ਹ ਗਏ ਵਿਉਪਾਰੀ,
ਮੰਦਰ ਵਿਚ ਮੁਸਕਾਈ ਜਾਵੇ ਫਿਰ ਵੀ ਕ੍ਰਿਸ਼ਨ ਮੁਰਾਰੀ।

ਸੁਰਜੀਤ ਪਾਤਰ ਮੂਲ਼ ਰੂਪ ਵਿਚ ਪ੍ਰਗਤੀਵਾਦੀ ਵਿਚਾਰਧਾਰਾ ਦਾ ਧਾਰਣੀ ਹੈ। ਉਸਦੀ ਕਵਿਤਾ ਆਪਣੇ ਸਮੇਂ ਦੇ ਵਿਚਾਰਧਾਰਕ ਪਰਿਵਰਤਨਾਂ ਦੀ ਸਾਖੀ ਭਰਦੀ ਹੈ। ਮਾਰਕਸਵਾਦੀ ਵਿਚਾਰਧਾਰਾ ਤੋਂ ਪੈਦਾ ਹੋਈ ਪ੍ਰਗਤੀਵਾਦੀ ਚੇਤਨਾ ਦੀ ਸੁਰ ਉਸਦੇ ਪਹਿਲੇ ਹੀ ਕਾਵਿ ਸੰਗ੍ਰਹਿ “ਹਵਾ ਵਿਚ ਲਿਖੇ ਹਰਫ਼” ਤੋਂ ਪਛਾਣੀ ਜਾ ਸਕਦੀ ਹੈ। ਪਾਤਰ ਸਮਾਜ ਦੇ ਹਰ ਪੱਖ ਨੂੰ ਦਵੰਦਾਤਮਕ ਪਦਾਰਥਵਾਦੀ ਨਜ਼ਰੀਏ ਤੋਂ ਪਰਖਦਾ ਹੈ। ਉਸਨੇ ਜੋ ਵੀ ਵਿਸ਼ੇ ਲਏ ਹਨ ਉਹ ਆਮ ਲੋਕਾਂ ਦੇ ਨਿੱਤ ਪ੍ਰਤਿਦਿਨ ਦੇ ਮਸਲੇ ਹਨ। ਪ੍ਰਗਤੀਵਾਦੀ ਵਿਚਾਰਧਾਰਾ ਨਾਲ਼ ਜੁੜਿਆ ਹੋਣ ਕਾਰਣ ਪਾਤਰ ਸਮਾਜ ਵਿਚ ਫੈਲੇ ਅਸੰਤੁਲਨ, ਮਨੁੱਖ ਅੰਦਰ ਆਰਥਿਕ ਤੇ ਸ਼ਕਤੀ ਦੀ ਅਸਮਾਨਤਾ ਕਾਰਣ ਫੈਲੇ ਅਸੰਤੋਸ਼ ਲਈ ਪੂੰਜੀਵਾਦੀ ਵਿਵਸਥਾ ਨੂੰ ਜੁੰਮੇਵਾਰ ਮੰਨਦਾ ਹੈ। ਸਮਕਾਲੀ ਸਮਾਜਿਕ ਤੇ ਰਾਜਸੀ ਪ੍ਰਬੰਧ ਦੀਆ ਸ਼ੋਸ਼ਣਕਾਰੀ ਅਤੇ ਅਨਿਆਂਕਾਰੀ ਨੀਤੀਆਂ ਦਾ ਵਿਰੋਧ ਉਹ ਬੜੇ ਤਿੱਖੇ ਵਿਅੰਗ ਰਾਹੀਂ ਕਰਦਾ ਹੈ।

ਜਿਸ ਵਿਚ ਸੂਲ਼ੀ ਦਾ ਇੰਤਜਾ਼ਮ ਨਹੀਂ।
ਯਾਰੋ ਐਸਾ ਕਿਤੇ ਨਿਜ਼ਾਮ ਨਹੀਂ।

ਸੁਰਜੀਤ ਪਾਤਰ ਮੌਜੂਦਾ ਰਾਜਨੀਤਕ ਢਾਂਚੇ ਤੇ ਕਰਾਰੀ ਚੋਟ ਕਰਦਾ ਹੈ। ਉਹ ਦੇਸ਼ ਵਿਚ ਫੈਲੇ ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਗਰੀਬੀ ਆਦਿ ਨੂੰ ਆਪਣੀ ਕਵਿਤਾ ਦੇ ਵਿਸ਼ੇ ਬਣਾਉਂਦਾ ਹੈ। ਉਹ ਇਹ ਵੀ ਦੱਸਦਾ ਹੈ ਕਿ ਜੇਕਰ ਇਸ ਸ਼ੋਸ਼ਣ ਦੇ ਖਿਲਾਫ਼ ਆਵਾਜ਼ ਨਾ ਉਠਾਈ ਤਾਂ ਇਹ ਸਮੱਸਿਆਵਾਂ ਦਾ ਪਹਾੜ ਹੋਰ ਵੀ ਵੱਡਾ ਹੁੰਦਾ ਜਾਵੇਗਾ। ਨਿਰਾਸਤਾ ਤੇ ਉਦਾਸੀ ਦੀ ਉਮਰ ਵਧਦੀ ਜਾਵੇਗੀ। ਇਸ ਬਾਰੇ ਉਹ ਕਹਿੰਦਾ ਹੈ,

ਅੱਜ ਬਹੁਤ ਉੇਦਾਸ ਦਿਨ ਹੈ
ਤੇ ਇਸ ਤੋਂ ਵੀ ਉਦਾਸ ਦਿਨ
ਬਰੂਹਾਂ ਦੇ ਬਾਹਰ ਖੜ੍ਹਾ ਹੈ
ਤੇ ਉਸਦੇ ਪਿੱਛੇ ਉਸਤੋਂ ਵੀ ਉਦਾਸ ਦਿਨ।

ਪ੍ਰਗਤੀਵਾਦੀ ਕਾਵਿਧਾਰਾ ਨੇ ਸੁਰੂ ਤੋਂ ਹੀ ਔਰਤ ਦੀ ਤਰਸਯੋਗ ਅਵਸਥਾ ਤੇ ਚਿੰਤਾ ਪ੍ਰਗਟ ਕੀਤੀ ਹੈ। ਪ੍ਰਗਤੀਵਾਦੀਆਂ ਅਨੁਸਾਰ ਰੂੜ੍ਹੀਵਾਦੀ ਸਮਾਜ ਵਿਚ ਔਰਤ ਨੂੰ ਇਨਸਾਨ ਵੀ ਨਹੀਂ ਸਮਝਿਆ ਜਾਂਦਾ। ਉਸਦੀ ਹਾਲਤ ਪਸ਼ੂਆਂ ਦੇ ਬਰਾਬਰ ਹੈ। ਔਰਤ ਨੂੰ ਜਨਮ ਤੋਂ ਲੈ ਕੇ ਆਪਣੇ ਆਖਰੀ ਸਾਹਾਂ ਤਕ ਗੁਲਾਮੀ ਦਾ ਜੀਵਨ ਜੀਣਾ ਪੈਂਦਾ ਹੈ। ਅੱਜ ਦੇ ਯੁੱਗ ਵਿਚ ਤਾਂ ਲੜਕੀ ਨੂੰ ਮਾਂ ਦੀ ਕੁੱਖ ਦੇ ਅੰਦਰ ਹੀ ਕਤਲ ਕਰ ਦਿੱਤਾ ਜਾਂਦਾ ਹੈ। ਆਜ਼ਾਦੀ ਦੇ ਅਠਵੰਜਾ ਸਾਲ ਬੀਤ ਜਾਣ ਦੇ ਬਾਦ ਵੀ ਔਰਤ ਤੇਤੀ ਪ੍ਰਤੀਸ਼ਤ ਰਿਜ਼ਰਵੇਸ਼ਨ ਲਈ ਸੰਘਰਸ਼ ਕਰ ਰਹੀ ਹੈ। ਔਰਤ ਭਾਵੇਂ ਕਿ ਹਰ ਖੇਤਰ ਵਿਚ ਨਾਮਣਾ ਖੱਟ ਰਹੀ ਹੈ ਪਰ ਮਾਨਸਿਕ ਤੌਰ ਤੇ ਪਛੜਿਆ ਹੋਇਆ ਇਹ ਸਮਾਜ ਅੱਜ ਵੀ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਦਾ ਹੈ। ਔਰਤ ਦੀ ਤਰਸਯੋਗ ਸਥਿਤੀ ਬਾਰੇ ਪਾਤਰ ਲਿਖਦਾ ਹੈ,

ਇਕ ਕੈਦ ‘ਚੋਂ ਦੂਜੀ ਕੈਦ ‘ਚ ਪਹੁੰਚ ਗਈ ਏ,
ਕੀ ਖੱਟਆ ਮਹਿੰਦੀ ਲਾ ਕੇ ਵਟਣਾ ਮਲ਼ ਕੇ।

ਇਸ ਤਰ੍ਹਾਂ ਔਰਤ ਲਈ ਪੇਕੇ ਅਤੇ ਸਹੁਰੇ ਦੀ ਸਥਿਤੀ ਵਿਚ ਬਹੁਤਾ ਅੰਤਰ ਨਹੀਂ ਹੈ। ਪਾਤਰ ਨੇ ਗਰੀਬੀ ਦੇ ਕਾਰਣ ਘਰੀਂ ਕੁਆਰੀਆਂ ਬੈਠੀਆ ਲੜਕੀਆਂ ਦਾ ਦਰਦ ਵੀ ਆਪਣੀ ਕਵਿਤਾ ਵਿਚ ਪੇਸ਼ ਕੀਤਾ ਹੈ। ਉਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਮੁੱਖ ਕਾਰਣ ਮੌਜੂਦਾ ਆਰਥਿਕ ਢਾਂਚੇ ਨੂੰ ਮੰਨਦਾ ਹੈ। ਉਹ ਗਰੀਬੀ ਕਾਰਣ ਬਾਪ ਦੇ ਬੂਹੇ ਬੈਠੀਆਂ ਲੜਕੀਆ ਬਾਰੇ ਲਿਖਦਾ ਹੈ,

ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ
ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ
ਕੰਧਾਂ ਨਾਲੋਂ ਉੱਚੀਆਂ ਧਰੇਕਾਂ ਹੋਈਆਂ ਤੇਰੀਆਂ
ਤੋਰ ਡੋਲ਼ੀ ਤੋਰ ਹੁਣ ਕਾਹਦੀਆ ਨੇ ਦੇਰੀਆਂ
ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ਼ ਕੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈ਼ਰ ਏ।

ਕਵਿਤਾ ਤੋਂ ਇਲਾਵਾ ਪਾਤਰ ਨੇ ਗ਼ਜ਼ਲ ਨੂੰ ਵੀ ਕਾਫ਼ੀ ਮਕਬੂਲ ਕੀਤਾ। ਉਸ ਦੀ ਗ਼ਜ਼ਲ ਦਾ ਇਕ ਨਮੂਨਾ ਹੈ;

ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ,
ਮੇਰੀ ਨਜ਼ਮ ਤੇ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ,
ਮੁਜਰਿਮ ਹੀ ਬਹਿ ਗਿਆ ਹੈ,ਮੁਨਸਿਫ਼ ਦੀ ਥਾਂ ਤੇ ਆ ਕੇ,
ਇਨਸਾਫ਼ ਦਾ ਤਰੀਕਾ ਕਿੰਨਾ ਬਦਲ ਗਿਆ ਹੈ

ਸੁਰਜੀਤ ਪਾਤਰ ਨੂੰ ਇਹ ਭਲੀਭਾਂਤ ਪਤਾ ਹੈ ਕਿ ਗ਼ਜ਼ਲ ਸਿਰਫ਼ ਪ੍ਰੇਮ-ਪਿਆਰ ਨਾਲ ਹੀ ਸੰਬੰਧਿਤ ਨਹੀਂ ਹੈ, ਉਸ ਨੂੰ ਲੋਕਾਂ ਦੇ ਅੰਗ ਸੰਗ ਖੜ੍ਹੇ ਹੋਣਾ ਚਾਹੀਦਾ ਹੈ। ਉਸ ਅਨੁਸਾਰ ਸਿਰਫ਼ ਗ਼ਜ਼ਲ ਲਿਖਿਆਂ ਹੀ ਲੋਕਾਂ ਦੇ ਦੁੱਖ ਦੂਰ ਨਹੀਂ ਹੋਣੇ, ਇਸ ਲਈ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਉਹ ਲਿਖਦਾ ਹੈ;

ਜ਼ਖਮ ਨੂੰ ਜ਼ਖਮ ਲਿਖੋ,ਖਾਮਖਾ ਕੰਵਲ ਨਾ ਲਿਖੋ,
ਸਿਤਮ ਹਟਾਓ ਸਿਤਮ ਤੇ ਨਿਰੀ ਗ਼ਜ਼ਲ ਨਾ ਲਿਖੋ।

ਸੁਰਜੀਤ ਪਾਤਰ ਇਕ ਵਿਚਾਰ ਪ੍ਰਧਾਨ ਕਵੀ ਹੈ ਪਰ ਉਸ ਦੀ ਕਵਿਤਾ ਅੰਦਰ ਭਾਵੁਕਤਾ ਦਾ ਅੰਸ਼ ਗਾਇਬ ਨਹੀਂ। ਵਿਦੇਸ਼ ਗਏ ਲੋਕਾਂ ਦਾ, ਗਰੀਬ ਜਨਤਾ ਦਾ, ਵਿਦੇਸ਼ਾਂ ਵਿਚ ਰੋਜ਼ੀ ਲਈ ਰੁਲਦੇ ਬਾਪ ਦਾ ਜ਼ਿਕਰ ਉਸ ਦੀਆਂ ਕਵਿਤਾਵਾਂ ਵਿਚ ਆਮ ਦੇਖਣ ਨੂੰ ਮਿਲਦਾ ਹੈ। ਡਾ. ਤਿਰਲੋਕ ਸਿੰਘ ਕੰਵਰ ਪਾਤਰ ਬਾਰੇ ਲਿਖਦਾ ਹੈ, “ਸੁਰਜੀਤ ਪਾਤਰ ਵੀ ਆਪਣੀ ਕਾਵਿ ਯਾਤਰਾ ਆਪਣੇ ਤੋਂ ਪਹਿਲੀ ਕਾਵਿ ਪੀੜੀ੍ਹ ਤੋਂ ਹੀ ਸੁਰੂ ਕਰਦਾ ਹੈ। ਵਿਸੇਸ਼ ਕਰਕੇ ੳਸ ਦੀ ਪੁਸਤਕ ‘ਹਵਾ ਵਿਚ ਲਿਖੇ ਹਰਫ਼’ ਦੇ ਕਾਫ਼ੀ ਵੇਰਵੇ ਕਥਿਤ ਕਾਵਿ ਪੈਰਾਡਾਈਮ ਦੇ ਉਲਟਵੇਂ ਸਫ਼ਰ ਦੀ ਗਵਾਹੀ ਵਿਚ ਭੁਗਤਾਏ ਜਾ ਸਕਦੇ ਹਨ। ਇਸ ਕਾਵਿ ਸੰਗ੍ਰਿਹ ਦੀਆਂ ਕਵਿਤਾਵਾਂ ਵਿਚ ਕਵੀ ਕਈ ਵਾਰ ਚੇਤੰਨ ਰੂਪ ਹੋ ਕੇ ਆਪਣੀ ਕਵਿਤਾ ਵਿਚ ਇਕ ਵਿਸੇ਼ਸ਼ ਪ੍ਰਕਾਰ ਦੀ ਭਾਵੁਕਤਾ ਨੂੰ ਭਰਨ ਦਾ ਯਤਨ ਕਰਦਾ ਹੈ ਇਸੇ ਲਈ ਉਹ ਸ਼ਿਲਪ ਤੇ ਅਨੁਭੂਤੀ ਦਾ ਦਵੰਦ ਬਣਾਕੇ ਚਲਦਾ ਹੈ ਅਤੇ ਕਹਿੰਦਾ ਹੈ;

ਅਸਾਂ ਤਾਂ ਡੁੱਬਕੇ ਖੂਨ ਵਿਚ ਲਿਖੀ ਏ ਗ਼ਜ਼ਲ ,
ਉਹ ਹੋਰ ਹੋਣਗੇ ਜੋ ਲਿਖਦੇ ਨੇ ਬਹਿਰ ਅੰਦਰ।”

ਕਵਿਤਾ ਤੇ ਸੰਗੀਤ ਦਾ ਰਿਸ਼ਤਾ ਬੜਾ ਗੂੜਾ ਹੈ; ਇਸ ਗੱਲ ਦਾ ਵੀ ਪਾਤਰ ਨੂੰ ਅਹਿਸਾਸ ਹੈ। ਉਸ ਦੇ ਗੀਤਾਂ, ਕਵਿਤਾਵਾਂ ਅਤੇ ਗ਼ਜਲਾਂ ਵਿਚ ਸੰਗੀਤਾਮਕਤਾ ਦਾ ਗੁਣ ਵਿਦਮਾਨ ਹੈ ਜਿਸ ਕਾਰਨ ਉਸ ਦੇ ਬਹੁਤ ਸਾਰੇ ਗੀਤ ਮਕਬੂਲ ਹੋ ਚੁੱਕੇ ਹਨ। ਉਸ ਨੂੰ ਪੰਜਾਬੀ ਦੇ ਕਈ ਨਾਮਵਰ ਗਾਇਕਾਂ ਨੇ ਗਾਇਆ ਹੈ। ਉਸ ਦੀ ਕਵਿਤਾ ਦੀ ਹਰ ਇਕ ਸਤਰ ਸੰਗੀਤਮਈ, ਲੈਅਬੱਧ ਅਤੇ ਰਾਗ ਭਰਪੂਰ ਹੈ। ਸੁਰਜੀਤ ਪਾਤਰ ਦੀ ਕਵਿਤਾ ਬਾਰੇ ਡਾ. ਗੁਰਮੀਤ ਕੱਲਰਮਾਜਰੀ ਲਿਖਦਾ ਹੈ, “ ਨਵੀਂ ਪੰਜਾਬੀ ਕਵਿਤਾ ਦੇ ਇਸ ਦੌਰ ਵਿਚ ਪਾਤਰ ਸਭ ਤੋਂ ਵੱਧ ਚਰਚਿਤ ਅਤੇ ਸੰਵੇਦਨਸ਼ੀਲ ਸ਼ਾਇਰ ਹੈ ਜਿਹੜਾ ਆਪਣੀ ਕਾਵਿ ਸੰਵੇਦਨਾ ਰਾਹੀਂ ਪੰਜਾਬੀ ਸਮੱਸਿਆਵਾਂ ਦੇ ਸੰਦਰਭ ਵਿਚ ਗੁਆਚੀ ਮਾਨਸਿਕਤਾ ਅਤੇ ਸਥਾਪਿਤ ਕਲਚਰ ’ਚੋਂ ਵਿਸ਼ਾਦ ਦੀ ਮਨੋ-ਅਵਸਥਾ ਨੂੰ ਸੰਘਣੀ ਉਦਾਸੀ ਅਲਗਾਉ ਦੀ ਸਥਿਤੀ ਦੇ ਰੂਪ ਵਿਚ ਪੇਸ਼ ਕਰਦਾ ਹੈ। ਉਸ ਦੀ ਹਰ ਗ਼ਜ਼ਲ,ਗੀਤ ਜਾਂ ਨਜ਼ਮ ਦੀ ਟੈਕਸਟ ਵਿਚ ਮਕਾਨਕੀ ਸੰਜਮ ਦੀ ਬਜਾਏ ਸੰਗੀਤਕ ਅੰਤਰ ਚੇਤਨਾ ਵਧੇਰੇ ਅਸਰਦਾਰ ਢੰਗ ਨਾਲ ਪਾਠਕਾਂ ਨੂੰ ਕੀਲਦੀ ਹੈ।”

ਪਾਤਰ ਆਮ ਲੋਕਾਈ ਦੇ ਦਰਦ ਨਾਲ ਡੂੰਘੇ ਰੂਪ ਵਿਚ ਜੁੜਿਆ ਹੋਇਆ ਹੈ। ਉਹ ਸਮੱਸਿਆਵਾਂ ਨੂੰ ਬੜੇ ਵਧੀਆ ਤਰੀਕੇ ਨਾਲ ਪੇਸ਼ ਕਰਦਾ ਹੈ ਪਰ ਉਸਦਾ ਕੋਈ ਹੱਲ ਪੇਸ਼ ਨਹੀਂ ਕਰਦਾ ਜਿਸ ਤੋਂ ਕਈ ਵਾਰ ਇੰਝ ਲਗਦਾ ਹੈ ਕਿ ਜਿਵੇਂ ਉਹ ਬਾਕੀ ਪ੍ਰਗਤੀਵਾਦੀ ਕਵੀਆਂ ਤੋਂ ਪਿੱਛੇ ਰਹਿ ਗਿਆ ਹੋਵੇ ਜਿਵੇਂ ਕਿ ਉਹ ਲਿਖਦਾ ਹੈ;

ਸਾਰੀ ਉਮਰ ਇਵੇਂ ਹੀ ਬੀਤੀ ਮੇਰੀ ਚੋਰਾਂ ਵਾਗੂੰ,
ਪੂਰੇ ਖੰਭ ਖਿਲਾਰ ਨਾ ਪਾਈਆਂ ਪੈਲਾਂ ਮੋਰਾਂ ਵਾਗੂੰ।

ਸੁਰਜੀਤ ਪਾਤਰ ਭਾਵੇਂ ਕਿ ਨਾਰੀ ਮੁਕਤੀ ਦੀ ਗੱਲ ਕਰਦਾ ਹੈ ਪਰ ਖੁਦ ਉਹ ਇਨ੍ਹਾਂ ਸਮਾਜਿਕ ਵਲਗਣਾਂ ਵਿਚੋਂ ਬਾਹਰ ਨਹੀਂ ਨਿਕਲ ਸਕਿਆ। ਇਕ ਵਾਰ ਜਲੰਧਰ ਦੂਰਦਰਸ਼ਨ ਤੋਂ ਪਾਤਰ ਦੀ ਇਕ ਵਿਸ਼ੇਸ਼ ਮੁਲਾਕਾਤ ਚੱਲ ਰਹੀ ਸੀ। ਇਸ ਵਿਚ ਉਸ ਦੀ ਪਤਨੀ ਵੀ ਸਾਮਿਲ ਸੀ। ਪੋ੍ਰਗਰਾਮ ਦਾ ਸੰਚਾਲਕਾ ਨੇ ਉਸ ਦੀ ਪਤਨੀ ਤੋਂ ਸਵਾਲ ਪੁੱਛਿਆ ਕਿ “ਪਾਤਰ ਸਾਹਿਬ ਨੂੰ ਗੁੱਸਾ ਕਦੋਂ ਆਉਦਾ ਹੈ?” ਤਾਂ ਉਸ ਦੀ ਪਤਨੀ ਦਾ ਜਵਾਬ ਸੀ, “ਜਦੋਂ ਇਨ੍ਹਾਂ ਨੇ ਡਿਊਟੀ ਤੇ ਜਾਣਾ ਹੋਵੇ ਤੇ ਮੈਂ ਉਨ੍ਹਾਂ ਦੇ ਕੱਪੜੇ ਤਿਆਰ ਕਰਨ ਵਿਚ ਲੇਟ ਹੋ ਜਾਵਾਂ।” ਇਸ ਤੋਂ ਪਾਤਰ ਦਾ ਪ੍ਰਗਤੀਵਾਦੀ ਹੋਣ ਦੀ ਬਜਾਏ ਮਰਦ ਹੋਣ ਦਾ ਅਹੰਮ ਜ਼ਿਆਦਾ ਝਲਕਦਾ ਹੈ। ਉਸ ਦੀਆਂ ਲਾਇਨਾਂ ‘ਇਕ ਕੈਦ’ਚੋ ਦੂਜੀ ਦੇ ਵਿਚ ਪਹੁੰਚ ਗਈ ਏ’ ਉਸੇ ਤੇ ਹੀ ਲਾਗੂ ਹੋ ਜਾਂਦੀਆਂ ਹਨ। ਇਸ ਤੋਂ ਪ੍ਰਗਤੀਵਾਦੀ ਕਵੀਆਂ ਦਾ ਦੋਹਰਾ ਚਰਿੱਤਰ ਝਲਕਦਾ ਹੈ ਜਿਵੇਂ ਉਸ ਨੇ ਕਵਿਤਾ ਵਿਚ ਤਾਂ ਬਹੁਤ ਕੁਝ ਲਿਖਿਆ ਹੈ ਪਰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਨਹੀਂ ਕੀਤਾ।

ਸੁੁਰਜੀਤ ਪਾਤਰ ਲਿਖਦਾ ਬੜੇ ਸੰਜੀਦਾ ਤਰੀਕੇ ਨਾਲ ਹੈ ਪਰ ਉਹ ਉਦਾਸੀ, ਪਾਸ਼, ਬਾਵਾ ਬਲਵੰਤ ਦੀ ਤਰ੍ਹਾਂ ਆਮ ਲੋਕਾਈ ਦੇ ਦਿਲਾਂ ਵਿਚ ਉਸ ਹੱਦ ਤੱਕ ਥਾਂ ਨਹੀਂ ਬਣਾ ਸਕਿਆ। ਉਹ ਪੜੀ ਲਿਖੀ ਮੱਧ ਸ਼੍ਰੇਣੀ ਦੀਆਂ ਸਟੇਜ਼ਾਂ ਦਾ ਸਿੰਗਾਰ ਜ਼ਿਆਦਾ ਰਿਹਾ ਹੈ। ਉਸ ਦੀ ਕਵਿਤਾ ਵਿਚ ਬਾਕੀ ਪ੍ਰਗਤੀਵਾਦੀ ਕਵੀਆਂ ਨਾਲੋ ਸੰਘਰਸ਼ ਦੀ ਪ੍ਰੇਰਨਾ ਵੀ ਢਿੱਲੀ ਹੈ। ਉਹ ਤਿੱਖੀ ਸੁਰ ਘੱਟ ਹੀ ਅਖਤਿਆਰ ਕਰ ਸਕਿਆ ਹੈ। ਇਸ ਦਾ ਇਕ ਮੁੱਖ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਹੁੰਦਲ, ਪਾਸ਼, ਉਦਾਸੀ ਵਾਂਗ ਸਿੱਧੇ ਤੌਰ ਤੇ ਸੰਘਰਸ਼ਾਂ ਵਿਚ ਭਾਗੀਦਾਰ ਨਹੀਂ ਰਿਹਾ। ਇਥੇ ਉਹ ਬਾਕੀ ਕਵੀਆਂ ਨਾਲੋ ਥੋੜ੍ਹਾ ਪਛੜ ਗਿਆ ਹੈ ਜਿਵੇਂ ਮੋਹਨ ਸਿੰਘ ਲੋਟੂ ਜਮਾਤ ਨੂੰ ਸਿੱਧੇ ਰੂਪ ਵਿਚ ਚੇਤਾਵਨੀ ਦਿੰਦਾ ਹੈ;

ਉੱਠਣਾ ਜਨਤਾ ਦਾ ਹੜ੍ਹ
ਹਾਥੀ ਜਿਵੇਂ ਚਿੰਘਾੜਨਾ
ਅੱਗ ਧਰਤੀ ਤੋਂ ਉੱਠੇਗੀ
ਅੰਬਰਾਂ ਨੂੰ ਛੋਹੇਗੀ
ਸੋਨੇ ਦੀ ਲੰਕਾ ਇਹ ਤੇਰੀ
ਭਸਮ ਆਖਰ ਹੋਵੇਗੀ।

ਇਸੇ ਤਰ੍ਹਾ ਪਾਸ਼ ਆਪਣੀ ਕਵਿਤਾ ਦੀਆਂ ਸਤਰਾਂ ਵਿਚ ਲਿਖਦਾ ਹੈ;

ਅਸੀਂ ਲੜਾਂਗੇ ਸਾਥੀ ,
ਤੂਫਾਨਾਂ ਨੇ ਕਦੀ ਵੀ ਮਾਤ ਨਹੀਂ ਖਾਦੀ।

ਇਸੇ ਤਰ੍ਹਾਂ ਦੀ ਤਿੱਖੀ ਸੰਘਰਸ਼ ਦੀ ਸੁਰ ਪਾਤਰ ਦੀ ਕਵਿਤਾ ਵਿਚ ਨਾ ਮਾਤਰ ਮਿਲਦੀ ਹੈ। ਕਈ ਵਾਰ ਉਸ ਅੰਦਰ ਸਮਾਜ ਦੇ ਤਾਣੇ ਬਾਣੇ ਨੂੰ ਦੇਖਕੇ ਨਿਰਾਸ਼ਾ ਵੀ ਆ ਜਾਂਦੀ ਹੈ ਜਿਵੇਂ;

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ,
ਕੋਈ ਦੀਵਾ ਬਲੇਗਾ ਮੇਰੀ ਕਬ਼ਰ ਤੇ,
ਜੇ ਹਵਾ ਇਹ ਰਹੀ ਤਾਂ ਕਬ਼ਰਾਂ ਤੇ ਕੀ,
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ।

ਸੁਰਜੀਤ ਪਾਤਰ ਦੀ ਭਾਸ਼ਾ ਸਰਲ ਤੇ ਸਪੱਸ਼ਟ ਹੈ। ਉਸ ਵਿਚ ਬਿੰਬਾਂ ਤੇ ਪ੍ਰਤੀਕਾਂ ਦੀ ਭਰਪੂਰ ਵਰਤੋਂ ਮਿਲਦੀ ਹੈ। ਉਸ ਨੇ ਇਤਿਹਾਸਕ ਤੇ ਮਿਥਿਹਾਸਕ ਹਵਾਲਿਆਂ ਨੂੰ ਵੀ ਬੜੇ ਸੁਹਣੇ ਤਰੀਕੇ ਨਾਲ ਬਿੰਬ ਰੂਪ ਵਿਚ ਵਰਤਿਆ ਹੈ। ਉਸ ਨੇ ਪੰਜਾਬੀ ਸਾਹਿਤ ਦੇ ਲੋਕ ਨਾਇਕਾਂ ਨੂੰ ਵੀ ਪ੍ਰਤੀਕ ਰੂਪ ਵਿਚ ਵਰਤਿਆ ਹੈ। ਉਸ ਦੀਆਂ ਕਵਿਤਾਵਾਂ ਤੇ ਗ਼ਜਲਾਂ ਵਿਚ ਉਰਦੂ ਤੇ ਫ਼ਾਰਸੀ ਦੇ ਸ਼ਬਦਾਂ ਦੀ ਵੀ ਭਰਪੂਰ ਵਰਤੋਂ ਹੈ।

ਉਪਰੋਕਤ ਵਿਵੇਚਨ ਤੋਂ ਬਾਦ ਸਹਿਜੇ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਜੇ ਸੁਰਜੀਤ ਪਾਤਰ ਨੇ ਬਹੁਤ ਲੰਮਾ ਪੈਂਡਾ ਤੈਅ ਕਰਨਾ ਹੈ। ਹਰ ਲੇਖਕ ਦੀ ਆਪਣੀ ਇਕ ਸੀਮਾ ਹੁੰਦੀ ਹੈ ਇਸ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਉਸ ਵਿਚ ਕੁਝ ਕਮਜ਼ੋਰੀਆਂ ਵੀ ਹੋ ਸਕਦੀਆਂ ਹਨ ਪਰ ਉਹ ਇਕ ਸੰਜੀਦਾ ਤੇ ਮਕਬੂਲ ਸ਼ਾਇਰ ਹੈ। ਪੰਜਾਬੀ ਪ੍ਰਗਤੀਵਾਦੀ ਕਵਿਤਾ ਵਿਚ ਸੁਰਜੀਤ ਪਾਤਰ ਇਕ ਸੰਵੇਦਨਸ਼ੀਲ ਤੇ ਚਰਚਿਤ ਕਵੀ ਹੈ ਜੋ ਕਿ ਲਿਖਦਾ ਲਿਖਦਾ ਕਾਫ਼ੀ ਡੂੰਘੇ ਉੱਤਰ ਜਾਂਦਾ ਹੈ ਜਿਸ ਕਾਰਨ ਕਈ ਵਾਰ ਉਸ ਨੂੰ ਪਾਠਕਾਂ ਦੀ ਸੀਮਾ ਦਾ ਅਹਿਸਾਸ ਨਹੀਂ ਰਹਿੰਦਾ। ਉਸ ਦਾ ਪੰਜਾਬੀ ਸਾਹਿਤ ਤੇ ਸਭਿਆਚਾਰ ਵਿਚ ਵਡਮੁੱਲਾ ਯੋਗਦਾਨ ਹੈ। ਉਸ ਦੀ ਛਵੀ ਇਕ ਸਾਫ ਸੁੱਥਰੇ ਸ਼ਾਇਰ ਦੀ ਹੈ। ਉਸ ਦੀ ਸ਼ੈਲੀ ਵੀ ਬਾਕੀ ਲੇਖਕਾਂ ਨਾਲੋਂ ਵੱਖਰੀ ਹੈ। ਪਾਤਰ ਦੀ ਭਾਸ਼ਾ ਸੰਜਮੀ ਤੇ ਪ੍ਰਭਾਵਸ਼ਾਲੀ ਹੈ। ਸੁਰਜੀਤ ਪਾਤਰ ਦੀ ਕਾਵਿ ਕਲਾ ਬਾਰੇ ਡਾ. ਵਨੀਤਾ ਲਿਖਦੀ ਹੈ, “ਸੁਰਜੀਤ ਪਾਤਰ ਦੇ ਕਾਵਿ ਦੀ ਪ੍ਰਾਕਿਰਤੀ ਸੋ਼ਜਮਈ ਤੇ ਗੰਭੀਰ ਹੈ, ਜਿਸ ਲਈ ਰਾਗ ਬਾਗੇਸ਼ਵਰੀ, ਪੀਲ਼ੂ, ਬਿਹਾਗ, ਮਾਲਕੌਸ, ਯਮਨ, ਗੁਜਰੀ, ਤੋੜੀ, ਕਾਫੀ, ਭੈਰਵੀ, ਦਰਬਾਰੀ ਆਦਿ ਵਧੇਰੇ ਉਚਿਤ ਹਨ। ਪਾਤਰ ਦੀ ਕਵਿਤਾ ਵਿਚ ਸੁਰ ਤੇ ਸ਼ਬਦ ਆਪਸ ਵਿਚ ਪੂਰੇ ਘੁਲੇ ਮਿਲੇ ਹਨ। ਕਦੇ ਸੁਰ ਆਪਣੇ ਭਾਵ ਨੂੰ ਆਪਣੀ ਤਾਲ ਬਣਾ ਲੈਂਦਾ ਹੈ ਤੇ ਕਦੇ ਭਾਵ ਦੀ ਅਭਿਵਿਆਕਤੀ ਦੇ ਚਿਹਨ, ਪ੍ਰਤੀਕ, ਬਿੰਬ, ਉਸ ਦਾ ਸਾਜ਼ ਬਣ ਜਾਂਦੇ ਹਨ।”

ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਪਾਤਰ ਲੋਕਾਂ ਦੇ ਦੁੱਖਾਂ ਦਰਦਾਂ ਅਤੇ ਸੰਤਾਪਾਂ ਨੂੰ ਸਮਝਣ ਵਾਲਾ ਕਵੀ ਹੈ। ਉਸ ਨੇ ਇਸ ਤਰਾਂ ਦੇ ਕਈ ਦਰਦ ਹੱਡੀ ਹੰਢਾਏ ਹਨ। ਇਸੇ ਕਾਰਨ ਉਸ ਨੇ ਸਮਾਜ ਦੀਆਂ ਦੁਸ਼ਵਾਰੀਆਂ ਨੂੰ ਬੜੇ ਨੇੜੇ ਤੋਂ ਦੇਖਿਆ ਹੈ ਅਤੇ ਬੜੇ ਸੰੁਦਰ ਤਰੀਕੇ ਨਾਲ ਕਵਿਤਾ ਤੇ ਗ਼ਜ਼ਲ ਦੇ ਰੂਪ ਵਿਚ ਚਿਤਿਰਿਆ ਹੈ। ਪਾਤਰ ਇਕ ਲੋਕ ਪੱਖੀ ਕਵੀ ਹੈ,ਉਹ ਕਦੇ ਵੀ ਸਰਮਾਏਦਾਰ ਜਮਾਤ ਦੇ ਪੱਖ ਵਿਚ ਨਹੀਂ ਭੁਗਤਦਾ। ਉਸ ਦੀ ਦਿਲੀ ਹਮਦਰਦੀ ਮਿਹਨਤਕਸ਼ ਜਮਾਤ ਨਾਲ ਹੈ। ਉਹ ਲੁੱਟ ਤੇ ਸ਼ੋਸਣ ਦੇ ਖਿਲਾਫ਼ ਆਪਣਾ ਗੁੱਸਾ ਹੇਠ ਲਿਖੇ ਸ਼ਬਦਾਂ ਵਿਚ ਕੱਢਦਾ ਹੈ;

ਸੰਤਾਪ ਨੂੰ ਗੀਤ ਬਣਾ ਲੈਣਾ
ਮੇਰੀ ਮੁਕਤੀ ਦਾ ਇਕ ਰਾਹ ਤਾਂ ਹੈ,
ਜੇ ਹੋਰ ਨਹੀਂ ਹੈ ਦਰ ਕੋਈ
ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ।

ਪਰ ਪਾਤਰ ਨੂੰ ਲ਼ਫ਼ਜ਼ਾਂ ਦੀ ਦਰਗਾਹ ਦੇ ਨਾਲ ਨਾਲ ਸਮਾਜਿਕ ਤਬਦੀਲੀ ਲਈ ਦੱਬੇ ਕੁਚਲੇ ਲੋਕਾਂ ਦੇ ਘਰਾਂ ਤਕ ਪਹੁੰਚਣਾ ਪਵੇਗਾ। ਉਨ੍ਹਾਂ ਨੂੰ ਲਾਮਬੰਦ ਕਰਕੇ ਲੜਾਈ ਦਾ ਇਕ ਰਾਹ ਦਿਖਾਉਣਾ ਪਵੇਗਾ ਜਿਵੇਂ ਮੋਹਨ ਸਿੰਘ ਲੋਕਾਂ ਨੂੰ ਸੰਘਰਸ਼ ਦੀ ਪ੍ਰੇਰਨਾ ਦਿੰਦਾ ਲਿਖਦਾ ਹੈ;

ਉੱਠੋ ਕਿ ਉੱਠਣਾ ਹੀ ਹੈ ਜ਼ਿੰਦਗੀ ਦਾ ਪਹਿਲਾ ਕਦਮ,
ਤੁਰੋ ਕਿ ਤੁਰਨਾ ਹੀ ਹੈ ਜ਼ਿੰਦਗੀ ਦਾ ਪਹਿਲਾ ਪੜਾਅ,
ਕਰੇ ਜੇ ਹੋਸ਼ ਤਾਂ ਪੱਥਰ ਤੋਂ ਵੀ ਲਾਲ ਬਣ ਜਾਏ,
ਰਹੇ ਬੇਹੋਸ਼ ਤਾਂ ਰਹਿ ਜਾਏ ਵੱਟੇ ਦਾ ਵੱਟਾ।

ਸੁਰਜੀਤ ਪਾਤਰ ਦੀ ਕਵਿਤਾ ਤੇ ਗਜ਼ਲ ਅੱਗੇ ਹੋਰ ਵੀ ਨਿਖਰਵੇਂ ਤੇ ਲੋਕ ਹਿਤੈਸ਼ੀ ਰੂਪ ਵਿਚ ਸਾਹਮਣੇ ਆਉਂਦੀ ਰਹੇਗੀ ਇਸੇ ਉਮੀਦ ਨਾਲ ਆਪਣੀ ਗੱਲ ਖਤਮ ਕਰਦਿਆਂ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਦਾ ਇਹ ਸ਼ਾਇਰ ਇਸੇ ਤਰ੍ਹਾਂ ਪੰਜਾਬੀ ਸਭਿਆਚਾਰ ਤੇ ਸਾਹਿਤ ਦੀ ਲੰਬੀ ਉਮਰ ਤੱਕ ਸੇਵਾ ਕਰਦਾ ਰਹੇਗਾ। ਹੁਣ ਉਸ ਨੂੰ ਸੱਚ ਬੋਲਦੇ ਨੂੰ ਝਿਜਕ ਮਹਿਸੂਸ ਨਹੀਂ ਹੋਣੀ ਚਾਹੀਦੀ ਕਿਉਂਕਿ ਅੱਜ ਉਸ ਨਾਲ ਬਹੁਤ ਸਾਰੇ ਲੋਕ ਹਨ ਜੋ ਸੱਚ ਦੀ ਲੜਾਈ ਲੜਣਾ ਚਾਹੁੰਦੇ ਹਨ ਲੋੜ ਹੈ ਉਨ੍ਹਾਂ ਦਾ ਰਾਹ ਦਰਸਾਉਣ ਦੀ। ਹੁਣ ਉਸ ਨੂੰ ਹੇਠ ਲਿਖੀਆਂ ਸ਼ਤਰਾਂ ਕਹਿਣ ਦੀ ਜਰੂਰਤ ਨਹੀਂ;

ਇੰਨਾਂ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ,
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2003)
(ਦੂਜੀ ਵਾਰ 18 ਸਤੰਬਰ 2021)

***
374
***

ਬਲਜਿੰਦਰ ਪਾਲ,
ਪਿੰਡ ਤੇ ਡਾਕਖਾਨਾ ਖੀਵਾ ਕਲਾਂ,
ਵਾਇਆ ਭੀਖੀ,
ਜ਼ਿਲਾ ਮਾਨਸਾ,
ਪੰਜਾਬ (ਇੰਡੀਆ)

ਬਲਜਿੰਦਰ ਪਾਲ

ਬਲਜਿੰਦਰ ਪਾਲ, ਪਿੰਡ ਤੇ ਡਾਕਖਾਨਾ ਖੀਵਾ ਕਲਾਂ, ਵਾਇਆ ਭੀਖੀ, ਜ਼ਿਲਾ ਮਾਨਸਾ, ਪੰਜਾਬ (ਇੰਡੀਆ)

View all posts by ਬਲਜਿੰਦਰ ਪਾਲ →