19 April 2024
soniia pal

ਛੇ ਕਵਿਤਾਵਾਂ—ਸੋਨੀਆਂ ਪਾਲ

1. ਦੋ ਝਾਂਜਰਾਂ ਦੇ ਬੋਰ ਦੇ

ਦੋ ਝਾਂਜਰਾਂ ਦੇ ਬੋਰ ਦੇ, ਚਾਰ ਬੋਲੀਆਂ ਦਾ ਸ਼ੋਰ ਦੇ
ਨੱਚਣੇ ਦਾ ਮਨ ਹੈ ਮੇਰਾ, ਰੰਜ ਛੱਡ, ਤਾਲ ਤੇ ਜ਼ੋਰ ਦੇ

ਮੈਂ ਆਦਿ, ਆਖਰ ਵਿਚਾਲੇ ਨਿਹਚਾ ਦੇ ਨਾਲ ਨੱਚਾਂ
ਤੂੰ ਹਨੇਰ ਤੋਂ ਸਵੇਰ ਵੱਲ, ਰਾਹ ਵਖਾ ਤੇ ਮੈਨੂੰ ਲੋਰ ਦੇ

ਬੇਮਤਲਬ ਹੀ ਸਮੁੰਦਰਾਂ ਤੇ ਕਾਸ ਤੋਂ ਵਰੵ ਰਹੇ ਬੱਦਲ਼
ਥਲਾਂ ਤੇ ਨੱਚਣੇ ਨੂੰ ਤਰਸਦੇ ਨੇ ਪੈਰ ਮੇਰੇ ਮਨ-ਮੋਰ ਦੇ

ਮੈਂ ਕੱਲੀ ਨਹੀਂ ਹਾਂ ਮੇਰੇ ‘ਚ ਮੇਰਾ ਆਦਿ ਤੇ ਜੁਗਾਦਿ ਹੈ
ਨਵਾਂ ਪੁਰਾਣਾ ਜੋੜ ਲਾਂ, ਸੁਲੱਖਣੇ ਪਲ ਐਸੇ ਮੈਨੂੰ ਹੋਰ ਦੇ
**

2. “ਮੈਂ ਨਾਹੀਂ ਸਭ ਤੂੰ ਹੈਂ”

ਮਿੰਨਤਾਂ ਕਰ ਕਰ ਥੱਕੀ
ਨੀ ਮੈਂ ਅੱਡੀਆਂ ਚੁੱਕ ਚੁੱਕ ਥੱਕੀ
ਇੱਕ ਵੀ ਧੁਰੇ ਮੈਨੂੰ ਪਾਰ ਨਾ ਲਾਇਆ
ਗੋਲ ਚੱਕਰ ਵਿੱਚ ਘੁੰਮੀ

ਜ਼ਿੰਦ ਨਿਮਾਣੀ ਹੁਣ ਕੂਕਾਂ ਮਾਰੇ
ਚੀਰ ਹੁੰਦੀ ਜਿਉਂ ਤਿੱਖੇ ਆਰੇ
ਆ ਮਿਲ ਯਾਰ, ਨਿਮਾਣੜੀਏ
ਨਿੱਤ ਵਾਜਾਂ ਮਾਰੇ

ਹਉਕੇ ਹਾਵੇ ਹੂਕ ਛੁਡਾ ਦੇ
ਲਾ ਦੇ ਯਾਰ ਕਿਨਾਰੇ
ਮਾਧੋ ਹੁਸੈਨ ਤੇਰਾ ਪੱਲਾ ਫੜਿਆ
ਤਨ ਮਨ ਸਭ ਰੁਸ਼ਨਾ ਦੇ

ਮਿਲ ਜਾਵੇ ਕੋਈ ਸੋਹਣਾ ਮਾਧੋ
ਗੂੜ੍ਹੀਆਂ ਪ੍ਰੀਤਾਂ ਪਾਵਾਂ
ਮੈਂ ਵੀ ਘਰ ਦੇ ਵਿਹੜੇ ਦੇ ਵਿੱਚ
ਕੋਈ ਅੱਡਾ ਤਾਣੀਂਏਂ ਤਾਣਾਂ

ਹਿਜਰ ਦੀ ਰੇਸ਼ਮੀ ਤੰਦ ਪਾ ਕੇ
ਸੂਹੀ ਫੁਲ਼ਕਾਰੀ ਬਣਾਵਾਂ
ਸਿਰ ਤੇ ਲੈ ਕੇ ਮੈਂ ਵੀ ਆਖਾਂ
“ਮੈਂ ਨਾਹੀਂ ਸਭ ਤੂੰ ਹੈਂ”
**

3. ਇਹ ਕਿਸ ਤਰ੍ਹਾਂ ਦਾ ਬਜ਼ਾਰ ਹੈ?

ਇਹ ਕਿਸ ਤਰ੍ਹਾਂ ਦਾ ਬਜ਼ਾਰ ਹੈ
ਜਚਦੀ ਜੋ ਵੀ ਚੀਜ਼ ਮੇਰੀ ਜਾਚਦੀ
ਉਹ ਮਹਿੰਗੀ ਬੜੀ ਹੀ ਮੁੱਲ ਦੀ
‘ਤੇ ਮੇਰੀ ਪਹੁੰਚ ਤੋਂ ਵੀ ਬਾਹਰ ਹੈ

ਏਥੇ ਸਮਾਨ ਨਾਲ ‘ਤੁੰਨੀ’ ਦੁਕਾਨ ਹੈ
ਗਾਹਕਾਂ ਨੂੰ ਵਾਜਾਂ ਜਾਵੇ ਮਾਰਦੀ
ਐਪਰ ਹਰ ਰੀਝ ਪੈਸੇ ‘ਤੇ ਤੁੱਲ ਦੀ
‘ਤੇ ਮੁਨਾਫ਼ਾ ਹੀ ਬੱਸ ਪਰਧਾਨ ਹੈ

ਪੈਰ ਰੱਖਣੇ ਨੂੰ ਤਿਲ ਵੀ ਨਾ ਥਾਂ ਹੈ
ਭੀੜ ਤਾਂ ਥੱਕੇ ਨਾ ਧੱਕੇ ਮਾਰਦੀ !
ਇੱਕ ਲੁੱਟੇ, ਦੂਜੇ ‘ਤੇ ਹਨੇਰੀ ਝੁੱਲਦੀ
ਅਮੀਰੀ ਗਰੀਬੀ ਜੱਗ-ਜ਼ਾਹਰ ਹੈ

ਇੱਕ ਤਾਂ ਉੱਚੇ ਘਰ ਦੀ ਰਕਾਨ ਹੈ
ਦੂਜੀ ਅੰਤਾਂ ਦੇ ਤਰਲੇ ਜਾਵੇ ਮਾਰਦੀ
ਉਦ੍ਹੇ ਹੱਡੀਂ ਗਰੀਬੀ ਸਾਫ਼ ਝਲਕਦੀ
‘ਰੇਟ’ ਕਰਦੀ ਵੀ ਹੋ ਗਈ ਖ਼ੁਆਰ ਹੈ

ਇਹ ਕਿਸ ਤਰ੍ਹਾਂ ਦਾ ਬਜ਼ਾਰ ਹੈ?
ਇਹ ਕਿਸ ਤਰ੍ਹਾਂ ਦਾ ਬਜ਼ਾਰ ਹੈ?

***
4. ਆ ਮਿਲ ਯਾਰ ਮੈਂਡੜਿਆ

ਆ ਮਿਲ ਯਾਰ ਮੈਂਡੜਿਆ, ਰੱਖ ਗ਼ਫ਼ਲਤਾਂ ਨੂੰ ਪਾਸੇ
ਵੇਲੇ ਦੀ ‘ਕੁਰਸੀ’ ਖਾ ਗਈ, ਸਾਡੇ ਜੋ ਸਾਂਝੇ ਸੀ ਹਾਸੇ

ਟੁੱਕ ਵੀ ਸਾਡੇ ਖਾ ਗਏ ‘ਇਨ੍ਹਾਂ’ ਧਨ ਵੀ ਜੋੜ ਲਏ ਖਾਸੇ
ਰੱਤ ਸਾਰੀ ਨਿਚੋੜ ਲਈ, ਸਾਡੇ ਹੱਥੀਂ ਬੱਸ ਖਾਲ਼ੀ ਕਾਸੇ

ਧਰਮਾਂ ਦੇ ਜਦ ਮਸਲੇ ਉਲਝਦੇ, ਦਿਲ ਰਹਿਣ ਉਦਾਸੇ
ਸਾਂਝ-ਸਕੀਰੀ ਜਾਨ ‘ਚ ਜਾਨ, ਅਸੀਂ ਤਾਂ ਕਿਸ਼ਨ-ਸੁਦਾਮੇ

ਸ਼ਾਤਰ ਦਾ ਜ਼ੋਰ ਨਾ ਚੱਲਣਾ, ਹੁਣ ਕਿਤੇ ਵੀ ਆਸੇ-ਪਾਸੇ
‘ਸੁਬ੍ਹਾ’ ਦੇ ਭੁੱਲਿਆਂ ਜਦ ਮੁੜਨਾ, ਗਲ਼ ਲਾ ਲਵੀਂ, ਨੀ ਆਸੇ!

ਪਲ ਦੇ ਖੁੰਝੇ ਸਦੀ ਤੇ ਪੈਂਦੇ ਭੱਜੀ ਬਾਹੀਂ ਸਦਾ ਭੌਂਦੇ ਨਿਰਾਸੇ
ਇੱਕ ਦੂਜੇ ਤੇ ਜਾਨ ਜੇ ਛਿੜਕੋਂ, ਵੰਡਾਂ ਖੰਡ ਮਿਸਰੀ ਪਤਾਸੇ।

***

5. ਮਾਏਂ ਨੀ! ਅੱਜ ਤੇਰੇ ਬਾਝੋਂ

ਮਾਏਂ ਨੀ! ਅੱਜ ਤੇਰੇ ਬਾਝੋਂ
ਜਿਉਂ ਕਿੱਕਰੀਂ ਟੰਗੀ ਲੀਰ
ਮੇਰੀ ਅੱਖੀਉਂ ਵਹਿੰਦਾ ਨੀਰ
ਵੇਦਨਾ ਜਾਂਦੀ ਸੀਨਾ ਚੀਰ

ਮਾਏਂ ਨੀ! ਤੇਰੇ ਘਰ ਬੈਠੇ
ਪੁੱਛੀਂ ਬਨੇਰੇ ਦਿਆਂ ਕਾਵਾਂ
ਮੈਂ ਕਿਹੜੇ ਪਾਸਿਓਂ ਆਵਾਂ
ਤੇਰੇ ਗਲ਼ ਬਾਹਵਾਂ ਪਾਵਾਂ

ਮਾਏਂ ਨੀ! ਮੈਂ ਬੈਠੀ ਸੋਚਾਂ
ਤੇਰੇ ਹੱਥ ਦੀ ਛੋਹ ਨਾ’ ਬਣਿਆ
ਹੁਣ ਕਿਤ-ਬਿਧ ਚੁੱਲ੍ਹਾ ਤਾਵਾਂ
ਘਰ ਦਾ ‘ਰਿਜ਼ਕ’ ਪਕਾਵਾਂ

ਮਾਏਂ ਨੀ ! ਇੱਕ ਤੇਰਾ ਰਿਸ਼ਤਾ
ਗਾਹਲਾਂ, ਚੰਡਾਂ ਖਾ ਖਾ ਕੇ ਵੀ
ਗੁੜ,ਸ਼ਹਿਦ, ਮਾਖਿਓ ਮਿੱਠਾ
ਜੱਗ ਤੇ ਹੋਰ ਨਾ ਕਿਤੇ ਵੀ ਡਿੱਠਾ

ਤਾਂਹੀਉਂ ਰਹਿੰਦੀ ਹੈ ਤੇਰੀ ਲੋਰ
ਕਾਸ ਤੋਂ ਦਿੱਤਾ ਪਰਦੇਸੀਂ ਤੋਰ
ਚਿੱਤ ਰਹੇ ਬੱਸ ਡੱਕੇ ਡਾਂਵਾਂ ਡੋਲ
ਨੱਠ ਕੇ ਆ ਜਾ ਕਦੀ ਮੇਰੇ ਕੋਲ

***

6. ਹੱਕ ਲੈਣਾ ਸੌਖਾ ਨਹੀਂ ਹੁੰਦਾ

ਔਖਾ ਹੁੰਦਾ ਹੈ
ਨੀਂਵੀਂ ਜ਼ਾਤ
ਦੇ ਗਰੀਬ
ਬੱਚੇ ਲਈ
ਮੈਲ਼ੀ ਟਾਕੀਆਂ
ਜੜੀ ਵਰਦੀ ਪਾ
ਕਲਾਸ ‘ਚ
ਅਮੀਰ ਬੱਚਿਆਂ
ਸੰਗ ਬਹਿਣਾ

ਫ਼ੀਸਾਂ ਨਾ ਭਰਨਾ
ਬੋਲ-ਕੁਬੋਲ ਜ਼ਰਨਾ
ਹੁਸ਼ਿਆਰ ਹੋਣ ਦੇ
ਬਾਵਜੂਦ ਵੀ ਹੀਣਾ
ਜਿਹਾ ਹੋ ਕੇ ਰਹਿਣਾ

ਕਲਾਸ ਦੇ ਕੋਣੇ
‘ਚ ਜਾ ਉੱਠਣਾ
ਅਤੇ ਬਹਿਣਾ
ਵਿਤਕਰਾ ਸਹਿਣਾ
ਕੁਛ ਨਾ ਕਹਿਣਾ

ਚੁੱਪ ਦੀ ਚੀਕ ਲੈ
ਜ਼ਿੰਦਗੀ ਦੇ
ਗਹਿਰੇ ਪਾਠ
ਸਿੱਖ ਅਪਣੇ ਧੁਰ
ਅੰਦਰ ਤੱਕ ਲਹਿਣਾ.

ਭੁੱਖੇ ਢਿੱਡੀਂ
ਜਿਉਂਦੇ ਜੀ
ਮਰ ਕੇ ਜੀਣਾ
ਹਾਂ ਜੀ, ਹਾਂ ਜੀ
ਕਹਿੰਦਿਆਂ ਰਹਿਣਾ
ਅੌਖਾ ਹੁੰਦਾ ਹੈ

ਐਸੇ ਬੱਚਿਆਂ ਲਈ
ਅਪਣਾ ਬਣਦਾ ਹੱਕ
ਲੈਣਾ ਸੌਖਾ ਨੀ ਹੁੰਦਾ !!
***
836
***

About the author

ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ

View all posts by ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ →