26 April 2024
soniia pal

ਮੇਹਰ ਚੰਦ ਜੱਸਲ ਦੀ ਕਿਤਾਬ – ਸੱਚ ਦੀ ਆਵਾਜ਼ ਤੇ ਇੱਕ ਨਜ਼ਰ – ਸੋਨੀਆਂ ਪਾਲ

ਮੇਹਰ ਚੰਦ ਜੱਸਲ ਦੀ ਕਿਤਾਬ – ਸੱਚ ਦੀ ਆਵਾਜ਼ ਤੇ ਇੱਕ ਨਜ਼ਰ

ਸੋਨੀਆਂ ਪਾਲ

ਸ਼੍ਰੀ ਮੇਹਰ ਚੰਦ ਜੱਸਲ ਜੀ, ਜਲੰਧਰ, ਪੰਜਾਬ ਤੋਂ ਹਨ ਅਤੇ ਪਿਛਲੇ ਛੇ ਦਹਾਕਿਆਂ ਤੋਂ ਇੰਗਲੈਂਡ ’ਚ ਰਹਿ ਰਹੇ ਹਨ। ‘ਮਨੁੱਖ ਤੇ ਮਨੁੱਖਤਾ’ ਇਨ੍ਹਾਂ ਦੀ ਪਹਿਲੀ ਕਿਤਾਬ ਹੈ। “ਸੱਚ ਦੀ ਆਵਾਜ਼”…ਕਿਤਾਬ ਵਿੱਚ ਕਵੀ ਦੀਆਂ ਜਾਗਦੀਆਂ ਅੱਖਾਂ ਭੂਤ ਅਤੇ ਭਵਿੱਖ ਵਿਚਕਾਰ ਵਗਦੀ ਕਾਲ਼ੀ ਨਦੀ ਤੇ ਪਹਿਰਾ ਦੇ ਰਹੀਆਂ ਹਨ। ਸਮੁੱਚੇ ਰੂਪ ’ਚ ਸਾਰੀ ਲਿਖਤ ਮਨੁੱਖਤਾਵਾਦੀ, ਅਗਾਂਹਵਧੂ ਵਿਚਾਰਾਂ ਵਾਲੀ ਹੈ। ਸਮਾਜ ਵਿੱਚ ਦੱਬੇ ਕੁਚਲੇ ਲੋਕਾਂ ਦੀ ਪ੍ਰਤੀਨਿਧਤਾ ਹੈ। ਸ਼ਿੱਦਤ ਨਾਲ ਭਰੀ ਆਵਾਜ਼ ਲੈ, ਦੱਬੇ-ਕੁਚਲੇ, ਨੀਵੇਂ-ਲਤਾੜੇ ਸਮਾਜ ਲਈ ਇਹ ਕਿਤਾਬ ਸੇਧ ਦਾ ਕੰਮ ਕਰਦੀ ਹੈ। ਕਵੀ ਨੇ ਨੀਵੇਂ ਵਰਗ ਨੂੰ ਨੇਕ-ਸਲਾਹ, ਮਸ਼ਵਰੇ ਦਿੱਤੇ ਹਨ ਕਿ ਉਹ ਪੜ੍ਹਨ-ਲਿਖਣ ਦਾ ਸ਼ੌਕ ਪੈਦਾ ਕਰ, ਠੱਗਾਂ ਮਗਰ ਨਾ ਲੱਗ, ਦੂਰ ਦਰਸ਼ੀ ਨਿਗ੍ਹਾ ਨਾਲ ਅੰਤਰਰਾਸ਼ਟਰੀ ਪੱਧਰ ਦਾ ਰਾਹ ਫੜਨ, ’ਕੱਠੇ ਹੋਣ ਤੇ ਬ੍ਰਾਹਮਨਵਾਦ ਦੇ ਪਿੱਛੇ ਨਾ ਲੱਗਣ।

ਡਾ. ਅੰਬੇਡਕਰ ਦੀ ਕਰਨੀ ਦਾ ਦਿਲੋਂ ਗੁਣ-ਗਾਨ ਕੀਤਾ ਹੈ। ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖ, ਮਨੂੰਵਾਦ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ 20 ਵੀਂ ਸਦੀ ਦਾ ਯੁੱਗ ਪਲਟ ਦਿੱਤਾ:

“ਅੰਬੇਡਕਰ ਦੀਆਂ ਲਿਖਤਾਂ ਪੜ੍ਹਨ ਉੱਤੇ
ਬਦਲ ਜਾਂਦੀ ਹੈ ਜੀਵਨ ਦੀ ਤੋਰ ਸਾਰੀ

ਜਿਹੜੇ ਧੌਂਸ ਅਛੂਤਾਂ ਤੇ ਰੱਖਦੇ ਸੀ
ਘੁੰਡੀ ਉਹਨਾਂ ਦੀ ਦਿੱਤੀ ਮਰੋੜ ਸਾਰੀ” (ਅੰਬੇਡਕਰ ਇੱਕ ਪੈਗ਼ੰਬਰ)

ਅੰਬੇਡਕਰ ਇਕ ਪੈਗ਼ੰਬਰ’ ਕਵਿਤਾ ਰਾਹੀਂ ਕਵੀ ਨੇ ਅਪਣੀ ਕੌਮ ਬਾਰੇ ਗੂੜ੍ਹਾ ਗਿਆਨ ਪ੍ਰਗਟਾਇਆ ਹੈ। ਆਪਣੇ ਲੋਕਾਂ ਦੇ ਦਰਦ ਨੂੰ ਧੁਰ ਅੰਦਰ ਤੱਕ ਕ੍ਰਮਵਾਰ ਮਹਿਸੂਸ ਕਰਕੇ ਲਿਖਣਾ ਹਰੇਕ ਦੇ ਹਿੱਸੇ ਨਹੀਂ ਆਉਂਦਾ ਸ਼ਾਇਦ ਏਸੇ ਲਈ ਕਵੀ ਅਤਿ ਭਾਵੁਕ ਹੋ ਇਹ ਲਿਖਣ ਤੋਂ ਵੀ ਝਿਜਕ ਨਹੀਂ ਕਰਦਾ ਕਿ:

“ਜਿਹੜੇ ਅਜੇ ਵੀ ਸੁੱਤੇ ਹੋਏ ਤੁਰੇ ਫਿਰਦੇ
ਝਾਲੂ ਇਨ੍ਹਾਂ ਦਾ ਕੋਈ ਵੀ ਬਣੂਗਾ ਨਹੀਂ
ਕਦੇ ਹੋਊ ਨਾ ਆਤਮ ਵਿਸ਼ਵਾਸ ਪੈਦਾ
ਜਿਹੜਾ ਭੀਮ ਦਾ ਫ਼ਲਸਫ਼ਾ ਪੜੂਗਾ ਨਹੀਂ”

ਕਵੀ ਦਾ ਬਾਰ-ਬਾਰ ਜ਼ੋਰ ਦੇ ਕੇ ਭੀਮ ਦੇ ਫ਼ਲਸਫ਼ੇ ਨੂੰ ਪੜ੍ਹਨ, ਸਮਝਣ ਤੇ ਵਿਚਾਰਨ ਦੀ ਨੇਕ ਸਲਾਹ ਦੀ ਵਜ੍ਹਾ ਵਿਆਖਿਆ ਸਹਿਤ ਪੜ੍ਹਨ ਨੂੰ ਮਿਲਦੀ ਹੈ ਕਿ ਕਿੰਝ ਅੰਬੇਡਕਰਵਾਦ ਨੇ ਸਦੀਆਂ ਤੋਂ ਗਲ਼ ’ਚ ਪਾਏ ਗ਼ੁਲਾਮੀ ਦੇ ਸੰਗਲ ਤੋੜ, ਵਰਗ-ਵੰਡ ਦੇ ਲੇਵਲ ਲਾਹ ਦਿੱਤੇ। ਸਦੀਆਂ ਤੋਂ ਗੂੰਗੀ ਕੌਮ ’ਚ ਅਣਖ ਦੀ ਬੋਲੀ ਭਰੀ। ਕੂੜੇ ਦੇ ਢੇਰ ਫੋਲਣ, ਗਵਾਹੀ ਨਾ ਦੇ ਸਕਣ, ਅਪਣੇ ਹੀ ਜੀਵਨ ਦੇ ਮਤਲਬ ਨੂੰ ਨਾ ਸਮਝ ਸਕਣ ਦੀ ਹਾਲਤ ’ਚੋਂ ਬਾਹਰ ਕੱਢ ਆਪਣੇ ਲੋਕਾਂ ਨੂੰ ਸੱਤ ਅਸਮਾਨੀ ਚੜ੍ਹਾਇਆ, ਜੱਜ ਦੀ ਕੁਰਸੀ ਬਿਠਾਇਆ, ਰਾਜ ਕਰਨਾ ਸਿਖਾਇਆ ਤੇ ਮਨੂੰ ਸਿਮਰਤੀ ਨੂੰ ਜਲਾਇਆ ਜਿਸਦੇ ਜਾਤੀ-ਜਾਲ ਅੰਦਰ ਉਸਦੇ ਲੋਕ ਸਿਸਕੀਆਂ ਭਰ ਰਹੇ ਸਨ।

ਏਸ ਕਿਤਾਬ ਵਿੱਚ ਕਵੀ ਨੇ ਡਾ. ਅੰਬੇਡਕਰ ਜੀ ਦੇ ਕੀਤੇ ਕੰਮਾਂ ਨੂੰ ਉਜਾਗਰ ਕਰ, ਮਿਸ਼ਨ ਦੇ ਉਦੇਸ਼ ਨੂੰ ਸਹੀ ਤਰ੍ਹਾਂ ਪਛਾਨਣ ਲਈ ਕਿਹਾ ਹੈ। ਅੰਬੇਡਕਰ ਪ੍ਰਤੀ ਉਸਦੇ ਮਨ ਵਿੱਚ ਸਨਮਾਨ, ਆਦਰ-ਭਾਵ ਅਤੇ ਨਿਮਰਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ:
“ਅੰਬੇਡਕਰ ਇਨਸਾਨ ਸੀ, ਦੁਖੀਆਂ ਦੇ ਲਈ ਇੱਕ ਮਹਾਨ ਸੀ
ਹੱਕਾਂ ਲਈ ਜਦ ਸੀ ਬੋਲਦਾ, ਦੁਖੀਆਂ ਦੇ ਲਈ ਇਕ ਸ਼ਾਨ ਸੀ
ਲੰਡਨ ਦੀ ਪਰਿਆਂ ਬੈਠਕਾਂ, ਵਿੱਚ ਬਣਿਆ ਉਹ ਤੂਫ਼ਾਨ ਸੀ
ਅਛੂਤਾਂ ਦੀ ਹਾਲਤ ਦੱਸ ਕੇ, ਸੱਭ ਕੀਤੇ ਓਸ ਹੈਰਾਨ ਸੀ”
(ਅੰਬੇਡਕਰ)

ਕਵੀ ਦੀ ਕਵਿਤਾ ਦਾ ਵਿਹਾਰ ਪੰਜਾਬ ਅਤੇ ਭਾਰਤ ਦੁਆਲੇ ਘੁੰਮਦਾ ਹੈ। ਜਿਸ ਵਿੱਚ ਪੁਰਾਣੇ ਪੰਜਾਬੀ ਵਿਰਸੇ ਦੀ ਸ਼ੋਭਾ ਦਾ ਵੀ ਗੁਣ-ਗਾਨ ਹੈ ਪਰ ਨਾਲ ਹੀ ਇਸ ਵਿਰਸੇ ਦੇ ਖੁੱਸ ਜਾਣ ਤੇ ਉਹ ਫ਼ਿਕਰਮੰਦ ਵੀ ਹੈ। ਕਿੱਥੇ ਪੰਜਾਬ ਕੁਦਰਤ ਦੀ ਬੁੱਕਲ਼ ਮਾਰ, ਘੂਕ ਨੀਂਦ ਸੌਂਦਾ, ਪੰਜ ਦਰਿਆਵਾਂ ਦੀ ਧਰਤੀ ’ਚ ਏਸਦਾ ਪਾਣੀ ਸ਼ੂਕਦਾ ਤੇ ਹਰ ਪਾਸੇ ਹਮਦਰਦੀ ਭਰੀਆਂ ਆਵਾਜਾਂ ਸਨ। ਉਦੋਂ ਪੰਜਾਬ ਨਾ ਅਮੀਰ ਦਾ ਤੇ ਨਾ ਗਰੀਬ ਦਾ ਸੀ, ਸਗੋਂ ਪੰਜ ਪਿਆਰਿਆਂ, ਨਾਨਕਸ਼ਾਹੀ ਫ਼ਕੀਰਾਂ, ਪੰਜ ਪੀਰਾਂ ਦਾ ਸੀ:

“ਪੰਜ ਸ਼ੀਲ ਬੋਧੀ ਚਿੰਨ੍ਹ ਸੀ ਧਰਤੀ ਦੇ ਹੇਠਾਂ ਦੱਬਿਆ
ਵਿਰਸਾ ਸੀ ਜੋ ਪੰਜਾਬ ਦਾ ਗੁਰੂਆਂ ਤੇ ਪੀਰਾਂ ਲੱਭਿਆ
ਛੱਡ ਗਏ ਮਨੁੱਖਤਾ ਵਾਸਤੇ ਜਿਊਣ ਦੇ ਲਈ ਜੋ ਫੱਬਿਆ
ਅੱਜ ਲੋੜ ਹੈ ਪੰਜਾਬ ਨੂੰ, ਵਿਰਸਾ ਜੋ ਜੱਸਲ ਦੱਬਿਆ”

ਪੰਜਾਬ ਦੇ ਵਿਰਸੇ ਬਾਰੇ ਫ਼ਿਕਰਮੰਦ ਹੋ ਲਿਖਿਆ ਹੈ ਕਿ ਅੱਜ ਠੰਡੀਆਂ ਹਰਿਆਲੀਆਂ ਬੰਦਾ ਹੱਥੀਂ ਫੂਕਦਾ ਹੈ ਤੇ ਟਾਹਲੀਆਂ ਅਤੇ ਤੂਤਾਂ ਦੀ ਛਾਂ ਇੱਕ ਸੁਪਨਾ ਹੀ ਬਣ ਕੇ ਰਹਿ ਗਈ ਹੈ:
“ਬਾਗ਼ਾਂ ਦੀ ਰਾਣੀ ਕੋਇਲ ਚੁੱਪ ਕਰਕੇ ਕਿਤੇ ਬਹਿ ਗਈ
ਅੰਬਾਂ ਦੇ ਤੋਤੇ ਉੱਡ ਗਏ ਜਦੋਂ ਕੁਹਾੜੀ ਪੈ ਗਈ……..
ਅੱਜ ਰੋਂਦਿਆਂ ਕੋਈ ਪੁੱਛੇ ਨਾ, ਹੱਸ ਕੇ ਹੀ ਕੋਲੋਂ ਲੰਘਦੇ….

ਕਵੀ ਦੀ ਸੋਚ ਸਿਰਫ਼ ਪੰਜਾਬ ਅਤੇ ਇਸਦੇ ਖੁੱਸਦੇ ਜਾ ਰਹੇ ਵਿਰਸੇ ਤਾਈਂ ਹੀ ਸੀਮਤ ਨਹੀਂ ਹੈ ਸਗੋਂ ਉਹ ਅਪਣੇ ਦੇਸ਼ ਭਾਰਤ ਅਤੇ ਇਸ ਵਿਚਲੀ ਗੰਦੀ ਸਿਆਸਤ ਤੋਂ ਵੀ ਫ਼ਿਕਰਮੰਦ ਹੈ। ਕਵੀ ਦਿਲ ਨੂੰ ਹਲੂਣ ਦੇਣ ਵਾਲੀਆਂ ਸੱਚਾਈਆਂ ਨੂੰ ਬੜੇ ਸੋਹਣੇ ਕਾਵਿ-ਮਈ ਢੰਗ ਨਾਲ ਬਿਆਨ ਕਰਦਾ ਹੈ:
ਦਿੱਲੀ ਹੱਥ ਨਾ ਕਦੀ ਮਿਲਾਏ ਖੜ੍ਹ ਕੇ, ਜੇਹਦੀ ਕੋਠੀ ਦਾਣੇ ਨਾ
ਨਪੁੰਸਗਾਂ ਸੰਗ ਇਹ ਬੈਠੀ ਰਹਿੰਦੀ ਮਰਦ ਕਦੇ ਪਹਿਚਾਣੇ ਨਾ

ਦਿੱਲੀ ਦਾ ਦਰਵਾਜ਼ਾ ਤੰਗ ਹੈ ਜਣਾ ਖਣਾ ਨਹੀਂ ਲੰਘ ਸਕਦਾ
ਦਿੱਲੀ ਬਣੀ ਦਲਾਲਾਂ ਦੀ ਇਸ ਦਰ ਤੋ ਕੋਈ ਨਹੀਂ ਖੰਘ ਸਕਦਾ
ਬੰਦਾ ਜੋ ਬਦਲੇ ਆਪ ਨੂੰ ਹੀ ਇੱਕ ਵੋਟ ਨਾਲ ਇਹਨੂੰ ਟੰਗ ਸਕਦਾ

ਅਜਿਹੀਆਂ ਕਾਵਿ ਸਤਰਾਂ ਲਿਖ-ਲਿਖ ਕੇ ਜਿਵੇਂ ਆਪਣਾ ਦਾਰੂ ਆਪ ਹੀ ਬਣਨ ਦੀ ਕੋਸ਼ਿਸ਼ ਕਰਦਾ ਹੋਇਆ ਕਵੀ ਰਾਹ-ਦਸੇਰਾ ਬਣ ਜਾਂਦਾ ਹੈ:
ਸੋਚ-ਸੋਚ ਕੇ ਕੁਝ ਨਹੀਂ ਹੁੰਦਾ ਕਿਰਤ ਕਰਨੀ ਪੈਂਦੀ ਹੈ।

ਇੰਝ ਆਸ਼ਾਵਾਦੀ ਹੋ ਬੁਰੇ ਵਿੱਚੋਂ ਚੰਗਾ ਲੱਭਣ ਦੀ ਸਮਰੱਥਾ ਵੀ ਰੱਖਦਾ ਹੈ। ਕਵੀ ‘ਜੱਸਲ’ ਨੇ ਬਾਰ-ਬਾਰ ਮਨੂੰਵਾਦ, ਬ੍ਰਾਹਮਣਵਾਦ ਦੀ ਨਿਖੇਧੀ ਕਰ ਲੋਕਾਈ ਨੂੰ ਇਨਾਂ ਦੀਆਂ ਮਿੱਥਾਂ ਨੂੰ ਨਾ ਮੰਨਣ ਦਾ ਅਤੇ ਝੂਠੇ ਪਖੰਡਾਂ ਨੂੰ, ਜਿਨ੍ਹਾਂ ਨੇ ਰੱਬ ਨੂੰ ਯੱਬ ਬਣਾ ਦਿੱਤਾ ਹੈ, ਛੱਡਣ ਲਈ ਸੁਝਾਅ ਦਿੱਤੇ ਹਨ:
ਏਸੇ ਯੁੱਗ ਅੰਦਰ ਰਵਿਦਾਸ, ਨਾਨਕ ਆਏ
ਜਿਨਾਂ ਦੇਖੀ ਚੁਤਰਾਈ ਬ੍ਰਾਹਮਣਾਂ ਦੀ……

ਅੰਬੇਡਕਰ, ਰਵਿਦਾਸ ਨੂੰ ਪਰਖਿਆ ਹੈ
ਸੰਤਾਂ ਵਿੱਚੋਂ ਉਹ ਸੰਤ ਮਹਾਨ ਸਿਗਾ
ਜਦੋਂ ਸਿਗਾ ਅਛੂਤਾਂ ਲਈ ਬੋਲਦਾ ਉਹ
ਉਨ੍ਹਾਂ ਵਾਸਤੇ ਵੱਡੀ ਉਹ ਸ਼ਾਨ ਸਿਗਾ….
(ਭੀਮ ਰਵਿਦਾਸ ਪ੍ਰੇਮੀਆਂ ਨੂੰ)
ਕਵੀ ਨੂੰ ਬੁੱਧ ਦੇ ਧੰਮ, ਬੁੱਧ-ਬਾਣੀ ਦਾ ਵੀ ਗਹਿਰਾ ਗਿਆਨ ਹੈ ਉਹ ਅਪਣੇ ਲੋਕਾਂ ਨੂੰ ਕੱਠੇ ਹੋਣ ਦੀ ਗੁਹਾਰ ਲਾਉਂਦਾ ਹੈ:
“ਬੇਗਮਪੁਰਾ ਸਮਾਜ ਬਣਾਉਣ ਦੇ ਲਈ
ਸਾਨੂੰ ਲੋੜ ਇਕੱਠਿਆਂ ਹੋਣ ਦੀ ਹੈ….
(ਗੁਰੂ ਰਵਿਦਾਸ ਬਾਣੀ)

ਉਸਦੇ ਵਾਸਤੇ ਭੀਮ ‘ਕਾਮਲ-ਮੁਰਸ਼ਿਦ’ ਹੈ। ਉਹ ਨਾਲ ਹੀ ਨਾਲ ਇਹ ਵੀ ਆਖਦਾ ਹੈ ਕਿ:
ਚੁੱਕ ਝੰਡਾ ਬੁੱਧ ਧਰਮ ਦਾ ਕਰ ਫ਼ੈਸਲੇ ਆਰ-ਪਾਰ ਦੇ…..

ਅਨੇਕਾਂ ਹੀ ਕਵਿਤਾਵਾਂ ‘ਜਿਵੇਂ ਮਿਲਣਾ ਬੰਦੇ ਦਾ’, ‘ਇਤਬਾਰ ਕਰਾਂ ਮੈਂ ਕਿਹੜੇ ਦਾ’, ‘ਮਨੁੱਖਤਾ’, ‘ਰੱਬ ਤੇ ਯੱਬ’, ‘ਸਮਾਜ ਦਾ ਇੱਕ ਦੌਰ’, ‘ਮੇਲਾ ਜੱਗ ਦਾ’, ‘ਦੁਨੀਆਂ’, ‘ਬੰਦਾ’, ‘ਮਾੜੀ ਨੀਅਤ’ ਆਦਿਕ ਕਵਿਤਾਵਾਂ ਦੇ ਵਿਸ਼ੇ ਲਗਭਗ ਇੱਕੋ ਜਿਹੇ ਹੀ ਹਨ। ਜਿਸ ਵਿੱਚ ਕਵੀ ਨੇ ਦੱਸਿਆ ਹੇ ਕਿ ਮਨੁੱਖਤਾ ਗੁਆਚ ਗਈ ਹੈ ਪਰ ਉਹ ਹੈਰਾਨ ਹੈ ਕਿ ਆਖ਼ਰ ਮਨੁੱਖਤਾ ਗਈ ਕਿੱਥੇ ਹੈ? ਉਹ ਅੱਜ ਦੇ ਨਾਕਾਰਾਤਮਿਕ ਰਵੱਈਏ ਦਾ ਜ਼ਿਕਰ ਵੀ ਕਰਦਾ ਹੈ ਤੇ ਉਸ ਬਾਰੇ ਫ਼ਿਕਰ ਵੀ ਕਰਦਾ ਹੈ। ਅੱਜ ਆਪਾ-ਧਾਪੀ ਦੀ ਦੁਨੀਆਂ ਵਿੱਚ ਪਿਆਰ ਦਿਖਾਉਣ ਵਾਲਾ ਕੋਈ ਨਹੀਂ ਹੈ। ਗਿਆਨੀ ਧਿਆਨੀ ਸ਼ੈਤਾਨ ਬਣ ਗਏ ਹਨ। ਸਗੋਂ ਬੁੱਢੇ ਵੀ ਜਵਾਨ ਬਣੀ ਫਿਰਦੇ ਹਨ। ਜਿਹੜਾ ‘ਪਿਆਰ’ ਦਾ ਫ਼ਲਸਫਾ ਮਨੁੱਖੀ ਜਾਮੇ ਨੂੰ ਮਿਲਿਆ ਸੀ ਉਹ ਦਿਨ-ਬ-ਦਿਨ ਖੁਰਦਾ ਜਾ ਰਿਹਾ ਹੈ।
“ਕੁਦਰਤ ਨਾ ਖੇਲ੍ਹਣ ਵਾਸਤੇ ਬੰਦਾ ਕਰੇ ਹੁਸ਼ਿਆਰੀਆਂ
ਤਮਾਹ ਤੇ ਲਾਲਚ ਘੇਰਿਆ ਪੈਸੇ ਦਾ ਬਣਿਆ ਯਾਰ ਹੈ
ਸਭ ਯਾਰ ਵੇਲੀ ਭੁੱਲ ਗਏ ਨਾ ਸਮਝੇ ਰਿਸ਼ਤੇਦਾਰ ਹੈ
ਅੰਦਰੋਂ ਸੱਚਾਈ ਮੁੱਕ ਗਈ ਨਾ ਸ਼ਾਂਤੀ ਬਹਾਰ ਹੈ….”

ਅਜਿਹੀ ਹਾਲਤ ਅਤੇ ਅਜਿਹੇ ਹਾਲਾਤਾਂ ਉੱਤੇ ਰੱਬ ਦੀ ਹੋਂਦ ਤੇ ਸ਼ੰਕਾ ਪੈਦਾ ਹੋਣਾ ਵੀ ਸੁਭਾਵਿਕ ਹੈ ਕਿ ਜੇ ਇੰਨੀ ਧੱਕੇ ਸ਼ਾਹੀ ਹੋ ਰਹੀ ਹੈ ਤਾਂ ਰੱਬ ਕਿੱਥੇ ਹੈ। ਏਸ ਸੁਆਲ ਦਾ ਜਵਾਬ ਬੁੱਲੇ ਸ਼ਾਹ ਦੇ ਹਵਾਲੇ ਨਾਲ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ:
ਰੱਬ ਉੱਥੇ ਹੈ,
ਜਿੱਥੇ ਸੱਚ ਹੈ,
ਬੰਦੇ ਦੀ ਬੰਦਗੀ ਭਾਵ ਕਦਰ ਹੈ,
ਜੋ ਕਹਿਣੀ ਕਰਨੀ ਇੱਕ ਰੱਖੇ,
ਭਲੇ ਲਈ ਜਿੰਦ ਵਾਰ ਦੇਵੇ,
ਮਨ ਸਾਫ਼ ਰੱਖੇ,

ਮੁੱਕਦੀ ਗੱਲ ਕਵੀ ਜੱਸਲ ਨੇ ਦੱਸਿਆ ਹੈ ਕਿ ਰੱਬ ਤਾਂ ਯਾਰਾਂ ਅੰਦਰ ਵੱਸਦਾ ਹੈ….ਜਿੱਥੇ ਵੀ ਸੱਚਾ ਪਿਆਰ ਹੈ ਰੱਬ ਉੱਥੇ ਹੀ ਹੈ।

“ਜਦ ਕਰਨਾ ਹੀ ਕੁਛ ਹੈ ਨਹੀਂ ਦੱਸ ਕੀ ਕਰੂ ਰੱਬ ਦੀ ਰਜ਼ਾ
ਰਜ਼ਾ-ਰਜ਼ਾ ਹੀ ਕਰਦਿਆਂ ਬਣ ਜਾਂਦੀ ਹੈ ਜੀਵਨ ਸਜ਼ਾ
ਖੁਦੀ ਬੁਲੰਦ ਜੋ ਕਰ ਗਏ ਆਤਮ ਸੁੱਖਾਂ ਨੂੰ ਪਾ ਗਏ
ਆਪ ਨੂੰ ਜਿਨ੍ਹਾਂ ਸੋਧਿਆ ਰਾਹ ਸੱਚ ਦਾ ਦਿਖਲਾ ਗਏ”

ਬੁੱਲੇ ਦੇ ਸੂਫ਼ੀ ਰੰਗ ਦੇ ਨਾਲ-ਨਾਲ ਇਸ਼ਕ ਹਕੀਕੀ ਦੀ ਬਾਤ ਵੀ ਕਹੀ ਹੈ। ਕਵੀ ਨੇ ਇਸ਼ਕ ਦੇ ਏਸ ਰੂਹਾਨੀ ਪੱਖ ਦੀ ਮਹਿਮਾ ਲਿਖਦਿਆਂ ਦੱਸਿਆ ਹੈ ਕਿ ਸੱਚਾ ਇਸ਼ਕ ਜੋ ਵੀ ਕੁਛ ਮਰਜ਼ੀ ਕਰਾ ਸਕਦਾ ਹੈ। ਡੁੱਬਦਿਆਂ ਨੂੰ ਤਾਰ ਦਿੰਦਾ ਹੈ।
ਇਸ਼ਕ ਬਿਨਾਂ ਦੁਨੀਆਂ ਨਹੀਂ ਲੱਖਾਂ ਹੀ ਖੇਡਾਂ ਖੇਡ ਲਓ।
(ਇਸ਼ਕ)

ਸੂਫ਼ੀ ਰੰਗ ਦੇ ਨਾਲ-ਨਾਲ ਕਵੀ ਦੇ ਕੋਮਲ ਮਨ ਤੇ ਗੁਰਮਤਿ ਖ਼ਾਸ ਕਰ ਬਾਬੇ ਨਾਨਕ ਦੀ ਬਾਣੀ ਦਾ ਡੂੰਘਾ ਅਸਰ ਦੇਖਣ ਨੂੰ ਮਿਲਦਾ ਹੈ। ਕਵੀ ਨੇ ਬਾਬੇ ਨਾਨਕ ਦੀ ਮਹਿਮਾ ਦਾ ਗੁਣ-ਗਾਣ ਵੀ ਕੀਤਾ ਹੈ:
ਗੁਰੂਆਂ ਦਾ ਗੁਰੂ ਬਣ ਗਿਆ ਨਾਨਕ ਗੁਰੂ ਮਹਾਨ ਜੀ
ਦੁਨੀਆਂ ਰਹੇ ਜਾਂ ਨਾ ਰਹੇ ਨਾਨਕ ਦੀ ਬਾਣੀ ਰਹੂ ਗੀ
ਦੁਨੀਆਂ ਰਹੇਗੀ ਜਦ ਤੱਕ ਗੁਰੂ ਬਾਣੀ ਧਾਰਾ ਬਹੂਗੀ
(ਨਾਨਕ)

ਜੀਵਨ ਦੀ ਸੱਚਾਈ ‘ਮੌਤ’ ਹੈ। ‘ਮੌਤ’ ਦੇ ਏਸ ਫ਼ਲਸਫ਼ੇ ਨੂੰ ਕਵੀ ਨੇ ਇੰਝ ਬਿਆਨਿਆ ਹੈ:

“ਮੌਤ ਦੀ ਇੱਕ ਝਪਟ ਤੋਂ ਕੋਈ ਜੀਵ ਨਾ ਹੈ ਬਚਿਆ
ਆਖ਼ਰ ਤੇ ਸਭ ਛੁੱਟ ਜਾਂਦਾ ਹੈ ਬੰਦਾ ਜਦੋਂ ਕਬਰੀਂ ਹੁੰਦਾ
ਜੀਵਨ ਦਾ ਇਹ ਦਸਤੂਰ ਹੈ ਸਦਾ ਰਹੇ ਕੋਈ ਥਿਰ ਨਹੀਂ
ਨਾ ਰਹਿਣਾ ਨਾ ਰਿਹਾ ਕੋਈ ਹੈ ਆਉਣਾ ਕਦੇ ਫਿਰ ਨਹੀਂ
ਜੀਉਣਾ ਇਹ ਝੂਠਾ ਮੰਨ ਲਓ ਮਰਨਾ ਹੀ ਸੱਚ ਹੁੰਦਾ ਹੈ

ਕਵੀ ਨੂੰ ਪੰਜਾਬ ਅਤੇ ਭਾਰਤ ਦੇਸ਼ ਦੇ ਇਤਿਹਾਸ ਦੀ ਹੀ ਨਹੀਂ ਸਗੋਂ ਅੰਤਰ ਰਾਸ਼ਟਰੀ ਇਤਿਹਾਸ ਦੀ ਵੀ ਖੂਬ ਜਾਣਕਾਰੀ ਹੈ। ਇਸ ਦਾ ਪਤਾ ਕਾਰੂੰ ਬਾਦਸ਼ਾਹ, ਅੰਗ੍ਰੇਜ਼ੀ ਰਾਜ, ਸਿਕੰਦਰ, ਨੀਰੋ ਬਾਦਸ਼ਾਹ, ਮਨਸੂਰ ਆਦਿਕ ਦੇ ਜ਼ਿਕਰ ਤੋਂ ਪਤਾ ਲੱਗਦਾ ਹੈ।
ਜੀਵਨ ਨੂੰ ਸੇਧ ਦੇਣ ਵਾਲੀਆਂ ਗੱਲਾਂ ਦਾ ਜ਼ਿਕਰ ਵਾਰ-ਮ-ਵਾਰ ਪੜ੍ਹਨ ਨੂੰ ਮਿਲਦਾ ਹੈ-

“ਰੱਬ ਨੂੰ ਤਾਂ ਉਹੀ ਜਾਣਦੇ
ਜੋ ਅੰਦਰ ਅਪਣੇ ਝਾਕਦੇ

ਜੋ ਬਦੀਆਂ ਦੇ ਵਿੱਚ ਫਸ ਗਏ
ਕਦੇ ਹੁੰਦਾ ਨਹੀਂ ਮਾਫ਼ ਹੈ
ਭਾਵੇਂ ਲੱਖ ਖੇਡਾਂ ਖੇਡ ਲਏ
ਹੁੰਦਾ ਅੰਤ ਨੂੰ ਇਨਸਾਫ਼ ਹੈ

ਜੋ ਦੂਸਰੇ ਨੂੰ ਲੁੱਟ ਦੇ, ਪਾਪ ਦੀ ਰੋਟੀ ਵੇਲਦੇ
ਜੋ ਦਰਦ ਨੂੰ ਪਹਿਚਾਣ ਦੇ ਉਹੀ ਦਿਲਾਂ ‘ਚ ਟਿਕਣੇ

ਇਹ ਜ਼ਿੰਦਗੀ ਰੋਣੇ ਦੀ ਨਹੀਂ ਹੱਸਣੇ ਮੁਸਕਾਉਣੇ ਦੀ ਹੈ।
ਦੁਨੀਆਂ ਦੀ ਕਾਂਵਾਂ ਰੌਲੀ ‘ਚ ਸੱਚ ਬੋਲੀਏ ਨਾ ਡੋਲੀਏ
ਸੱਚ ਝੂਠ ਦੀਆਂ ਢੇਰੀਆਂ ਇੱਕੋ ਛਾਬੇ ਨਾ ਤੋਲੀਏ

ਜੀਵਨ ਸੇਧ ਦੀਆਂ ਗੱਲਾਂ ਬਾਕਮਾਲ ਸ਼ੈਲੀ ‘ਚ ਲਿਖੀਆ ਗਈਆਂ ਹਨ। ਕਵੀ ਨੇ ਕਿਤੇ ਵੀ ਸੁਰ, ਲੈਅ, ਤਾਲ, ਤੁਕਬੰਦੀ ਨੂੰ ਨਹੀਂ ਛੱਡਿਆ। ਕਿਤਾਬ ਵਿੱਚ ਵਿਰੋਧ-ਭਾਸ਼ੀ ਸ਼ਬਦ, ਮੁਹਾਵਰਿਆਂ ਅਤੇ ਬਿੰਬਾਂ ਦੀ ਬਹੁਤਾਤ ਹੈ। ‘ਇੱਕ ਮੁੱਠੀ ਚੱਕ ਲਾ, ਦੂਜੀ ਤਿਆਰ’ ਵਾਲਾ ਹਿਸਾਬ ਹੈ।
ਜਿਵੇਂ ਕਿ –
“ਜਿਹੜੇ ਧੌਂਸ ਅਛੂਤਾਂ ਤੇ ਰੱਖਦੇ ਸੀ
ਘੂੰਡੀ ਉਨ੍ਹਾਂ ਦੀ ਦਿੱਤੀ ਮਰੋੜ ਸਾਰੀ
(ਮੁਹਾਵਰੇ)

ਸਾਨੂੰ ਜੜ੍ਹਾਂ ਨੂੰ ਲੱਭਣਾ ਚਾਹੀਦਾ ਹੈ
ਅਸੀਂ ਕਿਹੜੇ ਦਰਖ਼ਤ ਦੀਆਂ ਟਾਹਣੀਆਂ ਹਾਂ
(ਬਿੰਬ)

ਜੱਸਲ ਪਾ ਗਿਆ ਜਾਨ, ਉਹ ਮੁਰਦਿਆਂ ‘ਚ
ਤੋੜ ਦਿੱਤੇ ਗੁਲਾਮੀ ਦੇ ਸੰਗਲ……..
(ਮੁਹਵਰਾ)

ਮੱਲਾਂ ਮਾਰਨੀਆਂ, ਚੰਨ ਚਾੜ੍ਹਨਾ, ਡੀਗਾਂ ਮਾਰਨੀਆਂ, ਹੱਥ ਦਿਓ ਕੇ ਬਾਂਹ ਵੀ ਖਾ ਜਾਂਦੇ, ਚੋਰਾਂ ਤੇ ਮੋਰ, ਕਹਨੀ ਕਥਨੀ ਫ਼ਰਕ ਹੈ, ਦੋ ਮੂੰਹਾ ਇਹ ਸੰਸਾਰ, ਸੁਖ ਦੀ ਨੀਂਦ ਆਦਿਕ ਏਸੇ ਲੜੀ ’ਚ ਕੁਛ ਹੋਰ ਉਦਾਹਰਨਾਂ ਹਨ।
ਸਿੱਧੀ ਸ਼ਾਦੀ ਸ਼ੈਲੀ ਅਤੇ ਆਮ ਬੋਲ-ਚਾਲ ਦੀ ਭਾਸ਼ਾ ਵਾਲੇ ਸ਼ਬਦਾਂ ਰਾਹੀਂ ਲਿਖੀ ਡੂੰਘੀ ਗੱਲ ਪਾਠਕ ਨੂੰ ਅਪਣੇ ਵੱਲ ਕੀਲ ਲੈਣ ਦਾ ਦੰਮ ਰੱਖਦੀ ਹੈ।
“ਬਣਿਆ ਜੋ ਭਾਂਡਾ ਸਮਝ ਲਓ
ਟੁੱਟਣਾ ਜਿਵੇਂ ਕੱਚ ਹੈ।

ਜੋ ਜੱਸਲ ਫੁੱਲ ਪਹਿਚਾਣ ਗਏ
ਉਹ ਮਾਲੀ ਦੁਨੀਆ ਬਾਗ਼ ਦੇ

ਬਾਗ਼ਾਂ ਦੀ ਰਾਣੀ ਕੋਇਲ ਚੁੱਪ ਕਰਕੇ
ਕਿਤੇ ਬਹਿ ਗਈ
ਅੰਬਾਂ ਦੇ ਤੋਤੇ ਉੱਡ ਗਏ ਜਦੋਂ
ਕੁਹਾੜੀ ਪੈ ਗਈ”
ਕੁਝ ਵਿਰੋਧਭਾਸ਼ੀ ਸ਼ਬਦ ਵੀ ਸ਼ੈਲੀ ਦਾ ਸ਼ਿੰਗਾਰ ਹਨ :
ਨਪੁੰਸਗਾਂ ਸੰਗ ਇਹ ਬੈਠੀ ਰਹਿੰਦੀ
ਮਰਦ ਕਦੇ ਪਹਿਚਾਣੇ ਨਾ

ਸੱਚੀਆਂ ਸੋਚਾਂ ਚਾਨਣ ਵਰਗੀਆਂ ਦੂਰ ਕਰਨ
ਅੰਧਕਾਰ

ਮੰਦੀ ਸੋਚ ਵੀ ਚੰਗੀ ਬਣ ਜਾਊ

ਦਿਨ-ਰਾਤ ਰਹੇ ਹਨੇਰਾ ਘੁੱਪ ਭਾਵੇਂ
ਉਹਨੂੰ ਸੁੱਖ ਦੀ ਨੀਂਦ ਨਹੀਂ ਆ ਸਕਦੀ

ਫੁੱਲਾਂ ਦੀ ਸੇਜ
ਕੰਡਿਆਂ ਤੇ ਜਕੜਿਆ

ਰੋਂਦੇ ਤੇ ਨਾਲ
ਹਾਸੇ ਆ

ਝੂਠ ਹੀ ਝੂਠ ਦੇ ਲਾਰੇ ਲਾਉ
ਸੱਚ ਦੀ ਪਾਉੜੀ ਚੜਦਾ ਨਹੀਂ

ਗੁਰੂ ਰਵਿਦਾਸ ਬਾਣੀ ਨੇ ਜੀਉਣੇ ਮਰਨੇ ਦਾ ਸਬਕ ਸਿਖਾਇਆ

ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਕਿ ਉਹ ਲਿਖਾਰੀ ਧੰਨ ਅਤੇ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਲੋਕਾਈ ਦੇ ਦਰਦ ਅਤੇ ਰੱਬ ਦੇ ਨਾਂ ਨੂੰ ਦਿਲ ਵਿਚ ਵਸਾ ਕੇ ਲਿਖਦੇ ਹਨ
“ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ।”

ਸੱਚ ਨੂੰ ਬਿਆਨ ਕਰਨ ਵਾਲੀ, ਲੈਅ ਅਤੇ ਰਵਾਨੀ ਨਾਲ ਭਰੀ, ਜੀਅ-ਜਾਨ ਨਾਲ ਲਿਖੀ ਏਸ ਕਿਤਾਬ ਦਾ ਸੁਆਗਤ ਹੈ ਅਤੇ ਕਵੀ ਜੱਸਲ ਜੀ ਨੂੰ ਤਹਿ ਦਿਲੋਂ ਮੁਬਾਰਕਬਾਦ।

ਸ਼ੁਭ ਕਾਮਨਾਵਾਂ ਸਹਿਤ।

ਸੋਨੀਆਂ ਪਾਲ
ਵੁਲਵਰਹੈਂਪਟਨ, ਇੰਗਲੈਂਡ

(ਪਹਿਲੀ ਵਾਰ ਛਪਿਆ 24 ਅਪ੍ਰੈਲ 2022)

***
754

About the author

ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ

View all posts by ਸੋਨੀਆਂ ਪਾਲ, ਵੁਲਵਰਹੈਂਪਟਨ, ਇੰਗਲੈਂਡ →