ਹਾਂ ਉਹ ਸੀਨ ਬੜਾ ਦਿਲਚਸਪ ਸੀ ਜਦੋਂ ਸੁੱਖਰਾਜ ਦੀ ਵਕੀਲ ਨੇ ਸੁੱਖਰਾਜ ਉੱਤੇ ਉਸ ਦੇ ਪਤੀ ਵਲੋਂ ਲਾਏ “ਬਦਚਲਨੀ” ਦੇ ਦੂਸ਼ਨ ਨੂੰ ਗ਼ਲਤ ਸਾਬਤ ਕਰਨ ਲਈ ਉਸ ਬੰਦੇ ਨੂੰ ਕੋਰਟ ਵਿਚ ਹਾਜ਼ਰ ਹੋਣ ਦਾ ਆਰਡਰ ਲਿਆ ਜਿਸ ਦਾ ਨਾਂ ਗੁਰਜੀਤ ਸਿੰਘ ਨੇ ਆਪਣੀ ਪਟੀਸ਼ਨ ਵਿਚ ਸੁੱਖਰਾਜ ਦੇ ਨਾਂ ਨਾਲ ਜੋੜ ਕੇ ਤਲਾਕ ਦਾ ਕਾਰਣ ਦੱਸਿਆ ਸੀ। ਉਸ ਸਮੇਂ ਇਕ ਪਲ ਲਈ ਗੁਰਜੀਤ ਸਿੰਘ ਤੇ ਉਸ ਦੇ ਪਰਵਾਰ ਦਾ ਸਿੰਘਾਸਨ ਇਕ ਵਾਰ ਪੂਰਾ ਡੋਲ ਗਿਆ ਸੀ। |
ਅਦਾਲਤ ਵਿਚ ਅੱਜ ਜਿਰਹਾ ਦਾ ਚੌਥਾ ਦਿਨ ਹੈ। ਉਹ ਫਿਰ ਸਾਰੇ ਪੂਰੇ ਦਸ ਜਣੇ ਆਏ ਹਨ, ਸੁੱਖਰਾਜ ਦੇ ਖ਼ਿਲਾਫ ਇਕ ਤੋਂ ਬਾਅਦ ਇਕ ਗਵਾਹੀ ਭੁਗਤੀ ਹੈ ਉਹਨਾਂ ਨੇ, ਹੁਣ ਤਾਂ ਸਿਰਫ ਉਸਦਾ ਆਪਣਾ ਦੂਜੀ ਧਿਰ ਬਣ ਬੈਠਾ ਸ਼ੌਹਰ ਹੀ ਹੈ ਜਿਸ ਦੀ ਗਵਾਹੀ ਅਜੇ ਹੋਣੀ ਬਾਕੀ ਹੈ। ਸਭ ਤੋਂ ਪਹਿਲੀ ਗਵਾਹੀ ਉਹਦੇ ਸਹੁਰੇ ਦੀ ਇਹ ਦੱਸਣ ਲਈ ਹੋਈ ਕਿ ਉਸ ਵੀ ਮਕਾਨ ਵਿਚ ਪੈਸੇ ਕਮਾ ਕੇ ਪਾਏ ਸਨ ਇਸ ਲਈ ਉਸ ਦੇ ਪੁੱਤਰ ਤੇ ਸੁੱਖਰਾਜ ਦੇ ਪਤੀ ਦੇ ਘਰ ਵਿਚ ਉਸ ਦਾ, ਉਸ ਦੀ ਪਤਨੀ, ਅਤੇ ਉਸ ਦੇ ਦੂਜੇ ਪੁੱਤਰਾਂ ਦਾ ਵੀ ਹਿੱਸਾ ਹੈ। ਕਟਹਿਰੇ `ਚ ਆਉਂਦਿਆਂ ਸਾਰ ਹੀ ਉਸ ਹੱਥ ਜੋੜੇ ਤੇ ਸੱਚ ਬੋਲਣ ਦੀ ਸਹੁੰ ਚੁੱਕੀ ਅਤੇ ਧੀਮੀ ਆਵਾਜ਼ ਵਿਚ ਫੁਸਫੁਸਾਇਆ ਜੋ ਕਿ ਉਹ ਅਕਸਰ ਉੱਠਦਾ ਬਹਿੰਦਾ ਕਿਹਾ ਕਰਦਾ ਸੀ – “ਖ਼ਸਮ ਵਿਸਾਰੇ ਤੇ ਕਮ-ਜ਼ਾਤ।” ਭਾਵੇਂ ਸਰਕਾਰੀ ਦੋ-ਭਾਸ਼ੀਏ ਨੂੰ ਸ਼ਾਇਦ ਇਹ ਵਾਕ ਸਮਝ ਨਹੀਂ ਪਿਆ ਪਰ ਸੁੱਖਰਾਜ ਦੇ ਕੰਨਾਂ ਨੂੰ ਇਹ ਤੁਕ ਦਿਨ ਰਾਤ ਸੁਣਦੀ ਹੈ ਜਦੋਂ ਦਾ ਇਹਨਾਂ ਦਾ ਇਹ ਪਰਵਾਰਕ ਝਗੜਾ ਵਕੀਲਾਂ ਅਤੇ ਅਦਾਲਤਾਂ ਦੇ ਪੰਜਿਆਂ ਵਿਚ ਪਿੰਜਿਆ ਜਾ ਰਿਹਾ ਹੈ। ਅਦਾਲਤ ਦੇ ਕਮਰੇ ਵਿਚ ਸਾਰੇ ਬੈਠ ਚੁੱਕੇ ਹਨ। ਗਵਾਹ ਵੀ ਸਜ ਚੁੱਕੇ ਹਨ। ਸੁੱਖਰਾਜ ਪਸ਼ੇਮਾਨ ਜਿਹੀ ਹੋਈ ਕਿਸੇ ਵਿਕਟਮ ਵਰਕਰ ਦੇ ਨਾਲ ਲਿਆਂਦੀ ਗਈ ਹੈ, ਕਿਉਂਕਿ ਉਹ ਇਕੱਲੀ ਹੈ ਕਿਉਂਕਿ ਉਸ ਦੇ ਪੱਖ ਵਿਚ ਭੁਗਤਣ ਵਾਲਾ ਕੋਈ ਗਵਾਹ ਹੈ ਹੀ ਨਹੀਂ। ਅਦਾਲਤ-ਕਮਰੇ ਵਿਚ ਵੜਦਿਆਂ ਉਸ ਦੀ ਨਿਗਾਹ ਤਾਈ ਬੰਤੀ `ਤੇ ਪਈ, ਜਿਸ ਨੂੰ ਉਹ ਗਵਾਹੀ ਦੇਣ ਲਿਆਏ ਸਨ ਜਿਸ ਨੇ ਅਦਾਲਤ ਨੂੰ ਦੱਸਣਾ ਸੀ ਕਿ ਉਸ ਨੇ ਸੁੱਖਰਾਜ ਨੂੰ ਕਿੱਥੇ ਤੇ ਕੀਹਦੇ ਨਾਲ ‘ਹੱਥ ਵਿਚ ਹੱਥ ਪਾਈ’ ਦੇਖਿਆ ਸੀ ਕਿਉਂਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਣਾਉਣ ਅਤੇ ਭੰਡੀ ਕਰਨ ਵਿਚ ਕਾਫੀ ਮਾਹਿਰ ਹੈ, ਅਤੇ ਲੋਕ, ਆਪਣੇ ਝਗੜਿਆਂ ਵਿਚ ਉਸ ਨੂੰ ਅਕਸਰ ਗਵਾਹੀ ਲਈ ਭਾੜੇ `ਤੇ ਲੈ ਜਾਂਦੇ ਹਨ। ਸੁੱਖਰਾਜ ਆ ਗਈ। ਗੁੱਜਰ ਨੂੰ ਮਿੱਲ ਵਿਚ ਪੱਕੀ ਨੌਕਰੀ ਮਿਲੀ ਹੋਈ ਸੀ ਜਾਨ ਤੋੜ ਕੇ ਚੰਗੇ ਪੈਸੇ ਕਮਾਉਂਦਾ ਸੀ ਅਤੇ ਸੁੱਖਰਾਜ ਵੀ ਆਉਂਦੀ ਨੂੰ ਕਿਸੇ ਗ੍ਰੀਨ ਹਾਊਸ ਵਿਚ ਕੰਮ ਮਿਲ ਗਿਆ। ਉਸ ਨੂੰ ਤਾਂ ਜਾਪੇ ਜਿਵੇਂ ਕੋਈ ਸਵਰਗ ਲੱਭ ਪਿਆ ਹੋਵੇ। ਸੁੱਖਰਾਜ ਅਤੇ ਉਹਦਾ ਪਤੀ – ਦੋਨੋਂ ਦਿਨ ਰਾਤ ਮਿਹਨਤ ਕਰਨ ਲੱਗੇ। ਪੈਸਾ ਆਉਣ ਲੱਗਿਆ। ਦੋ ਸਾਲਾਂ ਵਿਚ ਵਿਚ ਗੁੱਜਰ ਨੇ ਆਪਣੇ ਮਾਪਿਆਂ ਅਤੇ ਨਾਲ ਦੋ ਭਰਾਵਾਂ ਤੇ ਦੋ ਭੈਣਾਂ ਨੂੰ ਸਪੌਂਸਰ ਕਰ ਲਿਆ। ਉੱਧਰ ਉਹਨਾਂ ਦੀ ਅਰਜ਼ੀ ਨਿਕਲਣ ਦੀ ਆਸ ਬੱਝੀ ਇੱਧਰ ਸੁੱਖਰਾਜ ਆਸਵੰਦ ਹੋ ਗਈ। ਜ਼ਿੰਦਗ਼ੀ ਬਹੁਤ ਹੀ ਖ਼ੁਸ਼ੀ ਖ਼ੁਸ਼ੀ ਲੰਘ ਰਹੀ ਸੀ। ਪਰ ਔਰਤ ਦੇ ਦਿਲ ਨੂੰ ਸਦਾ ਹੀ ਇਹ ਤੌਖ਼ਲਾ, ਇਕ ਧੁੜਕੂ ਲੱਗਾ ਰਹਿੰਦਾ ਹੈ ਕਿ ਕਿਤੇ ਇਹ ਖ਼ੁਸ਼ੀ ਛਲਾਵਾ ਨਾ ਹੋਵੇ, ਕਿਤੇ ਇਹ ਖ਼ੁਸ਼ੀ ਛਿਣ-ਭੰਗਰੀ ਨਾ ਹੋਵੇ। ਫਿਰ ਦੋ ਸਾਲਾਂ ਦੇ ਵਕਫੇ ਵਿਚ ਉਹਨਾਂ ਦੇ ਦੋ ਬੇਟੇ ਹੋ ਗਏ| ਉਹਨਾਂ ਮਿਹਨਤ ਕਰਕੇ ਇਕ ਛੋਟਾ ਜਿਹਾ ਘਰ ਵੀ ਲੈ ਲਿਆ। ਸਮਾਂ ਉੱਡਦਾ ਜਾ ਰਿਹਾ ਸੀ ਤੇ ਉਹ ਦਿਨ ਵੀ ਆ ਗਿਆ ਜਦੋਂ ਸੁੱਖਰਾਜ ਦੇ ਸੱਸ-ਸਹੁਰਾ, ਦੋ ਦਿਓਰ ਤੇ ਦੋ ਨਨਾਣਾਂ ਵੀ ਕੈਨੇਡਾ ਦੀ ਧਰਤੀ `ਤੇ ਆ ਉੱਤਰੇ। ਗੁੱਜਰ ਨੂੰ ਬਹੁਤ ਹੀ ਚਾਅ ਸੀ ਉਹ ਘੜੀ ਮੁੜੀ ਸੁੱਖਰਾਜ ਨੂੰ ਜੱਫੀ ਪਾਉਂਦਾ ਤੇ ਕਹਿੰਦਾ “ਹੁਣ ਤੇਰਾ ਕੰਮ ਤਾਂ ਸੌਖਾ ਹੋ ਜਾਊ, ਬੇਬੇ ਸਾਂਭੂ ਬੱਚਿਆਂ ਨੂੰ ਤੇ ਤੂੰ ਫਿਰ ਤੋਂ ਕੰਮ ਤੇ ਚਲੀ ਜਾਈਂ।” ਏਨੇ ਨੂੰ ਅਦਾਲਤ ਦੇ ਸ਼ੈਰਫ਼ ਨੇ ਕਿਹਾ, “ਆਲ ਰਾਈਜ਼” ਇਹ ਉਹ ਵਾਕ ਹੈ ਜੋ ਜੱਜ ਸਾਹਿਬ ਦੇ ਅਦਾਲਤ ਵਿਚ ਪਧਾਰਨ ਉੱਤੇ ਉਸ ਦੇ ਸਨਮਾਣ ਵਿਚ ਸਾਰਿਆਂ ਨੂੰ ਖੜ੍ਹੇ ਹੋ ਜਾਣ ਲਈ ਕਿਹਾ ਜਾਂਦਾ ਹੈ। ਸਾਰੇ ਇਕ ਦਮ ਉੱਠ ਕੇ ਖੜੋ ਗਏ, ਏਨੇ ਨੂੰ ਦੋ ਗੋਰੀਆਂ ਹੱਸਦੀਆ ਹੱਸਦੀਆਂ ਕੋਰਟ ਦੇ ਭਾਰੇ ਭਾਰੇ ਦਰਵਾਜ਼ੇ ਖੋਹਲ ਕੇ ਅੰਦਰ ਆ ਵੜੀਆਂ ਤੇ ਉਹਨਾਂ ਵਿਚੋਂ ਇਕ ਗੁੱਜਰ ਦੇ ਨਾਲ ਜਾ ਕੇ ਬੈਠ ਗਈ ਤੇ ਦੂਸਰੀ ਗੁੱਜਰ ਦੇ ਛੋਟੇ ਭਰਾ ਹਰਨਾਮ ਨਾਲ ਜਾ ਬੈਠੀ। ਸਮਾਂ ਬਹੁਤ ਹੀ ਕਰਵਟਾਂ ਲੈਂਦਾ ਹੈ ਤੇ ਅਗਲੇ ਮੋੜ ਦਾ ਕਦੀ ਵੀ ਪਤਾ ਨਹੀਂ ਦਿੰਦਾ ਕਿ ਅੱਗੋਂ ਕੀ ਹੋਣ ਵਾਲਾ ਹੈ। ਤਿੰਨ ਕੁ ਸਾਲ ਲੰਘੇ ਹੋਣੇ ਐ ਇੰਨੇ ਵਿਚ ਸੁੱਖਰਾਜ ਦੇ ਵੱਡੇ ਦਿਓਰ ਦੀ ਵਹੁਟੀ ਵੀ ਆ ਗਈ। ਨਨਾਣਾਂ ਜੋ ਬਾਈ–ਬਾਈ ਸਾਲ ਦੀਆਂ ਜੌੜੀਆਂ ਸਨ ਨੂੰ ਵੀ ਵਿਆਹੁਣ ਦੀ ਗੱਲ ਪਹਿਲਾਂ ਹੀ ਇੰਡੀਆ ਚੱਲ ਰਹੀ ਸੀ। ਜਿੱਥੇ ਖਰਚੇ ਵਧ ਗਏ ਸਨ ਉੱਥੇ ਘਰ ਦੇ ਜੀਅ ਵੀ ਹੋਰ ਕਮਾਉਣ ਵਾਲੇ ਵਧ ਗਏ ਸਨ। ਸਾਰੇ ਖਰਚੇ ਸਮੇਂ ਸਮੇਂ ਪੂਰੇ ਹੁੰਦੇ ਗਏ ਪਰ ਘਰ ਦੀ ਮੋਰਟਗੇਜ, ਬਿੱਲ ਬੱਤੀਆਂ ਤੇ ਗਰੌਸਰੀ ਆਦਿ ਦਾ ਖਰਚਾ ਗੁੱਜਰ ਹੀ ਕਰਦਾ ਰਿਹਾ। ਹੌਲੀ ਹੌਲੀ ਸਮਾਂ ਹੋਰ ਕਰਵਟ ਲੈਣ ਲਗਾ – ਛੋਟਾ ਦਿਓਰ ਪੜ੍ਹਨ ਤਾਂ ਜਾਂਦਾ ਸੀ, ਨਾਲ ਹੀ ਉਸ ਇਕ-ਦੋ ਗੋਰੀਆਂ ਵੀ ਸਹੇਲੀਆਂ ਬਣਾ ਲਈਆਂ। ਪਹਿਲਾਂ ਤਾਂ ਰਾਤ ਰਾਤ ਬਾਹਰ ਰਹਿਣ ਲੱਗਿਆ ਪਰ ਜਦੋਂ ਗੁੱਜਰ ਅਤੇ ਉਹਦੇ ਬਾਪੂ ਨੇ ਉਸ ਨੂੰ ਬਿਠਾਲ ਕੇ ਚੰਗੀ ਤਰ੍ਹਾਂ ਸਮਝਾਇਆ ਤੇ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਬਹੁਤ ਰਾਤ ਗਏ ਤੱਕ ਬਾਹਰ ਨਾ ਰਿਹਾ ਕਰੇ ਸਮਾਂ ਚੰਗਾ ਨਹੀਂ। ਹਾਂ, ਉਹਦੇ ਦੋਸਤ ਉਹ ਘਰ ਵੀ ਕਦੀ ਕਦੀ ਬੁਲਾ ਸਕਦਾ ਹੈ, ਤਾਂ ਉਹ ਕੁਝ ਕੁ ਹਟਿਆ ਸੀ। ਸਮਾਂ ਲੰਘਦਾ ਗਿਆ ਘਰ ਵਿਚ ਸਾਰਿਆਂ ਦੀ ਕਮਾਈ ਦੇ ਐਨੇ ਕੁ ਪੈਸੇ ਆਉਣ ਲੱਗ ਪਏ ਕਿ ਇਕ ਦਿਨ ਗੁੱਜਰ ਅਤੇ ਬਾਪੂ ਨੇ ਇਕ ਪੰਜ ਕੁ ਏਕੜ ਬਲੂ-ਬੇਰੀ ਫਾਰਮ ਦਾ ਸੌਦਾ ਕਰ ਲਿਆ, ਜੋ ਘਰ ਤੋਂ ਥੋੜ੍ਹੀ ਕੁ ਦੂਰ ਸੀ ਤੇ ਜਿਸ ਵਿਚ ਇਕ ਪੁਰਾਣਾ ਫਾਰਮ-ਹਾਊਸ ਬਣਿਆ ਹੋਇਆ ਸੀ, ਜੋ ਭਾਵੇਂ ਰਿਹਾਇਸ਼ ਕਰਨ ਯੋਗ ਤਾਂ ਨਹੀਂ ਸੀ ਪਰ ਸੁੱਖਰਾਜ ਦੇ ਸੱਸ-ਸਹੁਰਾ ਇਹੀ ਰੱਟ ਲਾਈ ਜਾ ਰਹੇ ਸਨ ਕਿ ਕੱਲ੍ਹ ਨੂੰ ਜਵਾਈਆਂ ਨੇ ਆਉਣਾ ਹੈ, ਉਸ ਪੁਰਾਣੇ ਘਰ ਦੀ ਚੰਗੀ ਤਰ੍ਹਾਂ ਮੁਰੰਮਤ ਕਰਕੇ ਰਿਹਾਇਸ਼ ਯੋਗ ਬਣਾ ਕੇ ਉਹ ਉੱਥੇ ਚਲੇ ਜਾਣਗੇ। ਬਸ ਸਭ ਕੁਝ ਹੀ ਬਦਲ ਗਿਆ ਸਾਰੇ ਫਾਰਮ ਵਿਚ ਕੰਮ ਕਰਨ ਲੱਗੇ। ਪਰ ਗੁੱਜਰ ਨੇ ਮਿੱਲ ਦੀ ਨੌਕਰੀ ਨਾ ਛੱਡੀ ਤੇ ਨਾ ਹੀ ਸੱਖਰਾਜ ਨੇ ਆਪਣੀ ਗ੍ਰੀਨ ਹਾਊਸ ਦੀ। ਹਾਂ ਸ਼ਾਮ ਨੂੰ ਅਤੇ ਛੁੱਟੀਆਂ ਵਿਚ ਸਾਰੇ ਹੀ ਫਾਰਮ ਵਿਚ ਕੰਮ ਕਰਦੇ। ਦੋਹਾਂ ਕੁੜੀਆਂ ਦੇ ਵਿਆਹ ਕਰਨ ਜਾਣਾ ਸੀ ਸੋ ਸਾਰਿਆਂ ਦਬੱਲ ਕੇ ਮਿਹਨਤ ਕੀਤੀ ਤੇ ਉਸ ਸਾਲ ਬੇਰੀ ਬਹੁਤ ਭਰਵੀਂ ਹੋਈ ਜਿਸ ਤੋਂ ਫਾਰਮ ਦੇ ਸਾਰੇ ਖਰਚੇ ਕੱਢ ਕੇ ਏਨੇ ਕੁ ਪੈਸੇ ਬਣ ਗਏ ਕਿ ਉਹ ਸਾਰੇ ਇੰਡੀਆ ਜਾ ਕੇ ਕੁੜੀਆਂ ਦੇ ਵਿਆਹ ਕਰ ਆਉਂਦੇ। ਸੁੱਖਰਾਜ ਦੇ ਦਿਮਾਗ਼ ਵਿਚ ਬੀਤੇ ਦੀਆਂ ਘਟਨਾਵਾਂ ਦੀ ਜਿਵੇਂ ਰੀਲ ਚੱਲ ਰਹੀ ਸੀ ਉਸ ਨੂੰ ਰਹਿ ਰਹਿ ਕੇ ਸੋਚ ਆਉਂਦੀ ਆਖ਼ਰ ਇਸ ਸਾਰੇ ਸਮੇਂ ਵਿਚ ਉਸ ਤੋਂ ਕੀ ਖੁLਨਾਮੀ ਹੋ ਗਈ ਸੀ ਕਿ ਅੱਜ ਉਸ ਨੂੰ ਕੋਰਟਾਂ ਦੇ ਧੱਕੇ ਖਾਣੇ ਪੈ ਰਹੇ ਸਨ| ਦੋਹਾਂ ਧਿਰਾਂ ਦੇ ਵਕੀਲ ਹੁਣ ਜੱਜ ਦੇ ਸਾਹਮਣੇ ਤਣੇ ਖੜ੍ਹੇ ਸਨ। ਅੱਜ ਦੀ ਕਾਰਵਾਈ ਦੀ ਸੁਣਵਾਈ ਦੀ ਕੀ ਅਨੁਸੂਚੀ ਸੀ ਇਸ ਦਾ ਪਤਾ ਲਾਉਣ ਲਈ ਜੱਜ ਨੇ ਦੋਹਾਂ ਧਿਰਾਂ ਦੇ ਵਕੀਲਾਂ ਨੂੰ ਮਾਮਲਾ ਅਗਾਂਹ ਤੋਰਨ ਲਈ ਕਿਹਾ। ਹੁਣ ਅਗਲੀ ਗਵਾਹੀ ਉਸ ਦੇ ਪਤੀ ਗੁਰਜੀਤ ਸਿੰਘ ਉਰਫ ਗੁੱਜਰ Lਦੀ ਸੀ। ਸੁੱਖਰਾਜ ਦੀਆ ਅੱਖਾਂ ਚੋਂ ਪਰਲ ਪਰਲ ਹੰਝੂ ਵਹਿ ਤੁਰੇ ਤੇ ਉਸ ਦੇ ਨਾਲ ਬੈਠੀ ਵਰਕਰ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਦਿਲਾਸਾ ਦੇਣਾ ਚਾਹਿਆ। ਗਵਾਹੀ ਅਜੇ ਸ਼ੁਰੂ ਹੀ ਨਹੀਂ ਸੀ ਹੋਈ ਕਿ ਜੱਜ ਨੇ ਵਕੀਲਾਂ ਤੋਂ ਪੁੱਛਿਆ ਕਿ ਜੇ ਉਹ ਅਜੇ ਵੀ ਚਾਹੁਣ ਤਾਂ ਅਦਾਲਤ ਦੇ ਬਾਹਰ ਇਹ ਮਾਮਲਾ ਸੁਲਝਾ ਸਕਦੇ ਹਨ ਤੇ ਜੇ ਉਹਨਾਂ ਨੂੰ ਸੋਚਣ ਦਾ ਵਕਤ ਚਾਹੀਦਾ ਹੈ ਤਾਂ ਅਦਾਲਤ ਵੀਹ ਮਿੰਟ ਲਈ ਬਰਖ਼ਾਸਤ ਕੀਤੀ ਜਾਂਦੀ ਹੈ; ਇਹ ਕਹਿ ਕੇ ਜੱਜ ਉੱਠ ਗਿਆ। ਹੁਣ ਦੋਹਾਂ ਧਿਰਾਂ ਦੇ ਵਕੀਲਾਂ ਨੇ ਇਕ ਦੂਜੇ ਨਾਲ ਗੱਲ ਕਰਕੇ ਦੇਖਣੀ ਸੀ ਜੇ ਕਿਸੇ ਸਮਝੌਤੇ ਤੇ ਪਹੁੰਚਿਆ ਜਾ ਸਕਦਾ। ਸੋ ਸਾਰੇ ਅਦਾਲਤ ਕਮਰੇ ਚੋਂ ਬਾਹਰ ਜਾਣ ਲਗੇ। ਜਦੋਂ ਸੁੱਖਰਾਜ ਤੇ ਉਹਦੇ ਨਾਲ ਦੀ ਵਰਕਰ ਉੱਠ ਕੇ ਜਾਣ ਲੱਗੀਆਂ ਤਾਂ ਕੋਲੋਂ ਦੀ ਲੰਘਦੇ ਗੁੱਜਰ ਨੇ ਨਹੋਰਾ ਮਾਰਿਆ, “ਅਜੇ ਵੀ ਕੁਝ ਨਹੀਂ ਗਵਾਚਾ ਬਦਕਾਰੇ, ਕਸੂਰ ਮੰਨ ਕੇ ਪੈਰੀਂ ਪੈ ਜਾਂਦੀ ਇੱਥੋਂ ਤੱਕ ਮਾਮਲਾ ਜਾਣਾ ਹੀ ਨਹੀਂ ਸੀ।” ਸੁੱਖਰਾਜ ਠਠੰਬਰ ਕੇ ਪਿਛਾਂਹ ਹਟ ਗਈ ਅਤੇ ਕੋਲੋਂ ਜਦੋਂ ਸਹੁਰਾ ਲੰਘਣ ਲੱਗਾ ਤਾਂ ਉਸ ਕਿਹਾ, “ਚਲ, ਚਲ ਪੁੱਤਰ ਫੇਰ ਫਸਾਦ ਪਊਗਾ –ਤੈਨੂੰ ਪਤਾ ਤਾਂ ਹੈ ‘ਖਸਮ ਵਿਸਾਰੇ ਤੇ ਕਮ-ਜ਼ਾਤ’, ਉਸ ਨੇ ਜ਼ਰਾ ਦੰਦਾਂ ਵਿਚ ਚੱਬ ਕੇ ਕਿਹਾ, “Lਅਸੀਂ ਨਹੀਂ ਹੁਣ ਵਸਾਉਣੀ।” ਸੁੱਖਰਾਜ ਨੂੰ ਜਾਪਿਆ ਉਹ ਗਸ਼ ਖਾ ਕੇ ਡਿੱਗ ਪਏਗੀ। ਪਰ ਉਹ ਛੇਤੀ ਹੀ ਸੰਭਲ ਗਈ ਇਹ ਤਾਂ ਉਹਨਾਂ ਦੀਆਂ ਅਜਿਹੀਆਂ ਦੂਸ਼ਨਬਾਜ਼ੀਆਂ ਤਾਂ ਉਹ ਪਿਛਲੇ ਤਿੰਨਾਂ ਸਾਲਾਂ ਤੋਂ ਸੁਣਦੀ ਆ ਰਹੀ ਸੀ ਜਦੋਂ ਉਹ ਦਸਾਂ ਸਾਲਾਂ ਪਿੱਛੋਂ ਗਰਭਵਤੀ ਹੋ ਗਈ ਸੀ। ਕਿਉਂਕਿ ਉਹ ਆਪਣੇ ਪਤੀ ਨੂੰ ਉਹਦੇ ਭਰਾ ਦੇ ਨਾਲ ਲੱਗੀਆਂ ਗੋਰੀਆਂ ਫ੍ਰੈਂਡਾਂ ਦੀ ਤੇ ਮਿੱਲ ਵਿਚ ਲੱਗੀ ਡਰੱਗ ਦੀ ਲਤ ਰੋਕਣ ਲਈ ਪਤੀ ਨੂੰ ਨੇੜੇ ਲਿਆਉਂਦੀ ਲਿਆਉਂਦੀ ਦਸ ਸਾਲਾਂ ਮਗਰੋਂ ਫਿਰ ਆਸਵੰਦ ਹੋ ਗਈ ਸੀ ਤੇ ਇਸ ਵਾਰ ਬੇਬੀ-ਰਾਣੀ ਨੂੰ ਜਨਮ ਦਿੱਤਾ ਸੀ। ਉਦੋਂ ਤੋਂ ਹੀ ਜਿਵੇਂ ਸਾਰੇ ਟੱਬਰ ਨੂੰ ਲੜਨ ਲਈ ਕੋਈ ਮੁੱਦਾ ਲੱਭ ਪਿਆ ਸੀ ਜਾਂ ਆਪਣੇ ਐਬ ਲੁਕਾਉਣ ਲਈ ਕੋਈ ਟੂਲ ਮਿਲ ਗਿਆ ਹੋਵੇ। ਉਹ ਉਸ ਦਿਨ ਤੋਂ ਹੀ ਸੁੱਖਰਾਜ ਨੂੰ ਬਦਚਲਣ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਵਿਸ਼ੇਸ਼ਣਾਂ ਨਾਲ ਨਿਵਾਜ ਰਹੇ ਸਨ। ਅਖ਼ੀਰ ਮਾਮਲਾ ਛੱਡ-ਛਡਾਈ ਤੇ ਆ ਗਿਆ। ਹੁਣ ਤਲਾਕ ਤਾਂ ਪੱਕਾ ਹੀ ਸੀ ਪਰ ਹੁਣ ਗੁੱਜਰ ਅਤੇ ਉਹਦਾ ਪਰਵਾਰ ਸੁੱਖਰਾਜ ਨੂੰ ਘਰ ਜਾਇਦਾਦ ਵਿਚੋਂ ਵੀ ਕੌਡੀ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹ ਇਸ ਧਾਰਨਾ ਦੇ ਪੱਕੇ ਹਨ ਕਿ ਪਤਨੀ ਉੱਤੇ ਬਦਚਲਣੀ ਦੇ ਦੂਸ਼ਣ ਨਾਲ ਤਲਾਕ ਸੌਖਾ ਹੋ ਜਾਊ ਨਾਲੇ ਕੋਈ ਪੈਸਾ ਨਹੀਂ ਦੇਣਾ ਪਊ, ਤੇ ਉਂਜ ਵੀ ਉਹ ਮੰਨਦੇ ਹਨ ਕਿ ਅਜਿਹੀ ਔਰਤ ਨਾ ਬੱਚੇ ਰੱਖਣ ਦੇ ਕਾਬਲ ਹੈ ਅਤੇ ਨਾ ਹੀ ਕਿਸੇ ਪੈਸੇ ਦੀ ਹੱਕਦਾਰ ਹੈ। ਇਸ ਲਈ ਸਾਰਾ ਟੱਬਰ ਅਦਾਲਤ ਵਿਚ ਸੁੱਖਰਾਜ ਦੇ ਵਿਰੁੱਧ ਬੜੇ ਜ਼ੋਰ-ਸ਼ੋਰ ਨਾਲ ਵਧਾਅ ਚੜ੍ਹਾਅ ਕੇ ਭੁਗਤ ਰਿਹਾ ਹੈ। ਬਾਹਰ ਆ ਕੇ ਬਰਾਂਡੇ ਵਿਚ ਸਾਰੇ ਖੜੋ ਗਏ। ਸੁੱਖਰਾਜ ਨੇ ਆਪਣੇ ਵਕੀਲ ਨੂੰ ਗੁੱਜਰ ਦੀ ਹਰਕਤ ਤੋਂ ਜਾਣੂ ਕਰਵਾਇਆ। ਦੋਹਾਂ ਵਕੀਲਾਂ ਨੇ ਆਪਣੇ ਆਪਣੇ ਕਲਾਇੰਟ ਨਾਲ ਗੱਲ ਕਰਕੇ ਇਹ ਫੈਸਲਾ ਕੀਤਾ ਕਿ ਅਦਾਲਤ ਤੋਂ ਬਾਹਰ ਹੀ ਮਾਮਲਾ ਸੈਟਲ ਕਰ ਲਿਆ ਜਾਵੇ। ਸਾਢੇ ਗਿਆਰਾਂ ਵਜੇ ਦੇ ਕਰੀਬ ਜਦੋਂ ਅਦਾਲਤ ਦੀ ਬੈਠਕ ਮੁੜ ਲੱਗੀ ਤੇ ਜੱਜ ਬੈਠ ਗਿਆ ਤਾਂ ਦੋਹਾਂ ਧਿਰਾਂ ਦੇ ਵਕੀਲਾਂ ਨੇ ਜੱਜ ਨੂੰ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਕਿ ਉਹਨਾਂ ਦੇ ਕਲਾਇੰਟ ਅਦਾਲਤ ਤੋਂ ਬਾਹਰ ਹੀ ਮਾਮਲਾ ਸੁਲਝਾਉਣਾ ਚਾਹੁੰਦੇ ਹਨ। ਕੇਸ ਉਸ ਸਮੇਂ ਤੱਕ ਬਰਖਾਸਤ ਕਰ ਦਿੱਤਾ ਗਿਆ ਜਦੋਂ ਤੱਕ ਦੋਨੋਂ ਧਿਰਾਂ ਕੋਈ ਫੈਸਲਾ ਕਰਕੇ ਮੁੜ ਕੋਰਟ ਵਿਚ ਹਾਜ਼ਰ ਨਹੀਂ ਹੁੰਦੀਆਂ। ਸੁੱਖਰਾਜ ਇਸ ਜ਼ਹਿਰ ਨੂੰ ਹੁਣ ਨਹੀਂ ਨਿਗਲ ਸਕਦੀ ਸੀ ਕਿ ਐਨੀ ਵੱਡੀ ਤੁਹਮਤ ਲਾ ਕੇ ਸਾਰੀ ਬਰਾਦਰੀ ਵਿਚ ਬਦਨਾਮੀ ਦਾ ਕਾਲਾ ਟਿੱਕਾ ਉਹਦੇ ਮੱਥੇ ਲਾ ਕੇ ਉਹ ਇਸ ਗੱਲ ਨੂੰ ਹੁਣ ਚੁੱਪ ਚਾਪ ਠੱਪ ਕਰਨਾ ਚਾਹੁੰਦੇ ਹਨ ਤਾਂ ਜੋ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦਾ ਕਦੇ ਮੌਕਾ ਹੀ ਨਾ ਮਿਲੇ। ਉਸ ਦਾ ਦਿਲ ਨਾ ਮੰਨਿਆ, ਉਹ ਜੱਜ ਦੇ ਸਾਹਮਣੇ ਜਾ ਕੇ ਚੀਖ਼ ਚੀਖ ਕੇ ਦੱਸਣਾ ਚਾਹੁੰਦੀ ਸੀ ਇਕ ਇਹ ਇਲਜ਼ਾਮ ਸਰਾਸਰ ਝੂਠਾ ਤੇ ਫਰੇਬੀ ਹੈ। ਉਸ ਦੇ ਸੱਸ-ਸਹੁਰਾ ਹੁਣ ਲਾਲਚ ਵੱਸ ਗੁਰਜੀਤ ਦਾ ਵਿਆਹ ਇੰਡੀਆ ਜਾ ਕੇ ਕਰਨਾ ਚਾਹੁੰਦੇ ਹਨ ਕਿਉਂਕਿ ਕਨੇਡਾ ਦੇ ਬਿੱਲੇ ਨਾਲ ਉਹ ਪਹਿਲਾਂ ਹੀ ਉਹਦੇ ਦਿਓਰ ਹਰਨਾਮ ਦੇ ਵਿਆਹ ਵਿਚ ਦਸ ਲੱਖ ਰੁਪਿਆ ਕੁੜੀ ਵਾਲਿਆਂ ਤੋਂ ਬਟੋਰ ਚੁੱਕੇ ਸਨ। …ਤੇ ਹਰਨਾਮ, ਦੇਸੋਂ ਆਈ ਨਵੀਂ ਵਹੁਟੀ ਨੂੰ ਏਅਰਪੋਰਟ ਤੇ ਲੈਣ ਗਿਆ ਵੀ ਗੋਰੀ ਸਹੇਲੀ ਨੂੰ ਨਾਲ ਲੈ ਕੇ ਗਿਆ ਸੀ ਜਿਸ ਦਾ ਸਾਥ ਉਹਨੇ ਅਜੇ ਵੀ ਨਹੀਂ ਸੀ ਛੱਡਿਆ। …ਤੇ ਨਵੀਂ ਨਵੇਲੀ ਬਹੂ ਦਿਨਾਂ ਵਿਚ ਹੀ ਹੇਰਵੇ, ਝੋਰੇ ਤੇ ਇਕੱਲਤਾ ਵਿਚ ਬੁਸ ਗਈ ਸੀ। ਸੁੱਖਰਾਜ ਨੇ ਆਪਣੀ ਵਰਕਰ ਨਾਲ ਦਿਲ ਦਾ ਤੌਖਲਾ ਸਾਂਝਾ ਕੀਤਾ ਤੇ ਉਸ ਨੇ ਉਸ ਨੂੰ ਸੁਝਾ ਦਿੱਤਾ ਕਿ ਉਹ ਆਪਣੇ ਵਕੀਲ ਨਾਲ ਜ਼ੋਰਦਾਰ ਸ਼ਬਦਾਂ ਵਿਚ ਗੱਲ ਕਰੇ ਤੇ ਕਹੇ ਕਿ ਉਹ ਕੋਰਟ ਵਿਚ ਹੀ ਆਪਣਾ ਪੱਖ ਪੇਸ਼ ਕਰਕੇ ਹੀ ਮਾਮਲਾ ਨਿਪਟਾਉਣਾ ਚਾਹੁੰਦੀ ਹੈ। ਸੁੱਖਰਾਜ ਨੇ ਆਪਣੇ ਵਕੀਲ ਨੂੰ ਬਥੇਰਾ ਕਿਹਾ ਕਿ ਉਹ ਕਿਸੇ “ਬਿਕਰ ਸਿੰਘ” ਨੂੰ ਨਹੀਂ ਜਾਣਦੀ ਜਿਸ ਦੇ ਨਾਂ ਨਾਲ ਉਸ ਦਾ ਨਾਮ ਜੋੜ ਕੇ ਨਾ ਸਿਰਫ ਬਦਨਾਮ ਕੀਤਾ ਜਾ ਰਿਹਾ ਹੈ ਸਗੋਂ ਉਸ ਦਾ ਨਾਂ ਉਸ ਦੇ ਪਤੀ ਨੇ ਤਲਾਕ ਦੀ ਪਟੀਸ਼ਨ ਵਿਚ ਵੀ ਲਿਖਾਇਆ ਹੈ – ਤੇ ਤਲਾਕ ਦਾ ਕਾਰਣ ਬਦਚਲਣੀ ਲਿਖਿਆ ਹੈ। ਪਰ ਸੁੱਖਰਾਜ ਦੇ ਵਕੀਲ ਨੇ ਉਲਟਾ ਉਸ ਨੂੰ ਪੁੱਛਿਆ ਕਿ ਜੇ ਕੋਰਟ ਵਿਚ ਵਾਪਸ ਜਾਂਦੇ ਹਾਂ ਤਾਂ ਕੀ ਉਸ ਕੋਲ ਕੋਈ ਸਬੂਤ ਹੈ ਕਿ ਉਸ ਦੇ “ਬਿਕਰ ਸਿੰਘ” ਨਾਲ ਕੋਈ ਸੰਬੰਧ ਨਹੀਂ ਸਨ। ਉਸ ਨੂੰ ਲੱਗਿਆ ਉਸ ਦਾ ਵਕੀਲ ਹੀ ਜਦ ਉਸ ਤੇ ਯਕੀਨ ਨਹੀਂ ਕਰ ਰਿਹਾ ਤਾਂ ਉਹ ਕੀ ਕਰ ਸਕਦੀ ਹੈ। ਉਂਝ ਵੀ ਵਕੀਲ ਦਾ ਕਹਿਣਾ ਹੈ ਕਿ “ਮਾਮਲਾ ਤੇ ਹੁਣ ਉਹ ਨਿਬੇੜਨਾ ਹੀ ਚਾਹੁੰਦੇ ਨੇ ਬਣਦਾ ਤੇਰਾ ਅੱਠਵਾਂ ਹਿੱਸਾ ਤੇ ਬੱਚਿਆਂ ਦਾ ਅੱਧਾ ਖਰਚਾ ਦੁਆ ਰਿਹਾ ਹੈ, ਹੋਰ ਕੀ ਚਾਹੀਦਾ ਹੈ?” ਪਰ ਸੁੱਖਰਾਜ ਦੀ ਗੱਲ ਵਕੀਲ ਸੁਣ ਹੀ ਨਹੀਂ ਰਿਹਾ। ਉਹ ਕਹਿੰਦੀ ਹੈ, ਕਿ ਉਹ ਬਦਨਾਮੀ ਦੇ ਦਾਗ਼ ਨਾਲ ਨਹੀਂ ਜਿਉਣਾ ਚਾਹੁੰਦੀ ਉਹ ਬੱਚਿਆਂ ਨੂੰ ਕੀ ਦੱਸੇਗੀ। ਉਸ ਦਾ ਪਤੀ ਤਾਂ ਇਸ ਬਿਨਾਅ ਤੇ ਉਸ ਦੇ ਬੱਚੇ ਵੀ ਖੋਹਣ ਨੂੰ ਜ਼ੋਰ ਲਾ ਰਿਹਾ ਹੈ। ਆਖ਼ਿਰ ਦੋਹਾਂ ਵਕੀਲ਼ਾਂ ਨੇ ਆਹਮੋ-ਸਾਹਮਣੇ ਬੈਠ ਕੇ ਦੋਹਾਂ ਧਿਰਾਂ ਦੀਆ ਸ਼ਰਤਾਂ ਉੱਤੇ ਸਮਝੌਤਾ ਕਰਨ ਲਈ ਸਮਾਂ ਮਿੱਥ ਲਿਆ। ਸੁੱਖਰਾਜ ਦਾ ਹੌਸਲਾ ਜੋ ਪਹਿਲਾਂ ਹੀ ਪਸਤ ਹੋ ਚੁੱਕਾ ਹੋਇਆ ਸੀ ਹੁਣ ਹਿੰਮਤ ਹਾਰਦੀ ਲੱਗਦੀ ਸੀ, ਸੋਚਦੀ ਕਿ ਉਹ ਇਸ ਮੀਟਿੰਗ ਵਿਚ ਉਹਨਾਂ ਦਾ ਸਾਹਮਣਾ ਕਿਵੇਂ ਕਰੇਗੀ। ਰੋਂਦੀ ਰਹੀ ਸੱਚ ਦੀ ਆਵਾਜ਼ ਜੋ ਅੰਦਰੋਂ ਉਸ ਦੇ ਆ ਰਹੀ ਸੀ ਉਸ ਨੂੰ ਬਾਰ ਬਾਰ ਕਹਿ ਰਹੀ ਸੀ ਕਿ “ਜਿਸ ਦਾ ਦੁਨੀਆ ਤੇ ਨਹੀਂ ਕੋਈ ਬਣਿਆ ਉਸ ਦਾ ਰੱਬ ਗਵਾਹ ਬਣਦਾ ਹੈ, ਸੱਚ ਹੈ ਤੇਰੇ ਅੰਦਰ ਇਹ ਤੇਰਾ ਸਾਰਥੀ ਹੈ।” -ਮੈਂ ਗੁਰਜੀਤ ਸਿੰਘ ਆਪਣੀ ਪਤਨੀ ਸੁੱਖਰਾਜ ਕੌਰ ਨੂੰ ਕਿਸੇ ਗ਼ੈਰ-ਮਰਦ ਨਾਲ ਨਾਜਾਇਜ਼ ਸੰਬੰਧ ਰੱਖਣ ਕਰਕੇ ਬਦਚਲਣੀ ਦੇ ਆਧਾਰ ਤੇ ਤਲਾਕ ਦਿੰਦਾ ਹਾਂ। ਇਸ ਵਿਚ ਹੇਠਾਂ ਲਿਖੀਆਂ ਸ਼ਰਤਾਂ ਨਾਲ ਸੈਟਲਮੈਂਟ ਕੀਤੀ ਗਈ ਹੈ: -ਸਿਰਫ ਦੋ ਬੱਚਿਆਂ (ਦੋਨੋਂ ਮੁੰਡਿਆਂ) ਦੀ ਕਸਟੱਡੀ ਸਾਂਝੀ ਹੈ ਇਸ ਕਰਕੇ ਉਹਨਾਂ ਦੀ ਦੇਖਭਾਲ ਦਾ ਅੱਧਾ ਸਮਾਂ ਬੱਚੇ ਮੇਰੇ ਕੋਲ ਰਹਿਣਗੇ ਅੱਧਾ ਸਮਾਂ ਆਪਣੀ ਮਾਂ ਕੋਲ, ਇਸ ਲਈ ਬੱਚਿਆਂ ਦਾ ਖਰਚਾ ਵੀ ਅੱਧਾ ਦਿੱਤਾ ਜਾਏਗਾ। -ਤੀਸਰਾ ਬੱਚਾ (ਬੇਬੀ-ਰਾਣੀ) ਮੇਰਾ ਨਹੀਂ ਇਸ ਲਈ ਉਸ ਦਾ ਖਰਚਾ ਨਾ ਹੀ ਮੈਂ ਦਿਆਂਗਾ ਨਾ ਹੀ ਮੈਂ ਉਸ ਨੂੰ ਰੱਖਾਂਗਾ। ਜਦ ਗੁਰਜੀਤ ਦਾ ਵਕੀਲ ਉਸ ਦਾ ਐਫੀਡੇਵਿਟ ਪੜ੍ਹ ਰਿਹਾ ਸੀ, ਸੁੱਖਰਾਜ ਦਾ ਦਿਲ ਕਰ ਰਿਹਾ ਸੀ ਕਿ ਧਰਤੀ ਇੱਥੇ ਹੀ ਪਾਟ ਜਾਏ ਤੇ ਉਹ ਇਸ ਵਿਚ ਬਿਨਾਂ ਮੂੰਹ ਖੋਹਲਿਆਂ ਸਮਾਅ ਜਾਏ, ਪਰ ਅਜਿਹਾ ਨਾ ਹੋਣਾ ਸੀ ਨਾ ਹੋਇਆ। ਉਸ ਨੂੰ ਇਹ ਸੁਣਨਾ ਹੀ ਪੈਣਾ ਸੀ ਪਰ ਲੱਖ ਕੋਸ਼ਸ਼ ਕਰਨ `ਤੇ ਵੀ ਉਹ ਆਪਣੇ ਅੱਥਰੂ ਨਾ ਰੋਕ ਸਕੀ। ਏਨੇ ਨੂੰ ਸੁੱਖਰਾਜ ਦੇ ਵਕੀਲ ਨੇ ਜਿਵੇਂ ਬੜੀ ਤ੍ਰਿਸਕਾਰ ਭਰੀ ਨਜ਼ਰ ਨਾਲ ਉਸ ਵਲ ਦੇਖ ਕੇ ਪੁੱਛਿਆ –“ਸ਼੍ਰੀਮਤੀ ਸੁੱਖਰਾਜ ਕੌਰ, ਕੀ ਤੁਹਾਨੂੰ ਸਰਦਾਰ ਗੁਰਜੀਤ ਸਿੰਘ ਵਲੋਂ ਪੇਸ਼ ਕੀਤੀਆਂ ਸ਼ਰਤਾਂ ਮਨਜ਼ੂਰ ਹਨ?” ਸੁੱਖਰਾਜ ਦਾ ਹਟਕੋਰਾ ਨਿਕਲ ਗਿਆ ਤੇ ਹੰਝੂਆਂ ਨੂੰ ਰੋਕਦਿਆਂ ਬੋਲੀ – “ਵਕੀਲ ਸਾਹਿਬ ਇਹ ਸਰਾਸਰ ਝੂਠ ਹੈ- ਐਨਾ ਝੂਠ ਬੋਲ ਕੇ ਬੰਦਾ ਕਿਵੇਂ ਆਪਣੀ ਜ਼ਮੀਰ ਅੱਗੇ ਖੜੋ ਸਕਦਾ ਹੈ? ਜੇ ਮੈਂ ਪਾਪ ਕੀਤਾ ਹੈ ਤਾਂ ਇਸ ਪਾਪ ਦਾ ਬੋਝ ਲੈ ਕੇ ਮੈਂ ਕਿਵੇਂ ਜਿਉਂ ਸਕਾਂਗੀ?” – ਸੁੱਖਰਾਜ ਨੇ ਆਪਣੇ ਸਾਰੇ ਅੱਥਰੂ ਪੂੰਝ ਲਏ ਜਿਵੇਂ ਸੱਚ ਦਾ ਸੂਰਜ ਉਸ ਵਿਚ ਉਦੇ ਹੁੰਦਾ ਜਾ ਰਿਹਾ ਹੋਵੇ, ਉਸ ਦਾ ਚਿਹਰਾ ਭਖਣ ਲੱਗਾ ਤੇ ਉਸ ਦੀਆਂ ਅੱਖਾਂ ਅੱਗੋਂ ਉਸ ਦੇ ਪਤੀ ਤੇ ਉਸ ਦੇ ਮਾਪਿਆਂ ਦਾ ਪਿਛਲੇ ਕਈ ਸਾਲਾਂ ਦੇ ਤੇ ਖਾਸ ਕਰਕੇ ਪਿਛਲੇ ਤਿੰਨ ਸਾਲ ਵਿਚ ਢਾਏ ਜ਼ੁਲਮ, ਦੁਰਵਿਵਹਾਰ, ਧੋਖੇਬਾਜ਼ੀ ਤੇ ਚਲਾਕੀਆਂ ਦੀਆਂ ਘਟਨਾਵਾਂ ਖਾਸ ਕਰਕੇ ਫਾਰਮ-ਹਾਊਸ ਵਿਚ ਗੋਰੀਆਂ ਨਾਲ ਬਿਤਾਈਆ ਰਾਤਾਂ ਤੇ ਉਸ ਦੇ ਰੋਕਣ ਤੇ ਖਾਧੀ ਠੁੱਡਿਆਂ ਦੀ ਮਾਰ ਦੀ ਤਸਵੀਰ ਲੰਘਣ ਲੱਗੀ। ਉਹ ਰੋਹ ਵਿਚ ਕੰਬਣ ਲਗੀ ਪਰ ਠਰੰਮੇ ਨਾਲ ਬੋਲੀ: “ਮੇਰਾ ਬਾਬਾ ਬੜਾ ਹੀ ਧਰਮਾਤਮਾ ਬੰਦਾ ਸੀ ਕਹਿੰਦਾ ਹੁੰਦਾ ਸੀ – ਝੂਠ ਦੇ ਪੈਰ ਨਹੀਂ ਹੁੰਦੇ। ਚੁਗ਼ਲੀ ਜ਼ੁਬਾਨ ਦਾ ਕੋਹੜ ਹੈ ਜਿਸ ਤੋਂ ਫਿਸਲ ਕੇ ਜ਼ਹਿਨ ਦਾ ਗੰਦ ਬੰਦਾ ਉਗਲਦਾ ਹੈ, ਉਹ ਜ਼ੁਬਾਨ ਸੜ ਜਾਂਦੀ ਹੈ ਵਕੀਲ ਸਾਹਬ! ਇਹ ਬੰਦੇ ਆਪਣੇ ਬਦਫੈਲੀਆਂ ਵਾਲੇ ਕਿਰਦਾਰਾਂ ਨੂੰ ਲੁਕਾਉਣ ਲਈ ਮੈਨੂੰ ਬਦਚਲਣ ਤੇ ਬਦਕਾਰ ਦਾ ਰੁਤਬਾ ਅਪਨਾਉਣ ਲਈ ਕਹਿ ਰਹੇ ਹਨ, ਮੈਨੂੰ ਮਨਜ਼ੂਰ ਨਹੀਂ! ਇਹ ਮੈਨੂੰ ਤਲਾਕ ਦੇ ਕੇ ਇੰਡੀਆ ਜਾ ਕੇ ਮੁੰਡੇ ਦੀ ਬੋਲੀ ਲਾਉਣਾ ਚਾਹੁੰਦੇ ਨੇ ਕਰ ਲੈਣ ਪਰ ਤਲਾਕ ਦਾ ਜੋ ਕਾਰਣ ਇਹਨਾਂ ਦੱਸਿਆ ਹੈ ਮੈਨੂੰ ਉਸ `ਤੇ ਇਤਰਾਜ਼ ਹੈ, ਇਸ ਦਾ ਨਿਤਾਰਾ ਹੁਣ ਕੋਰਟ ਵਿਚ ਹੀ ਹੋਊ” । ਸੁੱਖਰਾਜ ਅਜੇ ਕੁਝ ਅੱਗੋਂ ਕਹਿੰਦੀ ਉਸ ਦਾ ਵਕੀਲ ਉਸ ਨੂੰ ਟੋਕ ਕੇ ਝੱਟਪਟ ਬੋਲ ਪਿਆ: “ਮਿਸਿਜ਼ ਸੁੱਖਰਾਜ ਕੌਰ, ਜੇ ਕੋਰਟ ਵਿਚ ਜਾਂਦੇ ਹਾਂ ਤਾਂ ਕੀ ਤੇਰੇ ਕੋਲ ਕੋਈ ਗਵਾਹ ਜਾਂ ਸਬੂਤ ਹੈ ਜੋ ਤੇਰੇ ਚਰਿੱਤਰ ਦੀ ਸ਼ਾਹਦੀ ਭਰੇਗਾ?” ਗੁੱਜਰ, ਉਹਦਾ ਭਰਾ ਤੇ ਉਹਨਾਂ ਦਾ ਬਾਪ ਮੁੱਛਾਂ ਵਿਚ ਹੱਸ ਪਏ ਤੇ ਸਹੁਰਾ ਤੇ ਇਹ ਕਹਿੰਦਾ ਲੱਗਿਆ “ਖ਼ਸਮ ਵਿਸਾਰੇ ਤੇ ਕਮ-ਜ਼ਾਤ”। ਸੁੱਖਰਾਜ ਉਸੇ ਰੋਹ ਵਿਚ ਬੋਲੀ, “ਹਾਂ, ਹੈ। ਮੇਰਾ ਵਾਹਿਗੁਰੂ, ਮੇਰਾ ਪਰਵਰਦਿਗਾਰ! ਆਪ ਸੱਚੇ ਪਾਤਸ਼ਾਹ! ਸਿਰਫ ਰੱਬ ਹੀ ਗਵਾਹ ਹੈ।” ਇਸ ਤੋਂ ਪਹਿਲਾਂ ਕਿ ਸੁੱਖਰਾਜ ਭਾਵਕ ਹੋ ਕੇ ਰੋ ਪੈਂਦੀ ਉਹ ਛੇਤੀ ਨਾਲ ਆਪਣਾ ਬੈਗ ਸੰਭਾਲਦੀ ਉੱਠ ਖੜ੍ਹੀ ਹੋਈ। ਉਸ ਦੇ ਮਨ ਵਿਚ ਖਲਬਲੀ ਮੱਚ ਉੱਠੀ ਸੀ ਉਸ ਦਾ ਵਕੀਲ ਹੀ ਉਸ ਦੇ ਖ਼ਿਲਾਫ ਹੋ ਗਿਆ ਸੀ ਉਹ ਕਰ ਵੀ ਕੀ ਸਕਦੀ ਸੀ। ਤੇਜ਼ੀ ਨਾਲ ਕਮਰੇ `ਚੋਂ ਬਾਹਰ ਜਾਂਦੀ ਆਪਣੇ ਵਕੀਲ ਨੂੰ ਕਹਿਣ ਲਗੀ “ਜਿੰਨੀ ਦੇਰ ਤਲਾਕ ਦੇ ਕਾਰਣ ਦਾ ਨਿਤਾਰਾ ਨਹੀਂ ਹੁੰਦਾ ਅੱਗੋਂ ਸੈਟਲਮੈਂਟ ਨਹੀਂ ਹੋ ਸਕਦੀ – ਤੇ ਤੁਹਾਡੀ ਇੰਨੀ ਸਮਰਥਾ ਨਹੀਂ। ਇਸ ਲਈ ਮੈਨੂੰ ਤੁਹਾਡੀ ਅਜਿਹੀ ਸੇਵਾ ਦੀ ਵੀ ਕੋਈ ਲੋੜ ਨਹੀਂ।” ਤੇ ਉਹ ਹਨੇਰੀ ਵਾਂਗ ਕਮਰੇ ਚੋਂ ਬਾਹਰ ਆ ਗਈ ਮਗਰੇ ਹੀ ਉਸ ਦੇ ਨਾਲ ਦੀ ਵਰਕਰ ਵੀ। ਐਲੀਵੇਟਰ ਤੋਂ ਥੱਲੇ ਆ ਕੇ ਪਾਰਕਿੰਗ ਲਾਟ ਵਿਚ ਸਾਹ ਲਿਆ। ਉਸ ਦੀ ਵਰਕਰ ਉਸ ਨੂੰ ਪੁੱਛ ਰਹੀ ਸੀ ਕਿ ਉਹ ਠੀਕ ਤਾਂ ਸੀ। ਸੁੱਖਰਾਜ ਨੂੰ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਉਸ ਦੀ ਨਸ ਨਸ `ਚੋਂ ਜਿਵੇਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ, ਉਸ ਨੇ ਹੌਲੀ ਜਿਹੀ ਉਸ ਵਰਕਰ ਨੂੰ ਸ਼ੁਕਰੀਆ ਕਿਹਾ ਤੇ ਆਪਣੀ ਕਾਰ ਵਿਚ ਆ ਬੈਠੀ। ਉਸ ਦੇ ਝੂਠੇ ਫਰੇਬੀ ਪਤੀ ਵਲੋਂ ਲਾਏ ਦੂਸ਼ਣਾਂ ਅਤੇ ਆਪਣੀ ਬੱਚੀ ਬੇਬੀ-ਰਾਣੀ ਨੂੰ ਆਪਣੀ ਬੱਚੀ ਮੰਨਣ ਤੋਂ ਇਨਕਾਰ ਕਰਨ ਤੇ ਤ੍ਰਹਿ ਗਈ ਸੀ। ਉਸ ਦੇ ਮਨ ਵਿਚ ਕਾਹਲ ਸੀ। ਕੋਈ ਰਸਤਾ ਦਿਖਾਈ ਨਹੀਂ ਸੀ ਦੇ ਰਿਹਾ। ਉਹ ਉਸੇ ਹਾਲਤ ਵਿਚ ਕੁਝ ਮਿੰਟ ਕਾਰ ਦੀ ਡਰਾਈਵਰ ਸੀਟ ਤੇ ਬੈਲਟ ਲਾ ਕੇ ਬੈਠੀ ਰਹੀ, ਉਸ ਦੀ ਸੋਚ ਹਰ ਪਾਸੇ ਦੌੜ ਰਹੀ ਸੀ, ਏਨੇ ਨੂੰ ਉਸ ਦੀ ਵਰਕਰ ਇਹ ਕਹਿੰਦੀ ਉਸ ਦੀ ਕਾਰ ਦਾ ਪਸਿੰਜਰ ਪਾਸੇ ਦਾ ਦਰਵਾਜ਼ਾ ਖੋਹਲ ਕੇ ਸੁੱਖਰਾਜ ਦੇ ਨਾਲ ਆ ਬੈਠੀ, ਕਿ ਉਹ ਉਸ ਨੂੰ ਇਸ ਹਾਲਤ ਵਿਚ ਇਕੱਲਿਆਂ ਨਹੀਂ ਗੱਡੀ ਚਲਾਉਣ ਦੇ ਸਕਦੀ। ਵਰਕਰ ਸੁੱਖਰਾਜ ਨਾਲ ਹਮਦਰਦਰੀ ਜਾਹਰ ਕਰਦੀ ਬੋਲੀ ਕਿ ਉਹ ਹੌਂਸਲਾ ਕਰੇ ਕੋਈ ਨਾ ਕੋਈ ਹੱਲ ਲੱਭ ਪਏਗਾ। ਫਿਰ ਵਰਕਰ ਨੇ ਪੁੱਛਿਆ, “ ਤੂੰ ਬੇਬੀ-ਰਾਣੀ ਦੇ ਅਸਲ ਪਿਤਾ ਦਾ ਸਹੀ ਸਹੀ ਪਤਾ ਲਾਉਣ ਲਈ “ਡੀ ਐਨ ਏ” ਟੈਸਟ ਕਿਉਂ ਨਹੀਂ ਕਰਵਾ ਲੈਂਦੀ!” ਸੁੱਖਰਾਜ ਨੂੰ ਲੱਗਾ ਜਿਵੇਂ ਇਕ ਦਮ ਉਸ ਦੇ ਮਸਤਕ ਵਿਚ ਕੋਈ ਬਲਬ ਜਗ ਪਿਆ ਹੋਵੇ। ਪਰ ਉਹ ਹੈਰਾਨੀ ਭਰੀਆਂ ਅੱਖਾਂ ਨਾਲ ਉਸ ਵਰਕਰ ਵਲ ਦੇਖ ਕੇ ਬੋਲੀ, “ਸੋ ਤੂੰ ਵੀ ਇਹੋ ਸਮਝਦੀ ਹੈਂ ਨਾ ਜੋ ਦੂਸਰੇ ਸਮਝਦੇ ਹਨ? ਪਲੀਜ਼ ਤੂੰ ਇੱਥੋਂ ਚਲੀ ਜਾ, ਮੈਨੂੰ ਰਹਿਣ ਦੇ ਮੇਰੇ ਹਾਲ ਤੇ”।… …ਤੇ ਉਸ ਦੀਆਂ ਅੱਖਾਂ ਫਿਰ ਭਰ ਆਈਆਂ, ਉਹ ਦੂਸਰੇ ਪਾਸੇ ਮੂੰਹ ਕਰਕੇ ਬੈਠ ਗਈ। ਵਰਕਰ ਉਸ ਨੂੰ “ਬਾਏ” ਕਹਿ ਕੇ ਚੁੱਪ ਚਾਪ ਕਾਰ ‘ਚੋਂ ਉੱਠ ਕੇ ਚਲੀ ਗਈ। ਸੁੱਖਰਾਜ ਨੇ ਕਾਰ ਸਟਾਰਟ ਕੀਤੀ ਤੇ ਘਰ ਵਲ ਤੁਰ ਪਈ। ਸੋਚਾਂ ਵਿਚ ਡੁੱਬੀ ਨੂੰ ਅਚਾਨਕ ਅੱਠ-ਦਸ ਸਾਲ ਪਹਿਲਾਂ ਉਸ ਦੀ ਇਕ ਫ੍ਰੈਂਡ ਕੁਲਵੰਤ ਨਾਲ ਵਾਪਰੀ ਘਟਨਾ ਚੇਤੇ ਆ ਗਈ – ਉਸ ਨਾਲ ਵੀ ਤਾਂ ਇਹੀ ਵਾਪਰੀ ਸੀ। ਸੁੱਖਰਾਜ ਨੇ ਕਾਰ ਸਟਾਰਟ ਕਰ ਲਈ ਤੇ ਉੱਥੋਂ ਤੁਰ ਪਈ – ਕੁਲਵੰਤ ਆਪਣੇ ਪਤੀ ਦੀ ਕੁੱਟ-ਮਾਰ ਹੱਥੋਂ ਤੰਗ ਆਕੇ ਜਦੋਂ ਘਰ ਛੱਡ ਕੇ ਗਈ ਸੀ ਉਹ ਉਦੋਂ ਤਿੰਨ ਮਹੀਨੇ ਦੀ ਗਰਭਵਤੀ ਸੀ ਅਤੇ ਪਾਸੇ ਜਾ ਕੇ ਦੋਹਾਂ ਬੱਚਿਆਂ ਨਾਲ ਬੇਸਮੈਂਟ ਲੈ ਕੇ ਰਹਿਣ ਲੱਗ ਪਈ ਸੀ। ਛੇ ਮਹੀਨੇ ਪਿੱਛੋਂ ਜਦ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ ਤਾਂ ਸਾਰੇ ਰਿਸ਼ਤੇਦਾਰਾਂ, ਭਾਈਚਾਰੇ ਵਿਚ ਖਬਰ ਫੈਲ ਗਈ ਸੀ ਕਿ ਉਸਦੇ ਪਹਿਲਾਂ ਹੀ ਕਿਸੇ ਨਾਲ ਸੰਬੰਧ ਸਨ ਇਸੇ ਲਈ ਉਹ ਆਪਣੇ ਪਤੀ ਨੂੰ ਛੱਡ ਕੇ ਗਈ ਸੀ। ਤਿੰਨ ਵੱਜ ਗਏ ਸਨ, ਤੇ ਬੱਚਿਆਂ ਦੇ ਸਕੂਲੋਂ ਆਉਣ ਦਾ ਵੇਲਾ ਹੋ ਗਿਆ ਸੀ ਇਸ ਤੋਂ ਪਹਿਲਾਂ ਉਸ ਨੇ ਬੇਬੀ-ਰਾਣੀ ਨੂੰ ਵੀ ਬੇਬੀ ਸਿਟਰ ਦਿਓਂ ਚੁੱਕਣਾ ਸੀ। ਇਸ ਲਈ ਸੁੱਖਰਾਜ ਤੇਜ਼ੀ ਨਾਲ ਕਾਰ ਚਲਾਉਣ ਲੱਗੀ। ਘਰ ਆ ਗਈ ਬੇਬੀ ਕਾਰ ਸੀਟ ਵਿਚ ਸੌਂ ਗਈ ਸੀ ਉਸ ਨੂੰ ਕਰਿਬ ਵਿਚ ਪਾ ਕੇ ਸੁੱਖਰਾਜ ਨੂੰ ਬੱਚਿਆਂ ਲਈ ਕੁਝ ਖਾਣ ਲਈ ਬਣਾਉਣ ਦੀ ਚਿੰਤਾ ਨੇ ਉਸ ਦੀ ਸੋਚ ਨੂੰ ਤੋੜਿਆ। ਉਹ ਕਿਚਨ ਵਿਚ ਆ ਗਈ ਤੇ ਕੁਝ ਮਿੰਟਾਂ ਲਈ ਉੱਥੇ ਹੀ ਸਿਰ ਫੜ ਕੇ ਭੁੰਝੇ ਬੈਠ ਗਈ – ਸ਼ਾਇਦ ਚੱਕਰ ਆ ਗਿਆ ਸੀ। ਕੁਝ ਮਿੰਟਾਂ ਪਿੱਛੋਂ ਉੱਠੀ, ਸਿੰਕ ਵਿਚ ਟੂਟੀ ਦਾ ਠੰਡਾ ਪਾਣੀ ਛੱਡਿਆ, ਪਹਿਲਾਂ ਗਲਾਸ ਭਰ ਕੇ ਪੀਤਾ ਫਿਰ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ। ਇਕ ਪਲ ਅੱਜ ਦੀਆਂ ਘਟਨਾਵਾਂ ਦੀ ਸੋਚ ਉਸ ਛੰਡਣੀ ਚਾਹੀ ਪਰ ਇਕ ਪਛਤਾਵੇ ਦਾ ਭਾਵ ਉਸ ਨੂੰ ਦੋਸ਼ੀ ਬਣਾਉਣ ਲੱਗਿਆ – ਸੋਚਦੀ ਮੁੱਕ ਜਾਂਦਾ ਨਿੱਬੜ ਜਾਂਦਾ ਅੱਜ ਤਾਂ ਕਿੰਨਾ ਚੰਗਾ ਹੁੰਦਾ, ਦੋ ਸਾਲਾਂ ਤੋਂ ਇਹੀ ਘੈਂਸ ਘੈਂਸ ਸੁਣ ਸੁਣ ਕੇ ਉਸ ਦਾ ਮਨ ਅੱਕ ਗਿਆ ਸੀ। ਉਸ ਦਾ ਦਿਲ ਜ਼ੋਰ ਜ਼ੋਰ ਦੀ ਧੜਕਨ ਲੱਗ ਪੈਂਦਾ ਜਦੋਂ ਉਹ ਇਸ ਸਾਰੇ ਕਾਸੇ ਬਾਰੇ ਸੋਚਦੀ। ਉਂਜ ਤਾਂ ਉਹਦਾ ਪਤੀ ਅਕਸਰ ਬੇਟੀ ਨੂੰ ਆਪਣੀ ਮੰਨਦਾ ਹੀ ਨਹੀਂ ਸੀ ਤੇ ਉਹ ਦੋਨੋਂ ਅਕਸਰ ਝਗੜਾ ਕਰਕੇ ਗੱਲ ਉਰੇ ਪਰੇ ਕਰ ਛੱਡਦੇ ਸਨ। ਪਰ ਅੱਜ ਜਦੋਂ ਗੁੱਜਰ ਨੇ ਸਾਰਿਆਂ ਦੇ ਸਾਹਮਣੇ ਵਕੀਲ਼ਾਂ ਦੀ ਹਾਜ਼ਰੀ ਵਿਚ ਬੇਬੀ-ਰਾਣੀ ਨੂੰ ਆਪਣੀ ਮੰਨਣ ਤੋਂ ਇਨਕਾਰ ਕੀਤਾ ਤਾਂ ਸੁੱਖਰਾਜ ਦੇ ਸੱਤੀਂ ਕਪੜੀਂ ਅੱਗ ਲੱਗ ਗਈ, ਜਿਸ ਦਾ ਸੇਕ ਉਸ ਵਿਚੋਂ ਅਜੇ ਵੀ ਆ ਰਿਹਾ ਸੀ। ਪਹਿਲਾਂ ਤਾਂ ਉਹ ਹਾਸੇ ਨਾਲ ਹਾਸਾ ਹੀ ਸਮਝਦੀ ਰਹੀ ਸੀ ਕਿਉਂਕਿ ਗੁੱਜਰ ਨੂੰ ਵੀ ਤਾਂ ਉਹ ਗੋਰੀਆਂ ਦਾ ਤਾਹਨਾ ਦੇਂਦੀ ਰਹਿੰਦੀ ਸੀ। ਪਰ ਅੱਜ ਮਾਮਲਾ ਗੰਭੀਰ ਤੇ ਠੋਸ ਹੋ ਗਿਆ ਸੀ। ਉਹ ਆਪਣੀ ਸਹੇਲੀ ਕੁਲਵੰਤ ਦੇ ਕੇਸ ਬਾਰੇ ਸੋਚਣੋਂ ਨਾ ਰਹਿ ਸਕੀ ਤੇ ਹੈਰਾਨ ਸੀ ਕਿ ਉਸ ਨੇ ਫਿਰ ਕੀ ਕੀਤਾ ਸੀ। ਉਸ ਦੇ ਅੰਦਰ ਕੁਲਵੰਤ ਨਾਲ ਗੱਲ ਕਰਕੇ ਆਪਣੀ ਸਥਿਤੀ ਦੱਸਣ ਦਾ ਮਨ ਕਰ ਆਇਆ। ਬੱਚਿਆਂ ਲਈ ਸੈਂਡਵਿੱਚਾਂ ਬਣਾ ਕੇ ਹਟੀ ਸੀ ਕਿ ਦੋਨੋਂ ਬੱਚੇ ਆ ਗਏ ਤੇ ਆਉਂਦਿਆਂ ਹੀ ਲੱਗੇ ਰੀਮੋਟ ਪਿੱਛੇ ਘੁਲਣ। ਸੁੱਖਰਾਜ ਨੇ ਦੋਹਾਂ ਨੂੰ ਇਕ ਦਬਕਾ ਮਾਰਦਿਆਂ ਕਿਹਾ ਕਿ ਪਹਿਲਾਂ ਹੱਥ-ਮੂੰਹ ਧੋ ਕੇ ਆਪਣੀਆਂ ਸੈਂਡਵਿੱਚਾਂ ਖਾਣ, ਫਿਰ ਟੀਵੀ ਦੇਖਣ। ਸੁੱਖਰਾਜ ਨੇ ਆਪਣੀ ਇਕ ਪੁਰਾਣੀ ਡਾਇਰੀ ਵਿਚੋਂ ਕੁਲਵੰਤ ਦਾ ਫੋਨ ਨੰਬਰ ਲੱਭ ਲਿਆ ਤੇ ਉਸ ਨੂੰ ਫੋਨ ਘੁਮਾ ਦਿੱਤਾ। ਅੱਗੋਂ ਕਿਸੇ ਆਦਮੀ ਦੀ ਆਵਾਜ਼ ਪੁੱਛ ਰਹੀ ਸੀ, – “ਹੈਲੋ, ਕੋਣ? ਉਹ ਕੰਮ ਤੇ ਗਏ ਹੋਏ ਨੇ ਪੰਜ ਵਜੇ ਤੋਂ ਪਿੱਛੋਂ ਫੋਨ ਕਰ ਲਿਓ।” ਤੇ ਉਸ ਆਦਮੀ ਨੇ ਫੋਨ ਰੱਖ ਦਿੱਤਾ। ਸੁੱਖਰਾਜ ਹੈਰਾਨ ਹੋਈ ਕਿ ਇਹ ਬੰਦਾ ਉਹ ਤਾਂ ਹੋ ਨਹੀਂ ਸਕਦਾ ਜਿਸ ਕਰਕੇ ਕੁਲਵੰਤ ਘਰੋਂ ਗਈ ਸੀ… ਹੋ ਸਕਦਾ ਹੈ ਕੁਲਵੰਤ ਨੇ ਹੋਰ ਵਿਆਹ ਕਰਵਾ ਲਿਆ ਹੋਵੇ… ਸਾਰੇ ਬੰਦੇ ਤਾਂ ਮਾੜੇ ਨਹੀਂ ਨਾ ਹੁੰਦੇ… ਕਿਸਮਤ ਨਾਲ ਚੰਗਾ ਬੰਦਾ ਵੀ ਤਾਂ ਮਿਲ ਸਕਦਾ ਹੈ। ਇਸ ਨਾਲ ਸੁੱਖਰਾਜ ਦੀ ਜਿਗਿਆਸਾ ਜਾਗ ਪਈ ਇਹ ਜਾਨਣ ਲਈ ਉਹ ਉਤਾਵਲੀ ਹੋ ਗਈ ਕਿ ਸ਼ਾਇਦ ਉਸ ਦੇ ਦੁੱਖਾਂ ਦੇ ਅੰਤ ਲਈ ਕੋਈ ਹੱਲ ਮਿਲ ਜਾਏ। ਬੱਚੇ ਆਪਣੀਆ ਸੈਂਡਵਿੱਚਾਂ ਲੈ ਕੇ ਟੀਵੀ ਤੇ ਕਾਰਟੂਨ ਦੇਖਣ ਬੈਠ ਗਏ ਸਨ, ਬੇਬੀ-ਰਾਣੀ ਅਜੇ ਸੁੱਤੀ ਹੋਈ ਸੀ। ਸੁੱਖਰਾਜ ਨੂੰ ਜਾਪਿਆ ਕਿ ਉਸ ਨੂੰ ਸਾਰਾ ਕੰਮ ਛੇਤੀ ਛੇਤੀ ਮੁਕਾ ਲੈਣਾ ਚਾਹੀਦਾ ਹੈ ਕਿਉਂਕਿ ਉਹ ਪੰਜ ਵਜੇ ਤੋਂ ਪਿੱਛੋਂ ਕੁਲਵੰਤ ਨਾਲ ਫੋਨ `ਤੇ ਲੰਬੀ ਗੱਲਬਾਤ ਕਰਕੇ ਕਿਸੇ ਨਤੀਜੇ `ਤੇ ਪਹੁੰਚਣਾ ਚਾਹੁੰਦੀ ਸੀ। ਸ਼ਾਮ ਦੇ ਖਾਣੇ ਦਾ ਓਹੜ-ਪੋਹੜ ਕਰਦੀ ਨੂੰ ਪੰਜ ਵੱਜ ਗਏ। ਸੁੱਖਰਾਜ ਨੇ ਫੇਰ ਕੁਲਵੰਤ ਦਾ ਫੋਨ ਘੁੰਮਾਇਆ, ਅੱਗੋਂ ਉਸੇ ਬੰਦੇ ਨੇ ਚੁੱਕਿਆ ਤੇ ਉਸ ਨੇ ਇਹ ਕਹਿ ਕੇ, ‘ਲਓ ਜੀ ਇਕ ਮਿੰਟ, ਉਹਨਾਂ ਨੂੰ ਫੜਾਉਨਾ,” ਫੋਨ ਰੱਖ ਦਿੱਤਾ। ਕੁਝ ਸੈਕਿੰਟਾਂ ਪਿੱਛੋਂ ਕੁਲਵੰਤ ਫੋਨ ਤੇ ਹੈਲੋ ਕਹਿ ਰਹੀ ਸੀ। “ਹੈਲੋ, ਕੁਲਵੰਤ ਮੈਂ ਸੁੱਖਰਾਜ ਬੋਲ ਰਹੀ ਹਾਂ।” “ਹਾਂ, ਸੁੱਖਰਾਜ ਕੀ ਹਾਲ ਹੈ, ਜੁਗੜੇ ਹੋ ਗਏ ਤੇਰੇ ਨਾਲ ਗੱਲ ਕੀਤੀ ਨੂੰ, ਸੁਣਾ ਸਭ ਕੁਝ ਠੀਕ ਠਾਕ ਤਾਂ ਹੈ!” “ਹਾਂ, ਠੀਕ ਠਾਕ ਹੀ ਐ। ਕੁਝ ਰੁਝੇਵੇਂ ਕੁਝ ਘਰ ਦੀਆਂ ਮਜ਼ਬੂਰੀਆਂ, ਬਸ, ਫੋਨ ਹੀ ਨਹੀਂ ਕਰ ਹੋਇਆ… ਸਭ ਪਾਸਿਆਂ ਤੋਂ ਟੁੱਟ ਗਈ ਹਾਂ… “ ਤੇ ਕਹਿੰਦਿਆਂ ਸੁੱਖਰਾਜ ਦਾ ਗੱਚ ਭਰ ਆਇਆ ਜੋ ਕੁਲਵੰਤ ਨੇ ਵੀ ਮਹਿਸੂਸ ਕਰ ਲਿਆ ਤੇ ਉਹ ਬਹੁਤ ਹਲੀਮੀ ਨਾਲ ਬੋਲੀ, “ਕੀ ਗੱਲ ਹੋ ਗਈ ਸੁੱਖੀ, ਤੂੰ ਤਾਂ ਏਨੀ ਭਰੀ ਪਈ ਐਂ, ਦੱਸ ਜੇ ਕੁਝ ਮੈਂ ਕਰ ਸਕਾਂ!” “ਕਿੱਥੋਂ ਸ਼ੁਰੂ ਕਰਾਂ, ਬਹੁਤ ਹੀ ਲੰਮੀ ਚੌੜੀ ਹੈ ਕਹਾਣੀ ਤੇ ਸ਼ਾਇਦ ਔਰਤ ਦੀ ਕਹਾਣੀ ਇਸੇ ਤਰ੍ਹਾਂ ਲੰਮੀ ਚੌੜੀ ਹੋ ਜਾਂਦੀ ਹੈ… “ ਸੁੱਖਰਾਜ ਕੁਝ ਸੰਭਲੀ ਫਿਰ ਗਲ਼ਾ ਖੰਘੂਰ ਕੇ ਬੋਲੀ, – “ਕੇਸ ਕੋਰਟ ਵਿਚ ਚਲਾ ਗਿਆ ਹੈ – ਤੈਨੂੰ ਪਤਾ ਈ ਐ ਬੰਦਿਆਂ ਦਾ। ਆਹ ਤਿੰਨ ਕੁ ਸਾਲ ਹੋਏ ਸਾਡੀ ਬੇਟੀ ਕੋਈ ਦਸਾਂ ਸਾਲਾਂ ਪਿੱਛੋਂ ਹੋ ਗਈ, ਅਸੀਂ ਬਹੁਤਾ ਦੱਸਿਆ ਵੀ ਨਹੀਂ ਉਂਜ ਹੀ ਸ਼ਰਮ ਆਉਂਦੀ ਸੀ ਕਿ ਪਹਿਲੇ ਦੋ ਬੱਚੇ ਪਲੇ ਪਲਾਏ ਸਨ ਹੁਣ ਬੁੱਢੇ ਵਾਰੇ ਇਹਨਾਂ ਨੂੰ ਹੋਰ ਬੱਚਾ ਲੈਣ ਦੀ ਕੀ ਲੋੜ ਸੀ… ਪਰ ਕੁਲਵੰਤ ਇਸ ਗੱਲ ਨੇ ਤਾਂ ਹੋਰ ਹੀ ਮੋੜ ਲੈ ਲਿਐ। ਉਸ ਨੇ ਤਾਂ ਮੇਰਾ ਨਾਂ ਹੀ ਕਿਸੇ ਅਨੋਬੜ ਬੰਦੇ ਨਾਲ ਜੋੜ ਕੇ ਤਲਾਕ ਫਾਈਲ ਕਰ ਦਿੱਤੈ।” ਸੁੱਖਰਾਜ ਕੁਝ ਅਟਕੀ। “ਕਹਿੰਦੈ ਹੋਣੈ, ਮੇਰੀ ਨਹੀਂ, ਕਿਸੇ ਹੋਰ ਦੀ ਐ” ਤੇ ਕੁਲਵੰਤ ਤਿੜ ਤਿੜ ਕਰਕੇ ਹੱਸ ਪਈ ਫਿਰ ਬੋਲੀ, “ਆਹ ਸਾਡੇ ਨੇ ਥੋੜ੍ਹਾ ਕੀਤਾ ਸੀ ਕਲੇਸ਼, ਐਨਾ ਪੈਸਾ ਬਰਬਾਦ ਕੀਤਾ, ਕੋਰਟਾਂ ਵਿਚ ਨਿੱਤ ਜਾ ਜਾ ਕੇ ਧੱਕੇ ਖਾਧੇ, ਤੇ ਉਤੇ ਗੰਦ ਪੁਆਇਆ ਵਾਧੂ ਦਾ… ।” ਇਸ ਤਰ੍ਹਾਂ ਲੱਗਾ ਜਿਵੇਂ ਕੁਲਵੰਤ ਦਾ ਵੀ ਕੋਈ ਪੁਰਾਣਾ ਜ਼ਖ਼ਮ ਉੱਚੜ ਗਿਆ ਸੀ ਉਹ ਗੰਭੀਰ ਹੋ ਕੇ ਬੋਲੀ, “ਸੁੱਖੀ, ਜੇ ਇਹ ਗੱਲ ਐ, ਤੇ ਇਸ ਕਰਕੇ ਕੇਸ ਕੋਰਟ ਵਿਚ ਚਲਾ ਗਿਆ ਹੈ ਤਾਂ ਘਾਬਰੀਂ ਨਾ, “ਡੀ ਐਨ ਏ” ਟੈਸਟ ਕਰਵਾਉਣ ਲਈ ਕੋਰਟ ਦਾ ਆਰਡਰ ਲੈ। ਮੈਂ ਵੀ ਬਹੁਤ ਭਟਕੀ ਸਾਂ ਥਾਂ ਥਾਂ ਫਿਰ ਭਲਾ ਹੋਵੇ ਮੇਰੀ ਵਕੀਲ ਦਾ ਉਹ ਤਾਂ ਰੱਬ ਦੀਆਂ ਜੜ੍ਹਾਂ ਤੱਕ ਜਾਣ ਨੂੰ ਤਿਆਰ ਹੋ ਗਈ ਸੀ।” ਕੁਲਵੰਤ ਨੇ ਬੜੇ ਹੌਸਲੇ ਨਾਲ ਦੱਸਿਆ। ਸੁੱਖਰਾਜ ਨੇ ਬੜੀ ਹੈਰਾਨੀ ਪ੍ਰਗਟ ਕਰਦਿਆ ਕਿਹਾ, “ਅੱਛਾ! ਮੇਰਾ ਵਕੀਲ ਤਾਂ ਮੈਨੂੰ ਭੱਜ ਭੱਜ ਕੇ ਪੈਂਦੈ ਕਹਿੰਦੈ ਤੇਰੇ ਕੋਲ ਕੋਈ ਸਬੂਤ ਜਾਂ ਗਵਾਹ ਹੈਗਾ, ਮੈਂ ਤਾਂ ਪਰ ਗੁੱਸੇ ਵਿਚ ਆ ਕੇ ਉਸ ਨੂੰ ਕਹਿ ਦਿੱਤਾ ਕਿ ਉਹ ਤਾਂ ਦੂਜੀ ਧਿਰ ਦਾ ਪੱਖ ਪੂਰਦਾ ਲਗਦਾ ਸੀ, ਇਸ ਲਈ ਰਹਿਣ ਦੇਵੇ ਮੇਰਾ ਕੇਸ!” “ਚਲ ਚੰਗਾ ਕੀਤਾ, ਜੇ ਵਕੀਲ ਵੀ ਨਿਰਪੱਖ ਹੋ ਕੇ ਤੇਰੇ ਲਈ ਕੰਮ ਨਹੀਂ ਕਰਦਾ ਤਾਂ ਉਹ ਤੈਨੂੰ ਕੀ ਇਨਸਾਫ ਦੁਆ ਦੂਗਾ! ਤੂੰ ਮੇਰੀ ਵਕੀਲ ਨਹੀਂ ਦੇਖੀ, ਪੈਟਰੀਸ਼ਾ, ਉਹਨੇ ਤਾਂ ਮੇਰੇ ਕੇਸ ਵਿਚ ਦੂਸਰੀ ਧਿਰ ਦੀਆਂ ਧੱਜੀਆਂ ਉੱਡਾ ਦਿੱਤੀਆਂ ਇਕ ਵਾਰ ਜਦ “ਡੀ ਐਨ ਏ” ਦਾ ਨਤੀਜਾ ਹੱਕ ਵਿਚ ਮਿਲ ਗਿਆ।” ਕੁਲਵੰਤ ਬਹੁਤ ਹੌਸਲੇ ਵਿਚ ਸੀ “ਆਹ ਬੈਠੇ ਐ ਕੋਲ, ਸੁਣਦੇ ਐ, ਇਸ ਬੰਦੇ ਨੇ ਐਨਾ ਪਛਤਾਵਾ ਕੀਤਾ ਮਗਰੋਂ ਕਿ ਰੱਬ ਨੇ ਵੀ ਇਹਨੂੰ ਮੁਆਫ਼ ਕਰ ਦਿੱਤੈ।” “ਫਿਰ ਤੂੰ ਆਪਣੀ ਵਕੀਲ ਦਾ ਫ਼ੋਨ ਨੰਬਰ ਦੇ ਦੇ ਮੈਨੂੰ, ਮੈਂ ਵੀ ਆਪਣੀ ਕਿਸਮਤ ਇਕ ਵਾਰ ਅਜ਼ਮਾ ਕੇ ਦੇਖ ਲਵਾਂ,” ਸੁੱਖਰਾਜ ਨੇ ਕਿਹਾ। “ਸੁੱਖੀ ਤੂੰ ਘਬਰਾ ਨਾ, ਮੈਂ ਤੈਨੂੰ ਉਸੇ ਵਕੀਲ ਦਾ ਫੋਨ ਵੀ ਦਿੰਦੀ ਹਾਂ ਤੇ ਤੇਰੀ ਉਸ ਨਾਲ ਗੱਲ ਵੀ ਕਰਵਾ ਦਿਆਂਗੀ।” ਕੁਲਵੰਤ ਨੇ ਪੂਰੇ ਯਕੀਨ ਨਾਲ ਕਿਹਾ। ਸੁੱਖਰਾਜ ਨੂੰ ਲੱਗਿਆ ਜਿਵੇਂ ਕੁਲਵੰਤ ਕਿਸੇ ਦੇਵਤੇ ਦਾ ਰੂਪ ਧਾਰ ਕੇ ਪ੍ਰਗਟ ਹੋਈ ਹੋਵੇ ਤੇ ਵਾਹਿਗੁਰੂ ਨੇ ਉਸ ਦੀ ਆਵਾਜ਼ ਸੁਣ ਲਈ ਹੋਵੇ। ਉਸ ਨੇ ਵਕੀਲ ਦਾ ਫੋਨ ਲੈ ਕੇ ਕੁਲਵੰਤ ਦਾ ਧੰਨਵਾਦ ਕੀਤਾ ਤੇ ਉਸ ਨਾਲ ਗੱਲਬਾਤ ਕਰਦੇ ਰਹਿਣ ਦਾ ਵਾਅਦਾ ਕਰਕੇ ਫੋਨ ਰੱਖ ਦਿਤਾ। ਸੁੱਖਰਾਜ ਨੇ ਮਹਿਸੂਸ ਕੀਤਾ ਕਿ ਉਸ ਦੀ ਤਾਕਤ ਵਾਪਸ ਆ ਗਈ ਹੈ ਆਪਣੇ ਆਪ ਵਿਚ ਅੰਤਾਂ ਦਾ ਜੋਸ਼ ਮਹਿਸੂਸ ਕਰਨ ਲੱਗੀ। ਆਪਣੇ ਆਪ ਨੂੰ ਆਖ਼ਰੀ ਲੜਾਈ ਲਈ ਤਿਆਰ ਕਰਨ ਲੱਗੀ। ਉਸ ਨਵੀਂ ਵਕੀਲ ਨੂੰ ਫੋਨ ਕਰਕੇ ਸੁੱਖਰਾਜ ਨੇ ਉਸ ਨੂੰ ਕੇਸ ਲੈਣ ਦੀ ਬੇਨਤੀ ਕੀਤੀ ਤੇ ਉਹ ਮੰਨ ਗਈ। ਉਸ ਪਿੱਛੋਂ ਜਿਸ ਤਰੀਕੇ ਨਾਲ ਉਸ ਨੇ ਕੇਸ ਨੂੰ ਕੋਰਟ ਵਿਚ ਪੇਸ਼ ਕੀਤਾ ਉਹ ਸੁੱਖਰਾਜ ਲਈ ਹੈਰਾਨੀਜਨਕ ਸੀ। ਉਸ ਨੂੰ ਤਾਂ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਸ ਨੇ “ਡੀ ਐਨ ਏ” ਰਾਹੀਂ ਇਹ ਗੱਲ ਸਾਬਤ ਕਰ ਦਿੱਤੀ ਸੀ ਕਿ ਬੇਬੀ-ਰਾਣੀ ਗੁਰਜੀਤ ਸਿੰਘ ਦੀ ਹੀ ਤੁਖ਼ਮ ਹੈ ਤੇ ਨਾਲ ਹੀ ਉਸ ਨੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਵਲੋਂ ਕੀਤੇ ਜਾਇਦਾਦ ਉਤੇ ਝੂਠੇ ਕਲੇਮਾਂ ਦਾ ਵੀ ਪਰਦਾ ਫਾਸ਼ ਕਰ ਦਿੱਤਾ ਜਦੋਂ ਉਸ ਇਹ ਸਾਬਤ ਕੀਤਾ ਕਿ ਉਹਨਾਂ ਨੇ ਕਿਸੇ ਨੇ ਵੀ ਘਰ ਦੀ ਕੋਈ ਕਿਸ਼ਤ ਨਹੀਂ ਦਿੱਤੀ ਤੇ ਉਹ ਘਰ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਗੁਰਜੀਤ ਤੇ ਸੁੱਖਰਾਜ ਨੇ ਸਾਂਝੇ ਪੈਸੇ ਨਾਲ ਖ੍ਰੀਦਿਆ ਸੀ ਜਿਸ ਦੇ ਅੱਧੇ ਦੀ ਉਹ ਹੱਕਦਾਰ ਹੈ ਤੇ ਤਿੰਨੇ ਬੱਚਿਆਂ ਦੀ ਉਸ ਕੋਲ ਕਸਟੱਡੀ ਹੋਵੇਗੀ ਤੇ ਉਹਨਾਂ ਦਾ ਪਿਤਾ ਤਿੰਨਾਂ ਬੱਚਿਆਂ ਦਾ ਖਰਚਾ ਦੇਵੇਗਾ। ਹਾਂ ਉਹ ਸੀਨ ਬੜਾ ਦਿਲਚਸਪ ਸੀ ਜਦੋਂ ਸੁੱਖਰਾਜ ਦੀ ਵਕੀਲ ਨੇ ਸੁੱਖਰਾਜ ਉੱਤੇ ਉਸ ਦੇ ਪਤੀ ਵਲੋਂ ਲਾਏ “ਬਦਚਲਨੀ” ਦੇ ਦੂਸ਼ਨ ਨੂੰ ਗ਼ਲਤ ਸਾਬਤ ਕਰਨ ਲਈ ਉਸ ਬੰਦੇ ਨੂੰ ਕੋਰਟ ਵਿਚ ਹਾਜ਼ਰ ਹੋਣ ਦਾ ਆਰਡਰ ਲਿਆ ਜਿਸ ਦਾ ਨਾਂ ਗੁਰਜੀਤ ਸਿੰਘ ਨੇ ਆਪਣੀ ਪਟੀਸ਼ਨ ਵਿਚ ਸੁੱਖਰਾਜ ਦੇ ਨਾਂ ਨਾਲ ਜੋੜ ਕੇ ਤਲਾਕ ਦਾ ਕਾਰਣ ਦੱਸਿਆ ਸੀ। ਉਸ ਸਮੇਂ ਇਕ ਪਲ ਲਈ ਗੁਰਜੀਤ ਸਿੰਘ ਤੇ ਉਸ ਦੇ ਪਰਵਾਰ ਦਾ ਸਿੰਘਾਸਨ ਇਕ ਵਾਰ ਪੂਰਾ ਡੋਲ ਗਿਆ ਸੀ। ਗੁਰਜੀਤ ਸਿੰਘ ਨੇ ਰਾਤੋ ਰਾਤ ਉਸ ਬੰਦੇ (ਬਿੱਕਰ ਸਿੰਘ) ਨੂੰ ਜਾ ਸਾਰੀ ਸਟੋਰੀ ਸੁਣਾਈ ਤੇ ਮਿਨਤ ਕੀਤੀ ਕਿ ਉਹ ਪੈਸੇ ਲੈ ਲਵੇ ਤੇ ਮੰਨ ਜਾਵੇ ਕਿ ਉਸ ਦੀ ਬੀਵੀ ਸੁੱਖਰਾਜ ਕੌਰ ਨਾਲ ਉਸ ਦੇ ਨਜਾਇਜ਼ ਸੰਬੰਧ ਸਨ। ਉਹ ਗੁਰਜੀਤ ਸਿੰਘ ਨਾਲ ਪਿਛਲੇ ਕਈ ਸਾਲਾਂ ਤੋਂ ਮਿੱਲ ਵਿਚ ਕੰਮ ਕਰਦਾ ਸੀ ਤੇ ਅਕਸਰ ਲੰਚ ਸਮੇਂ ਦੇ ਦੌਰਾਨ ਆਪਣੇ ਮਾਚੋ ਪਿਆਰ ਦੇ ਕਿੱਸੇ ਸੁਣਾਇਆ ਕਰਦਾ ਸੀ। ਪਰ ਇਹ ਤਾਂ ਉਸ ਨੇ ਵੀ ਨਹੀਂ ਸੀ ਸੋਚਿਆ ਕਿ ਇਕ ਦਿਨ ਉਸ ਦੇ ਨਾਲ ਕੰਮ ਕਰਦਾ ਬੰਦਾ ਇਸ ਤਰ੍ਹਾਂ ਆਪਣੀ ਬੀਵੀ ਨੂੰ ਬਦਨਾਮ ਕਰਨ ਲਈ ਉਸ ਦੇ ਨਾਂ ਦਾ ਨਜਾਇਜ਼ ਫਾਇਦਾ ਉਠਾਕੇ ਉਸ ਨਾਲ ਜੋੜ ਕੇ ਅਦਾਲਤ ਵਿਚ ਲੈ ਜਾਏਗਾ। ਉਸ ਵੇਲੇ ਤਾਂ ਉਸ ਨੇ ਕਿਹਾ ਕਿ ਸੋਚੇਗਾ ਨਾਲ ਹੀ ਉਸ ਦੀ ਬੀਵੀ ਨੂੰ ਬਦਨਾਮੀ ਦਾ ਜਾਮਾ ਪੁਆਉਣ ਦਾ ਕਾਰਣ ਬਣਨ ਲਈ ਘੱਟੋਘਟ ਪੱਚੀ ਹਜ਼ਾਰ ਸੁਪਾਰੀ ਲਏਗਾ। ਕੋਰਟ ਦੀ ਤਾਰੀਖ ਪਰਸੋਂ ਦੀ ਸੀ ਤੇ ਉਸ ਨੂੰ ਸੋਚਣ ਦਾ ਵਕਤ ਚਾਹੀਦਾ ਸੀ। ਇੱਧਰੋਂ ਸੁੱਖਰਾਜ ਦੀ ਵਕੀਲ ਨੇ ਉਸ ਨਾਲ ਮੀਟਿੰਗ ਕਰਕੇ ਬਿਲਕੁਲ ਇਹ ਗੱਲ ਸਪਸ਼ਟ ਕਰਨੀ ਚਾਹੀ ਕਿ ਜੇ ਉਸ ਦੇ ਸੱਚਮੁਚ ਸੰਬੰਧ ਸਨ ਤਾਂ ਹੁਣ ਗੱਲ ਸਾਫ਼ ਕਰ ਲਵੇ। ਸੁੱਖਰਾਜ ਨੇ ਪੌਲੀਗ੍ਰਾਫ ਦਾ ਟੈਸਟ ਵੀ ਦਿੱਤਾ ਤੇ ਉਹ ਬਿਲਕੁਲ ਸੱਚੀ ਤੇ ਸੁੱਚੀ ਸੀ। ਉਹ ਕਹਿੰਦੀ ਕਿ ਉਹ ਤਾਂ ਉਸ ਬੰਦੇ ਨੂੰ ਜਾਣਦੀ ਤੇ ਦੂਰ ਦੀ ਗੱਲ ਪਛਾਣਦੀ ਵੀ ਨਹੀਂ ਕਿ ਕਿਤੇ ਦੇਖਿਆ ਜਾਂ ਮਿਲਿਆ ਹੋਵੇ। ਉਸ ਨੂੰ ਪਤਾ ਸੀ ਕਿ ਉਸ ਦਾ ਪਤੀ ਘਰ ਆ ਕੇ ਇਹੋ ਜਿਹੀਆ ਕਈ ਕਹਾਣੀਆਂ ਸੁਣਾਉਂਦਾ ਹੁੰਦਾ ਸੀ ਕਿ ਫਲਾਣੇ ਦੀ ਬੀਵੀ ਦੇ ਫਲਾਣੇ ਬੰਦੇ ਨਾਲ ਸੰਬੰਧ ਹਨ ਤੇ ਇਹ ਬੰਦਾ ਅਕਸਰ ਇਹੋ ਹੀ ਹੁੰਦਾ ਸੀ ਪਰ ਉਸ ਕਦੀ ਨਾਮ ਵੀ ਨਹੀਂ ਸੀ ਲਿਆ। ਹਾਂ ਏਨਾ ਜ਼ਰੂਰ ਕਹਿੰਦਾ ਹੁੰਦਾ ਸੀ ਕਿ ਉਸ ਦੇ ਕੰਮ ਤੇ ਇਕ ਬੰਦਾ ਕੰਮ ਕਰਦਾ ਹੈ ਉਹ ਅਕਸਰ ਨਾਲ ਕੰਮ ਕਰਦੇ ਕੋ-ਵਰਕਰਾਂ ਦੀਆਂ ਬੀਵੀਆਂ ਨਾਲ ਲੰਚ-ਟਾਇਮ ਉਹਨਾਂ ਦੇ ਘਰ ਜਾਕੇ ਬਦਫੈਹਿਲੀ ਕਰਦਾ ਹੈ। ਪਰ ਉਦੋਂ ਪਤੀ ਪਤਨੀ ਵਿਚਕਾਰ ਅਜਿਹੀਆਂ ਗੱਲਾਂ ਅਕਸਰ ਬੈੱਡਰੂਮ-ਟਾਕ ਹੁੰਦੀਆਂ ਸਨ। ਦੋ ਦਿਨ ਲੰਘ ਗਏ ਗੁਰਜੀਤ ਨੇ ਬਿੱਕਰ ਸਿੰਘ ਦੇ ਘਰ ਚਾਰ ਗੇੜੇ ਮਾਰੇ ਤੇ ਚੌਥੇ ਗੇੜੇ ਪੱਚੀ ਹਜ਼ਾਰ ਡਾਲਰ ਵੀ ਲੈ ਗਿਆ। ਇਸ ਤੋਂ ਪਹਿਲਾਂ ਬਿੱਕਰ ਸਿੰਘ ਆਪਣੀ ਹੋਣ ਵਾਲੀ ਬਦਨਾਮੀ ਨੂੰ ਰੋਕਣ ਦੀ ਜੁਗਤ ਸੋਚਦਾ ਸੋਚਦਾ ਸੁੱਖਰਾਜ ਕੌਰ ਦੀ ਵਕੀਲ ਕੋਲ ਪਹੁੰਚ ਗਿਆ ਤੇ ਉਸ ਨੂੰ ਜਾ ਕੇ ਸਾਰੀ ਗੱਲ ਦੱਸ ਦਿੱਤੀ ਤੇ ਕਿਹਾ ਕਿ ਉਹ ਕੱਲ੍ਹ ਨੂੰ ਅਦਾਲਤ ਵਿਚ ਗਵਾਹੀ ਦੇਣ ਨੂੰ ਤਿਆਰ ਹੈ ਕਿ ਇਹ ਸਭ ਕੁਝ ਗੁਰਜੀਤ ਸਿੰਘ ਨੇ ਆਪਣੀ ਬੀਵੀ ਨੂੰ ਸਿਰਫ ਬਦਨਾਮ ਕਰਨ ਤੇ ਉਸ ਤੋਂ ਬੱਚੇ ਖੋਹਣ ਦਾ ਛੜਯੰਤਰ ਰਚਿਆ ਸੀ ਜਿਸ ਵਿਚ ਉਸ ਨੇ ਉਸ ਦੀ ਇਜ਼ਤ ਦਾ ਵੀ ਸੌਦਾ ਕੀਤਾ ਹੈ। ਐਨ ਉਦੋਂ, ਜਦੋਂ ਗੁਰਜੀਤ ਸਿੰਘ ਬਿੱਕਰ ਸਿੰਘ ਨੂੰ ਸੁਪਾਰੀ ਦੇ ਕੇ ਉਹਦੇ ਘਰੋਂ ਨਿਕਲ ਰਿਹਾ ਸੀ ਬਾਹਰ ਪੁਲਿਸ ਨੇ ਘੇਰਾ ਪਾ ਲਿਆ ਤੇ ਉਸ ਨੂੰ ਰੰਗੇ ਹੱਥੀਂ ਫੜ ਲਿਆ। ਦੂਜੇ ਦਿਨ ਅਦਾਲਤ ਵਿਚ ਉਸ ਦੀ ਪੇਸ਼ੀ ਸੀ ਤੇ ਆਪਣੇ ਜੁਰਮ ਦਾ ਇਕਬਾਲ। ਉਸ ਦੀ ਹਿਮਾਇਤ ਵਿਚ ਟੱਬਰ ਦਾ ਕੋਈ ਜੀਅ ਨਹੀਂ ਸੀ ਉੱਥੇ, ਸਿਵਾਏ ਉਸ ਦੇ ਬਾਪ ਦੇ, ਜਿਸ ਦਾ ਚਿਹਰਾ ਦੁੱਖ ਤੇ ਗਿਲਾਨੀ ਨਾਲ ਇਸ ਤਰ੍ਹਾਂ ਭਰਿਆ ਹੋਇਆ ਸੀ ਜਿਵੇਂ ਉਸ ਦੇ ਮੁੱਖ `ਚੋਂ ਬਾਰ ਬਾਰ ਉਚਰਣ ਵਾਲੀ ਤੁਕ “ਖਸਮ ਵਿਸਾਰੇ ਤੇ ਕਮ-ਜ਼ਾਤ” ਪੁੱਠੀਆਂ ਮੇਖਾਂ ਬਣ ਉਸ ਦੇ ਆਪਣੇ ਸਗਲੇ ਵਜੂਦ ਤੇ ਜ਼ਿਹਨ ਵਿਚ ਪੁੱੜ ਗਈ ਹੋਵੇ। |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ। (ਪਹਿਲੀ ਵਾਰ ਪ੍ਰਕਾਸ਼ਿਤ 22 ਮਈ 2006) *** |