25 April 2024

ਦੇਹੁ ਸ਼ਿਵਾ ਬਰ ਮੋਹਿ ਇਹੈ – ਸਰਵਜੀਤ ਸਿੰਘ

‘ਦੇਹੁ ਸ਼ਿਵਾ ਬਰ ਮੋਹਿ ਇਹੈ’

ਸਰਵਜੀਤ ਸਿੰਘ

ਆਦਿ, ਅਪਾਰ, ਅਲੇਖ, ਅਨੰਤ, ਅਕਾਲ, ਜਿਸ ਨੇ ਸਿ਼ਵ-ਸ਼ਕਤੀ, ਚਾਰ ਵੇਦ, ਰਜੋ-ਤਮੋ ਸਤੋ ਤਿੰਨ ਗੁਣ ਪੈਦਾ ਕੀਤੇ ਹਨ; ਜਿਸ ਨੇ ਦਿਨ-ਰਾਤ, ਸੂਰਜ, ਚੰਦ੍ਰਮਾ ਵਰਗੇ ਦੀਪਕ ਬਣਾਏ ਹਨ, ਪੰਜ ਤੱਤਾਂ ਦਾ ਪ੍ਰਕਾਸ਼ ਕਰ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਜੋ ਦੇਵਤਿਆਂ ਅਤੇ ਦੈਂਤਾਂ ਨੂੰ ਆਪਸ ਵਿਚ ਲੜਾਉਦਾਂ ਹੈ ਤੇ ਆਪ ਬੈਠਾ ਤਮਾਸ਼ਾ ਦੇਖ ਰਿਹਾ ਹੈ। (1) ਜੇ ਤੇਰੀ ਕ੍ਰਿਪਾ ਹੋਵੇ ਤਾਂ ਮੈ ਦੁਰਗਾ ਦੀ ਕਥਾ ਦੀ ਰਚਨਾ ਕਰਾਂ, ਜਿਸ ਦੀ ਜੋਤਿ ਜਗਤ ਵਿਚ ਜਗਮਗਾ ਰਹੀ ਹੈ। (3) ਉਹ ਹੀ ਵਿਸ਼ਣੂ ਦੀ ਸ਼ਕਤੀ ਲੱਛਮੀ ਅਤੇ ਸਿ਼ਵ ਦੀ ਸ਼ਕਤੀ ਪਾਰਬਤੀ ਅਤੇ ਜਿਸ ਦਾ ਨਾਂ ਚੰਡਿਕਾ ਹੈ। (5) ਵਿਸ਼ਣੂ ਸੌਂ ਰਿਹਾ ਸੀ, ਉਸ ਦੀ ਨਾਭੀ ਤੋਂ ਕਮਲ-ਫੁਲ ਪੈਦਾ ਹੋਇਆ ਅਤੇ ਉਸ ਵਿਚੋ ਵਿਸ਼ਵ ਦਾ ਕਰਤਾ ਬ੍ਰਹਮਾ ਪੈਦਾ ਹੋਇਆ, ਜਿਸ ਦੇ ਕੰਨਾਂ ਦੀ ਮੈਲ ਤੋ ਮਧੁ ਅਤੇ ਕੈਟਭ ਨਾਂ ਦੇ ਦੋ ਦੈਂਤ ਪੈਦਾ ਹੋਏ (8), ਦੈਂਤਾਂ ਨੇ ਆਪਣੇ ਸਰੀਰ ਏਨੇ ਵਧਾ ਲਏੇ ਕਿ ਉਨ੍ਹਾਂ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਹੀ ਭੈ-ਭੀਤ ਹੋ ਕੇ ਜਗਮਾਤਾ (ਦੁਰਗਾ) ਦੇ ਚਰਨਾਂ ਵਿਚ ਜਾ ਹਾਜ਼ਰ ਹੋਇਆ। (9) ਉਸੇ ਵੇਲੇ ਚੰਡੀ ਦੀ ਅੱਖ ਖ਼ੁਲੀ, ਵਿਸ਼ਣੂ ਜਾਗਿਆ ਤੇ ਯੁੱਧ ਦੀ ਤਿਆਰੀ ਅਰੰਭ ਦਿਤੀ। (10) ਵਿਸ਼ਣੂ ਅਤੇ ਦੈਂਤਾਂ ਵਿਚ ਪੰਜ ਹਜ਼ਾਰ ਸਾਲ ਯੁੱਧ ਹੋਇਆ ਪਰ ਕੋਈ ਧਿਰ ਵੀ ਹਾਰ ਮੰਨਣ ਨੂੰ ਤਿਆਰ ਨਹੀ ਹੋਈ। ਅਖੀਰ ਦੈਂਤਾਂ ਨੇ ਵਿਸ਼ਣੂ ਦੀ ਦਲੇਰੀ ਦੇਖ ਕੇ ਕਿਹਾ ਕੇ ਕੋਈ ਵਰ ਮੰਗ ਲੈ ਤਾਂ ਵਿਸ਼ਣੂ ਨੇ ਕਿਹਾ ਕੇ ਮੈਨੂੰ ਆਪਣੇ ਸਿਰ ਦੇ ਦਿਉ, ਦੈਂਤਾਂ ਨੇ ਹਾਂ ਕਰ ਦਿੱਤੀ ਤੇ ਵਿਸ਼ਣੂ ਨੇ ਦੋਵਾਂ ਦੇ ਸਿਰ ਕੱਟ ਲਏ।(10) ਦੇਵਤਿਆਂ ਦੇ ਰਾਜ ਦੀ ਸਥਾਪਨਾ ਕੀਤੀ ਤੇ ਵਿਸ਼ਣੂ ਬੈਕੁੰਠ ਨੂੰ ਚਲੇ ਗਿਆਂ। (12) ਇਥੇ ਸ੍ਰੀ ਮਾਰਕੰਡੇ ਪੁਰਾਨ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦੇ ‘ਮਧੁ ਕੈਟਭ ਦੇ ਮਾਰੇ ਜਾਣ ਵਾਲੇ’ ਪਹਿਲੇ ਅਧਿਆਇ ਦੀ ਸਮਾਪਤੀ ਹੈ।

ਹੁਣ ਇਕ ਹੋਰ ਦੈਂਤ, ‘ਮਹਿਖਾਸੁਰ’ (ਝੋਟੇ ਦੀ ਸ਼ਕਲ ਵਾਲਾ) ਪੈਦਾ ਹੋਇਆ। (ਕਿਵੇਂ ਪੈਦਾ ਹੋਇਆ?) ਜਿਸ ਨੇ ਸਾਰੇ ਸੰਸਾਰ ਨੂੰ ਹੀ ਜਿੱਤ ਲਿਆ। ਦੇਵ ਸੈਨਾ ਦੇ ਟੋਟੇ-ਟੋਟੇ ਕਰ ਦਿੱਤੇ, ਕਰਵਤੁ ਵਾਂਗੂ ਚੀਰ ਦਿੱਤਾ। (15) ਹੁਣ ਇੰਦਰ ਕ੍ਰੋਧਵਾਨ ਹੋ ਕੇ ਦੈਂਤ ਤੇ ਹਮਲਾ ਕਰਦਾ ਹੈ। ਅੱਗੋ ਂਮਹਿਖਾਸੁਰ ਨੇ ਵੀ ਅਜੇਹਾ ਯੁੱਧ ਕੀਤਾ ਕਿ ਸੂਰਜ ਆਪਣਾ ਰਸਤਾ ਹੀ ਭੁੱਲ ਗਿਆ। (18) ਦੇਵਤੇ ਡਰਦੇ ਹੀ ਭੱਜ ਗਏ। ਹੁਣ ਸੁਅਰਗ ਤੇ ਦੈਂਤਾਂ ਦਾ ਕਬਜਾ ਹੈ। (21) ਦੇਵਤੇ ਚੰਡੀ ਦੇ ਜਾ ਹਾਜ਼ਰ ਹੋਏ, ਚੰਡੀ ਸ਼ੇਰ ਤੇ ਸਵਾਰ ਹੋ ਮੈਦਾਨ ਵਿਚ ਆ ਹਾਜ਼ਰ ਹੋਈ, ਅੱਗੋ ਦੈਂਤ ਵੀ 45 ਪਦਮ ਚਤੁਰੰਗਣੀ ਸੈਨਾ ਸਮੇਤ ਆ ਹਾਜ਼ਰ ਹੋਇਆ, ਦੇਵੀ ਸੰਖ ਵਜਾ ਕੇ ਵੈਰੀ ਦੇ ਦੱਲ ਤੇ ਜਾ ਪਈ ਅਤੇ ਇਕੋ ਦਬਕੇ ਨਾਲ ਹੀ ਵੈਰੀ ਦੀ ਅੱਧੀ ਫੌਜ ਨੂੰ ਖਤਮ ਕਰ ਦਿੱਤਾ। ਫੌਜ ਭੱਜ ਕੇ ਦੈਂਤ ਕੋਲ ਪਹੁੰਚ ਗਈ ਤੇ ਜਾ ਕੇ ਦੱਸਿਆ ਕੇ ਸਾਡੀ 20 ਪਦਮ ਸੈਨਾ ਖਤਮ ਹੋ ਗਈ ਹੈ ਜਿਸ ਨੂੰ ਸੁਣ ਕੇ ਮਹਿਖਾਸੁਰ ਬੁਹਤ ਹੀ ਕ੍ਰੋਧਤ ਹੋ ਗਿਆ। ਉਸ ਨੇ ਸੈਨਾ ਨੂੰ ਹੁਕਮ ਦਿੱਤਾ ਕੇ ਜਾ ਕੇ ਦੇਵੀ ਨੂੰ ਘੇਰ ਲਵੋ। (39) ਸੈਨਾ ਨੇ ਆਪਣੇ ਸੁਆਮੀ ਦਾ ਹੁਕਮ ਮੰਨਿਆ ਪਰ ਦੇਵੀ ਨੇ ਤੀਰਾਂ ਨਾਲ ਵੈਰੀ ਦੀ ਫੌਜ ਨੂੰ ਵਿੰਨ੍ਹ ਦਿੱਤਾ। ਧਰਤੀ ਤੇ ਖੂੰਨ ਹੀ ਖੂੰਨ ਸੀ, ਇਵੇਂ ਲੱਗਦਾ ਸੀ ਜਿਵਂ ਵਿਧਾਤਾ ਨੇ ਅੱਠਵਾ ਸਮੁੰਦਰ ਉੱਗਲ ਦਿੱਤਾ ਹੋਵੇ। (40) ਬਹੁਤ ਹੀ ਭਿਆਨਕ ਦ੍ਰਿਸ਼ ਹੈ ਸ਼ਿਵਜੀ ਦਾ ਧਿਆਨ ਵੀ ਭੰਗ ਹੋ ਗਿਆ। ਇਕੱਲੀ ਦੇਵੀ ਨੇ ਸਾਰੀ ਦੈਂਤ ਸੈਨਾ (45000000000000000) ਦਾ ਖਾਤਮਾ ਕਰ ਦਿੱਤਾ। ਹੁਣ ਮਹਿਖਾਸੁਰ ਆਪ ਮੈਦਾਨ ਵਿਚ ਆ ਹਾਜ਼ਰ ਹੋਇਆ। (45) ਜਿਉਂ ਹੀ ਦੈਂਤ ਨੇ ਭਿਆਨਕ ਰਿਛ ਵਾਂਗ ਭਬਕ ਮਾਰੀ ਤਾਂ ਦੇਵੀ ਨੇ ਮੁਗਦਰ ਨੂੰ ਇਸ ਤਰ੍ਹਾਂ ਦੈਂਤ ਦੇ ਮਾਰਿਆ ਜਿਵੇਂ ਹਨੂਮਾਨ ਨੇ ਪਹਾੜ ਰਾਵਣ ਦੀ ਛਾਤੀ ਵਿਚ ਮਾਰਿਆ ਸੀ।(46) ਦੇਵੀ ਨੇ ਅਜੇਹੇ ਵਾਰ ਕੀਤੇ ਕੇ ਪਰਬਤਾਂ ਜਿੰਨੇ ਵੱਡੇ ਹਾਥੀ ਜੱਖਮੀ ਹੋਕੇ ਕਹਾਰ ਰਹੇ ਸਨ। ਚੰਡੀ ਮੈਦਾਨ ਵਿਚ ਇਵੇਂ ਘੁੰਮ ਰਹੀ ਸੀ ਜਿਵੇਂ ਬੱਦਲ਼ਾਂ ਵਿਚ ਬਿਜਲੀ ਘੁੰਮ ਰਹੀ ਹੋਵੇ। ਦੇਵੀ ਨੇ ਅਜੇਹਾ ਚੱਕਰ ਛਡਿੱਆ ਜਿਸ ਨੇ ਵੈਰੀ ਦਾ ਸੀਸ ਧੱੜ ਤੋਂ ਅਲੱਗ ਕਰ ਦਿੱਤਾ। ਉਸ ਦੇ ਲਹੂ ਦੀ ਧਾਰ ਅਕਾਸ਼ ਵੱਲ ਇਉ ਚੱਲੀ ਜਿਵੇ ਪਰਸ਼ੁਰਾਮ ਨੇ ਸੂਰਜ ਨੂੰ ਤਲਾਂਜਲੀ ਦਿੱਤੀ ਹੋਵੇ।(49) ਜਗਤ ਮਾਤਾ (ਚੰਡੀ) ਦੇ ਪ੍ਰਤਾਪ ਨਾਲ ਦੇਵਤਿਆਂ ਦਾ ਸੰਕਟ ਨਸ਼ਟ ਹੋ ਗਿਆ। ਦੇਵੀ ਨੇ ਇੰਦਰ ਨੂੰ ਰਾਜ ਤਿਲਕ ਦਿੱਤਾ ਅਤੇ ਦੇਸ਼-ਦੇਸ਼ਾਂਤਰ ਦੇ ਰਾਜੇ ਉਸ ਦੇ ਚਰਨੀ ਪਾਏ ਅਤੇ ਆਪ ਅਲੋਪ ਹੋ ਕੇ ਉਥੇ ਜਾ ਪ੍ਰਗਟ ਹੋਈ ਜਿਥੇ ਸ਼ਿਵ ਬੈਠਾ ਸੀ। (52) ‘ ਮਹਿਖਾਸੁਰ ਬਧ ਵਾਲੇ’ ਦੂਜੇ ਅਧਿਆਇ ਦੀ ਸਮਾਪਤੀ ਹੈ।

ਦੇਵਤੇ ਆਪਣੀ ਜਿਤ ਦੇ ਜਸ਼ਨ ਮਨਾ ਹੀ ਰਹੇ ਸਨ ਕੇ ਸੁੰਭ ਅਤੇ ਨਿਸੁੰਬ ਨਾਮ ਦੇ ਦੈਂਤ ਪੈਦਾ ਹੋ ਗਏ ਅਤੇ ਇੰਦਰ ਤੇ ਚੜਾਈ ਕਰ ਦਿੱਤੀ। ਦੈਂਤ ਫੌਜ ਵਲੋ ਉਡਾਈ ਧੂੜ ਨੇ ਸੂਰਜ ਨੂੰ ਢੱਕ ਲਿਆ, ਧਰਤੀ ਕੰਬ ਗਈ, ਇੰਦਰ ਲੋਕ ਸਹਿਮ ਗਿਆ ਅਤੇ ਸੁਮੇਰ ਪਰਬਤ ਹਿਲ ਗਿਆ।(59) ਦੇਵਤਿਆਂ ਨੇ ਇਕੱਠੇ ਹੋਕੇ ਯੁੱਧ ਦਾ ਉਪਾ ਕੀਤਾ ਤੇ ਮੈਦਾਨ ਵਿਚ ਆ ਪੁਜੇ। ਦੇਵ ਸੈਨਾ ਨੂੰ ਦੇਖਦੇ ਹੀ ਦੈਂਤ ਸੈਨਾ ਪਿੱਪਲ ਦੇ ਪੱਤਿਆਂ ਵਾਂਗੂ ਕੰਬਣ ਲੱਗ ਪਈ। ਹਾਥੀ ਦਰਖਤਾਂ ਵਾਂਗ, ਘੋੜੇ ਫਲਾਂ ਵਾਂਗ, ਰਥ ਫੁਲਾਂ ਵਾਂਗ ਅਤੇ ਪਿਆਦੇ ਕਲੀਆਂ ਵਾਂਗ ਹਿਲਣ ਲੱਗ ਪਏ।(68) ਇਧਰੋਂ ਇੰਦਰ ਨੇ ਚੜਾਈ ਕੀਤੀ ਤੇ ਉਧਰੋਂ ਸੁੰਭ ਰਣ-ਭੂਮੀ ਵਿਚ ਆ ਜੰਮਿਆ। ਚਾਰੋ ਪਾਸੇ ਮਾਰੋ-ਮਾਰ ਮੱਚ ਗਈ। ਦੋਵੇਂ ਪਾਸੇ ਯੋਧਿਆਂ ਦੀਆਂ ਛਾਤੀਆਂ ਤੀਰਾਂ ਨਾਲ ਬਿਨ੍ਹੀਆਂ ਗਈਆਂ। ਸੁੰਭ ਨੂੰ ਲੱਗੇ ਤੀਰ ਵੇਖ ਕੇ ਉਸ ਦੀ ਸੈਨਾ ਨੇ ਅਜੇਹਾ ਹੱਲਾ ਬੋਲਿਆ ਕੇ ਦੇਵ ਸੈਨਾ ਨੂੰ ਭਾਜੜਾਂ ਪੈ ਗਈਆਂ। ਹੁਣ ਇੰਦਰ ਦੇ ਰਾਜ ਭਾਗ ਤੇ ਦੈਂਤਾਂ ਦਾ ਕਬਜਾ ਹੈ। ਦੈਂਤਾਂ ਨੇ ਕੁਬੇਰ ਤੋਂ ਖ਼ਜਾਨਾ ਲੁੱਟ ਲਿਆ, ਸ਼ੇਸ਼ ਨਾਗ ਤੋ ਮਣੀਆਂ ਖੋਹ ਲਈਆਂ, ਸੂਰਜ, ਚੰਦ੍ਰਮਾ ਅਤੇ ਗਣੇਸ਼ ਆਦਿ ਨੂੰ ਭਜਾ ਦਿੱਤਾ ਅਤੇ ਤਿੰਨੋ ਲੋਕ ਆਪਣੇ ਕਬਜ਼ੇ ਵਿੱਚ ਕਰ ਲਏ। (71) ਇੰਦਰ, ਸੂਰਜ ਤੇ ਚੰਦ੍ਰਮਾ ਆਦਿ ਦੇਵਤੇ ਕੈਲਾਸ਼ ਪਰਬਤ ਦੀਆਂ ਕੰਦਰਾਵਾਂ ਵਿਚ ਜਾ ਲੁਕੇ। (73) ਜਦੋਂ ਇਹ ਸੂਚਨਾ ਚੰਡੀ (ਸ਼ਿਵਾ) ਨੂੰ ਮਿਲੀ ਤਾਂ ਉਹ ਬੁਹਤ ਹੀ ਕ੍ਰੋਧਤ ਹੋਈ, ਉਹ ਹੱਥ ਵਿਚ ਤਲਵਾਰ ਫੜ ਕੇ ਅਜੇਹੀ ਗਰਜੀ ਕੇ ਸ਼ੇਸ਼ ਨਾਗ ਦੇ ਸਿਰ ਤੇ ਟਿਕੀ ਧਰਤੀ ਕੰਬ ਗਈ, ਸੁਮੇਰ ਪਰਬਤ ਹਿਲ ਗਿਆ। ਬ੍ਰਹਮਾ, ਸੂਰਜ, ਕੁਬੇਰ ਆਦਿ ਡਰ ਗਏ ਅਤੇ ਵਿਸ਼ਣੂ ਦੀ ਛਾਤੀ ਧੜਕਣ ਲੱਗ ਪਈ। (75) ਇੱਥੇ ਲੇਖਕ ਨੇ ਦੇਵੀ ਦੀ ਸੁੰਦਰਤਾ ਦਾ ਅਜੇਹਾ ਸ਼ਬਦ ਚਿੱਤਰ ਪੇਸ਼ ਕੀਤਾ ਹੈ ਜਿਹੜਾ ਕੇ ਵਾਰਿਸ ਵੀ ਨਹੀ ਸੀ ਕਰ ਸਕਿਆ। ਦੇਵੀ ਸੁਮੇਰ ਪਰਬਤ ਤੇ ਆਸਣ ਲਗਾਈ ਬੈਠੀ ਨੂੰ ਇਕ ਦੈਤ (ਨਿਸੁੰਭ) ਨੇ ਦੇਖਿਆ ਤਾਂ ਉਸ ਨੇ ਦੇਵੀ ਨੂੰ ਬੇਨਤੀ ਕੀਤੀ ਕੇ ਮੈਂ ਉਸ ਰਾਜੇ ਸੁੰਭ ਦਾ ਭਾਂਈ ਹਾ ਜਿਸ ਦਾ ਤਿੰਨਾਂ ਲੋਕਾਂ ਤੇ ਕਬਜ਼ਾ ਹੈ ਤੂੰ ਉਸ ਨੂੰ ਵਰ ਲੈ। (83) ਦੈਂਤ ਦੀ ਗੱਲ ਸੁਣ ਕੇ ਦੇਵੀ ਨੇ ਕਿਹਾ ਕੇ ਹੇ ਮੁਰਖ ਦੈਂਤ! ਮੈ ਯੁੱਧ ਕੀਤੇ ਬਿਨਾ ਉਸ ਨੂੰ ਨਹੀ ਵਰਾਂਗੀ। ਦੈਂਤ ਬਿਜਲੀ ਦੀ ਗਤੀ ਨਾਲ ਸੁੰਭ ਕੋਲ ਪੁੱਜਾ ਤੇ ਦੇਵੀ ਦੀ ਸੁਦੰਰਤਾ ਦੇ ਨਾਲ-ਨਾਲ ਉਸ ਦੀ ਸ਼ਰਤ ਵੀ ਦੱਸੀ। ਰਾਜੇ ਨੇ ਕਿਸੇ ਸਿਆਣੇ ਦੂਤ ਨੂੰ ਭੇਜਣ ਬਾਰੇ ਸੋਚਿਆ ਤਾਂ ਸਭਾ ਵਿਚ ਬੈਠੇ ਧੂਮ੍ਰਲੋਚਨ ਨੇ ਕਿਹਾ, “ਮੈ ਜਾਵਾਂਗਾ” ਮੈ ਉਸ ਨੂੰ ਗੱਲਾਂ ਨਾਲ ਹੀ ਫੁਸਲਾ ਕੇ ਲੈ ਆਵਾਂਗਾ। ਨਹੀਂ ਤਾਂ ਕੇਸਾਂ ਤੋ ਪਕੜ ਕੇ ਲੈ ਆਵਾਂਗਾ ਜੇ ਕ੍ਰੋਧ ਕਰੇਗੀ ਤਾਂ ਯੁੱਧ ਕਰਾਂਗਾ, ਮੈ ਇੱਕ ਫੂਕ ਨਾਲ ਹੀ ਸੁਮੇਰ ਪਰਬਤ ਨੂੰ ਉਡਾ ਦੇਵਾਂਗਾ। (92) ਧੂਮ੍ਰਲੋਚਨ ਨੇ ਦੇਵੀ ਨੂੰ ਜਾ ਲਲਕਾਰਿਆ, ਹੇ ਦੇਵੀ ਜਾਂ ਤਾਂ ਰਾਜੇ ਸੁੰਭ ਨੂੰ ਵਰ ਲੈ ਜਾਂ ਫਿਰ ਯੁੱਧ ਲਈ ਤਿਆਰ ਹੋ ਜਾ। ਦੇਵੀ ਤਾਂ ਪਹਿਲਾ ਹੀ ਤਿਆਰ ਬੈਠੀ ਸੀ ਬਹੁਤ ਹੀ ਭਿਆਨਕ ਯੁੱਧ ਹੋੲਆ, ਦੇਵੀ ਨੇ ਗਦਾ ਨਾਲ ਐਸਾ ਵਾਰ ਕੀਤਾ ਕੇ ਧੂਮ੍ਰਲੋਚਨ ਚੀਖ਼ ਉਠਿਆ ਅਤੇ ਦੈਂਤ ਦਲ ਵਿਚ ਭਾਜੜਾਂ ਪੈ ਗਈਆਂ। ਚੰਡੀ ਨੇ ਤਲਵਾਰ ਦੇ ਵਾਰ ਨਾਲ ਦੈਂਤ ਦਾ ਸਿਰ ਕੱਟ ਦਿੱਤਾ ਜੋ ਦੈਂਤ ਪੁਰੀ ਵਿਚ ਜਾ ਡਿਗਿਆ। (99) ‘ਧੂਮ੍ਰਲੋਚਨ ਬਧ’ ਨਾਂ ਦਾ ਤੀਜੇ ਅਧਿਆਇ ਦੀ ਸਮਾਪਤੀ ਹੈ।

ਜਦੋਂ ਸਾਰੀ ਸੈਨਾ ਖਤਮ ਹੋ ਗਈ ਤਾਂ ਸਿਰਫ ਇਕ ਦੈਤ ਹੀ ਬਾਕੀ ਬਚਿਆ ਸੀ ਜਿਸ ਨੂੰ ਦੇਵੀ ਨੇ ਜਾਣ ਬੁਝ ਕੇ ਬਚਾਇਆ ਸੀ, ਨੇ ਸੁਭੰ ਨੂੰ ਜਾ ਖਬਰ ਕੀਤੀ। ਰਾਜੇ ਨੇ ਬੁਹਤ ਹੀ ਕ੍ਰੋਧ ਕੀਤਾ ਤੇ ਚੰਡ ਅਤੇ ਮੁੰਡ ਨਾਂ ਦੇ ਦੈਂਤਾਂ ਨੂੰ ਹੁਕਮ ਕੀਤਾ ਕਿ ਚੰਡੀ ਨੂੰ ਬੰਨ੍ਹ ਲਿਆਓ ਜਾਂ ਮਾਰ ਦਿਓ। (107) ਦੈਂਤਾਂ ਨੇ ਆਪਣੀ ਸ੍ਰੇਸ਼ਟ ਚਤੁਰੰਗਨੀ ਸੈਨਾ ਲੈ ਕੇ ਚੰਡੀ ਤੇ ਚੜ੍ਹਾਈ ਕੀਤੀ। ਜਦੋਂ ਦੁਰਗਾ ਨੇ ਇਹ ਸ਼ੋਰ ਸੁਣਿਆ ਤਾਂ ਉਹ ਸ਼ੇਰ ਤੇ ਸਵਾਰ ਹੋਕੇ ਵੈਰੀ ਦਲ ਤੇ ਇਉਂ ਝੱਪਟੀ ਜਿਵੇ ਕੂੰਜਾਂ ਤੇ ਬਾਜ਼। ਚੰਡੀ ਦੀ ਕਮਾਨੋਂ ਨਿਕਲੇ ਤੀਰ ਇੱਕ ਤੋਂ ਦਸ, ਦਸ ਤੋਂ ਸੋੌ ਅਤੇ ਸੌ ਤੋਂ ਹਜ਼ਾਰ ਦੀ ਗਿਣਤੀ ਵਿਚ ਵੱਧਦੇ ਹੋਏ ਦੈਤਾਂ ਦਾ ਨਾਸ਼ ਕਰ ਰਹੇ ਸਨ। ਮੁਡੰ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕੇ ਦੇਵੀ ਦੇ ਖੂੰਨ ਦੀਆਂ ਤਤੀਰੀਆਂ ਚੱਲ ਪਈਆਂ। ਪਰ ਦੇਵੀ ਦੇ ਮੋੜਵੇਂ ਵਾਰ ਨਾਲ ਮੁਡੰ ਦਾ ਸੀਸ ਧੜ ਨਾਲੋਂ ਵੱਖ ਹੋ ਕੇ ਧਰਤੀ ਤੇ ਇੰਜ ਡਿਗਿਆ ਜਿਵੇਂ ਵੇਲ ਨਾਲੋਂ ਟੁੱਟ ਕੇ ਕੱਦੂ। (114) ਦੈਂਤ ਸੈਨਾ ਵਿਚ ਹਾਹਾਕਾਰ ਮੱਚ ਗਈ, ਦੇਵੀ ਨੇ ਹਿਮੰਤ ਕਰਕੇ ਚੰਡ ਨੂੰ ਵੀ ਘੇਰ ਲਿਆ ਤੇ ਬਰਛੀ ਦੇ ਇਕੋ ਵਾਰ ਨਾਲ ਹੀ ਦੈਂਤ ਦਾ ਸਿਰ ਧੜ ਤੋਂ ਇਵੇਂ ਵੱਖ ਕਰ ਦਿੱਤਾ ਜਿਵੇਂ ਤ੍ਰੈਸ਼ੂਲ ਨਾਲ ਸ਼ਿਵ ਨੇ ਗਣੇਸ਼ ਦਾ ਸਿਰ ਧੜ ਤੋਂ ਵੱਖ ਕੀਤਾ ਸੀ। (116) ‘ਚੰਡ ਮੁੰਡ ਬੱਧ ਵਾਲੇ’ ਚੌਥੇ ਅਧਿਆਇ ਦੀ ਸਮਾਪਤੀ ਹੈ।

ਤੜਪਦੇ ਹੋਏ ਕਰੋੜਾਂ ਘਾਇਲ ਦੈਂਤਾਂ ਨੇ ਜਾ ਕੇ ਸੁੰਭ ਅੱਗੇ ਪੁਕਾਰ ਕੀਤੀ, ਸੁਣਦੇ ਸਾਰ ਹੀ ਰਾਜੇ ਨੇ ਰਕਤਬੀਜ ਨੂੰ ਸੈਨਾਂ ਦੇ ਕੇ ਦੇਵੀ ਨੂੰ ਖਤਮ ਕਰਨ ਲਈ ਭੇਜਿਆ। (126) ਜਦੋ ਚੰਡੀ ਨੂੰ ਇਹ ਖ਼ਬਰ ਮਿਲੀ ਤਾਂ ਉਹ ਵੀ ਮੈਦਾਨ ਵਿਚ ਆ ਹਾਜ਼ਰ ਹੋਈ। ਪ੍ਰਚੰਡ ਚੰਡੀ ਨੂੰ ਆੳਂਦਾ ਵੇਖ ਕੇ ਰਕਤਬੀਜ ਬੁਹਤ ਪ੍ਰਸੰਨ ਹੋਇਆ। ਬੁਹਤ ਭਿਆਨਕ ਯੁੱਧ ਹੋਇਆ। ਯੋਧਿਆਂ ਦੇ ਤੀਰ ਵੈਰੀਆਂ ਦੇ ਸਰੀਰਾਂ ਨੂੰ ਚੀਰ ਰਹੇ ਹਨ। ਚੰਡੀ ਦੇ ਸ਼ਰੀਰ ਤੇ ਲੱਗੇ ਜ਼ਖ਼ਮਾਂ ਵਿਚੋਂ ਖੂੰਨ ਦੀਆਂ ਨਦੀਆਂ ਵਗ ਰਹੀਆਂ ਹਨ। (131) ਕਰੋਧ ਵਿਚ ਆਈ ਚੰਡੀ ਨੇ ਵੈਰੀਆਂ ਦਾ ਅਜੇਹਾ ਨਾਸ਼ ਕੀਤਾ ਮਾਨੋ ਹਨੂੰਮਾਨ ਨੇ ਲੰਕਾ ਦੇ ਕਿਲ੍ਹੇ ਨੂੰ ਅੱਗ ਨਾਲ ਸਾੜ ਦਿੱਤਾ ਹੋਵੇ। ਵੈਰੀਆਂ ਦਾ ਸਾਰਾ ਖੂੰਨ ਪੀ ਲਿਆ ਜਿਵੇਂ ਅਗਸਤ ਰਿਸ਼ੀ ਨੇ ਸਮੁੰਦਰ ਨੂੰ ਪੀ ਲਿਆ ਸੀ। (133) ਰਕਤਬੀਜ ਨੇ ਆਪਣੀ ਫੌਜ਼ ਨੂੰ ਹੱਲਾਸ਼ੇਰੀ ਦਿੱਤੀ। ਦੈਂਤ ਸੈਨਾ ਨੇ ਚੰਡੀ ਤੇ ਫੇਰ ਹਮਲਾ ਕੀਤਾ ਬੁਹਤ ਹੀ ਭਿਆਨਕ ਦ੍ਰਿਸ਼ ਹੈ। ਚੰਡੀ ਨੇ ਬੱਦਲ ਵਾਂਗ ਗੱਜ ਕੇ ਤੀਰਾਂ ਦੀ ਵਰਖਾ ਕੀਤੀ। ਲਹੂ ਦੀਆਂ ਨਦੀਆਂ ਵੱਗ ਪਈਆਂ। ਚੰਡੀ ਦੇ ਤੀਰ ਇਉਂ ਸਨ ਜਿਵੇਂ ਸੂਰਜ ਦੀਆਂ ਕਿਰਨਾਂ। ਅਖੀਰ ਵਿਚ ਰਕਤਬੀਜ ਤੇ ਚੰਡੀ ਦਾ ਮੁਕਾਬਲਾ ਹੋਇਆ। ਦੇਵੀ ਨੇ ਦੈਂਤ ਨੂੰ ਇਕੋ ਤੀਰ ਨਾਲ ਇਵੇਂ ਮੂਰਛਿਤ ਕਰ ਦਿੱਤਾ ਜਿਵੇਂ ਭਰਤ ਨੇ ਪਰਬਤ ਸਮੇਤ ਹਨੂੰਮਾਨ ਨੂੰ ਧਰਤੀ ਤੇ ਸੁੱਟਿਆ ਸੀ। (155) ਦੈਂਤ ਫਿਰ ਉੱਠਿਆ, ਉਸ ਨੇ ਤਲਵਾਰ ਦੇ ਵਾਰ ਨਾਲ ਸ਼ੇਰ ਨੂੰ ਜ਼ਖਮੀ ਕਰ ਦਿੱਤਾ। ਕ੍ਰੋਧਵਾਨ ਹੋਈ ਚੰਡੀ ਨੇ ਵੈਰੀ ਦਲ ਨੂੰ ਇਸ ਤਰ੍ਹਾ ਮਿੱਧ ਦਿੱਤਾ ਜਿਵੇਂ ਤੇਲੀ ਤਿਲਾਂ ਤੋਂ ਤੇਲ ਕੱਢਦਾ ਹੈ। ਰਕਤਬੀਜ ਦੇ ਖੂੰਨ ਦੇ ਛਿੱਟਿਆਂ ਤੋਂ ਹੀ ਹੋਰ ਰਕਤਬੀਜ ਪੈਦਾ ਹੋ ਰਹੇ ਹਨ ਬੁਹਤ ਹੀ ਭਿਆਨਕ ਦ੍ਰਿਸ਼ ਹੈ ਯੁੱਧ ਦਾ ਸ਼ੋਰ ਸੁਣ ਕੇ ਦੇਵਤਿਆਂ ਦਾ ਧਿਆਨ ਭੰਗ ਹੋ ਗਿਆ। ਚੰਡੀ ਦੀ ਕੋਈ ਪੇਸ਼ ਨਹੀ ਜਾਂਦੀ। ਦੈਂਤ ਲਗਾਤਾਰ ਪੈਦਾ ਹੋਈ ਜਾ ਰਹੇ ਹਨ। ਅਖੀਰ ਚੰਡੀ ਨੇ ਆਪਣੇ ਮੱਥੇ ਵਿਚੋਂ ਇਕ ਲਾਟ ਕੱਢੀ ਜਿਸ ਤੋਂ ਕਾਲੀ ਪ੍ਰਗਟ ਹੋਈ। ਕਾਲੀ ਨੇ ਅਜੇਹੀ ਕਿਲਕਾਰੀ ਮਾਰੀ, ਸੁਮੇਰ ਪਰਬਤ ਹਿਲ ਗਿਆ, ਦੇਵ ਨਗਰੀ ਸਹਿਮ ਗਈ, ਧਰਤੀ ਕੰਬ ਗਈ, ਦਸਾਂ ਦਿਸ਼ਵਾਂ ਵਿਚ ਪਰਬਤ ਭੱਜਣ ਲੱਗੇ, ਬ੍ਰਹਮਾ ਭੈਭੀਤ ਹੈ। ਹੁਣ ਚੰਡੀ ਨੇ ਕਾਲੀ ਨਾਲ ਮਿਲ ਕੇ ਵਿਚਾਰ ਕੀਤੀ ਕਿ ਮੈ ਦੈਂਤਾਂ ਨੂੰ ਮਾਰਾਂਗੀ ਤੇ ਤੂੰ ਉਨ੍ਹਾਂ ਦਾ ਖੂੰਨ ਪੀਂਦੀ ਜਾ। ਬਹੁਤ ਹੀ ਡਰਾਵਣਾ ਦ੍ਰਿਸ਼ ਹੈ। ਅਖੀਰ ਰਕਤਬੀਜ ਧਰਤੀ ਤੇ ਡਿੱਗ ਪਿਆ ਚੰਡੀ ਨੇ ਉਸ ਨੂੰ ਚੀਰ ਦਿੱਤਾ ਅਤੇ ਕਾਲੀ ਨੇ ਉਸ ਦਾ ਖੂੰਨ ਪੀ ਲਿਆ। (172) ‘ਰਕਤਬੀਜ ਵੱਧ’ ਵਾਲੇ ਪੰਜਵੇ ਅਧਿਆਇ ਦੀ ਸਮਾਪਤੀ ਹੈ।

ਬਚੇ-ਖੁਚੇ ਦੈਂਤਾਂ ਨੇ ਸੁੰਭ ਨੂੰ ਜਾ ਦੱਸਿਆ ਕਿ ਕਿਵੇ ਚੰਡੀ ਅਤੇ ਕਾਲੀ ਨੇ ਮਿਲ ਕੇ ਰਕਤਬੀਜ ਨੂੰ ਮਾਰਿਆ। ਇਹ ਸੁਣਦੇ ਹੀ ਰਾਜੇ ਨੇ ਕ੍ਰੋਧਤ ਹੋ ਕੇ ਸੈਨਾ ਨੂੰ ਚੜਾਈ ਕਰਨ ਦਾ ਹੁਕਮ ਦਿੱਤਾ। ਸੁੰਭ ਅਤੇ ਨਿਸੁੰਭ ਨੇ ਸੁਮੇਰ ਪਰਬਤ ਨੂੰ ਘੇਰਾ ਪਾ ਲਿਆ। ਜਦੋਂ ਇਹ ਬਿੜਕ ਚੰਡੀ ਨੂੰ ਹੋਈ ਤਾਂ ਉਹ ਵੀ ਕਾਲੀ ਸਮੇਤ ਮੈਦਾਨ ਵਿਚ ਆ ਹਾਜ਼ਰ ਹੋਈ। ਕਾਲੀ ਨੇ ਖੜਗ ਅਤੇ ਚੰਡੀ ਨੇ ਧਨੁਸ਼ ਲੈ ਕੇ ਦੈਂਤਾਂ ਤੇ ਹਮਲਾ ਕਰ ਦਿੱਤਾ। ਅਣਗਿਣਤ ਦੈਂਤਾਂ ਨੂੰ ਕਾਲੀ ਜਿਉਂਦੇ ਹੀ ਚੱਬ ਗਈ। ਚੰਡੀ ਨੇ ਵੈਰੀਆਂ ਦੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਉਥੇ ਲਹੂ ਦਾ ਸਮੁੰਦਰ ਬਣ ਗਿਆ। ਦੈਂਤ ਮੈਦਾਨ ਵਿਚੋਂ ਭਜਣੇ ਸ਼ੁਰੂ ਹੋ ਗਏ। ਬੁਹਤ ਹੀ ਭਿਆਨਕ ਦ੍ਰਿਸ਼ ਹੈ। ਹੁਣ ਵਿਸ਼ਣੂ ਨੇ ਸਾਰੀਆਂ ਦੇਵ-ਸ਼ਕਤੀਆਂ ਨੂੰ ਵੀ ਚੰਡੀ ਦੀ ਸਹਾਇਤਾ ਲਈ ਮੈਦਾਨ ਵਿਚ ਭੇਜ ਦਿੱਤਾ। ਦੂਜੇ ਪਾਸੇ ਸੁੰਭ ਨੇ ਨਿਸੁੰਭ ਨੂੰ ਹੁਕਮ ਦਿੱਤਾ ਤੇ ਉਹ ਆਪਣੀ ਸੈਨਾ ਨੂੰ ਲੈ ਕੇ ਅੱਗੇ ਵਧਿਆ। ਪਰ ਚੰਡੀ ਅੱਗੇ ਉਸ ਦੀ ਕੋਈ ਪੇਸ਼ ਨਹੀ ਗਈ। ਕਾਲੀ ਤੇ ਚੰਡੀ ਨੇ ਨਿਸੁੰਭ ਦੀ ਚਤੁਰੰਗਣੀ ਸੈਨਾ ਨੂੰ ਖਤਮ ਕਰ ਦਿੱਤਾ। (190) ਹੁਣ ਨਿਸੁੰਭ ਚੰਡੀ ਦੇ ਸਾਹਮਣੇ ਆ ਡੱਟਿਆ। ਚੰਡੀ ਨੇ ਐਸਾ ਬਾਣ ਦੈਂਤ ਦੇ ਮਾਰਿਆ ਜੋ ਉਸ ਦੇ ਮੁੱਖ ਵਿਚ ਜਾ ਧੱਸਿਆ ਤੇ ਦੈਂਤ ਦਾ ਬਹੁਤ ਸਾਰਾ ਖੂੰਨ ਧਰਤੀ ਤੇ ਆ ਪਿਆ ਮਾਨੋ ਅਕਾਸ਼ ਵਿਚ ਸੂਰਜ ਨੇ ਲਹੂ ਦੀ ਵੱਡੀ ਉਲਟੀ ਕੀਤੀ ਹੋਵੇ। (192) ਦੇਵੀ ਨੇ ਸਾਂਗ ਨਾਲ ਦੈਂਤ ਦੇ ਮੱਥੇ ਤੇ ਐਸਾ ਵਾਰ ਕੀਤਾ ਜੋ ਊਸ ਦੇ ਲੋਹ ਟੋਪ ਨੂੰ ਚੀਰਦਾ ਹੋਇਆ ਅੱਗੇ ਲੱਘ ਗਿਆ। ਨਿੰਸੁਭ ਨੇ ਉਸੇ ਸਾਂਗ ਨੂੰ ਆਪਣੇ ਮੱਥੇ ਵਿਚੋ ਕੱਢ ਕੇ ਦੇਵੀ ਦੇ ਮਾਰਿਆ ਜੋ ਦੇਵੀ ਦੇ ਮੂੰਹ ਵਿਚ ਧੱਸ ਗਿਆ। ਹੁਣ ਦੇਵੀ ਨੇ ਹੱਥ ਵਿਚ ਚੱਕਰ ਲੈਕੇ ਵੈਰੀ ਤੇ ਹਮਲਾ ਕੀਤਾ। ਜੋ-ਜੋ ਵੀ ਸਾਹਮਣੇ ਆਇਆ ਉਸ ਨੂੰ ਚੀਰ ਦਿੱਤਾ। ਚੰਡੀ ਨੇ ਕ੍ਰਿਪਾਨ ਨਾਲ ਬਲਵਾਨ ਦੈਂਤ ਦੇ ਸਿਰ ਤੇ ਐਸਾ ਵਾਰ ਕੀਤਾ ਜੋ ਉਸ ਦੇ ਲੋਹ ਟੋਪ ਨੂੰ ਚੀਰਦੀ ਹੋਈ ਘੋੜੇ ਦੇ ਪਲਾਣੇ ਸਮੇਤ ਘੋੜੇ ਨੂੰ ਚੀਰਦੀ ਹੋਈ ਧਰਤੀ ਵਿਚ ਧੱਸ ਗਈ। ਬੜਾ ਭਿਆਨਕ ਸਮਾ ਹੈ। ਅੰਤ ਚੰਡੀ ਨੇ ਨਿਸੁੰਬ ਦੇ ਸਿਰ ਤੇ ਤਲਵਾਰ ਦਾ ਵਾਰ ਕੀਤਾ ਤੇ ਉਸ ਦੇ ਸਰੀਰ ਨੂੰ ਇਵੇਂ ਦੋ ਫਾੜ ਕਰ ਦਿੱਤਾ ਜਿਵੇਂ ਸਾਬਣ ਬਣਾਉਣ ਵਾਲਾ ਲੋਹੇ ਦੀ ਤਾਰ ਨਾਲ ਸਾਬਣ ਦੇ ਦੋ ਟੋਟੇ ਕਰਦਾ ਹੈ। (202) ‘ਨਿਸ਼ੂੰਭ ਬਧ’ ਵਾਲੇ ਛੇਵਂੇ ਅਧਿਆਇ ਦੀ ਸਮਾਪਤੀ ਹੈ।

ਇੱਕ ਦੈਂਤ ਨੇ ਜਾ ਕੇ ਸੁੰਭ ਨੂੰ ਖਬਰ ਦਿੱਤੀ ਕਿ ਤੇਰੇ ਭਰਾ ਨੂੰ ਦੇਵੀ ਨੇ ਮਾਰ ਦਿੱਤਾ ਹੈ। ਕ੍ਰੋਧਤ ਸੁੰਭ ਆਪਣੀ ਸੈਨਾਂ ਨਾਲ ਮੈਦਾਨ ਵਿਚ ਆ ਡਟਿਆ। ਆਪਣੇ ਭਰਾ ਦਾ ਧੜ ਵੇਖ ਕੇ ਦੁਖੀ ਹੋਏ ਦੈਂਤ ਦੇ ਹੁਕਮ ਤੇ ਦੈਂਤ ਸੈਨਾਂ ਨੇ ਦੇਵੀ ਨੂੰ ਚੌਂਹਾਂ ਪਾਸਿਆਂ ਤੋ ਘੇਰ ਲਿਆ। (207) ਘੇਰਾ ਵੇਖ ਕੇ ਚੰਡੀ ਨੇ ਕਾਲੀ ਨੂੰ ਇਸ਼ਾਰਾ ਕੀਤਾ ਤੇ ਯੁੱਧ ਸ਼ੁਰੂ ਹੋ ਗਿਆ। ਕਾਲੀ ਨੇ ਕਿਤਨੇ ਹੀ ਮਾਰ ਦਿੱਤੇ, ਕਿਤਨੇ ਦੈਂਤ ਜਿਉਦੇ ਹੀ ਚੱਬ ਲਏ, ਹਾਥੀਆਂ ਨੂੰ ਹੱਥਾਂ ਦੇ ਨਹੁੰਆਂ ਨਾਲ ਚੀਰ ਦਿੱਤਾ। ਇਹ ਦ੍ਰਿਸ਼ ਵੇਖ ਕੇ ਇੰਦਰ ਬੁਹਤ ਹੀ ਪ੍ਰਸੰਨ ਹੋਇਆ। ਹੁਣ ਸੁਭੰ ਆਪ ਅੱਗੇ ਹੋਇਆ ਅਤੇ ਦੂਜੇ ਪਾਸਿਉ ਚੰਡੀ ਵੀ ਸ਼ੇਰ ਤੇ ਸਵਾਰ ਹੋਕੇ ਮੈਦਾਨ ਵਿਚ ਆ ਹਾਜ਼ਰ ਹੋਈ। ਬੁਹਤ ਹੀ ਭਿਆਨਕ ਸਮਾਂ ਹੈ। ਚਾਰ ਸੌ ਕੋਹ ਦੇ ਮੈਦਾਨ ਵਿੱਚ ਦੈਂਤ ਇਵੇਂ ਖਿੱਲਰੇ ਪਏ ਹਨ ਜਿਵੇਂ ਪਤਝੜ ਵਿਚ ਦਰਖਤਾਂ ਦੇ ਸੁੱਕੇ ਪੱਤੇ। (212) ਚੰਡੀ ਨੇ ਕ੍ਰੋਧ ਨਾਲ ਕਟਾਰ ਦਾ ਐਸਾ ਵਾਰ ਕੀਤਾ ਜੋ ਸ਼ੁੰਭ ਦੀ ਛਾਤੀ ਵਿਚ ਧੱਸ ਗਈ। ਦੈਂਤ ਦੇ ਲਹੂ ਨਾਲ ਜੋਗਣਾਂ ਰੱਜ ਗਈਆਂ । ਲਹੂ ਤੇ ਮਿਝ ਦੇ ਚਿੱਕੜ ਵਿਚ ਸਿ਼ਵ ਨੱਚ ਰਿਹਾ ਹੈ। ਚੰਡੀ ਨੇ ਸੁੰਭ ਨੂੰ ਆਪਣੇ ਹੱਥ ਨਾਲ ਇਸ ਤਰ੍ਹਾਂ ਚੁੱਕ ਲਿਆ ਜਿਵੇਂ ਕ੍ਰਿਸ਼ਨ ਨੇ ਗੋਵਰਧਨ ਪਰਬਤ ਚੁਕਿਆ ਸੀ। (219) ਚੰਡੀ ਦੇ ਹੱਥੋਂ ਖਿਸਕ ਕੇ ਸੁਭੰ ਅਕਾਸ਼ ਨੂੰ ਚਲਾ ਗਿਆ ਅਤੇ ਚੰਡੀ ਵੀ ਉਸ ਦੇ ਪਿਛੇ ਹੀ ਅਕਾਸ਼ ਨੂੰ ਚੱਲ ਪਈ। ਹੁਣ ਯੁੱਧ ਦਾ ਮੈਦਾਨ ਅਕਾਸ਼-ਮੰਡਲ ਹੈ। ਇੰਨ੍ਹਾਂ ਭਿਆਨਕ ਯੁੱਧ ਹਇਆ ਜੋ ਕਦੇ ਪਹਿਲਾਂ ਨਹੀਂ ਸੀ ਹੋਇਆ। ਸੂਰਜ, ਚੰਦ੍ਰਮਾ, ਤਾਰੇ ਅਤੇ ਇੰਦਰ ਸਮੇਤ ਸਾਰੇ ਦੇਵਤੇ ਯੁੱਧ ਨੂੰ ਵੇਖ ਰਹੇ ਹਨ। ਚੰਡੀ ਨੇ ਤਲਵਾਰ ਨਾਲ ਦੈਂਤ ਦੇ ਸਿਰ ਤੇ ਐਸਾ ਵਾਰ ਕੀਤਾ ਕੇ ਆਰੇ ਦੀ ਤਰ੍ਹਾਂ ਚੀਰ ਕੇ ਦੈਂਤ ਦੇ ਦੋ ਫਾੜ ਕਰਕੇ ਧਰਤੀ ਤੇ ਸੁੱਟ ਦਿੱਤਾ। (221) ‘ਸੁਭੰ-ਵਧ’ ਨਾਂ ਵਾਲੇ ਸੱਤਵੇ ਅਧਿਆਇ ਦੀ ਸਮਾਪਤੀ ਹੈ।

ਸਾਰੇ ਦੇਵਤਿਆਂ ਨੇ ਇਕੱਤਰ ਹੋ ਕੇ ਚੰਡੀ ਦੇ ਮੱਥੇ ਤੇ ਤਿਲਕ ਲਾਇਆ। ਦੇਵ ਇਸਤਰੀਆਂ ਨੇ ਚੰਡੀ ਦੀ ਆਰਤੀ ਕੀਤੀ। ਚੰਡੀ ਨੇ ਇੰਦਰ ਨੂੰ ਰਾਜ ਤਿਲਕ ਦਿੱਤਾ ਅਤੇ ਸੂਰਜ ਤੇ ਚੰਦ ਨੂੰ ਅਕਾਸ਼ ਵਿਚ ਸਥਾਪਤ ਕੀਤਾ।

ਦੁਸ਼ਟ ਦੈਤਾਂ ਨੂੰ ਜਿਤਣ ਵਾਲੀ ਚੰਡੀ ਤੇਰੀ ਜੈ ਹੋਵੇ।(230)

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ।
ਅਰੁ ਸਿਖ ਹੌ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ।(231)

ਚੰਡੀ-ਚਰਿਤ੍ਰ ਕਵਿਤਾ ਰੌਦਰ-ਰਸ ਵਿਚ ਲਿਖੀ ਹੈ। ‘ਸਤਸਈ’ ਦੀ ਇਹ ਪੂਰੀ ਕਥਾ ਵਰਣਿਤ ਹੈ। ਜਿਸ ਮਨੋਰਥ ਲਈ ਕੋਈ ਇਸ ਨੂੰ ਪੜ੍ਹੇਗਾ ਦੇਵੀ ਉਹੀ ਵਰ ਪ੍ਰਦਾਨ ਕਰੇਗੀ। (232) ਮੈ ‘ਸਤਸਈ’ (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ ਗ੍ਰੰਥ ਨਹੀ ਹੈ। ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ ਇਹ ਕਥਾ ਕਹੀ ਹੈ, ਉਸ ਦਾ ਉਹੀ ਮਨੋਰਥ ਪੂਰਾ ਕਰੋ। (233)

ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਿਤ ਬਿਲਾਸ ਪ੍ਰਸੰਗ ਦੇ ‘ਦੇਵ ਸੁਰੇਸ ਸਹਿਤ ਜੈ ਜੈ ਕਾਰਾ’ ਅੱਠਵਾਂ ਅਧਿਆਇ ਸਮਾਪਤ ਹੈ।

ਸਿੱਖ ਪਾਰਲੀਮੈਂਟ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਗੁਰੂ ਅਰਜਨ ਦੇਵ ਨਿਵਾਸ ਤਰਨ ਤਾਰਨ ਵਿਖੇ ਹੋ ਰਹੀ ਸੀ ਪਿਛੇ ਬੈਨਰ ਉਪਰ ਲਿਖਿਆ ਹੋਇਆ ਸੀ:

ਦੇਹ ਸਿ਼ਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।
‘ਸ੍ਰੀ ਗੂਰੁ ਗੋਬਿੰਦ ਸਿੰਘ ਜੀ’

ਪੰਥ ਦਰਦੀਓ! ਜ਼ਰਾ ਸੋਚੋ। ਕੀ ਕਿਸੇ ਸਾਕਤ ਮਤੀਏ ਦੀ ਰਚਨਾ ‘ਚ ਚਾਰ ਪੰਗਤੀਆਂ ਨੂੰ ਲੈ ਕੇ, ਇਸ ਨੂੰ ਸ਼ਬਦ ਕਹਿਣਾ, ਇਸ ਦਾ ਕੋਮੀ ਤਰਾਨੇ ਵਜੋਂ ਗਾਇਨ ਕਰਨਾ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲ ਜੋੜਨਾ ਸਾਨੂੰ ਸੋਭਾ ਦਿੰਦਾ ਹੈ?

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2006)
(ਦੂਜੀ ਵਾਰ 13 ਸਤੰਬਰ 2021)

***
352
***

About the author

ਸਰਵਜੀਤ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ