ਚੋਰ ਉਚਕਾ ਚੌਧਰੀ-ਅਨਮੋਲ ਕੌਰ (ਕੈਨੇਡਾ)- |
ਅੱਜ ਉਸ ਦਾ ਨਾਮ ਉੱਚੇ ਅਹੁਦਿਆਂ ਵਾਲੇ ਅਫਸਰਾਂ ਵਿਚ ਗਿਣ ਹੁੰਦਾ ਹੈ। ਕਈ ਲੋਕੀਂ ਉਸ ਦਾ ਨਾਮ ਆਪਣੀ ਜ਼ਬਾਨ ਨਾਲ ਲੈ ਕੇ ਬਹੁਤ ਮਾਣ ਮਹਿਸੂਸ ਕਰਦੇ ਨੇ। ਬਹੁਤ ਸਾਰੇ ਚਮਚੇ ਉਸ ਦੇ ਆਲੇ-ਦੁਆਲੇ ਪੂਛ ਹਿਲਾਉਂਦੇ ਨੱਠੇ-ਭੱਜੇ ਦਿਸਦੇ। ਸਰਕਾਰ ਨੇ ਉਸ ਨੂੰ ਹੀਰੋ ਦਾ ਖਿਤਾਬ ਦਿੱਤਾ। ਜਿਸ ਨਾਲ ਉਸ ਦੀ ਆਕੜ ਦੁੱਗਣੀ ਹੋ ਗਈ। ਅੱਜ ਜਦੋਂ ਮੈਂ ਉਸ ਨੂੰ ਟੀ. ਵੀ. ਉਤੇ ਦੇਖਿਆ ਤਾਂ ਪੁਰਾਣੇ ਦਿਨ ਆਪ ਮੁਹਾਰੇ ਮੇਰੇ ਅੱਗੇ ਆਉਣ ਲੱਗੇ। ਏਨੀ ਪੁਰਾਣੀ ਨਫ਼ਰਤ ਫਿਰ ਜਾਗ ਪਈ। ਮੇਰਾ ਦਿਲ ਕੀਤਾ ਕਿ ਉਸ ਦਾ ਉਹ ਗੁੱਝਾ ਭੇਦ ਸਾਰੀ ਦੁਨੀਆਂ ਅੱਗੇ ਖਿਲਾਰ ਦੇਵਾਂ। ਪਰ ਮੇਰੇ ਤੇ ਯਕੀਨ ਕੌਣ ਕਰੇਗਾ? ਹੁਣ ਤਾਂ ਉਹ ਇਕ ਵੱਡਾ ਅਫਸਰ ਹੈ। ਯਕੀਨ ਤਾਂ ਲੋਕੀਂ ਉਸ ਉੱਪਰ ਓਦੋਂ ਵੀ ਕਰਦੇ ਸਨ ਜਦੋਂ ਉਹ ਸਾਡੇ ਕਾਲਜ ਦਾ ਇਕ ਮਾਮੂਲੀ ਜਿਹਾ ਵਿਦਿਆਰਥੀ ਸੀ। ਬੇਸ਼ੱਕ ਉਹ ਲੋਕਾਂ ਲਈ ਇਕ ਅਮੀਰ ਸੀ। ਪਰ ਮੇਰੇ ਮਨ ਵਿਚ ਉਸ ਲਈ ਕੋਈ ਖਾਸ ਥਾਂ ਨਹੀ ਬਣੀ। ਕਈ ਵਾਰੀ ਮੇਰੀ ਸਹੇਲੀ ਡੋਲੀ ਹੁਣ ਵੀ ਮੈਨੂੰ ਟਿੱਚਰ ਕਰ ਦੇਂਦੀ ਹੈ: “ਲੋਕੀਂ ਆਪਣੇ ਪਿਆਰ ਨੂੰ ਨਹੀ ਭੁੱਲਦੇ, ਪਰ ਤੈਨੂੰ ਆਪਣੀ ਨਫਰਤ ਹੀ ਨਹੀਂ ਭੁੱਲਦੀ।”
ਸਾਡੇ ਕਾਲਜ ਵਿਚ ਆਇਆਂ ਉਸ ਨੂੰ ਅਜੇ ਥੌੜੇ ਦਿਨ ਹੀ ਹੋਏ ਸਨ ਕਿ ਮੇਰੇ ਅੱਗੇ ਪਿੱਛੇ ਪੈਲਾਂ ਪਾਉਣ ਲੱਗਾ। ਪਰ ਮੈਂ ਉਸ ਦੀ ਕੋਈ ਪਰਵਾਹ ਨਾ ਕਰਦੀ। ਮੈਨੂੰ ਉਸ ਦੇ ਤੌਰ-ਤਰੀਕੇ ਫੁੱਟੀ ਅੱਖ ਵੀ ਨਾ ਭਾਉਂਦੇ। ਮੈਨੂੰ ਆਪਣੇ ਵਸ ਵਿਚ ਕਰਨ ਲਈ ਉਸ ਨੇ ਇਕ ਨਵੀਂ ਚਾਲ ਖੇਡੀ। ਮੈਂ ਹੈਰਾਨ ਰਹਿ ਗਈ ਜਦੋਂ ਉਸ ਨੂੰ ਸੋਨੀਆਂ ਨਾਲ ਗੱਲਾਂ ਕਰਦੇ ਦੇਖਿਆ। ਪਰ ਮੈ ਉਹਨਾਂ ਨੂੰ ਅਣਗੋਲਦੀ ਹੋਈ ਆਪਣੇ ਰਸਤੇ ਤੁਰੀ ਗਈ। ਦੂਜੇ ਦਿਨ ਸੋਨੀਆ ਮੇਰੇ ਕੋਲ ਆਈ। ਬਹੁਤ ਹੀ ਧਿਆਨ ਨਾਲ ਮੈਨੂੰ ਦੇਖਦੀ ਹੋਈ ਕਹਿਣ ਲੱਗੀ: “ਸੰਗੀਤ, ਤੇਰੇ ਨਾਲ ਇਕ ਗੱਲ ਕਰਨੀ ਹੈ, ਜੇ ਤੂੰ ‘ਮਾਂਈਡ’ ਨਾ ਕਰੇਂ।” “ਜੇ ‘ਮਾਂਈਡ’ ਕਰਨ ਵਾਲੀ ਗੱਲ ਨਾ ਹੋਈ ਤਾਂ ਭਲਾ ਮੈਂ ਕਿਉਂ ਗੁੱਸਾ ਕਰਾਂਗੀ।” “ਰਾਜੂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ।” “ਕੌਣ ਰਾਜੂ?” “ਉਹ ਹੀ ਨਵਾਂ ਮੁੰਡਾ, ਜਿਸ ਨਾਲ ਮੈਂ ਕੱਲ ਗੱਲਾਂ ਕਰ ਰਹੀ ਸਾਂ।” “ਮੇਰੇ ਨਾਲ ਉਸ ਨੇ ਕੀ ਗੱਲ ਕਰਨੀ ਆ?” “ਉਹ ਤੈਨੂੰ ਬਹੁਤ ਜ਼ਿਆਦਾ ‘ਲਾਈਕ’ ਕਰਦਾ ਹੈ।” “ਪਰ ਮੈਂ ਉਸ ਨੂੰ ਪਸੰਦ ਨਹੀਂ ਕਰਦੀ।” “ਦੇਖ ਸੰਗੀਤ, ਉਹ ਤੈਨੂੰ ਪਾਉਣ ਲਈ ਕੁੱਝ ਵੀ ਕਰ ਸਕਦਾ ਹੈ। ਬਹੁਤ ਹੀ ‘ਨਾਈਸ ਹੈ।” “ਤੂੰ ਉਸ ਨੂੰ ਕਦੋਂ ਕੁ ਦੀ ਜਾਣਦੀ ਏਂ?” ਮੈ ਸੋਨੀਆਂ ਨੂੰ ਸਿੱਧਾ ਪੁੱਛਿਆ। “ਬਸ, ਓਦੋਂ ਦੀ ਹੀ ਜਦੋਂ ਦਾ ਕਾਲਜ ਵਿਚ ਆਇਆ ਹੈ।” “ਮੈਨੂੰ ਉਸ ਦੇ ਰੰਗ-ਢੰਗ ਬਿਲਕੁਲ ਚੰਗੇ ਨਹੀਂ ਲੱਗਦੇ, ‘ਪਲੀਜ਼’ ਮੁੜ ਕੇ ਉਸ ਦਾ ਨਾਂ ਮੇਰੇ ਸਾਹਮਣੇ ਨਾ ਲਈਂ।” ਮੈਂ ਗੁੱਸੇ ਨਾਲ ਕਿਹਾ। ਉਸ ਨੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਯਤਨ ਕੀਤੇ। ਪਰ ਸਭ ਬੇਕਾਰ। ਉਸ ਨੇ ਦੋ ਚਾਰ ਮੁੰਡਿਆ ਨੂੰ ਲੈ ਕੇ ਇਕ ਗੁੱਰਪ ਬਣਾ ਲਿਆ। ਲੀਡਰ ਬਣ ਕੇ ਉਹਨਾਂ ਦੇ ਅੱਗੇ ਅੱਗੇ ਹੋ ਤਰੁਦਾ। ਕਦੀ ਮੋਟਰਸਾਈਕਲ, ਕਦੀ ਸਕੂਟਰ ਅਤੇ ਕਦੀ ਕਾਰ ਜਾਂ ਜੀਪ ਲੈ ਕੇ ਕਾਲਜ ਪੜ੍ਹਨ ਆਉਂਦਾ। ਕਈ ਵਾਰੀ ਸ਼ਰਾਬ ਪੀ ਕੇ ਕਾਲਜ ਵਿਚ ਹੱਲਾ-ਗੁੱਲਾ ਕਰਦਾ। ਕਾਫੀ ਮੁੰਡੇ ਉਸ ਦੇ ਦੁਆਲੇ ਇਕੱਠੇ ਹੋਏ ਰਹਿੰਦੇ। ਉਹਨਾਂ ਨੂੰ ਖਾਣ-ਪੀਣ ਨੂੰ ਖੁੱਲ੍ਹਾ ਜੁ ਮਿਲ ਜਾਂਦਾ ਸੀ। ਸੋਨੀਆ ਮੈਨੂੰ ਸਨੇਹੇ ਪੁਹੰਚਾਉਂਦੀ ਆਪ ਹੀ ਉਸ ਦੇ ਜਾਲ ਵਿਚ ਫਸ ਗਈ। ਜਦੋਂ ਮੈਨੂੰ ਪਤਾ ਲੱਗਾ ਤਾਂ ਮਨ ਦੁੱਖੀ ਹੋਇਆ। ਆਪਣੇ ਵਲੋਂ ਸਮਝਾਉਣ ਦੇ ਯਤਨ ਨਾਲ ਮੈਂ ਸੋਨੀਆਂ ਨੂੰ ਕਿਹਾ: “ਸੋਨੀਆ! ਮੈ ਤਾਂ ਸੋਚ ਵੀ ਨਹੀ ਸਕਦੀ ਕਿ ਤੇਰਾ ਉਸ ਅਵਾਰਾ ਮੁੰਡੇ ਨਾਲ ਚੱਕਰ ਚੱਲ ਸਕਦਾ ਹੈ।” “ਤੂੰ ਇਹ ਕਿਵੇਂ ਕਹਿ ਸਕਦੀ ਏਂ ਕਿ ਉਹ ਅਵਾਰਾ ਹੈ।” ਸੋਨੀਆ ਨੇ ਮੈਨੂੰ ਉਲਟਾ ਸਵਾਲ ਪਾ ਦਿੱਤਾ। ਪਰ ਮੈਂ ਵੀ ਉਸ ਨੂੰ ਖਿੱਝ ਕੇ ਪਈ: “ਉਹ ਵੱਡੇ ਘਰ ਦਾ ਵਿਗੜਿਆ ਕਾਕਾ ਹੈ। ਉਸ ਦੀ ਚਾਲ-ਰਫ਼ਤਾਰ ਕੋਈ ਚੰਗੇ ਇਨਸਾਨ ਵਾਲੀ ਨਹੀ ਹੈ।” “ਕਾਲਜ ਦਾ ਸਟਾਫ ਅਤੇ ਕਮੇਟੀ ਸਭ ਉਸ ਦੀ ਮੰਨਦੇ ਹਨ।” “ਉਸ ਦੇ ਪਿਉ ਦੇ ਪੈਸੇ ਨਾਲ ਇਹ ‘ਪਰਾਈਵੇਟ, ਕਾਲਜ ਚੱਲਦਾ ਹੈ। ਸਭ ਪੈਸੇ ਦੀ ਹੀ ਖੇਡ ਹੈ।” ਮੈਂ ਹਰ ਯਤਨ ਕੀਤਾ ਸੋਨੀਆ ਨੂੰ ਉਸ ਲਫੰਗੇ ਤੋਂ ਬਚਾਉਣ ਦਾ। ਪਰ ਸੋਨੀਆ ਉਸ ਦੇ ਖਿਲਾਫ ਕੁੱਝ ਵੀ ਸੁਣਨ ਨੂੰ ਤਿਆਰ ਨਹੀ ਸੀ। ਫਿਰ ਵੀ ਮੈਂ ਆਖਰੀ ਚਿਤਵਾਨੀ ਸੋਨੀਆ ਨੂੰ ਦੇ ਦਿੱਤੀ: “ਦੇਖੀਂ, ਇਕ ਦਿਨ ਤੂੰ ਪਛਤਾਵੇਂਗੀ।” “ਪਛਤਾਵੇ ਦਾ ਰੌਣ ਤੇਰੇ ਕੋਲ ਨਹੀ ਰੋਵਾਂਗੀ।” ਸੋਨੀਆ ਨੇ ਲਾਪ੍ਰਵਾਹੀ ਨਾਲ ਕਿਹਾ। ਵਕਤ ਆਪਣੀ ਚਾਲ ਨਾਲ ਤੁਰਦਾ ਰਿਹਾ। ਮੈਂ ਜਦੋਂ ਵੀ ਸੋਨੀਆ ਨੂੰ ਉਸ ਨਾਲ ਦੇਖਦੀ ਪਤਾ ਨਹੀ ਮੈਨੂੰ ਕਿਉਂ ਤਕਲੀਫ ਹੋ ਜਾਂਦੀ। ਉਸ ਦਿਨ ਵੀ ਜਦੋਂ ਸੋਨੀਆ ਨੂੰ ਸੱਜੀ ਬਾਂਹ ਰਾਜੂ ਦੇ ਲੱਕ ਦੁਆਲੇ ਪਾ ਕੇ ਮੋਟਰਸਾਈਕਲ ਉੱਤੇ ਬੈਠੀ ਦੇਖਿਆ ਤਾਂ ਮੈਂ ਆਪਣੇ ਨਾਲ ਜਾਂਦੀ ਰੇਣੂ ਨੂੰ ਆਖਿਆ: “ਦੇਖ, ਹੈ ਇਸ ਨੂੰ ਕੋਈ ਸ਼ਰਮ।” “ਸੰਗੀਤ, ਤੂੰ ਉਸ ਨੂੰ ਸਮਝਾ-ਬੁਝਾ ਲਿਆ, ਜੇ ਉਹ ਨਹੀ ਮੰਨਦੀ ਤਾਂ ਸਾਨੂੰ ਕੀ।” “ਸਾਨੂੰ ਕੀ ਨਹੀਂ, ਫਿਰ ਵੀ ਉਹ ਆਪਣੀ ਸਹੇਲੀ ਹੈ, ਜੇ ਉਹ ਆਪਣਾ ਬੁਰਾ ਭਲਾ ਨਹੀਂ ਸੋਚਦੀ ਤਾਂ ਸਾਡਾ ਫਰਜ਼ ਬਣਦਾ ਹੈ ਉਸ ਨੂੰ ਸਮਝਾਉਣ ਦਾ।” “ਸਾਡੀ ਸਹੇਲੀ ਕਿਸ ਤਰਾਂ ਰਹੀ। ਜ਼ਿਆਦਾ ਸਮਾਂ ਉਹ ਰਾਜੂ ਨਾਲ ਗੁਜ਼ਾਰਦੀ ਹੈ। ਆਪਾਂ ਨੂੰ ਤਾਂ ਉਹ ‘ਬੈਕ ਵਰਡ’ ਖਿਆਲਾਂ ਦੀਆਂ ਕੁੜੀਆਂ ਸਮਝਦੀ ਹੈ।” ਰੇਣੂ ਨੇ ਕੁੱਝ ਸੋਚਦੇ ਕਿਹਾ: “ਅੱਜਕੱਲ ਰਾਜੂ ਖੇਡਾਂ ਵਿਚ ਬੜੀ ਦਿਲਚਸਪੀ ਲੈ ਰਿਹਾ ਹੈ।” “ਪਰ ਇਸ ਨਾਲ ਉਸ ਦੀ ਕੁੜੀਆਂ ਵਿਚ ਦਿਲਚਸਪੀ ਘਟੀ ਨਹੀਂ। ਸੋਨੀਆ ਤੋਂ ਬਾਅਦ ਪਤਾ ਨਹੀਂ ਕਿਹਦੀ ਮਾੜੀ ਕਿਸਮਤ ਹੋਵੇਗੀ।” “ਚੱਲ ਛੱਡ, ਰਾਜੂ ਅਤੇ ਸੋਨੀਆ ਦਾ ਵਿਸ਼ਾ। ਉਸ ਮਜ਼ਮੂਨ ਬਾਰੇ ਸੋਚ ਜਿਸ ਤੇ ਕੰਮ ਕਰਨ ਲਈ ਮੈਡਮ ਭਾਟੀਆ ਨੇ ਕਿਹਾ ਹੈ।” ਇਸ ਦਿਨ ਤੋਂ ਬਾਅਦ ਮੈਂ ਸੱਚ-ਮੁਚ ਹੀ ਸੋਨੀਆ ਬਾਰੇ ਸੋਚਣਾ ਛੱਡ ਦਿੱਤਾ। ਅੱਗੇ ਕਦੀ ਕਦੀ ਮੇਰੇ ਕਮਰੇ ਵਿਚ ਸੋਨੀਆ ਆ ਹੀ ਜਾਂਦੀ ਸੀ। ਹੁਣ ਤਾਂ ਬਿਲਕੁਲ ਹੀ ਬੰਦ ਹੋ ਗਈ। ਮੈਂ ਵੀ ਆਪਣੀ ਪੜ੍ਹਾਈ ਵਿਚ ਮਸਤ ਰਹੀ। ਉਸ ਦਿਨ ‘ਹੌਸਟਲ ਵਿਚ ਬਹੁਤ ਸ਼ਾਂਤੀ ਸੀ। ਜ਼ਿਆਦਾ ਤਰ ਕੁੜੀਆਂ ਦੇ ‘ਇਗਜ਼ਾਮ’ ਹੋ ਚੁੱਕੇ ਸਨ। ਉਹ ਹੀ ਦੋ ਚਾਰ ਕੁੜੀਆਂ ਰਹਿ ਗਈਆਂ ਸਨ। ਜਿਹਨਾਂ ਦੇ ‘ਪਰੈਕਟੀਕਲ’ ਚੱਲ ਰਹੇ ਸਨ। ਮੈਂ ਵੀ ਆਪਣੇ ‘ਪਰੈਕਟੀਕਲ’ ਕਰਕੇ ਹੀ ਰੁਕੀ ਹੋਈ ਸਾਂ। ਬੇਲੋੜਾ ਨਿੱਕਾ- ਮੋਟਾ ਸਮਾਨ ਪੈਕ ਕਰਨ ਵਿਚ ਰੁੱਝੀ ਹੋਈ ਸੀ ਕਿ ਕਿਸੇ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ। ਖੋਲ੍ਹਿਆ ਤਾਂ ਸਾਹਮਣੇ ਮੁਰਝਾਏ ਚਿਹਰੇ ਨਾਲ ਖੜੀ ਸੋਨੀਆ ਦੇਖੀ। ਚੁੱਪ-ਚੁਪੀਤੀ ਅੰਦਰ ਲੰਘ ਆਈ। ਮੈਂ ਹੀ ਚੁੱਪ ਤੌੜੀ: ”ਮੈ ਤਾਂ ਸੋਚਿਆ ਕਿ ਤੂੰ ਵਾਪਸ ਆਪਣੇ ਪਿੰਡ ਚਲੀ ਗਈ ਹੋਵੇਗੀ।” “ਪਿੰਡ ਕਿਵੇ ਜਾਵਾਂ?” ਉਸ ਨੇ ਭਰੀਆਂ ਅੱਖਾਂ ਨਾਲ ਕਿਹਾ। “ਕਿਉਂ, ਕੀ ਹੋਇਆ?” “ਸੰਗੀਤ, ਇਕ ਦਿਨ ਮੈਂ ਤੈਨੂ ਬਹੁਤ ਆਕੜ ਨਾਲ ਕਿਹਾ ਸੀ ਕਿ ਪਛਤਾਵੇ ਦਾ ਰੋਣ ਤੇਰੇ ਕੋਲ ਨਹੀ ਰੋਵਾਂਗੀ, ਪਰ ਅੱਜ।” ਇਸ ਤੋਂ ਬਾਅਦ ਉਸ ਨੇ ਰੌਣਾ ਸ਼ੁਰੂ ਕਰ ਦਿੱਤਾ। ਮੈਨੂੰ ਸਮਝ ਨਾ ਲੱਗੇ ਮੈਂ ਕੀ ਕਰਾਂ। ਮੈਂ ਆਪਣਾ ਹੱਥ ਉਸ ਦੇ ਮੋਢੇ ਤੇ ਰੱਖਿਆ। ਉਸ ਨੇ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ ਅਤੇ ਹੋਰ ਵੀ ਉੱਚੀ ਅਵਾਜ਼ ਵਿਚ ਰੋਣ ਲੱਗੀ। ਮੈਂ ਆਪਣਾ ਮੋਢਾ ਛੁਡਾ ਕੇ ਦੌੜ ਕੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਕਿ ਉਸ ਦੀ ਅਵਾਜ਼ ਕਿਤੇ ਬਾਹਰ ਨਾ ਚਲੀ ਜਾਵੇ। ਉਸ ਨੂੰ ਚੁੱਪ ਕਰਾਵਾਉਣ ਦਾ ਯਤਨ ਕਰਦੀ ਉਸ ਦੇ ਰੋਣ ਦਾ ਕਾਰਨ ਪੁੱਛਣ ਲੱਗੀ। ਪਰ ਜਦੋਂ ਵੀ ਬੋਲਣ ਦੀ ਕੋਸ਼ਿਸ਼ ਕਰਦੀ। ਉਸ ਦਾ ਰੋਣਾ ਥੰਮਿਆ ਨਹੀਂ ਸੀ ਜਾ ਰਿਹਾ। ਪਾਣੀ ਦਾ ਗਲਾਸ ਦਿੱਤਾ ਤਾਂ ਇਕ ਸਾਹ ਵਿਚ ਹੀ ਪੀ ਗਈ। “ਉਸ ਨੂੰ ਕੋਈ ਹੋਰ ਮਿਲ ਗਈ?” ਮੈਂ ਪੁੱਛਿਆ, “ਜਾਂ ਤੈਨੂੰ ਸਮਝ ਆ ਗਈ?” “ਉਸ ਨੇ ਮੈਨੂੰ ਬਰਬਾਦ ਕਰ ਦਿੱਤਾ।” ਆਪਣੇ ਸਾਹ ਨਾਲ ਸਾਹ ਮਿਲਾਉਂਦੀ ਕਹਿਣ ਲੱਗੀ, “ਮੈ ‘ ਪਰੈਗਨੈਟ, …।” ਤੇ ਉਹ ਫਿਰ ਰੋਣ ਲੱਗੀ। ਇਹ ਸੁਣ ਕੇ ਮੈਂ ਖੜੀ- ਖਲੋਤੀ ਰਹਿ ਗਈ। ਪਤਾ ਨਾ ਲੱਗੇ ਮੈਂ ਕੀ ਕਰਾਂ, ਕੀ ਕਹਾਂ। ਕਰੋਧ ਨੇ ਮੈਨੂੰ ਪੂਰੀ ਤਰਾਂ ਜਕੜ ਲਿਆ ਤੇ ਦਿਲ ਕੀਤਾ ਕਿ ਕਹਾਂ: “ਅਬ ਪਛਤਾਏ ਕੀਆ ਹੋਏ, ਜਬ ਚਿੜੀਆ ਚੁਗ ਗਈ ਖੇਤ।” ਪਰ ਕਰੋਧ ਨੂੰ ਇਕ ਪਾਸੇ ਕਰਦੀ ਅਤੇ ਉਸ ਨੂੰ ਹੌਸਲਾ ਦੇਂਦੀ ਨੇ ਕਿਹਾ: “ਵਿਆਹ ਕਰਵਾ ਲੈ ਉਸ ਨਾਲ ਹੋਰ ਤਾਂ ਕੁੱਝ ਨਹੀ ਹੋ ਸਕਦਾ।” “ਵਿਆਹ ਦਾ ਤਾਂ ਨਾਮ ਸੁੱਣਨ ਨੂੰ ਵੀ ਉਹ ਤਿਆਰ ਨਹੀ।” ਹਟਕੋਰੇ ਲੈਂਦੀ ਬੋਲੀ: “ਜਦੋਂ ਮੈਂ ਉਸ ਨੂੰ ਦੱਸਿਆ ਤਾਂ ਉਹ ਉੱਚੀ ਉੱਚੀ ਹੱਸਿਆ ਅਤੇ ਇਕ ਨਰਸ ਦਾ ਐਡਰੈਸ ਦਿੰਦਾ ਕਹਿਣ ਲੱਗਾ: “ਇਸ ਕੋਲ ਚਲੇ ਜਾਣਾ ਸਭ ਠੀਕ ਹੋ ਜਾਵੇਗਾ।” ਫਿਰ ਰੋਣ ਲੱਗੀ। ਮੈ ਸੋਨੀਆ ਨੂੰ ਸਮਝਾ-ਬੁਝਾ ਕੇ, ਸਮੱਸਿਆ ਦਾ ਹੱਲ ਲਭਣ ਦੀ ਆਸ ਦੇ ਕੇ, ਉਸ ਦੇ ਕਮਰੇ ਵਿਚ ਛੱਡ ਆਈ। ਮੈਂ ਉਸ ਨੂੰ ਇੱਕਲਿਆਂ ਛੱਡਣਾ ਤਾਂ ਨਹੀ ਸੀ ਚਾਹੁੰਦੀ। ਕਿਉਕਿ ਉਹ ਬਹੁਤ ਜ਼ਿਆਦਾ ‘ਅਪਸੈਟ’ ਸੀ। ਪਰ ਮੇਰਾ ‘ਹੋਮ ਸਾਇੰਸ’ ਦਾ ਪਰੈਕਟੀਕਲ ਹੋਣਾ ਸੀ। ਸੋ ਮੈਨੂੰ ਆਉਣਾ ਪਿਆ। ‘ਪਰੈਕਟੀਕਲ‘ ਦੇ ਤਿੰਨ- ਚਾਰ ਘੰਟੇ ਪਿਛੋਂ ਮੈਂ ਸਿੱਧੀ ਉਸ ਦੇ ਕਮਰੇ ਵੱਲ ਗਈ। ਦੇਖਾਂ ਤਾਂ ਕਮਰੇ ਦਾ ਦਰਵਾਜ਼ਾ ਅਦਰੋਂ ਬੰਦ ਸੀ। ਬਥੇਰਾ ਖੜਕਾਇਆ। ਪਰ ਉਸ ਨੇ ਖੋਲ੍ਹਿਆ ਹੀ ਨਾ। ਘਬਰਾ ਕੇ ਹੌਸਟਲ ਬਾਰਡਨ ਵੱਲ ਦੌੜੀ। ਉਸ ਨੂੰ ਸਿਰਫ ਇਹੀ ਹੀ ਦੱਸਿਆ, “ਸੋਨੀਆ ਦਰਵਾਜ਼ਾ ਨਹੀ ਖੋਲ੍ਹ ਰਹੀ।” ਬਾਰਡਨ ਨੇ ਮੇਰੀ ਹਾਲਤ ਤੋਂ ਕੁਝ ਅੰਦਾਜ਼ਾ ਲਾਇਆ ਅਤੇ ‘ਡੁਪਲੀਕੇਟ’ ਚਾਬੀਆਂ ਚੁੱਕ ਕੇ ਮੇਰੇ ਨਾਲ ਚਲ ਪਈ। ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੱਗੇ ਮੂਧੇ ਮੂੰਹ ਸੋਨੀਆ ਮੰਜ਼ੇ ਤੇ ਪਈ ਸੀ। ਕੋਲ ਖਾਲੀ ਸੰਰਿਜ਼ ਪਈ ਦੇਖੀ ਤਾਂ ਮੇਰੇ ਖਾਨਿਉਂ ਗਈ। ਉੱਚੀ ਉਚੀ ਅਵਾਜ਼ਾਂ ਮਾਰਦੀ ਉਸ ਨੂੰ ਉਠਾਉਣ ਲੱਗੀ। ਰੌਲਾ ਸੁਣ ਕੇ ਬਾਕੀ ਦੀਅਾਂ ਕੁੜੀਆਂ ਅਤੇ ਅਧਿਆਪਕ ਵੀ ਆ ਗਏ। ਪੁਲੀਸ ਆ ਗਈ। ਸੋਨੀਆ ਨੂੰ ਚੁੱਕ ਕੇ ਹਸਪਤਾਲ ਲੈ ਗਏ। ਮਿੰਟਾ- ਸੰਕਿਟਾਂ ਵਿਚ ਸਭ ਕੁਝ ਹੋ ਗਿਆ। ਤਰ੍ਹਾਂ ਤਰ੍ਹਾਂ ਦੀਆ ਗੱਲਾਂ ਨਾਲ ਕਾਲਜ ਅਤੇ ਹੋਸਟਲ ਦਾ ਨਾਂ ਬਦਨਾਮ ਹੋਣ ਲੱਗਾ। “ਮੁੰਡੇ ਤਾਂ ਡਰੱਗ ਲੈਂਦੇ ਸੀ, ਹੁਣ ਕੁੜੀਅਾਂ ਵੀ ਲੱਗ ਪਈਆਂ।” “ਕੁੜੀਆਂ ਨੂੰ ਹੋਸਟਲ ਵਿਚ ਰੱਖ ਕੇ ਪੜਾਉਣ ਦਾ ਕੋਈ ਮਤਲਬ ਹੀ ਨਹੀਂ।” ਇਹ ਸਭ ਗੱਲਾਂ ਸੁੱਣਦੀ ਹੋਈ ਵੀ ਮੈਂ ਚੁੱਪ ਰਹੀ। ਮੈਂ ਅਜਿਹੀ ਕੋਈ ਵੀ ਗੱਲ ਨਹੀਂ ਸੀ ਕਰਨੀ ਚਾਹੁੰਦੀ ਜਿਸ ਨਾਲ ਸੋਨੀਆ ਅਤੇ ਉਸ ਦੇ ਘਰਦਿਆਂ ਦੀ ਬਦਨਾਮੀ ਹੋਵੇ। ਪਰ ਜਦੋਂ ਮੈ ਉਸ ਦੰਰਿਦੇ ਨੂੰ ਦੇਖਦੀ ਤਾਂ ਦਿਲ ਕਰਦਾ ਚੀਖ ਚੀਖ ਕੇ ਕਹਾਂ ਕੇ ਇਸ ਨੇ ਹੀ ਸੋਨੀਆ ਦਾ ਕਤਲ ਕੀਤਾ ਹੈ। ਪਰ ਇਸ ਭੇਦ ਨੂੰ ਮੈ ਆਪਣੇ ਅੰਦਰ ਇੰਨਾ ਡੂੰਘਾ ਦਬਾ ਲਿਆ ਕਿ ਜ਼ੋਰ ਲਗਾਉਣ ਉੱਪਰ ਵੀ ਬਾਹਰ ਨਾ ਆਇਆ। ਉਸੇ ਸਾਲ ਮੇਰੀ ‘ਫਾਈਨ ਆਰਟਸ’ ਦੀ ਪੜ੍ਹਾਈ ਪੂਰੀ ਹੋ ਗਈ। ਸਮਾਂ ਆਪਣੀ ਚਾਲ ਨਾਲ ਚਲਦਾ ਰਿਹਾ ਅਤੇ ਮੈਂ ਆਪਣੀ ਜ਼ਿੰਦਗੀ ਨਾਲ। ਕਈ ਵਾਰੀ ਸੋਨੀਆ ਦੀ ਯਾਦ ਉਸ ਦੰਰਿਦੇ ਲਈ ਨਫ਼ਰਤ ਦਾ ਤੂਫਾਨ ਬਣ ਕੇ ਆਉਂਦੀ। ਪਰ ਸਭ ਬੇਕਾਰ, ਕਿਉਂਕਿ ਮੈਂ ਕੁਝ ਵੀ ਨਹੀ ਸਾਂ ਕਰ ਸਕਦੀ। ਜਦੋਂ ਮੈਂ ਉਸ ਦੇ ਵੱਡੇ ‘ਆਫੀਸਰ’ ਬਣਨ ਬਾਰੇ ਸੁਣਿਆ ਤਾਂ ਹੈਰਾਨ ਰਹਿ ਗਈ। ਉਹ ਲਫੰਗਾ ਆਫੀਸਰ ਕਿਵੇ ਬਣ ਗਿਆ? ਮੇਰੇ ਦਿਮਾਗ ਵਿਚੋਂ ਆਪ ਹੀ ਜਵਾਬ ਆਇਆ। ਇਹ ਸਾਡਾ ਮਹਾਨ ਭਾਰਤ ਦੇਸ਼ ਹੈ ਪੈਸੇ ਦੇ ਕੇ ਕੁਝ ਵੀ ਹੋ ਸਕਦਾ ਹੈ। ਭਾਵੇਂ ਉਹ ਆਫੀਸਰ ਬਣ ਗਿਆ ਸੀ, ਪਰ ਆਦਤਾਂ ਉਹੀ ਸਨ: “ਵਾਰਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ।” ਇਕ ਵਾਰੀ ਉਸ ਨੇ ਭਰੀ ਮਹਿਫਲ ਵਿਚ ਇਕ ਨਾਮਵਾਰ ਇੱਜ਼ਤ ਵਾਲੀ ਅਰੌਤ ਨੂੰ ਹੱਥ ਪਾਇਆ। ਪਰ ਫਿਰ ਵੀ ਸਰਕਾਰੇ ਦਰਬਾਰੇ ਉਸ ਦੀ ਚੜ੍ਹਤ ਰਹੀ। ਹੁਣ ਤਾਂ ਉਹ ਕਈ ਸਰਕਾਰੀ ਸੰਸਥਾਵਾਂ ਦਾ ਮੈਂਬਰ ਅਤੇ ਪ੍ਰਧਾਨ ਬਣ ਚੁੱਕਾ ਸੀ। ਟੀ. ਵੀ. ਵਿਚ ਜੋਰ ਦੀ ਬਿਗਲ ਵੱਜਿਆ ਤਾਂ ਮੇਰੀ ਸੋਚਾਂ ਦੀ ਲੜੀ ਟੁੱਟੀ। ਉਸ ਦਰਿੰਦੇ ਦਾ ਸਨਮਾਨ ਹੋ ਰਿਹਾ ਸੀ। ਉਸ ਨੂੰ ਸਨਮਾਨਤ ਕਰਦਾ ‘ਡੀਫੈਂਸ ਮਨਸਿਟਰ’ ਕਹਿ ਰਿਹਾ ਸੀ: “ਦੇਸ਼ ਦੇ ਜਵਾਨਾਂ ਨੂੰ ਇਸ ਆਦਰਸ਼ ਅਤੇ ਉੱਚੇ ਆਚਰਣ ਵਾਲੇ ਨੌਜਵਾਨ ਦੇ ਪਦ-ਚਿੰਨ੍ਹਾਂ ‘ਤੇ ਚਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਸਾਡੇ ਦੇਸ਼ ਦਾ ਭੱਵਿਖ ਉਜਲਾ ਹੋ ਸਕੇ।” ਮੇਰੇ ਨਾਲ ਹੀ ਮੇਰੇ ਹਸਬੈਂਡ ਦੇ ਦਾਦੀ ਜੀ ਵੀ ਟੀ.ਵੀ. ਦੇਖ ਰਹੇ ਸਨ। ਮੈਂ ਸਭ ਕੁਝ ਉਹਨਾਂ ਨੂੰ ਦਸ ਦਿੱਤਾ ਨਾਲ ਹੀ ਪੁਛਿਆ: “ਇਸ ਭੈੜੇ ਬੰਦੇ ਦਾ ਰੱਬ ਨੇ ਵੀ ਨਾ ਕੁਝ ਵਿਗਾੜਿਆ।” ਦਾਦੀ ਜੀ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ: “ਰੱਬ ਦੀ ਚੱਕੀ ਚਲਦੀ ਤਾਂ ਬੜੀ ਹੌਲੀ ਹੈ, ਪਰ ਜਦੋਂ ਪੀਂਹਦੀ ਹੈ ਪੀਂਹਦੀ ਬੜਾ ਬਾਰੀਕ ਹੈ।” ਦਾਦੀ ਜੀ ਦੇ ਇਹਨਾਂ ਸ਼ਬਦਾਂ ਨਾਲ ਜਿਵੇਂ ਮੇਰੀ ਤਸੱਲੀ ਜਿਹੀ ਹੋ ਗਈ ਹੋਵੇ ਅਤੇ ਮੈਂ ਟੀ. ਵੀ. ਛੱਡ ਕੇ ਰਸੋਈ ਵੱਲ ਨੂੰ ਤੁਰ ਪਈ। |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 12 ਦਸੰਬਰ 2006) *** |