27 April 2024

ਸਵੈ-ਕਥਨ: *ਮਾਵਾਂ ਦੀਆਂ ਦੁਆਵਾਂ..!/ ਗੀਤ: *ਮਾਂ ਮੇਰੀ ਦਾ ਏਡਾ ਜੇਰਾ—ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ

‘ਮਦਰਜ਼ ਡੇ’ ਤੇ ਦੁਨੀਆਂ ਦੀਆਂ ਤਮਾਮ ਮਾਵਾਂ ਨੂੰ ਸਮਰਪਿਤ

ਕੋਈ 2006 ਦੀ ਗੱਲ ਹੈ। ਸਾਡੇ ਬੇਜ਼ੀ (ਸੱਸ) ਆਪਣੀ 87 ਕੁ ਸਾਲ ਦੀ ਉਮਰ ਭੋਗ ਕੇ, ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਜਦ ਅਸੀਂ ਉਹਨਾਂ ਦੀ ਅੰਤਿਮ ਅਰਦਾਸ ਤੋਂ ਵਿਹਲੇ ਹੋਏ, ਤਾਂ ਉਹਨਾਂ ਦੇ ਨਵੇਂ ਪਏ ਸੂਟ, ਸ਼ਾਲਾਂ, ਸਵੈਟਰਾਂ ਬਾਰੇ ਸੋਚਣ ਲੱਗੇ ਕਿ- ਕਿੱਥੇ ਦਿੱਤੇ ਜਾਣ? ਬੇਟੇ ਨੇ ਸੁਝਾਅ ਦਿੱਤਾ, “ਮੰਮਾ, ਆਪਣੇ ਸ਼ਹਿਰ ਵਿੱਚ ਇੱਕ ਬ੍ਰਿਧ ਆਸ਼ਰਮ ਹੈ, ਉਥੇ ਦੇ ਆਈਏ?” ਤਾਂ ਮੈਂ ਵੀ ਸਹਿਮਤੀ ਦੇ ਦਿੱਤੀ। ਸੋ ਅਸੀਂ ਉਹ ਸਾਰੇ ਕੱਪੜੇ ਉਥੇ ਦੇ ਆਏ। ਭਾਵੇਂ ਸਾਡੇ ਸ਼ਹਿਰ ਵਿੱਚ, ਇਹ ਬ੍ਰਿਧ ਆਸ਼ਰਮ ਬਣੇ ਨੂੰ ਕਈ ਸਾਲ ਹੋ ਗਏ ਸਨ- ਪਰ ਇਸ ਦੇ ਦਰਸ਼ਨ ਕਰਨ ਦਾ ਮੌਕਾ ਪਹਿਲੀ ਵਾਰ ਬਣਿਆ। ਵਾਪਸੀ ਤੇ ਅਸੀਂ ਸਲਾਹ ਕੀਤੀ ਕਿ- ਜੋ ਬੇਜ਼ੀ ਦੇ ਟਰੰਕ ਵਿੱਚੋਂ ਕੁੱਝ ਮਾਇਆ ਮਿਲੀ ਸੀ- ਉਹ ਵੀ ਗੁਰਦੁਆਰੇ ਚੜ੍ਹਾਉਣ ਦੀ ਬਜਾਏ ਇਥੇ ਹੀ ਦੇ ਦਿੱਤੀ ਜਾਵੇ। ਘਰ ਆ ਕੇ ਅਸੀਂ ਸੋਚਿਆ ਕਿ- “ ਮਾਇਆ ਦੇਣ ਨਾਲੋਂ- ਕਿਉਂ ਨਾ ਇਹਨਾਂ ਸਾਰੇ ਪੈਸਿਆਂ ਦਾ ਫਰੂਟ ਲੈ ਕੇ ਬਜ਼ੁਰਗਾਂ ਨੂੰ ਵੰਡਿਆ ਜਾਏ?”

ਇਸ ਵਿਚਾਰ ਦੇ ਫਾਈਨਲ ਹੋਣ ਤੋਂ ਬਾਅਦ, ਬੇਟਾ ਫੇਰ ਇੱਕ ਦਿਨ ਜਾ ਕੇ, ਪ੍ਰਬੰਧਕਾਂ ਤੋਂ ਮਨਜ਼ੂਰੀ ਲੈ ਆਇਆ ਤੇ ਨਾਲ ਹੀ, ਉਥੇ ਰਹਿ ਰਹੇ ਸਾਰੇ ਬਜ਼ੁਰਗਾਂ ਦੀ ਗਿਣਤੀ ਪੁੱਛ ਆਇਆ। ਮੈਨੇਜਰ ਨੇ, ਬਜ਼ੁਰਗਾਂ ਸਮੇਤ ਉਥੇ ਕੰਮ ਕਰ ਰਹੇ ਵਰਕਰ, ਵੋਲੰਟੀਅਰ, ਪ੍ਰਬੰਧਕ ਆਦਿ ਮਿਲਾ, ਕੁੱਲ ਗਿਣਤੀ ਦੱਸ ਦਿੱਤੀ। ਸੋ ਅਗਲੇ ਹਫਤੇ ਅਸੀਂ ਮਾਂ-ਪੁੱਤ ਕਾਫੀ ਸਾਰਾ ਫਰੂਟ ਗੱਡੀ ਵਿੱਚ ਰੱਖ ਕੇ ਲੈ ਗਏ, ਤੇ ਮੈਨੇਜਰ ਨੂੰ ਸੌਂਪ ਕੇ, ਵੰਡਣ ਲਈ ਕਿਹਾ। ਪਰ ਭਲਾ ਹੋਵੇ ਉਸ ਦਾ- ਜਿਸ ਨੇ ਕਿਹਾ ਕਿ-“ਕਮਰਿਆਂ ਵਿੱਚ ਤੁਸੀਂ ਆਪ ਹੀ ਵੰਡ ਆਓ..ਅਸੀਂ ਗਾਈਡ ਤੁਹਾਡੇ ਨਾਲ ਭੇਜ ਦਿੰਦੇ ਹਾਂ- ਬਾਕੀ ਅਸੀਂ ਵਰਕਰਜ਼ ਨੂੰ ਆਪੇ ਦੇ ਦਿਆਂਗੇ”। ਅਸੀਂ ਤਿੰਨਾਂ ਨੇ ਕੁੱਝ ਲਿਫਾਫੇ ਚੁੱਕੇ ਤੇ ਵੰਡਣ ਤੁਰ ਪਏ।

ਸੱਚ ਜਾਣਿਓਂ, ਉਸ ਦਿਨ ਬਜ਼ੁਰਗ ਮਾਵਾਂ ਤੇ ਬਾਪ- ਦਾਦਿਆਂ ਦੇ ਉਦਾਸ ਚਿਹਰੇ ਦੇਖ, ਸਾਡੇ ਲੋਕਾਂ ਦੇ ਨਾ-ਸ਼ੁਕਰੇ ਹੋਣ ਦਾ ਅਹਿਸਾਸ ਹੋਇਆ।

“ਕਿਉਂ ਅਸੀਂ ਆਪਣੇ ਪਾਲਣਹਾਰਿਆਂ ਨੂੰ ਘਰਾਂ ‘ਚ ਨਹੀਂ ਰੱਖ ਸਕਦੇ..ਬਜ਼ੁਰਗ ਹੋਣ ਤੇ ਉਹ ਸਾਨੂੰ ਬੋਝ ਕਿਉਂ ਜਾਪਣ ਲੱਗ ਜਾਂਦੇ ਹਨ..ਆਖਿਰ ਕਿਉਂ?’ ਮੈਂ ਸੋਚਣ ਤੇ ਮਜਬੂਰ ਹੋ ਗਈ।

ਕੋਈ ਵਾਕਰ ਨਾਲ ਤੁਰਦਾ ਸੀ..ਕੋਈ ਸੋਟੀ ਨਾਲ..ਹਰ ਕਮਰੇ ਵਿੱਚ ਦੋ ਬੈੱਠ ਸਨ..ਕਿਸੇ ‘ਚ ਮੀਆਂ-ਬੀਵੀ..ਕਿਸੇ ‘ਚ ਦੋ ਮਰਦ ਜਾਂ ਦੋ ਔਰਤਾਂ..। ਭਾਵੇਂ ਉਥੇ ਸਭ ਸੁੱਖ ਸਹੂਲਤਾਂ ਸਨ, ਬਹੁਤਿਆਂ ਦਾ ਇਲਾਜ ਵੀ ਹੋ ਰਿਹਾ ਸੀ..ਕੁੱਝ ਠੀਕ ਸਿਹਤ ਵਾਲੇ ਦੂਜਿਆਂ ਦੀ ਸੇਵਾ ਕਰ ਰਹੇ ਸਨ..ਪਰ ਰੁੱਖ ਤੋਂ ਟੁੱਟੀ ਟਹਿਣੀ ਵਾਂਗ, ਕਿਸੇ ਦੇ ਵੀ ਚਿਹਰੇ ਤੇ ਉਹ ਰੌਣਕ ਨਹੀਂ ਸੀ- ਜੋ ਅਸੀਂ ਆਪਣੇ ਘਰਾਂ ਵਿੱਚ ਬਜ਼ੁਰਗਾਂ ਦੇ ਚਿਹਰਿਆਂ ਤੇ ਤੱਕੀ ਸੀ।

ਇੱਕ ਬਜ਼ੁਰਗ ਮਾਤਾ ਨੇ ਤਾਂ ਮੇਰੀ ਬਾਂਹ ਹੀ ਫੜ ਲਈ ਤੇ ਪੁੱਛਣ ਲੱਗੀ, “ਫਿਰ ਕਦੋਂ ਆਏਂਗੀ?”

“ਫਿਰ ਕਿਸੇ ਦਿਨ ਕੁੱਝ ਲੈ ਕੇ ਆਵਾਂਗੀ” ਮੈਂ ਜਵਾਬ ਦਿੱਤਾ।

“ਨਹੀਂ ਲਿਆਈਂ ਭਾਵੇਂ ਕੁੱਝ ਨਾ..ਦਾਨ ਦੇਣ ਵਾਲੇ ਤਾਂ ਏਥੇ ਬਹੁਤ ਆਉਂਦੇ ਨੇ..ਪਰ ਕੋਈ ਸਾਨੂੰ ਮਿਲਣ ਨਹੀਂ ਆਉਂਦਾ..!” ਸ਼ਾਇਦ ਉਹ ਸਾਡੇ ਵਿਚੋਂ ਕਿਸੇ ਆਪਣੇ ਦੀ ਤਲਾਸ਼ ਕਰ ਰਹੀ ਸੀ। ਉਸ ਦੀ ਗੱਲ ਸੁਣ, ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ- ਤੇ ਮੈਂ ਉਸ ਕੋਲ ਬੈਠ ਗਈ। ਬਾਕੀ ਰਹਿੰਦੇ ਦੋ ਚਾਰ ਕਮਰਿਆਂ ਵਿੱਚ ਬੇਟਾ ਇਕੱਲਾ ਹੀ ਜਾ ਆਇਆ।

ਮੇਰੇ ਹੱਥਾਂ ਵਿੱਚ ਸਮਾਨ ਫੜਿਆ ਹੋਇਆ ਸੀ- ਸੋ ਮੈਂ ਤਾਂ ਸਭ ਨੂੰ ਫਤਹਿ ਹੀ ਬੁਲਾ ਸਕੀ- ਪਰ ਬੇਟੇ ਨੇ ਹਰ ਇੱਕ ਬਜ਼ੁਰਗ ਦੇ ਪਹਿਲਾਂ ਪੈਰੀਂ ਹੱਥ ਲਾਇਆ ਤੇ ਫਿਰ ਫਰੂਟ ਦਿੱਤਾ। ਦੋ ਮੰਜ਼ਲੀ ਇਮਾਰਤ ਵਿੱਚ ਸ਼ਾਇਦ ਤੀਹ ਕੁ ਕਮਰੇ ਹੋਣਗੇ। ਸਾਰੇ ਬਜ਼ੁਰਗ ਬਹੁਤ ਹੀ ਹਸਰਤ ਭਰੀਆਂ ਨਿਗਾਹਾਂ ਨਾਲ ਸਾਨੂੰ ਮਿਲੇ.. ਕੋਈ ਗਲਵਕੜੀ ਪਾ ਲੈਂਦਾ..ਕੋਈ ਸਿਰ ਤੇ ਪਿਆਰ ਦਿੰਦਾ। ਜਿੰਨੀਆਂ ਅਸੀਸਾਂ ਉਹਨਾਂ ਮੇਰੇ ਬੇਟੇ ਨੂੰ ਦਿੱਤੀਆਂ..ਸ਼ਾਇਦ ਇਸਨੂੰ ਜ਼ਿੰਦਗੀ ਭਰ ਕਿਧਰੋਂ ਪ੍ਰਾਪਤ ਨਾ ਹੁੰਦੀਆਂ!

ਮੈਂ ਘਰ ਆ ਕੇ ਬੇਟੇ ਨੂੰ ਕਿਹਾ ਕਿ- “ਅੱਜ ਤੂੰ ਬਹੁਤ ਅਮੀਰ ਹੋ ਗਿਆ ਹੈਂ..ਤੇਰੀ ਝੋਲੀ ਇੰਨੇ ਬਜ਼ੁਰਗਾਂ ਦੀਆਂ ਦੁਆਵਾਂ ਨਾਲ ਅੱਜ ਨੱਕੋ ਨੱਕ ਭਰ ਗਈ ਹੈ!”

“ਹਾਂ ਮੰਮਾਂ..ਮੈਂਨੂੰ ਵੀ ਬੜਾ ਚੰਗਾ ਲੱਗਾ..ਕਿੰਨਾ ਪਿਆਰ ਦਿੱਤਾ ਸਭ ਨੇ..!” ਉਸ ਜਵਾਬ ਦਿੱਤਾ।

“ਬੇਟੇ, ਇਸ ਜੀਵਨ ਵਿੱਚ ਸਭ ਕੁੱਝ ਪੈਸੇ ਨਾਲ ਮਿਲ ਸਕਦਾ ਹੈ- ਪਰ ਬਜ਼ੁਰਗਾਂ ਦੀਆਂ ਦੁਆਵਾਂ ਨਹੀਂ। ਸੋ ਇਸ ਬੇਸ਼ਕੀਮਤੀ ਦੌਲਤ ਨੂੰ ਇਕੱਠੀ ਕਰਨ ਦਾ ਮੌਕਾ ਕਦੇ ਵੀ ਹੱਥੋਂ ਨਹੀਂ ਗੁਆਉਣਾ ਚਾਹੀਦਾ!” ਮੈਂ ਸਮਝਾਇਆ।

ਹੁਣ ਜਦੋਂ ਵੀ ਉਹ ਆਪਣੇ ਫੀਲਡ ਵਿੱਚ ਕੋਈ ਪ੍ਰਾਪਤੀ ਕਰਦਾ ਹੈ, ਤਾਂ ਮੈਂਨੂੰ ਲਗਦਾ ਕਿ- ਇਹ ਉਸਦੇ ਦਾਦਾ- ਦਾਦੀ, ਨਾਨਾ- ਨਾਨੀ, ਤੇ ਉਹਨਾਂ ਬ੍ਰਿਧ ਆਸ਼ਰਮ ਵਾਲੇ ਸਮੂਹ ਬਜ਼ੁਰਗਾਂ ਦੀਆਂ ਦੁਆਵਾਂ ਜਾਂ ਅਸੀਸਾਂ ਦਾ ਹੀ ਫ਼ਲ਼ ਹੈ!

ਅਜੋਕੇ ਸਮੇਂ ਦਾ ਦੁਖਾਂਤ ਹੈ ਕਿ- ਅੱਜ ਸਾਡੀਆਂ ਮਾਵਾਂ ਬ੍ਰਿਧ ਆਸ਼ਰਮਾਂ ਵਿੱਚ ਰੁਲ਼ ਰਹੀਆਂ ਹਨ। ਇੱਕ ਵਾਰੀ ‘ਮਦਰਜ਼ ਡੇ’ ਤੇ ਖਬਰ ਆਈ ਸੀ ਕਿ- ਬ੍ਰਿਧ ਆਸ਼ਰਮ ਦੀਆਂ ਬਜ਼ੁਰਗ ਔਰਤਾਂ ਨੂੰ ਜਦ ਦੱਸਿਆ ਗਿਆ ਕਿ ਅੱਜ ‘ਮਾਂ ਦਿਵਸ’ ਹੈ ਤਾਂ ਉਹ ਸਾਰਾ ਦਿਨ ਗੇਟ ਦੇ ਨੇੜੇ ਬੈਠੀਆਂ ਰਹੀਆਂ ਕਿ- ਸ਼ਾਇਦ ਉਹਨਾਂ ਦਾ ਕੋਈ ਆਪਣਾ ਮਿਲਣ ਆ ਜਾਵੇ। ਪਰ ਉਹਨਾਂ ਦੇ ਆਪਣਿਆਂ ਕੋਲ ਫੁਰਸਤ ਕਿੱਥੇ..? ਉਹ ਤਾਂ ਕਿਸੇ ਵੱਡੇ ਪੰਡਾਲ ਵਿੱਚ ਲੋਕਾਂ ਨਾਲ ਬੈਠ, ‘ਮਦਰਜ਼ ਡੇ’ ਮਨਾ ਰਹੇ ਹੋਣਗੇ..!

ਵਿਦੇਸ਼ਾਂ ਵਿੱਚ ਵੀ ਇਹੀ ਹਾਲ ਹੈ। ਕੋਈ ਕਰਮਾਂ ਵਾਲਾ ਪਰਿਵਾਰ ਹੋਏਗਾ, ਜਿੱਥੇ ਮਾਂ ਜਾਂ ਬਾਪ ਬੱਚਿਆਂ ਦੇ ਨਾਲ ਰਹਿੰਦੇ ਹਨ। ਹਾਂ- ਬਹੁਤੇ ਪਰਿਵਾਰਾਂ ਵਿੱਚ ਲੜਕੀਆਂ ਨੇ ਹੀ ਮਾਂ- ਬਾਪ ਮੰਗਵਾਏ ਹਨ ਤੇ ਉਹਨਾਂ ਕੋਲ ਹੀ ਰਹਿੰਦੇ ਹਨ- ਭਾਵੇਂ ਉਸੇ ਸ਼ਹਿਰ ਵਿੱਚ ਲੜਕੇ ਦਾ ਪਰਿਵਾਰ ਵੀ ਰਹਿੰਦਾ ਹੋਵੇ। ਜਿੰਨਾ ਚਿਰ ਛੋਟੇ ਬੱਚਿਆਂ ਨੂੰ ਸੰਭਾਲਣਾ ਹੁੰਦਾ ਹੈ, ਉੰਨਾ ਚਿਰ ਦਾਦੀ- ਦਾਦੇ ਦੀ ਕਦਰ ਹੁੰਦੀ ਹੈ- ਪਰ ਜਿਉਂ ਹੀ ਬੱਚੇ ਟੀਨ-ਏਜਰ ਹੁੰਦੇ ਹਨ ਤਾਂ ਉਹ ਬਜ਼ੁਰਗ ਵਾਧੂ ਲੱਗਣ ਲੱਗ ਜਾਂਦੇ ਹਨ। ਫਿਰ ਉਹਨਾਂ ਨੂੰ ਕਿਸੇ ਬੇਸਮੈਂਟ ਜਾਂ ਓਲਡ-ਏਜ ਹੋਮ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ- ਜਿੱਥੇ ਕਦੇ ਕਦਾਈਂ ਮਾਂ-ਦਿਵਸ ਤੇ ਗੁਲਦਸਤਾ ਦੇ ਕੇ ਵਰਾਇਆ ਜਾਂਦਾ ਹੈ। ਜ਼ਰਾ ਸੋਚੋ- ਕੀ ਮਾਵਾਂ ਦੀ ਕੁਰਬਾਨੀ ਦਾ ਇਹੀ ਮੁੱਲ ਰਹਿ ਗਿਆ? ਮੇਰੇ ਇੱਕ ਬਜ਼ੁਰਗ ਪਾਠਕ ਮੈਂਨੂੰ ਆਪਣੀ ਇਸ ਤਰ੍ਹਾਂ ਦੀ ਆਪ ਬੀਤੀ ਸੁਣਾ, ਰੋ ਪਏ।

ਸਾਥੀਓ- ਮਾਂ ਦੇ ਪਿਆਰ ਦਾ ਕਰਜ਼ ਤਾਂ ਕਿਸੇ ਵੀ ਕੀਮਤ ਤੇ ਨਹੀਂ ਚੁਕਾਇਆ ਜਾ ਸਕਦਾ- ਪਰ ਜਿੰਨਾ ਚਿਰ ਮਾਂ ਦਾ ਸਾਇਆ ਸਿਰ ਤੇ ਮੌਜੂਦ ਹੈ- ਮਾਵਾਂ ਨੂੰ ਪਿਆਰ ਸਤਿਕਾਰ ਦੇ ਕੇ, ਅਸੀਂ ਉਸ ਬੇਸ਼ਕੀਮਤੀ ਦੌਲਤ ਨਾਲ ਮਾਲਾ ਮਾਲ ਹੋ ਸਕਦੇ ਹਾਂ- ਜੋ ਸਾਨੂੰ ‘ਦੁਆਵਾਂ’ ਦੇ ਰੂਪ ਵਿੱਚ ਮੁਫ਼ਤ ‘ਚ ਹੀ ਮਿਲ ਜਾਣੀ ਹੈ। ਮਾਪਿਆਂ ਦੇ ਬੋਲਾਂ ਵਿੱਚ ਵੀ ਕਿਸੇ ਮਹਾਂ-ਪੁਰਸ਼ ਜਾਂ ਪੂਰਨ ਸੰਤ-ਮਹਾਤਮਾ ਦੇ ਬੋਲਾਂ ਤੋਂ ਘੱਟ ਤਾਕਤ ਨਹੀਂ ਹੁੰਦੀ। ਕਈ ਐਸੇ ਲੋਕ ਵੀ ਹਨ ਜਿਹਨਾਂ ਦੇ ਮਾਪੇ ਤਾਂ ਬ੍ਰਿਧ ਆਸ਼ਰਮਾਂ ਵਿੱਚ ਰੁਲ਼ਦੇ ਹਨ ਪਰ ਉਹ ਧਰਮ- ਅਸਥਾਨਾਂ ਤੇ ਜਾ ਕੇ ਆਪਣੀ ਤੇ ਆਪਣੇ ਬੱਚਿਆਂ ਦੇ ਸੁੱਖ ਦੀ ਅਰਦਾਸ ਕਰਦੇ ਹਨ। ਭਾਈ- ਜੋ ਬੀਜਾਂਗੇ, ਉਹੀ ਵੱਢਾਂਗੇ। ਸਾਡਾ ਵੀ ਉਹੀ ਹਾਲ ਹੋਏਗਾ- ਜੋ ਅਸੀਂ ਮਾਪਿਆਂ ਦਾ ਕੀਤਾ ਹੈ।

ਮੁੱਕਦੀ ਗੱਲ ਤਾਂ ਇਹ ਹੈ ਕਿ ਜੇ ਅਸੀਂ ਜਿਉਂਦੇ ਜੀਅ ਮਾਵਾਂ ਦੀਆਂ ਅਸੀਸਾਂ ਨਹੀਂ ਲੈ ਸਕੇ ਤਾਂ ਪਿਛੋਂ ਉਹਨਾਂ ਦੀਆਂ ਬਰਸੀਆਂ ਮਨਾਉਣ ਦਾ ਕੀ ਫਾਇਦਾ ? ਇੰਦਰਜੀਤ ਹਸਨਪੁਰੀ ਦਾ ਸ਼ੇਅਰ ਯਾਦ ਆ ਗਿਆ-

ਮਰਨ ਤੋਂ ਪਿੱਛੋਂ ਯਾਦ ਕਰੋਗੇ- ਮੈਂਨੂੰ ਕੀ?
ਮੂਰਤ ਅੱਗੇ ਫੁੱਲ ਧਰੋਗੇ- ਮੈਂਨੂੰ ਕੀ?

ਸਾਰੀ ਉਮਰੇ ਸੁੱਕੇ ਟੁੱਕਰ ਖਾਧੇ ਮੈਂ,
ਲਾਸ਼ ਦੇ ਮੂੰਹ ਵਿੱਚ ਘਿਓ ਧਰੋਗੇ- ਮੈਂਨੂੰ ਕੀ?

ਤੁਸੀਂ ਬਜ਼ੁਰਗਾਂ ਨੂੰ ਜਿਸ ਮੌਤੇ ਮਾਰੋਗੇ,
ਓਸੇ ਮੌਤੇ ਆਪ ਮਰੋਗੇ- ਮੈਂਨੂੰ ਕੀ?
***

2011 ਵਿੱਚ, ਬੀਜੀ (ਮਾਂ) ਦੇ ਤੁਰ ਜਾਣ ਬਾਅਦ ਲਿਖਿਆ ਗੀਤ: 
‘ਮਦਰਜ਼ ਡੇ’ ਤੇ ਦੁਨੀਆਂ ਦੀਆਂ ਤਮਾਮ ਮਾਵਾਂ ਨੂੰ ਸਮਰਪਿਤ-

*ਮਾਂ ਮੇਰੀ ਦਾ ਏਡਾ ਜੇਰਾ…(ਗੀਤ)*

ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ।
ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ।

ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ।
ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ।
ਕੋਈ ਨਾ ਸਾਡੇ ਅੱਥਰੂ ਪੂੰਝੇ, ਕੋਈ ਨਾ ਹੋਰ ਵਰਾਉਂਦਾ ਨੀ
ਮਾਂ ਮੇਰੀ………..

ਉਹਦੇ ਬੋਲਾਂ ਦੇ ਵਿੱਚ ਮਿਸ਼ਰੀ, ਕਦੇ ਨਾ ਕੌੜਾ ਬੋਲੇ ਨੀ।
ਜਣੇ ਖਣੇ ਦੇ ਕੋਲ ਕਦੇ ਨਾ, ਦਿੱਲ ਦੀ ਘੂੰਡੀ ਖੋਲ੍ਹੇ ਨੀ।
ਜ਼ਿੰਦਗੀ ਦਾ ਹਰ ਪਲ ਹੀ ਉਹਦਾ, ਸਤਿ ਸੰਤੋਖ ਸਿਖਾਉਂਦਾ ਨੀ।
ਮਾਂ ਮੇਰੀ……….

ਦੁੱਖਾਂ ਵਾਲੇ ਸਮੇਂ ਬਥੇਰੇ, ਸਿਰ ਉਹਦੇ ਤੋਂ ਲੰਘੇ ਨੀ।
ਭਲਾ ਬੁਰਾ ਨਾ ਕਿਸੇ ਨੂੰ ਆਖੇ, ਖ਼ੈਰਾਂ ਸਭ ਦੀਆਂ ਮੰਗੇ ਨੀ।
‘ਨਾ ਕੋ ਵੈਰੀ ਨਾਹੀ ਬੇਗਾਨਾ’, ਏਹੀ ਪਾਠ ਪੜ੍ਹਾਉਂਦਾ ਨੀ
ਮਾਂ ਮੇਰੀ………

ਮਾਂ ਤਾਂ ਸੰਘਣੀ ਛਾਂ ਦਾ ਰੁੱਖੜਾ, ਦੇਵੇ ਠੰਢੀਆਂ ਛਾਵਾਂ ਨੀ।
ਬਿਨ ਮੰਗੇ ਹੀ ਸਭ ਨੂੰ ਦੇਵੇ, ਸੱਚੇ ਦਿਲੋਂ ਦੁਆਵਾਂ ਨੀ।
ਦਰੀਆਂ, ਖੇਸ ਤੇ ਸਾਲੂ ਦਾ ਫੁੱਲ, ਉਹਦੀ ਯਾਦ ਕਰਾਉਂਦਾ ਨੀ।
ਮਾਂ ਮੇਰੀ………

ਪਿੰਡ ਆਪਣੇ ਦੇ ਵਿੱਚ ਉਸ ਤਾਂ, ਇੱਜ਼ਤ ਬੜੀ ਕਮਾਈ ਨੀ।
ਅੱਜ ਉਹਦੀ ਫੁਲਵਾੜੀ ਉੱਤੇ, ਮਿਹਨਤ ਰੰਗ ਲਿਆਈ ਨੀ।
ਸ਼ੀਸ਼ੇ ਵਰਗੇ ਨਿਰਮਲ ਮਨ ਦਾ, ‘ਦੀਸ਼’ ਨੂੰ ਮੋਹ ਸਤਾਉਂਦਾ ਨੀ।
ਮਾਂ ਮੇਰੀ……..
***
ਮਾਂ ਦਿਵਸ ਦੀ ਆਪ ਸਭਨਾਂ ਨੂੰ ਵਧਾਈ ਦਿੰਦੀ ਹੋਈ,
ਆਪਣਾ ਲਿਖਿਆ ਗੀਤ ਆਪਣੀ ਆਵਾਜ਼ ਵਿੱਚ ਵੀ
ਆਪ ਜੀ ਨਾਲ ਸਾਂਝਾ ਕਰ ਰਹੀ ਹਾਂ ਜੀ
 ਜੋ ਸੰਸਾਰ ਦੀਆਂ
ਤਮਾਮ ਮਾਵਾਂ ਨੂੰ ਸਮਰਪਿਤ ਹੈ ਜੀ।
 ਉਮੀਦ ਹੈ ਪਸੰਦ
ਕਰੋਗੇ ਤੇ ਝੋਲੀ ਅਸੀਸਾਂ ਪਾਓਗੇ ਜੀ।
 ਜੇ ਚੰਗਾ ਲੱਗੇ ਤਾਂ
ਯੂਟਿਊਬ ਤੇ ਲਾਈਕ ਕੁਮੈਂਟ ਕਰਕੇ
 ਅੱਗੇ ਵੰਡਣ ਦੀ
ਖੇਚਲ ਵੀ ਕਰਨਾ ਜੀ। ਅਜਿਹੀਆਂ
ਹੋਰ ਰਚਨਾਵਾਂ
ਸੁਣਨ ਲਈ ਚੈਨਲ ਸਬਸਕਰਾਈਬ ਕਰਨ ਦੀ ਕਿਰਪਾ ਕਰਨਾ ਜੀ।


***
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ- ਕੈਨੇਡਾ
ਵਟਸਐਪ ਸੰਪਰਕ +91 98728 60488
***

***
779
**

About the author

ਗੁਰਦੀਸ਼ ਕੌਰ ਗਰੇਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →