24 May 2024

ਪਾਰ-ਰਾਸ਼ਟਰੀ ਪੰਜਾਬੀ ਸੱਭਿਆਚਾਰ ਅਤੇ ਸਾਹਿਤ – ਡਾ. ਗੁਰੂਮੇਲ ਸਿੱਧੂ

ਪਾਰ-ਰਾਸ਼ਟਰੀ ਪੰਜਾਬੀ ਸੱਭਿਆਚਾਰ ਅਤੇ ਸਾਹਿਤ

(ਕੁੰਜੀਵੱਤ ਭਾਸ਼ਣ: ਪਾਰ-ਰਾਸ਼ਟਰੀ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਕਾਨਫ੍ਰੰਸ, ਪੰਜਾਬੀ ਯੂਨਵਿਰਸਿਟੀ, ਪਟਿਆਲਾ, 2010)

ਡਾ. ਗੁਰੂਮੇਲ ਸਿੱਧੂ

ਵਿਗਿਆਨ ਦੀਆਂ ਕਾਢਾਂ ਨੇ ਬ੍ਰਹਿਮੰਡ ਨੂੰ ਪਿੰਡ ਵਿਚ ਬਦਲ ਦਿੱਤਾ ਹੈ। ਸਾਇਬਰ ਸਪੇਸ (ਇੰਟਰਨੈੱਟ ਟੈਕਨੌਲੋਜੀ) ਨੇ ਬਿਨਾਂ ਕਿਸੇ ਭੌਤਕ ਸੰਪਰਕ ਦੇ ਦੁਨੀਆਂ ਨੂੰ ਮੁੱਠੀ ਵਿਚ ਬੰਦ ਕਰ ਲਿਆ ਹੈ। ਕੰਪਿਊਟਰ ਦੇ ਕੀ-ਬੋਰਡ (Key board) ਤੇ ਉਂਗਲਾਂ ਦੇ ਨਾਚ ਦੀ ਹਰਕਤ, ਸਾਰੇ ਸੰਸਾਰ ਨੂੰ ਨਚਾਈ ਫਿਰਦੀ ਹੈ। ਹੁਣ ਹਰ ਪਰਕਾਰ ਦੀ ਜਾਣਕਾਰੀ ਨੂੰ ਤੁਰੰਤ ਜਾਂ ਅੱਗੜ ਪਿੱਛੜ ਕਰਕੇ ਵਿਸ਼ਵ ਦੇ ਕੋਨੇ ਕੋਨੇ ਵਿਚ ਪਹੁੰਚਾਇਆ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਮੁਲਕੀ-ਹੱਦਾਂ ਦੇ ਆਰ ਪਾਰ ਵਸਦੇ ਸੱਭਿਆਚਾਰਾਂ ਨੂੰ ਮਿਲਵਰਤਨ ਲਈ ਕਿਸੇ ਪਾਸਪੋਰਟ ਜਾਂ ਵੀਜ਼ੇ ਦੀ ਜ਼ਰੂਰਤ ਨਹੀਂ, ਉਹ ਬਿਨਾਂ ਕਿਸੇ ਸਰਕਾਰੀ ਦਖਲ ਤੋਂ ਇੱਕ ਦੂਜੇ ਨਾਲ ਵਿਚਾਰ ਵਟਾਂਦਰੇ ਰਾਹੀਂ ਸਮਾਜਕ, ਰਾਜਨੀਤਕ, ਵਿਗਿਆਨਕ ਅਤੇ ਸੱਭਿਆਚਾਰਕ ਸਾਂਝ ਪਾ ਸਕਦੇ ਹਨ। ਇਸ ਸਾਂਝ ਕਰਕੇ ਇੱਕ ਪਾਰ-ਰਾਸ਼ਟਰੀ ਸੱਭਿਆਚਾਰ ਉੱਸਰ ਆਇਆ ਹੈ। ਹਥਲਾ ਪੇਪਰ ਇਸੇ ਵਿਸ਼ੇ ਨਾਲ ਸੰਬੰਧਤ ਹੈ ਜਿਸ ਦੀ ਉਸਾਰੀ ਲਈ ਕੁਝ ਸੰਕਲਪਾਂ ਬਾਰੇ ਸੰਖੇਪ ਜਿਹੀ ਜਾਣਕਾਰੀ ਜ਼ਰੂਰੀ ਹੈ। ਇਹ ਸੰਕਲਪ ਹਨ: ‘ਡਾਇਸਪੋਰਾ’, ‘ਅੰਤਰ-ਰਾਸ਼ਟਰੀ’, ‘ਪਾਰ-ਰਾਸ਼ਟਰੀ’, ‘ਸੱਭਿਆਚਾਰ’, ਅਤੇ ‘ਹਾਇਬ੍ਰਿਡ ਸੱਭਿਆਚਾਰ’।

ਡਾਇਸਪੋਰਾ (Diaspora): ਡਾਇਸਪੋਰਾ ਯੂਨਾਨੀ ਸ਼ਬਦ ਹੈ ਜਿਸ ਦਾ ਅਰਥ ਹੈ ‘ਦਾਣਿਆਂ ਦਾ ਛੱਟਾ ਮਾਰਨਾ’। ਡਾਇਸਪੋਰਾ ਦੇ ਕੋਸ਼ਗੱਤ ਅਰਥਾਂ ਅਨੁਸਾਰ, ਜੱਦੀ ਥਾਂ ਤੋਂ ਉਠਾ ਕੇ ਕਿਸੇ ਓਪਰੀ ਥਾਂ ਤੇ ਵਸੇ ਹੋਏ ਲੋਕ ਜੋ ਇੱਕ ਨਾਗਰਿਕਤਾ (Nationality), ਜਾਂ ਇੱਕ ਜਾਤੀ (Ethnic group) ਜਾਂ ਇੱਕ ਸੱਭਿਆਚਾਰ (Culture) ਨਾਲ ਤੁਅਲਕ ਰਖਦੇ ਹੋਣ। ਤਕਨੀਕੀ ਤੌਰ ਤੇ ਇਨ੍ਹਾਂ ਲੋਕਾਂ ਦਾ ਧਰਮ ਅਤੇ ਭਾਸ਼ਾ ਵਜੋਂ ਇੱਕ ਸਾਰ (Homogeneous) ਹੋਣਾ ਜ਼ਰੂਰੀ ਨਹੀਂ, ਪਰ ਅਕਸਰ ਦੇਖਿਆ ਗਿਆ ਹੈ ਕਿ ਜੇ ਕਿਸੇ ਡਾਇਸਪੋਰਾ ਦਾ ਧਰਮ, ਬੋਲੀ ਅਤੇ ਰਸਮੋ ਰਿਵਾਜ਼ ਮਿਲਦੇ ਜੁਲਦੇ ਹੋਣ ਤਾਂ ਇਹ ਸਮਾਜਕ ਅਤੇ ਰਾਜਨੀਤਕ ਤੌਰ ਤੇ ਵਧੇਰੇ ਗੰਢਵਾਂ ਅਤੇ ਪੁਖਤਾ ਹੋਵੇਗਾ ਜਿਵੇਂਕਿ, ਯਹੂਦੀ, ਯੂਨਾਨੀ ਅਤੇ ਇਰਾਨੀ ਡਾਇਸਪੋਰਾ। ਵਰਡ ਬੈਂਕ ਦੀ ਰਾਏ ਅਨੁਸਾਰ ਡਾਇਸਪੋਰਾ ਪਾਰ-ਰਾਸ਼ਟਰੀ ਸੰਬੰਧਾਂ ਵਿਚ ਅਹਿਮ ਰੋਲ ਨਿਭਾਉਂਦਾ ਹੈ।
Diasporas serve as information channels for the flow of information, market intelligence, capital and skills. They may supplement formal channels that rely on market institutions, providing a way for migrants to conduct transactions in an atmosphere of trust. In this way they act to offset information asymmetries and other market failures…even if governments attempt to slow down the process, communications, technology and human relationships will maintain this trend.

ਅੰਤਰ-ਰਾਸ਼ਟਰੀ (International) ਸੰਕਲਪ ਤੋਂ ਭਾਵ ਹੈ ਮੁਲਕਾਂ ਵਿਚਕਾਰ ਰਾਜਨੀਤਕ ਪੱਧਰ ਤੇ ਵਿਓਪਾਰਕ ਅਤੇ ਸਮਾਜਕ ਸਾਂਝ ਜਿਸ ਵਿਚ ਮੁਲਕਾਂ ਦੀਆਂ ਹੱਦਾਂ ਦੀ ਨਿਸ਼ਾਨਦੇਹੀ ਨੂੰ ਮੁੱਖ ਰੱਖਿਆ ਜਾਂਦਾ ਹੈ ਅਤੇ ਹਕੂਮਤਾਂ ਦੀ ਸਿੱਧੀ ਦਖਲਅੰਦਾਜ਼ੀ ਹੁੰਦੀ ਹੈ। ਇਹ ਸਾਂਝ ਮੁੱਖ ਤੌਰ ਤੇ ਗੌਰਮਿੰਟਾਂ ਵਿਚਕਾਰ ਜਾਂ ਇਨ੍ਹਾਂ ਦੇ ਅਧਿਕਾਰ ਹੇਠ ਕੰਮ ਕਰਦੇ ਅਦਾਰਿਆਂ ਜਾਂ ਵਿਅਕਤੀਆਂ ਰਾਹੀਂ ਹੁੰਦੀ ਹੈ ਜਿਸ ਵਿਚ ਯੁੱਧ ਟੈਕਨੌਲੋਜੀ, ਟ੍ਰਾਂਸਪੋਰਟ ਇੰਡਸਟਰੀ, ਖੇਤੀਬਾੜੀ ਟੈਕਨੌਲੋਗੀ, ਕਰਜ਼ੇ ਦਾ ਲੈਣ ਦੇਣ, ਡਾਕ, ਫਾਸਟ ਫੂਡ ਇੰਡਸਟਰੀ, ਵਿਦਿਅਕ ਅਦਾਰੇ, ਰਾਜਨੀਤਕਾਂ ਦੀ ਨਿਯੁਕਤੀ ਆਦਿ ਸ਼ਾਮਿਲ ਹਨ।

ਪਾਰ-ਰਾਸ਼ਟਰੀ (Transnational) ਸੰਕਲਪ ਤੋਂ ਮੁਰਾਦ ਹੈ ਲੋਕਾਂ ਵਿਚਕਾਰ ਗਲੋਬਲ ਸਾਂਝ। ਏਥੇ ਮੁਲਕਾਂ ਦੀਆਂ ਹੱਦਾਂ ਦਾ ਸੰਕਲਪ ਮੱਧਮ ਪੈ ਜਾਂਦਾ ਹੈ ਅਤੇ ਹਕੂਮਤਾਂ ਦੀ ਦਖਲਅੰਦਾਜ਼ੀ ਘਟ ਜਾਂਦੀ ਹੈ; ਇੱਕ ਪਰਕਾਰ ਨਾਲ ਵਿਉਪਾਰਕ, ਸਮਾਜਕ ਅਤੇ ਸੱਭਿਆਚਾਰਕ ਅਦਾਨ ਪਰਦਾਨ ਸੰਸਾਰੀ-ਹਕੂਮਤ (World government) ਦੀ ਸ਼ਕਲ ਧਾਰ ਲੈਂਦਾ ਹੈ। ਸਮਾਜਿਕ ਪੱਧਰ ਤੇ ਪਾਰ-ਰਾਸ਼ਟਰੀ ਸੰਕਲਪ ਨੂੰ ਵਿਸ਼ਵਵਾਦ (Cosmopolitilism) ਦਾ ਨਾਂ ਵੀ ਦਿੱਤਾ ਜਾਂਦਾ ਹੈ। ਪਾਰ-ਰਾਸ਼ਟਰੀ ਅਦਾਨ ਪਰਦਾਨ ਤਿੰਨ ਪੱਧਰ ਤੇ ਵਿਚਰਦਾ ਹੈ: ਪਹਿਲਾ ਹੈ ਰਾਜਨੀਤਕ ਪੱਧਰ ਜਿਸ ਵਿਚ ਯੁਨਾਇਟਿਡ ਨੇਸ਼ਨਜ਼ (UNO), ਗ੍ਰੀਨਪੀਸ ਸੰਸਥਾ (Greenpeace), ਵਿਗਿਆਨਕ ਖੋਜਾਂ ਦੀ ਸਾਂਝ, ਗਲੋਬਲ ਵਾਰਮਿੰਗ, ਬਹੁਰਾਸ਼ਟਰੀ ਕਾਰਪੋਰੇਸ਼ਨਜ਼, ਆਵਾਜਾਈ ਦੇ ਸਾਧਨ, ਟੈਲੀਕਮਿਉਨੀਕੇਸ਼ਨਜ਼, ਸੈਟੇਲਾਈਟ ਸਿਸਟਮ, ਟੂਰਿਜ਼ਮ ਅਤੇ ਟੈਰੋਰਿਜ਼ਮ ਆਦਿ ਸ਼ਾਮਿਲ ਹਨ। ਦੂਜਾ ਹੈ ਸੱਭਿਆਚਾਰਕ ਪੱਧਰ ਜਿਸ ਵਿਚ ਭਾਸ਼ਾਵਾਂ ਦਾ ਮਿਸ਼ਰਨ, ਰਸਮਾਂ ਰਿਵਾਜਾਂ ਦਾ ਅਦਾਨ ਪਰਦਾਨ, ਗੀਤ ਸੰਗੀਤ ਅਤੇ ਨਾਚ-ਗਾਣਿਆਂ ਦੀ ਮਿਲਾਵਟ, ਪਕਵਾਨਾਂ ਦੀ ਸਾਂਝ ਅਤੇ ਖੇਡਾਂ ਦੇ ਅਖਾੜੇ ਆਦਿ ਸ਼ਾਮਿਲ ਹਨ। ਤੀਜਾ ਹੈ ਸਾਹਿਤਕ ਪੱਧਰ ਜਿਸ ਵਿਚ ਮੌਲਕ ਅਤੇ ਹੋਰ ਭਾਸ਼ਾਵਾਂ, ਖਾਸ ਕਰਕੇ ਅੰਗ੍ਰੇਜ਼ੀ, ਵਿਚ ਅਨੁਵਾਦ ਕੀਤਾ ਹੋਇਆ ਸਾਹਿਤ, ਆਰਟ ਫਿਲਮਾਂ, ਲਲਿਤ ਕਲਾਵਾਂ ਆਦਿ ਗਿਣੇ ਜਾਂਦੇ ਹਨ। ਸਾਹਿਤ ਲੋਕਾਂ ਦੇ ਹਾਵਾਂ ਭਾਵਾਂ ਦੀ ਸ਼ਾਹਰਗ ਹੋਣ ਦੇ ਨਾਤੇ ਵੱਖ ਵੱਖ ਸੱਭਿਆਚਾਰਾਂ ਵਿਚਕਾਰ ਇੱਕ ਪਰਕਾਰ ਨਾਲ ਪੁਲ ਦਾ ਕੰਮ ਕਰਦਾ ਹੈ।

ਸੱਭਿਆਚਾਰ (Culture):

ਕਿਸੇ ਸਮਾਜ ਦੇ ਇਨਸਾਨਾਂ ਵਿਚਕਾਰ ਕਲਾ, ਕਾਨੂੰਨ, ਇਖ਼ਲਾਕ, ਨੈਤਕਤਾ, ਕਦਰਾਂ ਕੀਮਤਾਂ, ਰਸਮੋ-ਰਿਵਾਜ, ਵਿਸ਼ਵਾਸ, ਆਦਤਾਂ/ਵਾਦੀਆਂ ਆਦਿ ਦੀ ਸਾਂਝ ਉਨ੍ਹਾਂ ਦੇ ਸੱਭਿਆਚਾਰ ਦੀ ਪਹਿਚਾਣ ਹੈ। ਧਰਮ ਅਤੇ ਭਾਸ਼ਾ ਸੱਭਿਆਚਾਰ ਦੇ ਮਹੱਤਵਪੂਰਨ ਹਿੱਸੇ ਹਨ ਪਰ ਜ਼ਰੂਰੀ ਅੰਗ ਨਹੀਂ। ਕਿਸੇ ਸੱਭਿਆਚਾਰ ਦੇ ਜ਼ਰੂਰੀ ਚਿੰਨ੍ਹ ਵਿਰਾਸਤੀ ਜੀਨਜ਼ (Genes) ਰਾਹੀਂ ਉਪਲਬਧ ਨਹੀਂ ਹੁੰਦੇ ਸਗੋਂ ਸਮਾਜਿਕ ਅਤੇ ਭੌਤਕ ਵਾਤਾਵਰਣ ਦੇ ਪ੍ਰਭਾਵ ‘ਚੋਂ ਗ੍ਰਹਿਣ ਕੀਤੇ ਜਾਂਦੇ ਹਨ। (Religion and language are not inherited; they are acquired from the physical and cultural environment). ਮਿਸਾਲ ਦੇ ਤੌਰ ਤੇ ਵੱਖ ਵੱਖ ਧਰਮਾਂ ਦੇ ਲੋਕ ਇੱਕੋ ਭਾਸ਼ਾ ਬੋਲਦਿਆਂ ਹੋਇਆਂ ਵੀ ਇੱਕੋ ਸੱਭਿਆਚਾਰ ਦੇ ਮੈਂਬਰ ਹੋ ਸਕਦੇ ਹਨ ਜਿਵੇਂ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਦੇ ਹਿੰਦੂ, ਸਿੱਖ ਅਤੇ ਮੁਸਲਮਾਨ। ਇਸ ਦੇ ਉਲਟ ਇੱਕੋ ਧਰਮ ਦੇ ਲੋਕ ਵੱਖ ਵੱਖ ਭਾਸ਼ਾਵਾਂ ਬੋਲਦੇ (ਅੰਗ੍ਰੇਜ਼ੀ, ਸਪੈਨਸ਼, ਇਟੈਲੀਅਨ, ਫ੍ਰੈਂਚ ਆਦਿ) ਹੋਏ ਇੱਕ ਸੱਭਿਆਚਾਰ ਨਾਲ ਬਾਵਸਤਾ ਹੋ ਸਕਦੇ ਹਨ ਜਿਵੇਂ, ਈਸਾਈ ਸੰਪਰਦਾਵਾਂ ਨਾਲ ਸੰਬੰਧਤ ਪ੍ਰੋਟੈਸਟੈਂਟ ਅਤੇ ਕੈਥੋਲਿਕ ਲੋਕ। ਸੱਭਿਆਚਾਰ ਵਿਰਾਸਤ ਵਿਚ ਨਹੀਂ ਮਿਲਦਾ, ਸਗੋਂ ਭੌਤਕ ਅਤੇ ਸਮਾਜਕ ਵਾਤਾਵਰਣ ਵਿੱਚੋਂ ਗ੍ਰਹਿਣ ਕੀਤਾ ਜਾਂਦਾ ਹੈ, ਇਸ ਤੱਥ ਨੂੰ ਇੱਕ ਉਦਾਹਰਨ ਨਾਲ ਸਮਝਿਆ ਜਾ ਸਕਦਾ ਹੈ। ਜੇ ਕਿਸੇ ਸੱਭਿਆਚਾਰ ਵਿਚ ਜੌੜੇ ਧੀਆਂ ਪੁੱਤ ਜੰਮ ਪੈਣ, ਜਿਨ੍ਹਾਂ ਵਿੱਚੋਂ ਇੱਕ ਨੂੰ ਜੰਮਦਿਆਂ ਸਾਰ ਮਾਂ-ਬਾਪ ਕੋਲ ਪਲਣ ਦਿੱਤਾ ਜਾਵੇ ਅਤੇ ਦੂਜੇ ਨੂੰ ਕੋਈ ਮੁਤਬੰਨਾ ਬਣਾ ਕੇ ਕਿਸੇ ਦੂਸਰੇ ਸੱਭਿਆਚਾਰ ਵਿਚ ਲੈ ਜਾਵੇ ਤਾਂ ਇਹ ਦੋਵੇਂ ਵਿਰਾਸਤੀ ਤੌਰ ਤੇ (Genetically) ਮਿਲਦੇ ਜੁਲਦੇ ਹੋਣ ਦੇ ਬਾਵਜੂਦ, ਸੱਭਿਆਚਾਰਕ ਪੱਖੋਂ ਵੱਖਰੇ ਵੱਖਰੇ ਹੋਣਗੇ। ਮੈ ਕਈ ਪੰਜਾਬੀ ਪਰਵਾਰਾਂ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਬੱਚੇ ਜੰਮੇ ਤਾਂ ਪੰਜਾਬ ਵਿਚ ਸਨ ਪਰ ਨਿੱਕੀ ਉਮਰ ਵਿਚ ਇੰਗਲੈਂਡ, ਕੈਨੇਡਾ ਜਾਂ ਅਮਰੀਕਾ ਪ੍ਰਵੇਸ਼ ਕਰਨ ਤੋਂ ਬਾਅਦ ਉਹ ਪੰਜਾਬੀ ਨਾਲੋਂ ਪੱਛਮੀ ਸੱਭਿਆਚਾਰ ਦੀ ਪੈਦਾਵਾਰ ਵਧੇਰੇ ਜਾਪਦੇ ਹਨ। ਇਹ ਵਾਤਾਵਰਣ ਵਿੱਚੋਂ ਗ੍ਰਹਿਣ ਕੀਤਾ ਹੋਇਆ ਅਸਰ ਹੈ, ਪਿਤਰੀ ਵਿਰਾਸਤ ਦਾ ਇਸ ਨਾਲ ਕੋਈ ਲੈਣ ਦੇਣ ਨਹੀਂ।

ਸਮਕਾਲੀ ਪੰਜਾਬੀ ਡਾਇਸਪੋਰੇ ਵਿਚ ਸਥਿਤੀ ਇਹ ਬਣਦੀ ਜਾ ਰਹੀ ਹੈ ਕਿ ਕੁੱਝ ਬੱਚੇ ਵਿਰਾਸਤੀ ਤੌਰ ਤੇ ਤਾਂ ਪੰਜਾਬੀ ਹਨ ਪਰ ਪੱਛਮੀ ਸੱਭਿਆਚਾਰ ਵਿਚ ਉੱਠਣ-ਬਹਿਣ ਕਰਕੇ ਪੰਜਾਬੀ ਸੀਭਆਚਾਰ ਨਾਲੋਂ ਟੁੱਟਦੇ ਜਾ ਰਹੇ ਹਨ। ਉਨ੍ਹਾਂ ਦਾ ਰਹਿਣ-ਸਹਿਣ, ਖਾਣ-ਪੀਣ, ਬੋਲ-ਚਾਲ, ਰੌਹ-ਰੀਤ, ਰਿਸ਼ਤਾ-ਨਾਤਾ ਅਤੇ ਲਿੰਗਕ ਵਿਵਹਾਰ ਪੰਜਾਬੀ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨਾਲ ਮੇਚ ਨਹੀਂ ਖਾਂਦੇ। ਇਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਨਾਲੋਂ ਅਮਰੀਕਨ, ਕੈਨੇਡੀਅਨ ਜਾਂ ਬ੍ਰਿਟਿਸ਼ ਪੰਜਾਬੀ ਕਹਾਉਣਾ ਵਧੇਰੇ ਪਸੰਦ ਕਰਦੇ ਹਨ। ਜਮਾਂਦਰੂ ਤੌਰ ਤੇ ਇਹ ਗੱਲ ਠੀਕ ਵੀ ਜਾਪਦੀ ਹੈ ਕਿਉਂਕਿ ਉਨ੍ਹਾਂ ਦੀ ਜਨਮ ਭੂਮੀ ਪੱਛਮੀ ਮੁਲਕ ਹਨ। ਪਰ ਯਾਦ ਰਹੇ ਕਿ ਭਾਸ਼ਾ, ਬੋਲਣ ਦਾ ਢੰਗ, ਪਹਿਰਾਵਾ, ਲਿੰਗਕ ਵਿਵਹਾਰ ਅਤੇ ਚਰਿੱਤਰ ਵਿਚ ਬਦਲੀ ਕਰਨ ਨਾਲ ਕੋਈ ਪੱਛਮੀ ਸੱਭਿਆਚਾਰ ਦਾ ਹਿੱਸਾ ਨਹੀਂ ਬਣ ਜਾਂਦਾ। ਉਨ੍ਹਾਂ ਦੇ ਰੰਗ ਰੂਪ ਤੇ ਲੱਗਾ ਹੋਇਆ ਪਿਤਰੀ ਡੀ.ਐਨ.ਏ. (DNA) ਦਾ ਠੱਪਾ, ਕਦੇ ਵੀ ਪੰਜਾਬੀ ਡਾਇਸਪੋਰਾ ਤੋਂ ਮੁਕਤ ਨਹੀਂ ਹੋਣ ਦੇਵੇਗਾ। ਤੁਸੀਂ ਬਦੇਸ਼ੀ ਸਭਿਅਚਾਰ ਵਿਚ ਸਮਾਜਕ, ਰਾਜਨੀਤਕ ਅਤੇ ਵਿਗਿਆਨਕ ਪੱਧਰ ਤੇ ਕੋਈ ਵੱਡਾ ਯੋਗਦਾਨ ਪਾਕੇ ਨਾਮਣਾ ਖੱਟ ਸਕਦੇ ਹੋ, ਪਹਿਚਾਣ ਵੀ ਬਣਾ ਸਕਦੇ ਹੋ, ਪਰ ਤੁਹਾਡੇ ਤੇ ਲੱਗੀ ਹੋਈ ਪਿਤਰੀ ਜੀਨਜ਼ (Ancestral genes) ਦੀ ਨਸਲੀ ਮੋਹਰ ਤੁਹਾਨੂੰ ਚੁਣ ਵੱਖ ਕੱਢ ਦੇਵੇਗੀ। ਬਾਰਾਕ ਉਬਾਮਾ ਅਮਰੀਕਾ ਦਾ ਪ੍ਰਧਾਨ ਹੋਣ ਦੇ ਨਾਤੇ ਦੁਨੀਆਂ ਦਾ ਸੱਭ ਤੋਂ ਅਹਿਮ ਬੰਦਾ ਹੈ, ਪਰ ਉਸ ਦੀ ਨੀਗਰੋ (Negro) ਵਿਰਾਸਤ ਨੂੰ ਮੀਡੀਏ ਵਿਚ ਅਕਸਰ ਉਛਾਲਿਆ ਜਾਂਦਾ ਹੈ। ਅੱਜ ਕਲ ਅਨੇਕ ਪੰਜਾਬੀ ਮੂਲ਼ ਦੇ ਇਨਸਾਨ ਕੈਨੇਡੀਅਨ, ਅਮਰੀਕਨ ਜਾਂ ਇੰਗਲੈਂਡ ਦੀ ਰਾਜਨੀਤੀ ਵਿਚ ਅਹਿਮ ਸਥਾਨ ਰਖਦੇ ਹਨ, ਇਹ ਅਹਿਮੀਅਤ ਪੱਛਮੀ ਕਦਰਾਂ ਕੀਮਤਾਂ ਨੂੰ ਗ੍ਰਹਿਣ ਕਰਨ ਕਰਕੇ ਨਹੀਂ ਸਗੋਂ ਪੰਜਾਬੀ ਵਿਰਾਸਤ ਕਰਕੇ ਹੈ। ਜੇ ਉਹ ਕਾਲੇ ਕਾਵਾਂ ਵਾਂਗ ਚਿੱਟੇ ਬਗਲਿਆਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਪਿਤਰੀ ਸੱਭਿਆਚਾਰਕ ਪਹਿਚਾਣ ਵੀ ਗੁਆ ਬੈਠਣਗੇ। ਸੱਭਿਆਚਾਰਕ ਭੁਲੇਵਾਂ (Cultural cammouflage) ਵਕਤੀ ਤੌਰ ਤੇ ਬਚਣ ਦਾ ਸਾਧਨ ਹੈ, ਚਿਰਜੀਵੀ ਹੱਲ ਨਹੀਂ।

ਸੱਭਿਆਚਾਰ ਤਿੰਨ ਪੱਧਰ ਤੇ ਵਿਚਰਦਾ ਹੈ:

ਅੰਤਰਾ-ਸੱਭਿਆਚਾਰਕ (Intra-cultural) ਪੱਧਰ ਜਿਸ ਵਿਚ ਲੋਕ ਇੱਕ ਖਾਸ ਸਮਾਜ ਵਿਚ ਜੰਮਦੇ, ਪਲਦੇ, ਵਿਚਰਦੇ, ਮਰਦੇ ਹਨ, ਅਤੇ ਜੀਵਨ ਦੀਆਂ ਇਕੋ ਜਹੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਰਦੇ ਹਨ ਜਿਵੇਂ, ਪੰਜਾਬ ਦੇ ਪੰਜਾਬੀ ਸੱਭਿਆਚਾਰ ਵਿਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਆਦਿ। ਇਹ ਮੂਲ ਰੂਪ ਵਿਚ ਬੁਨਿਆਦੀ (Primary) ਪੱਧਰ ਦਾ ਸੱਭਿਆਚਾਰ ਹੈ।

ਅੰਤਰ-ਸੱਭਿਆਚਾਰਕ (Inter-cultural) ਪੱਧਰ ਜਿਸ ਵਿਚ ਲੋਕ ਆਪਣੇ ਆਪਣੇ ਸੱਭਿਆਚਾਰ ਦੇ ਮੈਂਬਰ ਹੁੰਦੇ ਹੋਏ ਦੂਜੇ ਸੱਭਿਆਚਾਰਾਂ ਵਿਚ ਵਿਚਰਦੇ ਹਨ ਜਿਵੇਂ ਅਮਰੀਕਾ ਵਿਚ ਪੰਜਾਬੀ, ਜਪਾਨੀ, ਮੈਕਸੀਕਨ, ਯੂਨਾਨੀ, ਚੀਨੀ ਆਦਿ। ਇਹ ਸੱਭਿਆਚਾਰ ਆਪਣੀ ਵਿਲੱਖਣਤਾ ਰਖਦੇ ਹੋਏ ਵੀ ਅਮਰੀਕਨ ਸੱਭਿਆਚਾਰ ਦੇ ਸਮੁੱਚ ਦਾ ਹਿੱਸਾ ਹਨ ਜਿਸ ਨੂੰ ਬਹੁ ਨਸਲੀ ਸੱਭਿਆਚਾਰ (Complex multi-ethnic culture) ਕਿਹਾ ਜਾਂਦਾ ਹੈ। ਇਹ ਦੋਮ ਦਰਜੇ ਦਾ (Secondary) ਸੱਭਿਆਚਾਰ ਹੈ।

ਬ੍ਰਹਿਮੰਡੀ ਸੱਭਿਆਚਾਰਕ (Global cultural) ਪੱਧਰ ਜਿਸ ਵਿਚ ਸਾਰੇ ਸੱਭਿਆਚਾਰ/ਨਸਲੀ ਗਰੁਪ ਸ਼ਾਮਿਲ ਹਨ ਜੋ ਸਾਂਝੇ ਤੌਰ ਤੇ ਜੀਵਨ ਦੀਆਂ ਸਥਾਈ ਕਦਰਾਂ ਕੀਮਤਾਂ ਦੀ ਪਾਲਣਾ ਕਰਦੇ ਹਨ ਜਿਵੇਂ ਰਿਸ਼ਤਿਆਂ ਦੀ ਤਮੀਜ਼ (ਮਾਂ, ਭੈਣ, ਬੀਵੀ), ਕਾਇਦਾ ਕਾਨੂੰਨ, ਨੈਤਿਕਤਾ, ਪ੍ਰਭੂ-ਸੱਤਾ ਆਦਿ। ਇਹ ਤੱਤ ਇਨਸਾਨ ਅਤੇ ਹੈਵਾਨ ਵਿਚਲੀ ਤਮੀਜ਼ ਦੇ ਵਿਕਾਸ ਸਮੇਂ ਹੋਂਦ ਵਿਚ ਆਏ, ਇਸ ਲਈ ਇਨਸਾਨ ਕਿਸੇ ਵੀ ਸੱਭਿਆਚਾਰ ਵਿਚ ਜਾ ਕੇ ਵਸ ਜਾਵੇ, ਇਨ੍ਹਾਂ ਦੀ ਸਾਂਝ ਹਮੇਸ਼ਾ ਬਰਕਰਾਰ ਰਹਿੰਦੀ ਹੈ। ਇਹ ਤੀਜੇ ਦਰਜੇ (Tertiary) ਦਾ ਸੱਭਿਆਚਾਰ ਹੈ।

ਸੱਭਿਆਚਾਰਕ ਮਿਸ਼ਰਨ (Cultural Amalgamation):

ਸੱਭਿਆਚਾਰ ਇਨਸਾਨੀ ਜਾਤੀ (Homo sapiens) ਦੀਆਂ ਉੱਪ-ਜਾਤੀਆਂ (Subspecies) ਵਾਂਗ ਹਨ: ਜਿਉਂਦੇ ਜਾਗਦੇ, ਸਾਹ ਲੈਂਦੇ, ਪੀੜ੍ਹੀ ਅੱਗੇ ਤੋਰਦੇ ਅਤੇ ਇੱਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ। ਇਨ੍ਹਾਂ ਦਾ ਮਿਸ਼ਰਨ ਤਿੰਨ ਵਿਧੀਆਂ ਰਾਹੀਂ ਹੁੰਦਾ ਹੈ ਜੋ ਮੂਲ ਰੂਪ ਵਿਚ ਸੁਜੀਵਕ ਵਿਗਿਆਨ ਦੇ ਸੰਕਲਪ ਹਨ। ਇਹ ਹਨ: ਕਾਇਆ-ਪਲਟੀ, ਕਾਇਆ- ਕਲਪੀ ਅਤੇ ਦੋਗਲੀਕਰਨ। ਇਹ ਤਿੰਨੋ ਵਿਧੀਆਂ ਪਾਰ-ਰਾਸ਼ਟਰੀ ਸੱਭਿਆਚਾਰ ਦੀ ਉਸਾਰੀ ਵਿਚ ਮੁੱਖ ਰੋਲ ਨਿਭਾਉਂਦੀਆ ਹਨ।

ਸੱਭਿਆਚਾਰਕ ਕਾਇਆ-ਪਲਟੀ (Cultural transformation):

ਕਾਇਆ ਪਲਟੀ ਜੀਨ ਕਲੋਨਿੰਗ (Gene cloning) ਵਾਂਗ ਹੈ। ਜਿਵੇਂ ਅਸੀਂ ਜਨੈਟਿਕ ਇੰਗਨੀਅਰਿੰਗ ਰਾਹੀਂ ਇੱਕ ਜੀਵ ਦੇ ਜੀਨ ਨੂੰ ਦੂਜੇ ਜੀਵ ਦੇ ਡੀ.ਅਨ.ਏ. ਵਿਚ ਜੜ ਕੇ ਉਸ ਵਿਚ ਤਬਦੀਲੀ ਲਿਆਉਂਦੇ ਹਾਂ ਉਸੇ ਤਰ੍ਹਾਂ ਇੱਕ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਦੂਜੇ ਸੱਭਿਆਚਾਰ ਵਿਚ ਪ੍ਰਵੇਸ਼ ਕਰਕੇ ਉਸ ਦੀ ਕਾਇਆ-ਪਲਟੀ ਕਰਦੀਆਂ ਹਨ। ਇਕੋ ਥਾਂ (Niche) ਵਿਚ ਰਹਿੰਦੇ ਦੋ ਸੱਭਿਆਚਾਰਾਂ ਵਿਚ ਕਾਇਆ-ਪਲਟੀ ਬੜੀ ਸੁਭਾਵਕ ਹੈ। ਹਾਵੀ (Dominant) ਹੋਣ ਦੇ ਨਾਤੇ ਸਥਾਨਕ ਸੱਭਿਆਚਾਰ, ਬਦੇਸੀ ਸੱਭਿਆਚਾਰ ਦੀ ਕਾਇਆ-ਪਲਟੀ ਕਰਨ ਵਿਚ ਮੋਹਰ ਕਰਦਾ ਹੈ। ਖਾਣੇ ਦੀ ਉਦਾਹਰਨ ਲੈਂਦੇ ਹਾਂ, ਪੱਛਮੀ ਸੱਭਿਆਚਾਰਾਂ ਨੇ ਪੰਜਾਬੀਆਂ ਦੇ ਸੁਆਦ ਦੀ ਕਾਇਆ-ਪਲਟੀ ਕੀਤੀ, ਉਨ੍ਹਾਂ ਨੂੰ ‘ਫਿਸ਼ ਐਂਡ ਚਿਪਸ’, ਹੈਂਬਰਗਰ, ਸਟੇਕ ਅਤੇ ਹੌਟ ਡੌਗ ਦੇ ਸੁਆਦਾਂ ਦਾ ਚਸਕਾ ਪਾਇਆ। ਲਿੰਗਕ ਵਿਵਹਾਰ ਵਿਚ ਕਾਇਆ-ਪਲਟੀ ਹੋਈ; ਪੱਛਮੀ ਸੱਭਿਆਚਾਰ ਵਿਚ ਵਿਆਹ ਤੋਂ ਪਹਿਲਾਂ ਡੇਟਿੰਗ ਨੂੰ ਸੁਭਾਵਿਕ ਮੰਨਿਆ ਜਾਂਦਾ ਹੈ, ਹੁਣ ਇਹ ਰਿਵਾਜ ਪੰਜਾਬੀ ਸੱਭਿਆਚਾਰ ਵਿਚ ਵੀ ਸਵੀਕਾਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪਹਿਰਾਵੇ, ਫੈਸ਼ਨ, ਰਸਮਾਂ ਰਿਵਾਜਾਂ ਆਦਿ ਵਿਚ ਵੀ ਕਾਇਆ-ਪਲਟੀ ਆਈ ਹੈ। ਸਾਇਬਰਸਪੇਸ ਟੈਕਨੌਲੋਜੀ ਨੇ ਕਾਇਆ-ਪਲਟੀ ਦੀ ਗਤੀ ਨੂੰ ਹੋਰ ਵੀ ਤੀਬਰ ਕਰ ਦਿੱਤਾ ਹੈ। ਕਾਇਆ-ਪਲਟੀ ਤਿੰਨ ਧਰਾਤਲ ਤੇ ਹੁੰਦੀ ਹੈ:

ਰੂੜ੍ਹੀਵਾਦੀ ਕਦਰਾਂ ਕੀਮਤਾਂ ਵਿਚ ਬਦਲਾਵ (Value conversion): ਪੁਰਾਣੀਆਂ ਕਦਰਾਂ ਕੀਮਤਾਂ ਦੀ ਨਵੀਆਂ ਵਿਚ ਤਬਦੀਲੀ ਜਿਸ ਰਾਹੀਂ ਰੂੜ੍ਹੀਗੱਤ ਸਮਾਜਕ ਕਦਰਾਂ ਕੀਮਤਾਂ ਦਾ ਰੁਪੰਤਰਨ ਹੁੰਦਾ ਹੈ। ਮਿਸਾਲ ਦੇ ਤੌਰ ਪੱਛਮੀ ਦੇਸਾਂ ਵਿਚ ਕਾਲੇ ਰੰਗ ਦੇ ਬੰਦਿਆਂ ਨੂੰ ਘਿਰਣਾ ਕੀਤੀ ਜਾਂਦੀ ਸੀ; ਹੁਣ ਇਹ ਨਸਲੀ ਘਿਰਣਾ ਭਾਵੇਂ ਪੂਰਨ ਤੌਰ ਤੇ ਅਲੋਪ ਤਾਂ ਨਹੀਂ ਹੋਈ ਪਰ ਸਹਿਣਸ਼ੀਲਤਾ ਵਿਚ ਬਦਲ ਗਈ ਹੈ। ਇਸੇ ਤਰ੍ਹਾਂ ਅੰਤਰ-ਸਭਿਆਚਰਕ ਵਿਆਹ ਸ਼ਾਦੀਆਂ ਅਤੇ ਇਨ੍ਹਾਂ ਦੇ ਰਸਮਾਂ ਰਿਵਾਜ਼ਾਂ ਨੂੰ ਵੀ ਸਵੀਕਾਰ ਕੀਤਾ ਜਾ ਰਿਹਾ ਹੈ।

ਨਵੀਆਂ ਕਦਰਾਂ ਕੀਮਤਾਂ ਦੀ ਸਿਰਜਣਾ (Value creation): ਨਵੀਆਂ ਸਥਿਤੀਆਂ ਹੇਠ ਨਵੀਆਂ ਕਦਰਾਂ ਕੀਮਤਾਂ ਦੀ ਸਿਰਜਣਾ ਲਈ ਨਵੇਂ ਵਿਚਾਰਾਂ ਦਾ ਉਥਾਨ ਹੋਇਆ ਹੈ। ਜਿਵੇਂ ਪੰਜਾਬੀ ਸੱਭਿਆਚਾਰ ਵਿਚ ਪਹਿਲਾਂ ਔਰਤਾਂ ਦਾ ਖੇਤਾਂ, ਫੈਕਟਰੀਆਂ ਜਾਂ ਨੈਨੀਆਂ ਦਾ ਕੰਮ ਕਰਨਾ ਵਿਵਰਜਿਤ ਸੀ ਪਰ ਬਦੇਸੀ ਸੱਭਿਆਚਾਰ ਵਿਚ ਇਹ ਹੁਣ ਕੋਈ ਮਾੜੀ ਗੱਲ ਨਹੀਂ ਸਮਝੀ ਜਾਂਦੀ। ਇਹੋ ਵਿਚਾਰ ਹੁਣ ਡੇਟਿੰਗ ਤੇ ਵੀ ਲਾਗੂ ਹੁੰਦਾ ਹੈ – ਪੰਜਾਬੀ ਮੰਡੇ ਕੁੜੀਆਂ ਵੀ ਡੇਟਿੰਗ ਕਰਦੇ ਹਨ।

ਕਦਰਾਂ ਕੀਮਤਾਂ ਵਿਚਕਾਰ ਤਾਲਮੇਲ (Value connection): ਪੁਰਾਣੀਆਂ ਕਦਰਾਂ ਕੀਮਤਾਂ ਨੂੰ ਹੁਣ ਨਵੀਂ ਐਨਕ ਨਾਲ ਦੇਖਣਾ ਦਾ ਸੰਕਲਪ ਪੈਦਾ ਹੋਇਆ ਹੈ। ਪਹਿਲਾਂ ਪੰਜਾਬੀ ਸੱਭਿਆਚਾਰ ਵਿਚ ਤਲਾਕ (Divorse) ਸਮਾਜਕ ਬੇਸ਼ਰਮੀ ਸਮਝਿਆ ਜਾਂਦਾ ਸੀ ਪਰ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠਾਂ ਹੁਣ ਇਸ ਪ੍ਰਤੀ ਸਹਿਣਸ਼ੀਲਤਾ ਵਧੀ ਹੈ। ਇਸੇ ਤਰ੍ਹਾਂ ਪੂਰਬੀ ਅਤੇ ਪੱਛਮੀ ਕਦਰਾਂ ਕੀਮਤਾਂ ਦੇ ਤਾਲਮੇਲ ਕਰਕੇ ਕੁਆਰਾਪੰਨ (Virginity) ਅਤੇ ਗਰਭਪਾਤ (Abortion) ਦੇ ਮਸਲਿਆਂ ਨਾਲ ਵੀ ਸਮਝੌਤਾ ਹੋਇਆ ਹੈ।

ਸੱਭਿਆਚਾਰਕ ਕਾਇਆ-ਕਲਪੀ (Cultural Metamorphosis):

ਕਾਇਆ-ਕਲਪੀ ਤੋਂ ਮੁਰਾਦ ਹੈ ਬਾਹਰੀ ਰੂਪ ਵਿਚ ਤਬਦੀਲੀ ਕਰਨਾ। ਅੱਜ ਦੁਨੀਆਂ ਵਿਚ ਜੋ ਉਥਲ-ਪੁਥਲ ਹੋ ਰਹੀ ਹੈ ਇਹ ਸੱਭ ਵਿਸ਼ਵ ਵਿਆਪੀ ਕਾਇਆ-ਕਲਪੀ ਦਾ ਪ੍ਰਤਾਪ ਹੈ। ਪਿਛਲੇ ਪੰਜਾਹ ਸਾਲਾਂ ਵਿਚ ਜੋ ਕ੍ਰਾਂਤੀ ਭੌਤਕ ਅਤੇ ਸੁਜੀਵਕ ਵਿਗਿਆਨ ਦੇ ਖੇਤਰਾਂ ਵਿਚ ਆਈ ਹੈ ਉਸ ਨੇ ਸਾਇਬਰਸਪੇਸ ਦੀ ਮਦਦ ਨਾਲ ਸੱਭਿਆਚਾਰਾਂ ਦੀ ਬਹੁਤ ਕਾਇਆ-ਕਲਪੀ ਕੀਤੀ ਹੈ। ਸਿਹਤ ਵਿਗਿਆਨ, ਅਰਥ ਪ੍ਰਬੰਧ, ਯੁੱਧ ਟੈਕਨੌਲੋਜੀ, ਨਾਰੀਵਾਦ, ਲਿੰਗਕ ਵਿਵਹਾਰ, ਸ਼ਾਂਤੀ ਅੰਦੋਲਨ, ਆਜ਼ਾਦੀ ਲਈ ਘੋਲ ਆਦਿ ਸਾਰੇ ਸੱਭਿਆਚਾਰਕ ਕਾਇਆ-ਕਲਪੀ ਦੇ ਕਾਰਕੁਨ ਹਨ। ਇਨ੍ਹਾਂ ਦੇ ਪ੍ਰਭਾਵ ਹੇਠ ਬਾਹਰਲੇ ਸੱਭਿਆਚਾਰਾਂ ਨੂੰ ਸਥਾਨਕ ਸੱਭਿਆਚਾਰ ਵਿਚ ਥਾਂ ਬਣਾਉਣ ਲਈ ਛੋਟੀਆ ਮੋਟੀਆਂ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ ਜਿਨ੍ਹਾਂ ਦਾ ਪੈਟ੍ਰਨ ਬਦੇਸੀ ਸੱਭਿਆਚਾਰ ਵਿੱਚੋਂ ਨਕਲ ਕੀਤਾ ਜਾਂਦਾ ਹੈ। ਮਿਸਾਲ ਦੇ ਤੌਰ ਤੇ ਜਦ ਪੰਜਾਬੀ ਸੱਭਿਆਚਾਰ ਨੇ ਇੰਗਲੈਂਡ, ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਵਿਚ ਪ੍ਰਵੇਸ਼ ਕੀਤਾ ਤਾਂ ਬਾਹਰੀ ਦਿੱਖ ਕਰਕੇ, ਖਾਸ ਕਰਕੇ ਸਿੱਖ ਭਾਈਚਾਰੇ ਨੂੰ, ਰੋਟੀ-ਰੋਜ਼ੀ ਕਮਾਉਣਾ ਵਿਚ ਮੁਸ਼ਕਲਾਂ ਪੇਸ਼ ਆਈਆਂ। ਅਣਚਾਹੁੰਦਿਆਂ ਹੋਇਆਂ ਵੀ ਕਈਆਂ ਨੇ ਪੱਗ ਲਾਹ ਕੇ ਟੋਪੀ ਪਾਉਣੀ ਸ਼ੁਰੂ ਕਰ ਦਿੱਤੀ, ਬਾਅਦ ਵਿਚ ਸਿਰ ਅਤੇ ਦਾਹੜੀ ਦੇ ਵਾਲ ਛੋਟੇ ਛੋਟੇ ਕਰ ਲਏ ਅਤੇ ਅਖੀਰਲੇ ਪੜਾਅ ਤੇ ਬਿਲਕੁਲ ਘੋਨਮੋਨ ਹੋ ਗਏ। ਇਸ ਰੂਪ ਬਦਲੀ ਦੇ ਅਨੁਕੂਲ ਬਾਹਰੀ ਪਹਿਰਾਵੇ ਵਿਚ ਵੀ ਤਬਦੀਲੀ ਲਿਆਂਦੀ। ਔਰਤਾਂ ਨੂੰ ਪਬਲਿਕ ਵਿਚ ਜਾਣ ਅਤੇ ਨੌਕਰੀਆਂ ਤਲਾਸ਼ ਕਰਨ ਲਈ ਸਲਵਾਰ, ਕਮੀਜ਼ ਅਤੇ ਦੁਪੱਟੇ ਦੀ ਥਾਂ, ਕ੍ਰਮਵਾਰ, ਸਕੱਰਟ, ਬਲਾਊਜ਼ ਅਤੇ ਸਕਾਰਫ ਆਦਿ ਪਹਿਨਣੇ ਪਏ। ਅਜੇਹੀਆਂ ਤਬਦੀਲੀਆਂ ਕਰਕੇ ਬਾਹਰਲਾ ਸੱਭਿਆਚਾਰ ਸਥਾਨਕ ਸੱਭਿਆਚਾਰ ਵਿਚ ਆਪਣੀ ਥਾਂ ਬਣਾ ਲੈਂਦਾ ਹੈ ਜਿਸ ਨਾਲ ਨਸਲੀ ਵਿਤਕਰਾ ਵੀ ਘਟਦਾ ਹੈ।

ਦੋਗਲਾ ਸੱਭਿਆਚਾਰ (Hybrid culture):

ਸੱਭਿਆਚਾਰ ਨੂੰ ਨਾ ਤਾਂ ਕਲੋਨ (Clone) ਕੀਤਾ ਜਾ ਸਕਦਾ ਹੈ, ਨਾ ਪੁੱਟ ਕੇ ਦੂਜੇ ਥਾਂ ਲਗਾਇਆ (Transplant) ਜਾ ਸਕਦਾ ਹੈ ਅਤੇ ਨਾ ਹੀ ਦੂਜੇ ਸੱਭਿਆਚਾਰ ਤੇ ਪਿਉਂਦ (Graft) ਕੀਤਾ ਜਾ ਸਕਦਾ ਹੈ। ਪਰ ਇਸ ਦਾ ਦੋਗਲੀਕਰਨ (Hyberdization) ਹੋ ਸਕਦਾ ਹੈ। ਬਦੇਸੀ (Foreign) ਸੱਭਿਆਚਾਰ ਦੀ ਸਥਾਨਿਕ (Indigenous) ਸੱਭਿਆਚਾਰ ਵਿਚ ਹਿਜਰਤ (Migration) ਤੋਂ ਬਾਅਦ, ਦੋਹਾਂ ਦੀਆਂ ਕਦਰਾਂ ਕੀਮਤਾਂ ਵਿਚ ਟਕਰਾਉ ਹੋਣਾ ਸੁਭਾਵਕ ਹੈ। ਫਲਸਰੂਪ, ਸਥਾਨਕ ਸੱਭਿਆਚਾਰ ਵਿਚ ਨਸਲੀ ਵਿਤਕਰਾ, ਹੀਣ-ਭਾਵਨਾ ਅਤੇ ਘਿਰਣਾ ਜਾਗਦੇ ਹਨ। ਪਹਿਲਾਂ ਪਹਿਲ ਜਦ ਪੰਜਾਬੀ ਕੈਨੇਡਾ, ਅਮਰੀਕਾ, ਇੰਗਲੈਂਡ ਆਦਿ ਮੁਲਕਾਂ ਵਿਚ ਗਏ ਤਾਂ ਇਨ੍ਹਾਂ ਨੂੰ ਅਜੇਹੀ ਸਥਿਤੀ ਵਿੱਚੋਂ ਲੰਘਣਾ ਪਿਆ। ਰੋਜ਼ੀ-ਰੋਟੀ ਦੀ ਤਲਬ ਬੰਦੇ ਨੂੰ ਸਮਝੌਤਾ ਕਰਨਾ ਸਿਖਾ ਦਿੰਦੀ ਹੈ। ਬੱਧੇ-ਰੁੱਧੇ ਪੰਜਾਬੀਆਂ ਨੇ ਪਿਤਰੀ ਕਦਰਾਂ ਕੀਮਤਾਂ ਵਿਚ ਲੋੜੀਂਦੀਆਂ ਤਬਦੀਲੀਆਂ ਲਿਆ ਕੇ ਸਥਾਨਕ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨਾਲ ਸਮਝੌਤਾ ਕੀਤਾ ਜਿਸ ਵਿੱਚੋਂ ਦੋਗਲੇ ਸੱਭਿਆਚਾਰ (Hybrid culture) ਦਾ ਨਿਰਮਾਣ ਹੋਇਆ। ਇਹ ਸੰਕਲਪ ਵੀ ਜਨੈਟਿਕਸ ਦੇ ਖੇਤਰ ਵਿੱਚੋਂ ਗ੍ਰਹਿਣ ਕੀਤਾ ਹੋਇਆ ਹੈ।

ਹਾਈਬ੍ਰਿਡ ਸੱਭਿਆਚਾਰ ਨੂੰ ਡਾਰਵਨ ਦੇ ਵਿਕਾਸ ਦੇ ਸਿਧਾਂਤ (Darwinian evolution) ਪੱਖੋਂ ਵੀ ਚਿਤਵਿਆ ਜਾ ਸਕਦਾ ਹੈ। ਡਾਇਸਪੋਰਕ ਸੱਭਿਆਚਾਰ ਕਿਸੇ ਨਵੇਂ ਸੱਭਿਆਚਾਰ ਵਿਚ ਇੱਕ ਮਿਊਟੇਸ਼ਨ (Mutation) ਦੀ ਤਰ੍ਹਾਂ ਹੁੰਦਾ ਹੈ। ਮਿਊਟੇਸ਼ਨ ਨੂੰ ਨਵੇਂ ਵਾਤਾਵਰਣ ਵਿਚ ਸਥਾਪਤ ਹੋਣ ਲਈ ਆਪਣੇ ਆਪ ਵਿਚ ਸਹਿੰਦੀਆਂ ਸਹਿੰਦੀਆਂ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ ਜੋ ਸਮਾਂ ਪਾ ਕੇ ਨਵੇਂ ਵਾਤਾਵਰਣ ਦੇ ਯੋਗ ਹੋ ਜਾਂਦੀਆਂ ਹਨ। ਡਾਰਵਿਨੀਅਨ ਵਿਕਾਸ ਦੀ ਭਾਸ਼ਾ ਵਿਚ ਇਸ ਪ੍ਰਕਿਰਿਆ ਨੂੰ ‘ਯੋਗਤਾ ਦੀ ਜੈ’ (Survival of the fittest) ਕਹਿੰਦੇ ਹਨ। ਅਲੰਕਾਰਕ ਤੌਰ ਤੇ ਪੰਜਾਬੀ ਸੱਭਿਆਚਾਰ ਇੱਕ ਮਿਊਟੇਸ਼ਨ ਦੀ ਤਰ੍ਹਾਂ ਪੱਛਮੀ ਦੇਸਾਂ ਦੇ ਵਾਤਾਵਰਣ ਵਿਚ ਆਇਆ ਅਤੇ ਆਪਣੇ ਆਪ ਨੂੰ ਯੋਗ ਬਨਾਉਣ ਲਈ ਪੱਛਮੀ ਕਦਰਾਂ ਕੀਮਤਾਂ ਨਾਲ ਸਮਝੌਤਾ ਕੀਤਾ। ਇਹ ਸੰਧੀ ਉਨ੍ਹਾਂ ਦੇ ਪਹਿਰਾਵੇ, ਰਸਮੋ ਰਿਵਾਜ, ਰਹਿਣ-ਸਹਿਣ, ਖਾਣ-ਪੀਣ ਅਤੇ ਭਾਸ਼ਾ ਦੇ ਉਚਾਰ-ਲਹਿਜ਼ੇ ਵਿਚ ਹੋਈ ਅਤੇ ਇੱਕ ਦੂਜੇ ਪ੍ਰਤੀ ਸਹਿਣਸ਼ੀਲਤਾ ਵਧੀ। ਇਨ੍ਹਾਂ ਤਬਦੀਲੀਆਂ ਦੌਰਾਨ ਪੰਜਾਬੀ ਸੱਭਿਆਚਾਰ ਕਈ ਉਤਰਾਵਾਂ ਚੜ੍ਹਾਵਾਂ ਵਿੱਚੋਂ ਗੁਜ਼ਰਿਆ ਜਿਨ੍ਹਾਂ ਦਾ ਚਿਤਰਣ ਪਾਰ-ਰਾਸ਼ਟਰੀ ਪੰਜਾਬੀ ਸਾਹਿਤ, ਖਾਸ ਕਰਕੇ ਕਵਿਤਾ ਦੇ ਖੇਤਰ, ਵਿਚ ਬਾਖੂਬੀ ਮਿਲਦਾ ਹੈ।

ਪਾਰ-ਰਾਸ਼ਟਰੀ ਪੰਜਾਬੀ ਸਾਹਿਤ (Transnational Punjab literature):

ਪੱਛਮੀ ਮੁਲਕਾਂ ਵਿਚ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਨਸਲੀ ਵਿਤਕਰੇ ਕਰਕੇ ਪੈਦਾ ਹੋਈ ਹੀਣ ਭਾਵਨ ਨੇ ਪਰੇਸ਼ਾਨੀ (Distress), ਉਦਾਸੀ (Depression), ਤਾਂਘ (Longing/Yearing), ਉਦਰੇਵਾਂ (Homesickness), ਅਤੇ ਹੇਰਵਾ (Nostalgia) ਆਦਿ ਮਨੋਸਥਿਤੀਆਂ ਨੂੰ ਜਨਮ ਦਿੱਤਾ। ਆਮ ਆਦਮੀ ਨੂੰ ਇਨ੍ਹਾਂ ਨੇ ਮਾਨਸਕ ਰੋਗੀ (Psychic reck) ਬਣਾ ਦਿੱਤਾ ਪਰ ਸੰਵੇਦਨਸ਼ੀਲ ਮਨ ਨੂੰ ਕ੍ਰਿਆਤਮਕ ਕਸਬ ਵਲ ਮੋੜਿਆ। ਮੁੱਢਲਾ ਪੱਛਮੀ ਪੰਜਾਬੀ ਸਾਹਿਤ ਇਨ੍ਹਾਂ ਸਥਿਤੀਆਂ ਵਿੱਚੋਂ ਪੈਦਾ ਹੋਇਆ ਜਿਸ ਦਾ ਪ੍ਰਭਾਵ ਅੱਜ ਵੀ ਸਮਕਾਲੀ ਕਵਿਤਾ ਵਿੱਚੋਂ ਮਹਿਸੂਸ ਕੀਤਾ ਜਾ ਸਕਦਾ ਹੈ। ਪਰ ਨਾਲ ਨਾਲ ਆਧੁਨਿਕ, ਉੱਤਰ-ਆਧੁਨਿਕ ਅਤੇ ਅਲਟ੍ਰਾ-ਆਧੁਨਿਕ ਸਾਹਿਤ ਵੀ ਪੈਦਾ ਹੋ ਰਿਹਾ ਹੈ।

ਪਰੇਸ਼ਾਨੀ ਅਤੇ ਉਦਾਸੀ (Distress and Depression)

20ਵੀਂ ਸਦੀ ਵਿਚ ਪੱਛਮੀ ਮੁਲਕਾਂ ਵਿਚ ਆਏ ਪੰਜਾਬੀਆਂ ਨੂੰ ਉਹ ਕੰਮ ਕਰਨੇ ਪਏ ਜਿਨ੍ਹਾਂ ਨੂੰ ਗੋਰੇ ਹੱਥ ਨਹੀਂ ਸੀ ਲਾਉਣਾ ਚਾਹੁੰਦੇ। ਟੁਆਲਿਟਾਂ ਦੀ ਦੁਰਗੰਧ; ਫਾਉਂਡਰੀਆਂ ਅਤੇ ਰਬੜ ਫੈਕਟਰੀਆਂ ਦਾ ਭੜਾਸ ਮਾਰਦਾ ਧੂੰਆਂ, ਲੱਕੜ ਦੀਆਂ ਮਿੱਲਾਂ ਦੇ ਬੂਰੇ ਦੀ ਧੂੜ ਅਤੇ ਖੇਤਾਂ ਦੀ ਗਰਦ ਫੱਕਣ ਦੇ ਨਾਲ ਨਾਲ ਗੋਰਿਆਂ ਦੀ ਹੀਣ-ਭਾਵਨਾ, ਝਾੜਝੰਬ ਅਤੇ ਦੁਰਕਾਰ ਨੂੰ ਵੀ ਝੇਲਣਾ ਪਿਆ। ਗੋਰਿਆਂ ਦੀ ਹੁਕਮਰਾਨੀ ਜ਼ਹਿਨੀਅਤ ਨੇ ਪੰਜਾਬੀਆਂ ਨੂੰ ਸੱਭਿਆਚਾਰਕ ਯਤੀਮ (Cultural orphans) ਬਣਾ ਦਿੱਤਾ। ਪੈਸਾ ਨਾ ਬਚਾ ਸਕਣ ਕਰਕੇ ਤੁਰਨ ਵੇਲੇ ਲਏ ਹੋਏ ਕਰਜ਼ੇ ਦਾ ਫਿਕਰ ਅਤੇ ਘਰਦਿਆਂ ਦੀਆਂ ਲੋੜਾਂ-ਥੋੜਾਂ ਨੂੰ ਪੂਰਾ ਨਾ ਕਰ ਸਕਣ ਦਾ ਦੁੱਖ ਦੀਰਘ ਮਾਨਸਕ ਰੋਗ ਬਣ ਗਏ। ਇਸ ਮਨੋਸਥਿਤੀ ਵਿਚ ਸੱਭਿਆਚਾਰ ਨੂੰ ਸੰਭਾਲਣ ਦੀ ਨਹੀਂ, ਹੋਂਦ ਨੂੰ ਬਚਾਉਣ ਲਈ ਅੰਦਰ ਸੰਘਰਸ਼ ਚਲਦਾ ਹੈ। ਅਵਾਸੀ ਦਾ ਆਤਮ (Self) ਆਰੀ ਹੁੰਦਾ ਹੈ ਜਿਸ ਕਰਕੇ ਨਫ਼ਸ (Innerself) ਵਲੂੰਧਰਿਆ ਜਾਂਦਾ ਹੈ ਅਤੇ ਮਨ ਦਾ ਸਕੂਨ ਤਰਲੋਮੱਛੀ ਹੁੰਦਾ ਹੈ। ਸਕੂਨ ਦਾ ਸਿੱਧਾ ਨਾਤਾ ਦਿਲ ਨਾਲ ਹੈ ਜਿੱਥੇ ਕਾਇਆ (Soma), ਰੂਹ (Spirit) ਅਤੇ ਆਤਮਾ (Psyche) ਦੀ ਤ੍ਰਵੇਣੀ ਦਾ ਸੰਗਮ ਹੁੰਦਾ ਹੈ। ਇਸ ਤ੍ਰਵੇਣੀ ਵਿੱਚੋਂ ਭਾਵੁਕ ਪ੍ਰਕਿਰਿਆ ਜਾਗਦੀ ਹੈ ਜੋ ਪਰਤੱਖ ਗਿਆਨ (Perception) ਅਤੇ ਯਥਾਰਥ (Reality) ਵਿਚ ਨਖੇੜ ਕਰਨ ਦੇ ਯੋਗ ਨਹੀਂ ਰਹਿੰਦੀ। ਅਜੇਹੀ ਹਾਲਤ ਵਿਚ ਸਮੇਂ ਦਾ ਸੰਕਲਪ ਧੁੰਦਲਾ ਹੋ ਜਾਂਦਾ ਹੈ ਅਤੇ ਭੂਤ ਅਤੇ ਭਵਿੱਖ ਦਾ ਚਿਹਰਾ-ਮੋਹਰਾ ਗੁਆਚ ਜਾਂਦਾ ਹੈ। ਇਹੋ ਜਹੀ ਮਨੋਦਸ਼ਾ ਕਵੀ ਮਨ ਲਈ ‘ਸਿਰਜਣਾ ਦੀ ਪ੍ਰਯੋਗਸ਼ਾਲ’ ਤਿਆਰ ਕਰਦੀ ਹੈ ਜਿਸ ਵਿੱਚੋਂ ਉਦਾਸੀ ਅਤੇ ਪਰੇਸ਼ਾਨੀ ਦੀ ਕਵਿਤਾ ਜਨਮ ਲੈਂਦੀ ਹੈ। ਇਸ ਮਨੋਦਸ਼ਾ ਨੂੰ ਵਿਅਕਤ ਕਰਦੀਆਂ ਕੁਝ ਕਵਿਤਾਵਾਂ ਹਾਜ਼ਰ ਹਨ।

ਅੰਨ, ਧਨ ਤੇ ਇੱਛਾ ਦੀ/ ਖਿੱਚ, ਲੋੜ ਵਿਚ ਟੁੱਟੇ, ਅਸੀਂ/ ਅੱਕ-ਕੱਕੜੀ ਦੇ ਉਡਣ-ਫੰਬਿਆਂ ਵਾਂਗ/ ਹਵਾਵਾਂ ਦੇ ਰੁਖ ਕਿਸੇ ਵੀ ਨਵੀਂ ਧਰਤੀ, ਨਵੇਂ ਦੇਸ਼/ ਫਿਰ ਜੰਮਣ ਲਈ ਤੁਰ ਪਏ/ ਸਾਡੀ ਬੋਲੀ, ਪਹਿਲਾਂ ਸਾਡੇ ਅੰਦਰੋਂ/ਹੂਕ ਬਣ ਕੇ ਨਿਕਲਦੀ ਸੀ/ ਹੁਣ ਹੋਠਾਂ ‘ਤੇ ਪੱਪੜੀ ਵਾਂਗ/ਮੌਨ ਬਣ ਕੇ ਨਿਕਲਦੀ ਹੈ/ ਏਸ ਚੌਗਿਰਦੇ ਥਲ ਵਿਚ/ਸਾਡੀ ਸੱਭਿਅਤਾ, ਸਾਡੇ ਵਿਰਸੇ ਦਾ/ ਕਿਹੜਾ ਨਖ਼ਲਸਤਾਨ ਹੈ?/ ਕਿੱਥੇ ਹੈ?/ ਮੀਲਾਂ ਤੀਕ ਪਰਾਈ ਭਾਸ਼ਾ/ ਅਣਜਾਣੇ ਜਿਊਣ-ਢੰਗ/ ਬੇਗਾਨਗੀ ਦੇ ਆਲਮ ਦਾ/ ਇੱਕ ਨਾ-ਮੁੱਕਵਾਂ ਥਲ ਹੈ//ਬੇਗਾਨੀ ਭਾਸ਼ਾ ਦੇ ਸ਼ਬਦ/ ਮੂੰਹ ਨੂੰ ਭੱਠੀ ਬਣਾ/ ਖਿੱਲਾਂ ਵਾਂਗ ਭੁੱਜਦੇ ਹਨ। (ਰਵਿੰਦਰ ਰਵੀ)

ਮਿੱਟੀ ਠਰੀ ਹੋਈ/ ਤੇ ਠਰਿਆ ਹੈ ਪਾਣੀ/ ਠਰੀਆਂ ਸੜਕਾਂ ਤੇ ਭਾਉਂਦੇ/ ਠਰੇ ਇਨਸਾਨ ਦਿਸਦੇ ਹਨ/ ਐ ਸੀਤ ਪੌਣਾਂ ਦੇ ਸ਼ਹਿਰ-ਤੂੰ ਸਭ ਕੁਝ ਠਾਰ ਦਿੱਤਾ ਹੈ/ ਤੂੰ ਜੀਵਨ ਭੋਗਦੇ ਮਾਨਵ ਦਾ ਅੰਦਰ ਮਾਰ ਦਿੱਤਾ ਹੈ। (ਬਲਦੇਵ ਬਾਵਾ)

ਦੱਸ ਸਖੀ ਤੁਰ ਜਾਵਾਂ ਜਾਂ ਨਾ ਜਾਵਾਂ/ ਪਰਤ ਆਪਣੇ ਦੇਸ/ ਦੋਚਿੱਤੀ ਵਿਚ ਚਿੱਤ ਨਾ ਲਗਦਾ/ ਦੋਚਿੱਤੀਆਂ ਪਰਦੇਸ/ ਕਿੰਨੇ ਕੁ ਚਾਅ ਏਥੇ ਕਰ ਲਏ ਪੂਰੇ/ ਕਿੰਨੇ ਕੁ ਦਿੱਤੇ ਅਸੀਂ ਮੇਸ/ ਕਿੰਨੇ ਕੁ ਸੁਪਨੇ ਸੱਚ ਸੱਚ ਉੱਤਰੇ/ ਕਿੰਨੇ ਕੁ ਮਲੀਆਮੇਟ/ ਦਿਲ ਚੰਦਰਾ ਭੋਰਾ ਨਾ ਸੰਗਦਾ/ ਲੇਖਾ ਮੰਗਦਾ ਸੂਲੀ ਟੰਗਦਾ/ ਕਰਦਾ ਨਿੱਤ ਕਲੇਸ਼। (ਅਜਮੇਰ ਰੋਡੇ)

ਅੱਜ/ ਜਦ ਆ ਖਹਿੰਦੇ ਹਨ/ ਸਾਡੇ ਬੂਹੇ, ਬਾਰੀਆਂ ਸੰਗ/ ਨਸਲੀ ਰੰਗ ਦੇ ਝੌਂਕੇ/ ਤੇ ‘ਵਾਜਾਂ ਮਾਰ ਪੁਕਾਰਦੇ ਹਨ/ ਸਾਨੂੰ ‘ਹਿੰਢੂ’ ਕਹਿ ਕੇ/ ਆਵਾਰਾ ਫਿਜ਼ਾ ‘ਚ/ ਆ ਚਿਪਕਦੇ ਹਨ/ ਜ਼ਖ਼ਮੀ ਖਿਆਲ/ ਇਸ਼ਤਿਹਾਰ ਬਣ ਕੇ/ ਸਾਡੀਆਂ ਦਹਿਲਦੀਆਂ ਦੀਵਾਰਾਂ ਉੱਪਰ, ਤਾਂ/ ਲਹੂ ਖੌਲਦਾ ਹੈ। (ਦਰਸ਼ਨ ਗਿੱਲ)

ਬਾਪੂ ਤੂੰ ਕਾਹਦਾ ਬੁੱਢਾ ਹੋਇਆ/ ਸਾਰਾ ਘਰ ਹੀ ਜਿਵੇਂ ਬੁੱਢਾ ਹੋ ਗਿਆ ਹੋਵੇ/ ਕਿੰਨਾ ਤਕੜਾ ਸੀ ਤੂੰ/ ਕਿੰਨੀ ਵੱਡੀ ਕਬੀਲਦਾਰੀ/ ‘ਕੱਲਾ ਹੀ ਚੁੱਕੀ ਫਿਰਦਾ ਸੀ/ ਪਰ ਬਾਪੂ/ ਜਦ ਸਾਡੀ ਵਾਰੀ ਆਈ/ ਕੁਝ ਭਾਰ ਵੰਡਾਉਣ ਦੀ/ ਅਸੀਂ ਪੰਜਾਲੀ ਹੇਠੋਂ ਸਿਰ ਖਿੱਚ ਲਿਆ/ ਆਪਣਾ ਆਪਣਾ ਨਿੱਕ-ਸੁੱਕ ਸਾਂਭ/ ਤੈਨੂੰ ‘ਕੱਲੇ ਨੂੰ ਛੱਡ/ ਤਾਸ਼ ਦੇ ਪੱਤਿਆਂ ਵਾਂਗ/ ਪਰਦੇਸੀਂ ਖਿੱਲਰ ਗਏ। (ਸੰਤੋਖ ਸਿੰਘ ਮਿਨਹਾਸ)

ਤਾਂਘ ਅਤੇ ਉਦਰੇਵਾਂ (Longing and Yearing):

ਤਾਂਘ ਅਤੇ ਉਦਰੇਵਾਂ ਪਰੇਸ਼ਾਨੀ ਅਤੇ ਉਦਾਸੀ ਦਾ ਅਗਲਾ ਪੜਾਅ ਹੈ। ਪਹਿਲੀ ਅਤੇ ਦੂਜੀ ਪੀੜ੍ਹੀ ਨੇ ਮਨ ਮਾਰ ਕੇ ਕੰਮ ਕੀਤਾ, ਪੈਸਾ ਕਮਾਇਆ ਅਤੇ ਮਾਇਕ ਮਜਬੂਰੀ ਤੋਂ ਰਾਹਤ ਪਾਈ। ਫਲਸਰੂਪ, ਜ਼ਹਿਨੀ ਦਬਾਅ ਘਟਿਆ ਅਤੇ ਪਿੱਤਰੀ ਵਿਰਸੇ ਨੂੰ ਨਿਹਾਰਨ ਦੀ ਤਾਂਘ ਉਤਪਨ ਹੋਈ। ਤਾਂਘ ਵਾਸਤਵ ਵਿਚ ਵਿਅਕਤੀਗਤ ਮਨੋਦਸ਼ਾ ਹੈ ਜਿਸ ਕਰਕੇ ਟੱਬਰ ਟੀਰ, ਸਕੇ ਸੰਬੰਧੀ ਅਤੇ ਘਰ ਬਾਰ ਯਾਦ ਆਉਂਦੇ ਹਨ। ਇਸ ਲਈ ਤਾਂਘ ਦੀ ਤਾਸੀਰ ਸਮੂਹਕ ਘੱਟ ਅਤੇ ਨਿੱਜੀ ਵਧੇਰੇ ਹੁੰਦੀ ਹੈ। ਮਨੋਵਿਗਿਆਨਕ ਤੌਰ ਤੇ ਤਾਂਘ ਵਿਚ ਤਰਕ ਦੀ ਥਾਂ ਭਾਵੁਕਤਾ ਹਾਵੀ ਹੁੰਦੀ ਹੈ ਜਿਸ ਕਰਕੇ ਸੱਭਿਆਚਾਰਕ ਕਦਰਾਂ ਕੀਮਤਾਂ ਅਵਚੇਤਨ (Subconscious) ਵਿਚ ਚਲੀਆਂ ਜਾਂਦੀਆਂ ਹਨ ਅਤੇ ਨਿੱਜੀ ਸਮੱਸਿਆਵਾਂ ਚੇਤਨ (Counscious) ਵਿਚ ਆ ਬਹਿੰਦੀਆਂ ਹਨ। ਬਹੁਤੀ ਵਾਰੀ ਤਾਂਘ ਦੀ ਪੂਰਤੀ ਲਈ ਆਵਾਸੀਆਂ ਦੀ ਮਾਇਕ ਮਜਬੂਰੀ ਬਾਧਿਕ ਸਿੱਧ ਹੁੰਦੀ ਹੈ ਇਸ ਲਈ ਚਾਹੁੰਦਿਆਂ ਹੋਇਆਂ ਵੀ ਪਿਛਾਂਹ ਪਰਤਣ ਲਈ ਬੇਬਸ ਹੁੰਦੇ ਹਨ। ਵਿਰਸੇ ਬਾਰੇ ਉਪਭਾਵੁਕ ਹੋਣ ਦੇ ਨਾਤੇ ਤਾਂਘ ਮਨ ਦਾ ਮਨੋਰੰਜਣ ਤਾਂ ਕਰਦੀ ਹੈ ਪਰ ਮਨੋਬਲ ਨੂੰ ਤਗੜਾ ਨਹੀਂ ਕਰਦੀ। ਬੇਬਸੀ ਵਿਚ ਘਿਰਿਆ ਹੋਇਆ ਬੰਦਾ ਖੁਦ ਸਹੇੜੇ ਹੋਏ ਪਰਵਾਸ ਨੂੰ ਕੋਸਦਾ ਹੈ ਅਤੇ ਪਿਛਾਂਹ ਪਰਤਣ ਦੀ ਤਾਂਘ ਲਈ ਘੂਰਦਾ ਹੈ। ਇਸ ਮਨੋਦਸ਼ਾ ਵਿਚ ਉਹ ਆਪਣੀ ਤੜਪ ਦਾ ਇਜ਼ਹਾਰ ਇੱਕ ਵਿਰਲਾਪ ਜਾਂ ਅਰਜੋਈ ਦੇ ਰੂਪ ਵਿਚ ਵਿਅਕਤ ਕਰਕੇ ਸੰਤੁਸ਼ਟ ਹੋ ਜਾਂਦਾ ਹੈ। ਇਸ ਭਾਵਨਾ ਨੂੰ ਵਿਅਕਤ ਕਰਦੀਆਂ ਕਵਿਤਾਵਾਂ ਦੇ ਕੁਝ ਬੰਦ ਹਾਜ਼ਰ ਹਨ।

ਮੇਰੇ ਪਿੰਡ ਤੂੰ ਮੇਰੇ ਆਉਣ ਤਕ ਵੱਸੀਂ/ ਤੇਰੇ ਤੋਂ ਬਿਨਾਂ ਮੇਰੀ ਕੋਈ ਥਾਂ ਨਹੀਂ/ ਤੇਰੇ ਤੋਂ ਬਿਨਾਂ ਸਭ ਦੇਸ਼ ਜੁਗਰਾਫ਼ੀਆ ਹਨ/ ਤੇਰੇ ਤੋਂ ਬਿਨਾਂ ਮੇਰੀ ਕੋਈ ਮਾਂ ਨਹੀਂ। (ਅਵਤਾਰ ਜੰਡਿਆਲਵੀ)

ਮੇਰੇ ਦੇਸ਼/ ਤੇਰੀਆਂ ਧੁੱਦਲ ਭਰੀਆਂ ਵਾਟਾਂ ਚੋਂ ਪੈਰ ਚੁੱਕ/ ਜਦੋਂ ਦਾ ਮੈਂ ਚਾਂਦੀ ਨਗਰ ਦੀਆਂ ਸੜਕਾਂ ਉੱਤੇ/ ਚੱਲਣ ਲੱਗ ਪਿਆ ਹਾਂ/ ਤੇਰੀ ਫ਼ਕੀਰੀ ਲਈ ਤੜਫ਼ਦਾ ਹਾਂ। (ਜਗਤਾਰ ਢਾਅ)

ਹੇਰਵਾ (Nostaligia):

ਪਰਵਾਸ ਸਿਧਾਰਨ ਤੋਂ ਲੈਕੇ ਹੁਣ ਤੱਕ ਪੰਜਾਬੀ ਬੰਦੇ ਨੂੰ ਦੋ ਪਰਕਾਰ ਦਾ ਹੇਰਵਾ ਝੇਲਣਾ ਪਿਆ: ਪਹਿਲਾ ਸੀ ਪਿਛਲੀ ਪੀੜ੍ਹੀ ਦਾ ਹੇਰਵਾ ਅਤੇ ਦੂਜਾ ਅਗਲੀ ਪੀੜ੍ਹੀ ਦਾ ਹੇਰਵਾ ਅਰਥਾਤ, ਪਹਿਲੀ ਪੀੜ੍ਹੀ ਦਾ ਪਿੱਤਰੀ ਸੱਭਿਆਚਾਰ ਵਲ ਮੁੜਨ ਦਾ ਹੇਰਵਾ ਅਤੇ ਦੂਜਾ ਹੈ ਅਗਲੀ ਪੀੜ੍ਹੀ ਨੂੰ ਇਸ ਨਾਲ ਜੋੜਨ ਦਾ ਹੇਰਵਾ। ਦੋਹਾਂ ਦੇ ਕਾਰਨ ਵੱਖਰੇ ਵੱਖਰੇ ਹਨ ਪਰ ਪ੍ਰਤੀਕਰਮ ਇੱਕੋ ਪਰਕਾਰ ਦਾ ਹੈ। ਪਹਿਲੇ ਦੌਰ ਦੇ ਆਵਾਸੀ ਇਕੱਲੇ ਇਕਹਿਰੇ, ਵਗੈਰ ਟੱਬਰ ਟੀਰ ਦੇ ਵਿਦੇਸਾਂ ਵਿਚ ਆਏ। ਜਦ ਮਾਇਕ ਤੌਰ ਤੇ ਸੁਰਖ਼ਰੂ ਹੋਏ ਤਾਂ ਉਨ੍ਹਾਂ ਨੂੰ ਆਪਣੇ ਟੱਬਰ, ਮਾਂ ਬਾਪ, ਪਿੱਤਰੀ ਘਰ ਬਾਰ, ਜੱਦੀ ਜਾਇਦਾਦ ਅਤੇ ਸਕੇ ਸੰਬੰਧੀਆਂ ਪ੍ਰਤੀ ਹੇਰਵਾ ਜਾਗਿਆ। ਇਹ ਟੁੱਟੇ ਹੋਏ ਮੋਹ ਨੂੰ ਮੁੜ ਕੇ ਗੰਢਣ ਦਾ ਹੇਰਵਾ ਸੀ ਜਿਸ ਦਾ ਕਰਮ ਪ੍ਰਤੀਕਰਮ ਹੇਠਲੇ ਬੰਦ ਵਿੱਚੋਂ ਮਿਲਦਾ ਹੈ।

ਧਾਤ ਦੇ ਪੰਛੀ ਦੀ ਬੁੱਕਲ ਵਿਚ ਬਹਿ ਕੇ ਜਦ ਮੈਂ/ ਆਪਣੇ ਘਰ ਦੇਸੀ ਘੱਟੇ ਤੇ ਮਿੱਟੀ ਨਾਲ ਡਾਢੇ ਲੱਥ-ਪੱਥ ਹੋਏ ਘਰ ਵਿਚ ਪੁੱਜਾ/ ਘਰ ਦੀ ਮਿੱਟੀ ਨੂੰ ਮਸਤਕ ਦੇ ਨਾਲ ਛੁਹਾਇਆ/ ਘਰ ਦੀ ਹਰ ਸ਼ੈਅ ਦੇ ਸੰਗ ਆਪਣਾ ਮੋਹ ਜਤਾਇਆ; ਮੇਰੇ ਰਾਹ ਵੱਲ ਨੀਝਾਂ ਲਾ ਕੇ/ ਬੈਠੇ ਬਿਰਧ ਬਾਪ ਨੂੰ ਭੱਜ ਕੇ ਧਾ ਗਲਵਕੜੀ ਪਾਈ/ ਬੇਵਸ ਹੋ ਕੇ ਝੱਟ ਹੰਝੂਆਂ ਨੇ ਛਹਿਬਰ ਲਾਈ/ ਬਾਪੂ ਦੀ ਚਿੱਟੀ ਦਾਹੜੀ ਚੋਂ ਮਮਤਾ ਭਿੰਨੇ ਹੰਝੂ ਕਿਰ ਕਿਰ/ ਚੁੱਪ-ਚਪੀਤੇ ਆਖ ਰਹੇ ਸਨ – ਮੇਰੇ ਪੁਤਰਾ!/ ਮਹਿਕ ਜਹੇ ਇਸ ਘਰ ਨੂੰ ਤੂੰ ਨਾ ਪਿੱਠ ਵਿਖਾਈਂ/ ਲੰਮੀ ਇੰਝ ਉਦਾਸੀ ਉੱਤੇ ਮੁੜ ਨਾ ਜਾਵੀਂ। ( ਗੁਰਨਾਮ ਸਿੰਘ ਢਿੱਲੋਂ)

ਦੂਜੇ ਪ੍ਰਕਾਰ ਦਾ ਹੇਰਵਾ ਉਸ ਵੇਲੇ ਪੈਦਾ ਹੋਇਆ ਜਦ ਬੱਚਿਆਂ ਨੂੰ ਵਿਦੇਸੀ ਸੱਭਿਆਚਾਰ ਦੀਆਂ ਅਲਟ੍ਰਾ-ਮਾਡਰਨ ਅਲਾਮਤਾਂ ਦੀ ਪਾਹ ਲੱਗੀ। ਇਨ੍ਹਾਂ ਅਲਾਮਤਾਂ ਵਿਚ ਮਾਪਿਆਂ ਪ੍ਰਤੀ ਅਸਹਿਣਸ਼ੀਲਤਾ (Parent intoleranc), ਵਿਆਹ ਤੋਂ ਪਹਿਲਾਂ ਮੇਲਜੋਲ (Dating), ਬਲਾਤਕਾਰ (Rape), ਵੇਸਵਾਗਮਨੀ (Prostitution), ਅਣਵਰੀਆਂ ਮਾਵਾਂ (Unwed mothers), ਹਰਾਮੀ ਔਲਾਦ (Bastards), ਸਮਲਿੰਗੀ ਸੰਭੋਗ ((Homo sexuality), ਡਰੱਗ ਕਲਚਰ (Drug culture), ਵਰਜਤ ਜਿਨਸੀ ਸੰਬੰਧ (Incest), ਕਤਲੋਗ਼ਾਰਦ (Murders) ਆਦਿ ਸ਼ਾਮਲ ਹਨ। ਇਨ੍ਹਾਂ ਅਲਾਮਤਾਂ ਕਰਕੇ ਪੰਜਾਬੀ ਡਾਇਸਪੋਰਾ ਦੇ ਬੱਚਿਆਂ ਨੂੰ ਕਿਸ਼ੋਰ ਉਮਰਾ – ਅਸਭਿਅਕ-ਕੋਹੜ (Teenage anti-cultural leprosy) ਲੱਗ ਗਿਆ, ਜਿਸ ਦਾ ਮਾਪਿਆਂ ਨੂੰ ਇੱਕਦਮ ਝਟਕਾ ਲੱਗਾ। ਇਸ ਤੇ ਕਾਬੂ ਪਾਉਣ ਲਈ ਉਨ੍ਹਾਂ ਨੇ ਬਚਿਆਂ ‘ਤੇ ਪਿੱਤਰੀ ਸੱਭਿਆਚਾਰ ਦੇ ਮਾਪਦੰਡ ਠੋਸਣੇ ਸ਼ੁਰੂ ਕਰ ਦਿੱਤੇ ਜਿਵੇਂ, ਬੱਚਿਆਂ ਨੂੰ ਧੋਖੇ ਨਾਲ ਜਾਂ ਲਾਲਚ ਦੇ ਕੇ ਪੰਜਾਬ ਵਿਚ ਪੜ੍ਹਨੇ ਪਾਉਣਾ, ਧਿੰਗੋਜੋਰੀ ਸ਼ਾਦੀ ਕਰ ਦੇਣਾ ਜਾਂ ਕਰਨ ਲਈ ਮਜਬੂਰ ਕਰਨਾ, ਅੰਦਰ ਤਾੜ ਕੇ ਸਬਕ ਸਿਖਾਉਣਾ, ਏਥੋਂ ਤੱਕ ਕਿ ਮਾਰ ਕੁਟਾਈ ਕਰਨਾ ਆਦਿ। ਬਾਹਰਲੇ ਕਾਨੂੰਨ ਅਨੁਸਾਰ ਇਹ ਗ਼ੈਰਕਾਨੂੰਨੀ ਗੱਲਾਂ ਹਨ ਜਿਨ੍ਹਾਂ ਬਾਰੇ ਬੱਚਿਆਂ ਨੂੰ ਪਤਾ ਹੈ ਅਤੇ ਸ਼ਿਕਾਇਤ ਕਰਨ ਤੇ ਇਨ੍ਹਾਂ ਦੀ ਪਾਲਣਾ ਵੀ ਹੁੰਦੀ ਹੈ। ਉਹ 911 ਘੁਮਾ ਕੇ ਪੁਲਸ ਨੂੰ ਸੱਦ ਸਕਦੇ ਹਨ ਅਤੇ ਮਾਪਿਆਂ ਨੂੰ ਜੇਲ੍ਹ ਭਿਜਵਾ ਸਕਦੇ ਹਨ, ਅਤੇ ਇਸ ਤਰ੍ਹਾਂ ਦੇ ਵਾਕਿਆਤ ਹੋਏ ਵੀ ਹਨ। ਬੱਚਿਆਂ ਦੀ ਗ਼ੈਰਫਰਮਾਬਰਦਾਰੀ, ਬੇਰੁਖੀ, ਬਦਇਖ਼ਲਾਕੀ, ਸੱਭਿਆਚਾਰਕ ਬੇਹੁਰਮਤੀ ਅਤੇ ਉੱਪਰੋਂ ਕਾਨੂੰਨ ਦੀ ਝਾੜਝੰਬ ਨੇ ਮਾਪਿਆਂ ਵਿਚ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਹੇਰਵਾ ਪੈਦਾ ਕੀਤਾ। ਇਸ ਦੋਧਾਰੀ ਹੇਰਵੇ ਦਾ ਕੋਈ ਹੱਲ ਨਹੀਂ ਦਿਸਦਾ ਕਿਉਂਕਿ ਅਸੀਂ ਪੱਛਮੀ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਦੇ ਜਬਾੜ੍ਹੇ ਵਿਚ ਆਏ ਹੋਏ ਬੇਵੱਸ ਬੰਦੇ ਹਾਂ। ਇਸ ਦੋ ਪਰਕਾਰ ਦੇ ਹੇਰਵੇ ਵਿਚ ਗ੍ਰਸਤ ਪੰਜਾਬੀ ਸੱਭਿਆਚਾਰ ਦੀ ਸਮਕਾਲੀ ਅਵਸਥਾ ਘੜੀ ਦੇ ਪੈਂਡੂਲਮ ਵਾਂਗ ਹੈ ਜਿਸ ਨੂੰ ਦੋਹਾਂ ਪਾਸਿਆਂ ਦੇ ਚੱਕਰ ਕੱਟਣ ਦਾ ਸਰਾਪ ਹੈ। ਇਸ ਨੂੰ ਭੋਗਣ ਵਿਚ ਹੀ ਉਸ ਦੀ ਗਤੀ ਹੈ, ਖੜੋਤ ਉਸ ਨੂੰ ਸਮੇਂ ਵਿਚ ਸੁੰਨ ਕਰਕੇ ਨਿਪੁੰਸਕ ਬਣਾ ਦੇਵੇਗੀ।

ਜੀਨਾਂ ਦੀ ਭਾਸ਼ਾ ਚ/ ਲਿਖ ਕੇ/ ਸੰਸਕਾਰਾਂ ਦੀ ਵਸੀਅਤ/ ਕਰ ਦਿੱਤੀ ਮੇਰੇ ਹਵਾਲੇ/ ਇਹ ਸ਼ਰਤ ਲਾਕੇ/ ਕਿ ਪਿੱਤਰਾਂ ਦੇ/ ਸੰਸਕਾਰਾਂ ਦੀ ਰਾਖੀ ਕਰਾਂ।/ ਪਿੱਤਰਾਂ ਦਾ ਇਹ ਰਿਣ/ ਕਿਵੇਂ ਤਾਰਾਂ/ ਉਹ ਸਮਾਂ ਹੋਰ ਸੀ/ ਇਹ ਵੇਲਾ ਹੋਰ ਹੈ/ ਜੀਨਾਂ ਦੀ ਭਾਸ਼ਾ ਉਹੀ ਹੈ/ ਅਰਥ ਬਦਲ ਗਏ ਨੇ/ ਸੰਸਕਾਰ ਪੜ੍ਹੇ ਨਹੀਂ ਜਾਂਦੇ।/ ਕਿਤੇ ਪਿੱਤਰ ਸੁਣਦੇ ਹੋਣ/ ਤਾਂ ਅਰਜ਼ ਕਰਾਂ,/ ਮੈਨੂੰ ਵਸੀਅਤ ਪਾੜਨ ਦੀ ਇਜਾਜ਼ਤ ਦਿਉ,/ ਤੁਹਾਨੂੰ ਤਾਂ ਮੂਲ਼ ਨਾਲੋਂ ਸੂਦ ਪਿਆਰਾ ਹੈ// ਮੈਥੋਂ ਤਾਂ ਮੂਲ ਵੀ ਨਹੀਂ ਮੋੜਿਆ ਜਾਣਾ/ ਸੂਦ ਕੌਣ ਮੋੜੇਗਾ।/ ਫੇਰ ਵੀ ਕੋਸ਼ਿਸ਼ ਕਰਾਂਗਾ/ ਕਿ ਪਿੱਤਰ ਬਨਣ ਤੋਂ ਪਹਿਲਾਂ/ ਤੁਹਾਡਾ ਅਹਿਦਨਾਵਾਂ/ ਅਗਲੀ ਪੀੜ੍ਹੀ ਦੇ ਸਪੁਰਦ ਕਰ ਜਾਵਾਂ/ ਜ਼ਿੰਦਗੀ ਦਾ ਇਹ ਗਿਰਵੀਨਾਮਾ। (ਗੁਰੂਮੇਲ ਸਿੱਧੂ)

ਮੇਰੇ ਵਤਨ ਦੇ ਲੋਕੋ!/ ਅਸੀਂ ਕੁਝ ਵੀ ਨਹੀਂ/ ਬਸ! ਪਿੱਛੇ ਰਹਿ ਗਈ ਤੇ ਏਥੇ ਜਨਮੀ/ ਦੋ ਪੀੜ੍ਹੀਆਂ ਵਿਚਕਾਰਲਾ ਦੁਖਾਂਤ ਹਾਂ/ ਜਿਸ ਨੂੰ ਤਿਲ ਤਿਲ ਕਰਕੇ ਭੋਗਣਾ/ ਸਾਡੇ ਹੀ ਜ਼ਿੰਮੇਂ ਆਇਆ ਹੈ। (ਰਵਿੰਦਰ ਸਹਿਰਾਅ)

ਇੱਥੇ ਵੱਸਦੇ ਹੋਏ ਪੂਰਬ/ ਪੱਛਮ ਦੇ ਸੂਰਜ ਮੂਹਰੇ/ ਤੂੰ ਧੁੱਪ ‘ਚ ਜਗਦਾ ਦੀਵਾ ਏਂ/ ਆਪਣੇ ਘਰ ਨੂੰ ਰੁਸ਼ਨਾਣ ਦੇ ਮਨਸੂਬੇ/ ਆਪਣੀ ਕੁੱਖ ਦੇ ਪਰਿੰਦਿਆਂ ਨੂੰ/ ਆਪਣੀ ਤਲੀ ਤੇ ਉਡਾਉਣ ਦੇ ਇਰਾਦੇ/ ਕਿੰਜ ਤੇਰੇ ਢੋਹ ਢੋਹ ਕੇ ਰੱਖੇ ਬੰਦ ਬੂਹੇ ਬਾਰੀਆਂ ਥੀਂ/ ਇਹਦੀ ਹਰ ਕਿਰਨ ਅੰਦਰ ਲੰਘ ਆਈ/ ਤੇਰੀ ਵਧਦੀ ਹੋਈ ਵੇਲ ਨੂੰ/ ਆਪਣੇ ਗਮਲਿਆਂ ‘ਚ ਲਾ ਗਈ/ ਤੈਨੂੰ ਨਾਚੀਜ਼ ਵਾਂਙ ਬੇਦਖਲ ਕਰ ਕੇ/ ਘਰ ਦੀ ਸਰਦਲ ਨਾਲ ਚਿਪਕਾ ਗਈ/ ਤੈਨੂੰ ਪਤਾ ਹੀ ਨਹੀਂ ਲੱਗਾ। (ਦਰਸ਼ਨ ਬੁਲੰਦਵੀ)

ਪਾਰ-ਰਾਸ਼ਟਰੀ ਕਵਿਤਾ (Transnational poetry):

ਪਾਰ-ਰਾਸ਼ਟਰੀ ਕਵਿਤਾ ਦਾ ਸਰੋਕਾਰ ਸੱਭਿਆਚਾਰਾਂ ਦੇ ਵਿਸ਼ਵੀਕਰਨ, ਪਾਰ-ਰਾਸ਼ਟਰੀਵਾਦ ਅਤੇ ਬ੍ਰਹਿਮੰਡੀ ਸੋਚ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੂੰ ਪਰਦੂਸ਼ਣ, ਪ੍ਰਮਾਣੂ ਜੰਗ, ਮੰਡੀਕਰਨ, ਗਲੋਬਲ ਵਾਰਮਿੰਗ, ਦੇਹ ਵਿਉਪਾਰ, ਲਿੰਗਕ ਦੁਰਵਿਵਹਾਰ, ਨਬਾਲਗ ਵੇਸਵਾਗਮਣੀ, ਅੱਤਵਾਦ, ਜੀਨ ਕਲੋਨਿੰਗ ਅਤੇ ਸਾਇਬਰ ਸਪੇਸ ਟੈਕਨੌਲੋਗੀ ਦੇ ਪੱਖ ਪ੍ਰਭਾਵਤ ਕਰਦੇ ਹਨ। ਇਨ੍ਹਾਂ ਦਾ ਪੰਜਾਬੀ ਅਤੇ ਪੱਛਮੀ ਕਵਿਤਾ ਤੇ ਪ੍ਰਭਾਵ ਪੈਣਾ ਬੜਾ ਕੁਦਰਤੀ ਹੈ। ਪਰ ਪੰਜਾਬੀ ਕਵਿਤਾ ਨੂੰ ਪਰਖਿਆਂ ਇਉਂ ਜਾਪਦਾ ਹੈ ਕਿ ਇਹ ਪੱਛਮੀ ਮਹੌਲ ਤੋਂ ਪ੍ਰਭਾਵਤ ਤਾਂ ਹੋਈ ਹੈ ਪਰ ਉਸ ਨੂੰ ਪ੍ਰਭਾਵਤ ਨਹੀਂ ਕੀਤਾ। ਅਲੰਕਾਰਕ ਤੌਰ ਤੇ ਪਾਰ-ਰਾਸ਼ਟਰੀ ਪੰਜਾਬੀ ਕਵਿਤਾ ਉਸ ਬੂਹੇ ਵਾਂਗ ਹੈ ਜੋ ਕੇਵਲ ਅੰਦਰ ਵਲ ਨੂੰ ਹੀ ਖੁੱਲ੍ਹਦਾ ਹੈ। ਬਹੁਤੇ ਕਵੀਆਂ ਨੂੰ ਇਨ੍ਹਾਂ ਸੰਕਲਪਾਂ ਬਾਰੇ ਜਾਣਕਾਰੀ ਤਾਂ ਹੈ ਪਰ ਅਨੁਭਵ ਨਹੀਂ ਇਸ ਕਰਕੇ ਸਤਹੀ ਕਿਸਮ ਦੀ ਕਵਿਤਾ ਲਿਖਦੇ ਹਨ ਜੋ ਅਕਸਰ ਅਖ਼ਬਾਰੀ ਖਬਰਾਂ ਜਾਂ ਟੀਵੀ/ਰੇਡੀਉ ਤੋਂ ਸੁਣੀ ਸੁਣਾਈ ਵਾਕਫੀਅਤ ਉੱਤੇ ਅਧਾਰਤ ਹੁੰਦੀ ਹੈ। ਪਰ ਕਵਿਤਾ ‘ਖ਼ਬਰ’ ਨਹੀਂ ਹੁੰਦੀ, ਇਸ ਦਾ ਕਰਤਵ ਵਾਕਫੀਅਤ ਦੇਣਾ ਨਹੀਂ, ਸਗੋਂ ਅਨੁਭਵ ਦੀ ਕਸਵੱਟੀ ਤੇ ਕੁਝ ਨਵਾਂ ਅਤੇ ਮੌਲਕ ਸਿਰਜ ਕੇ ‘ਖ਼ਬਰ’ ਬਣ ਜਾਣਾ ਹੁੰਦਾ ਹੈ। ਬਕੌਲ ਅਮਰੀਕਨ ਕਵੀ ਇਜ਼ਰਾ ਪਾਉਂਡ: ”Literature is news that stays news.” ਫੇਰ ਵੀ ਕੁਝ ਨਜ਼ਮਾਂ ਦੇ ਨਮੂਨੇ ਪੇਸ਼ ਹਨ ਜੋ ਪਾਰ-ਰਾਸ਼ਟਰੀ ਸੱਭਿਆਚਾਰ ਦੀਆਂ ਸਮੱਸਿਆਵਾਂ ਦੀ ਦ੍ਰਿਸ਼ਟੀ ਤੋਂ ਵਿਚਾਰਨ ਯੋਗ ਹਨ। ਇਨ੍ਹਾਂ ਵਿਚ ਪੱਛਮੀ ਸੱਭਿਆਚਾਰ ਦੀਆਂ ਮੌਡਰਨ ਅਤੇ ਅਲਟ੍ਰਾ-ਮੌਡਰਨ ਕਦਰਾਂ ਕੀਮਤਾਂ ਦਾ ਵਰਨਣ ਹੈ ਜਾਂ ਉਨ੍ਹਾਂ ਦੇ ਪੰਜਾਬੀ ਸੱਭਿਆਚਾਰ ਤੇ ਪਏ ਪ੍ਰਭਾਵਾਂ ਦਾ ਪ੍ਰਤੀਕਰਮ ਹੈ।

ਬੁੱਢਾ ਰੱਬ ਤਾਂ ਨੀਤਸ਼ੇ ਦੇ ਨਾਲ ਹੀ / ਚੱਲ ਵਸਿਆ ਸੀ / ਪਾਦਰੀ ਕੇਵਲ / ਸ਼ਬਦਾਂ ਨੂੰ ਪਲੀਤ ਕਰਦੇ ਹਨ / ਮੈਂ ਕਿਸੇ ਵੀ ਗੁਨਾਹ ਦੇ ਅਹਿੰਸਾ ਤੋਂ ਮੁਕਤ ਹਾਂ / ਇਸ ਲਈ ਮੈਂ ਇੱਕ ਜਿਸਮ ਤੋਂ – ਦੂਜੇ ਜਿਸਮ ਦਾ ਫ਼ਾਸਲਾ / ਇੰਜ ਤਹਿ ਕਰਦੀ ਹਾਂ / ਜਿਵੇਂ ਕੰਮ ਤੇ ਪਹੁੰਚਣ ਲਈ / ਕੋਈ ਲੋਕਲ ਟਰੇਨ ਲੈ ਆਵੇ/ ਹੁਣ ਤੇ ਬਿਸਤਰ ਨੂੰ ਦੇਖ ਕੇ ਵੀ ਨਹੀਂ ਸ਼ਰਮਾਉਂਦੀ/ ਕਿਉਂਕਿ ਅਣਗਿਣਤ ਪੈੜਾਂ ਦੀ ਛਾਪ/ ਬਿਸਤਰ ਤੇ ਉੱਗ ਆਈ ਹੈ। (ਸੁਖਵਿੰਦਰ ਕੰਬੋਜ)

ਨਜ਼ਰ ਤੱਕਦੀ ਹੈ ਖ਼ਲਾਅ/ ਪੈਰ ਤੁਰਦੇ ਹਨ ਖ਼ਲਾਅ/ ਸੋਚ ਬੁਣਦੀ ਹੈ ਖ਼ਲਾਅ/ ਬੋਲ ਬਣਦੇ ਹਨ ਖ਼ਲਾਅ/ ਖ਼ਲਾਅ ਤੋਂ ਖ਼ਲਾਅ ਤੱਕ ਦੀ ਪ੍ਰਾਪਤੀ/ … ਰਿਸ਼ਤਿਆਂ ਦੀ ਭੀੜ ਵਿਚ ਕੱਲਾ ਜਿਹਾ/ (ਰਵਿੰਦਰ ਰਵੀ)

ਅਸੀਂ ਜੋ ਲੋਕ-ਭਗਤੀ ਦੇ ਸੁਨੇਹੇ ਸਾਂ? ਬੈਂਕ-ਕਾਪੀ ਦੀ ਮੁਸਕਰਾਂਉਂਦੀ ਹੋਈ/ ਤਿਉੜੀ ਹੀ ਰਹਿ ਗਏ ਹਾਂ/
ਕਾਰ ਦੀ ਟੁੱਟੀ ਕਿਸ਼ਤ ਹਾਂ/ ਜਾਂ ਗਹਿਣੇ ਘਰਾਂ ਦਾ ਸਾਊ ਅਕੇਵਾਂ/ ਹੋਰ ਬੱਸ ਕੁਝ ਵੀ ਨਹੀਂ ਹਾਂ? (ਇੱਕਬਾਲ ਰਾਮੂਵਾਲੀਆ)

ਅਸੀਂ ਬੇਵਤਨੇ ਪੰਛੀਆਂ ਦੇ/ ਪਰਾਏ ਆਲ੍ਹਣਿਆਂ ‘ਚ ਦਿੱਤੇ/ ਲਾਵਾਰਿਸ ਆਂਡੇ ਸਾਂ/ ਜਿਨ੍ਹਾਂ ਨੂੰ ਅਚਾਨਕ/
ਵਕਤ ਦੀ ਠੋਕਰ ਨੇ ਜਨਮ ਸੌਂਪਿਆ/… ਇਹ ਹਕੀਕਤਨ/ ਤੇਰਾ ਤੇ ਮੇਰਾ ਯਥਾਰਥ ਨਹੀਂ। (ਮਨਜੀਤ ਮੀਤ)

ਜ਼ਿਹਨ ਕੰਪਿਊਟਰ ‘ਚ/ ਧਰ ਰਿਹਾ ਹੈ ਆਦਮੀ/ ਦਿਨ ਵੱਡਾ ਰਾਤ ਨਿੱਕੀ/ ਕਰ ਰਿਹਾ ਹੈ ਆਦਮੀ। (ਚਰਨ ਸਿੰਘ)

ਇਹ ਕੇਹਾ/ ਬ੍ਰਹਿਮੰਡ ਹੈ/ ਛਿਣ ਦੀ ਸਿਰਜਣਾ ਤੋਂ ਵੀ ਪਹਿਲਾਂ/ ਅਸਤ ਹੋ ਰਿਹਾ ਹੈ/ ਸਿਫ਼ਰ ਤੋਂ-ਸਿਫ਼ਰ ਤੱਕ ਦਾ ਸਫ਼ਰ/
ਮੱਥੇ ‘ਚ ਢੋ ਰਿਹਾ ਹੈ/ (ਗੁਰੂਮੇਲ ਸਿੱਧੂ)

ਪਾਰ-ਰਾਸ਼ਟਰੀ ਪੰਜਾਬੀ ਕਵਿਤਾ ‘ਚੋਂ ਨਾਰੀ ਨਾਲ ਜੁੜੇ ਹੋਏ ਕਈ ਗੰਭੀਰ ਮਸਲੇ ਵੀ ਵਿਅਕਤ ਹੁੰਦੇ ਹਨ ਜਿਵੇਂ, ਤਸ਼ੱਦਦ, ਭਰੂਣ-ਹੱਤਿਆ, ਸੋਸ਼ਣ, ਗਰਭਪਾਤ ਅਤੇ ਤਲਾਕ ਆਦਿ। ਪਰ ਇਨ੍ਹਾਂ ‘ਤੇ ਅਜੇ ਵੀ ਰੂੜ੍ਹੀਵਾਦੀ ਦਮਨ ਪੈਤ੍ਰਿਕ ਕਦਰਾਂ ਕੀਮਤਾਂ ਦਾ ਗ਼ਲਬਾ ਹੈ। ਨਾਰੀਵਾਦ ਨੇ ਇਨ੍ਹਾਂ ਮਸਲਿਆਂ ਬਾਰੇ ਪੰਜਾਬੀ ਕਵਿੱਤਰੀਆਂ ਨੂੰ ਸੁਚੇਤ ਜ਼ਰੂਰ ਕੀਤਾ ਹੈ ਪਰ ਪੰਜਾਬੀ ਸੱਭਿਆਚਾਰ ਤੇ ਇਸ ਦਾ ਅਸਰ ਨਾਮਾਤਰ ਹੀ ਪਿਆ ਹੈ। ਇਨ੍ਹਾਂ ਮਸਲਿਆਂ ਬਾਰੇ ਮਰਦ ਕਵੀਆਂ ਨੇ ਘੱਟ ਅਤੇ ਕਵਿੱਤਰੀਆਂ ਨੇ ਬਹੁਤਾ ਲਿਖਿਆ ਹੈ ਜਿਨ੍ਹਾਂ ਵਿਚ ਸੁਰਜੀਤ ਕਲਸੀ ਦੀ ਦੇਣ ਮਹੱਤਵਪੂਰਨ ਹੈ।

ਹੱਵਾ ਜਨਮੀ ਸੀ ਤਾਂ ਉਸ ਦੇ/ ਧੜ ਉਤੇ ਚਿਹਰਾ ਮੌਜੂਦ ਸੀ/ ਸਮੇਂ ਦੀ ਦਲਦਲ ਵਿਚ/ ਉਸ ਦਾ ਚਿਹਰਾ ਗਵਾਚ ਗਿਆ/ ਸਦੀਆਂ ਤੱਕ ਲੱਭਦੀ ਰਹੀ ਆਪਣਾ ਚਿਹਰਾ/ ਆਪਣੀ ਸ਼ਨਾਖ਼ਤ। (ਸੁਰਜੀਤ ਕਲਸੀ)

ਖ਼ਾਵੰਦ ਬਨਣ ‘ਚ ਨਾ ਤੇਰਾ ਕਸੂਰ ਹੈ/ ਨਾ ਬੀਵੀ ਬਨਣ ‘ਚ ਮੇਰਾ/ਪਰ/ ਆ ਰਿਸ਼ਤਿਆਂ ਦਾ/ ਅਲਫ਼ ਬੇ ਮੁੜ ਕੇ ਪੜ੍ਹੀਏ/ ਤੇ ਇੱਕ ਦੂਜੇ ਦੇ/ ਰਿਮੋਟ ਕੰਟਰੋਲ ਬਨਣਾ ਬੰਦ ਕਰੀਏ। (ਜਸਵੀਰ)

ਸਭਿਆ ਦੇ ਵਿਚਕਾਰ/ ਸਭਿਆ ਤੋਂ ਪਰੇ/ ਮੈਂ ਫੇਰ ਪਰਤ ਆਈ ਹਾਂ/ ਰਿਸਤਿਆਂ ਦੀ ਕੈਦ ਦੇ/ ਚੱਕਰਵਿਊ ਤੋਂ ਮੁਕਤ ਹੋਣ ਲਈ/ ਉਂਝ ਤੂੰ ਤੇ ਮੈਂ/ ਦਮਯੰਤੀ ਰਿਸ਼ਤੇ ਦੀ ਅਰਥਪੂਰਣ ਕੜੀ ‘ਚ ਬੱਝੇ/ ਸੱਚ ਦੀ ਅਰਥਹੀਣਤਾ ਨੂੰ/ ਸਭਿਅਤਾ ਦੇ ਨਸ਼ੇ ਤੋਂ ਮੁਕਤ ਕਰ ਰਹੇ/ ਇੱਕ ਦੂਜੇ ਨਾਲ ਰਹਿ ਰਹੇ/ ਇੱਕ ਦੂਜ ਦੇ ਇੰਨੇ ਕੋਲ ਕੋਲ ਹਾਂ/ ਇੱਕ ਦੂਜੇ ਤੋਂ ਕਿੰਨੇ ਦੂਰ ਦੂਰ ਹਾਂ! (ਦੇਵਿੰਦਰ ਕੌਰ)

ਟ੍ਰਾਂਸ-ਭਾਸ਼ਾਈ ਪੰਜਾਬੀ ਸਾਹਿਤ (Trans-lingual Punjabi Poetry):

ਟ੍ਰਾਂਸ-ਭਾਸ਼ੀ ਪੰਜਾਬੀ ਸਹਿਤ ਤੋਂ ਮੁਰਾਦ ਹੈ, ਪੰਜਾਬੀ ਦਾ ਦੂਜੀਆਂ ਭਾਸ਼ਾਵਾਂ ਜਾਂ ਉਨ੍ਹਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਹੋਇਆ ਸਾਹਿਤ। ਦੇਸ ਕੇਵਲ ਬੋਲੀ ਦਾ ਹੁੰਦਾ ਹੈ, ਸਾਹਿਤ ਦਾ ਕੋਈ ਦੇਸ ਨਹੀਂ ਹੁੰਦਾ। ਸੱਭਿਆਚਾਰਕ ਹੱਦਾਂ ਨੂੰ ਪਾਰ ਕਰਨ ਲਈ ਸਾਹਿਤ ਅਹਿਮ ਰੋਲ ਨਿਭਾਉਂਦਾ ਹੈ ਜਿਸ ਰਾਹੀਂ ਲੇਖਕਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਨਾਲ ਸਾਂਝ ਪੈਂਦੀ ਹੈ। ਸਾਹਿਤ ਇੱਕ ਐਸਾ ਮਾਧਿਅਮ ਹੈ ਜਿਸ ਰਾਹੀਂ ਜਾਤੀ ਅਤੇ ਸਮੂਹਕ ਸੋਚ, ਬਗੈਰ ਕਿਸੇ ਪਾਸਪੋਰਟ ਜਾਂ ਵੀਜ਼ੇ ਤੋਂ, ਹੱਦਾਂ ਪਾਰ ਕਰ ਜਾਂਦੀ ਹੈ। ਆਮ ਦੇਖਿਆ ਗਿਆ ਹੈ ਕਿ ਉੱਨਤ ਭਾਸ਼ਾਵਾਂ (ਅੰਗ੍ਰੇਜ਼ੀ, ਫ੍ਰਾਂਸੀਸੀ, ਸਪੈਨਿਸ਼, ਅਟੈਲੀਅਨ) ਦੇ ਲੇਖਕ ਜਦ ਪਿੱਤਰੀ ਮੁਲਕ ਤੋਂ ਦੂਜੇ ਮੁਲਕ ਵਿਚ ਜਾਂਦੇ ਹਨ ਤਾਂ ਉਹ ਅਕਸਰ ਮਾਂ-ਬੋਲੀ ਦੇ ਨਾਲ ਨਾਲ ਦੂਜੀਆਂ ਭਾਸ਼ਾਵਾਂ ਵਿਚ ਵੀ ਲਿਖਦੇ ਹਨ। ਵਿਸ਼ਵ ਵਿਆਪੀ ਹੋਣ ਦੇ ਨਾਤੇ ਉਨ੍ਹਾਂ ਦੀ ਲਿਖਤ ਸਿੱਧੀ ਜਾਂ ਅਨੁਵਾਦ ਹੋ ਕੇ ਸਾਰੀ ਦੁਨੀਆਂ ਵਿਚ ਪੜ੍ਹੀ ਜਾਂਦੀ ਹੈ ਇਸ ਲਈ ਪਾਰ-ਰਾਸ਼ਟਰੀ ਸਮਾਜ ਉਸਾਰਨ ਵਿਚ ਯੋਗ ਸਿੱਧ ਹੁੰਦੀ ਹੈ।

ਆਮ ਦੇਖਣ ਵਿਚ ਆਇਆ ਕਿ ਜਦੋਂ ਪੰਜਾਬੀ ਲੇਖਕ ਕਦੀ ਅੰਗ੍ਰੇਜ਼ੀ ਲੇਖਕਾਂ ਨੂੰ ਮਿਲਦੇ ਹਨ ਤਾਂ ਆਪਣੀ ਗੱਲ ਬਾਤ ਦਾ ਮਾਧਿਅਮ ਅਕਸਰ ਅੰਗ੍ਰੇਜ਼ੀ ਹੀ ਰੱਖਦੇ ਹਨ ਇਸ ਲਈ ਆਪਣੀ ਕਵਿਤਾ ਜਾਂ ਹੋਰ ਰਚਨਾ ਨੂੰ ਮੁੱਖਧਾਰਾ ਦੇ ਲੇਖਕਾਂ ਨਾਲ ਸਾਂਝੀ ਕਰਨ ਲਈ ਇਸ ਦਾ ਅਨੁਵਾਦ ਹੋਣਾ ਜ਼ਰੂਰੀ ਹੈ। ਇਸ ਖੇਤਰ ਵਿਚ ਕੁਝ ਕੰਮ ਹੋਇਆ ਹੈ ਜਿਸ ਵਿਚ ਪੰਜਾਬੀ ਕਵੀਆਂ ਦੀਆਂ ਅੰਗ੍ਰੇਜ਼ੀ ਵਿਚ ਪੁਸਤਕਾਂ ਛਪੀਆਂ ਹਨ ਜਿਨ੍ਹਾਂ ਦੀ ਸੂਚੀ ਹੇਠ ਦਿੱਤੀ ਜਾ ਰਹੀ ਹੈ:

Ajaib Kamal, The Rebel Sound, 1968; Ravi, Ravinder, Restless Soul, 1980; Gill Darshan, Man And The Mirror, 1980; Kalsey, Surjeet, Speaking To The Winds, 1982; Rode, Ajmer, Blue Meditations, 1985; Kalsey, Surjeet, Foot Prints Of Silence, 1988; Kalsey, Surjeet, Sandscape, 1990; Rode, Ajmer, Poems At My Door Step, 1990; Binning, Sadhu, No More Watno Dur, 1994; Gill Moranwali, Quaterains, 2000; Rode, Ajmer, Selected Poems, 2003; Gurdial Kanwal, Door To The West; Sidhu, Gurumel, Shadows Of The Past, 2007; Johal, Balbir Singh, Autumn Flowers, 2007; Manjit Meet, Lamps Of Blood, 2007; Kalsey, Surjeet, In This Solitude, 2009; Amarjit Chandan, Sonata for Four Hands, 2010.

ਭਾਸ਼ਾ ਸੱਭਿਆਚਾਰ ਦੀ ਔਕਸੀਜਨ (O2) ਹੈ ਜਿਸ ਤੋਂ ਵਗੈਰ ਸੱਭਿਆਚਾਰ ਅਤੇ ਸਾਹਿਤ ਸਾਹ ਨਹੀਂ ਲੈ ਸਕਦੇ। ਇਸ ਲਈ ਪਾਰ-ਰਾਸ਼ਟਰੀ ਪੰਜਾਬੀ ਸੱਭਿਆਚਾਰ ਨੂੰ ਉਸਾਰਨ ਲਈ ਭਾਸ਼ਾ-ਸੱਭਿਆਚਾਰ-ਸਾਹਿਤ ਦੀ ਸੰਧੀ ਨੂੰ ਸਮਝਣਾ ਪਵੇਗਾ। ਖਾਸਾ ਕਰਕੇ ਭਾਸ਼ਾ ਦੀ ਵਿਆਕਰਣ ਅਤੇ ਸੱਭਿਆਚਾਰਕ ਸੰਬਾਦ ਦੇ ਸਮਰੂਪੀ (Isomorphic) ਪੈਟ੍ਰਨਜ਼ ਪੜਚੋਲਣੇ ਪੈਣਗੇ। ਅਲੰਕਾਰਕ ਤੌਰ ਤੇ ਇਹ ਪੈਟ੍ਰਨਜ਼ ਹਾਈਵੇਜ਼ ਜਾਂ ਮੋਟਰਵੇਜ਼ ਵਾਂਗ ਹਨ ਜਿਨ੍ਹਾਂ ਰਾਹੀਂ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਅਦਾਨ ਪਰਦਾਨ ਹੁੰਦਾ ਹੈ।
***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 9 ਅਗਸਤ 2010)
(ਦੂਜੀ ਵਾਰ 8 ਦਸੰਬਰ 2021)

***
535
***

About the author

ਡਾ. ਗੁਰੂਮੇਲ ਸਿੱਧੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰੂਮੇਲ ਸਿੱਧੂ

View all posts by ਡਾ. ਗੁਰੂਮੇਲ ਸਿੱਧੂ →