24 April 2024

ਡਾਰਵਿਨ ਦਾ ਵਿਕਾਸਵਾਦ – ਦਲਜੀਤ ਸਿੰਘ, ਐਡਮੰਟਿਨ

ਡਾਰਵਿਨ ਦਾ ਵਿਕਾਸਵਾਦ – ਦਲਜੀਤ ਸਿੰਘ, ਐਡਮੰਟਿਨ

ਡਾਰਵਿਨ ਦੀ ਕਿਤਾਬ ‘ਆਰਿਜਨ ਆਫ ਸਪੀਸ਼ੀਜ਼’ ਵਿਕਾਸਵਾਦ/ਐਵੋਲਿਊਸ਼ਨ ਦਾ ਸਿਧਾਂਤ ਪੇਸ਼ ਕਰਦੀ ਹੈ। ਡਾਰਵਿਨ ਦਾ ਇਹ ਬੌਧਿਕ (ਬੁੱਧੀਮਾਨ) ਇਨਕਲਾਬੀ ਵਿਚਾਰ ਸੀ। ਇਸ ਸਿਧਾਂਤ ਨੇ ਰਚਨਾਵਾਦੀਆਂ ਦੇ ਵਿਚਾਰਾਂ ਦਾ ਅਧਾਰ ਹੀ ਹਿਲਾ ਦਿੱਤਾ। ਜਿੱਥੇ ‘ਆਰਿਜਨ ਆਫ ਸਪੀਸ਼ੀਜ਼’ ਵਿੱਚ ਡਾਰਵਿਨ ਉਪ-ਨਸਲਾਂ ਦੀ ਉਤਪਤੀ ਵਿਕਾਸਵਾਦ/ਐਵੋਲਿਊਸ਼ਨ ਦੁਆਰਾ ਹੋਈ ਦਰਸਾਉਂਦਾ ਹੈ, ਓਥੇ ਰਚਨਾਵਾਦੀਆਂ ਦਾ ਸੰਕਲਪ ਹੈ ਕਿ ਉਪ-ਨਸਲਾਂ ਰੱਬ ਨੇ ਏਸੇ ਤਰ੍ਹਾਂ ਇੰਨ-ਬਿੰਨ ਉਤਪੰਨ ਕੀਤੀਆਂ ਹਨ। ਰਚਨਾਵਾਦੀਆਂ ਵੱਲੋਂ ਸਮਝੀ ਜਾਂਦੀ ਰੱਬ ਦੀ ਸਰਬ-ਸ੍ਰੇਸ਼ਠ ਮਨੁੱਖੀ ਨਸਲ ਨੂੰ ਡਾਰਵਿਨ ਨੇ ਪਸ਼ੂਆਂ ਦੀ ਨਸਲ ਵਿੱਚ ਲਿਆ ਖੜ੍ਹਾ ਕੀਤਾ ਹੈ। ਡਾਰਵਿਨ ਅਨੁਸਾਰ ਮਨੁੱਖ ਦੀ ਉਤਪਤੀ ਦਾ ਉੱਤਰ-ਵਿਕਾਸ ਵਿਕਾਸਵਾਦ ਦੇ ਸਿਧਾਂਤ ਅਨੁਸਾਰ ਕਿਸੇ ਪਸ਼ੂ ਜਾਤੀ ਤੋਂ ਹੋਇਆ ਹੈ। ਮਨੁੱਖ ਦੇ ਮਾਨਸਿਕ ਅਤੇ ਸਰੀਰਕ ਲੱਛਣ ਬਾਂਦਰ ਜਾਤੀ ਦੇ ਲੱਛਣਾ ਨਾਲ ਸਮਾਨਤਾ ਰੱਖਦੇ ਹਨ। ਫ਼ਰਕ ਹੈ ਤਾਂ ਸਿਰਫ਼ ਵਿਕਾਸ ਦੀ ਮਾਤਰਾ ਵਿੱਚ ਹੈ, ਮੂਲ ਵਿੱਚ ਨਹੀਂ।

ਜੇ.ਡਬਲੀਊ. ਬਰੋ ਲਿਖਦਾ ਹੈ ਕਿ ਕ੍ਰਿਸਚੀਅਨ ਸੰਨ ਸ਼ੁਰੂ ਹੋਣ ਦੇ ਸਮੇਂ ਤੋਂ ਲੈ ਕੇ ਸੰਸਾਰ ਵਿੱਚ ਤਿੰਨ ਗੰਭੀਰ ਬੌਧਿਕ ਉਥਲਾਂ-ਪੁਥਲਾਂ ਵਾਪਰੀਆਂ। ਲੱਗਦਾ ਹੈ ਕਿ ਉਹਨਾਂ ਨੇ ਮਾਨਤਾ ਪ੍ਰਾਪਤ ਸੰਕਲਪਾਂ ਦੇ ਸਾਰੇ ਢਾਂਚੇ ਨੂੰ ਜੜ੍ਹੋਂ ਹਿਲਾ ਦਿੱਤਾ:

  1. ਪਹਿਲੀ ਉਥਲ-ਪੁਥਲ ਓਦੋਂ ਹੋਈ ਜਦੋਂ ਬਾਰ੍ਹਵੀਂ ਸਦੀ ਅਤੇ ਤੇਰ੍ਹਵੀਂ ਸਦੀ ਵਿੱਚ ਅਰਿਸਟੋਟਲ ਦਰਸ਼ਨ ਦੀ ਪੁਨਰ-ਖੋਜ ਕੀਤੀ ਗਈ। ਅਰਿਸਟੋਟਲ ਦਰਸ਼ਨ ਨੂੰ ਮੁੱਢ ਤੋਂ ਫਿਰ ਵਿਚਾਰਿਆ ਗਿਆ। ਇਹ ਖੋਜ ਮੱਧ ਕਾਲੀਨ ਕ੍ਰਿਸਚੀਅਨ ਵਿਚਾਰ ਸੀ। ਇਸ ਵਿਚਾਰ ਵਿੱਚ ਬੌਧਿਕ ਤਕਨੀਕ ਅਤੇ ਗਿਆਨ ਦਾ ਢਾਂਚਾ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਉਚਿਤ ਸੀ। ਇਸ ਵਿੱਚ ਸਿਧਾਂਤ ਸੀ ਅਤੇ ਇਸ ਨੂੰ ਵਿਧੀਬੱਧ ਵਿਚਾਰਿਆ ਗਿਆ ਜਿਸ ਵਿੱਚ ਪਰਮਾਣਿਤ ਬੌਧਿਕ ਰਵਾਇਤ ਪੇਸ਼ ਕੀਤੀ ਗਈ। ਵੱਡੀ ਗੱਲ ਇਹ ਸੀ ਕਿ ਇਸ ਵਿਚਾਰ ਵਿੱਚੋਂ ਕ੍ਰਿਸਚੀਅਨ ਰਹੱਸ ਲੋਪ ਸੀ।
  2.  ਦੂਜੀ ਉਥਲ-ਪੁਥਲ ਸੀ: ਸੋਲ੍ਹਵੀਂ ਅਤੇ ਸਤਾਰ੍ਹਵੀਂ ਸਦੀਆਂ ਦਾ ਵਿਗਿਆਨਿਕ ਇਨਕਲਾਬ। ਇਸ ਨੇ ਧਰਤੀ ਨੂੰ ਵਿਸ਼ਵ ਦੇ ਕੇਂਦਰੀ ਬਿੰਦੂ ਤੋਂ ਹਿਲਾ ਦਿੱਤਾ ਅਤੇ ਪਦਾਰਥ/ਮਾਦਾ ਦੇ ਅਧਿਐਨ ਵਿੱਚ ਖੋਜ ਦੇ ਆਦਰਸ਼ ਸਥਾਪਿਤ ਕਰ ਦਿੱਤੇ ਜਿਸ ਨੇ ਕਾਰਨ ਅਤੇ ਸਿੱਟੇ ਦੀਆਂ ਬਾਕਾਇਦਾ ਕੜੀਆਂ ਮਿਥ ਦਿੱਤੀਆਂ। ਇਸ ਨੇ ਵਿੱਚ-ਵਿਚਾਲੇ ਕਿਸੇ ਦੇਵਤੇ ਦੇ ਚਮਤਕਾਰ ਦੀ ਦਖ਼ਲ ਅੰਦਾਜ਼ੀ ਲਈ ਉੱਕਾ ਹੀ ਕੋਈ ਥਾਂ ਨਾ ਛੱਡੀ।
  3. ਤੀਜੀ ਉਥਲ-ਪੁਥਲ ਸੀ: ਉਨ੍ਹੀਵੀਂ ਸਦੀ ਵਿੱਚ ਮਨੁੱਖ ਦੀ ਉਤਪਤੀ ਦਾ ਵਿਚਾਰ ਅਤੇ ਪ੍ਰਕਿਰਤਕ ਜਗਤ ਵਿੱਚ ਉਸ ਦੇ ਸਥਾਨ ਦੀ ਸਥਾਪਨਾ। ਡਾਰਵਿਨ ਦਾ ਇਹ ਸਿਧਾਂਤ ਇਨਕਲਾਬੀ ਲੱਛਣ ਰੱਖਦਾ ਸੀ। ਉਸ ਨੇ ਜੀਵ ਦੇ ਹੋਂਦ ਦੇ ਘੋਲ਼ ਵਿੱਚ ਕੁਦਰਤੀ ਪਰਿਵਰਤਨਾਂ ਦੀ ਚੋਣ ਦੁਆਰਾ ‘ਵਿਕਾਸਵਾਦ’ ਦਾ ਸਿਧਾਂਤ ਲਿਆਂਦਾ।

ਡਾਰਵਿਨ ਦੀ ਕਿਰਤ ‘ਆਰਿਜਿਨ ਆਫ ਸਪੀਸ਼ੀਜ਼’ (ਉਪ-ਨਸਲਾਂ ਦੀ ਉਤਪਤੀ) ਵਿਗਿਆਨਿਕ ਕਲਪਨਾ ਦੀ ਇਨਕਲਾਬੀ ਕਿਰਤ ਹੈ।

ਲੰਮੇ ਸਮੇਂ ਤੋਂ ਬਨਸਪਤੀ ਵਿੱਚ ਘੋਲ਼ ਚੱਲਦਾ ਆ ਰਿਹਾ ਹੈ। ਦਰਖ਼ਤ ਹਰ ਸਾਲ ਆਪਣੀ ਸੰਤਾਨ ਵਧਾਉਣ ਲਈ ਹਜ਼ਾਰਾਂ-ਲੱਖਾਂ ਬੀਜ ਖਿਲਾਰਦੇ ਹਨ। ਕੀੜੇ-ਮਕੌੜੇ, ਪਸ਼ੂ-ਪੰਛੀ ਵੀ ਆਪਣੀ ਔਲਾਦ ਦੇ ਵਾਧੇ ਲਈ ਘੋਲ ਕਰਦੇ ਇਹਨਾਂ ਬੀਜਾਂ ਨੂੰ ਭੋਜਨ ਬਣਾਉਂਦੇ ਹਨ, ਦਰਖ਼ਤਾਂ ਦੇ ਫਲ਼-ਫੁੱਲ, ਪੱਤੇ-ਟਾਹਣੀਆਂ ਆਦਿ ਖਾਂਦੇ ਹਨ। ਦੂਜੇ ਜਾਨਵਰ ਅਤੇ ਪਸ਼ੂ ਇੱਕ-ਦੂਜੇ ਦਾ ਸ਼ਿਕਾਰ ਕਰਕੇ ਆਪਣੇ ਖਾਣੇ ਦੀ ਪੂਰਤੀ ਕਰਦੇ ਘੋਲ਼ ਕਰਦੇ ਹਨ। ਬਨਸਪਤੀ ਆਪਣਾ ਵਾਧਾ ਵਧਾਉਣ ਦੇ ਘੋਲ਼ ਵਿੱਚ ਲੱਗੀ ਰਹਿੰਦੀ ਹੈ। ਮਨੁੱਖ ਦਰਖ਼ਤਾਂ ਨੂੰ ਵੱਢਦਾ ਹੈ ਅਤੇ ਹੋਰ ਉਗਾਉਂਦਾ ਹੈ। ਇਸ ਤਰ੍ਹਾਂ ਸੈਂਕੜੇ-ਲੱਖਾਂ ਸਾਲਾਂ ਤੋਂ ਘੋਲ਼ ਜਾਰੀ ਹੈ। ਜੰਗ ਹੋ ਰਹੀ ਹੈ। ਕੌਣ ਜਿਉਂਦਾ ਹੈ, ਕੌਣ ਮਰਦਾ ਹੈ? ਕੁਦਰਤੀ ਚੋਣ ਦੇ ਹੱਥ।

ਗਿਲਬਰਟ ਵ੍ਹਾਈਟ ਆਫ ਸੈਲਬੋਰਨ ਲਿਖਦਾ ਹੈ ਕਿ ਡਾਰਵਿਨ ਨੇ ਪੰਛੀਆਂ ਨੂੰ ਗਹੁ ਨਾਲ ਦੇਖਿਆ ਅਤੇ ਉਹਨਾਂ ਨੂੰ ਫੜਿਆ। ਉਸ ਨੇ ਬੀਂਡੇ ਇਕੱਠੇ ਕੀਤੇ ਅਤੇ ਕਬੂਤਰਾਂ ਨੂੰ ਚੋਗਾ ਦਿੱਤਾ। ਉਹ ਜੰਗਲਾਂ ਵਿੱਚ ਖੋਜ ਦੀ ਧੁਨ ਵਿੱਚ ਨਸ਼ਈ ਹੋਇਆ ਘੁੰਮਦਾ ਰਿਹਾ। ਉਸ ਨੇ ਬੀਗਲ ਦੇ ਜੱਲ-ਸਫ਼ਰ ਵਿੱਚ ਪ੍ਰਕਿਰਤਕ ਖੋਜ ਲਈ ਪੰਜ ਸਾਲ ਤੋਂ ਵੱਧ ਗੁਜ਼ਾਰੇ। ਦੱਖਣੀ ਅਮਰੀਕਾ ਦੀ ਧਰਤੀ ਬਾਰੇ ਡੂੰਘੀ ਖੋਜ ਕੀਤੀ। ਉਸ ਦੀ ‘ਆਰਿਜਨ ਆਫ ਸਪੀਸ਼ੀਜ਼’ ਕਿਤਾਬ ਜੀਵ ਵਿਗਿਆਨ ਦਾ ਇੱਕ ਵਿਸ਼ਾਲ ਦ੍ਰਿਸ਼ ਪੇਸ਼ ਕਰਦੀ ਹੈ। ਉਹ ਵਗਿਆਨੀ ਬਣਨ ਤੋਂ ਪਹਿਲਾਂ, ਕੁਦਰਤ ਦਾ ਆਸ਼ਕ ਸੀ। ਇਸ ਕਿਤਾਬ ਨੇ ਰੱਬ ਬਾਰੇ ਅਤੇ ਮਨੁੱਖੀ ਨਸਲ ਬਾਰੇ ਵਿਚਾਰ ਬਿਲਕੁਲ ਬਦਲ ਦਿੱਤੇ। ਟੀ.ਐੱਚ ਹਕਸਲੇ ਲਿਖਦਾ ਹੈ ਕਿ ‘ਆਰਿਜਿਨ ਆਫ ਸਪੀਸ਼ੀਜ਼’ ਪੜ੍ਹ ਕੇ ਬੜੀ ਬੇਵਕੂਫ਼ੀ ਮਹਿਸੂਸ ਹੁੰਦੀ ਹੈ ਕਿ ਇਹ ਵਿਚਾਰ ਪਹਿਲਾਂ ਕਿਉਂ ਨਾ ਅਹੁੜਿਆ?’

ਡਾਰਵਿਨ ਨੇ ਅਤੀ ਸੰਵੇਦਨਸ਼ੀਲ ਵਿਸ਼ੇ ਨੂੰ ਹੱਥ ਪਾਇਆ ਜਿਹੜਾ ਉਸ ਦੇ ਸਮਕਾਲੀ ਦਾਰਸ਼ਨਿਕਾਂ ਦਾ ਮਨ ਭਾਉਂਦਾ ਵਿਸ਼ਾ ਸੀ: ਬਾਈਬਲ ਦਾ ਸੱਚ: ਪ੍ਰਕਿਰਤਕ ਜੱਗਤ ਵਿੱਚ ਰੱਬ ਦੀ ਹੁਕਮਰਾਨੀ; ਮਨੁੱਖੀ ਨਸਲ ਦੀ ਸਰਬ-ਸ੍ਰੇਸ਼ਠਤਾ ਅਤੇ ਰਚਨਾ ਦਾ ਮੂਲ ਮਨੋਰਥ।

ਡਾਰਵਿਨ ਦੇ ਇਨਕਲਾਬੀ ਵਿਚਾਰ ਨੂੰ ਸਮਝਣ ਲਈ ਉਨ੍ਹੀਵੀਂ ਸਦੀ ਦੇ ਬੌਧਿਕ ਮਾਹੌਲ ਨੂੰ ਸਮਝਣਾ ਜ਼ਰੂਰੀ ਹੈ। ਉਸ ਸਮੇਂ ਰੱਬ ਇੱਕ ਜ਼ਰੂਰੀ ਪਰਿਕਲਪਨਾ ਸਮਝੀ ਜਾਂਦੀ ਸੀ। ਉਹ ਪੂਰੇ ਬ੍ਰਹਿਮੰਡ ਦਾ ਮਾਲਿਕ ਜਾਣਿਆ ਜਾਂਦਾ ਸੀ। ਉਸ ਨੂੰ ਕੁੱਲ ਕਾਇਨਾਤ ਦਾ ਸਿਰਜਣਹਾਰ ਅਤੇ ਪਾਲਣਹਾਰ ਦਾ ਦਰਜਾ ਪ੍ਰਾਪਤ ਸੀ। ਉਹ ਸਰਬਸ਼ਕਤੀਮਾਨ ਸੀ। ਉਹ ਸਭ ਜੀਵਾਂ ਨੂੰ ਭੋਜਨ ਦੇਣ ਵਾਲਾ ਬਾਪ ਸੀ। ਉਹ ਦਿਆਲੂ ਸੀ, ਕਿਰਪਾਲੂ ਸੀ। ਇਹ ਵਿਸ਼ਵਾਸ ਸੀ ਕਿ ਹਰੇਕ ਉਪਨਸਲ ਉਸ ਦੀ ਰਚਨਾ ਹੈ।

ਉਨ੍ਹੀਵੀਂ ਸਦੀ ਦੇ ਇਸਾਈ ਮਤ ਨੂੰ ‘ਰੈਸ਼ਨਲ ਕ੍ਰਿਸਚੈਨਿਟੀ’ (ਤਰਕਸ਼ੀਲ ਇਸਾਈ ਮਤ) ਮੰਨਿਆ ਜਾਂਦਾ ਸੀ। ਇਹ ਸਤ੍ਹਾਰਵੀਂ ਸਦੀ ਦੇ ਵਿਗਿਆਨਕ ਉਭਾਰ ਨਾਲ ਸਮਝੋਤਾ ਕਰਦਾ ਹੈ। ਸਰ ਆਈਜ਼ਕ ਨਿਊਟਨ ਅਨੁਸਾਰ ਵਿਗਿਆਨ ਅਤੇ ਮਜ਼੍ਹਬ ਜੁਗਤੀਬੱਧ, ਇਕਸੁਰ ਸ੍ਰਿਸ਼ਟੀ ਵਿੱਚ ਇਕੱਠੇ ਸੁਰਮੇਲ ਨਾਲ ਰਹਿੰਦੇ ਹਨ।

ਅਠਾਰ੍ਹਵੀਂ ਸਦੀ ਦੇ ਅਖ਼ੀਰ ਅਤੇ ਉਨ੍ਹੀਵੀਂ ਸਦੀ ਦੇ ਮੁੱਢ ਵਿੱਚ ਕੁਦਰਤ ਦੀ ਮਾਨਤਾ ਵੱਧ ਗਈ ਅਤੇ ਅਧਿਆਤਮਵਾਦ ਪਿੱਛੋਕੜ ਵਿੱਚ ਰਹਿ ਗਿਆ। ਰੱਬ ਦੀ ਥਾਂ ’ਤੇ ਕੁਦਰਤ ਅਧਾਰ ਬਣ ਗਈ। ਕੁਦਰਤ ਦੀ ਖੋਜ ਇਸ ਦੇ ਰਚਣਹਾਰ ਦੀ ਮਾਨਸਿਕਤਾ ਦੀ ਖੋਜ ਬਣ ਗਈ। ਰੱਬ ਰਹੱਸਵਾਦ ਦੁਆਰਾ ਨਹੀਂ ਖੋਜਿਆ ਜਾਂਦਾ ਸੀ। ਉਨ੍ਹੀਵੀਂ ਸਦੀ ਦੇ ਮੱਧ ਤੱਕ ਲੋਕਾਂ ਵਿੱਚ ਪ੍ਰਕਿਰਤਕ ਇਤਿਹਾਸ ਜਾਣਨ ਦੀ ਇੱਛਾ ਬਲਵਾਨ ਹੋ ਗਈ। ਜਦੋਂ ਸੰਨ 1859 ਵਿੱਚ ਡਾਰਵਿਨ ਦੀ ਕਿਤਾਬ, ‘ਆਰਿਜਨ ਆਫ ਸਪੀਸ਼ੀਜ਼’ ਪ੍ਰਕਾਸ਼ਤ ਹੋਈ ਤਾਂ ਇਸ ਦੇ ਤਿੰਨ ਐਡੀਸ਼ਨ ਧੜਾ-ਧੜ ਵਿਕ ਗਏ। ਲੋਕ ਉਪਨਸਲਾਂ, ਬਨਸਪਤੀ ਜੀਵਨ, ਫਾਸਿਲਾਂ (ਪਥਰਾਟੀ/ਪ੍ਰਾਚੀਨ ਕਾਲ ਦੀ ਕੋਈ ਚੀਜ਼, ਪਿੰਜਰ ਆਦਿ ਪੱਥਰ ਬਣੀ ਹੋਈ), ਪਸ਼ੂਆਂ ਦੇ ਵਰਤਾਅ ਦੀ ਪ੍ਰਕਿਰਤੀ ਅਤੇ ਚੋਣ ਕੀਤੀ ਹੋਈ ਨਸਲ ਦੇ ਪ੍ਰਭਾਵ ਜਾਣਨ ਦੇ ਚਾਹਵਾਨ ਹੋ ਗਏ। ਕ੍ਰਿਸਚੀਅਨ ਗਾਡ ਨੂੰ ਅਕਸਰ ਵਿਗਿਆਨਿਕ ਅਧਾਰ ਉੱਤੇ ਨਹੀਂ ਬਲਕਿ ਮਨੁੱਖਤਾ ਦੇ ਅਧਾਰ ਉੱਤੇ ਸ਼ੰਕਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ ਜਾਂ ਅਸਵੀਕਾਰ ਕੀਤਾ ਜਾਂਦਾ ਸੀ।

ਜੀਵ ਵਿਗਿਆਨ ਵਿੱਚ ਵਿਕਾਸਵਾਦ/ਐਵੋਲਿਊਸ਼ਨ ਡਾਰਵਿਨ ਤੋਂ ਪਹਿਲਾਂ ਹੀ ਇੱਕ ਪੁਰਾਣਾ ਸਿਧਾਂਤ ਸੀ ਜਿਸ ਨੂੰ ਸੰਦੇਹੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਡਾਰਵਿਨ ਨੇ ਵੀ ‘ਆਰਿਜਿਨ ਆਫ ਸਪੀਸ਼ੀਜ਼’ ਵਿੱਚ ਆਪਣੇ ਪੂਰਵ ਦਾਰਸ਼ਨਿਕਾਂ ਦੇ ਤੀਹ ਕੁ ਨਾਂ ਦਿੱਤੇ ਹਨ। ਯੂਨਾਨੀ ਦਾਰਸ਼ਨਿਕ ਵੀ ਇਹ ਵਿਚਾਰ ਰੱਖਦੇ ਸਨ ਕਿ ਜੀਵਨ ਦਾ ਵਿਕਾਸ ਧੀਮੀ ਗਤੀ ਨਾਲ ਕਿਸੇ ਆਦਿ ਕਾਲੀਨ ਦੇ ਚਿਪਚਿਪੇ ਪਦਾਰਥ ਤੋਂ ਹੋਇਆ ਹੈ। ਅਠਾਰ੍ਹਵੀਂ ਸਦੀ ਵਿੱਚ ਡਾਈਡਰਾਟ, ਬੁਫੋਨ ਅਤੇ ਮਾਪਰਟੁਇਸ ਵਿਕਾਸਵਾਦੀ ਵਿਚਾਰ ਰੱਖਦੇ ਸਨ। ਬੁਫੋਨ ਆਧੁਨਿਕ ਕਾਲ ਦਾ ਪਹਿਲਾ ਵਿਗਿਆਨੀ ਸੀ ਜਿਸ ਨੇ ਇਸ ਸਿਧਾਂਤ ਨੂੰ ਵਿਗਿਆਨਿਕ ਢੰਗ ਨਾਲ ਵਿਚਾਰਿਆ। ਡਾਰਵਿਨ ਦਾ ਆਪਣਾ ਦਾਦਾ ਇਰੈਸਮਸ ਵਿਕਾਸਵਾਦੀ ਵਿਚਾਰਾਂ ਦਾ ਮੁਦਈ ਸੀ।

ਡਾਰਵਿਨ ਤੋਂ ਪਹਿਲਾਂ ਦੇ ਵਿਕਾਸਵਾਦੀ ਸਿਧਾਂਤਾਂ ਪ੍ਰਤੀ ਇਹ ਵੱਡੇ ਇਤਰਾਜ਼ ਸਨ ਕਿ ਉਹਨਾਂ ਦਾ ਅਧਾਰ ਅੰਸ਼ਕ ਤੌਰ ’ਤੇ ਛੋਟੇ ਭੁਗੋਲਿਕ ਖਿਲਾਰ ਦੀ ਧਾਰਨਾ ਉੱਤੇ ਹੈ ਜਿਹੜਾ ਹੌਲੀ-ਹੌਲੀ ਵਿਕਾਸ ਦੀ ਪ੍ਰਕਿਰਿਆ ਲਈ ਸਮਾਂ ਨਹੀਂ ਦਿੰਦਾ। ਕੁਝ ਇਹ ਸੀ ਕਿ ਸਿਧਾਂਤ ਪ੍ਰਤੀ ਪ੍ਰਕਿਰਿਆ ਦੀ ਵਿਆਖਿਆ ਕਾਲਪਨਿਕ ਸੀ ਅਤੇ ਉਲਝਾਊ ਸੀ।

ਜੇ.ਬੀ ਲੈਮਾਰਕ ਦੀ ‘ਫਿਲਾਸਫੀ ਜ਼ੂਆਲੋਜੀਕ’ 1801, 1809 ਅਤੇ 1815 ਵਿੱਚ ਤਿੰਨ ਵਾਰ ਪ੍ਰਕਾਸ਼ਤ ਹੋਈ। ਇਹ ਪਹਿਲਾ ਵਿਗਿਆਨੀ ਸੀ ਜਿਸ ਦੇ ਇਸ ਵਿਸ਼ੇ ’ਤੇ ਕੱਢੇ ਸਿੱਟਿਆਂ ਨੇ ਵਿਦਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸ ਨੇ ਵਿਚਾਰ ਪੇਸ਼ ਕੀਤਾ ਕਿ ਜ਼ਿਆਦਾ ਸੰਭਵ ਹੈ ਕਿ ਜੀਵ ਜਗਤ ਵਿੱਚ ਸਾਰੀਆਂ ਤਬਦੀਲੀਆਂ ਕਿਸੇ ਨੇਮ ਕਾਰਨ ਹੋਈਆਂ ਹਨ ਅਤੇ ਵਿੱਚ-ਵਿਚਾਲੇ ਕੋਈ ਚਮਤਕਾਰ ਨਹੀਂ ਹੈ। ਉਸ ਦੇ ਵਿਚਾਰ ਦਾ ਸਿੱਟਾ ਸੀ ਕਿ ਉਪਨਸਲਾਂ ਵਿੱਚ ਤਬਦੀਲੀ ਧੀਮੀ ਗਤੀ ਨਾਲ ਹੋਈ ਹੈ। ਸੁਧਾਈ ਦਾ ਕਾਰਨ ਜੀਵਨ ਦੇ ਸਰੀਰਕ ਹਾਲਾਤ ਦੇ ਸਿੱਧੇ ਅਮਲ ਨਾਲ ਹੈ। ਕੁਝ ਤਬਦੀਲੀਆਂ ਨੂੰ ਉਸ ਨੇ ਪਹਿਲਾਂ ਦੀਆਂ ਹੋਂਦ ਦੀਆਂ ਸ਼ਕਲਾਂ ਨਾਲ ਕਰਾਸਿੰਗ (ਦੋਗਲੇਪਣ, ਪਿਓਂਦ) ਹੋਣ ਦੇ ਕਾਰਨ ਨਾਲ ਜੋੜਿਆ। ਕਈ ਤਬਦੀਲੀਆਂ ਵਰਤੋਂ ਅਤੇ ਨਾ ਵਰਤੋਂ ਕਰਨ ਦੀ ਆਦਤ ਕਾਰਨ ਹੋਈਆਂ। ਉਹ ਉਹਨਾਂ ਸਾਰੀਆਂ ਤਬਦੀਲੀਆਂ ਨੂੰ ਕੁਦਰਤ ਵਿੱਚ ਢਲਣ ਦੀ ਪ੍ਰਕਿਰਿਆ ਦਾ ਸਿੱਟਾ ਕਹਿੰਦਾ ਹੈ।

ਆਨਰੇਬਲ ਅਤੇ ਰੈਵਰਡ ਡਬਲੀਊ. ਹਰਬਰਟ ਆਪਣੀਆਂ ਕਿਰਤਾਂ ‘ਹਾਰਟੀਕਲਚਰ ਟ੍ਰਾਂਜ਼ੈਕਸ਼ੰਜ਼’ 1812 ਅਤੇ ‘ਐਮਰਾਈਲੀਡੈਸੀ’ (ਡੈਫੋਡਿਲਜ਼ ਵਰਗੇ ਫੁੱਲਾਂ ਦਾ ਪਰਵਾਰ) 1837 ਵਿੱਚ ਵਿਚਾਰ ਦਿੰਦਾ ਹੈ ਕਿ ਹਰੇਕ ਜਾਤੀ ਦੀ ਉਪਨਸਲ ਮੁੱਢ ਵਿੱਚ ਬਹੁਤ ਜ਼ਿਆਦਾ ਲਚਕਦਾਰ ਹਾਲਾਤ ਵਿੱਚ ਉਤਪੰਨ ਕੀਤੀ ਗਈ ਅਤੇ ਇਹ ਹੋਈਆਂ ਵੀ ਪਿਓਂਦ/ਕਰਾਸਿੰਗ ਰਾਹੀਂ। ਏਸੇ ਤਰ੍ਹਾਂ ਸਾਡੀਆਂ ਸਾਰੀਆਂ ਮੌਜੂਦਾ ਉਪਨਸਲਾਂ ਫ਼ਰਕ ਰੱਖਦੀਆਂ ਪੈਦਾ ਕੀਤੀਆਂ ਗਈਆਂ।

1826 ਵਿੱਚ ਪ੍ਰੋਫੈਸਰ ਗਰਾਂਟ ਨੇ ਆਪਣੇ ਇੱਕ ਪਰਚੇ ਵਿੱਚ ਵਿਚਾਰ ਪੇਸ਼ ਕੀਤਾ ਕਿ ਉਪਨਸਲਾਂ ਕਿਸੇ ਹੋਰ ਉਪਨਸਲਾਂ ਦੀਆਂ ਉੱਤਰ-ਸੰਤਾਨ ਹਨ ਅਤੇ ਉਹਨਾਂ ਦੀ ਸੁਧਾਈ ਦੇ ਅਮਲ ਨਾਲ ਉਨਤੀ ਹੋਈ ਹੈ।

ਏਸੇ ਤਰ੍ਹਾਂ ਮਿਸਟਰ ਮੈਥੀਊ ਨੇ 1826 ਵਿੱਚ, ਭੂ ਵਿਗਿਆਨੀ ਅਤੇ ਪ੍ਰਕਿਰਤੀਵਾਦੀ ਵੌਨ ਬੁਚ ਨੇ 1836 ਵਿੱਚ, ਰਫਾਈਨੈਸਕ ਨੇ 1836 ਵਿੱਚ, ਪ੍ਰਸਿੱਧ ਭੂਗੋਲ ਵਿਗਿਆਨੀ ਐੱਮ.ਜੇ.ਡੀ’ਓਮਾਲੀਅਸ ਨੇ 1831 ਵਿੱਚ, ਆਪਣੀਆਂ ਲਿਖਤਾਂ ਵਿੱਚ ਉਪਨਸਲਾਂ ਦੀ ਤਬਦੀਲੀ ਬਾਰੇ ਅਜਿਹੇ ਹੀ ਵਿਚਾਰ ਦਿੱਤੇ।

1851 ਵਿੱਚ ਡਾ. ਫਰੇਕ ਨੇ ਆਪਣਾ ਸਿਧਾਂਤ ਦਿੱਤਾ ਕਿ ਸਾਰੇ ਜੀਵ ਕਿਸੇ ਕਦੀਮ ਕਾਲ ਦੀ ਸ਼ਕਲ ਤੋਂ ਉੱਤਰ-ਉਤਪੰਨ ਹੋਏ ਹਨ।

ਮਿਸਟਰ ਹਰਬਰਟ ਸਪੈਨਸਰ ਨੇ 1858 ਵਿੱਚ ਆਪਣੇ ਲੇਖ ਵਿੱਚ ਜੀਵਾਂ ਦੀ ਰਚਨਾ ਅਤੇ ਵਿਕਾਸ ਦੇ ਸਿਧਾਂਤਾਂ ਦੇ ਅੰਤਰਾਂ ਬਾਰੇ ਬੜੀ ਸਿਆਣਪ ਨਾਲ ਲਿਖਿਆ। ਉਸ ਨੇ ਪਾਲਤੂ ਉਪਜਾਂ ਦੀ ਸਮਰੂਪਤਾ ਬਾਰੇ, ਬਹੁਤ ਸਾਰੀਆਂ ਉਪਨਸਲਾਂ ਦੇ ਭਰੂਨਾਂ ਦੀਆਂ ਤਬਦੀਲੀਆਂ ਬਾਰੇ, ਉਪਨਸਲਾਂ ਅਤੇ ਰੰਗ-ਬਰੰਗੀਆਂ ਕਿਸਮਾਂ ਬਾਰੇ, ਆਮ ਦਰਜਾਬੰਦੀ ਦੇ ਸਿਧਾਂਤ ਬਾਰੇ, ਦਲੀਲਾਂ ਦਿੱਤੀਆਂ ਕਿ ਉਪਨਸਲਾਂ ਦੀ ਸੁਧਾਈ ਹੋਈ। ਉਸ ਨੇ ਸੁਧਾਈ ਨੂੰ ਹਾਲਾਤ ਦੀ ਤਬਦੀਲੀ ਨਾਲ ਜੋੜਿਆ।

1852 ਵਿੱਚ ਇੱਕ ਮਸ਼ਹੂਰ ਬਨਸਪਤੀ ਵਿਗਿਆਨੀ ਐੱਮ. ਨੌਦੀਨ ਨੇ ਆਪਣੇ ਸ਼ਲਾਘਾਯੋਗ ਪਰਚੇ ਵਿੱਚ ਲਿਖਿਆ ਕਿ ਉਪਨਸਲਾਂ ਸਮਰੂਪ ਵਿੱਚ ਓਸੇ ਤਰ੍ਹਾਂ ਪੈਦਾ ਹੋਈਆਂ ਜਿਵੇਂ ਖੇਤੀ ਵਿੱਚ ਕਈ ਤਰ੍ਹਾਂ ਦੀਆਂ ਸਮਰੂਪ ਕਿਸਮਾਂ ਪੈਦਾ ਕੀਤੀਆਂ ਜਾਂਦੀਆਂ ਹਨ।

1853 ਵਿੱਚ ਇੱਕ ਪ੍ਰਸਿੱਧ ਭੂ ਵਿਗਿਆਨੀ ਕਾਊਂਟ ਕੀਸਰਲਿੰਗ ਨੇ ਆਪਣੀ ਲਿਖਤ ਵਿੱਚ ਲਿਖਿਆ ਕਿ ਨਵੀਆਂ ਬੀਮਾਰੀਆਂ ਕਿਸੇ ਕਿਟਾਣੂ ਭਰਪੂਰ ਗੰਦ ਕਾਰਨ ਉਤਪੰਨ ਹੁੰਦੀਆਂ ਹਨ। ਉਹ ਬੀਮਾਰੀਆਂ ਵਧਦੀਆਂ ਹਨ ਅਤੇ ਸਾਰੀ ਦੁਨੀਆ ਵਿੱਚ ਫੈਲ ਜਾਂਦੀਆਂ ਹਨ। ਕੁਝ ਸਮੇਂ ਵਿੱਚ, ਉਸ ਸਮੇਂ ਦੇ ਕਿਟਾਣੂਆਂ ਦੀਆਂ ਉਪਨਸਲਾਂ, ਖ਼ਾਸ ਕਿਸਮ ਦੇ ਆਲੇ-ਦੁਆਲੇ ਦੇ ਮਾਲੀਕਿਊਲਜ਼ (ਅਣੂ, ਜ਼ੱਰਾ, ਕਣ) ਰਾਹੀਂ ਰਸਾਇਣਿਕ ਤੌਰ ’ਤੇ ਗਰੱਸੀਆਂ ਜਾਂਦੀਆਂ ਹਨ। ਇਸ ਤਰ੍ਹਾਂ ਨਵੀਆਂ ਕਿਸਮਾਂ ਦੇ ਕਿਟਾਣੂ ਪੈਦਾ ਹੋ ਸਕਦੇ ਹਨ।

ਏਸੇ ਸਾਲ 1853 ਵਿੱਚ ਡਾ. ਸ਼ਾਫਹਾਸੇਨ ਪ੍ਰਕਿਰਤੀਵਾਦੀ ਨੇ ਇੱਕ ਸ਼ਾਨਦਾਰ ਪਰਚਾ ਛਾਪਿਆ। ਉਸ ਵਿੱਚ ਉਸ ਨੇ ਧਰਤੀ ਉੱਤੇ ਜੀਵਾਂ ਦੀਆਂ ਕਿਸਮਾਂ ਦੇ ਵਿਕਾਸ ਬਾਰੇ ਲਿਖਿਆ। ਉਹ ਸਿੱਟਾ ਕੱਢਦਿਆਂ ਲਿਖਦਾ ਹੈ ਕਿ ਬਹੁਤ ਸਾਰੀਆਂ ਉਪਨਸਲਾਂ ਲੰਮੇ ਸਮੇਂ ਤੱਕ ਆਪਣੀਆਂ ਅਸਲੀ ਸ਼ਕਲਾਂ ਵਿੱਚ ਰਹੀਆਂ ਪਰ ਕਈਆਂ ਦੀ ਸੁਧਾਈ ਹੋ ਗਈ। ਕਈ ਵਿੱਚ-ਵਿਚਾਲੇ ਦੀਆਂ ਕਿਸਮਾਂ ਮਰ ਗਈਆਂ। ‘ਇਸ ਤਰ੍ਹਾਂ ਜੀਵਤ ਪੌਦੇ ਅਤੇ ਪਸ਼ੂ ਨਵੀਂ ਉਪਜ ਰਾਹੀਂ ਲੋਪ ਹੋਈਆਂ ਕਿਸਮਾਂ ਨਾਲੋਂ ਅੱਡ ਨਹੀਂ ਹੋਈਆਂ ਬਲਕਿ ਉਹਨਾਂ ਨੂੰ ਨਿਰੰਤਰ ਉਤਪਤੀ ਰਾਹੀਂ ਉਹਨਾਂ ਦੀ ਉੱਤਰ-ਸੰਤਾਨ ਮੰਨਣਾ ਚਾਹੀਦਾ ਹੈ।’

ਵਾਨ ਬਾਇਰ ਜਿਹੜਾ ਬਹੁਤ ਮਾਨਤਾ ਪ੍ਰਾਪਤ ਜੰਤੂ ਵਿਗਿਆਨੀ (ਜ਼ੂਆਲੋਜਿਸਟ) ਸੀ, ਨੇ ਆਪਣਾ ਵਿਚਾਰ 1859 ਵਿੱਚ ਦਿੱਤਾ। ਉਸ ਦਾ ਵਿਚਾਰ ਭੁਗੋਲਿਕ ਖਿਲਾਰ ਦੇ ਨੇਮਾਂ ਉੱਤੇ ਅਧਾਰਤ ਸੀ। ਉਸ ਅਨੁਸਾਰ ਉਪਨਸਲਾਂ, ਜਿਹੜੀਆਂ ਬਿਲਕੁਲ ਵੱਖਰੀਆਂ ਲੱਗਦੀਆਂ ਹਨ, ਦੀ ਇੱਕ ਮਾਪੇ ਦੀ ਕਿਸਮ ਤੋਂ ਉੱਤਰ-ਉਤਪਤੀ ਹੋਈ ਹੈ।

1859 ਵਿੱਚ ਪ੍ਰੋਫੈਸਰ ਹਕਸਲੇ ਨੇ ਰਾਇਲ ਇਨਸਟੀਟਿਊਸ਼ਨ ਇਕੱਤ੍ਰਤਾ ਸਾਮ੍ਹਣੇ ਲੈਕਚਰ ਕਰਦਿਆਂ ਕਿਹਾ: ‘ਇਹਨਾਂ ਗੱਲਾਂ ਦੇ ਅਰਥਾਂ ਨੂੰ ਸਮਝਣਾ ਔਖਾ ਹੈ ਕਿ ਪਸ਼ੂ ਅਤੇ ਪੌਦੇ, ਜਾਂ ਹੋਰ ਕੋਈ ਵੱਡੀ ਕਿਸਮ ਦੀ ਰਚਨਾ ਦੀਆਂ ਹਰੇਕ ਉਪਨਸਲਾਂ ਰਚਨਾਤਮਿਕ ਸ਼ਕਤੀ ਨੇ ਧਰਤੀ ਉੱਤੇ ਲੰਮੇ ਸਮੇਂ ਦੇ ਵਕਫ਼ੇ ਪਿੱਛੋਂ ਬਣਾਈਆਂ ਜਾਂ ਰੱਖ ਦਿੱਤੀਆਂ। ਇਹ ਕਰਮ ਰਚਨਾਤਮਕ ਸ਼ਕਤੀ ਦਾ ਖ਼ਾਸ ਕਰਤੱਵ ਸੀ।’ ਪ੍ਰੋਫੈਸਰ ਹਕਸਲੇ ਦਾ ਇਤਰਾਜ਼ ਸੀ ਕਿ ਰਚਨਾਵਾਦੀਆਂ ਦੀ ਇਸ ਧਾਰਨਾ ਦੀ ਪੁਸ਼ਟੀ ਲਈ ਕੋਈ ਰਵਾਇਤ ਜਾਂ ਦੈਵੀ ਸੰਦੇਸ਼ ਨਹੀਂ ਮਿਲਦਾ। ਇਹ ਵਿਚਾਰ ਕੁਦਰਤ ਦੀ ਵਿਆਪਕ ਸਮਰੂਪਤਾ ਦੇ ਉਲਟ ਹੈ।

ਦੂਜੇ ਬੰਨੇ ਜੇ ਅਸੀਂ ਇਸ ਕਲਪਨਾ ਨੂੰ ਲਈਏ ਜਿਹੜੀ ਕਿਸੇ ਵੀ ਸਮੇਂ ਰਹਿੰਦੀਆਂ ਉਪਨਸਲਾਂ ਨੂੰ ਫ਼ਰਜ਼ ਕਰਦੀ ਹੈ ਅਤੇ ਕਹਿੰਦੀ ਹੈ ਕਿ ਇਹ ਉਪਨਸਲਾਂ ਪੂਰਵ-ਹੋਂਦ ਦੀਆਂ ਉਪਨਸਲਾਂ ਦੀ ਧੀਮੀ ਗਤੀ ਨਾਲ ਹੋਈ ਸੁਧਾਈ ਦਾ ਨਤੀਜਾ ਹੈ ਤਾਂ ਵੀ ਉਹ ਕਲਪਨਾ ਐਸੀ ਹੈ ਜਿਹੜੀ ਸਾਬਤ ਨਹੀਂ ਕੀਤੀ ਗਈ ਪਰ ਹੁਣ ਤੱਕ ਦੀ ਸਿਰਫ਼ ਇੱਕੋਇੱਕ ਕਲਪਨਾ ਹੈ ਜਿਸ ਨੂੰ ਸਰੀਰ ਵਿਗਿਆਨ ਸਮਰਥਨ ਦਿੰਦਾ ਹੈ। ਉਪਨਸਲਾਂ ਦੀ ਹੋਂਦ ਇਹ ਦੱਸਦੀ ਹੈ ਕਿ ਸੁਧਾਈ ਦੀ ਮਾਤਰਾ, ਜਿਹੜੀ ਜਿਉਂਦੇ ਜੀਵਾਂ ਨੇ ਭੁਗੋਲਿਕ ਸਮੇਂ (ਭੁਗੋਲਿਕ ਸਮੇਂ ਦੀ ਖ਼ਾਸ ਸਕੇਲ ਹੈ ਜਿਹੜੀ ਮਿਲੀਅਨ ਸਾਲਾਂ ਦੁਆਰਾ ਗਿਣੀ ਜਾਂਦੀ ਹੈ) ਅੰਦਰ ਹਾਸਲ ਕੀਤੀ, ਤਬਦੀਲੀਆਂ ਦੀਆਂ ਸਾਰੀਆਂ ਲੜੀਆਂ ਦੇ ਮੁਕਾਬਲੇ ਵਿੱਚ ਬਹੁਤ ਥੋੜ੍ਹੀ ਹੈ।’

ਡਾ. ਹੂਕਰ ਨੇ ਆਪਣੀ ਕਿਰਤ ‘ਇਨਟਰੋਡਕਸ਼ਨ ਟੂ ਦ ਆਸਟ੍ਰੇਲੀਅਨ ਫਲੋਰਾ’ (ਆਸਟ੍ਰੇਲੀਆ ਦੀ ਬਨਸਪਤੀ ਨਾਲ ਜਾਣ-ਪਛਾਨ) 1859 ਵਿੱਚ ਪ੍ਰਕਾਸ਼ਤ ਕੀਤੀ। ਇਸ ਵਿੱਚ ਉਹ ਉਪਨਸਲਾਂ ਦੀ ਉੱਤਰ-ਉਤਪਤੀ ਅਤੇ ਸੁਧਾਈ ਦੀ ਸਚਾਈ ਨੂੰ ਮੰਨਦਾ ਹੈ ਅਤੇ ਕਈ ਮੌਲਕ ਨਿਰੀਖਣਾਂ ਰਾਹੀਂ ਇਸ ਸਿਧਾਂਤ ਦੀ ਪੁਸ਼ਟੀ ਕਰਦਾ ਹੈ।

ਬੇਸ਼ੱਕ ਪੂਰਵ ਦਾਰਸ਼ਨਿਕਾਂ ਦੀਆਂ ਕਿਰਤਾਂ ਵਿੱਚ ਕਈ ਸ਼ੰਕੇ ਸਨ, ਫਿਰ ਵੀ ਡਾਰਵਿਨ ਤੋਂ ਪਹਿਲਾਂ ਦੇ ਦਾਰਸ਼ਨਿਕਾਂ ਨੇ ਕੁਝ ਸ਼ਕਤੀਸ਼ਾਲੀ ਨੁਕਤੇ ਦਿੱਤੇ। ਬਣਾਉਟੀ ਚੋਣ ਰਾਹੀਂ ਪਾਲਤੂ ਪਸ਼ੂਆਂ ਅਤੇ ਪੌਦਿਆਂ ਦੀਆਂ ਉਪਨਸਲਾਂ ਵਿੱਚ ਵਿਕਾਸ ਹੋਇਆ। ਪਿੱਛੋਂ ਡਾਰਵਿਨ ਨੇ ਵੀ ਇਸ ਦੀ ਮਹੱਤਾ ਕਬੂਲੀ। ਇਰੈਸਮਸ ਹੋਂਦ ਲਈ ਘੋਲ਼ ਅਤੇ ਮਾਦਾਵਾਂ ਦੀ ਆਪਸੀ ਮੁਕਾਬਲੇਬਾਜ਼ੀ ਦਾ ਜ਼ਿਕਰ ਕਰਦਾ ਹੈ ਜਿਸ ਨੂੰ ਬਾਅਦ ਵਿੱਚ ਉਸ ਦੇ ਏਸੇ ਪੋਤੇ ਡਾਰਵਿਨ ਨੇ ‘ਲਿੰਗੀ ਚੋਣ’/ਸੈਕਸ਼ੂਅਲ ਸੀਲੈਕਸ਼ਨ ਦਾ ਨਾਂ ਦਿੱਤਾ ਜਿਹੜਾ ਹੋਰਨਾਂ ਕਾਰਨਾਂ ਦੇ ਨਾਲ਼ ਵਿਕਾਸਵਾਦ ਲਈ ਆਪਣਾ ਯੋਗਦਾਨ ਪਾਉਂਦਾ ਹੈ। ਫਾਸਿਲਾਂ ਦਾ ਵੀ ਰਿਕਾਰਡ ਮਿਲਦਾ ਹੈ ਜਿਹੜਾ ਉਪਨਸਲਾਂ ਦੇ ਲੋਪ ਹੋ ਜਾਣ ਦੀ ਗਵਾਹੀ ਭਰਦਾ ਹੈ।

ਇੱਕ ਪ੍ਰਕਾਸ਼ਕ, ਰਾਬਰਟ ਚੇਂਬਰ ਨੇ ਇੱਕ ਕਿਤਾਬ ‘ਵੈਸਟਿਜਿਜ਼ ਆਫ ਕਰੀਏਸ਼ਨ’ (ਰਚਨਾ ਦੇ ਪ੍ਰਮਾਣ/ਨਿਸ਼ਾਨ) ਪ੍ਰਕਾਸ਼ਤ ਕੀਤੀ। ਇਸ ਕਿਰਤ ਨੇ ਵਿਕਾਸਵਾਦ ਧਾਰਨਾ ਦਾ ਅਧਾਰ ਬਣਾਉਂਦਿਆਂ ਲਿਖਿਆ ਕਿ ਕਦੀਮ ਕਾਲ ਤੋਂ ਆਧੁਨਿਕ ਸਮੇਂ ਤੱਕ ਦੀਆਂ ਭੁਗੋਲਿਕ ਤਹਿਆਂ ਤੋਂ ਮਿਲਦੇ ਫਾਸਿਲ ਧੀਮੀ ਗਤੀ ਨਾਲ ਹੁੰਦੇ ਵਿਕਾਸ ਦੇ ਨਿਸ਼ਾਨ ਦਰਸਾਉਂਦੇ ਹਨ। ਸੰਤਾਨ ਦੀ ਉਤਪਤੀ ਵਿੱਚ ਸਮੇਂ ਦੀ ਚਾਲ ਦੌਰਾਨ ਤਬਦੀਲੀਆਂ ਆਈਆਂ ਅਤੇ ਉਪਨਸਲਾਂ ਦਾ ਵਿਕਾਸ ਹੋਇਆ।

ਉਪਰੋਕਤ ਕਿਤਾਬ ਦੇ ਵਿਸ਼ੇ ਨੇ ਧਾਰਮਕ ਖੇਤਰ ਵਿੱਚ ਗ਼ੁੱਸੇ ਦੀ ਲਹਿਰ ਪੈਦਾ ਕਰ ਦਿੱਤੀ। ਆਕਸਫੋਰਡ ਦੇ ਪ੍ਰੋਫੈਸਰ ਐਡਮ ਸੈੱਜਵਿਕ ਨੇ ਕਿਹਾ, “ਜੇ ਇਹ ਕਿਤਾਬ ਠੀਕ ਹੈ ਤਾਂ ਮਜ਼੍ਹਬ ਇੱਕ ਝੂਠ ਹੈ; ਮਨੁੱਖੀ ਕਨੂੰਨ ਮੂਰਖਤਾ ਦਾ ਪਲੰਦਾ ਹੈ ਅਤੇ ਘਟੀਆ ਬੇਇਨਸਾਫ਼ੀ ਹੈ; ਨੈਤਿਕਤਾ ਬਕਵਾਸ ਹੈ; ਅਤੇ ਆਦਮੀ ਅਤੇ ਔਰਤ ਸਿਰਫ਼ ਚੰਗੇ ਪਸ਼ੂ ਹਨ।”

ਰੈਵਰਡ ਬੇਡਨ ਪੋਵੈੱਲ ਨੇ ਆਪਣੀ ਕਿਰਤ ‘ਐਸੇਜ਼ ਆਨ ਯੂਨਿਟੀ ਆਫ ਵਰਲਡ’/ਸੰਸਾਰ ਦੀ ਏਕਤਾ ਬਾਰੇ ਲੇਖ ਵਿੱਚ ‘ਰਚਨਾ ਦੇ ਦਰਸ਼ਨ’ ਨੂੰ ਬੜੀ ਉਸਤਾਦੀ ਨਾਲ ਲਿਖਿਆ। ਉਹ ਲਿਖਦਾ ਹੈ ਕਿ ਨਵੀਆਂ ਉਪਨਸਲਾਂ ਬਾਕਾਇਦਾ ਚਮਤਕਾਰ ਹੈ, ਬੇਕਾਇਦਾ ਨਹੀਂ।

ਸੋ, ਇਹ ਸੀ ‘ਆਰਿਜਿਨ ਆਫ ਸਪੀਸ਼ੀਜ਼’ ਦੇ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਦਾ ਮਾਹੌਲ।

ਭੂ ਵਿਗਿਆਨ ਅਤੇ ਫਾਸਿਲਾਂ ਦੇ ਅੰਗ-ਪ੍ਰਬੰਧ ਦਾ ਅਧਿਐਨ ਵਿਕਾਸਵਾਦ ਬਾਰੇ ਤਰਕ ਪੇਸ਼ ਕਰਨ ਲਈ ਬਹੁਤ ਜ਼ਰੂਰੀ ਸੀ। ਡਾਰਵਿਨ ਦੀ ਕਾਮਯਾਬੀ ਵੀ ਏਸੇ ਕਾਰਨ ਹੋਈ ਕਿ ਉਸ ਨੇ ਬੀਗਲ ਦੇ ਸਫ਼ਰ ਦੌਰਾਨ ਭੂ ਵਿਗਿਆਨੀ ਦੇ ਤੌਰ ’ਤੇ ਕੰਮ ਕੀਤਾ ਅਤੇ ਖ਼ਾਸ ਤੌਰ ’ਤੇ ‘ਮੂੰਗੇ ਦੀਆਂ ਚਟਾਨਾਂ (ਕੋਰਲ ਰੀਫ) ਦੀ ਬਣਤਰ’ ਦਾ ਸਿਧਾਂਤ ਘੜਿਆ।

ਅਠਾਰ੍ਹਵੀਂ ਸਦੇ ਦੇ ਪਿਛਲੇਰੇ ਪੱਖ ਅਤੇ ਉਨ੍ਹੀਵੀਂ ਸਦੀ ਦੇ ਮੁਢਲੇ ਪੱਖ ਵਿੱਚ ਭੂ ਗਿਆਨ ਅਤੇ ਫਾਸਿਲ ਗਿਆਨ, ਵਿਗਿਆਨ ਦਾ ਦਰਜਾ ਹਾਸਲ ਕਰ ਗਏ। ਫ਼ਰਾਂਸ ਦਾ ਜਾਰਜ ਕੂਵੀਅਰ ਪ੍ਰਸਿੱਧ ਅਨੈਟੋਮਿਸਟ/ਸਰੀਰ ਰਚਨਾ ਵਿਗਿਆਨੀ ਸੀ ਅਤੇ ਇੰਗਲੈਂਡ ਦਾ ਸਰ ਚਾਰਲਸ ਲਾਇਲ ਮਸ਼ਹੂਰ ਭੂ ਵਿਗਿਆਨੀ ਸੀ। ਸਰ ਚਾਰਲਸ ਲਾਇਲ ਭੂ ਵਿਗਿਆਨੀ ਡਾਰਵਿਨ ਦਾ ਮੁੱਖ ਸਰਪ੍ਰਸਤ ਸੀ।

‘ਆਰਿਜਿਨ ਆਫ ਸਪੀਸ਼ੀਜ਼’ ਦੇ ਪ੍ਰਕਾਸ਼ਤ ਹੋਣ ’ਤੇ ਇਸ ਦੇ ਖ਼ਿਲਾਫ਼ ਵਾਵੇਲਾ ਖੜ੍ਹਾ ਹੋ ਗਿਆ। ਵਿਰੋਧੀਆਂ ਵਿੱਚ ਬਿਸ਼ਪ ਵਿਲਬਰਫੋਰਸ, ਭੂ ਵਿਗਿਆਨੀ ਹਿਊ ਮਿਲਰ, ਇੰਗਲੈਂਡ ਦਾ ਪ੍ਰਸਿੱਧ ਸਰੀਰ ਰਚਨਾ ਵਿਗਿਆਨੀ (ਅਨੈਟੋਮਿਸਟ) ਸਰ ਰਿਚਰਡ ਓਵਨ ਆਦਿ ਦੇ ਨਾਂ ਖ਼ਾਸ ਤੌਰ ’ਤੇ ਲੈ ਜਾਏ ਸਕਦੇ ਹਨ। ਮੁੱਖ ਦੋਸ਼ ਇਹ ਲਾਇਆ ਜਾਂਦਾ ਸੀ ਕਿ ‘ਆਰਿਜਿਨ’ ਦਾ ਅਧਾਰ ਕਿਆਸ ਹੈ, ਥੋਥੀ ਕਲਪਨਾ ਹੈ ਜਾਂ ਫ਼ਰਜ਼ੀ ਮਨੌਤ ਹੈ, ਪਰਿਕਲਪਨਾ ਹੈ। ਫਿਰ ਵੀ ਨੌਜਵਾਨ ਵਿਗਿਆਨੀਆਂ ਨੇ ‘ਆਰਿਜਿਨ’ ਦਾ ਸੁਆਗਤ ਕੀਤਾ। ਕੁਝ ਵੀ ਹੋਇਆ, ਡਾਰਵਿਨ ਇੱਕ ਦਹਾਕੇ ਮਗਰੋਂ ਮਾਨਯੋਗ ਵਿਗਿਆਨੀ ਗਿਣਿਆ ਜਾਣ ਲੱਗ ਪਿਆ। ਉਹ ਪ੍ਰਸਿੱਧ ਨੌਜਵਾਨ ਜੀਵ ਵਿਗਿਆਨੀ ਬਣ ਗਿਆ। ਜਰਮਨੀ, ਅਮਰੀਕਾ ਅਤੇ ਬ੍ਰਿਟਨ ਦੇ ਮਾਨਤਾ ਪ੍ਰਾਪਤ ਵਿਗਿਆਨੀਆਂ ਨੇ ਡਾਰਵਿਨ ਦੇ ਸਿਧਾਂਤ ਨੂੰ ਅਪਣਾ ਲਿਆ।

ਡਾਰਵਿਨ ਨੇ ਆਮ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਲਈ। ਇਹ ਸਮਝਿਆ ਜਾਣ ਲੱਗ ਪਿਆ ਕਿ ਧਰਤੀ ਰੱਬ ਦੀ ਵਡਿਆਈ ਨਹੀਂ ਹੈ। ਡਾਰਵਿਨ ਨੇ ਮਨੁੱਖ ਦੀ ਨੇੜਤਾ ਬਾਕੀ ਦੀ ਰਚਨਾ ਨਾਲ ਜੋੜ ਦਿੱਤੀ। ਉਸ ਨੇ ਮਨੁੱਖ ਅਤੇ ਕੁਦਰਤ ਵਿਚਾਲੇ ਭਾਵਕ ਰਿਸ਼ਤਾ ਤੋੜ ਦਿੱਤਾ।

ਕਈਆਂ ਦਾ ਖ਼ਿਆਲ ਹੈ ਕਿ ਡਾਰਵਿਨ ਨੇ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ। ਮਨੁੱਖ ਰੁੱਖੇ ਬ੍ਰਹਿਮੰਡ ਦਾ ਹਿੱਸਾ ਬਣ ਗਿਆ ਜਿਸ ਵਿੱਚ ਭਾਵਕਤਾ ਲੋਪ ਹੈ। ਇਹ ਸਿਧਾਂਤ ਮਨੁੱਖੀ ਆਚਾਰ ਦਾ ਕੋਈ ਥਹੁ-ਸਿਰ ਨਹੀਂ ਦੱਸਦਾ। ਮਨੁੱਖੀ ਨੈਤਿਕ ਦੁਚਿੱਤੀਆਂ ਬਾਰੇ ਚੁੱਪ ਹੈ। ਇਸ ਤਰ੍ਹਾਂ ਡਾਰਵਿਨ ਦੇ ਸਿਧਾਂਤ ਨੇ ਵਿਸ਼ਾਲ ਬੌਧਿਕ ਸੰਕਟ ਪੈਦਾ ਕਰ ਦਿੱਤਾ।
ਉਨ੍ਹੀਵੀਂ ਸਦੀ ਦੇ ਅਖ਼ੀਰਲੇ ਭਾਗ ਵਿੱਚ ਡਾਰਵਿਨ ਦੇ ਸਿਧਾਂਤ ਨੂੰ ‘ਦ ਸਰਵਾਈਵਲ ਆਫ ਦ ਫਿੱਟੈਸਟ/ਜੀਵਤ ਹੀ ਯੌਗਤਮ ਹੈ’ ਨਾਲ ਜੋੜ ਦਿੱਤਾ ਗਿਆ। ਜਿਨ੍ਹਾਂ ਨੇ ਇਹ ਸਿਧਾਂਤ ਸਵੀਕਾਰ ਕਰ ਲਿਆ, ਉਹਨਾਂ ਨੇ ਡਾਰਵਿਨ ਦੇ ਸਿਧਾਂਤ ‘ਕੁਦਰਤੀ ਚੋਣ’ ਨੂੰ ਤਰੱਕੀ ਦਾ ਅਧਾਰ ਬਣਾ ਲਿਆ ਬੇਸ਼ੱਕ ਡਾਰਵਿਨ ਤਰੱਕੀ ਬਾਰੇ ਕਿਤੇ ਨਹੀਂ ਬੋਲਦਾ। ਉਹ ਤਾਂ ਹਾਲਾਤ ਅਨੁਸਾਰ ਢੱਲਣ ਦੀ ਗੱਲ ਕਰਦਾ ਹੈ। ਪਰੰਤੂ ਡਾਰਵਿਨ ਦੇ ਸਿਧਾਂਤ ਤੋਂ ਨਵੇਂ ਅਰਥ ਕੱਢ ਲੈ ਗਏ ਜਿਸ ਨਾਲ ਵਿਅਕਤੀਆਂ ਵਿਚਾਲੇ, ਵਿਚਾਰਾਂ ਵਿਚਾਲੇ, ਨਸਲਾਂ ਵਿਚਾਲੇ, ਸ਼੍ਰੇਣੀਆਂ ਵਿਚਾਲੇ ਅਤੇ ਏਸੇ ਤਰ੍ਹਾਂ ਕਈ ਹੋਰ ਹਾਲਾਤ ਵਿਚਾਲੇ ਭੇੜ੍ਹ ਸ਼ੁਰੂ ਹੋ ਗਿਆ। ਮੁਕਾਬਲੇਬਾਜ਼ੀ ਵੱਧ ਗਈ। ਅਰਥ ਗੋਲ-ਮੋਲ ਕਰ ਦਿੱਤੇ ਗਏ। ਉਨ੍ਹੀਵੀਂ ਸਦੀ ਦੇ ਅਖ਼ੀਰ ਵਿੱਚ ਅਤੇ ਵੀਹਵੀਂ ਸਦੀ ਦੇ ਮੁੱਢ ਵਿੱਚ ਇਹ ਫਾਰਮੂਲਾ ਕਈ ਹੋਰ ਖੇਤਰਾਂ ਵਿੱਚ ਵੀ ਵਰਤਿਆ ਜਾਣ ਲੱਗ ਪਿਆ। ਗ਼ੁਲਾਮਾਂ ਦੀ ਤਜਾਰਤ ਵੱਧ ਗਈ। ਏਸ਼ੀਆ, ਅਫ਼ਰੀਕਾ ਅਤੇ ਸ਼ਾਂਤ ਮਹਾਂਸਾਗਰ ਦੇ ਇਲਾਕਿਆਂ ਵਿੱਚ ਵਸਦੇ ਪਛੜੇ ਲੋਕਾਂ ਨੂੰ ਸਿਖਾਇਆ ਗਿਆ ਕਿ ਉਹਨਾਂ ਦਾ ਗੋਰੀ ਕੌਮ ਦੀ ਗ਼ੁਲਾਮੀ ਕਰਨਾ ਜ਼ਰੂਰੀ ਹੈ। ਇਸ ਤਰ੍ਹਾਂ ਡਾਰਵਿਨਵਾਦ ਅਤੇ ਵਿਕਾਸਵਾਦ ਬੇਲਗਾਮੀ ਸ਼ਬਦ ਬਣ ਗਏ। ਡਾਰਵਿਨ ਤਾਂ ਇਸ ਵਿਚਾਰ ਦੇ ਉਲਟ ਪ੍ਰਭਾਵ ਦਿੰਦਾ ਹੈ। ਉਸ ਦਾ ਸਿਧਾਂਤ ਮਾਨਵੀ ਪਰਵਾਰ ਦੀ ਸਜੀਵੀ ਏਕਤਾ ਪੇਸ਼ ਕਰਦਾ ਹੈ। ਡਾਰਵਿਨ ਨੇ ਵਿਕਾਸਵਾਦ ਦੀਆਂ ਬਹਿਸਾਂ ਵਿੱਚ ਕਦੇ ਵੀ ‘ਸੁਰਵਾਈਵਲ ਆਫ ਦ ਫਿੱਟੈਸਟ’ ਦੇ ਹੱਕ ਵਿੱਚ ਸਮਰਥਨ ਨਹੀਂ ਦਿੱਤਾ। ‘ਦ ਸਰਵਾਈਵਲ ਆਫ ਦ ਫਿੱਟੈਸਟ/ਜੀਵਤ ਹੀ ਯੌਗਤਮ ਹੈ’ ਦੇ ਸਿਧਾਂਤ ਡਾਰਵਿਨ ਤੋਂ ਪਹਿਲਾਂ ਹੀ ਚੱਲ ਰਹੇ ਸਨ ਅਤੇ ਡਾਰਵਿਨ ਉਹਨਾਂ ਸਿਧਾਂਤਾਂ ਦਾ ਸ੍ਰੋਤ ਨਹੀਂ ਹੈ। ਸਪੈਨਸਰ ‘ਦ ਸਰਵਾਈਵਲ ਆਫ ਦ ਫਿੱਟੈਸਟ/ਜੀਵਤ ਹੀ ਯੌਗਤਮ ਹੈ’ ਦੇ ਸਿਧਾਂਤ ਦਾ ਬਹੁਤ ਵੱਡਾ ਸਮਰਥਕ ਸੀ। ਮੁਕਾਬਲੇਬਾਜ਼ੀ ਵਿੱਚ ਕਮਜ਼ੋਰ ਦਾ ਖੂੰਜੇ ਲੱਗਣਾ ਬ੍ਰਿਜਵਾਟਰ ਅਨੁਸਾਰ ਰੱਬ ਦੀ ਇੱਛਾ ਕਿਹਾ ਗਿਆ।

ਮਾਰਕਸ ਅਤੇ ਐਂਗਲਜ਼ ਨੇ ਸ਼੍ਰੇਣਿਕ ਜੰਗ ਲਈ ਡਾਰਵਿਨਵਾਦ ਨੂੰ ਬਰਾਬਰ ਦਾ ਹਿੱਸੇਦਾਰ ਕਿਹਾ। ਮਾਰਕਸ ਦੇ ‘ਦਾਸ ਕੈਪੀਟਲ’ ਦੇ ਅੰਗਰੇਜ਼ੀ ਐਡੀਸ਼ਨ ਨੂੰ ਡਾਰਵਿਨ ਦੇ ਮਾਣ ਵਿੱਚ ਸਮਰਪਣ ਕੀਤਾ ਗਿਆ ਪਰੰਤੂ ਡਾਰਵਿਨ ਨੇ ਇਹ ਮਾਣ ਲੈਣ ਤੋਂ ਇਨਕਾਰ ਕਰ ਦਿੱਤਾ।

‘ਦ ਸਰਵਾਈਵਲ ਆਫ ਦ ਫਿੱਟੈਸਟ/ਜੀਵਤ ਹੀ ਯੌਗਤਮ ਹੈ’ ਦੇ ਵਿਚਾਰ ਨੇ ਇੰਗਲੈਂਡ ਵਿੱਚ ਹਰਬਰਟ ਸਪੈਨਸਰ ਅਤੇ ਵਾਲਟਰ ਬੇਜਹਾਟ, ਆਸਟ੍ਰੇਲੀਆ ਵਿੱਚ ਲੁਡਵਿਗ ਗਮਪਲੋਵਿਜ਼, ਰੂਸ ਵਿੱਚ ਪ੍ਰਿੰਸ ਕਰੋਪਾਟਕਿਨ ਅਤੇ ਅਮਰੀਕਾ ਵਿੱਚ ਗ੍ਰਾਹਮ ਸਮਰ ਦੀਆਂ ਲਿਖਤਾਂ ਉੱਤੇ ਅਸਰ ਪਾਇਆ। ਇਸ ਸਿਧਾਂਤ ਨੇ ਉਨ੍ਹੀਵੀਂ ਸਦੀ ਦੇ ਪਿਛਲੇਰੇ ਹਿੱਸੇ ਵਿੱਚ ਥਿਓਡਰ ਰੂਜ਼ਵੈਲਟ ਅਤੇ ਬ੍ਰਿਟਿਸ਼ ਸਾਮਰਾਜਵਾਦੀਆਂ ਨੂੰ ਆਪਣੇ ਵੱਲ ਖਿੱਚ ਲਿਆ।

‘ਜੰਗ ਪੈਦਾਇਸ਼ੀ ਲੋੜ ਹੈ।’ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਇਹ ਵਿਚਾਰ ਜਰਮਨ ਦੇ ਫ਼ੌਜੀ ਅਤੇ ਰਾਜਨੀਤਕ ਵਿਚਾਰਵਾਨਾਂ ਦਾ ਸੀ। ਨਸਲਵਾਦ, ਕੌੰਮ-ਪ੍ਰੱਸਤੀ ਅਤੇ ਸੈਮਿਟਿਕ (ਸਾਮੀ ਅਤੇ ਯਹੂਦੀ ਆਦਿ) ਵਿਰੋਧੀ ਵਿਚਾਰਧਾਰਾ ਨੌਜਵਾਨ ਹਿਟਲਰ ਅੰਦਰ ਘਰ ਕਰ ਗਈ। ਪਰੰਤੂ ਡਾਰਵਿਨ ਨੇ ਆਪ ਆਪਣੇ ਸਿਧਾਂਤ ਨੂੰ ਸਮਾਜਿਕ ਸੰਦਰਭ ਵਿੱਚ ਲਾਗੂ ਕਰਨ ਲਈ ਹਾਮੀ ਨਹੀਂ ਭਰੀ। ਹਕਸਲੇ ਨੇ ਸਾਫ਼ ਤੌਰ ’ਤੇ ਇਸ ਵਿਚਾਰ ਦਾ ਖੰਡਣ ਕੀਤਾ।

ਵਿਸ਼ਵ ਦੀਆਂ ਦੋਨੋਂ ਵੱਡੀਆਂ ਜੰਗਾਂ ਨੇ ਉਪਜਾਤੀਆਂ ਦਾ ਵਿਕਾਸ ਤਾਂ ਕੀ ਕਰਨਾ ਸੀ ਬਲਕਿ ਉਹਨਾਂ ਦਾ ਬੀਜ ਨਾਸ ਹੀ ਕਰ ਦਿੱਤਾ। ਇਸ ਕਾਰਨ ਡਾਰਵਿਨ ਸਿਧਾਂਤ ਦਾ ਇਸ ਢੰਗ ਨਾਲ ਲਾਗੂ ਕਰਨਾ ਢਿੱਲਾ ਪੈ ਗਿਆ। ਲੋਕ ਠੀਕ ਪਾਸੇ ਸੋਚਣ ਲਈ ਰੁਚਿਤ ਹੋ ਗਏ। ਮਨੁੱਖੀ ਬੁੱਧੀ ਦੇ ਵਿਕਾਸ ਹੋਣ ਨਾਲ, ਉਸ ਵਿੱਚ ਗਿਆਨ ਨੂੰ ਸਟੋਰ ਕਰਨ ਅਤੇ ਉਸ ਨੂੰ ਸੰਚਾਰ ਕਰਨ ਦੀ ਸ਼ਕਤੀ ਆ ਗਈ ਸੀ। ਇਸ ਦੇ ਸਿੱਟੇ ਕਾਰਨ ਵਿਕਾਸਵਾਦੀ ਵਿਸ਼ਾਲਤਾ ਵਿੱਚ ਭਵਿਖ ਦੇ ਕੰਟਰੋਲ ਕਰਨ ਦਾ ਨਵਾਂ ਅਰਥਪੂਰਨ ਪੱਖ ਸ਼ਾਮਲ ਹੋ ਗਿਆ।

ਇਸਾਈ ਮਤ ਵਿੱਚ ਕਿਤੇ-ਕਿਤੇ ਇਸ ਸਿਧਾਂਤ ਦੀ ਵਿਰੋਧਤਾ ਹੈ ਪਰੰਤੂ ਵਿਕਾਸਵਾਦ ਦੀ ਆਮ ਵਿਰੋਧਤਾ ਨਹੀਂ ਹੈ ਬਲਕਿ ਇਸ ਨੂੰ ਹਜ਼ਮ ਕੀਤਾ ਜਾਣ ਲੱਗ ਪਿਆ ਹੈ।
ਗਰੈਗਰ ਮੈਂਡੇਲ ਦੀਆਂ ਕਿਰਤਾਂ 1865 ਅਤੇ 1866 ਵਿੱਚ ਪ੍ਰਕਾਸ਼ਤ ਹੋਈਆਂ। ਮੈਂਡਿਲੀਅਨ ਜੈਨਿਟਿਕਸ (ਵਿਰਸਾ) ਸਿਧਾਂਤ ਅਨੁਸਾਰ ਜੀਨਜ਼ ਸੰਤਾਨ ਉਤਪਤੀ ਕੰਟਰੋਲ ਕਰਦੇ ਹਨ ਅਤੇ ਐਨ ਓਸੇ ਤਰ੍ਹਾਂ ਸੰਚਾਰ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਕੋਈ ਰਲਾਵਟ ਨਹੀਂ ਹੁੰਦੀ। ਇਸ ਉਪਰੰਤ 1890ਵਿਆਂ ਵਿੱਚ ਜੈਨਿਟਿਕਸ ਵਿਗਿਆਨ ਨੇ ਹੋਰ ਵਿਕਾਸ ਕੀਤਾ ਅਤੇ ਵਿਰਸੇ ਦੇ ਮਿਸ਼ਰਨ ਨਾਲ ਜੁੜੀਆਂ ਔਕੜਾਂ ਦਾ ਹੱਲ ਕੱਢਿਆ ਪਰੰਤੂ ਡਾਰਵਿਨ ਨੂੰ ਇਸ ਸਿਧਾਂਤ ਦਾ ਕੋਈ ਲਾਭ ਨਹੀਂ ਸੀ। ਮੈਂਡਿਲੀਅਨ ਜੈਨਿਟਿਕਸ (ਵਿਰਸਾ) ਸਿਧਾਂਤ ਉੱਤੇ ਫਿਰ ਵਿਚਾਰ ਕੀਤੀ ਗਈ। ਇਸ ਨੇ ਡਾਰਵਿਨ ਦੇ ਸਿਧਾਂਤ ਵਿਕਾਸਵਾਦ ਵਿੱਚ ਕੁਦਰਤੀ ਚੋਣ ਦੇ ਅਮਲ ਨੂੰ ਹੋਰ ਵੀ ਘਟਾ ਦਿੱਤਾ। ਪਰੰਤੂ 1930ਵਿਆਂ ਵਿੱਚ ਮੈਂਡਿਲੀਅਨ ਜੈਨਿਟਿਕਸ (ਵਿਰਸਾ) ਅਤੇ ਡਾਰਵਿਨੀਅਨ ਨੈਚਰਲ ਸੀਲੈਕਸ਼ਨ (ਕੁਦਰਤੀ ਚੋਣ) ਦਾ ਸਿਧਾਂਤਿਕ ਤੌਰ ’ਤੇ ਸੁਮੇਲ ਕਰ ਦਿੱਤਾ ਗਿਆ ਕਿ ਵਾਯੂਮੰਡਲ ਕਿਸ ਤਰ੍ਹਾਂ ਸੰਯੁਗਤ ਜੀਨਾਂ ਨੂੰ ਕੰਟਰੋਲ ਕਰਦਾ ਹੈ? ਜੀਨ ਦਾ ਪ੍ਰਭਾਵ ਮਿਸ਼ਰਤ ਜੀਨਾਂ ਦੇ ਅਨੁਕੂਲ ਹੁੰਦਾ ਹੈ। ਮਿਸ਼ਰਤ ਜੀਨ ਕੁਦਰਤੀ ਚੋਣ ਦੁਆਰਾ ਕੰਟਰੋਲ ਹੁੰਦੇ ਹਨ।

ਉਪਰੋਕਤ ਸੁਮੇਲ ਕਾਰਨ ਡਾਰਵਿਨ ਦਾ ਵਿਕਾਸਵਾਦ ਜੀਵ ਵਿਗਿਆਨ ਵਿਚਾਰਧਾਰਾ ਦੀ ਮੁੱਖ ਧਾਰਾ ਵਿੱਚ ਫਿਰ ਸਥਾਪਿਤ ਹੋ ਗਿਆ। ‘ਆਰਿਜਿਨ ਆਫ ਸਪੀਸ਼ੀਜ਼’ ਦੇ ਯੁੱਗ ਰਚਦੇ ਲੱਛਣ ਨੂੰ ਆਧੁਨਿਕ ਜੀਵ ਵਿਗਿਆਨ ਵਿੱਚ ਮਾਨਤਾ ਪ੍ਰਾਪਤ ਹੋ ਗਈ। ਡਾਰਵਿਨ ਵਿਚਾਰਧਾਰਾ ਪ੍ਰਕਿਰਤਕ ਜਗਤ ਨੂੰ ਸਮਝਣ ਲਈ ਨਿੱਗਰ ਹਿੱਸਾ ਪਾਉਣ ਲੱਗ ਪਿਆ।

ਡਾਰਵਿਨ ਦੀ ਕਿਰਤ ‘ਆਰਿਜਨ ਆਫ਼ ਸਪੀਸ਼ੀਜ਼’ ਦੀ ਸ਼ੈਲੀ ਵਿਵਾਦੀ ਨਹੀਂ ਹੈ। ਉਸ ਦਾ ਲਿਖਣ ਢੰਗ ਸ਼ਾਂਤ, ਤਰਕਮਈ, ਹਲੀਮੀ-ਭਰਪੂਰ ਅਤੇ ਸੌਖਾ ਹੈ ਪਰੰਤੂ ਦ੍ਰਿੜ੍ਹਤਾ-ਪੂਰਬਕ ਆਪਣੇ ਆਸ਼ੇ ਵੱਲ ਲਗਾਤਾਰ ਉਸਰਦਾ ਜਾਂਦਾ ਹੈ। ਉਸ ਨੇ ਕਦੇ ਨਹੀਂ ਚਾਹਿਆ ਕਿ ਕਿਸੇ ਨੂੰ ਕੋਈ ਚੋਭ ਮਾਰੀ ਜਾਏ। ਬੇਸ਼ੱਕ ‘ਆਰਿਜਨ ਆਫ ਸਪੀਸ਼ੀਜ਼’ ਵਿਵਾਦ ਖੜ੍ਹਾ ਕਰਨ ਵਾਲੀ ਕਿਤਾਬ ਸੀ ਪਰੰਤੂ ਡਾਰਵਿਨ ਦਾ ਇਸ ਕਿਤਾਬ ਨੂੰ ਲਿਖਣ ਵਿੱਚ ਅਜਿਹਾ ਕੋਈ ਨਿਸ਼ਾਨਾ ਨਹੀਂ ਸੀ ਕਿ ਉਹ ਮਜ਼੍ਹਬ ਦੇ ਖ਼ਿਲਾਫ਼ ਲਿਖੇ। ਡਾਰਵਿਨ ਇੱਕ ਸ਼ਰੀਫ਼ ਪਰ ਦ੍ਰਿੜ੍ਹ ਪ੍ਰਕਿਰਤੀਵਾਦੀ ਸੀ। ਵਿਕਾਸਵਾਦ ਉਸ ਦਾ ਤਰਕਸ਼ੀਲ ਪ੍ਰਸਿੱਧ ਸਿਧਾਂਤ ਹੈ ਜਿਹੜਾ ਵਿਸ਼ਵ ਭਰ ਦੇ ਵਿਗਿਆਨੀਆਂ ਦੀ ਸੋਚ ਨੂੰ ਬੜ੍ਹਾਵਾ ਦੇ ਰਿਹਾ ਹੈ।

ਦਲਜੀਤ ਸਿੰਘ, ਐਡਮਿੰਟਨ
ਫ਼ੋਨ: (780) 989 – 2977
E-mail: drakhra29@hotmail.com

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ। (ਪਹਿਲੀ ਵਾਰ ਛਪਿਆ 2010) (ਦੂਜੀ ਵਾਰ 2022)

About the author

ਦਲਜੀਤ ਸਿੰਘ, ਐਡਮੰਟਿਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਦਲਜੀਤ ਸਿੰਘ, ਐਡਮੰਟਿਨ

View all posts by ਦਲਜੀਤ ਸਿੰਘ, ਐਡਮੰਟਿਨ →