17 September 2024

ਕਰਜ਼ – ਦਲਜੀਤ ਸਿੰਘ, ਐਡਮੰਟਿਨ

ਕਰਜ਼

-ਦਲਜੀਤ ਸਿੰਘ, ਐਡਮੰਟਿਨ-

“ਤੂੰ ਕਿੱਥੇ ਲੁਕਗੀ ਸੀ? ਮੈਂ ਘੰਟੇ ਤੋਂ ਲੱਭ ਰਿਹਾਂ।”

“ਤੁਸੀਂ ਛੇਤੀ ਘਬਰਾ ਜਾਂਦੇ ਓ।”

“ਤੈਨੂੰ ਕਿਹਾ ਸੀ, ਮੈਂ ਹੁਣੇ ਆਇਆ। ਕੋਤਵਾਲੀ, ਸਕੂਟਰ ਖੜ੍ਹਾ ਕਰ ਆਵਾਂ। ਆਇਆ, ਤੂੰ ਕਿਤੇ ਨੀਂ ਦਿਸੀ। ਏਧਰ ਦੇਖ, ਓਧਰ ਦੇਖ! ਮੈਂ ਤਾਂ ਪਰੇਸ਼ਾਨ ਹੋ ਗਿਆ। ਚੌੜੇ ਬਜ਼ਾਰ ਵਿੱਚ ਭੀੜ-ਭੜੱਕਾ ਐਨਾ, ਨਾਲ ਦਾ ਸਾਥੀ ਮਾੜਾ ਜਿਹਾ ਏਧਰ-ਓਧਰ ਹੋਇਆ ਨੀਂ, ਫੇਰ ਨਾ ਲੱਭਾ। ਆ ਦੇਖ, ਮੇਰੀ ਛਾਤੀ ਕਿੰਨੀ ਧੱਕ-ਧੱਕ ਕਰਦੀ ਆ? ਮੈਨੂੰ ਨੀਂ ਪਤਾ, ਓਥੇ ਹੀ ਖੜ੍ਹੀ ਰਿਹਾ ਕਰ ਜਿੱਥੇ ਮੈਂ ਛੱਡ ਜਾਵਾਂ। ਐਨੀ ਭੀੜ ਵਿੱਚ ਮੈਂ ਕਿੱਥੋਂ ਲੱਭਾਂ? ਮੇਰੀਆਂ ਅੱਖਾਂ ਮੂਹਰੇ ਤਾਂ ਨ੍ਹੇਰਾ ਆ ਗਿਆ।”

“ਮੈਂ ਐਵੇਂ ਓਹ ਸਾਮ੍ਹਣੇ ਸ਼ੀਸ਼ੇ ਦੇ ਸਮਾਨ ਵਾਲੇ ਖੋਖੇ ’ਤੇ ਚਲੀ ਗਈ। ਮੈਂ ਸੋਚਿਆ, ਤੁਹਾਡੇ ਆਉਂਦਿਆਂ ਤਾਈਂ ਸ਼ੀਸ਼ੇ ਦੇ ਗਲਾਸ ਦੇਖਾਂ। ਸ਼ਾਇਦ ਪਸੰਦ ਆ ਜਾਣ।”

ਹਰਬੰਸ ਦਾ ਜੀਅ ਕਰੇ ਉਹ ਜੀਤ ਨੂੰ ਜੱਫੀ ਵਿੱਚ ਲੈ ਲਵੇ ਤੇ ਉਸ ਦਾ ਸਾਰਾ ਘਾਟਾ ਪੂਰਾ ਕਰ ਦੇਵੇ। ਪਰ ਲੋਕਾਂ ਤੋਂ ਸ਼ਰਮਾ ਗਈ। ਉਸ ਨੇ ਜੀਤ ਦਾ ਹੱਥ ਫੜਿਆ ਅਤੇ ਘੁੱਟ-ਘੁੱਟ ਕੇ ਆਪਣੇ ਪਿਆਰ ਦਾ ਨਿੱਘ ਦਿੱਤਾ। ਫਿਰ ਕਹਿਣ ਲੱਗੀ, “ਚਲੋ, ਆਪਾਂ ਪ੍ਰਕਾਸ਼ ਸਵੀਟ ਸ਼ਾਪ ’ਤੇ ਚੱਲੀਏ।”

ਦੋਵੇਂ ਜਣੇ ਓਧਰ ਤੁਰ ਪਏ।

ਜੀਤ ਅਤੇ ਉਸ ਦੀ ਪਤਨੀ ਹਰਬੰਸ ਅੱਜ ਚੌੜੇ ਬਜ਼ਾਰ ਵਿੱਚ ਕੁੱਝ ਸ਼ਾਪਿੰਗ ਕਰਨ ਆਏ ਸਨ। ਉਹਨਾਂ ਨੂੰ ਕਨੇਡਾ ਤੋਂ ਲੁਧਿਆਣੇ ਆਇਆਂ ਪੰਜ ਦਿਨ ਹੀ ਹੋਏ ਸਨ। ਉਹ ਕਨੇਡਾ ਤੋਂ ਭਾਰਤ ਸਾਕ-ਸਕੀਰੀਆਂ ਤੇ ਦੋਸਤਾਂ-ਮਿੱਤਰਾਂ ਨੂੰ ਮਿਲਣ ਦੀ ਚਾਹ ਲੈ ਕੇ ਆਏ। ਦੇਸ ਦੀ ਮਿੱਟੀ ਦਾ ਮੋਹ ਵੀ ਸੀ ਜਿਹੜਾ ਗੁੱਝੀ ਰਮਜ਼ ਨਾਲ ਉਹਨਾਂ ਨੂੰ ਖਿੱਚ ਲਿਆਇਆ। ਇਹ ਸੰਨ 1998 ਸੀ ਤੇ ਉਹ ਚਾਰ ਸਾਲ ਪਿੱਛੋਂ ਪਹਿਲੀ ਵਾਰ ਮੁੜੇ ਸਨ।

ਪ੍ਰਕਾਸ਼ ਦੀ ਦੁਕਾਨ ਆ ਗਈ। ਦੁਕਾਨ ਜ਼ਰਾ ਉੱਚੀ ਸੀ। ਦੋ ਕੁ ਸਟੈੱਪ ਚੜ੍ਹ ਕੇ ਅੰਦਰ ਵੜਨਾ ਪੈਂਦਾ ਸੀ। ਹਰਬੰਸ ਨੇ ਜੀਤ ਦਾ ਹੱਥ ਫੜਿਆ ਅਤੇ ਉਸ ਨੂੰ ਸਹਾਰਾ ਦਿੱਤਾ ਤਾਂਕਿ ਉਸ ਦਾ ਪੈਰ ਕਿਤੇ ਏਧਰ-ਓਧਰ ਥਿੜਕ ਨਾ ਜਾਏ। ਸੰਨ 1991 ਵਿੱਚ ਜੀਤ ਦੇ ਦਿਲ ਦੀ ਸਰਜਰੀ ਹੋਈ ਸੀ। ਹਰਬੰਸ ਤਦ ਤੋਂ ਉਸ ਦਾ ਬਾਹਲਾ ਹੀ ਧਿਆਨ ਰੱਖਣ ਲੱਗ ਪਈ ਸੀ।

ਦੋਵੇਂ ਜਣੇ ਦੁਕਾਨ ਦੇ ਅੰਦਰ ਵੜੇ। ਮੂਹਰੇ ਕਾਊਂਟਰਾਂ ਵਿੱਚ ਮਿਠਿਆਈਆਂ ਲੱਗੀਆਂ ਹੋਈਆਂ ਸਨ। ਕਾਊਂਟਰ ਦੋ ਸਨ। ਗਾਹਕਾਂ ਦੇ ਲੰਘਣ ਲਈ ਅੰਦਰ ਨੂੰ ਜਾਣ ਦਾ ਰਸਤਾ ਕਾਊਂਟਰਾਂ ਦੇ ਵਿਚਕਾਰਦੀ ਸੀ। ਜੀਤ ਅਤੇ ਹਰਬੰਸ ਉਸ ਰਸਤੇ ਥਾਣੀਂ ਅਗਾਂਹ ਹੋ ਤੁਰੇ। ਆਸੀਂ-ਪਾਸੀਂ ਪਰਦੇਦਾਰ ਬਾਕਸ ਗਾਹਕਾਂ ਨਾਲ ਭਰੇ ਪਏ ਸਨ। ਖਿੜ-ਖਿੜ ਕਰਦਾ ਹਾਸਾ ਛਣਕ ਰਿਹਾ ਸੀ। ਉਹ ਉਹਨਾਂ ਨੂੰ ਲੰਘ ਗਏ। ਅਖ਼ੀਰ ਵਿੱਚ ਸੱਜੇ ਪਾਸੇ ਨੂੰ ਮੁੜ ਕੇ ਇੱਕ ਫੂਡ ਕੋਰਟ (ਖਾਣ-ਪੀਣ ਲਈ ਖੁੱਲ੍ਹਾ ਹਾਲ) ਵਿੱਚ ਦਾਖ਼ਲ ਹੋਏ। ਮੇਜ਼ਾਂ ਦੁਆਲੇ ਕੁਰਸੀਆਂ ਅਲੱਗ-ਅਲੱਗ ਘੇਰਿਆਂ ਵਿੱਚ ਲੱਗੀਆਂ ਹੋਈਆਂ ਸਨ। ਫੂਡ ਕੋਰਟ ਵਿੱਚ ਗਹਿਮਾ-ਗਹਿਮ ਸੀ। ਜੋੜੇ ਬੈਠੇ ਸਨ, ਪਰਵਾਰ ਬੈਠੇ ਸਨ ਤੇ ਕਈ ਵਿਚਾਰੇ ’ਕੱਲੇ ਬੈਠੇ ਸਨ। ਸਾਰਿਆਂ ਦੇ ਚਿਹਰਿਆਂ ਉੱਤੇ ਰੌਣਕ ਭਰੀ ਲਾਲੀ ਦਿਖਾਈ ਦਿੰਦੀ ਸੀ। ਖਾਂਦੇ-ਪੀਂਦੇ ਸਭ ਮਜ਼ੇ ਲੈ ਰਹੇ ਸਨ। ਵੇਟਰ ਫੁਰਤੀ ਨਾਲ ਗਾਹਕਾਂ ਕੋਲ ਪਹੁੰਚ ਕਰ ਰਹੇ ਸਨ। ਅੱਡ-ਅੱਡ ਖਾਣਿਆਂ ਦੀਆਂ ਖ਼ੁਸ਼ਬੋਆਂ ਆ ਰਹੀਆਂ ਸਨ। ਲੱਗਦਾ, ਮੂੰਹ ਵਿੱਚ ਪਾਣੀ ਆਏ ਬਿਨਾਂ ਨਹੀਂ ਰਹਿ ਸਕਦਾ। ਜੀਤ ਅਤੇ ਹਰਬੰਸ ਇੱਕ ਵਿਹਲੇ ਮੇਜ਼ ਦੁਆਲੇ ਪਈਆਂ ਕੁਰਸੀਆਂ ਵਿੱਚ ਬੈਠ ਗਏ। ਝੱਟਪੱਟ ਵੇਟਰ ਆਇਆ ਅਤੇ ਟੇਬਲ ਉੱਤੇ ਮੀਨੂ (ਭੋਜਨ ਸੂਚੀ) ਦਾ ਚਾਰਟ ਰੱਖ ਕੇ ਚਲਿਆ ਗਿਆ। ਵੇਟਰਾਂ ਵਿੱਚ ਕੁੜੀਆਂ ਕੋਈ ਨਹੀਂ ਸਨ। ਸ਼ਾਇਦ ਪੱਛਮੀ ਸੱਭਿਅਤਾ ਹਾਲੇ ਓਥੇ ਤੱਕ ਆਪਣਾ ਹੱਥ ਨਹੀਂ ਪਾ ਸਕੀ ਸੀ।

ਜੀਤ ਨੇ ਮੀਨੂ ਵਾਲਾ ਗੱਤਾ ਚੁੱਕਿਆ ਤੇ ਸਰਸਰੀ ਜਿਹੀ ਨਜ਼ਰ ਮਾਰ ਕੇ ਬੋਲਿਆ:

“ਦੱਸ ਫਿਰ ਕੀ ਖਾਣਾ?”

“ਮੈਂ ਉਹੀ ਕੁਝ ਖਾਊਂ ਜੋ ਤੁਹਾਨੂੰ ਪਸੰਦ ਆ,” ਹਰਬੰਸ ਨੇ ਉੱਤਰ ਦਿੱਤਾ।

“ਮੈਂ ਤਾਂ ਛੋਲੇ ਭਠੂਰੇ ਪਸੰਦ ਕਰਦਾਂ।”

“ਚਲੋ, ਅੱਜ ਏਹੀ ਤੁਹਾਡੀ ਪਸੰਦ ਖਾਈਏ।”

ਵੇਟਰ ਛੇਤੀ ਹੀ ਵਾਪਸ ਆ ਗਿਆ।

“ਹਾਂ, ਸਰਦਾਰ ਜੀ ਕੀ ਖਾਓਗੇ?”

“ਬਈ, ਦੋ ਪਲੇਟਾਂ ਛੋਲੇ ਭਠੂਰੇ।”

ਵੇਟਰ ਆਰਡਰ ਲੈ ਕੇ ਚਲਿਆ ਗਿਆ।

“ਤੈਨੂੰ ਪਤਾ, ਕਨੇਡਾ ਤੋਂ ਕੀ ਕਹਿ ਕੇ ਤੁਰੇ ਸੀ?” ਜੀਤ ਹਰਬੰਸ ਵੱਲ ਪਿਆਰ ਭਰੀ ਤੱਕਣੀ ਨਾਲ ਝਾਕ ਕੇ ਬੋਲਿਆ।

“ਛੱਡੋ, ਐਵੇਂ ਹਮੇਸ਼ਾਂ ਮਖੌਲਾਂ ਵਿੱਚ ਨਾ ਪਿਆ ਕਰੋ।”

“ਮਖੌਲ ਕਾਹਦਾ। ਗੱਲ ਸੀਰੀਅਸ ਆ।”

“ਤੁਸੀਂ ਦੱਸੋ, ਹੁਣ ਆਪਾਂ ਚੰਗੇ ਲੱਗਦੇ ਆਂ?”

“ਚੰਗੇ ਨੂੰ ਕੀ ਆ, ਆਪਣੇ ਵਿਆਹ ਦਾ ਪੰਜਾਹਵਾਂ ਸਾਲ ਜਾ ਰਿਹਾ। ਗੋਲਡਨ ਵੈਡਿੰਗ ਆ। ਸਾਰੇ ਮਨਾਉਂਦੇ ਨੇ। ਇਹ ਕੋਈ ’ਨੋਖੀ ਗੱਲ ਆ?”

“ਤੁਸੀਂ ਤਾਂ ਜਿਹੜੀ ਗੱਲ ਮਨ ਵਿੱਚ ਬਣਾ ਲੈਂਦੇ ਓ, ਬੱਸ ਫੇਰ ਓਸ ਦੇ ਮਗਰ ਈ ਪੈ ਜਾਂਦੇ ਓ।”

“ਮੈਨੂੰ ਤਾਂ ਬੜਾ ਚਾਅ ਆ। ਤਕੜੀ ਵੱਡੀ ਪਾਰਟੀ ਕਰਾਂਗੇ। ਤਾਲੀਆਂ ਦੀ ਲੈਅ ਵਿੱਚ ਮੈਂ ਤੇਰੇ ਗਲ਼ ਵਿੱਚ ਹਾਰ ਪਾਊਂਗਾ ਤੇ ਤੂੰ ਮੇਰੇ ਗਲ਼ ਵਿੱਚ। ਮਿਊਜ਼ਿਕ ਨਾਲ ਗੀਤ ਗਾਉਣ ਵਾਲਿਆਂ ਦੀਆਂ ਧੁਨਾਂ ਮਾਹੌਲ ਸਰਸ਼ਾਰ ਕਰ ਦੇਣਗੀਆਂ। ਗਲਾਸ ਭਿੜਨਗੇ, ਭੰਗੜੇ ਪੈਣਗੇ। ਆਏ ਮਹਿਮਾਨ ਝੂਮ-ਝੂਮ ਨੱਚਣਗੇ। ਖਾਣ-ਪੀਣ ਦਾ ਖੁਲ੍ਹਾ ਦੌਰ ਚੱਲੂ।”

“ਹੋਰ ਨਾ ਕੁਝ। ਸ਼ਰਮ ਨੀਂ ਆਊ।”

“ਇਹ ਦੇ ਵਿੱਚ ਸ਼ਰਮ ਆਲੀ ਕਿਹੜੀ ਗੱਲ ਆ? ਸੰਨ ਅਠਤਾਲੀ ਯਾਦ ਆ। ਬੈਂਸ ਪਿੰਡ ਵਿੱਚ ਬੈਂਡ-ਵਾਜੇ ਵੱਜੇ ਸਨ। ਲਾਊਡਸਪੀਕਰ ਤੋਂ ਫ਼ਿਲਮੀ ਗਾਣੇ ਸੁਣ ਕੇ ਸਾਰਾ ਪਿੰਡ ਜੰਞ-ਘਰ’ਕੱਠਾ ਹੋ ਗਿਆ ਸੀ। ਕੋਰਿਆਂ ਉੱਤੇ ਬੈਠ ਕੇ ਜੰਞ ਨੇ ਰੋਟੀ ਖਾਧੀ ਸੀ। ਦੇਸੀ ਘਿਓ ਦੇ ਲੱਡੂ-ਜਲੇਬੀਆਂ ਦੀ ਖ਼ੁਸ਼ਬੂ ਦੂਰ-ਦੂਰ ਤੱਕ ਲਪਟਾਂ ਮਾਰ ਰਹੀ ਸੀ। ਕੁੜੀਆਂ ਨੇ ਜੰਞ ਬੰਨ੍ਹੀ ਸੀ। ਬੰਨ੍ਹੀ ਸੀ ਕਿ ਨਹੀਂ? ਸੁਰਿੰਦਰ, ਮੇਰੀ ਉਮਰ ਦਾ ਮਾਮਾ ਸੀ। ਥਾਲੀ ਰੁਮਾਲ ਨਾਲ ਢੱਕ ਕੇ ਜੰਞ ਛਡਾਉਣ ਲਈ ਖੜ੍ਹਾ ਹੋਇਆ ਸੀ। ਐਵੇਂ-ਮਿੱਚੀ ਪਹਿਲਾ ਬੋਲ ਕੱਢਿਆ ਹੀ ਸੀ, ਵਿੱਚੋਂ ਸਿਆਣੇ ਕਹਿਣ ਲੱਗੇ, ‘ਬਹਿ ਜਾ ਕਾਕਾ, ਬਹਿ ਜਾ।’ ਤੇ ਬੰਨ੍ਹੀ ਜੰਞ ਛੁੱਟ ਗਈ। ਤੂੰ ਪਿੱਛੇ ਬੈਠੀ ਲੁਕੀ ਸਭ ਦੇਖ ਰਹੀ ਸੀ। ਯਾਰਾਂ ਦੀ ਵੀ ਅੱਖ ਐਵੇਂ-ਕਿਵੇਂ ਨਹੀਂ ਸੀ। ਤੈਨੂੰ ਬੈਠੀ ਨੂੰ ਝੱਟ ਲੱਭ ਲਿਆ ਸੀ। ‘ਗੁੱਝੀ ਰਹੇ ਨਾ ਹੀਰ ਹਜ਼ਾਰ ਵਿੱਚੋਂ।’ ਕੁੜੀਆਂ ਗਾ-ਗਾ ਸਿੱਠਣੀਆਂ ਦੇ ਰਹੀਆਂ ਸਨ।

ਮੇਰੇ ਫੁੱਫੜ ਨੇ ਉੱਠ ਕੇ ਕਿਉੜਾ ਛਿੜਕਿਆ ਸੀ। ਯਾਦ ਆ ਕਿ ਨਹੀਂ?”

“ਦੂਰ ਰਹੀਆਂ ਉਹ ਗੱਲਾਂ।” ਹਰਬੰਸ ਦੀਆਂ ਅੱਖਾਂ ਵਿੱਚ ਚਮਕ ਸੀ।

“ਆਪਾਂ ਐਤਕੀਂ ਉਹ ਗੱਲਾਂ ਨੇੜੇ ਲਿਆਉਣੀਆਂ ਨੇ।” ਜੀਤ ਵੀ ਮੁਸ਼ਕੜੀਂ ਹੱਸ ਰਿਹਾ ਸੀ।

ਏਨੇ ਨੂੰ ਵੇਟਰ ਆ ਗਿਆ। ਗਰਮਾ-ਗਰਮ ਛੋਲੇ ਭਠੂਰਿਆ ਦੀਆਂ ਲਪਟਾਂ ਮਾਰਦੀਆਂ ਪਲੇਟਾਂ ਉਹਨਾਂ ਦੇ ਮੂਹਰੇ ਰੱਖੀਆਂ ਤੇ ਬੋਲਿਆ,

“ਅੱਛਾ, ਸਾਹਬ ਜੀ, ਕੀ ਪੀਓਂਗੇ?”

“ਦੱਸ, ਕੀ ਪੀਣਾ ਚਾਹੁੰਦੀ ਆਂ?” ਜੀਤ ਨੇ ਹਰਬੰਸ ਦਾ ਹੱਥ ਘੁੱਟ ਕੇ ਪੁੱਛਿਆ।

“ਆਪਾਂ ਨੂੰ ਓਪਰੇ ਪਾਣੀ ਤੋਂ ਬਚਣਾ ਚਾਹੀਦਾ। ਸਾਰੇ ਕਹਿੰਦੇ ਨੇ ਬਈ ਪਾਣੀ ਗਰਮ ਕਰੋ ਤੇ ਠੰਡਾ ਕਰ ਕੇ ਪੀਓ। ਆਪਾਂ ਨੂੰ ਮਗਰੋਂ ਚਾਹ ਪੀਣੀ ਚਾਹੀਦੀ ਆ।”

“ਤੇਰੀ ਗੱਲ ਠੀਕ ਆ। ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ।”

“ਹਾਂ ਬਾਬੂ ਜੀ, ਦੋ ਕੱਪ ਗਰਮਾ-ਗਰਮ ਮਸਾਲੇਦਾਰ ਚਾਹ। ਖੰਡ ਘੱਟ ਪਰ ਜ਼ਰਾ ਠਹਿਰ ਕੇ ਲਿਆਈਂ, ਸਾਨੂੰ ਖਾ ਲੈਣ ਦਿਓ।” ਜੀਤ ਨੇ ਵੇਟਰ ਦਾ ਮਾਣ ਕਰਦੇ ‘ਬਾਬੂ ਜੀ’ ਕਹਿ ਕੇ ਪੁਕਾਰਿਆ।

ਵੇਟਰ ਦੇ ਜਾਣ ਪਿੱਛੋਂ ਜੀਤ ਹਰਬੰਸ ਨੂੰ ਬੋਲਿਆ:

“ਕਿਵੇਂ ਲੱਗੇ ਨੇ ਛੋਲੇ ਭਠੂਰੇ। ਐਡਮਿੰਟਨ ਵੀ ਸਮੋਸਾ ਹੱਟ ਵਿੱਚ ਖਾਣ ਜਾਂਦੇ ਸੀ।”

“ਲੱਗਦੇ ਤਾਂ ਸੁਆਦ ਨੇ। ਇਹਨਾਂ ਦੀ ਆਪਣੀ ਰੈਸਪੀ ਆ ਤੇ ਉਹਨਾਂ ਦੀ ਆਪਣੀ।”

ਹਰਬੰਸ ਥੋੜ੍ਹਾ ਚਿਰ ਚੁੱਪ ਰਹਿ ਕੇ ਫਿਰ ਬੋਲੀ, “ਐਡਮਿੰਟਨ ਦੇ ਆਪਣੇ ਮਜ਼ੇ ਨੇ। ਤੁਹਾਨੂੰ ਪਤਾ, ਤੀਆਂ ਦਾ ਮੇਲਾ ਸੀ। ਲੇਡੀਜ਼ ਦੀ ਦੌੜ ਹੋਈ। ਮੈਂ ਵੀ ਖੜ੍ਹੀ-ਖੜ੍ਹੀ ਵਿੱਚ ਸ਼ਾਮਲ ਹੋ ਗਈ। ਲਓ, ਤੀਜੇ ਨੰਬਰ ’ਤੇ ਆਈ। ਮੈਨੂੰ ਇੱਕ ਮੈਡਲ ਮਿਲਿਆ। ਮੈਂ ਬਹੁਤ ਖ਼ੁਸ਼ ਹੋਈ। ਉਹ ਮੈਡਲ ਮੈਂ ਤੁਹਾਨੂੰ ਵੀ ਦਿਖਾਇਆ ਸੀ।”

ਦੋਵੇਂ ਜਣੇ ਖਾ ਵੀ ਰਹੇ ਸਨ ਅਤੇ ਗੱਲਾਂ ਵੀ ਕਰ ਰਹੇ ਸਨ। ਏਨੇ ਨੂੰ ਬਾਹਰੋਂ ਰੌਲੇ-ਰੱਪੇ ਦੀ ਅਵਾਜ਼ ਆਈ। ਅੰਦਰ ਬੈਠੇ ਸਾਰੇ ਲੋਕਾਂ ਨੇ ਕੰਨ ਖੜ੍ਹੇ ਕਰ ਲਏ। ਬਾਹਰੋਂ ਆਉਂਦੇ ਕਿਸੇ ਗਾਹਕ ਨੇ ਦੱਸਿਆ, “ਇੱਕ ਦਸ-ਬਾਰਾਂ ਸਾਲ ਦਾ ਮੁੰਡਾ ਇੱਕ ਲੇਡੀ ਦਾ ਪਰਸ ਖੋਹ ਕੇ ਨੱਠ ਗਿਆ। ਫੜੋ-ਫੜੋ ਦੇ ਰੌਲੇ ਵਿੱਚ ਉਹ ਮੁੰਡਾ ਕਿਤੇ ਦਾ ਕਿਤੇ ਨਿਕਲ ਗਿਆ। ਮੋਢੇ ਨਾਲ ਮੋਢਾ ਖਹਿੰਦਾ। ਭੀੜ ਦਾ ਇਹ ਹਾਲ ਆ। ਮੁੰਡਾ ਭਲਾ ਲੱਭਦਾ? ਭਾਵੇਂ ਉਹ ਪੁਲਸ ਨਾਲ ਹੀ ਰਲਿਆ ਹੋਵੇ। ਹੁਣ ਪੁਲਸ ਐਵੇਂ ਡੰਡੇ ਖੜਕਾਉਂਦੀ ਫਿਰਦੀ ਆ।”

ਵੇਟਰ ਫਿਰ ਆਇਆ। ਉਸ ਨੇ ਪੁੱਛਿਆ, “ਸਾਹਬ ਜੀ, ਹੋਰ ਕੁਝ।”

ਜੀਤ ਨੇ ਕਿਹਾ, “ਬੱਸ ਬਈ, ਹੁਣ ਚਾਹ ਲਿਆ।”

ਚਾਹ ਆ ਗਈ। ਦੋਵੇਂ ਚੁਸਕੀਆਂ ਭਰ-ਭਰ ਪੀਣ ਲੱਗੇ। ਏਨੇ ਨੂੰ ਕਿਸੇ ਨੇ ਆ ਸਤਿ ਸ੍ਰੀ ਅਕਾਲ ਬੁਲਾਈ। ਦੋਵੇਂ ਜੀਅ ਨਵੀਂ ਆਈ ਜੋੜੀ ਨੂੰ ਦੇਖ ਕੇ ਬਾਗ਼ੋ-ਬਾਗ਼ ਹੋ ਗਏ। ਇਹ ਹਰਬੰਸ ਦੀ ਮਾਸੀ ਦਾ ਮੁੰਡਾ ਮਹਿਰਮ ਸੀ ਅਤੇ ਨਾਲ ਉਸ ਦੀ ਪਤਨੀ ਸੁਰਿੰਦਰ ਸੀ। ਮਹਿਰਮ ਬੋਲਿਆ:“ਭੈਣ ਜੀ, ਤੁਸੀ ਕਦੋਂ ਆ ਗਏ? ਤੁਸੀਂ ਕੁਝ ਦੱਸਿਆ ਈ ਨਹੀਂ। ਅਸੀਂ ਦੋਵੇਂ ਤੁਹਾਨੂੰ ਬੈਠਿਆਂ ਦੇਖ ਕੇ ਹੈਰਾਨ ਹੋ ਗਏ। ਹੋਰ ਤਾਂ ਸੁੱਖ-ਸਾਂਦ ਆ। ਤੁਹਾਡੀ ਸਿਹਤ ਠੀਕ ਆ?”

ਚਾਰੇ ਜਣੇ ਬੜੇ ਤਪਾਕ ਨਾਲ ਇੱਕ ਦੂਜੇ ਨੂੰ ਮਿਲੇ। ਮਹਿਰਮ ਅਤੇ ਉਸ ਦੀ ਪਤਨੀ ਓਸੇ ਮੇਜ਼ ਦੁਆਲੇ ਪਈਆਂ ਖ਼ਾਲੀ ਕੁਰਸੀਆਂ ਵਿੱਚ ਬੈਠ ਗਏ।

“ਵੀਰ, ਅਸੀਂ ਚਾਰ ਨਵੰਬਰ ਨੂੰ ਪਹੁੰਚੇ ਸੀ। ਹਾਲੇ ਘਰ ਨੂੰ ਸੈੱਟ ਕਰਨ ਵਿੱਚ ਲੱਗੇ ਹੋਏ ਆਂ। ਵੀਰ ਗੁਰਦੇਵ ਨੇ ਸਾਡੇ ਆਉਣ ਤੋਂ ਪਹਿਲਾਂ ਸਾਰੇ ਘਰ ਨੂੰ ਰੰਗ-ਰੋਗ਼ਨ ਕਰਵਾ ਦਿੱਤਾ ਸੀ। ਰਹੀ ਗੱਲ ਸਿਹਤ ਦੀ। ਇਹਨਾਂ ਦੀ ਸਿਹਤ ਠੀਕ ਰਹਿੰਦੀ ਆ। ਕਿਸੇ ਕਿਸਮ ਦੀ ਤਕਲੀਫ਼ ਨੀਂ। ਐਡਮਿੰਟਨ ਵਿੱਚ ਅਲਬਰਟਾ ਸਰਕਾਰ ਵੱਲੋਂ ਡਾਕਟਰਾਂ ਅਤੇ ਦਵਾਈਆਂ ਦਾ ਬਹੁਤ ਚੰਗਾ ਪ੍ਰਬੰਧ ਆ। ਮੈਂ ਕੁਝ ਪੰਦਰਾਂ ਕੁ ਦਿਨਾਂ ਤੋਂ ਕਮਜ਼ੋਰੀ ਬਹੁਤ ਮਹਿਸੂਸ ਕਰਦੀ ਆਂ। ਮੇਰਾ ਖ਼ਿਆਲ ਆ ਇੱਕ ਦੋ ਹਫ਼ਤਿਆ ਵਿੱਚ ਅਰਾਮ ਕਰਨ ਨਾਲ ਠੀਕ ਹੋਜੂੰ। ਦੁਖਦਾ ਕੁਝ ਨੀਂ। ਤੁਸੀਂ ਦੱਸੋ, ਸਾਰਾ ਪਰਵਾਰ ਤਾਂ ਠੀਕ-ਠਾਕ ਆ?” ਹਰਬੰਸ ਨੇ ਛੇਤੀ-ਛੇਤੀ ਉੱਤਰ ਦੇਣ ਦੀ ਕੋਸ਼ਸ ਕੀਤੀ। ਜੀਤ ਵੀ ਵਿੱਚੇ ਹਾਂ ਨਾਲ ਹਾਂ ਮਿਲਾਉਂਦਾ ਹੁੰਘਾਰਾ ਭਰਦਾ ਰਿਹਾ।

ਮਿਲਣ-ਗਿਲਣ ਪਿੱਛੋਂ ਮਹਿਰਮ ਨੇ ਵੇਟਰ ਨੂੰ ਬਰਫੀ, ਰਸਗੁੱਲੇ, ਸਮੋਸੇ ਅਤੇ ਚਾਹ ਦਾ ਆਰਡਰ ਦਿੱਤਾ।

“ਭੈਣ ਜੀ, ਕੁਝ ਕਨੇਡਾ ਦੀ ਗੱਲ ਸੁਣਾਓ। ਤੁਹਾਡੀ ਕਿਵੇਂ ਗੁਜ਼ਰਾਨ ਹੋ ਰਹੀ ਆ? ਕਹਿੰਦੇ ਨੇ ਕਨੇਡਾ ਵਿੱਚ ਬੁੱਢਿਆਂ ਦਾ ਕੋਈ ਚੰਗਾ ਹਾਲ ਨੀਂ।” ਮਹਿਰਮ ਨੇ ਆਪਣੀ ਉਤਸੁਕਤਾ ਜ਼ਾਹਰ ਕੀਤੀ।

“ਵੀਰ ਜੀ, ਘਰ-ਘਰ ਦੀ ਕਹਾਣੀ ਆ। ਸਾਰਿਆਂ ਨੂੰ ਤਾਂ ਇੱਕੋ ਰੱਸੇ ਨਹੀਂ ਬੰਨ੍ਹ ਸਕਦੇ। ਰਹੀ ਗੱਲ ਸਾਡੀ, ਅਸੀਂ ਮਜ਼ੇ ਨਾਲ ਰਹਿ ਰਹੇ ਹਾਂ। ਪੁੱਤਰ ਬਿਨਾਂ ਕਹੇ ਹਰ ਮਹੀਨੇ ਜੇਬ ਖਰਚ ਲਈ ਮੇਜ਼ ਉੱਤੇ ਦੋ-ਤੰਨ ਸੌ ਡਾਲਰ ਧਰ ਜਾਂਦਾ। ਭਲਾ ਅਸੀਂ ਕਿੱਥੇ ਖਰਚ ਕਰਨੇ ਨੇ? ਇਹ ਥੋੜ੍ਹੇ ਜਿਹੇ ਡਾਲਰ ਰੱਖ ਕੇ ਬਾਕੀ ਬੈਂਕ ਜਮ੍ਹਾ ਕਰਾ ਆਉਂਦੇ ਨੇ। ਕਨੇਡਾ ਪਹੁੰਚਦੇ ਸਾਰ ਮੁੰਡਾ ਆਪਣੇ ਪਾਪਾ ਨੂੰ ਨਾਲ ਲੈ ਗਿਆ ਅਤੇ ਮਾਂਟਰੀਆਲ ਬੈਂਕ ਵਿੱਚ ਇਹਨਾਂ ਦਾ ਹਿਸਾਬ ਖੁਲ੍ਹਵਾ ਦਿੱਤਾ ਤੇ ਪੰਜ ਹਜ਼ਾਰ ਡਾਲਰ ਜਮ੍ਹਾ ਕਰਾ ਦਿੱਤੇ। ਕਹਿਣ ਲੱਗਾ ਬਈ ਆਪੇ ਕਢਾਓ ਤੇ ਆਪੇ ਖ਼ਰਚ ਕਰੋ। ਖਾਣ ਪੀਣ ਦਾ ਘਾਟਾ ਕੋਈ ਨਹੀਂ। ਇਹ ਆਥਣ ਨੂੰ ਹਰ ਰੋਜ਼ ਆਪਣਾ ਪੈੱਗ ਲਾ ਲੈਂਦੇ ਨੇ। ਅਲਮਾਰੀ ਵਿੱਚ ਕਿਸਮ-ਕਿਸਮ ਦੀ ਵਿਸਕੀ ਪਈ ਹੁੰਦੀ ਆ। ਇਹ ਬਜ਼ੁਰਗਾਂ ਦੀ ਸੁਸਾਇਟੀ ਚਲੇ ਜਾਂਦੇ ਨੇ। ਜਾਂਦਿਆਂ ਸਾਰ ਸੁਸਾਇਟੀ ਦੇ ਪ੍ਰਧਾਨ, ਬਸਾਹਤੀ ਸਾਹਬ ਨੇ ਇਹਨਾਂ ਨੂੰ ਆਪਣੀ ਪ੍ਰਬੰਧਕੀ ਕਮੇਟੀ ਵਿੱਚ ਲੈ ਲਿਆ ਤੇ ਖ਼ਜ਼ਾਨਚੀ ਬਣਾ ਦਿੱਤਾ। ਬੱਸ ਦੋ ਦੂਣੀ ਚਾਰ ਵਿੱਚ ਲੱਗੇ ਰਹਿੰਦੇ ਨੇ। ਸੁਸਾਇਟੀ ਵਾਲੇ ਸਾਰੇ ਇਹਨਾਂ ਨੂੰ ਬਹੁਤ ਮਾਣ ਦਿੰਦੇ ਨੇ।”

ਵੇਟਰ ਮਿਠਿਆਈਆਂ ਆਦਿ ਲੈ ਆਇਆ। ਇਕੱਠੇ ਖਾਣ-ਪੀਣ ਅਤੇ ਸ਼ੁਗ਼ਲ ਵਿੱਚ ਰੁੱਝ ਗਏ। ਹਰਬੰਸ ਅਤੇ ਜੀਤ ਤਾਂ ਪਹਿਲਾਂ ਹੀ ਰੱਜੇ ਹੋਏ ਸਨ। ਉਹ ਮਿਠਿਆਈ ਵਿੱਚ ਐਵੇਂ ਚੁੰਝ ਮਾਰਦੇ ਰਹੇ।

ਮਹਿਰਮ ਦੀ ਪਤਨੀ ਸੁਰਿੰਦਰ ਬੋਲੀ, “ਤੇ ਭੈਣ ਜੀ, ਤੁਸੀਂ ਕਿਵੇਂ ਦਿਨ ਲੰਘਾਉਂਦੇ ਓ?”

“ਮੇਰਾ ਕੰਮ ਸੌਖਾ ਈ ਆ। ਮਾਲ਼ਾ ਰੱਖੀ ਹੋਈ ਆ। ਇਹਨਾਂ ਦਾ ਨਾਂ ਜਪੀ ਜਾਂਦੀ ਆਂ ਜਦੋਂ ਤੱਕ ਇਹ ਬਜ਼ੁਰਗਾਂ ਦੀ ਸੁਸਾਇਟੀ ਤੋਂ ਵਾਪਸ ਨੀਂ ਆਉਂਦੇ।” ਹਰਬੰਸ ਨੇ ਜਾਣ ਕੇ ਜੀਤ ਨੂੰ ਛੇੜਿਆ।

ਜੀਤ ਬੋਲ ਪਿਆ, “ਕਿਉਂ ਮੈਂ ਰੱਬ ਆਂ?”

“ਹੋਰ ਕੀ? ਤੁਸੀਂ ਮੇਰੇ ਭਗਵਾਨ ਹੋ।”

“ਮਹਿਰਮ ਜੀ ਤੇ ਭੈਣ ਜੀ ਨਾਲ ਗੱਲ ਸਿੱਧੀ ਕਰ, ਐਵੇਂ ਬਾਤਾਂ ਨਾ ਪਾਈ ਜਾ। ਮੈਂ ਦੱਸਾਂ ਕੀ ਕਰਦੀ ਆ? ਵਿਸਕੀ ਦਾ ਗਲਾਸ ਭਰ ਲੈਂਦੀ ਆ ਤੇ ਨਾਲ-ਨਾਲ ਚਿਕਨ ਲੈੱਗਜ਼ ਖਾਈ ਜਾਂਦੀ ਆ। ਦੇਖਿਆ ਨੀਂ, ਖਾ-ਖਾ ਭੜੋਲਾ ਬਣ ਗਈ ਆ।” ਜੀਤ ਨੇ ਮਖੌਲੀਆ ਲਹਿਜੇ ਵਿੱਚ ਕਿਹਾ।

“ਰੱਬ ਦਾ ਕੋਈ ਡਰ ਹੈ ਕਿ ਨਹੀਂ? ਐਨਾ ਝੂਠ! ਉੱਤੇ ਰੱਬ ਦੇਖਦਾ। ਮੈਂ, ਭੈਣ ਜੀ, ਰਸੋਈ ਦਾ ਕੰਮ ਕਰ ਲਿਆ। ਸਵੈਟਰ ਬੁਣ ਲਈ। ਬੁਣਨ ਦਾ ਮੈਨੂੰ ਸ਼ੌਕ ਆ। ਸੁਖਮਨੀ ਸਾਹਿਬ ਦਾ ਪਾਠ ਕਰ ਲਿਆ। ਆਥਣ ਇਹ ਆ ਜਾਂਦੇ ਨੇ। ਫਿਰ ਅਸੀਂ ਦੋਵੇਂ ਸੈਰ ਲਈ ਨਿਕਲ ਜਾਂਦੇ ਆਂ। ਸੈਰ ਪਿੱਛੋਂ ਇਹ ਘਰ ਚਲੇ ਜਾਂਦੇ ਨੇ। ਘਰ ਦੇ ਨੇੜੇ ਸਕੂਲ ਕੋਲ ਹਰੇ ਘਾਹ ਨਾਲ ਭਰੇ ਇੱਕ ਟਿੱਬੇ ਉੱਤੇ ਬੈਂਚ ਲੱਗੇ ਹੋਏ ਨੇ। ਕੋਲੇ ਝੂਲਿਆਂ ਉੱਤੇ ਨਿਆਣੇ ਖੇਡਦੇ ਫਿਰਦੇ ਹੁੰਦੇ ਹਨ। ਓਥੇ ਆਸੇ-ਪਾਸੇ ਦੀਆਂ ਸਾਡੀ ਉਮਰ ਦੀਆਂ ਲੇਡੀਜ਼ ਬੈਂਚਾਂ ਉੱਤੇ ਬੈਠੀਆਂ ’ਕੱਠੀਆਂ ਹੋਈਆਂ ਹੁੰਦੀਆਂ ਨੇ। ਗੋਰੇ ਉਸ ਟਿੱਬੇ ਨੂੰ ਹਿੱਲ ਕਹਿੰਦੇ ਨੇ। ਮੈਂ ਵੀ ਉਹਨਾਂ ਕੋਲ ਜਾ ਬੈਠਦੀ ਆਂ। ਬੱਸ ਗੱਪਸ਼ੱਪ ਲਾਈ ਤੇ ਘਰ ਮੁੜ ਆਏ। ਇਸ ਤਰ੍ਹਾਂ ਦਿਨ ਲੰਘ ਗਿਆ। ਕਿਤੇ-ਕਿਤੇ ਅਸੀਂ ਵੱਡੇ-ਵੱਡੇ ਮਾਲਾਂ ਵਿੱਚ ਚਲੇ ਜਾਂਦੇ ਆਂ। ਮਾਲ ਕਾਹਦੇ ਨੇ? ਸੁਰਗ ਦਾ ਝੂਟਾ ਨੇ। ਵੈਸਟ ਐਡਮਿੰਟਨ ਮਾਲ ਤਾਂ ਇੱਕ ਅਜੂਬਾ ਈ ਆ। ਬਹੁਤ ਖ਼ੂਬਸੂਰਤ ਵੱਡਾ ਸਾਰਾ ਮਾਲ ਆ। ਵਿੱਚ ਵੱਡੀ ਸਾਰੀ ਬਣਾਉਟੀ ਲੇਕ ਬਣੀ ਹੋਈ ਆ। ਬਹੁਤ ਲੋਕ ਨ੍ਹਾਉਂਦੇ ਮਜ਼ਾ ਲੈ ਰਹੇ ਹੁੰਦੇ ਨੇ। ਮਾਲ ਦੇ ਵਿਚਕਾਰ ਆਈਸ ਰਿੰਕ ਆ। ਛੋਟੇ-ਵੱਡੇ, ਬੱਚੇ-ਬੁੱਢੇ, ਮਰਦ-ਔਰਤਾਂ ਸਕੇਟਿੰਗ ਕਰਦੇ ਸੁੰਦਰ ਨਜ਼ਾਰਾ ਬੰਨ੍ਹਦੇ ਨੇ। ਭਾਵੇਂ ਘੰਟਿਆਂ ਬੱਧੀ ਦੇਖਦੇ ਰਹੋ। ਫੂਡ ਕੋਰਟਾਂ ਵਿੱਚ ਬੜੀ ਰੌਣਕ ਹੁੰਦੀ ਆ। ਅਸੀਂ ਚਿਕਨ ਨਗਿਟਸ (ਚਿਕਨ ਦੇ ਪਕੌੜੇ) ਤੇ ਚਾਹ ਲੈ ਲੈਂਦੇ ਆਂ, ਤੇ ਫੂਡ ਕੋਰਟ ਵਿੱਚ ਬੈਠ ਕੇ ਮਜ਼ੇ ਨਾਲ ਖਾਂਦੇ ਹਾਂ। ਚਾਰ ਪੰਜ ਘੰਟੇ ਸੌਖੇ ਹੀ ਲੰਘ ਜਾਂਦੇ ਨੇ। ਮਾਲਾਂ ਦੇ ਸਟੋਰਾਂ ਵਿੱਚ ਫਿਰ ਕੇ ਜੋ ਮਰਜ਼ੀ ਖ਼ਰੀਦ ਲਓ। ਪੈਸੇ ਵਾਲਿਆ, ਬੜੀ ਬਹਾਰ ਆ।” ਹਰਬੰਸ ਨੇ ਆਪਣੀ ਕਹਾਣੀ ਮੁਕਾਈ।

“ਨਾਲ ਇਹ ਵੀ ਦੱਸ ਕਿ ਮੈਂ ਨੂੰਹ ਰਾਣੀ ਤੋਂ ਬਹੁਤ ਕੰਨ ਭੰਨਦੀ ਆਂ,” ਜੀਤ ਨੇ ਚੋਭ ਲਾ ਕੇ ਗੱਲ ਕੀਤੀ।

“ਆਹੋ ਭੈਣ ਜੀ, ਆਪਣਾ ਘਰ ਆ, ਜਿਵੇਂ ਸੂਤ ਬੈਠੇ, ਓਵੇਂ ਆਪਣੇ ਆਪ ਨੂੰ ਢਾਲ ਲੈਣਾ ਸਿਆਣਪ ਦੀ ਗੱਲ ਹੁੰਦੀ ਆ। ਘਰ ਵਿੱਚ ਸ਼ਾਂਤੀ ਬਹੁਤ ਜ਼ਰੂਰੀ ਆ,” ਹਰਬੰਸ ਨੇ ਆਪਣੀ ਸਿਆਣਪ ਦਾ ਸਬੂਤ ਦਿੱਤਾ।

ਖਾ-ਪੀ ਕੇ ਸਾਰਿਆਂ ਦੀ ਤਸੱਲੀ ਹੋ ਗਈ ਤੇ ਗੱਲਾਂ ਖ਼ਤਮ ਹੋਈਆਂ। ਸਾਰੇ ਜਣੇ ਉੱਠ ਕੇ ਕਾਊਂਟਰ ’ਤੇ ਆ ਖੜ੍ਹੇ ਹੋਏ। ਇੱਕ ਕਹੇ ਮੈਂ ਬਿੱਲ ਦੇਣਾ, ਦੂਜਾ ਕਹੇ ਮੈਂ ਦੇਣਾ। ਆਖ਼ਰ ਮਹਿਰਮ ਨੇ ਜ਼ੋਰ ਪਾ ਲਿਆ ਤੇ ਬਿੱਲ ਦਾ ਭੁਗਤਾਨ ਕਰ ਦਿੱਤਾ।

ਦੋਵੇਂ ਪਰਵਾਰ ਵਿੱਛੜੇ। ਮਹਿਰਮ ਹੁਰਾਂ ਦੇ ਜਾਣ ਪਿੱਛੋਂ ਹਰਬੰਸ ਬੋਲੀ, “ਜੀ, ਮੈਂ ਤਾਂ ਬਹੁਤ ਕਮਜ਼ੋਰੀ ਮਹਿਸੂਸ ਕਰਦੀ ਆਂ।”

“ਚੰਗਾ, ਫਿਰ ਆਪਾਂ ਘਰ ਮੁੜ ਚੱਲਦੇ ਆ। ਤੁਸੀਂ ਅਰਾਮ ਕਰ ਲਿਓ। ਆਪਾਂ ਨੂੰ ਕਿਸੇ ਡਾਕਟਰ ਕੋਲ ਜਾਣਾ ਚਾਹੀਦਾ ਆ।”

“ਡਾਕਟਰ ਦੀ ਕੀ ਲੋੜ ਆ? ਐਵੇਂ ਫ਼ਜ਼ੂਲ ਦੀਆਂ ਦਵਾਈਆਂ ਖਾਓ। ਮੈਨੂੰ ਏਥੇ ਦੇ ਡਾਕਟਰਾਂ ’ਤੇ ਭੋਰਾ ਭਰ ਵੀ ਇਤਬਾਰ ਨੀਂ। ਬੱਸ, ਕੁਝ ਦਿਨ ਅਰਾਮ ਕਰਨ ਨਾਲ ਠੀਕ ਹੋਜੂੰਗੀ।”

“ਮੈਨੂੰ ਤਾਂ ਫਿਕਰ ਲੱਗ ਗਿਆ ਆ। ਕਿਤੇ ਕੋਈ ਤਕਲੀਫ ਨਾ ਖੜ੍ਹੀ ਕਰ ਬੈਠੀਏ।”

“ਤੁਹਾਨੂੰ ਗੱਲ ਦੱਸਣ ਦਾ ਕੋਈ ਫੈਦਾ? ਐਵੈਂ ਬਾਤ ਦਾ ਬਤੰਗੜ ਬਣਾ ਕੇ ਦਿਲ ਨੂੰ ਲਾ ਬਹਿੰਦੇ ਓ।”

“ਅੱਛਾ ਫਿਰ ਦੱਸ ਕੀ ਕਰੀਏ?”

“ਲਾਗੇ ਪੰਜਾਬ ਬੂਟ ਹਾਊਸ ਆ। ਚਲੋ, ਆਪਾਂ ਓਥੇ ਕੁਲਦੀਪ ਨੂੰ ਮਿਲ ਆਈਏ। ਲਾਗਿਓਂ ਆ ਕੇ ਕੀ ਮੁੜਨਾ?”

ਦੋਵੇਂ ਓਧਰ ਨੂੰ ਚੌੜੇ ਬਜ਼ਾਰ ਵਿੱਚ ਤੁਰ ਪਏ। ਭੀੜ ਵਿੱਚ ਦੀ ਲੰਘਣਾ ਕਿਹੜਾ ਸੌਖਾ ਸੀ? ਦੋਵੇਂ ਪਾਸੇ-ਪਾਸੇ ਰਾਹ ਬਣਾਉਂਦੇ ਤੁਰਦੇ ਗਏ। ਬਜ਼ਾਰ ਦੇ ਦੋਨੋਂ ਪਾਸੀਂ ਫੱਲ-ਫਰੂਟਾਂ ਅਤੇ ਸਬਜ਼ੀਆਂ ਨਾਲ ਲੱਦੀਆਂ ਰੇੜ੍ਹੀਆਂ ਲੱਗੀਆਂ ਹੋਈਆਂ ਸਨ। ਰੇੜ੍ਹੀਆਂ ਦੇ ਮਾਲਕ ਉੱਚੀ-ਉੱਚੀ ’ਵਾਜਾਂ ਮਾਰ ਕੇ ਆਪਣੇ ਮਾਲ ਦੀ ਵਿਕਰੀ ਕਰ ਰਹੇ ਸਨ। ਜੀਤ ਨੇ ਹਰਬੰਸ ਦਾ ਹੱਥ ਸਹਾਰਾ ਦੇਣ ਲਈ ਫੜਿਆ ਹੋਇਆ ਸੀ।

ਦੋ ਕੁ ਦੁਕਾਨਾਂ ਛੱਡ ਕੇ ਪੰਜਾਬ ਬੂਟ ਹਾਊਸ ਆ ਗਿਆ। ਅੰਦਰ ਵੜੇ। ਦੁਕਾਨ ਵਿੱਚ ਗਾਹਕਾਂ ਦੀ ਗਹਿਮਾ-ਗਹਿਮ ਸੀ। ਲੇਡੀਜ਼ ਦਾ ਸੈਕਸ਼ਨ ਉੱਤੇ ਸੀ ਅਤੇ ਆਦਮੀਆਂ ਦਾ ਥੱਲੇ ਬੇਸਮੈਂਟ ਵਿੱਚ। ਉਹਨਾਂ ਨੇ ਕਿਸੇ ਮੁਲਾਜ਼ਮ ਨੂੰ ਕੁਲਦੀਪ ਬਾਰੇ ਪੁੱਛਿਆ। ਉਸ ਨੇ ਦੱਸਿਆ ਕਿ ਉਹ ਹੇਠਾਂ ਬੇਸਮੈਂਟ ਵਿੱਚ ਆ।

ਜੀਤ ਨੇ ਹਰਬੰਸ ਦਾ ਹੱਥ ਸਹਾਰਾ ਦੇਣ ਲਈ ਫਿਰ ਫੜਿਆ ਅਤੇ ਪੌੜੀਆਂ ਥਾਣੀ ਥੱਲੇ ਉੱਤਰਨ ਲੱਗੇ। ਜੀਤ ਦੇ ਦਿਲ ਅੰਦਰ ਡਰ ਬੈਠਦਾ ਜਾ ਰਿਹਾ ਸੀ। ਹਰਬੰਸ ਦੇ ਕਦਮ ਹੌਲੀ ਚੱਲਦੇ ਸਨ।

ਹੇਠਾਂ ਪਹੁੰਚੇ। ਕੁਲਦੀਪ ਸਾਮ੍ਹਣੇ ਹੀ ਖੜ੍ਹਾ ਕਿਸੇ ਗਾਹਕ ਨਾਲ ਸ਼ੂਜ਼ ਬਾਰੇ ਕੁਝ ਦੱਸ ਰਿਹਾ ਸੀ। ਉਸ ਦੀ ਨਿਗਾਹ ਉਹਨਾਂ ਵੱਲ ਪਈ। ਉਸ ਨੇ ਨਾਲ ਦੇ ਮੁਲਾਜ਼ਮ ਨੂੰ ਗਾਹਕ ਦੀ ਜ਼ੁੰਮੇਵਾਰੀ ਸੰਭਾਲੀ ਅਤੇ ਉਹਨਾਂ ਵੱਲ ਤੇਜ਼ ਕਦਮੀ ਪਹੁੰਚ ਕੇ ਬਹੁਤ ਪਿਆਰ ਨਾਲ ਆ ਮਿਲਿਆ।

ਉਸ ਨੇ ਉਹਨਾਂ ਨੂੰ ਸੋਫੇ ਉੱਤੇ ਬਠਾਇਆ ਤੇ ਬੋਲਿਆ।

“ਅੰਕਲ, ਤੁਸੀਂ ਕਦੋਂ ਆਏ?”

“ਅੱਜ ਨੌਂ ਹੋਗੀ। ਬੱਸ ਚਾਰ ਨੂੰ ਪਹੁੰਚੇ ਸੀ। ਸਫ਼ਰ ਬਹੁਤ ਲੰਮਾ ਸੀ, ਤੰਗ ਆ ਗਏ। ਓਦਣ ਦੀ ਤੁਹਾਡੀ ਆਂਟੀ ਮੰਜਾ ਹੀ ਨਹੀਂ ਛੱਡਦੀ। ਬੱਸ, ਕਮਜ਼ੋਰੀ, ਥਕਾਵਟ ਕਹੀ ਜਾਂਦੀ ਆ।”

“ਗੱਲ ਉਮਰ ਦੀ ਵੀ ਆ ਨਾ। ਥਕੇਵਾਂ ਤਾਂ ਹੋਣਾ ਹੀ ਸੀ,” ਕੁਲਦੀਪ ਨੇ ਸਰਸਰੀ ਜਿਹਾ ਕਿਹਾ ਤੇ ਬੋਲਿਆ, “ਅੱਛਾ ਪਹਿਲਾਂ ਇਹ ਦੱਸੋ, ਕੀ ਪੀਓਂਗੇ – ਜੂਸ ਕਿ ਚਾਹ?”

“ਬਈ, ਅਸੀਂ ਹੁਣੇ ਪ੍ਰਕਾਸ਼ ਦੀ ਦੁਕਾਨ ਤੋਂ ਖਾ ਪੀ ਕੇ ਆਏ ਆਂ। ਐਵੇਂ, ਫਾਰਮੈਲਿਟੀ ਵਿੱਚ ਨਾ ਪੈ। ਤੁਹਾਡੀ ਆਂਟੀ ਕਹਿੰਦੀ ਕਿ ਮਿਲੇ ਬਿਨਾਂ ਨਹੀਂ ਜਾਣਾ।”

“ਇਸ ਤਰ੍ਹਾਂ ਤਾਂ ਗੱਲ ਨੀਂ ਬਣਨੀ। ਕੁਝ ਤਾਂ ਪੀਣਾ ਹੀ ਪਊ।” ਕੁਲਦੀਪ ਨੇ ਪਿਆਰ ਮਹਿਸੂਸ ਕਰਦਿਆਂ ਕਿਹਾ।

“ਚੰਗਾ ਫਿਰ, ਸਿਰਫ਼ ਅੱਧਾ-ਅੱਧਾ ਕੱਪ ਚਾਹ। ਖਾਣਾ ਉੱਕਾ ਕੁਝ ਨਹੀਂ,” ਕੋਲੇ ਬੈਠੀ ਹਰਬੰਸ ਬੋਲੀ।

ਕੁਲਦੀਪ ਨੇ ਚਾਹ ਦਾ ਆਰਡਰ ਦਿੱਤਾ ਤੇ ਕਹਿਣ ਲੱਗਾ, “ਕਿੰਨਾ ਕੁ ਚਿਰ ਇੰਡੀਆ ਠਹਿਰੋਗੇ?”

“ਸਿਆਲ ਤਾਂ ਲੰਘਾਵਾਂਗੇ ਹੀ,” ਜੀਤ ਨੇ ਉੱਤਰ ਦਿੱਤਾ।

ਇਸ ਪਿੱਛੋਂ ਜੀਤ ਕੁਲਦੀਪ ਵੱਲ ਝਾਕ ਕੇ ਹਰਬੰਸ ਨੂੰ ਦੱਸਣ ਲਈ ਆਪਣੇ ਬਚਪਣ ਦੀਆਂ ਯਾਦਾਂ ਤਾਜ਼ਾ ਕਰਨ ਲੱਗ ਪਿਆ, “ਪਾਕਿਸਤਾਨ ਬਣਨ ਤੋਂ ਪਹਿਲਾਂ ਇਹਨਾਂ ਦਾ ਪਿੰਡ ਜ਼ਿਲਾ ਲਾਇਲਪੁਰ ਵਿੱਚ ਧੌਲਮਾਜਰਾ ਸੀ। ਸਾਡੇ ਪਿੰਡ ਢੈਪੀ ਤੋਂ ਕੋਈ ਤਿੰਨ ਕੁ ਕੋਹ ’ਤੇ ਹੋਣਾ। ਕੁਲਦੀਪ ਦੀ ਪੜਦਾਦੀ ਮੇਰੀ ਦੂਰੋਂ-ਨੇੜਿਓਂ ਭੂਆ ਲੱਗਦੀ ਸੀ। ਉੇਹ ਮੇਰੇ ਬਾਬੇ ਨੂੰ ਮਾਮਾ ਕਹਿੰਦੀ ਹੁੰਦੀ ਸੀ। ਮੈਂ ਆਪਣੀ ਬੇਬੇ ਨਾਲ ਉਸ ਪਿੰਡ ਨੂੰ ਤੁਰ ਕੇ ਜਾਂਦਾ ਹੁੰਦਾ ਸੀ। ਰਾਹ ਡੰਡੀਆਂ-ਪਹੇ ਕੱਚੇ ਹੁੰਦੇ ਸਨ। ਪਰ ਮੈਨੂੰ ਤਾਂ ਔਖਾ ਨੀਂ ਲੱਗਦਾ ਸੀ। ਰਸਤੇ ਵਿੱਚ ਮੈਂ ਬੇਬੇ ਨੂੰ ਕਹਿਣਾ ‘ਮੈਨੂੰ ਭੁੱਖ ਲੱਗੀ ਆ’। ਬੇਬੇ ਨੂੰ ਪਤਾ ਹੁੰਦਾ ਸੀ ਕਿ ਮੁੰਡੇ ਨੇ ਰੋਟੀ ਮੰਗਣੀ ਆ। ਬੇਬੇ ਰੋਟੀ ਵਿੱਚ ਨਿੰਬੂ ਅਤੇ ਮਿਰਚ ਦਾ ’ਚਾਰ ਰੱਖ ਕੇ ਨਾਲ ਬੰਨ੍ਹ ਲਿਆਉਂਦੀ ਸੀ। ਅਸਲ ਵਿੱਚ ਬਾਹਰ ਕੱਸੀ ਦੇ ਕੰਢੇ ਤੂਤਾਂ ਦੀ ਛਾਂ ਥੱਲੇ ਬੈਠ ਕੇ ਰੋਟੀ ਖਾਣੀ ਬੜੀ ਸੁਆਦ ਲੱਗਦੀ ਸੀ। ਕੱਸੀ ਦਾ ਪਾਣੀ ਬੁੱਕ ਭਰ ਕੇ ਪੀ ਲੈਂਦੇ ਸੀ। ਪਿੰਡ ਪਹੁੰਚ ਕੇ ਆਥਣ ਨੂੰ ਰੋਟੀ ਵਿੱਚ ਭੂਆ ਸ਼ੱਕਰ ਘਿਓ ਦਿੰਦੀ ਹੁੰਦੀ ਸੀ।” ਇਸ ਤਰ੍ਹਾਂ ਜੀਤ ਨੇ ਕੁਲਦੀਪ ਨਾਲ ਆਪਣੀ ਅਪਣੱਤ ਦਿਖਾਉਂਦਿਆਂ ਸੰਖੇਪ ਜਿਹਾ ਵੇਰਵਾ ਦਿੱਤਾ।

“ਤੁਹਾਡੇ ਪਿੱਛੋਂ ਮੇਰੀ ਦਾਦੀ ਜੀ ਚੜ੍ਹਾਈ ਕਰ ਗਏ,” ਕੁਲਦੀਪ ਨੇ ਮਨ ਭਰਦਿਆਂ ਆਪਣੇ ਘਰ ਦਾ ਘਾਟਾ ਦੱਸਿਆ।

ਕੁਲਦੀਪ ਦੀ ਇਹ ਗੱਲ ਸੁਣ ਕੇ ਜੀਤ ਅਤੇ ਹਰਬੰਸ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਜੀਤ ਨੂੰ ਯਾਦ ਸੀ ਜਦੋਂ ਉਹ ਧੌਲਮਾਜਰੇ ਜਾਂਦਾ ਹੁੰਦਾ ਸੀ ਤੇ ਉਹ ਉਸ ਦੀ ਦਾਦੀ ਨੂੰ ਭਾਬੀ ਕਹਿ ਕੇ ਬੁਲਾਉਂਦਾ ਹੁੰਦਾ ਸੀ। ਜੀਤ ਦੇ ਦਿਲ ਨੂੰ ਕੁਝ ਧੱਕਾ ਜਿਹਾ ਲੱਗਿਆ। ਓਦੋਂ ਜੀਤ ਦੀ ਨਿਆਣੀ ਉਮਰ ਸੀ। ਕੁਲਦੀਪ ਦੀ ਦਾਦੀ ਉਸ ਨੂੰ ਪੁੱਤਰਾਂ ਵਾਂਗ ਪਿਆਰ ਕਰਦੀ ਸੀ। ਕੁਝ ਹੋਰ ਗੱਲਾਂ ਬਾਤਾਂ ਕਰਨ ਪਿੱਛੋਂ, ਉਹ ਕੁਲਦੀਪ ਨੂੰ ਉਸ ਦੇ ਘਰ ਵਿੱਚ ਫਿਰ ਮਿਲਣ ਦਾ ਵਾਇਦਾ ਕਰ ਕੇ ਵਿੱਛੜੇ।

ਹਰਬੰਸ ਕਮਜ਼ੋਰੀ ਕੁਝ ਜ਼ਿਆਦਾ ਹੀ ਮਹਿਸੂਸ ਕਰਦੀ ਸੀ। ਹਰਬੰਸ ਕਹਿਣ ਲੱਗੀ, “ਆਪਾਂ ਹੁਣ ਕੁਝ ਨੀਂ ਖ਼ਰੀਦਣਾ। ਚਲੋ, ਘਰ ਨੂੰ ਚੱਲੀਏ।”

ਜੀਤ ਅਤੇ ਹਰਬੰਸ ਦੋਵੇਂ ਸਕੂਟਰ ਲੈਣ ਵਾਸਤੇ ਕੋਤਵਾਲੀ ਵੜੇ। ਸਕੂਟਰ ਉੱਤੇ ਸਵਾਰ ਭੀੜ ਵਿੱਚ ਦੀ ਲੰਘਦੇ, ਉੱਚਾ ਪੁੱਲ ਪਾਰ ਕਰ, ਜਗਰਾਓਂ ਵੱਲ ਜਾਂਦੀ ਸੜਕ ’ਤੇ ਪੈ ਕੇ ਮਾਡਲ ਟਾਊਨ 429 ਐੱਲ ਪਹੁੰਚ ਗਏ।

“ਤੋਬਾ! ਤੋਬਾ! ਐਨੀ ਭੀੜ! ਸਾਹ ਤਾਂ ਆਉਂਦਾ ਈ ਨਹੀਂ ਸੀ।” ਘਰ ਪਹੁੰਚ ਕੇ ਜੀਤ ਡੂੰਘਾ ਸਾਹ ਭਰ ਕੇ ਬੋਲਿਆ।

ਰਸਤੇ ਵਿੱਚੋਂ ਉਹਨਾਂ ਥੋੜ੍ਹਾ ਫਲ-ਫਰੂਟ ਖਰੀਦਿਆ। ਰੇਲਵੇ ਸਟੇਸ਼ਨ ਸਾਮ੍ਹਣੇ ਫਰੂਟਾਂ ਨਾਲ ਲੱਦੀਆਂ ਰੇੜ੍ਹੀਆਂ ਦੇ ਮਾਲਕ ਉੱਚੀ-ਉੱਚੀ ਹੋਕਰੇ ਮਾਰ-ਮਾਰ ਫਰੂਟ ਵੇਚ ਰਹੇ ਸਨ। ਮਾਲ ਵੇਚਣ ਵਾਲਿਆਂ ਦੀ ਆਪਸੀ ਖਹਿ-ਬਾਜ਼ੀ ਪੂਰੀ ਤਰ੍ਹਾਂ ਚੱਲ ਰਹੀ ਸੀ। ਸਕੂਟਰਾਂ, ਬੱਸਾਂ, ਟਾਂਗਿਆਂ ਅਤੇ ਫੜ੍ਹੀ ਵਾਲਿਆਂ ਦਾ ਸ਼ੋਰ-ਸ਼ਰਾਬਾ ਕੰਨਾਂ ਨੂੰ ਪਾੜਦਾ ਜਾਂਦਾ ਸੀ। ਹਵਾ ਪਾਲੀਊਸ਼ਨ ਭਰੀ ਸੀ। ਦੋਵੇਂ ਜੀਅ ਓਥੋਂ ਛੇਤੀ ਨਿਕਲ ਆਏ ਸਨ।

ਘਰ ਪਹੁੰਚੇ। ਅੰਦਰ ਵੜੇ। ਵਿਹੜੇ ਵਿੱਚ ਸੰਧੂ ਸਾਹਿਬ ਅਤੇ ਉਹਨਾਂ ਦੀ ਪਤਨੀ ਗੁਰਜੀਤ ਮੰਜੇ ਉੱਤੇ ਬੈਠੇ ਉਹਨਾਂ ਦੀ ਉਡੀਕ ਕਰ ਰਹੇ ਸਨ। ਉਹ ਉਹਨਾਂ ਵਾਸਤੇ ਖਾਣਾ ਲਿਆਏ ਸਨ। ਜਦੋਂ ਤੋਂ ਜੀਤ ਅਤੇ ਹਰਬੰਸ ਕਨੇਡਾ ਤੋਂ ਆਏ ਸਨ, ਉਹ ਦੋਨੋਂ ਟਾਈਮ ਖਾਣਾ ਲਿਆਉਂਦੇ ਸਨ।

ਜੀਤ ਨੇ ਕਮਰੇ ਦਾ ਜਿੰਦਾ ਖੋਲ੍ਹਿਆ। ਸਾਰੇ ਜਣੇ ਅੰਦਰ ਵੜ ਕੇ ਸੋਫੇ ਉੱਤੇ ਬੈਠ ਗਏ। ਹਰਬੰਸ ਗੱਦੇ ਵਿਛੇ ਤਖ਼ਤਪੋਸ਼ ’ਤੇ ਲੇਟ ਗਈ। ਜੀਤ ਵੀ ਉਸ ਦੇ ਕੋਲ ਹੀ ਤਖ਼ਤਪੋਸ਼ ਉੱਤੇ ਬੈਠ ਗਿਆ ਅਤੇ ਉਸ ਦੀਆਂ ਬਾਹਾਂ ਮੋਢਿਆਂ ਨੂੰ ਪੋਲਾ-ਪੋਲਾ ਘੁੱਟਣ ਲੱਗ ਪਿਆ। ਆਪਸ ਵਿੱਚ ਗੱਲਾਂ ਕਰ ਹੀ ਰਹੇ ਸਨ ਕਿ ਹਰਬੰਸ ਦਾ ਵੀਰ ਗੁਰਦੇਵ ਵੀ ਪਿੰਡੋਂ ਆ ਪਹੁੰਚਿਆ। ਥੋੜ੍ਹੇ ਚਿਰ ਪਿੱਛੋਂ ਸੰਧੂ ਸਾਹਿਬ ਅਤੇ ਉਸ ਦੀ ਪਤਨੀ ਚਲੇ ਗਏ।

ਗੁਰਦੇਵ ਸਾਗ ਅਤੇ ਮੱਕੀ ਦੀਆਂ ਰੋਟੀਆਂ ਲਿਆਇਆ ਸੀ ਤੇ ਨਾਲ ਦੋ ਬੋਤਲਾਂ ਦੁੱਧ ਦੀਆਂ ਵੀ। ਹਰਬੰਸ ਕਹਿਣ ਲੱਗੀ ਮੈਂ ਤਾਂ ਸਾਗ ਤੇ ਮੱਕੀ ਦੀ ਰੋਟੀ ਖਾਊਂ। ਜੀਤ ਨੇ ਵੀ ਇਹੀ ਖਾਣ ਦੀ ਇੱਛਿਆ ਜ਼ਾਹਰ ਕੀਤੀ। ਸੰਧੂ ਸਾਹਿਬ ਵਾਲਾ ਖਾਣਾ ਦੂਜੇ ਦਿਨ ਲਈ ਰੱਖ ਲਿਆ ਗਿਆ।

ਗੁਰਦੇਵ ਪਿੰਡ ਦੀਆਂ ਗੱਲਾਂ ਸੁਣਾਉਣ ਲੱਗ ਪਿਆ, “ਸਾਰੇ ਪਰਵਾਰਾਂ ਦਾ ਜੀਅ-ਜੀਅ ਕਾਹਲਾ ਪਿਆ ਹੋਇਆ ਆ। ਹਰੇਕ ਜਣਾ ਆਉਣ ਨੂੰ ਤਿਆਰ ਆ ਬਈ ਭੂਆ ਨੂੰ ਮਿਲਣ ਜਾਣਾ।” ਹਰਬੰਸ ਗੱਲਾਂ ਸੁਣ ਕੇ ਫੁੱਲਿਆਂ ਨਹੀਂ ਸਮਾਉਂਦੀ ਸੀ।

ਜੀਤ ਹਰਬੰਸ ਦੇ ਮੋਢੇ ਘੁੱਟਣ ਲੱਗ ਪਿਆ। ਮਨ ਵਿੱਚ ਬਹੁਤ ਫਿਕਰ ਕਰਦਾ ਸੀ। ਕਹਿਣ ਲੱਗਾ, “ਕੁਝ ਵੀ ਹੋਵੇ, ਆਪਾਂ ਕੱਲ੍ਹ ਨੂੰ ਡਾਕਟਰ ਕੋਲ਼ ਜ਼ਰੂਰ ਜਾਣਾ।”

ਹਰਬੰਸ ਆਪਣੇ ਵੀਰ ਵੱਲ ਝਾਕ ਕੇ ਬੋਲੀ, “ਵੀਰ, ਇਹਨਾਂ ਨੂੰ ਪਤਾ ਨੀਂ ਕੀ ਹੋ ਗਿਆ? ਗੱਲ ਦੋ ਚਾਰ ਦਿਨ ਦੀ ਆ। ਠੀਕ ਹੋਜੂੰਗੀ ਆਪੇ। ਥਕਾਵਟ ਈ ਆ ਨਾ!”

ਗੁਰਦੇਵ ਨੇ ਵੀ ਜੀਤ ਦੀ ਹਾਮੀ ਭਰੀ ਤੇ ਬੋਲਿਆ, “ਅੱਛਾ, ਕੱਲ੍ਹ ਆਉਣ ਦਿਓ।”

ਜੀਤ ਨੇ ਸਾਗ ਗਰਮ ਕੀਤਾ। ਸਾਰਿਆਂ ਨੇ ਸਾਗ ਅਤੇ ਮੱਕੀ ਦੀ ਰੋਟੀ ਖਾਧੀ।

ਹਰਬੰਸ ਬੋਲੀ, “ਪੰਜਾਬ ਦਾ ਸਾਗ, ਸਾਗ ਆ। ਐਡਮਿੰਟਨ ਅਜਿਹਾ ਸਾਗ ਕਿੱਥੇ?”

ਜੀਤ ਨੇ ਹੁੰਘਾਰਾ ਭਰਿਆ ਪਰ ਮਾੜਾ ਜਿਹਾ। ਅੰਦਰ ਉਸ ਦਾ ਵੱਢੀਦਾ ਸੀ ਅਤੇ ਦਿਲ ਵਿੱਚ ਕਹਿ ਰਿਹਾ ਸੀ, “ਏਕ ਤੇਰਾ ਸਾਥ ਹਮ ਕੋ ਦੋ ਜਹਾਂ ਸੇ ਪਿਆਰਾ ਹੈ।”

ਹੌਲੀ-ਹੌਲੀ ਰਾਤ ਪੈ ਗਈ। ਗੁਰਦੇਵ ਪਿੰਡ ਦੀਆਂ ਗੱਲਾਂ ਸੁਣਾਉਂਦਾ ਗਿਆ। ਹਰਬੰਸ ਬੋਲੀ, “ਪਿੰਡ ਦੇ ਸਾਰੇ ਪਰਵਾਰਾਂ ਨੂੰ ਕਹਿਣਾ ਮੈਂ ਆਪੇ ਆ ਕੇ ਸਾਰਿਆਂ ਨੂੰ ਮਿਲੂੰਗੀ। ‘ਕੱਲਾ-‘ਕੱਲਾ ਕਿਹੜਾ ਸ਼ਹਿਰ ਨੂੰ ਭੱਜੂ? ਬੱਸ ਦੋ-ਚਾਰ ਦਿਨਾਂ ਦੀ ਤਾਂ ਗੱਲ ਆ।”

ਰਾਤ ਪੈ ਗਈ। ਤਿੰਨੇ ਜਣੇ ਆਪਣੇ ਆਪਣੇ ਟਿਕਾਣਿਆਂ ਵਿੱਚ ਪੈ ਗਏ। ਜੀਤ ਅਤੇ ਹਰਬੰਸ ਦਾ ਇੱਕੋ ਬੈੱਡ ਸੀ। ਰਾਤ ਭਰ ਜੀਤ ਨੇ ਮਹਿਸੂਸ ਕੀਤਾ ਕਿ ਹਰਬੰਸ ਬੇਚੈਨ ਰਹੀ ਜਿਵੇਂ ਨੀਂਦ ਘੱਟ ਪਈ ਹੋਵੇ।

ਸਵੇਰੇ ਉੱਠੇ। ਹਰਬੰਸ ਨੇ ਚਾਹ ਤਿਆਰ ਕੀਤੀ। ਤਿੰਨਾਂ ਨੇ ਬਿਸਕੁਟਾਂ ਨਾਲ ਚਾਹ ਪੀਤੀ।

ਹਰਬੰਸ ਕਦੇ ਪੈ ਜਾਂਦੀ ਤੇ ਕਦੇ ਕੰਮ ਕਰਨ ਲੱਗ ਪੈਂਦੀ।

ਦੁਪਹਿਰ ਦੇ ਖਾਣੇ ਲਈ ਗੁਰਦੇਵ ਨੇੜਿਓਂ ਹੀ ਸਬਜ਼ੀ ਦੀ ਦੁਕਾਨ ਤੋਂ ਮੂਲੀਆਂ ਫੜ ਲਿਆਇਆ। ਹਰਬੰਸ ਨੇ ਹਰੇ ਪੱਤਿਆਂ ਸਣੇ ਭੁਰਜੀ ਤਿਆਰ ਕੀਤੀ ਤੇ ਕਹਿਣ ਲੱਗੀ, “ਜੀ, ਸੰਧੂ ਸਾਹਿਬ ਹੁਰਾਂ ਨੂੰ ਫ਼ੋਨ ’ਤੇ ਕਹਿ ਦਿਓ, ‘ਹੁਣ ਹੋਰ ਨਾ ਰੋਟੀ ਲਿਆਉਣ ਦੀ ਖੇਚਲ ਕਰਨ।’ ਬਥੇਰੇ ਦਿਨ ਉਹਨਾਂ ਨੇ ਪਿਆਰ ਨਾਲ ਖਾਣਾ ਦਿੱਤਾ। ਹੁਣ ਆਪਾਂ ਆਪ ਰੋਟੀ ਪਕਾਇਆ ਕਰਾਂਗੇ।” ਜੀਤ ਨੇ ਉਸ ਦੇ ਜਵਾਬ ਵਿੱਚ ਬੇਜਾਨ ਜਿਹਾ ਹੁੰਘਾਰਾ ਭਰਿਆ।

ਹਰਬੰਸ ਨੇ ਜੀਤ ਅਤੇ ਆਪਣੇ ਵੀਰ ਨੂੰ ਬਾਹਰ ਵਿਹੜੇ ਵਿੱਚ ਨਿੱਘੀ ਧੁੱਪ ਵਿੱਚ ਬੈਠਿਆਂ ਗਰਮ-ਗਰਮ ਰੋਟੀ ਪਕਾ ਕੇ ਖੁਆਈ। ਫਿਰ ਆਪ ਖਾਣ ਲੱਗ ਪਈ। ਜੀਤ ਅਤੇ ਗੁਰਦੇਵ ਕੋਲ ਹੀ ਬੈਠੇ ਸਨ। ਰੋਟੀ ਖਾਂਦੀ-ਖਾਂਦੀ ਹਰਬੰਸ ਬੋਲੀ, “ਮੈਂ ਰੋਟੀ ਖਾ ਲਵਾਂ। ਆਪਾਂ ਵੀਰ ਨੂੰ ਕੱਪੜੇ ਦਿਖਾਉਣੇ ਨੇ ਜਿਹੜੇ ਆਪਾਂ ਪਿੰਡ ਪਰਵਾਰਾਂ ਨੂੰ ਦੇਣੇ ਨੇ।” ਜੀਤ ਨੇ ਉੱਤਰ ਦਿੱਤਾ, “ਆਹੋ, ਠੀਕ ਆ।”

ਹਰਬੰਸ ਰੋਟੀ ਖਾ ਬੈਠੀ। ਜੀਤ ਨੇ ਭਾਂਡੇ-ਟੀਂਡੇ ਚੁੱਕੇ ਅਤੇ ਜਾ ਸਿੰਕ ਵਿੱਚ ਰੱਖੇ। ਗੁਰਦੇਵ ਅੰਦਰ ਸੋਫੇ ਵਿੱਚ ਬੈਠ ਗਿਆ। ਜੀਤ ਨੇ ਬੈਠਕ ਵਿੱਚ ਜਾ ਕੇ ਅਟੈਚੀ ਚੁੱਕਿਆ ਅਤੇ ਪਲੰਘ ਉੱਤੇ ਇੱਕ ਨੁੱਕਰੇ ਰੱਖ ਦਿੱਤਾ। ਏਨੇ ਨੂੰ ਹਰਬੰਸ ਵੀ ਕੋਲ ਆ ਬੈਠੀ। ਜੀਤ ਨੇ ਅਟੈਚੀ ਦੀ ਚੇਨ ਖੋਲ੍ਹਣੀ ਸ਼ੁਰੂ ਕੀਤੀ। ਹਾਲੇ ਮਿੰਟ ਨਹੀਂ ਲੰਘਿਆ ਹੋਣਾ ਕਿ ਉਸ ਨੇ ਧੜੱਕ ਦੇ ਕੇ ਡਿੱਗਣ ਦੀ ਅਵਾਜ਼ ਸੁਣੀ।

ਹਰਬੰਸ ਪਲੰਘ ਦੀ ਬਾਹੀ ਤੇ ਬੈਠੀ ਸੀ। ਉਹ ਥੱਲੇ ਡਿੱਗੀ ਪਈ ਸੀ। ਜੀਤ ਨੇ ਛੇਤੀ ਹੀ ਉਸ ਦਾ ਸਿਰ ਥੋੜ੍ਹਾ ਜਿਹਾ ਉਗੀਸ ਕੇ ਫੜਿਆ ਅਤੇ ਬਹਿੰਦੇ ਜਾਂਦੇ ਦਿਲ ਨਾਲ ਬੋਲਿਆ, “ਤੈਨੂੰ ਕੀ ਹੋ ਗਿਆ?” ਉਸ ਨੇ ਗੁਰਦੇਵ ਨੂੰ ’ਵਾਜ ਮਾਰੀ। ਉਹ ਨੱਠ ਕੇ ਕੋਲ ਆਇਆ। ਜੀਤ ਨੇ ਗੁਰਦੇਵ ਨੂੰ ਹਰਬੰਸ ਸੰਭਾਲਣ ਵਾਸਤੇ ਕਿਹਾ ਤੇ ਆਪ ਭੱਜ ਕੇ ਪਾਣੀ ਲਿਆਇਆ। ਉਸ ਨੇ ਦੋ ਘੁੱਟਾਂ ਹਰਬੰਸ ਦੇ ਮੂੰਹ ਵਿੱਚ ਪਾਈਆਂ ਪਰ ਉਹ ਥੱਲੇ ਨਾ ਗਈਆਂ। ਫਿਰ ਆਪ ਬੌਂਦਲਿਆ ਹੋਇਆ ਨੰਗੇ ਸਿਰ ਹੀ ਡਾਕਟਰ ਲਿਆਉਣ ਵਾਸਤੇ ਭੱਜ ਤੁਰਿਆ। ਮਾਡਲ ਟਾਊਨ ਦੀ ਮਾਰਕੀਟ ਵਿੱਚੋਂ ਇੱਕ ਡਾਕਟਰ ਫੜ ਲਿਆਇਆ। ਹਰਬੰਸ ਨੂੰ ਪਲੰਘ ਉੱਤੇ ਲਿਟਾਇਆ ਗਿਆ। ਡਾਕਟਰ ਨੇ ਟੂਟੀਆਂ ਲਾ ਕੇ ਅਤੇ ਨਬਜ਼ ਜਾਂਚ ਕੇ ਕਿਹਾ ‘ਭੌਰ ਉੱਡ ਚੁੱਕਿਆ ਆ’।

ਡਾਕਟਰ ਚਲਿਆ ਗਿਆ। ਜੀਤ ਨੇ ਘੜੀ ਉੱਤੇ ਨਿਗਾਹ ਮਾਰੀ। ਘੜੀ ਦੀਆਂ ਉਦਾਸ ਸੂਈਆਂ ਸਵਾ ਦੋ ਵਜਾ ਰਹੀਆਂ ਸਨ। ਗੁਰਦੇਵ ਬੋਲਿਆ, “ਮਾਮਲਾ ਖ਼ਤਮ। ਹੁਣ ਕੁਝ ਨੀਂ ਹੋ ਸਕਦਾ।” ਜੀਤ ਦਾ ਜਹਾਨ ਉੱਜੜ ਗਿਆ। ਉਸ ਦੇ ਜੀਵਨ ਵਿੱਚ ਇੱਕ ਵੱਡਾ ਖੱਪਾ ਪੈ ਗਿਆ।

ਦੇਸ-ਪ੍ਰਦੇਸ ਤਾਰਾਂ ਖੜਕ ਗਈਆਂ। ਪਿੰਡ ਭਦਰ੍ਹੋਲ ਪੈ ਗਿਆ। ਆਲੇ ਦੁਆਲਿਓਂ ’ਕੱਠ ਵਧਣ ਲੱਗਾ। ਮੋਗੇ ਤੋਂ ਧੀ ਆਈ। ਦੰਦਲਾਂ ਪੈ ਰਹੀਆਂ ਸਨ। ਜੀਤ ਸੁੰਨ-ਮੁੰਨ ਸੀ। ਬੱਸ ਕੀ ਸੀ? ਅਗਲੇ ਦਿਨ ਮਿੱਟੀ ਕਿਓਂਟ ਦਿੱਤੀ ਗਈ।

ਵਿਛੋੜੇ ਦੀਆਂ ਚੀਸਾਂ ਸਹਿੰਦਿਆਂ ਬਾਰਾਂ ਸਾਲ ਲੰਘ ਗਏ। ਜੀਤ ਕਨੇਡਾ ਵਿੱਚ ਆਪਣੇ ਬੈੱਡ ਉੱਤੇ ਹੈਰਾਨ-ਪਰੇਸ਼ਾਨ ਪਿਆ ਆਪਣੇ ਜੀਵਨ ਸਾਥੀ ਨਾਲ ਬਿਤਾਏ ਜੀਵਨ ਸਫ਼ਰ ਦੀ ਕਾਲਪਨਿਕ ਫ਼ਿਲਮ ਦੇਖ ਰਿਹਾ ਸੀ। ਫ਼ਿਲਮ ਦੀ ਰੀਲ੍ਹ ਵਿੱਚੋਂ ਯਾਦਾਂ ਡਾਰਾਂ ਬਣ-ਬਣ ਨਿਕਲੀਆਂ। ‘ਤੇਰੀਆਂ ਯਾਦਾਂ ਈਕਣ ਆਈਆਂ, ਜਿਉਂ ਹੰਸਾਂ ਦੀ ਡਾਰ ਵੇ।’ ਉਸ ਦੀਆਂ ਅੱਖਾਂ ਵਿੱਚ ਹੰਝੂ ਭਰ-ਭਰ ਆ ਰਹੇ ਸਨ। ਆਪਣੇ ਦਿਲ ਨਾਲ ਗੱਲਾਂ ਕਰਦਾ ਸੀ, “ਕੀ ਜੀਵਨ ਦਰਦ ਸੰਭਾਲਣ ਲਈ ਹੁੰਦਾ ਹੈ? ਕੀ ਹਾਸੇ, ਪਿਆਰ ਅਤੇ ਮੁਸਕਰਾਹਟਾਂ ਜੀਵਨ ਦਾ ਕਰਜ਼ ਹਨ ਜਿਨ੍ਹਾਂ ਨੂੰ ਉਤਾਰਨਾ ਪੈਂਦਾ ਹੈ?” ਜੀਤ ਬੜੀ ਉਲਝਣ ਵਿੱਚ ਫਸਿਆ ਹੋਇਆ ਸੀ। ਵਿਛੋੜੇ ਦੇ ਦਰਦ ਦੀਆਂ ਚੀਸਾਂ ਨੇ ਮਨ ਪੱਛ ਦਿੱਤਾ ਸੀ। ‘ਦਰਦ ਵਿਛੋੜੇ ਦਾ ਹਾਲ ਨੀਂ ਮੈਂ ਕੈਨੂੰ ਆਖਾਂ।’ ਉਸ ਨੂੰ ਕੋਈ ਜਵਾਬ ਅਹੁੜ ਨਹੀਂ ਰਿਹਾ ਸੀ। ਪਰੰਤੂ ਗੁਲਜ਼ਾਰ ਦੇ ਬੋਲ ਉਸ ਦੇ ਬੁੱਲ੍ਹਾਂ ਨੂੰ ਫਰਕਾ ਰਹੇ ਸਨ ਅਤੇ ਉਸ ਦੇ ਮਨ ਨੂੰ ਝਟਕਾ ਦੇ ਰਹੇ ਸਨ:

ਤੁੱਝ ਸੇ ਨਾਰਾਜ਼ ਨਹੀਂ ਜ਼ਿੰਦਗੀ
ਹੈਰਾਨ ਹੂੰ ਮੈਂ
ਤੇਰੇ ਮਾਸੂਮ ਸਵਾਲੋਂ ਸੇ
ਪਰੇਸ਼ਾਨ ਹੂੰ ਮੈਂ
ਜੀਨੇ ਕੇ ਲੀਏ ਸੋਚਾ ਹੀ ਨਹੀਂ
ਦਰਦ ਸੰਭਾਲਨੇ ਹੋਂਗੇ
ਮੁਸਕਰਾਏਂ ਤੋ ਮੁਸਕਰਾਨੇ ਕੇ
ਕਰਜ਼ ਉਤਾਰਨੇ ਹੋਂਗੇ
ਮੁਸਕਰਾਏਂ ਕਭੀ ਤੋ ਲਗਤਾ ਹੈ
ਜੈਸੇ ਹੋਟੋਂ ਪੇ ਕਰਜ਼ ਰੱਖਾ ਹੈ

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 17 ਜਨਵਰੀ 2011)
(ਦੂਜੀ ਵਾਰ 30 ਨਵੰਬਰ 2021)

***
525
***

ਦਲਜੀਤ ਸਿੰਘ, ਐਡਮੰਟਿਨ

View all posts by ਦਲਜੀਤ ਸਿੰਘ, ਐਡਮੰਟਿਨ →