|
ਅੱਜ ਜਿੱਧਰ ਵੀ ਨਜ਼ਰ ਜਾਂਦੀ ਹੈ ਲੋਕਾਂ ਦੀ ਭੀੜ ਹੀ ਨਜ਼ਰ ਆਉਂਦੀ ਹੈ। ਉਹ ਚਾਹੇ ਰੇਲਵੇ ਸਟੇਸ਼ਨ ਹੋਵੇ, ਹਸਪਤਾਲ ਹੋਵੇ ਜਾਂ ਫਿਰ ਕੋਈ ਹੋਰ ਪਬਲਿਕ ਜਗ੍ਹਾ। ਹਰ ਥਾਂ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ। ਪਰ! ਫਿਰ ਵੀ ਅੱਜ ਦਾ ਮਨੁੱਖ ਇਕਲਾਪੇ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਲੋਕਾਂ ਦੀ ਭੀੜ ਵਿਚ ਵੀ ਮਨੁੱਖ ਇਕੱਲਾ ਨਜ਼ਰ ਆਉਂਦਾ ਹੈ। ਬੱਸ ਵਿਚ ਸਫ਼ਰ ਕਰ ਰਿਹਾ ਮੁਸਾਫ਼ਰ ਸੈਂਕੜੇ ਕਿਲੋਮੀਟਰ ਪੈਂਡਾ ਤਹਿ ਕਰਕੇ ਆਪਣੀ ਮੰਜ਼ਿਲ ਤੇ ਉਤਰ ਜਾਂਦਾ ਹੈ ਪਰ! ਉਸਨੂੰ ਆਪਣੇ ਨਾਲ ਬੈਠੇ ਮੁਸਾਫ਼ਰ ਵੱਲ ਝਾਕਣ ਦਾ ਵਕਤ ਵੀ ਨਹੀਂ ਹੁੰਦਾ। ਇਹ ਸਭ ਸਮਾਰਟ ਫ਼ੋਨ ਦੇ ਅੰਨ੍ਹੇਵਾਹ ਇਸਤੇਮਾਲ ਕਰਕੇ ਹੋ ਰਿਹਾ ਹੈ। ਹਰ ਬੰਦਾ ਆਪਣੀ ਕਲਪਣਾ ਦੀ ਦੁਨੀਆਂ ਵਿਚ ਗੁਆਚਿਆ ਹੋਇਆ ਹੈ। ਖ਼ਬਰੇ! ਇਸੇ ਕਰਕੇ ਅੱਜ ਦਾ ਦੌਰ ਮਾਨਸਿਕ ਪਰੇਸ਼ਾਨੀ ਦਾ ਦੌਰ ਹੈ। ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗਾਂ ਤੱਕ; ਮਾਨਸਿਕ ਰੋਗਾਂ ਦੀ ਚਪੇਟ ਵਿਚ ਆ ਰਹੇ ਹਨ। ਅਸਲ ਵਿਚ ਬੰਦਾ ਆਪਣੇ ਮਨ ਦੀ ਗੱਲ ਕਿਸੇ ਹੋਰ ਨਾਲ ਸਾਂਝੀ ਨਹੀਂ ਕਰਨਾ ਚਾਹੁੰਦਾ। ਉਹ ਸੋਸ਼ਲ-ਮੀਡੀਆ ਉੱਪਰ ਆਪਣੇ ਚਾਹੁਣ ਵਾਲੇ ਲੱਭਦਾ ਹੈ। ਕਾਫ਼ੀ ਹੱਦ ਤੱਕ ਲੋਕਾਂ ਨੂੰ ਇਸ ਕਾਰਜ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਸਤਾਂ-ਮਿੱਤਰਾਂ ਦੀ ਗੱਲ ਤਾਂ ਬਹੁਤ ਦੂਰ ਹੈ ਅੱਜ ਦਾ ਨੌਜਵਾਨ ਵਰਗ ਆਪਣੇ ਘਰ ਦੇ ਮੈਂਬਰਾਂ ਨਾਲ ਖੁੱਲ੍ਹ ਕੇ ਗੱਲ ਕਰਨ ਤੋਂ; ਸੰਕੇਚ ਕਰਨ ਲੱਗਾ ਹੈ। ਘਰ ਦੇ ਸਾਰੇ ਮੈਂਬਰ ਇੱਕ ਥਾਂ ਤੇ ਬੈਠ ਕੇ ਗੱਲਬਾਤ ਹੀ ਨਹੀਂ ਕਰਦੇ। ਹਰ ਮੈਂਬਰ ਦਾ ਵੱਖਰਾ ਕਮਰਾ ਹੈ ਅਤੇ ਵੱਖਰਾ ਹੀ ਰਹਿਣ-ਸਹਿਣ। ਇਸੇ ਕਰਕੇ ਖੁਦਕੁਸ਼ੀਆਂ ਦੀ ਗਿਣਤੀ ਹਰ ਵਰੵੇ ਵੱਧਦੀ ਹੀ ਜਾ ਰਹੀ ਹੈ। ਅਸਲ ਵਿਚ ਇਕਲਾਪਾ ਸਾਡੀ ਭਾਰਤੀ ਸੱਭਿਅਤਾ ਦਾ ਹਿੱਸਾ ਨਹੀਂ ਹੈ। ਇੱਥੇ ਭਾਰਤੀ ਸੱਭਿਅਤਾ ਤੋਂ ਭਾਵ ਕਿਸੇ ਵਿਸ਼ੇਸ਼ ਧਰਮ ਜਾਂ ਜਾਤ ਤੋਂ ਨਹੀਂ ਬਲਕਿ ਸਮੁੱਚੀ ਮਨੁੱਖਤਾ ਤੋਂ ਹੈ। ਭਾਰਤੀ ਸੱਭਿਅਤਾ ਸਦੀਆਂ ਤੋਂ ਸਮੂੰਹ ਵਿਚ ਰਹਿਣ ਦੀ ਰਹੀ ਹੈ। ਆਦਿਕਾਲ ਤੋਂ ਹੀ ਮਨੁੱਖ ਸ਼ਿਕਾਰ ਆਦਿਕ ਖੇਡਣ ਜਾਣ ਲਈ ਸਮੂੰਹ ‘ਚ ਜਾਂਦਾ ਅਤੇ ਰਹਿੰਦਾ ਸੀ। ਪਰ, ਸਹਿਜੇ-ਸਹਿਜੇ ਇਹ ਸਮੂਹ ਬਿਖਰਦਾ ਗਿਆ ਅਤੇ ਪੱਛਮੀ ਪ੍ਰਭਾਵ ਕਰਕੇ ਸਾਡੇ ਸਾਂਝੇ ਪਰਿਵਾਰ ਟੁੱਟਣ ਲੱਗੇ। ਅੱਜ ਦਾ ਦੌਰ ਬਿਲਕੁਲ ਵੱਖ ਹੋ ਗਿਆ ਹੈ। ਬੱਚੇ ਮਾਂ-ਬਾਪ ਨਾਲ ਨਹੀਂ ਰਹਿਣਾ ਚਾਹੁੰਦੇ ਅਤੇ ਮਾਂ-ਬਾਪ ਬੱਚਿਆਂ ਨਾਲ। ਇਹਨਾਂ ਪਰਿਵਾਰਿਕ ਦੂਰੀਆਂ ਕਰਕੇ ਮਨੁੱਖ ਕਲਪਣਾ ਦੇ ਸੰਸਾਰ ਵਿਚ ਗੁਆਚ ਗਿਆ ਹੈ। ਇਹ ਕਲਪਣਾ ਦੀ ਦੁਨੀਆਂ ਦਾ ਸਭ ਤੋਂ ਵੱਡਾ ਸਾਧਨ ਸਮਾਰਟ ਫ਼ੋਨ ਬਣ ਗਿਆ ਹੈ। ਸਮਾਰਟ ਫ਼ੋਨ ਵਿਚ ਗੁਆਚਿਆ ਮਨੁੱਖ ਆਪਣੇ ਆਲੇ-ਦੁਆਲੇ ਨੂੰ ਉੱਕਾ ਹੀ ਭੁੱਲ ਜਾਂਦਾ ਹੈ। ਉਹ ਇੰਨਾ ਇਕੱਲਾ ਹੋ ਜਾਂਦਾ ਹੈ ਕਿ ਹਜ਼ਾਰਾਂ ਲੋਕਾਂ ਦੀ ਭੀੜ ਵੀ ਉਸ ਨੂੰ ਨਜ਼ਰ ਨਹੀਂ ਆਉਂਦੀ। ਉਹ ਕਿਸੇ ਨਾਲ ਵੀ ਗੱਲ ਕਰਕੇ ਖ਼ੁਸ਼ ਨਹੀਂ ਹੁੰਦਾ। ਮਨੋਵਿਗਿਆਨੀਆਂ ਕੋਲ ਅਜਿਹੇ ਲੋਕਾਂ ਦੇ ਹਜ਼ਾਰਾਂ ਕੇਸ ਆ ਰਹੇ ਹਨ ਜਿਹੜੇ ਸਮਾਰਟ ਫ਼ੋਨ ਦੀ ਆਦਤ ਕਰਕੇ ਮਾਨਸਿਕ ਰੋਗੀ ਬਣ ਗਏ ਹਨ। ਇਹਨਾਂ ਰੋਗੀਆਂ ਵਿਚ ਨਵੀਂ ਉਮਰ ਦੇ ਬੱਚੇ-ਬੱਚੀਆਂ ਵੱਡੀ ਗਿਣਤੀ ਵਿਚ ਹਨ। ਇਹ ਬਹੁਤ ਮੰਦਭਾਗੀ ਗੱਲ ਹੈ। ਇਸ ਤੋਂ ਬਚਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਚੰਦ ਕੁ ਨੁਕਤੇ ਦੱਸੇ ਜਾ ਰਹੇ ਹਨ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ। 1. ਸਮਾਰਟ ਫ਼ੋਨ ਚਲਾਉਣ ਦਾ ਸਮਾਂ ਨਿਸ਼ਚਿਤ ਹੋਣਾ ਚਾਹੀਦਾ ਹੈ। ਦਿਨ ਵਿਚ ਦੋ ਘੰਟੇ 2. ਆਪਣੇ ਸ਼ੌਕ ਨੂੰ ਸਮਾਂ ਦਿਓ। ਮਸਲਨ ਬਾਗਬਾਨੀ ਕਰੋ, ਖੇਡੋ, ਸੈਰ ਕਰੋ ਜਾਂ ਫਿਰ ਕਸਰਤ ਕਰੋ। 3. ਪਰਿਵਾਰਿਕ ਮੈਂਬਰਾਂ ਨਾਲ ਕੁਝ ਸਮਾਂ ਬਿਤਾਓ। 4. ਦੋਸਤਾਂ- ਮਿੱਤਰਾਂ ਨੂੰ ਵਕਤ ਦਿਓ। 5. ਹਸਪਤਾਲਾਂ, ਅਨਾਥ ਆਸ਼ਰਮਾਂ ਅਤੇ ਬਿਰਧ ਆਸ਼ਰਮਾਂ ਵਿਚ ਰਹਿ ਰਹੇ ਲੋਕਾਂ ਨਾਲ ਮੁਲਾਕਾਤ ਕਰੋ। ਉਹਨਾਂ ਦੀ ਜਿ਼ੰਦਗੀ ਨੂੰ ਜਾਣੋ ਅਤੇ ਸਮਝੋ। 6. ਕੁਝ ਦਿਨ ਜਾਂ ਕੁਝ ਘੰਟੇ ਬਿਨਾਂ ਸਮਾਰਟ ਫੋ਼ਨ ਤੋਂ ਰਹਿਣ ਦਾ ਯਤਨ ਕਰੋ। ਇੰਟਰਨੈੱਟ ਤੋਂ ਬਿਨਾਂ ਰਹਿਣ ਦਾ ਅਭਿਆਸ ਕਰੋ। 7. ਕਲਪਣਾ ਦੀ ਦੁਨੀਆਂ ਤੋਂ ਬਾਹਰ ਆਉਣ ਲਈ ਅਸਲ ਦੁਨੀਆਂ ਨਾਲ ਰਾਬਤਾ ਕਾਇਮ ਕਰੋ। 8. ਅਖ਼ਬਾਰ, ਮੈਗਜ਼ੀਨ ਅਤੇ ਹੋਰ ਪੁਸਤਕਾਂ ਪੜ੍ਹੋ। 9. ਯਾਤਰਾ ਲਈ ਨਿਕਲੋ। 10. ਸਾਈਕਲ ਚਲਾਓ। ਇਸ ਤਰ੍ਹਾਂ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਜਿਸ ਨਾਲ ਕੁਝ ਵਕਤ ਅਸੀਂ ਕਲਪਣਾ ਦੀ ਦੁਨੀਆਂ ਤੋਂ ਬਾਹਰ ਆ ਸਕਦੇ ਹਾਂ। ਇਸ ਨਾਲ ਕੁਝ ਚਿਰ ਪਰੇਸ਼ਾਨੀ ਆਵੇਗੀ ਪਰੰਤੂ ਸਹਿਜੇ-ਸਹਿਜੇ ਇਸਦੀ ਆਦਤ ਬਣ ਜਾਵੇਗੀ। ਇਸ ਨਾਲ ਬਹੁਤ ਸਾਰੀਆਂ ਮਾਨਸਿਕ ਪਰੇਸ਼ਾਨੀਆਂ ਖ਼ੁਦ ਹੀ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। # 1054/1, ਵਾਰਡ ਨੰ. 15- ਏ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009