“ਵਿਸਾਖੀ ਦਾ ਤਿਉਹਾਰ…..” |
ਸਭਿਆਚਾਰਕ/ ਸਮਾਜਿਕ ਪਹਿਲੂ ਉਂਝ ਤਾਂ ਸਾਰੇ ਭਾਰਤ ਨੂੰ ਹੀ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ ਪਰ ਪੰਜਾਬ ਵਿੱਚ ਹਰ ਰੁੱਤ ਦੇ ਅੱਡ ਅੱਡ ਮੇਲੇ/ ਤਿਉਹਾਰ ਮਨਾਏ ਜਾਂਦੇ ਹਨ ਅਤੇ ਸੰਸਾਰ ਭਰ ਵਿੱਚ ਪੰਜਾਬ ਵਿਲੱਖਣ ਰੂਪ ਵਿੱਚ ਵਿਚਰਦਾ ਹੈ। (ਕੁਦਰਤ ਨੇ ਅਜਿਹੀ ਬਖਸ਼ਿਸ਼ ਸਿਰਫ਼ ਪੰਜਾਬ ਤੇ ਹੀ ਕੀਤੀ ਹੈ।) ਚਾਰ ਮੁੱਖ ਰੁੱਤਾਂ (ਸਰਦੀ, ਬਸੰਤ, ਗਰਮੀ, ਅਤੇ ਪੱਤਝੜ) ਦੀ ਆਮਦ ਹਰ ਮੇਲੇ ਨਾਲ ਸ਼ੁਰੂ ਹੁੰਦੀ ਹੈ ਅਤੇ ਹਰ ਰੁੱਤ ਦਾ ਆਪਣਾ ਇੱਕ ਤਿਉਹਾਰ ਹੈ। ਸਰਦੀ ਦੀ ਆਮਦ ਦੀਵਾਲੀ ਤੋਂ ਸ਼ੁਰੂ ਹੁੰਦੀ ਹੋਈ ਭਰ ਸਰਦੀ ਵਿੱਚ ਲੋਹੜੀ ਦਾ ਤਿਉਹਾਰ ਅਤੇ ਮਾਘੀ ਦਾ ਮੇਲਾ ਮਨਾ ਕੇ,”ਆਈ ਬਸੰਤ ਪਾਲਾ ਉਡੰਤ” ਦਾ ਨਾਹਰਾ ਦੇ ਕੇ ਬਸੰਤ ਰੁੱਤ ਵਿੱਚ ਤਬਦੀਲ ਹੋ ਜਾਂਦੀ ਹੈ। ‘ਬਸੰਤ ਰੁੱਤ” ਨੂੰ ‘ਰੁੱਤਾਂ ਦੇ ਰਾਜੇ’ ਦਾ ਦਰਜਾ ਦਿੱਤਾ ਗਿਆ ਹੈ। ਚਾਰੇ ਪਾਸੇ ਲਹਿ ਲਹਾਉਂਦੀਆਂ ਸਰ੍ਹੋਂ ਤੇ ਕਣਕ ਦੀਆਂ ਫ਼ਸਲਾਂ ਰੰਗ ਵਟਾਉਣ ਲੱਗਦੀਆਂ ਹਨ ਅਤੇ ਫੱਗਣ, ਚੇਤ ਮਹੀਨੇ ਦੇ ਖ਼ਤਮ ਹੋਣ ਤੇ ਖੇਤਾਂ ਵਿੱਚ ਵਿਸਾਖੀ ਦਾ ਤਿਉਹਾਰ, ਵਿਸਾਖੀ ਵਾਲੇ ਦਿਨ, ਵਿਸਾਖ ਮਹੀਨੇ ਦੀ ਸੰਗਰਾਂਦ (ਅਪ੍ਰੈਲ 13) ਨੂੰ ਪੱਕੀਆਂ ਕਣਕਾਂ ਦੀ ਕਟਾਈ ਲਈ ਟੱਕ ਲਾ ਕੇ ਮਨਾਇਆ ਜਾਂਦਾ ਹੈ। ਜੋ ਇਸ ਖ਼ਾਸ ਦਿਨ ਦਾ ਸੱਭਿਆਚਾਰਕ/ ਸਮਾਜਿਕ ਪਹਿਲੂ ਗਿਣਿਆ ਜਾਂਦਾ ਹੈ। ਇਸ ਦਿਨ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਦਿਨ ਬਿਕਰਮੀ ਸੰਮਤ ਸ਼ੁਰੂ ਹੁੰਦਾ ਹੈ। ਖਾਲਸਾ ਸੰਮਤ ਵਿੱਚ ਇਸ ਮਹੀਨੇ ਤੋਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਸ ਮਹੀਨੇ ਨੂੰ ਸਾਲ ਦਾ ਪਹਿਲਾ ਮਹੀਨਾ ਗਿਣਿਆ ਜਾਂਦਾ ਹੈ। ਤੇਜ਼ ਗਰਮੀ ਦੀ ਰੁੱਤ ਦੀ ਆਮਦ ਸੰਦਲੀ ਸਵੇਰਿਆਂ ਅਤੇ ਦਿਨਾਂ ਤੇ ਦਸਤਕ ਦੇਣ ਲੱਗਦੀ ਹੈ। ਧਾਰਮਿਕ ਪਹਿਲੂ ਵਿਸਾਖੀ ਵਾਲੇ ਦਿਨ, ਸਿੱਖਾਂ ਦੇ ਦਸਵੇਂ ਪਾਤਸ਼ਾਹ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਪ੍ਰੈਲ 13, 1699 ਨੂੰ ਅਨੰਦਪੁਰ ਸਾਹਿਬ ਵਿੱਚ ‘ਕੇਸਗੜ੍ਹ ਸਾਹਿਬ’ ਵਿਖੇ ਸਜੇ ਭਾਰੀ ਦੀਵਾਨ ਵਿੱਚ, ਨਿੱਘਰਦੀ ਜਾਂਦੀ ਸਿੱਖ ਕੌਮ ਨੂੰ ਢਹਿੰਦੀਆਂ ਕਲਾਂ ਵਿੱਚੋਂ ਕੱਢ ਕੇ, ਜਾਤ ਪਾਤ ਦੇ ਭੇਦਭਾਵ ਨੂੰ ਸਿਰੇ ਤੋਂ ਜੜ੍ਹੋਂ ਵੱਢ ਕੇ, ਖੰਡੇ ਦੀ ਪਾਹੁਲ ਛਕਾ ਕੇ, ਸਿੰਘ ਸਜਾ ਕੇ, ਖਾਲਸਾ ਪੰਥ ਦੀ ਸਥਾਪਨਾ ਕਰਕੇ, ਖਾਲਸੇ ਨੂੰ ਚਿੜ੍ਹੀਆਂ ਤੋਂ ਬਾਜ਼ ਬਣਾ ਕੇ, ਧਰਮ ਅਤੇ ਦੇਸ਼ ਲਈ ਕੁਰਬਾਨ ਹੋਣ ਵਾਲੀ ਇੱਕ ਅਦੁੱਤੀ ਕੌਮ ਨੂੰ ਜਨਮ ਦਿੱਤਾ ਅਤੇ ਧਰਮ ਲਈ “ਸਿਰ ਦੀਜੈ ਕਾਣੁ ਨਾ ਕੀਜੈ…..” ਵਾਲੀ ਸੋਚ ਤੇ ਪਹਿਰਾ ਰੱਖਣ ਵਾਲੀ ਸਿੱਖ ਕੌਮ ਦੀ ਨੀਂਹ ਰੱਖੀ। ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਠਾਠਾਂ ਮਾਰਦੇ ਲੋਕਾਂ ਦੇ ਇਕੱਠ ਵਿੱਚੋਂ ਧਰਮ ਅਤੇ ਕੌਮ ਲਈ ਇੱਕ ਸਿਰ ਦੀ ਕੁਰਬਾਨੀ ਮੰਗੀ ਤਾਂ ਭੀੜ ਵਿੱਚੋਂ ਸੱਭ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਨੇ ਤੇ ਫਿਰ ਇੱਕ ਤੋਂ ਬਾਅਦ ਇੱਕ ਗੁਰੂ ਸਾਹਿਬ ਦੇ ਚਾਰ ਹੋਰ ਸਿਰ ਮੰਗਣ ਤੇ ਚਾਰ ਹੋਰ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੇ ਧਰਮ ਕੌਮ ਲਈ ਆਪਣੇ ਸਿਰ ਪੇਸ਼ ਕੀਤੇ। ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਅਤੇ ਸਿੰਘ (ਸ਼ੇਰ) ਦਾ ਖਿਤਾਬ ਬਖਸ਼ ਕੇ, “ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ” ਵਾਲੇ ਸ਼ਬਦਾਂ ਨੂੰ ਸਿੱਧ ਕਰਦੇ ‘ਖਾਲਸਾ ਪੰਥ’ ਦੀ ਨੀਂਹ ਰੱਖੀ ਤੇ ਫਿਰ ਆਪ ਖ਼ੁਦ ਉਹਨਾਂ ਪੰਜ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ (ਅੰਮ੍ਰਿਤ) ਛਕ ਕੇ ਉਹਨਾਂ ਨੂੰ ਖਾਲਸਾ ਹੋਣ ਦਾ ਮਾਣ ਬਖਸ਼ਿਆ ਤੇ ਇਹ ਸ਼ਬਦ ਆਪਣੇ ਮੁਖ਼ਾਰਬਿੰਦ ਵਿੱਚੋਂ ਉਚਾਰੇ ਕੇ “ਇਹਨਾਂ ਦਾ ਹੁਕਮ ਮੈਨੂੰ ਸਦਾ ਪਰਵਾਨ ਹੋਵੇਗਾ” ਕਹਿ ਕੇ “ਮਰਦ ਅਗੰਮੜਾ ਜਨਮਿਆ ਵਰਿਆਮ ਅਕੇਲਾ। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।” ਵਾਲੀ ਇੱਕ ਅਦੁੱਤੀ ਮਿਸਾਲ ਕਾਇਮ ਕਰਨ ਦਾ ਸਬੂਤ ਦਿੱਤਾ। ‘ਖਾਲਸਾ ਪੰਥ’ ਦੀ ਸਥਾਪਨਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਵੱਖਰੀ, “ਸਾਬਤ ਸੂਰਤ ਦਸਤਾਰ ਸਿਰਾ’ ਵਾਲੀ ਵਿਲੱਖਣ ਪਹਿਚਾਣ ਦਿੱਤੀ। ਸਾਬਤ ਸੂਰਤ ਅਤੇ ਪੰਜ ਕਕਾਰ, “ਕੇਸ, ਕੰਘਾ, ਕੜਾ, ਕੱਛਾ, ਕਿਰਪਾਨ ਅਤੇ ਇੱਕ ਵੱਖਰਾ ਬਾਣਾ ਪਹਿਨਾ ਕੇ ਸਾਰੀ ਦੁਨੀਆਂ ਦੇ ਧਰਮਾਂ ਵਿੱਚੋਂ ਇੱਕ ਨਿਆਰੀ ਪਹਿਚਾਣ ਦਿੱਤੀ ਤੇ ਕਾਇਰ ਅਤੇ ਸਾਹਸਹੀਣ ਲੋਕਾਂ ਨੂੰ ‘ਸਿੰਘ’ ਬਣਾ ਕੇ ਜ਼ੁਲਮ ਦਾ ਟਾਕਰਾ ਕਰਨ ਵਾਲੇ ਅਣਖ਼ੀਲੇ, ਬਹਾਦਰ ਯੋਧੇ ਬਣਾ ਦਿੱਤਾ। ‘ਖਾਲਸਾ ਪੰਥ’ ਦੇ ਉਦੇਸ਼, ‘ਵਾਹਿਗੁਰੂ ਜੀ ਦੀ ਫਤਿਹ’, ‘ਸਰਬੱਤ ਦਾ ਭਲਾ’, ‘ਨਾਮ ਦੀ ਚੜ੍ਹਦੀ ਕਲਾ’, ‘ਦੀਨ, ਧਰਮ ਦੀ ਰੱਖਿਆ ਕਰਨਾ’, ‘ਦੇਗ-ਤੇਗ਼ ਫਤਿਹ’, ਦੇ ਪਾਲਣ ਦੇ ਨਾਲ ਨਾਲ, “ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ‘ਤੇ ਕਬਹੂੰ ਨਾ ਟਰੋਂ। ਨਾ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋਂ” ਦੇ ਅਣਮੋਲ ਸ਼ਬਦ ਕਿਸੇ ਆਮ ਕਮਜ਼ੋਰ ਆਦਮੀ ਦੀ ਆਤਮਾ ਅਤੇ ਸਰੀਰ ਵਿੱਚ ਇੱਕ ਅਜਿਹਾ ਹੌਂਸਲਾ ਅਤੇ ਸ਼ਕਤੀ ਭਰ ਦਿੰਦੇ ਹਨ, ਜੋ ਵਰਨਣ ਤੋਂ ਬਾਹਰ ਹਨ। ਉਦੋਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਪਰ ਗੁਲਾਮ ਰਹਿਣਾ ਪੰਜਾਬੀਆਂ ਦੀ ਫ਼ਿਤਰਤ ਵਿੱਚ ਹੀ ਸ਼ਾਮਿਲ ਨਹੀਂ। ਅੰਗਰੇਜ਼ਾਂ ਵਿਰੁੱਧ ਸੰਨ 1857 ਦੇ ਗਦਰ ਦੀ ਭੁੱਬਲ ਵਿੱਚ ਕੁੱਝ ਚੰਗਿਆੜੇ ਬਾਕੀ ਸਨ ਜੋ ਆਜ਼ਾਦੀ ਦੇ ਪਰਵਾਨਿਆਂ ਦੇ ਦਿਲਾਂ ਅੰਦਰ ਸ਼ਮ੍ਹਾਂ ਬਣ ਕੇ ਜਲ ਰਹੇ ਸਨ। ਦਿਨ ਤਿਉਹਾਰਾਂ ਤੇ ਇਕੱਠੇ ਹੋ ਕੇ ਲੋਕ ਸ਼ਾਂਤਮਈ ਢੰਗ ਨਾਲ ਇਸ ਬਾਰੇ ਚਰਚਾ ਕਰਿਆ ਕਰਦੇ ਸਨ। ਅਪ੍ਰੈਲ 13, 1919 ਨੂੰ ਵਿਸਾਖੀ ਵਾਲੇ ਦਿਨ ਜਦੋਂ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਦਰਬਾਰ ਸਜੇ ਹੋਏ ਸਨ, ਸ਼ਬਦ ਕੀਰਤਨ ਹੋ ਰਿਹਾ ਸੀ, ਅਤੇ ਅਕਾਲ ਤਖਤ ਨੇੜੇ ਢਾਡੀ ਸਿੰਘ ਵਾਰਾਂ ਗਾ ਰਹੇ ਸਨ ਤਾਂ ਹਰਮੰਦਰ ਸਾਹਿਬ ਤੋਂ ਬਹੁਤ ਥੋੜ੍ਹੀ ਦੂਰੀ ਤੇ ਸਥਿਤ, ‘ਜਲ੍ਹਿਆਂ ਵਾਲੇ ਬਾਗ’ ਵਿੱਚ ਵੀਹ ਹਜ਼ਾਰ (20,000) ਤੋਂ ਵੀ ਉੱਪਰ ਇਕੱਠੇ ਹੋਏ, ਸ਼ਾਂਤਮਈ ਢੰਗ ਨਾਲ ਗੱਲਬਾਤ ਕਰ ਰਹੇ ਨਿਹੱਥੇ ਲੋਕਾਂ ਨੂੰ ਅੰਗਰੇਜ਼ ਜਨਰਲ ‘ਸਰ ਮਾਈਕਲ ਓਡਵਾਇਰ’ ਦੇ ਹੁਕਮ ਤੇ ਬੜੀ ਬੇਰਹਿਮੀ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਸੈਂਕੜੇ ਲੋਕ ਜਾਨਾਂ ਬਚਾਉਣ ਲਈ ਜਲ੍ਹਿਆਂ ਵਾਲੇ ਬਾਗ ਦੇ ਖੂਹ ਵਿੱਚ ਛਾਲਾਂ ਮਾਰ ਕੇ ਜਾਨਾਂ ਗੰਵਾ ਬੈਠੇ। ਜਲ੍ਹਿਆਂ ਵਾਲੇ ਬਾਗ ਦੇ ਬਾਹਰ ਨਿਕਲਣ ਵਾਲੇ ਇੱਕੋ ਇੱਕ ਗੇਟ ਤੇ ਓਡਵਾਇਰ ਨੇ ਬੰਦੂਕਾਂ ਨਾਲ ਲੈਸ ਸਿਪਾਹੀਆਂ ਨੂੰ ਤੈਨਾਤ ਕੀਤਾ ਹੋਇਆ ਸੀ, ਜਿੰਨ੍ਹਾਂ ਨੇ ਨਿਰਦਈ ਓਡਵਾਇਰ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਨਿਰਦੋਸ਼ ਔਰਤਾਂ ਅਤੇ ਮਾਸੂਮ ਬੱਚਿਆਂ ਨੂੰ ਵੀ ਨਾ ਬਖਸ਼ਿਆ ਅਤੇ ਉਨ੍ਹਾਂ ਨੂੰ ਗੋਲੀਆਂ ਨਾਲ ਛਲਣੀਂ ਕਰ ਦਿੱਤਾ। ਅਜਿਹਾ ਹੁਕਮ ਦੇ ਕੇ ਜਰਨਲ ਓਡਵਾਇਰ ਨੇ ਖ਼ੁਦ ਆਪਣੀ ਮੌਤ ਦੇ ਪਰਵਾਨੇ ਤੇ ਦਸਦਖ਼ਤ ਕਰ ਦਿੱਤੇ। ਜਿਸ ਦਾ ਬਦਲਾ ਵਿਸਾਖੀ ਵਾਲੇ ਦਿਨ ਦੀ ਇਸ ਘਟਨਾ ਦੇ ਚਸ਼ਮਦੀਦ ਗਵਾਹ, ਉਸ ਵਕਤ ਗਿਆਰਾਂਂ ਸਾਲਾਂ ਦੇ ਮਾਸੂਮ ‘ਸ਼ਹੀਦ ਊਧਮ ਸਿੰਘ’ ਨੇ ਸਾਲਾਂ ਬਾਅਦ ਲਿਆ। |
*** 726 |
ਲੇਖਿਕਾ--- ''ਡਾ. ਪ੍ਰਿਤ ਪਾਲ ਕੌਰ ਚਾਹਲ"
ਨਾਮ--- ਡਾ. ਪ੍ਰਿਤ ਪਾਲ ਕੌਰ ਚਾਹਲ ਪਤਨੀ ਡਾ ਵਰਿੰਦਰ ਪਾਲ ਸਿੰਘ ਚਾਹਲ।
ਜਨਮ ਸਥਾਨ--- ਕਪੂਰਥਲਾ (ਪੰਜਾਬ) (ਭਾਰਤ)
ਵਿੱਦਿਅਕ ਯੋਗਤਾਵਾਂ---
ਬੀ ਐੱਸ ਸੀ ਆਨਰਜ਼ ਬਾਇਓਕੈਮਿਸਟਰੀ
ਐੱਮ ਐੱਸ ਸੀ ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ)
ਪੀ ਐੱਚ ਡੀ, ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ)
ਦੋ ਕਹਾਣੀ ਸੰਗ੍ਰਿਹ- --
1. ਮਣਕੇ (ਲੋਕ ਗੀਤ ਪ੍ਰਕਾਸ਼ਨ)
2. ਅਕਾਸ਼ ਗੰਗਾ (ਉਡਾਣ ਪਬਲੀਕੇਸ਼ਨ)
ਦੋ ਨਾਵਲ---
1. ਅੱਜ ਦੀ ਅਹੱਲਿਆ (ਕੈਪਰੀ ਪਬਲੀਕੇਸ਼ਨ)
2. ਪਹਿਲੇ ਰੰਗ ਨਾ ਰੱਤੀਓਂ (ਚੇਤਨਾ ਪ੍ਰਕਾਸ਼ਨ)
ਦੋ ਨਾਟਕ---
1. ਜਨਮਦਾਤਾ (ਚੇਤਨਾ ਪ੍ਰਕਾਸ਼ਨ)
2. ਦਹਿਸ਼ਤ (ਚੇਤਨਾ ਪ੍ਰਕਾਸ਼ਨ)
ਚਾਰ ਬਾਲ ਸਾਹਿਤ- --
1. ਕਲੀਆਂ ਤੇ ਕਰੂੰਬਲਾਂ (ਕੈਪਰੀ ਪਬਲੀਕੇਸ਼ਨ)
2. ਜਨਮਦਿਨ ਦੀ ਪਾਰਟੀ (ਚੇਤਨਾ ਪ੍ਰਕਾਸ਼ਨ)
3. ਮਿਹਨਤ (ਚੇਤਨਾ ਪ੍ਰਕਾਸ਼ਨ)
4. ਆਪਣਾ ਹਿੱਸਾ (ਸੱਚੀ ਖੁਸ਼ੀ) (ਚੇਤਨਾ ਪ੍ਰਕਾਸ਼ਨ)
ਦੋ ਕਾਵਿ ਸੰਗ੍ਰਹਿ- --
1. ਅਣਪੜ੍ਹੀ ਕਿਤਾਬ (ਚੇਤਨਾ ਪ੍ਰਕਾਸ਼ਨ)
2 . ਸਾਵਣ ਦੀਆਂ ਝੜੀਆਂ (ਪ੍ਰੀਤ ਪਬਲੀਕੇਸ਼ਨ, ਨਾਭਾ)
ਸਾਹਿਤਕ ਗਤੀਵਿਧੀਆਂ---
ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਨੇ ਪ੍ਰਮੰਨੇ ਅਖ਼ਬਾਰਾਂ, ਕਿਤਾਬਾਂ ਅਤੇ ਰਸਾਲਿਆਂ ਵਿੱਚ ਛਪੀਆਂ ਅਨੇਕਾਂ ਕਹਾਣੀਆਂ, ਮਿੰਨ੍ਹੀ ਕਹਾਣੀਆਂ, ਕਵਿਤਾਵਾਂ, ਹਾਸ ਵਿਅੰਗ ਰਚਨਾਵਾਂ ਅਤੇ ਪਿਛਲੇ ਸਾਲ ਤੋਂ ਹਰ ਹਫ਼ਤੇ ਨਿਰਵਿਘਨ ਅਤੇ ਨਿਰਬਾਦ ਛਪ ਰਿਹਾ ਨਾਵਲ, "ਯਾਦਾਂ ਦੇ ਝਰੋਖੇ 'ਚੋਂ..... ਨੈਣਾਂ"
ਤੋਂ ਇਲਾਵਾ ਬਾਰ੍ਹਾਂ ਕਿਤਾਬਾਂ ਪੰਜਾਬੀ ਮਾਂ ਬੋਲੀ ਵਿੱਚ ਛਪੀਆਂ ਹਨ।
ਸੰਨ 2010 ਤੋਂ ਲੇਖਿਕਾ ਵਿੰਨੀਪੈਗ (ਮੈਨੀਟੋਬਾ) ਕੈਨੇਡਾ ਵਿੱਚ ਪਰਵਾਸ ਹੰਢਾ ਰਹੀ ਹੈ। ਕੈਨੇਡਾ ਵਿੱਚ 'ਮੈਨੀਟੋਬਾ ਦਾ ਸਾਹਿਤ' ਅਤੇ ਟੋਰਾਂਟੋ ਦੀ ਔਰਤਾਂ ਦੀ ਸਾਹਿਤਕ ਸੰਸਥਾ 'ਦਿਸ਼ਾ' ਦੀ ਪਬਲੀਕੇਸ਼ਨ 'ਕੂੰਜਾਂ' ਵਿੱਚ ਛਪੀਆਂ ਕਵਿਤਾਵਾਂ, ਪਾਠਕਾਂ ਦੀ ਪ੍ਰਵਾਨਗੀ ਅਤੇ ਹੱਲਾਸ਼ੇਰੀ ਲੇਖਿਕਾ ਦੀਆਂ ਅਭੁੱਲ ਯਾਦਗਾਰੀ ਉੱਪਲਬਧੀਆਂ ਹਨ।
ਡਾ ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ
(ਫੋਨ ਨੰਬਰ- - 001 204 999 9240)
WINNIPEG (MANITOBA) CANADA