12 June 2024

ਅਦੀਬ ਸਮੁੰਦਰੋਂ ਪਾਰ ਦੇ: ਲੋਕ ਮਸਲਿਆਂ ਨੂੰ ਕਾਵਿਕ ਰੰਗ ਦੇਣ ਵਾਲਾ ਤਾਰਾ ਸਿੰਘ ਸਾਗਰ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (11 ਦਸੰਬਰ 2022 ਨੂੰ) 90ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਲੋਕ ਮਸਲਿਆਂ ਨੂੰ ਕਾਵਿਕ ਰੰਗ ਦੇਣ ਵਾਲਾ ਤਾਰਾ ਸਿੰਘ ਸਾਗਰ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਤਾਰਾ ਸਿੰਘ ਸਾਗਰ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਤਾਰਾ ਸਿੰਘ ਸਾਗਰ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਮਰੀਕਾ ਦੇ ਰਾਜ ਕੈਲੇਫੋਰਨੀਆ ’ਚ ਵੱਸਦਾ ਤਾਰਾ ਸਿੰਘ ਸਾਗਰ ਇਕ ਸੁਚੱਜਾ ਕਾਵਿ-ਸਿਰਜਕ ਹੈ। ਉਸ ਦੀ ਹੁਣ ਤਕ ਆਈ ਇੱਕੋ ਇਕ ਪੁਸਤਕ ‘ਰੇਤ ਮਹਿਲ’ ਬਾਰੇ ਗੱਲ ਕਰਦਿਆਂ ਨਾਮਵਰ ਵਿਦਵਾਨ ਡਾ. ਜਸਵਿੰਦਰ ਸਿੰਘ ਨੇ ਲਿਖਿਆ ਹੈ ਕਿ ‘ਇਸ ਪੁਸਤਕ ਵਿਚ ਉਸ ਦੀ ਕਾਵਿ-ਰਚਨਾ ਤਿੰਨ ਸਿਨਫ਼ਾਂ ਵਿਚ ਮਿਲਦੀ ਹੈ-ਖੁੱਲ੍ਹੀ ਕਵਿਤਾ, ਗ਼ਜ਼ਲ ਅਤੇ ਗੀਤ। ਤਿੰਨਾਂ ਦਾ ਗਹਿਰ ਗੰਭੀਰ ਅਧਿਐਨ ਇਹ ਪ੍ਰਮਾਣਿਤ ਕਰ ਰਿਹਾ ਹੈ ਕਿ ਤਾਰਾ ਸਿੰਘ ਸਾਗਰ ਨੂੰ ਸੁਚੱਜੀ ਕਾਵਿ-ਸਿਰਜਣਾ ਉੱਤੇ ਵਿਸ਼ੇਸ਼ ਮੁਹਾਰਤ ਹਾਸਲ ਹੈ। ਉਸ ਪਾਸ ਕਵਿਤਾ ਦੀ ਦਾਤ ਹੈ। ਉਹ ਆਪਣੇ ਵਿਸ਼ੇਸ਼ ਅਤੇ ਵਿਕੋਲਿਤਰੇ ਅਨੁਭਵਾਂ ਨੂੰ ਸਰਲ ਪਰ ਪ੍ਰਭਾਵੀ ਜ਼ੁਬਾਨ ਦੇਣ ਦੇ ਸਮਰੱਥ ਹੈ।

ਸਾਹਿਤ ਦੇ ਸਿਆਣਿਆਂ ਮੁਤਾਬਕ ਗੀਤ ਵਿਚ ਜਜ਼ਬਿਆਂ ਦਾ ਸਿੱਧਾ ਪ੍ਰਗਟਾਓ ਹੁੰਦਾ ਹੈ। ਸਾਹਿਤ ਕੋਸ਼ ਮੁਤਾਬਕ ਵੀ ਗੀਤ ਅਤੇ ਗਾਣੇ ਦੇ ਇੱਕੋ ਅਰਥ ਹਨ ਭਾਵ ਗਾਉਣ ਯੋਗ ਛੰਦ ਨੂੰ ਹੀ ਗੀਤ ਆਖਿਆ ਜਾਂਦਾ ਹੈ। ਗੀਤ ਵਿਚ ਭਾਵ ਜਾਗਿ੍ਰਤ ਕਰਨ ’ਤੇ ਇਸ ਨੂੰ ਵਿਕਾਸ ਬਖ਼ਸ਼ਣ ਦੀ ਯੋਗਤਾ ਹੁੰਦੀ ਹੈ। ਤਾਰਾ ਸਿੰਘ ਸਾਗਰ ਨੇ ਆਪਣੇ ਗੀਤਾਂ ਵਿਚ ਬੜੇ ਸਾਦੇ ਤੇ ਸਹਿਜ ਢੰਗ ਨਾਲ ਇਸ ਯੋਗਤਾ ਦਾ ਪ੍ਰਮਾਣ ਦਿੱਤਾ ਹੈ। ਉਦਾਹਰਣ ਵਜੋਂ ਉਸ ਦੇ ਇਕ ਗੀਤ ਦੇ ਕੁਝ ਬੰਦ ਸਾਂਝੇ ਕਰਦੇ ਹਾਂ :-

ਮੁੰਡਾ : ਤੈਨੂੰ ਦੂਰ ਨਹੀਂਓ ਜਾਣ ਦੇਣਾ ਸੋਹਣੀਏ
ਸੁੱਚੇ ਸਾਹਾਂ ਵਿੱਚ ਲੈਣਾ ਹੈ ਵਸਾ
ਅਸੀਂ ਚੰਨ ’ਤੇ ਪਲਾਟ ਹੈ ਖ਼ਰੀਦਿਆ
ਤੈਨੂੰ ਬੰਗਲਾ ਵੀ ਦਿਆਂਗੇ ਪੁਆ
ਕੁੜੀ :- ਸਾਰਾ ਅੰਬਰ ਜਿਵੇਂ ਹੈ ਮੇਰੀ ਚੁਨਰੀ
ਉੱਤੇ ਲਿਖਿਆ ਹੈ ਤੇਰਾ ਸੋਹਣਾ ਨਾਂ
ਚੰਨਾ ਭੁੱਲ ਜਾਹ ਤੂੰ ਚੰਨ ’ਤੇ ਪਲਾਟ ਨੂੰ
ਬਸ ਦੇ ਕੇ ਰੱਖੀਂ ਦਿਲ ਵਿਚ ਥਾਂ
ਚੰਨਾ ਭੁੱਲ ਜ਼ਾਹ…।

ਤਾਰਾ ਸਿੰਘ ਸਾਗਰ ਦਾ ਆਪਣੇ ਜਨਮ ਬਾਰੇ ਆਖਣਾ ਹੈ ਕਿ ‘ਮੇਰਾ ਜਨਮ 26 ਜਨਵਰੀ 1954 ਦਾ ਹੈ। ਮੈਂ ਜ਼ਿਲ੍ਹਾ ਜਲੰਧਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਤਹਿਸੀਲ ਨਵਾਂ ਸ਼ਹਿਰ ਦੇ ਮਸ਼ਹੂਰ ਪਿੰਡ ਦੌਲਤਪੁਰ ਦਾ ਜੰਮਪਲ ਹਾਂ। ਆਜ਼ਾਦੀ ਲਹਿਰ ਵਿਚ ਬਹੁਤ ਹੀ ਸਰਗਰਮ ਰਹੇ ਬੱਬਰਾਂ ਦੇ ਇਸ ਪਿੰਡ ਵਿਚ ਮੈਨੂੰ ਜਨਮ ਲੈਣ ਅਤੇ ਜੁਆਨ ਹੋਣ ਤਕ ਦਾ ਮੌਕਾ ਮਿਲਿਆ ਹੈ। ਅਮਰੀਕਾ ਮੈਂ ਰਮੇਸ਼ ਬੰਗੜ ਨਾਲ ਵਿਆਹ ਕਰਵਾ ਕੇ 15 ਸਤੰਬਰ 1978 ਨੂੰ ਪੁੱਜਾ।
ਪੰਜਾਬੀ ਕਾਵਿ-ਰਚਨਾਕਾਰੀ ਵੱਲ ਆਪਣੇ ਰੁਝਾਨ ਦਾ ਜ਼ਿਕਰ ਸਾਗਰ ਨੇ ਇਉ ਕੀਤਾ ਹੈ :-

ਸਾਡੇ ਪਿੰਡ ਬੱਬਰਾਂ ਦੀ ਯਾਦ ਵਿਚ ਰਾਜਸੀ ਸਮਾਗਮ ਹੁੰਦੇ ਰਹਿੰਦੇ ਸਨ। ਉੱਥੇ ਦੇਸ਼ ਭਗਤੀ ਦੇ ਗੀਤ, ਯੋਧਿਆਂ ਦੀਆਂ ਵਾਰਾਂ ਤੇ ਕਵੀਸ਼ਰੀ ਹੀ ਸੁਣਿਆ ਕਰਦੇ ਸਾਂ। ਕਮਿਊਨਿਸਟ ਪਾਰਟੀ ਵੱਲੋਂ ਡਰਾਮੇ ਅਤੇ ਕਾਨਫਰੰਸਾਂ ਹੁੰਦੀਆਂ ਸਨ। ਉੱਥੇ ਸਾਹਿਤਕ ਕਿਤਾਬਾਂ ਮਿਲ ਜਾਂਦੀਆਂ ਸਨ। ਉਦੋਂ ਚਿਤ ਵਿਚ ਆਉਦਾ ਸੀ ਯਾਰ ਆਪਾਂ ਵੀ ਲੇਖਕ ਬਣੀਏ। ਮੇਰਾ ਜ਼ਿਆਦਾ ਝੁਕਾਅ ਗੀਤਾਂ ਵੱਲ ਸੀ। ਮੈਂ ਪੰਜਾਬੀ-ਹਿੰਦੀ ਦੇ ਗੀਤ ਬਹੁਤ ਸੁਣਦਾ ਸੀ। ਫੇਰ ਮਾੜੀ ਮੋਟੀ ਤੁਕਬੰਦੀ ਕਰਨ ਲੱਗ ਪਿਆ। ਇੱਥੇ ਕੈਲੇਫੋਰਨੀਆ ਪੰਜਾਬੀ ਸਾਹਿਤ ਸਭਾ ਸਰਗਰਮ ਸੀ। ਮੈਂ ਜਦੋਂ ਇਹਦੇ ਨਾਲ ਜੁੜਿਆ, ਫੇਰ ਪੜ੍ਹਨ ਅਤੇ ਲਿਖਣ ਲੱਗ ਪਿਆ।

ਤਾਰਾ ਸਿੰਘ ਸਾਗਰ ਦੀ ਪੁਸਤਕ ‘ਰੇਤ ਮਹਿਲ’ ਦਾ ਸਾਰਾ ਕਾਵਿ-ਸੰਸਾਰ ਕੇਂਦਰੀ ਰੂਪ ’ਚ ਲੋਕ ਮਸਲਿਆਂ ’ਤੇ ਕੇਂਦਰਿਤ ਹੈ। ਇਹ ਮਸਲੇ ਆਵਾਸ ਦੇ ਵੀ ਹਨ ਤੇ ਪਰਵਾਸ ਦੇ ਵੀ। ਇਨ੍ਹਾਂ ਸਾਰੇ ਮਸਲਿਆਂ ਨੂੰ ਸਾਗਰ ਨੇ ਬਹੁਤ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਹੈ। ‘ਰੇਤ ਮਹਿਲ’ ਪੁਸਤਕ ਦਾ ਨਾਂ ਹੀ ਇਕ ‘ਵਜੂਦਹੀਣ ਅਸਤਿਤਵ’ ਦੀ ਆਂਤਿ੍ਰਕ ਅਸਲੀਅਤ ਵੱਲ ਸਿੱਧਾ ਸੰਕੇਤ ਕਰਦਾ ਹੈ। ਇਸ ਪੁਸਤਕ ਵਿਚ ਗੀਤਾਂ ਦੇ ਨਾਲ-ਨਾਲ ਗ਼ਜ਼ਲਾਂ ਤੇ ਨਜ਼ਮਾਂ ਵੀ ਹਨ। ਜੇ ਗ਼ਜ਼ਲ ਦੀ ਗੱਲ ਕਰੀਏ ਤਾਂ ਸਭ ਨੂੰ ਪਤਾ ਹੈ ਕਿ ਗ਼ਜ਼ਲ ਪਹਿਲਾਂ ਫ਼ਾਰਸੀ ’ਚੋਂ ਉਰਦੂ ’ਚ ਆਈ ਤੇ ਉਰਦੂ ਤੋਂ ਪੰਜਾਬੀ ਵਿਚ ਆਈ। ਇਹ ਅਤਿ ਜਜ਼ਬੇ ਰੱਤਾ ਸੰਗੀਤਮਈ ਕਾਵਿ-ਰੂਪ ਮੰਨਿਆ ਜਾਂਦਾ ਹੈ। ਜਜ਼ਬਿਆਂ ਦਾ ਇਹ ਵੇਗ ਮੱਤਾ ਵਹਿਣ ਤਾਰਾ ਸਿੰਘ ਸਾਗਰ ਦੀਆਂ ਗ਼ਜ਼ਲਾਂ ਵਿਚ ਵੀ ਆਪਣੇ ਪੂਰੇ ਕਲਾਤਮਕ ਠੁੱਕ ਨਾਲ ਕਾਰਜਸ਼ੀਲ ਹੈ। ਤਾਰਾ ਸਿੰਘ ਸਾਗਰ ਦੀ ਇਕ ਪੂਰੀ ਗ਼ਜ਼ਲ ਨੂੰ ਆਤਮਸਾਤ ਕਰੋ :-

ਰੇਤ ਦੀਆਂ ਕੰਧਾਂ ’ਤੇ ਚੁਬਾਰੇ ਨਈਂ ਉਸਾਰੀ ਦੇ,
ਕੱਚਿਆ ਦਿਲਾ ਵੇ ਉੱਚੇ ਦਾਈਏ ਨਹੀਓਂ ਧਾਰੀ ਦੇ।
ਅੱਖੀਆਂ ਦੀ ਜੰਗ ਦਾ ਨਤੀਜਾ ਏਹੀ ਹੁੰਦਾ ਹੈ,
ਦਿਲ ਏਥੇ ਜਿੱਤੀਦੇ ਨੇ ਦਿਲ ਏਥੇ ਹਾਰੀ ਦੇ।
———੦——–
ਰਿਸ਼ਤਾ ਦਿਲਾਂ ਦਾ ਜਿਵੇਂ ਨਹੁੰ ਅਤੇ ਮਾਸ ਦਾ
ਲਾਰੇ ਤੇ ਬਹਾਨੇ ਤਾਂ ਅਸੂਲ ਨਹੀਂਓ ਯਾਰੀ ਦੇ।
ਰਾਹੀ ਪੁੱਛਣ ਰਾਹ ਤਾਂ ਦੱਸੀਏ ਪਿਆਰਾਂ ਨਾਲ,
ਜ਼ਿੰਦਗੀ ਦੇ ਰਾਹ ਨੇ ਸਖ਼ਤ ਨਰ ਨਾਰੀ ਦੇ।
ਮਹਿਕਦੇ ਸਾਹਾਂ ਦੇ ਵਿੱਚ ਜ਼ਹਿਰ ਨੂੰ ਰਲਾਈਏ ਨਾ
ਤੁਸੀਂ ਵੀ ਸਵਾਰ ਯਾਰੋ ਮੌਤ ਵਾਲੀ ਲਾਰੀ ਦੇ।
(ਪੰਨਾ-80)

ਤਾਰਾ ਸਿੰਘ ਸਾਗਰ ਦੇ ਕਾਵਿ ਸੰਸਾਰ ਦਾ ਦੀਰਘ ਅਧਿਐਨ ਕਰਨ ਵਾਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕ ਹੋਰ ਵਿਦਵਾਨ ਡਾ. ਰਾਜਿੰਦਰ ਪਾਲ ਸਿੰਘ ਦਾ ਵਿਚਾਰ ਹੈ ਕਿ ਤਾਰਾ ਸਿੰਘ ਸਾਗਰ ਦੀ ਕਾਵਿ-ਰਚਨਾ ਅੰਦਰ ਸਮਕਾਲੀ ਅਮਰੀਕੀ ਸਮਾਜ ਵਿਚ ਰਹਿ ਰਹੇ ਪੰਜਾਬੀ ਬੰਦੇ ਦੀ ਸੰਵੇਦਨਾ ਜਮਾਤੀ ਚੇਤਨਾ ਨਾਲ ਘੁਲ ਮਿਲ ਕੇ ਪੇਸ਼ ਹੋਈ ਹੈ। ਇਸ ਪ੍ਰਥਾਇ ਤਾਰਾ ਸਿੰਘ ਸਾਗਰ ਦੀ ਇੱਕ ਖੁੱਲ੍ਹੀ ਕਵਿਤਾ ‘ਅਮਰੀਕਾ ਮਾਰਕਾ ਸਾਂਚਾ’ ਵਿੱਚੋਂ ਕੁਝ ਸਤਰਾਂ ਆਪ ਦੀ ਨਜ਼ਰ ਹਨ:-

ਅਗਲਿਆਂ ਕੋਲ ਅਮਰੀਕਾ ਮਾਰਕਾ ਸਾਂਚਾ ਏ
ਜਾਂ ਕਹਿ ਲਓ ਮਿੱਠਾ ਢਾਂਚਾ ਏ
ਬੰਦੇ ਨੂੰ ਧਾਤੂ ਵਾਂਗ ਪਿਘਲਾਇਆ ਜਾਂਦਾ ਹੈ
ਤੇ ਸਾਂਚੇ ਪਾਇਆ ਜਾਂਦਾ ਏ
ਮਨ ਚਾਹਿਆ ਮਨੁੱਖ ਤਿਆਰ
ਇਸ ਮਨੱੁਖ ਦਾ ਸੁਭਾਅ ਅਮਰੀਕੀ ਸੁਭਾਅ ਹੈ
ਉਸ ਮੁਤਾਬਕ ਸੋਚਦਾ ਹੈ
ਉਸ ਮੁਤਾਬਕ ਵੇਖਦਾ ਹੈ
ਉਸ ਮੁਤਾਬਕ ਰੋਡਾਂ ’ਤੇ ਤੁਰਦਾ ਹੈ
ਉਸ ਮੁਤਾਬਕ ਹੀ ਰੋੜਿਆਂ ਰੁੜ੍ਹਦਾ ਹੈ
ਮੈਂ ਵੀ ਸ਼ਾਇਦ ਏਸੇ ਢਾਂਚੇ ਸਾਂਚੇ
ਵਿਚ ਢਲਿਆ ਮਨੁੱਖ ਹਾਂ…
(ਪੰਨਾ-33)

ਤਾਰਾ ਸਿੰਘ ਸਾਗਰ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਨ ਸੱਭਿਆਚਾਰ ਨਾਲ ਅੰਤਰ ਕਿਰਿਆ ਵਿਚ ਹੈ। ਉਹ ਅਸਲੋਂ ਸੁਚੱਜਾ ਸ਼ਾਇਰ ਹੈ। ਉਸ ਨਾਲ ਹੋਈ ਅਦਬੀ ਗੱਲਬਾਤ ’ਚੋਂ ਉਸ ਵੱਲੋਂ ਕੁਝ ਅੰਸ਼ ਇੰਜ ਹਨ :-

  • ਸਾਡੇ ਕੈਲੇਫੋਰਨੀਆ ਵਿਚ ਪੰਜਾਬੀ ਸਾਹਿਤ ਸਭਾ ਦੇ ਚਾਰ ਯੂਨਿਟ ਸਰਗਰਮ ਰਹੇ ਹਨ। ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦਾ ਵੀ ਵੱਡਾ ਕੰਮ ਹੈ। ਇਹ ਸਭਾਵਾਂ ਅਤੇ ਅਕਾਦਮੀ ਲੇਖਕਾਂ ਨੂੰ ਮਿਲ ਕੇ ਬੈਠਣ ਦਾ ਮੌਕਾ ਮੁਹੱਈਆ ਕਰਦੀਆਂ ਹਨ। ਲੇਖਕਾਂ ਦੀਆਂ ਨਵੀਆਂ-ਨਵੀਆਂ ਪੁਸਤਕਾਂ ’ਤੇ ਗੋਸ਼ਟੀਆਂ ਕਰਵਾਉਦੀਆਂ ਹਨ।
  • ਅਮਰੀਕਾ ਦੇ ਸਾਹਿਤਕਾਰ ਚੜ੍ਹਦੀ ਕਲਾ ਵਾਲਾ ਸਾਹਿਤ ਲਿਖ ਰਹੇ ਹਨ। ਸੋਵੀਅਤ ਸੰਘ ਟੁੱਟਣ ਤੋਂ ਬਾਅਦ ਪੰਜਾਬੀ ਦੀ ਮੁੱਖ ਧਾਰਾ ਦਾ ਸਾਹਿਤ ਲੋਕ ਮਸਲਿਆਂ ਵੱਲੋਂ ਮੂੰਹ ਮੋੜ ਗਿਆ ਸੀ। ਅਮਰੀਕੀ ਕਹਾਣੀਕਾਰਾਂ ਤੇ ਕਵੀਆਂ ਨੇ ਸਭ ਤੋਂ ਪਹਿਲਾਂ ਸਾਮਰਾਜਵਾਦ ਦੇ ਖ਼ਿਲਾਫ਼ ਸਾਹਿਤ ਸਿਰਜਣਾ ਕੀਤੀ। ਸਾਨੂੰ ਅਮਰੀਕਾ ਨਾਲ ਬਹੁਤ ਪਿਆਰ ਹੈ। ਅਸੀਂ ਚਾਹੁੰਦੇ ਹਾਂ, ਸਾਡੇ ਦੇਸ਼ ਅਮਰੀਕਾ ਦੀ ਸੰਸਾਰ ਵਿਚ ਸ਼ਾਨ ਬਣੇ।
  • ਮੈਂ ਪੰਜਾਬੀ ਸਾਹਿਤ ਸਭਾ ਦਾ ਪ੍ਰਧਾਨ ਰਿਹਾ ਹਾਂ। ਮੈਂ ਬਹੁਤ ਘੱਟ ਲਿਖਣ ਵਾਲਾ ਹਾਂ। ਇਸੇ ਕਰਕੇ ਮੇਰਾ ਇੱਕੋ ਕਾਵਿ-ਸੰਗ੍ਰਹਿ ਹੈ। ਹੁਣ ਦੂਜਾ ਕਾਵਿ-ਸੰਗ੍ਰਹਿ ਤਿਆਰ ਕਰ ਰਿਹਾ ਹਾਂ। ਮੈਂ ਮੂਲ ਰੂਪ ਵਿਚ ਗੀਤਕਾਰ ਹਾਂ। ਮੈਂ ਬਹੁਤੇ ਗੀਤ ਲਿਖੇ ਹਨ। ਅਜਮੇਰ ਸਿੱਧੂ ਮੇਰਾ ਪਸੰਦੀਦਾ ਕਹਾਣੀਕਾਰ ਹੈ। ਅਜਮੇਰ ਸਿੱਧੂ ਤੇ ਪ੍ਰੋ. ਹਰਭਜਨ ਸਿੰਘ ਨੇ ਮੈਨੂੰ ਨਜ਼ਮਾਂ ਪੜ੍ਹਨ ਤੇ ਲਿਖਣ ਲਾਇਆ। ਮੈਂ ਹੁਣ ਤਕ ਦੋ-ਤਿੰਨ ਕਹਾਣੀਆਂ ਵੀ ਲਿਖੀਆਂ ਹਨ।
  • ਲੇਖਕ ਲਈ ਪੜ੍ਹਨ, ਲਿਖਣਾ ਤੇ ਘੁੰਮਣਾ ਬਹੁਤ ਜ਼ਰੂਰੀ ਹੈ। ਪਰ ਸਾਥੋਂ ਪਰਦੇਸੀਆਂ ਤੋਂ ਬਹੁਤ ਜ਼ਿਆਦਾ ਪੜ੍ਹ ਲਿਖ ਨਹੀਂ ਹੁੰਦਾ। ਇੱਥੇ ਕੰਮਾਂ ਦੇ ਰੁਝੇਵੇਂ ਬਹੁਤ ਹਨ। ਹੁਣ ਬੁਢਾਪੇ ਵਿਚ ਸਮਾਂ ਮਿਲ ਰਿਹਾ ਹੈ ਤਾਂ ਸਿਹਤ ਦੀਆਂ ਸਮੱਸਿਆਵਾਂ ਖੜ੍ਹ ਗਈਆਂ ਹਨ।

ਪੰਜਾਬੀ ਕਾਵਿ-ਸੰਸਾਰ ਦੇ ਪਾਠਕਾਂ ਨੂੰ ਤਾਰਾ ਸਿੰਘ ਸਾਗਰ ਦੀ ਕਾਬਲ ਕਲਮ ਤੋਂ ਕਾਫ਼ੀ ਉਮੀਦਾਂ ਹਨ। ਇਸ ਸੁਚੱਜੇ ਕਾਵਿ-ਸਿਰਜਕ ਦੇ ਇੱਕ ਗੀਤ ਦੇ ਇਸ ਬੰਦ ਨਾਲ ਹੀ ਇਥੇ ਇਜਾਜ਼ਤ ਲਈ ਜਾਂਦੀ ਹੈ:-

ਸਿਰਾਂ ਦੇ ਦੁਪੱਟਿਆਂ ਦੀ
ਗੱਲ ਦੂਰ ਦੀ
ਗੁੱਸਾ ਬੜਾ ਆਉਦਾ
ਜਦੋਂ ਦਾਦੀ ਘੂਰਦੀ
ਲੰਮੀ ਗੁੱਤ ਨਹੀਂਓ
ਗਿੱਟਿਆਂ ਨੂੰ ਚੰੁਮਦੀ
ਜ਼ਿੰਦ ਇਹ ਨਿਮਾਣੀ
ਇਸ਼ਕ ’ਚ ਘੁੰਮਦੀ
ਕੋਈ ਨਾ ਫ਼ਿਕਰ
ਮਾਪਿਆਂ ਦੇ ਖ਼ਾਬ ਦਾ
ਧਾਹਾਂ ਮਾਰ ਰੋਵੇ
ਵਿਰਸਾ ਪੰਜਾਬ ਦਾ
(ਪੰਨਾ-90)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
962
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ