ਕੀ ਕਿਤਾਬਾਂ ਹਥਿਆਰਾਂ ਦਾ ਬਦਲ ਸਾਬਿਤ ਹੋ ਸਕਦੀਆਂ?ਅਤਿੰਦਰਪਾਲ ਸਿੰਘ ਸੰਗਤਪੁਰਾ |
ਕੁਦਰਤ ਦੀ ਸਿਰਜੀ ਹੋਈ ਇਸ ਦੁਨੀਆਂ ਵਿੱਚ ਹਰ ਛੋਟੀ ਸ਼ੈਅ ਤੋਂ ਲੈਕੇ ਵੱਡੀ ਸ਼ੈਅ ਦੀ ਆਪਣੀ ਮਹੱਤਤਾ ਤੇ ਹੱਦਬੰਦੀ ਹੁੰਦੀ ਹੈ। ਪਰ ਸਮੇਂ ਸਮੇਂ ਤੇ ਅਸੀਂ ਕੁਦਰਤ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਾਂ, ਸਾਡੀ ਇਹੀ ਕੋਸ਼ਿਸ਼ ਹੱਦਬੰਦੀ ਦੀ ਸੀਮਾ ਨੂੰ ਖ਼ਤਮ ਕਰਕੇ ਅੱਗੇ ਲੰਘ ਜਾਂਦੀ ਹੈ। ਕੁਝ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੀ ਕਿਤਾਬਾਂ ਤੇ ਹਥਿਆਰ ਦੀ ਹੱਦਬੰਦੀ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ। ਕਿਸੇ ਦੀ ਸੋਚ ਅਨੁਸਾਰ ਹਥਿਆਰ ਸਹੀ ਹਨ ਤੇ ਕਿਸੇ ਲਈ ਕਿਤਾਬਾਂ। ਪਰ ਅਸਲ ਚ ਸਹੀ ਕੀ ਹੈ ਇਹ ਜਾਣਨ ਲਈ ਸਾਨੂੰ ਦੋਵੇਂ ਪੱਖਾਂ ਨੂੰ ਬਾਰੀਕੀ ਨਾਲ ਸਮਝਣਾ ਪਵੇਗਾ। ਸਮੇਂ ਸਮੇਂ ਤੇ ਕਿਤਾਬਾਂ ਤੇ ਹਥਿਆਰਾਂ ਬਾਰੇ ਗੱਲ ਹੁੰਦੀ ਰਹੀ ਹੈ। ਪਰ ਪਿਛਲੇ ਦਿਨੀਂ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹਰ ਸਿੱਖ ਨੂੰ ਲਾਇਸੈਂਸੀ ਹਥਿਆਰ ਰੱਖਣ ਵਾਲੇ ਬਿਆਨ ਨੇ ਇਸ ਵਿਸ਼ੇ ਨੂੰ ਦੁਬਾਰਾ ਤੋਂ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਹਰ ਕੋਈ ਆਪਣੀ ਸੋਚ ਅਨੁਸਾਰ ਢੁੱਕਵੀਆਂ ਦਲੀਲਾਂ ਦੇ ਕੇ ਆਪਣੇ ਪੱਖ ਨੂੰ ਸਹੀ ਸਾਬਿਤ ਕਰਨ ਵਾਲੇ ਪਾਸੇ ਲੱਗਿਆ ਹੋਇਆ ਹੈ। ਆਓ ਕਿਤਾਬਾਂ ਤੇ ਹਥਿਆਰਾਂ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰੀਏ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਕਿਤਾਬਾਂ ਸਾਨੂੰ ਅੱਗੇ ਵਧਣ ਵਿੱਚ ਮੱਦਦ ਕਰਦੀਆਂ ਹਨ ਪਰ ਅਸੀਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਕਿ ਹਥਿਆਰਾਂ ਦੀ ਵਰਤੋਂ ਕਰਨਾ ਸਾਨੂੰ ਅੱਗੇ ਵਧਣ ਤੋਂ ਰੋਕਦਾ ਹੈ। ਜੇਕਰ ਕਿਤਾਬਾਂ ਹੀ ਸਭ ਕੁਝ ਹੁੰਦੀਆਂ ਤਾਂ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਹਥਿਆਰਾਂ ਉੱਪਰ ਲੋੜ ਤੋਂ ਜ਼ਿਆਦਾ ਖਰਚਾ ਨਾ ਕਰਦੇ ਪਰ ਇਸਦਾ ਅਰਥ ਇਹ ਵੀ ਨਹੀਂ ਕਿ ਹਥਿਆਰਾਂ ਦੀ ਮੱਦਦ ਨਾਲ ਕਿਤਾਬਾਂ ਦੀ ਕਮੀਂ ਵੀ ਪੂਰੀ ਹੋ ਸਕਦੀ ਹੈ। ਜੇਕਰ ਅਜਿਹਾ ਸੰਭਵ ਹੁੰਦਾ ਤਾਂ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਹਥਿਆਰਾਂ ਦੇ ਨਾਲ ਨਾਲ ਆਪਣੀ ਸਿੱਖਿਆ ਪ੍ਰਣਾਲੀ ਉੱਪਰ ਏਨਾ ਖ਼ਰਚਾ ਤੇ ਵਿਸ਼ਵਾਸ ਨਾ ਕਰਦੇ। ਇਸ ਤੱਥ ਨੂੰ ਆਧਾਰ ਬਣਾਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਤਾਬਾਂ ਤੇ ਹਥਿਆਰ ਦੋਵੇਂ ਆਪੋਂ ਆਪਣੀ ਜਗ੍ਹਾ ਸਹੀ ਹਨ। ਪਰ ਜੇਕਰ ਅਸੀਂ ਏਨਾ ਦੀ ਗੁਣਾਂ ਦੇ ਆਧਾਰ ਤੇ ਤੁਲਨਾ ਕਰਨੀ ਹੋਵੇ ਤਾਂ ਕਿਤਾਬਾਂ ਪਹਿਲੇ ਸਥਾਨ ਤੇ ਹੋਣਗੀਆਂ ਤੇ ਹਥਿਆਰ ਦੂਸਰੇ ਸਥਾਨ ਤੇ । ਕੁਝ ਕੰਮ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਕਿਤਾਬਾਂ ਦੀ ਮੱਦਦ ਨਾਲ ਕਰਨਾ ਮੁਸ਼ਕਿਲ ਹੋਵੇ ਤੇ ਇਹ ਕੰਮ ਹਥਿਆਰਾਂ ਨਾਲ ਆਸਾਨੀ ਨਾਲ ਹੋ ਜਾਣ। ਕਿਤਾਬਾਂ ਪੜਨ ਵਾਲੇ ਇਨਸਾਨ ਕੋਲ ਹਥਿਆਰ ਹੋਵੇਂ ਚਾਹੇ ਨਾ ਪਰ ਹਥਿਆਰ ਚਲਾਉਣ ਵਾਲੇ ਇਨਸਾਨ ਕੋਲ ਕਿਤਾਬ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਥਿਆਰ ਤਾਂ ਇੱਕ ਜ਼ਰੀਆ। ਇਸ ਜ਼ਰੀਏ ਪਿੱਛੇ ਕੰਮ ਕਰ ਰਹੀ ਸੋਚ ਤੈਅ ਕਰਦੀ ਹੈ ਕਿ ਹਥਿਆਰਾਂ ਦੀ ਵਰਤੋਂ ਜਾਇਜ਼ ਹੈ ਕਿ ਨਜਾਇਜ਼ ਠੀਕ ਉਸੇ ਤਰ੍ਹਾਂ ਜਿਵੇਂ ਇੱਕ ਸਿਪਾਹੀ ਦੇ ਹੱਥ ਵਿੱਚ ਹਥਿਆਰ ਜਾਇਜ਼ ਹੁੰਦਾ ਤੇ ਨਾਗਰਿਕ ਦੇ ਹੱਥ ਵਿੱਚ ਨਜਾਇਜ਼। ਕਿਤਾਬਾਂ ਸਾਨੂੰ ਸੱਚ ਝੂਠ ਤੋਂ ਜਾਣੂ ਕਰਵਾਉਂਦੀਆਂ ਪਰ ਜ਼ਮੀਨੀ ਪੱਧਰ ਤੇ ਇਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੁੰਦੀਆਂ ਕਿਉਂਕਿ ਮਸਲਾ ਸਹੀ ਜਾਂ ਗਲਤ ਦਾ ਨਾ ਹੋਕੇ ਸਹੀ ਜਾਂ ਗਲਤ ਨੂੰ ਲਾਗੂ ਕਰਨ ਦਾ ਹੁੰਦਾ। ਸੁਰੱਖਿਆ ਪ੍ਰਬੰਧਾਂ ਦੇ ਮਜ਼ਬੂਤ ਘੇਰੇ ਵਿੱਚ ਖੜਕੇ ਇਹ ਕਹਿ ਦੇਣ ਨਾਲ ਕੁਝ ਫ਼ਰਕ ਨਹੀਂ ਪੈਂਦਾ ਕਿ ਹਾਲਾਤ ਠੀਕ ਹਨ ਕਿਉਂਕਿ ਠੀਕ ਹਾਲਾਤਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਲੋੜ ਹੀ ਨਹੀਂ ਪੈਂਦੀ। ਇਹ ਇੱਕ ਸਚਾਈ ਹੈ ਕਿ ਤੱਥਾਂ ਨੂੰ ਲਿਖਣਾ ਤੇ ਪੜਨਾ ਜਿੰਨਾ ਸੌਖਾ ਹੁੰਦਾ ਆ ਉਨ੍ਹਾਂ ਹੀ ਔਖਾ ਹੁੰਦਾ ਏਨਾ ਨੂੰ ਲਾਗੂ ਕਰਨਾ। ਦੂਸਰੇ ਪਾਸੇ ਹਥਿਆਰਾਂ ਦਾ ਡਰ ਆਪਣੇ ਫੈਸਲਿਆਂ ਨੂੰ ਲਾਗੂ ਕਰਵਾਉਣ ਦੀ ਸਮੱਰਥਾ ਕਿਤਾਬਾਂ ਨਾਲੋਂ ਜ਼ਿਆਦਾ ਰੱਖਦਾ ਪਰ ਇਹ ਫ਼ੈਸਲੇ ਸਹੀ ਹਨ ਜਾਂ ਗਲਤ ਇਸ ਦੀ ਗੰਭੀਰਤਾ ਇੱਕ ਵੱਖਰਾ ਵਿਸ਼ਾ ਹੈ। ਪਰਮਾਣੂ ਹਥਿਆਰਾਂ ਦੀ ਹੋਂਦ ਕਿਤਾਬਾਂ ਤੇ ਖੋਜਾਂ ਕਰਕੇ ਹੀ ਸੰਭਵ ਹੋਈ ਹੈ ਪਰ ਕਿਤਾਬਾਂ ਤੱਕ ਇਹ ਜਾਣਕਾਰੀ ਮਹਿਜ਼ ਇੱਕ ਖ਼ਿਆਲ ਸੀ ਤੇ ਪਰਮਾਣੂ ਇਸ ਖਿ਼ਆਲ ਦਾ ਹਕੀਕੀ ਰੂਪ ਆ। ਪਰਮਾਣੂ ਹਥਿਆਰਾਂ ਦੇ ਮਾਰੂ ਪ੍ਰਭਾਵਾਂ ਕਰਕੇ ਹੀ ਸ਼ਕਤੀਸ਼ਾਲੀ ਦੇਸ਼ ਆਪਣੀ ਹੱਦਬੰਦੀ ਵਿੱਚ ਰਹਿੰਦੇ ਹਨ। ਪਰ ਇਸਦਾ ਅਰਥ ਇਹ ਵੀ ਨਹੀਂ ਹੈ ਕਿ ਹਥਿਆਰਾਂ ਦੀ ਵਰਤੋਂ ਨੂੰ ਆਮ ਹੀ ਕਰ ਦਿੱਤਾ ਜਾਵੇ। ਜਿੱਥੇ ਕਿਤਾਬਾਂ ਕੁਝ ਕਬੀਲਿਆਂ ਤੇ ਮਾਓਵਾਦੀਆਂ ਨੂੰ ਉਨ੍ਹਾਂ ਦੇ ਹੱਕ ਨਾ ਦਵਾ ਸਕੀਆਂ ਉੱਥੇ ਹਥਿਆਰਾਂ ਦੀ ਵਰਤੋਂ ਆਪਣੇ ਹੱਕਾਂ ਨੂੰ ਪਾਉਣ ਦੀ ਇੱਕ ਹੋਰ ਕੋਸ਼ਿਸ਼ ਦਾ ਨਾਮ ਸੀ। ਭਗਤ ਸਿੰਘ ਨੇ ਕਿਤਾਬਾਂ ਵੀ ਪੜੀਆਂ ਸਨ ਤੇ ਹਥਿਆਰ ਵੀ ਚੁੱਕੇ ਸਨ ਪਰ ਸਾਨੂੰ ਤਾਂ ਇਕੱਲਾ ਹਥਿਆਰਾ ਵਾਲੇ ਭਗਤ ਸਿੰਘ ਬਾਰੇ ਹੀ ਦੱਸਿਆ ਗਿਆ ਹੈ। ਸ਼ਾਇਦ ਤਾਂ ਕਿਉਂਕਿ ਸਰਕਾਰਾਂ ਨੂੰ ਪਤਾ ਕਿਤਾਬਾਂ ਹਥਿਆਰਾਂ ਨਾਲੋਂ ਵੀ ਖ਼ਤਰਨਾਕ ਹੁੰਦੀਆਂ ਹਨ। ਹਥਿਆਰ ਤਾਂ ਕਿਸੇ ਨੂੰ ਖ਼ਤਮ ਹੀ ਕਰ ਸਕਦੇ ਹਨ ਪਰ ਕਿਤਾਬਾਂ ਦੀ ਮੱਦਦ ਨਾਲ ਬੁਰੀ ਵਿਚਾਰਧਾਰਾ ਵੀ ਖ਼ਤਮ ਕੀਤੀ ਜਾ ਸਕਦੀ ਹੈ। ਪਰ ਇਹ ਤੱਥ ਜ਼ਮੀਨੀ ਪੱਧਰ ਤੇ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੇ ਕਿਉਂਕਿ ਹਰ ਕੋਈ ਵੱਖਰੀ ਵਿਚਾਰਧਾਰਾ ਅਨੁਸਾਰ ਕੰਮ ਕਰਦਾ ਹੈ ਤੇ ਪੂਰੀ ਦੁਨੀਆਂ ਕਦੇ ਵੀ ਇੱਕ ਵਿਚਾਰਧਾਰਾ ਦੀ ਧਾਰਨੀ ਨਹੀਂ ਬਣ ਸਕਦੀ। ਕਦੇ ਕਦੇ ਕਿਤਾਬਾਂ ਵੀ ਅਸ਼ਾਂਤੀ ਫੈਲਾ ਦਿੰਦੀਆਂ ਹਨ ਤੇ ਕਦੇ ਕਦੇ ਹਥਿਆਰਾਂ ਦੀ ਵਰਤੋਂ ਵੀ ਸ਼ਾਂਤੀ ਲਈ ਕੀਤੀ ਜਾਂਦੀ ਹੈ। ਕਿਤਾਬਾਂ ਤੇ ਹਥਿਆਰ ਇੱਕ ਦੂਸਰੇ ਦੇ ਨਾਲ ਨਾਲ ਚੱਲਦੇ ਰਹਿੰਦੇ ਹਨ। ਇਹ ਸਾਨੂੰ ਖ਼ੁਦ ਨੂੰ ਤੈਅ ਕਰਨਾ ਪਵੇਗਾ ਕਿ ਅਸੀਂ ਕਿ ਚੁਣਨਾ। ਹਥਿਆਰਾਂ ਦੀ ਵਰਤੋਂ ਦਾ ਵਧਣਾ ਇਸਦੇ ਜਾਇਜ਼ ਹੋਣ ਦੀ ਹਾਮੀ ਨਹੀਂ ਭਰਦਾ ਕਿਉਂਕਿ ਹਰ ਉਚਾਈ ਦਾ ਅਰਥ ਤਰੱਕੀ ਨਹੀਂ ਹੁੰਦਾ। ਗਿਰਵਾਟ ਦੇ ਪੱਧਰ ਵੀ ਉੱਚੇ ਹੀ ਜਾਂਦੇ ਆ। ਕਿਤਾਬਾਂ ਤੇ ਹਥਿਆਰਾਂ ਬਾਰੇ ਏਨਾ ਜਾਣ ਲੈਣ ਤੋਂ ਬਾਅਦ ਸਾਨੂੰ ਇਹ ਜਾਣਨਾ ਪਵੇਗਾ ਕਿ ਅਸੀਂ ਏਨਾ ਵਿੱਚੋਂ ਕਿਸ ਨੂੰ ਚੁਣਨਾ ਹੈ। ਇਸ ਫ਼ੈਸਲੇ ਨੂੰ ਸੌਖਾ ਬਣਾਉਣ ਲਈ ਸਾਨੂੰ ਏਨਾ ਦੇ ਫਾਇਦੇ ਤੇ ਕਮੀਆਂ ਬਾਰੇ ਜਾਣੂ ਹੋਣਾ ਪਵੇਗਾ। ਸਾਨੂੰ ਇਹ ਸਮਝਣਾ ਪਵੇਗਾ ਕਿ ਹਥਿਆਰ ਦੀ ਵਰਤੋਂ ਹਮੇਸ਼ਾ ਸਾਹਮਣੇ ਵਾਲੇ ਨੂੰ ਡਰਾਉਣ ਲਈ ਕੀਤੀ ਜਾਂਦੀ ਹੈ, ਤੁਸੀਂ ਭਾਵੇਂ ਸਹੀ ਹੋ ਜਾਂ ਗਲਤ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਕਿਤਾਬਾਂ ਕਦੇ ਵੀ ਜ਼ਬਰਦਸਤੀ ਸਾਨੂੰ ਕੁਝ ਮੰਨਣ ਲਈ ਨਹੀਂ ਕਹਿੰਦੀਆਂ। ਇਹ ਤਾਂ ਸਾਡੇ ਅੰਦਰ ਦਿਲਚਸਪੀ ਪੈਦਾ ਕਰਦੀਆਂ ਹਨ ਕੁਝ ਨਵਾਂ ਜਾਣਨ ਦੀ। ਕਿਤਾਬਾਂ ਆਪਣੇ ਗੁਣਾਂ ਕਰਕੇ ਹਥਿਆਰਾਂ ਤੇ ਭਾਰੂ ਪੈ ਸਕਦੀਆਂ ਹਨ ਤੇ ਇਹ ਹਥਿਆਰਾਂ ਦਾ ਬਦਲ ਵੀ ਹੋ ਸਕਦੀਆਂ ਹਨ। ਪਰ ਅਜਿਹਾ ਹੋਣਾ ਅਸੰਭਵ ਹੈ ਕਿਉਂਕਿ ਪੂਰੀ ਦੁਨੀਆਂ ਕਦੇ ਵੀ ਇੱਕ ਪਾਸੇ ਨੂੰ ਨਹੀਂ ਤੁਰਦੀ। ਸਾਡੇ ਲੋਕਾਂ ਦਾ ਤਾਂ ਰੱਬ ਵੀ ਵੱਖਰੋ ਵਖਰਾ ਹੈ। ਫੇਰ ਸਾਡੀ ਵਿਚਾਰਧਾਰਾ ਇੱਕ ਕਿਵੇਂ ਹੋ ਸਕਦੀ ਆ? ਲਿਖਤ_ਅਤਿੰਦਰਪਾਲ ਸਿੰਘ ਸੰਗਤਪੁਰਾ |
*** 807*** |