12 June 2024

ਜਗਤ ਤਮਾਸ਼ਾ: ਕਿੱਥੇ ਲੈ ਜਾਏਗੀ ਯਾਤਰੀ ਦੀ ਇਹ ਯਾਤਰਾ? – ਦਲਬੀਰ ਸਿੰਘ

ਜਗਤ ਤਮਾਸ਼ਾ: ਕਿੱਥੇ ਲੈ ਜਾਏਗੀ ਯਾਤਰੀ ਦੀ ਇਹ ਯਾਤਰਾ?

– ਦਲਬੀਰ ਸਿੰਘ

ਉਸ ਨੂੰ ਯਾਤਰਾਵਾਂ ਕਰਨ ਦੀ ਆਦਤ ਜਿਹੀ ਹੀ ਪੈ ਗਈ ਹੈ। ਜਦੋਂ ਵੀ ਉਸ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ ਉਦੋਂ ਹੀ ਉਹ ਯਾਤਰਾ ਉੱਤੇ ਨਿਕਲ ਤੁਰਦਾ ਹੈ। ਇਸ ਸਮੇਂ ਵੀ ਉਸ ਕੋਲ ਕੋਈ ਕੰਮ ਨਹੀਂ ਹੈ ਕਿਉਂਕਿ ਉਸ ਦੀ ਪਾਰਟੀ ਨੇ ਉਸ ਨੂੰ ਪ੍ਰਧਾਨਗੀ ਤੋਂ ਵਿਹਲੇ ਕਰ ਦਿੱਤਾ ਹੈ ਅਤੇ ਪਾਰਟੀ ਦਾ ਕੰਮ ਨਵੀਂ ਤੇ ਮੁਕਾਬਲਤਨ ਨੌਜਵਾਨ ਨਸਲ ਨੇ ਸੰਭਾਲਣਾ ਸ਼ੁਰੂ ਕਰ ਲਿਆ ਹੈ। ਹੋਰ ਤਾਂ ਹੋਰ ਇਸ ਵਾਰੀ ਤਾਂ ਪੰਜਾਂ ਰਾਜਾਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾਈ ਚੋਣਾਂ ਵਿਚ ਵੀ ਉਸ ਦੀ ਲੋੜ ਮਹਿਸੂਸ ਨਹੀਂ ਕੀਤੀ ਗਈ। ਇਸ ਲਈ ਵਿਚਾਰੇ ਯਾਤਰੀ ਕੋਲ ਕਰਨ ਲਈ ਹੋਰ ਕੁਝ ਬਚਿਆ ਹੀ ਨਹੀਂ ਸੀ। ਇਸ ਲਈ ਉਹ ਯਾਤਰਾ ਉੱਤੇ ਨਿਕਲ ਤੁਰਿਆ ਹੈ।

ਯਾਤਰੀ ਇਸ ਵਾਰ ਭਾਰਤ ਦੀ ਯਾਤਰਾ ਉੱਤੇ ਉਦੋਂ ਨਿਕਲਿਆ ਹੈ ਜਦੋਂ ਭਾਰਤ ਦੇ ਲੋਕ ਕਾਫ਼ੀ ਹੱਦ ਤਕ ਧਾਰਮਿਕ ਸ਼ਾਂਤੀ ਮਹਿਸੂਸ ਕਰ ਰਹੇ ਹਨ। ਇਹ ਗੱਲ ਕਿੰਨੀ ਅਜੀਬ ਲਗਦੀ ਹੈ ਕਿ ਧਾਰਮਿਕ ਸ਼ਾਂਤੀ ਦਾ ਜ਼ਿਕਰ ਕੀਤਾ ਜਾਵੇ। ਧਰਮ ਤਾਂ ਸਿਖਾਉਂਦਾ ਹੀ ਸ਼ਾਂਤੀ ਦਾ ਪਾਠ ਹੈ। ਪਰ ਜਦੋਂ ਵੀ ਇਹ ਯਾਤਰੀ ਆਪਣੀ ਕਿਸੇ ਭਾਰਤ ਯਾਤਰਾ ਲਈ ਰਥ ਉੱਤੇ ਸਵਾਰ ਹੋ ਕੇ ਨਿਕਲਦਾ ਹੈ ਉਦੋਂ ਸਭ ਤੋਂ ਵੱਡਾ ਖ਼ਤਰਾ ਧਾਰਮਿਕ ਸ਼ਾਂਤੀ ਨੂੰ ਹੀ ਪੈਦਾ ਹੁੰਦਾ ਹੈ।

ਅਸਲ ਵਿਚ ਜਿਵੇਂ ਜਿਵੇਂ ਉਨ੍ਹਾਂ ਨੂੰ ਪਤਾ ਲਗਦਾ ਗਿਆ ਕਿ ਹੁਣ ਸੈਕੂਲਰ ਹੋਣ ਜਾਂ ਦਿੱਖਣ ਦੀ ਉਨ੍ਹਾਂ ਦੀ ਕੋਸ਼ਸ਼ ਅਸਫਲ ਹੋ ਗਈ ਹੈ ਤਿਵੇਂ ਤਿਵੇਂ ਹੀ ਉਹ ਆਪਣੀ ਹੀ ਪਾਰਟੀ ਦੇ ਅੰਦਰ ਗੁਆਚੀ ਹੋਈ ਆਪਣੀ ਹੀ ਸਾਖ ਨੂੰ ਮੁੜ ਬਹਾਲ ਕਰਨ ਲਈ ਰਾਹ ਲੱਭਣ ਲੱਗੇ ਸਨ। ਪਰ ‘ਮੁੱਲਾਂ ਦੀ ਦੌੜ ਮਸੀਤ ਤਕ’ ਦੇ ਮੁਹਾਵਰੇ ਅਨੁਸਾਰ ਉਨ੍ਹਾਂ ਨੂੰ ਭਾਰਤ ਯਾਤਰਾ ਦਾ ਰਸਤਾ ਹੀ ਸਭ ਤੋਂ ਸੁਖੈਨ ਦਿਖਾਈ ਦਿੱਤਾ। ਬਹਾਨਾ ਇਹ ਘੜ ਲਿਆ ਕਿ ਦੇਸ਼ ਨੂੰ ਖ਼ਤਰਾ ਹੈ ਅਤੇ ਇਸ ਖ਼ਤਰੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਰਥ ਯਾਤਰਾ ਕਰਨੀ ਜ਼ਰੂਰੀ ਹੈ।

ਲਾਲ ਕ੍ਰਿਸ਼ਨ ਅਡਵਾਨੀ ਨੇ ਪਹਿਲੀ ਰਥ ਯਾਤਰਾ ਕਰੀਬ ਸੋਲ਼ਾਂ ਸਾਲ ਪਹਿਲਾਂ ਕੀਤੀ ਸੀ ਜਿਸ ਵੇਲੇ ਭਾਰਤ ਵਿਚ ਵੋਟਾਂ ਦੇ ਹਿਸਾਬ ਨਾਲ ਅਤੇ ਲੋਕ ਸਭਾ ਦੀਆਂ ਸੀਟਾਂ ਦੇ ਹਿਸਾਬ ਨਾਲ ਬੀ. ਜੇ. ਪੀ. ਦੀ ਗਿਣਤੀ ਕਿਤੇ ਵੀ ਨਹੀਂ ਸੀ ਹੁੰਦੀ। ਰਾਮ ਜਨਮ ਭੂਮੀ ਵਰਗੇ ਭਾਵੁਕ ਮਸਲੇ ਨੂੰ ਲੈ ਕੇ ਸ਼ੁਰੂ ਕੀਤੀ ਗਈ ਉਸ ਯਾਤਰਾ ਦਾ ਸਿੱਟਾ ਇਹ ਨਿਕਲਿਆ ਸੀ ਕਿ ਭਾਰਤ ਵਿਚ ਵੱਖ ਵੱਖ ਥਾਈਂ ਨਾ ਸਿਰਫ਼ ਫ਼ਿਰਕੂ ਤਣਾਓ ਹੀ ਵਧਿਆ ਸਗੋਂ ਕਈ ਥਾਵਾਂ ’ਤੇ ਹਿੰਸਕ ਦੰਗੇ ਵੀ ਹੋਏ ਅਤੇ ਬਹੁਤ ਸਾਰੀਆਂ ਮੌਤਾਂ ਹੋਈਆਂ। ਬਾਅਦ ਵਿਚ ਉਸ ਬਾਬਰੀ ਮਸਜਿਦ ਢਾਹੁਣ ਵਿਚ ਵੀ ਸਫਲਤਾ ਹਾਸਲ ਕਰ ਲਈ ਗਈ ਜਿਸ ਨੂੰ ਉਹ ਕਈ ਸਾਲਾਂ ਤੋਂ ‘ਵਿਵਾਦਪੂਰਨ ਢਾਂਚਾ’ ਕਹਿੰਦੇ ਆ ਰਹੇ ਸਨ। ਜੇ ਉਸ ਵੇਲੇ ਬਿਹਾਰ ਵਿਚ ਅਡਵਾਨੀ ਦੇ ਇਸ ਰਥ ਨੂੰ ਰੋਕਣ ਦੀ ਹਿੰਮਤ ਨਾ ਕੀਤੀ ਗਈ ਹੁੰਦੀ ਤਾਂ ਪਤਾ ਨਹੀਂ ਉੱਤਰੀ ਭਾਰਤ ਦੇ ਹਿੰਦੂ ਖੇਤਰ ਵਿਚ ਕਿੰਨੀ ਤਬਾਹੀ ਮੱਚ ਸਕਦੀ ਸੀ? ਪਰ ਇਸ ਰਥ ਯਾਤਰਾ ਤੋਂ ਬਾਅਦ ਅਗਲੀਆਂ ਚੋਣਾਂ ਵਿਚ ਬੀ.ਜੇ.ਪੀ. ਦੀਆਂ ਸੀਟਾਂ ਵਿਚ ਹੋਏ ਵਾਧੇ ਨੂੰ ਸ੍ਰੀ ਅਡਵਾਨੀ ਨੇ ਆਪਣੀ ਇਸ ਰੱਥ ਯਾਤਰਾ ਦਾ ਨਤੀਜਾ ਕਰਾਰ ਦੇ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਕੇਂਦਰ ਵਿਚ ਹੀ ਨਹੀਂ ਸਗੋਂ ਕੁਝ ਰਾਜਾਂ ਵਿਚ ਸੱਤਾ ਵਿਚ ਆਉਣ ਦੇ ਹੋਰ ਵੀ ਕਈ ਕਾਰਨ ਸਨ ਪਰ ਯਾਤਰੀ ਉਰਫ਼ ਸ੍ਰੀ ਅਡਵਾਨੀ ਨੂੰ ਇਹ ਵਹਿਮ ਹੋ ਗਿਆ ਪ੍ਰਤੀਤ ਹੁੰਦਾ ਹੈ ਕਿ ਜਦੋਂ ਵੀ ਉਨ੍ਹਾਂ ਦੀ ਪਾਰਟੀ ਕਿਸੇ ਤਰ੍ਹਾਂ ਦੇ ਸੰਕਟ ਵਿਚ ਹੋਵੇ ਅਤੇ ਜਦੋਂ ਵੀ ਉਨ੍ਹਾਂ ਨੂੰ ਕੋਈ ਹੋਰ ਰਾਹ ਦਿਖਾਈ ਨਾ ਦਿੰਦਾ ਹੋਵੇ, ਉਦੋਂ ਰੱਥ ਯਾਤਰਾ ਉੱਤੇ ਨਿਕਲ ਪੈਣਾ ਹੀ ਇੱਕੋ ਇਕ ਸੁਰੱਖਿਅਤ ਅਤੇ ਕਾਰਗਰ ਰਾਹ ਹੈ। ਜੇ ਰਾਜਾਂ ਦੀਆਂ ਚੋਣਾਂ ਵਿਚ ਪਾਰਟੀ ਨੂੰ ਉਨ੍ਹਾਂ ਦੀ ਲੋੜ ਹੀ ਨਹੀਂ ਤਾਂ ਉਹ ਹੋਰ ਕਰਨ ਵੀ ਕੀ? ਏੇਅਰ ਕੰਡੀਸ਼ੰਨਡ ਰੱਥ ਵਿਚ ਸਫ਼ਰ ਕਰ ਕੇ ਗਰਮੀ ਤੋਂ ਵੀ ਬਚੇ ਰਹਿਣਾ ਅਤੇ ਖ਼ਬਰਾਂ ਵਿਚ ਵੀ ਕਾਇਮ ਰਹਿਣਾ। ਇਸ ਤੋਂ ਵੱਡਾ ਸਿਆਸੀ ਲਾਭ ਹੋਰ ਕਿਵੇਂ ਮਿਲ ਸਕਦਾ ਸੀ?

ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹਾਰ ਜਾਣ ਤੋਂ ਬਾਅਦ ਭਾਜਪਾ ਨੂੰ ਐਸਾ ਕੋਈ ਵੀ ਮੁੱਦਾ ਨਹੀਂ ਸੀ ਲੱਭ ਰਿਹਾ ਜਿਸ ਦੇ ਆਸਰੇ ਇਹ ਲੋਕਾਂ ਵਿਚ ਖੁੱਸੀ ਹੋਈ ਆਪਣੀ ਸਾਖ ਮੁੜ ਕਾਇਮ ਕਰਨ ਦੀ ਕੋਸਿ਼ਸ਼ ਕਰ ਸਕੇ ਅਤੇ ਕਾਂਗਰਸ ਦੇ ਖ਼ਿਲਾਫ਼ ਹਵਾ ਖੜ੍ਹੀ ਕਰ ਸਕੇ। ਕਾਂਗਰਸ ਦੀ ਨੇਤਾ ਸ੍ਰੀਮਤੀ ਸੋਨੀਆ ਗਾਂਧੀ ਨੇ ਆਪਣੀਆਂ ਡੂੰਘੀਆਂ ਸਿਆਸੀ ਚਾਲਾਂ ਨਾਲ ਬੀ ਜੇ ਪੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹੋਏ ਹਨ ਅਤੇ ਸੱਤਾ ਤੋਂ ਬਾਹਰ ਰਹਿਣ ਕਾਰਨ ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ਵਿਚ ਨਿਰਾਸ਼ਾ ਦਿਨੋਂ ਦਿਨ ਵਧਦੀ ਜਾ ਰਹੀ ਹੈ। ਜਿਵੇਂ ਇਸ ਪਾਰਟੀ ਦੇ ਨੇਤਾ ਨਾ ਸਿਰਫ਼ ਪਾਰਟੀ ਦੀ ਲੀਡਰਸ਼ਿਪ ਦੇ ਖ਼ਿਲਾਫ਼ ਬਿਆਨਬਾਜ਼ੀਆਂ ਹੀ ਕਰ ਰਹੇ ਹਨ ਸਗੋਂ ਬਗ਼ਾਵਤਾਂ ਕਰ ਕੇ ਨਵੀਂਆਂ ਪਾਰਟੀਆਂ ਬਣਾ ਰਹੇ ਹਨ, ਉਸ ਨੂੰ ਦੇਖਦੇ ਹੋਏ ਲਗਦਾ ਹੈ ਕਿ ਪਾਰਟੀ ਨੂੰ ਇੱਕਮੁੱਠ ਅਤੇ ਬਾਜ਼ਬਤ ਰੱਖ ਸਕਣ ਦੀ ਸਮਰੱਥਾ ਹੁਣ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਵਿਚ ਨਹੀਂ ਰਹੀ।

ਇਹ ਦੇਖ ਕੇ ਸੱਚਮੁੱਚ ਹੀ ਤਰਸ ਆਉਂਦਾ ਹੈ ਕਿ ਆਪਣੇ ਆਪ ਨੂੰ ਭਵਿੱਖ ਦਾ ਪ੍ਰਧਾਨ ਮੰਤਰੀ ਤਸੱਵਰ ਕਰਨ ਵਾਲਾ ਭਾਜਪਾ ਨੇਤਾ ਅੱਜ ਵਿਚਾਰਾਂ ਦੇ ਮਾਮਲੇ ਵਿਚ ਕਿੰਨੀ ਦਲਿੱਦਰੀ ਦਾ ਸ਼ਿਕਾਰ ਹੋ ਗਿਆ ਹੈ। ਉਸ ਨੂੰ ਲਗਦਾ ਹੈ ਕਿ ਉਸ ਦੀ ਇਸ ਰੱਥ ਯਾਤਰਾ ਨਾਲ ਨਾ ਸਿਰਫ਼ ਪਾਰਟੀ ਵਿਚ ਹੀ ਇੱਕਮੁੱਠਤਾ ਹੋ ਜਾਏਗੀ ਸਗੋਂ ਇਕ ਨੇਤਾ ਦੇ ਤੌਰ ’ਤੇ ਉਨ੍ਹਾਂ ਦੇ ਅਕਸ ਵਿਚ ਵੀ ਵਾਧਾ ਹੋਏਗਾ। ਪਰ ਨਾ ਯਾਤਰੀ ਨੇ ਅਜੇ ਤਕ ਮੁਹੰਮਦ ਅਲੀ ਜ਼ਿਨਾਹ ਦੀ ਪਾਕਿਸਤਾਨ ਵਿਚ ਕੀਤੀ ਉਸਤਤ ਤੋਂ ਹੀ ਮੂੰਹ ਮੋੜਿਆ ਹੈ ਅਤੇ ਨਾ ਊਮਾ ਭਾਰਤੀ ਵਰਗੀਆਂ ਆਪਣੀਆਂ ‘ਬੇਟੀਆਂ’ ਦਾ ਹੀ ਮੂੰਹ ਬੰਦ ਰੱਖ ਸਕੇ ਹਨ।

ਪਰ ਭਾਰਤ ਵਿਚ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਸ੍ਰੀ ਅਡਵਾਨੀ ਦਾ ਇਸ ਤਰ੍ਹਾਂ ਦੀਆਂ ਰੱਥ ਯਾਤਰਾਵਾਂ ਕਰਨ ਦਾ ਮਕਸਦ ਉਹ ਨਹੀਂ ਹੁੰਦਾ ਜਿਸ ਦਾ ਉਹ ਐਲਾਨ ਕਰ ਕੇ ਤੁਰਦੇ ਹਨ। ਮਿਸਾਲ ਵਜੋਂ ਇਸ ਵਾਰ ਉਨ੍ਹਾਂ ਆਪਣੀ ਯਾਤਰਾ ਨੂੰ ‘ਭਾਰਤ ਸੁਰੱਖਸ਼ਾ ਯਾਤਰਾ’ ਦਾ ਨਾਂ ਦਿੱਤਾ ਹੈ। ਇਸ ਯਾਤਰਾ ਦਾ ਵਿਚਾਰ ਉਨ੍ਹਾਂ ਨੂੰ ਵਾਰਾਨਸੀ ਦੇ ਸੰਕਟ ਮੋਚਣ ਮੰਦਰ ਉੱਤੇ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਹੀ ਆਇਆ। ਪਰ ਜਿੱਥੇ ਉਹ ਇਕ ਪਾਸੇ ਭਾਰਤ ਦੀ ‘ਸੁਰੱਖਸ਼ਾ’ ਦੀ ਗੱਲ ਕਰ ਰਹੇ ਹਨ, ਉੱਥੇ ਨਾਲ ਦੀ ਨਾਲ ਕਾਂਗਰਸ ਸਰਕਾਰ ਉੱਤੇ ਮੁਸਲਮਾਨਾਂ ਦਾ ਪੱਖ ਪੂਰਨ ਦੀਆਂ ਗੱਲਾਂ ਵੀ ਕਰਦੇ ਹਨ। ਇਸ ਤਰ੍ਹਾਂ ਸਿਆਣੇ ਲੋਕਾਂ ਨੂੰ ਇਹ ਗੱਲ ਤੁਰਤ ਸਮਝ ਆ ਜਾਂਦੀ ਹੈ ਕਿ ਸ੍ਰੀ ਅਡਵਾਨੀ ਦੀ ਇਸ ਯਾਤਰਾ ਨਾਲ ਭਾਰਤ ਦੀ ਸੁਰੱਖਿਆ ਨੂੰ ਕੋਈ ਫ਼ਰਕ ਪਵੇ ਜਾਂ ਨਾ ਪਵੇ, ਭਾਰਤ ਦੀ ਫ਼ਿਰਕੂ ਏਕਤਾ ਅਤੇ ਅਖੰਡਤਾ ਲਈ ਗੰਭੀਰ ਖ਼ਤਰੇ ਜ਼ਰੂਰ ਪੈਦਾ ਹੋ ਜਾਣੇ ਹਨ। ਭਾਵੇਂ ਹਿੰਦ ਦੇ ਲੋਕ ਹੁਣ ਇਸ ਯਾਤਰੀ ਦੇ ਇਰਾਦਿਆਂ ਤੋਂ ਵਾਕਫ਼ ਹੋ ਗਏ ਹਨ ਪਰ ਉਹ ਹਲਕੇ ਤਾਂ ਇਸ ਤਰ੍ਹਾਂ ਦਾ ਬਹਾਨਾ ਹੀ ਭਾਲਦੇ ਹਨ ਜਿਨ੍ਹਾਂ ਦੀ ਦਾਲ ਹੀ ਅੱਗ ਲਾਇਆਂ ਗਲਦੀ ਹੈ। ਜੇ ਯਾਤਰਾ ਆਪਣੇ ਆਪ ਹੀ ਅੱਗ ਨਹੀਂ ਲਾਉਂਦੀ ਤਾਂ ਲਾਉਣ ਵਾਲੇ ਲੁਆ ਦੇਣਗੇ।

ਜਦੋਂ ਕੋਈ ਜਣਾ ਸਿਰਫ਼ ਹਿੰਦੂਆਂ ਲਈ ਰਾਮ ਮੰਦਰ ਦਾ ਮੁੱਦਾ ਲੈ ਕੇ ਦੇਸ਼ ਦੀ ਸੈਰ ਕਰ ਰਿਹਾ ਹੋਵੇ ਅਤੇ ਮੁਸਲਮਾਨਾਂ ਨੂੰ ਬੰਦੇ ਬਣ ਕੇ ਰਹਿਣ ਦਾ ਸੰਦੇਸ਼ ਦੇ ਰਿਹਾ ਹੋਵੇ ਉਦੋਂ ਉਹ ਦੇਸ਼ ਦੇ ਅਮਨ ਅਤੇ ਸ਼ਾਂਤੀ ਨੂੰ ਭੰਗ ਨਹੀਂ ਕਰ ਰਿਹਾ ਹੁੰਦਾ ਤਾਂ ਹੋਰ ਕੀ ਕਰ ਰਿਹਾ ਹੁੰਦਾ ਹੈ? ਇਹ ਗੱਲ ਕਮਲੇ ਤੋਂ ਕਮਲੇ ਬੰਦੇ ਨੂੰ ਵੀ ਸਮਝ ਆ ਸਕਦੀ ਹੈ। ਪਰ ਜੇ ਯਾਤਰੀ ਇਵੇਂ ਪ੍ਰਗਟਾਵਾ ਕਰੇ ਕਿ ਉਸ ਦੀ ਇਹ ਗੱਲ ਕਿਸੇ ਨੂੰ ਸਮਝ ਨਹੀਂ ਆਉਂਦੀ ਤਾਂ ਇਹ ਉਸ ਦੀ ਚਤੁਰਤਾ ਅਤੇ ਚਲਾਕੀ ਹੀ ਹੈ।

ਇਸ ਦੇ ਨਾਲ ਹੀ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਦਹਿਸ਼ਤਗਰਦੀ ਦਾ ਮੁਕਾਬਲਾ ਕਿਸੇ ਹਾਰੀ ਅਤੇ ਨਿਰਾਸ਼ ਹੋਈ ਪਾਰਟੀ ਦੇ ਨੇਤਾ ਵੱਲੋਂ ਕੀਤੀ ਗਈ ਕਿਸੇ ਯਾਤਰਾ ਨਾਲ ਨਹੀਂ ਕੀਤਾ ਜਾ ਸਕਦਾ। ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਜਿੱਥੇ ਇਕ ਪਾਸੇ ਕੌਮਾਂਤਰੀ ਪੱਧਰ ਉੱਤੇ ਸਾਂਝੇ ਯਤਨਾਂ ਦੀ ਜ਼ਰੂਰਤ ਹੈ, ਉੱਥੇ ਦੇਸ਼ ਅੰਦਰ ਭਾਈਚਾਰਕ ਏਕਤਾ ਅਤੇ ਇਕਮੁੱਠਤਾ ਬਰਕਰਾਰ ਰੱਖਣ ਦੀ ਵੀ ਲੋੜ ਹੈ। ਇਹ ਰੱਥ ਯਾਤਰਾ ਤਾਂ ਇਨ੍ਹਾਂ ਮੰਤਵਾਂ ਵਿਚੋਂ ਕੋਈ ਮੰਤਵ ਵੀ ਪੂਰਾ ਨਹੀਂ ਕਰਦੀ। ਇਸ ਲਈ ਇਹ ਦੇਸ਼ ਦੀ ਸੁਰੱਖਿਆ ਲਈ ਵੀ ਖ਼ਤਰਨਾਕ ਹੈ ਅਤੇ ਦੇਸ਼ ਦੀ ਭਾਈਚਾਰਕ ਏਕਤਾ ਨੂੰ ਵੀ ਭੰਗ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਯਾਤਰਾ ਇਕ ਹਾਰੀ ਹੋਈ ਸਿਆਸੀ ਪਾਰਟੀ ਅਤੇ ਨਕਾਰੇ ਗਏ ਸਿਆਸੀ ਨੇਤਾ ਦੇ ਵਿਚਾਰਾਂ ਦੀ ਕੰਗਾਲੀ ਦੀ ਪ੍ਰਤੀਕ ਹੈ।

ਅਜੇ ਤਾਂ ਦਿਨ ਹੀ ਥੋੜ੍ਹੇ ਹੋਏ ਹਨ ਅਤੇ ਇਨ੍ਹਾਂ ਦਿਨਾਂ ਵਿਚ ਹੀ ਪਤਾ ਲੱਗ ਗਿਆ ਹੈ ਕਿ ਯਾਤਰੀ ਨੂੰ ਇਸ ਵਾਰੀ ਨਿਰਾਸ਼ਾ ਹੀ ਹੱਥ ਲੱਗਣੀ ਹੈ। ਜਿਨ੍ਹਾਂ ਦੀ ਉਸਤਤ ਕਰ ਕੇ ਆਪਣਾ ਅਕਸ ਸੁਧਾਰਨ ਦੀ ਕੀਤੀ ਗਈ ਕੋਸਿ਼ਸ਼ ਜਿੰਨੀ ਪੁੱਠੀ ਪੈ ਗਈ ਹੈ ਉਸ ਨੂੰ ਸਿੱਧੀ ਕਰਨ ਦੀ ਕੋਸਿ਼ਸ਼ ਹੁਣ ਨਾ ਤਾਂ ਰਾਮ ਮੰਦਰ ਦੇ ਨਾਂ ਉੱਤੇ ਕਿਸੇ ਯਾਤਰਾ ਨੇ ਸਫਲ ਹੋਣ ਦੇਣੀ ਹੈ ਅਤੇ ਨਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਦੁਹਾਈ ਨੇ। ਹੁਣ ਤਾਂ ਯਾਤਰੀ ਨੂੰ ਪੱਕੀ ਯਾਤਰਾ ਉੱਤੇ ਹੀ ਤੁਰ ਪੈਣਾ ਚਾਹੀਦਾ ਹੈ ਅਤੇ ਤੁਰਦੇ ਹੀ ਰਹਿਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਾ ਖ਼ਿਤਾਬ ਤਾਂ ਖ਼ਬਰੇ ਨਾ ਮਿਲ ਸਕੇ ਪਰ ਸਥਾਈ ਯਾਤਰੀ ਦਾ ਖ਼ਿਤਾਬ ਜ਼ਰੂਰ ਮਿਲ ਜਾਏਗਾ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 19 ਅਪਰੈਲ 2006)
(ਦੂਜੀ ਵਾਰ 3 ਜੂਨ 2022)

***
802
***

About the author

ਦਲਬੀਰ ਸਿੰਘ ਚੰਡੀਗੜ੍ਹ
 dalbirsingh50@yahoo.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

#412, ਸੈਕਟਰ 30 ਏ, ਚੰਡੀਗੜ੍ਹ

ਦਲਬੀਰ ਸਿੰਘ ਚੰਡੀਗੜ੍ਹ

#412, ਸੈਕਟਰ 30 ਏ, ਚੰਡੀਗੜ੍ਹ

View all posts by ਦਲਬੀਰ ਸਿੰਘ ਚੰਡੀਗੜ੍ਹ →