22 July 2024

ਤੋਏ ਤੋਏ ਤੋਂ ਬਚ ਤਾਇਆ! —ਦਲਬੀਰ ਸਿੰਘ, ਚੰਡੀਗੜ੍ਹ, ਪੰਜਾਬ

ਤੋਏ ਤੋਏ ਤੋਂ ਬਚ ਤਾਇਆ!

ਦਲਬੀਰ ਸਿੰਘ, ਚੰਡੀਗੜ੍ਹ, ਪੰਜਾਬ

ਵੈਸੇ ਤਾਂ ਸਾਡੀ ਪੁਲੀਸ ਦੇ ਮਾਣਯੋਗ ਮੁਲਾਜ਼ਮਾਂ ਨੂੰ ਪੰਜਾਬੀ ਲੋਕਾਂ ਵਲੋਂ ਪਿਆਰ ਨਾਲ ਮਾਮਾ ਕਿਹਾ ਜਾਂਦਾ ਹੈ ਪਰ ਕਈ ਵਾਰੀ ਕੰਮ ਇਹ ਛੜੇ ਤਾਏ ਵਾਲੇ ਵੀ ਕਰ ਜਾਂਦੇ ਹਨ। ਪਤਾ ਨਹੀਂ ਕਿਸੇ ਤਾਏ ਨੇ ਕਦੀ ਪੁੱਠੇ ਕੰਮ ਕੀਤੇ ਜਾਂ ਨਹੀਂ ਫਿਰ ਵੀ ਸਾਡੇ ਸਮਾਜ ਵਿੱਚ ਤਾਏ ਦੀ ਸਦਾ ਬਦਖੋਹੀ ਹੀ ਕੀਤੀ ਜਾਂਦੀ ਹੈ। ਜੇ ਤਾਇਆ ਛੜਾ ਹੋਵੇ ਤਾਂ ਉਸ ਦੀ ਹੋਰ ਵੀ ਦੁਰਗਤ ਹੁੰਦੀ ਹੈ। ਇੱਥੋਂ ਤੱਕ ਕਿ ਜੇ ਕੋਈ ਮੁਟਿਆਰ ਸ਼ੌਕ ਵਜੋਂ ਸੁਰਮਾ ਵੀ ਪਾ ਲਵੇ ਤਾਂ ਤਾਏ ਦੇ ਆਉਣ ਉੱਤੇ ਰੋ ਰੋ ਕੇ ਹੀ ਕੱਢ ਦਿੰਦੀ ਹੈ। ‘ਬੜੇ ਸ਼ੌਕ ਨਾਲ ਸੁਰਮਾ ਪਾਇਆ ਉੱਤੋਂ ਆ ਗਿਆ ਤਾਇਆ, ਰੋ ਰੋ ਕੱਢ ਸੁੱਟਿਆ …’

ਪੁਲੀਸ ਵਾਲਿਆਂ ਨੂੰ ਮਾਮੇ ਕਿਹਾ ਜਾਂਦਾ ਹੈ, ਇਸਦਾ ਉਨ੍ਹਾਂ ਨੂੰ ਵੀ ਪਤਾ ਹੈ। ਕਿਉਂ ਕਿਹਾ ਜਾਂਦਾ ਹੈ ਇਸ ਬਾਰੇ ਮੈਂ ਕੋਈ ਖੋਜ ਨਹੀਂ ਕਰ ਸਕਿਆ। ਉਂਜ ਜਿਵੇਂ ਇਹ ਆਮ ਆਦਮੀ ਨਾਲ ਕਰਦੇ ਹਨ ਉਸ ਨੂੰ ਦੇਖਦੇ ਹੋਏ ਮਾਮਾ ਕਹਿਣਾ ਜਚਦਾ ਨਹੀਂ। ਮਾਮੇ ਦਾ ਅਕਸ ਤਾਂ ਬਹੁਤ ਹੀ ਪਿਆਰ ਕਰਨ ਵਾਲੀ ਮਾਂ ਦੇ ਭਰਾ ਦਾ ਹੁੰਦਾ ਹੈ ਜਿਹੜਾ ਪੁੱਤਰਾਂ ਵਰਗੇ ਭਾਣਜਿਆਂ ਅਤੇ ਧੀਆਂ ਵਰਗੀਆਂ ਭਾਣਜੀਆਂ ਲਈ ਪਿਆਰ ਹੀ ਪਿਆਰ ਲੈ ਕੇ ਆਉਂਦਾ ਹੈ। ਘੱਟੋ ਘੱਟ ਮੇਰਾ ਤਾਂ ਆਪਣੇ ਮਾਮਿਆਂ ਬਾਰੇ ਇਹੀ ਵਿਚਾਰ ਹੈ। ਹੋਰ ਕਿਸੇ ਨੂੰ ਇਸ ਬਾਰੇ ਕੋਈ ਹੋਰ ਤਜਰਬਾ ਹੋਵੇ ਤਾਂ ਵੱਖਰੀ ਗੱਲ ਹੈ।

ਪਿਆਰ ਪੁਲੀਸ ਵਾਲੇ ਵੀ ਆਮ ਜਨਤਾ ਨੂੰ ਭਾਣਜਿਆਂ ਵਰਗਾ ਹੀ ਕਰਦੇ ਹਨ। ਬੱਸ ਰਤਾ ਕੁ ਫਰਕ ਪਾ ਲੈਂਦੇ ਹਨ। ਉਹ ਜਨਤਾ ਨੂੰ ਆਪਣਾ ਨਹੀਂ ਸਗੋਂ ਕਿਸੇ ਐਸੇ ਦੁਸ਼ਮਣ ਦਾ ਭਾਣਜਾ ਸਮਝ ਲੈਂਦੇ ਹਨ, ਜਿਸ ਨਾਲ ਜੱਦੀ ਪੁਸ਼ਤੀ ਦੁਸ਼ਮਣੀ ਹੁੰਦੀ ਹੈ ਅਤੇ ਜਿਹੜਾ ਮਸਾਂ ਮਸਾਂ ਕਾਬੂ ਆਇਆ ਹੁੰਦਾ ਹੈ। ਇਸ ਲਈ ਉਹ ਉਸ ਪਾਸੋਂ ਸਾਰੀ ਉਮਰ ਦਾ ਬਦਲਾ ਇੱਕੋ ਦਿਨ ਹੀ ਲੈਣ ਦੀ ਕੋਸਿ਼ਸ਼ ਕਰਦੇ ਹਨ।

ਇਸ ਸਬੰਧੀ ਪੰਜਾਬ ਵਿੱਚ ਚੱਲੀ ਖਾਲਿਸਤਾਨੀ ਲਹਿਰ ਸਮੇਂ ਦੀ ਇਕ ਪੁਲੀਸ ਵਾਲੇ ਦੀ ਗੱਲ ਬਹੁਤ ਮਾਕੂਲ ਹੈ। ਇਕ ਸਮਾਂ ਐਸਾ ਆਇਆ ਜਦੋਂ ਪੁਲੀਸ ਵਾਲਿਆਂ ਨੇ ਵੀ ਖਾੜਕੂਆਂ ਦੇ ਰਿਸ਼ਤੇਦਾਰ ਉਵੇਂ ਹੀ ਚੁੱਕਣੇ ਸ਼ੁਰੂ ਕਰ ਦਿੱਤੇ ਜਿਵੇਂ ਖਾੜਕੂ ਕਰਦੇ ਸਨ। ਦਿਨਾਂ ਵਿੱਚ ਹੀ ਖਾੜਕੂਆਂ ਨੂੰ ਰਣਨੀਤੀ ਬਦਲਣੀ ਪਈ। ਇਸ ਉੱਤੇ ਹੀ ਇਕ ਪੁਲੀਸ ਵਾਲੇ ਦੀ ਟਿੱਪਣੀ ਸੀ ਕਿ ਸਾਡੇ ਭਣੋਈਏ ਭਾਣਜੇ ਤਾਂ ਹੇਠਾਂ ਬੈਠਣ ਪਰ ਖਾੜਕੂਆਂ ਦੇ ਮੰਜਿਆਂ ਉੱਤੇ। ਹੁਣ ਦੇਖੋ ਕਿਵੇਂ ਸਿੱਧੇ ਹੋਏ ਆ!

ਮੇਰਾ ਪੁਲੀਸ ਨਾਲ ਇਸ ਤਰ੍ਹਾਂ ਦਾ ਪਹਿਲੀ ਵਾਰੀ ਵਾਹ ਜਲੰਧਰ ਦੇ ਇੰਡਸਟਰੀਅਲ ਏਰੀਏ ਦੇ ਥਾਣੇ ਵਿੱਚ ਪਿਆ। ਮੇਰਾ ਛੋਟਾ ਭਰਾ ਜਿਸ ਫੈਕਟਰੀ ਵਿੱਚ ਕੰਮ ਕਰਦਾ ਸੀ, ਉਸਦੀ ਮੋਟਰ ਚੋਰੀ ਹੋ ਗਈ ਅਤੇ ਮਾਲਕ ਨੇ ਸ਼ੱਕ ਵਿੱਚ ਮੇਰੇ ਭਰਾ ਦਾ ਨਾਂ ਵੀ ਲਿਖਾ ਦਿੱਤਾ। ‘ਜ਼ਰਾ ਥਾਣੇਦਾਰ ਸਾਅਬ ਨੇ ਬੁਲਾਇਆ ਹੈ।’, ਕਹਿ ਕੇ ਦੋ ਸਿਪਾਹੀ ਉਸ ਨੂੰ ਸਵੇਰੇ ਹੀ ਥਾਣੇ ਲੈ ਗਏ ਅਤੇ ਵਿਹੜੇ ਵਿੱਚ ਬਿਠਾ ਲਿਆ। ਸਾਰਾ ਦਿਨ ਨਾ ਤਾਂ ਪਾਣੀ ਪੀਣ ਨੂੰ ਦਿੱਤਾ ਅਤੇ ਨਾ ਹੀ ਕਿਸੇ ਨੂੰ ਖਬਰ ਦਿੱਤੀ। ਸ਼ਾਮ ਨੂੰ ਕਿਸੇ ਦਰਿਆ ਦਿਲ ਸਿਪਾਹੀ ਨੇ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਸਾਨੂੰ ਖਬਰ ਦਿੱਤੀ। ਮੈਂ ਦੋ ਬੰਦੇ ਲੈ ਕੇ ਗਿਆ ਤਾਂ ਅੱਗੋਂ ਸਿਪਾਹੀ ਸ਼ਾਮ ਦਾ ਖਾਣ ਪੀਣ ਕਰ ਕੇ ਡੂਢ ਫੁੱੁਟ ਵਾਲਾ ਛਿੱਤਰ ਦਿਖਾ ਦਿਖਾ ਕੇ ਭਰਾ ਨੂੰ ਡਰਾਈ ਜਾਣ। ਬਾਅਦ ਵਿੱਚ ਛੋਟੇ ਥਾਣੇਦਾਰ ਨੇ ਦੱਸਿਆ ਕਿ ਖਾਣਾ ਪੀਣਾ ਖਤਮ ਕਰਨ ਤੋਂ ਬਾਅਦ ਉਸ ਦੀ ਛਿੱਤਰ ਪਰੇਡ ਕੀਤੀ ਜਾਣੀ ਸੀ ਅਤੇ ਉਸ ਪਾਸੋਂ ਜੁਰਮ ਕਬੂਲ ਕਰਵਾਇਆ ਜਾਣਾ ਸੀ। ਸਮੇਂ ਸਿਰ ਦਖਲ ਦੇਣ ਕਾਰਨ ਬਚ ਗਿਆ। ਭਲੇ ਦਿਨ ਸਨ। ਇਸ ਲਈ ਬਚ ਗਿਆ। ਦਹਿਸ਼ਤੀ ਦਿਨਾਂ ਵਿੱਚ ਫਸਿਆ ਹੁੰਦਾ ਤਾਂ ਖਬਰੇ ਮੁਕਾਬਲਾ ਹੀ ਬਣਾ ਦਿੰਦੇ।

ਬਾਅਦ ਵਿੱਚ ਵੀ ਕਈ ਵਾਰੀ ਪੁਲੀਸ ਨਾਲ ਵਾਹ ਪਿਆ ਪਰ ਉਦੋਂ ਤੱਕ ਸਮਝ ਆ ਚੁੱਕੀ ਸੀ ਕਿ ਪੰਜਾਬ ਪੁਲੀਸ ਵਿੱਚ ਭਰਤੀ ਹੋਣ ਤੋਂ ਬਾਅਦ ਜਿਹੜੀ ਸਿਖਲਾਈ ਦਿੱਤੀ ਜਾਂਦੀ ਹੈ, ਉਸ ਵਿੱਚ ਥਰਡ ਡਿਗਰੀ ਤਸੀਹਿਆਂ ਉੱਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਸੱਤਰਵਿਆਂ ਦੇ ਦੌਰ ਵਿੱਚ ਜਦੋਂ ਵੀ ਕੋਈ ਨਕਸਲੀ ਕਾਮਰੇਡ ਏਨਾ ਖੁਸ਼ ਕਿਸਮਤ ਹੁੰਦਾ ਸੀ ਕਿ ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰ ਤੋਂ ਜਿਉਂਦਾ ਬਚ ਨਿਕਲੇ ਤਾਂ ਉਸ ਵਲੋਂ ਦੱਸੀਆਂ ਕਹਾਣੀਆਂ ਉੱਤੇ ਇਤਬਾਰ ਕਰਨਾ ਮੁਸ਼ਕਲ ਹੁੰਦਾ ਸੀ। ਡੰਡਾ ਬੇੜੀ ਲਾਉਣਾ ਅਤੇ ਮੁਸ਼ਕਾਂ ਬੰਨ੍ਹ ਕੇ ਬਿਠਾਈ ਰੱਖਣਾ ਤਾਂ ਸਾਧਾਰਨ ਜਿਹੇ ਤਸੀਹੇ ਸਨ। ਇਸ ਤੋਂ ਬਾਅਦ ਸ਼ੁਰੂ ਹੁੰਦਾ ਸੀ ਅਸਲੀ ਤਸ਼ੱਦਦ ਜਿਵੇਂ ਕਿ ਪਜਾਮੇ ਵਿੱਚ ਚੂਹੇ ਛੱਡਣਾ, ਮੰਜੀ ਲਾਉਣਾ, ਚੱਡੇ ਪਾੜਨਾ, ਮੂੰਹ ਉੱਤੇ ਗੂੰਹ ਬੰਨ੍ਹਣਾ, ਲੱਤਾਂ ਉੱਤੇ ਵੇਲਣਾ ਫੇਰਨਾ ਅਤੇ ਮੁਲਜ਼ਮ ਦੀ ਮਾਂ ਜਾਂ ਭੈਣ ਨੂੰ ਉਸਦੇ ਸਾਹਮਣੇ ਨੰਗਿਆਂ ਕਰਨਾ ਆਦਿ। ਕਈ ਕਈ ਥਾਣਿਆਂ ਵਿੱਚ ਤਾਂ ਪੁੱਤਰ ਨੂੰ ਮਾਂ ਨਾਲ ਖੇਹ ਖਾਣ ਅਤੇ ਪਿਉ ਨੂੰ ਧੀ ਨਾਲ ਮੂੰਹ ਕਾਲਾ ਕਰਨ ਲਈ ਵੀ ਮਜਬੂਰ ਕੀਤਾ ਜਾਂਦਾ ਸੀ।

ਇਸ ਤੋਂ ਬਿਨਾਂ ਇਸ ਸੈਂਟਰ ਵਿੱਚ ਇਕ ਚੀਨੀ ਤਸ਼ੱਦਦ ਵੀ ਕੀਤਾ ਜਾਂਦਾ ਸੀ, ਜਿਸ ਵਿੱਚ ਮੁਲਜ਼ਮ ਨੂੰ ਲੰਮਾ ਪਾ ਕੇ ਉਸ ਦੇ ਸਿਰ ਦੇ ਉੱਤੇ ਕਰਕੇ ਪਾਣੀ ਦਾ ਕੋਈ ਭਾਂਡਾ ਬੰਨ੍ਹ ਦਿੱਤਾ ਜਾਂਦਾ ਸੀ ਜਿਸ ਵਿੱਚੋਂ ਪਾਣੀ ਤੁਪਕਾ ਤੁਪਕਾ ਕਰ ਕੇ ਸਿੰਮਦਾ ਰਹਿੰਦਾ ਸੀ। ਕਈ ਕਈ ਘੰਟੇ ਪਾਣੀ ਦਾ ਤੁਪਕਾ ਡਿਗਣ ਦੀ ਉਡੀਕ ਕਰਦਾ ਹੋਇਆ ਮੁਲਜ਼ਮ ਪਾਗਲਾਂ ਵਰਗੀ ਹਾਲਤ ਵਿੱਚ ਪਹੁੰਚ ਜਾਂਦਾ ਸੀ। ਆਖਰਕਾਰ ਬਹੁਤਿਆਂ ਦਾ ਸਬਰ ਜਵਾਬ ਦੇ ਜਾਂਦਾ ਸੀ।

ਹਵਾਲਾਤ ਵਿੱਚ ਆਮ ਸਿਆਸੀ ਕੈਦੀ ਨੂੰ ਤੰਗ ਕਰਨ ਲਈ ਉਸਦੇ ਨਾਲ ਛਟੇ ਹੋਏ ਬਦਮਾਸ਼ ਬੰਦ ਕਰ ਦਿੱਤੇ ਜਾਂਦੇ ਸਨ, ਜਿਨ੍ਹਾਂ ਨੂੰ ਪੁਲੀਸ ਦੀ ਕੁੱਟ ਮਾਰ ਦਾ ਤਜਰਬਾ ਹੁੰਦਾ ਸੀ। ਇਸ ਨਾਲ ਕੱਚਾ ਪਿੱਲਾ ਸਿਆਸੀ ਕੈਦੀ ਤਾਂ ਉਵੇਂ ਹੀ ਮਾਤ ਖਾ ਜਾਂਦਾ ਸੀ।

ਇਹੀ ਕੁਝ ਅੱਜ ਵੀ ਥਾਣਿਆਂ ਵਿੱਚ ਹੁੰਦਾ ਹੈ। ਸਗੋਂ ਹੁਣ ਤਾਂ ਕਹਿੰਦੇ ਹਨ ਕਿ ਕਈ ਥਾਣਿਆਂ ਵਿੱਚ ਅਲੂੰਏਂ ਮੁਲਜ਼ਮਾਂ ਨਾਲ ਛਟੇ ਹੋਏ ਬਦਮਾਸ਼ਾਂ ਵਲੋਂ ਬਦਫੈਲੀਆਂ ਵੀ ਕੀਤੀਆਂ ਜਾਂਦੀਆਂ ਹਨ। ਇਸ ਕੰਮ ਵਿੱਚ ਤਾਂ ਪੁਲੀਸ ਦੇ ਮੁਲਾਜ਼ਮ ਖੁਦ ਵੀ ਪਿੱਛੇ ਨਹੀਂ ਰਹਿੰਦੇ।

ਸਭ ਤੋਂ ਸਾਧਾਰਨ ਗੱਲ ਹੈ ਰਿਸ਼ਵਤ ਦੀ। ਇਸ ਬਾਰੇ ਹਰ ਰੋਜ਼ ਹੀ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਅਤੇ ਲੋਕ ਇਸ ਨੂੰ ਹੁਣ ਕੋਈ ਖਬਰ ਵੀ ਨਹੀਂ ਸਮਝਦੇ। ਖਬਰ ਸਿਰਫ ਉਦੋਂ ਹੀ ਬਣਦੀ ਹੈ ਜਦੋਂ ਪੁਲੀਸ ਨੂੰ ਆਪਣਾ ਕੋਈ ਮੁਲਾਜ਼ਮ ਰਿਸ਼ਵਤ ਦੇ ਦੋਸ਼ ਹੇਠ ਮੁਅੱਤਲ ਜਾਂ ਲਾਈਨ ਹਾਜ਼ਰ ਕਰਨਾ ਪੈ ਜਾਵੇ ਜਿਵੇਂ ਕਿ ਹੁਣੇ ਜਿਹੇ ਹੀ ਨਵਾਂ ਸ਼ਹਿਰ ਦੇ ਦੋ ਥਾਣੇਦਾਰ ਕਰਨੇ ਪਏ ਹਨ। ਇਨ੍ਹਾਂ ਦਾ ਵੀ ਕੁਝ ਨਹੀਂ ਸੀ ਵਿਗੜਨਾ ਜੇ ਉਹ ਰਿਸ਼ਵਤ ਲੈਂਦੇ ਹੋਏ ਕੈਮਰੇ ਦੀ ਜਕੜ ਵਿੱਚ ਨਾ ਆ ਗਏ ਹੁੰਦੇ। ਆਮ ਜਿ਼ੰਦਗੀ ਵਿੱਚ ਤਾਂ ਲੋਕਾਂ ਨੇ ਸਮਝ ਹੀ ਲਿਆ ਹੋਇਆ ਹੈ ਕਿ ਪੁਲੀਸ ਤੋਂ ਕੋਈ ਵੀ ਕੰਮ ਪੈਸੇ ਦਿੱਤੇ ਬਿਨਾਂ ਨਹੀਂ ਕਰਵਾਇਆ ਜਾ ਸਕਦਾ।

ਪੁਲੀਸ ਥਾਣਿਆਂ ਵਿੱਚ ਤਸ਼ੱਦਦ ਕਾਰਨ ਜਦੋਂ ਕੋਈ ਨਾ ਕੋਈ ਮੁਲਜ਼ਮ ਇਸ ਫਾਨੀ ਸੰਸਾਰ ਤੋਂ ਕੂਚ ਕਰ ਜਾਂਦਾ ਹੈ ਉਦੋਂ ਬਹੁਤ ਰੌਲਾ ਪੈਂਦਾ ਹੈ। ਕਈ ਵਾਰੀ ਤਾਂ ਉਦੋਂ ਵੀ ਤਸ਼ੱਦਦ ਕਰਨ ਵਾਲੇ ਮੁਲਾਜ਼ਮ ਲਾਈਨ ਹਾਜ਼ਰ ਕਰ ਦਿੱਤੇ ਜਾਂਦੇ ਹਨ ਅਤੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਜਾਂਦੀ ਕਿ ਉਨ੍ਹਾਂ ਦੀ ਤਾਂ ਪਹਿਲਾਂ ਹੀ ਭਗਵਾਨ ਨੇ ਮੌਤ ਇਵੇਂ ਹੀ ਹੋਣੀ ਲਿਖੀ ਹੋਈ ਸੀ। ਕਦੀ ਕਦੀ ਇਨ੍ਹਾਂ ਪੁਲੀਸ ਵਾਲਿਆਂ ਨੂੰ ਸਜ਼ਾਵਾਂ ਵੀ ਹੋ ਜਾਂਦੀਆਂ ਹਨ। ਪਰ ਕਦੀ ਕਦੀ ਹੀ। ਇਸ ਲਈ ਉਹ ਆਪਣੀ ਚਾਲ ਚਲਦੇ ਰਹਿੰਦੇ ਹਨ। ਉਨ੍ਹਾਂ ਦਾ ਮਾਟੋ ਇਹ ਹੈ ਕਿ ਕਾਫਲਾ ਚਲਦਾ ਰਹਿੰਦਾ ਹੈ ਅਤੇ ਕੁੱਤੇ ਭੌਂਕਦੇ ਰਹਿੰਦੇ ਹਨ।

ਰਹੀ ਗੱਲ ਬਲਾਤਕਾਰ ਦੀ। ਭਾਵੇਂ ਅਦਾਲਤਾਂ ਵਲੋਂ ਵੀ ਅਤੇ ਸਰਕਾਰ ਵਲੋਂ ਵੀ ਹਦਾਇਤਾਂ ਹਨ ਕਿ ਕਿਸੇ ਵੀ ਔਰਤ ਨੂੰ ਤੀਵੀਆਂ ਵਾਲੀ ਪੁਲੀਸ ਤੋਂ ਬਿਨਾਂ ਗ੍ਰਿਫਤਾਰ ਨਾ ਕੀਤਾ ਜਾਵੇ ਅਤੇ ਕਿਸੇ ਵੀ ਔਰਤ ਨੂੰ ਸ਼ਾਮ ਢਲਣ ਤੋਂ ਬਾਅਦ ਥਾਣੇ ਨਾ ਸੱਦਿਆ ਜਾਵੇ; ਫਿਰ ਵੀ ਥਾਣਿਆਂ ਵਿੱਚ ਔਰਤਾਂ ਨਾਲ ਬਲਾਤਕਾਰ ਹੁੰਦੇ ਹੀ ਰਹਿੰਦੇ ਹਨ। ਕੋਈ ਸ਼ੱਕ ਹੀ ਨਹੀਂ ਹੋਣਾ ਚਾਹੀਦਾ ਕਿ ਥਾਣਿਆਂ ਵਿੱਚ ਬਾਹਰੋਂ ਆ ਕੇ ਤਾਂ ਕਿਸੇ ਨੇ ਕੁਝ ਕਰ ਨਹੀਂ ਜਾਣਾ। ਇਸ ਲਈ ਇਸਦਾ ਸਿਹਰਾ ਪੁਲੀਸ ਵਾਲਿਆਂ ਦੇ ਸਿਰ ਹੀ ਬੱਝਦਾ ਹੈ। ਵੈਸੇ ਉਨ੍ਹਾਂ ਦਾ ਸਿ਼ਕਾਰ ਗਰੀਬ ਔਰਤਾਂ ਹੀ ਹੁੰਦੀਆਂ ਹਨ ਕਿਉਂਕਿ ਅਮੀਰ ਔਰਤਾਂ ਤਾਂ ਗ੍ਰਿਫਤਾਰੀ ਤੋਂ ਪਹਿਲਾਂ ਹੀ ਜ਼ਮਾਨਤਾਂ ਦਾ ਇੰਤਜ਼ਾਮ ਕਰ ਲੈਂਦੀਆਂ ਹਨ। ਉਨ੍ਹਾਂ ਨੂੰ ਹੱਥ ਪਾਉਣ ਦੀ ਵੈਸੇ ਵੀ ਕਿਸੇ ਸਾਧਾਰਨ ਸਿਪਾਹੀ ਦੀ ਹਿੰਮਤ ਨਹੀਂ ਪੈ ਸਕਦੀ। ਗਰੀਬ ਦੀ ਜੋਰੂ ਹੀ ਸਭ ਦੀ ਭਾਬੀ ਹੁੰਦੀ ਹੈ।

ਹੁਣ ਤਾਂ ਇਹ ਵੀ ਰਿਪੋਰਟਾਂ ਆ ਰਹੀਆਂ ਹਨ ਕਿ ਪੰਜਾਬ ਪੁਲੀਸ ਵਾਲੇ ਕੁਝ ਮੁਲਾਜ਼ਮ ਆਪਣੇ ਹੱਕਾਂ ਲਈ ਧਰਨੇ ਮੁਜ਼ਾਹਰੇ ਕਰਨ ਵਾਲੇ ਜਵਾਨਾਂ ਨੂੰ ਕੁੱਟ ਕੇ ਉਨ੍ਹਾਂ ਦੇ ਜ਼ਖਮਾਂ ਵਿੱਚੋਂ ਸੁਆਦ ਭਾਲਣ ਲੱਗ ਪਏ ਹਨ। ਇਸਦਾ ਮਤਲਬ ਇਹ ਹੈ ਕਿ ਉਹ ਪਹਿਲਾਂ ਨਾਲੋਂ ਵੀ ਕਰੂਰ ਹੋ ਗਏ ਹਨ ਅਤੇ ਉਨ੍ਹਾਂ ਵਿੱਚ ਸਾਧਾਰਨ ਮਨੁੱਖੀ ਸੰਵੇਦਨਾ ਵੀ ਨਹੀਂ ਰਹੀ। ਕੋਈ ਵੱਡਾ ਸੰਗਠਨ ਏਨਾ ਨੀਵਾਂ ਚਲੇ ਜਾਵੇਗਾ, ਇਸ ਦੀ ਆਸ ਨਹੀਂ ਸੀ ਕੀਤੀ ਜਾਂਦੀ।

ਪਰ ਬਾਬਿਉ ਇਹ ਨੀਵਾਣ ਤਾਂ ਕੁੱਝ ਵੀ ਨਹੀਂ। ਅਸਲ ਨੀਵਾਣ ਤਾਂ ਉਦੋਂ ਆਉਂਦੀ ਹੈ ਜਦੋਂ ਧੀਆਂ ਅਤੇ ਭਾਣਜੀਆਂ ਵਰਗੀਆਂ ਕੁੜੀਆਂ ਦੇ ਇਕੱਠ ਵਿੱਚ ਭੀੜ ਦਾ ਲਾਹਾ ਲੈ ਕੇ ਕੋਈ ਪੁਲੀਸ ਵਾਲਾ ਉਨ੍ਹਾਂ ਨਾਲ ਜਿਸਮਾਨੀ ਛੇੜਖਾਨੀਆਂ ਕਰਨ ਉੱਤੇ ਹੀ ਉੱਤਰ ਆਵੇ। ਜਦੋਂ ਇਸ ਤਰ੍ਹਾਂ ਦੀਆਂ ਕਰਤੂਤਾਂ ਦਾ ਪਤਾ ਲੱਗਦਾ ਹੈ ਤਾਂ ਉਹ ਪੁਲੀਸ ਵਾਲੇ ਚੇਤੇ ਆਉਂਦੇ ਹਨ ਜਿਹੜੇ ਪਾਰਕਾਂ ਵਿੱਚ ਬੈਠੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਉਨ੍ਹਾਂ ਉੱਤੇ ਡੰਡੇ ਵਰ੍ਹਾਉਂਦੇ ਹਨ। ਆਪਣਾ ਹੀ ਕਾਲਾ ਮੂੰਹ ਲੈ ਕੇ ਉਹ ਕਿਸੇ ਹੋਰ ਨੂੰ ਨੈਤਿਕਤਾ ਕਿਵੇਂ ਪੜ੍ਹਾ ਸਕਦੇ ਹਨ? ਪਰ ਤਾਕਤ ਵਾਲਿਆਂ ਨੂੰ ਕੋਈ ਕੀ ਕਹੇ? ਉਦੋਂ ਤਾਂ ਕੋਈ ਕਹਿ ਹੀ ਕੀ ਸਕਦਾ ਹੈ ਜਦੋਂ ਇੱਜ਼ਤਾਂ ਦੇ ਰਾਖੇ ਹੀ ਸ਼ਰੇਆਮ ਭੀੜ ਵਿੱਚ ਕੁੜੀਆਂ ਦੇ ਗ਼ਲਮਿਆਂ ਵਿੱਚ ਹੱਥ ਪਾਉਣ ਦੀ ਹਿੰਮਤ ਕਰ ਲੈਣ ਅਤੇ ਬਚ ਵੀ ਨਿਕਲਣ!

ਵੈਸੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਮਾਮੇ ਆਪਣੀਆਂ ਭਾਣਜੀਆਂ ਨੂੰ ਧੀਆਂ ਸਮਝਦੇ ਹੋਣਗੇ ਅਤੇ ਉਨ੍ਹਾਂ ਨਾਲ ਲਿਹਾਜ਼ ਕਰਦੇ ਹੋਣਗੇ ਕਿਉਂਕਿ ਕਾਮੀ ਅਤੇ ਕਲੰਕੀ ਦਾ ਕੋਈ ਧਰਮ ਅਤੇ ਰਿਸ਼ਤਾ ਨਹੀਂ ਹੁੰਦਾ। ਖੁਸ਼ਵੰਤ ਸਿੰਘ ਦੇ ਨਾਵਲ ‘ਕੰਪਨੀ ਆਫ ਵਿਮੈਨ’ ਦੀ ਇਕ ਪਾਤਰ ਆਪਣੀ ਕਹਾਣੀ ਦੱਸਦੀ ਹੋਈ ਕਹਿੰਦੀ ਹੈ ਕਿ ਉਸ ਨਾਲ ਸੱਭ ਤੋਂ ਪਹਿਲੀ ਵਾਰੀ ਕੁਕਰਮ ਉਸਦੇ ਸਕੇ ਮਾਮੇ ਨੇ ਹੀ ਕੀਤਾ ਸੀ। ਜੇ ਅਸਲੀ ਕਲਯੁਗੀ ਮਾਮੇ ਇੰਜ ਕਰ ਸਕਦੇ ਹਨ ਤਾਂ ਪੁਲੀਸ ਵਾਲੇ ਤਾਂ ਹਨ ਹੀ ਨਕਲੀ ਮਾਮੇ। ਇਸ ਤਰ੍ਹਾਂ ਦੀ ਸਥਿਤੀ ਉੱਤੇ ਹੀ ਸ਼ਾਇਦ ਇਕ ਮਰਹੂਮ ਪੰਜਾਬੀ ਸ਼ਾਇਰ ਨੇ ਇਹ ਸ਼ੇਅਰ ਲਿਖਿਆ ਸੀ: ‘ਉਂਜ ਤਾਂ ਕੁੜੀਆਂ ਹੋਸਣ ਸਾਡੇ ਹਾਣ ਦੀਆਂ ਫਿਰ ਵੀ ਪਰ ਕਿਉਂ ਉਹ ਲੱਗਣ ਸਾਨੂੰ ਭਾਣਜੀਆਂ!’ ਸ਼ਾਇਰ ਦਾ ਨਾਂ ਨਾ ਹੀ ਪੁੱਛਿਉ। ਬੇਚਾਰਾ ਇਸ ਸੰਸਾਰ ਵਿੱਚ ਹੈ ਨਹੀਂ।

ਸੋ ਅਸਲ ਗੱਲ ਤਾਂ ਇਹ ਹੈ ਕਿ ਤਾਏ ਨੂੰ ਤਾਂ ਲੋਕ ਗੀਤਾਂ ਵਿੱਚ ਐਵੇਂ ਹੀ ਬਦਨਾਮ ਕੀਤਾ ਹੋਇਆ ਹੈ। ਜਦੋਂ ਖੁਨਾਮੀ ਕਰਨੀ ਹੋਵੇ ਤਾਂ ਛੜੇ ਤਾਏ ਨਾਲੋਂ ਵਰਦੀਧਾਰੀ ਮਾਮਾ ਕਿਤੇ ਵੱਧ ਖਤਰਨਾਕ ਹੋ ਸਕਦਾ ਹੈ। ਇਹੋ ਜਿਹੇ ਮਾਮਿਆਂ ਨਾਲੋਂ ਮੁਰਾਰੀ ਤਾਇਆ ਕਿਤੇ ਚੰਗਾ ਜਿਹੜਾ ਜੱਗ ਦੀ ਤੋਏ ਤੋਏ ਤੋਂ ਬਚਣ ਲਈ ਹਰ ਹੀਲਾ ਕਰਨ ਲਈ ਤਿਆਰ ਹੈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 13 ਸਤੰਬਰ 2006)
(ਦੂਜੀ ਵਾਰ 28 ਫਰਵਰੀ 2022)

***
657

#412, ਸੈਕਟਰ 30 ਏ, ਚੰਡੀਗੜ੍ਹ

ਦਲਬੀਰ ਸਿੰਘ ਚੰਡੀਗੜ੍ਹ

#412, ਸੈਕਟਰ 30 ਏ, ਚੰਡੀਗੜ੍ਹ

View all posts by ਦਲਬੀਰ ਸਿੰਘ ਚੰਡੀਗੜ੍ਹ →