10 October 2024

ਲੇਖਕ ਪਾਠਕ ਮੰਚ ਸਲੋਹ ਦੇ ਸਾਲਾਨਾ ਸਾਹਿਤਕ ਸਮਾਗਮ – ਤੀਜੇ ਪੰਜਾਬ ਦਾ ਪੰਜਾਬੀ ਬੋਲੀ ਦੇ ਹੱਕ ਵਿਚ ਨਾਅਰਾ

ਲੇਖਕ ਪਾਠਕ ਮੰਚ ਸਲੋਹ ਦੇ ਸਾਲਾਨਾ ਸਾਹਿਤਕ ਸਮਾਗਮ – ਤੀਜੇ ਪੰਜਾਬ ਦਾ ਪੰਜਾਬੀ ਬੋਲੀ ਦੇ ਹੱਕ ਵਿਚ ਨਾਅਰਾ

ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ ਪੰਜਾਬ ਦੀਆਂ ਭੌਤਿਕ ਜੂਹਾਂ ਚੋਂ ਪ੍ਰਵਾਸ ਕਰ ਵਿਦੇਸ਼ਾਂ ਵਿੱਚ ਜਾ ਤੀਜਾ ਪੰਜਾਬ ਸਿਰਜਿਆ। ਪੰਜਾਬੀ ਬੋਲੀ ਤੇ ਸਾਹਿਤ ਦੀ ਸਾਂਝ ਨੇ ਇਸ ਤੀਜੇ ਪੰਜਾਬ ਵਿੱਚ ਵੱਸਦੇ ਪੰਜਾਬੀਆਂ ਦੇ ਭਾਈਚਾਰਕ ਮਿਲਾਪ ਦੀ ਨੀਂਹ ਰੱਖੀ। ਦੋ ਆਜ਼ਾਦੀ ਦੇ ਨਾਂ ਤੇ ਖਿੱਚੀਆਂ ਸਰਹੱਦਾਂ ਦੇ ਵਿਛੋੜੇ ਭਾਈਚਾਰਿਆਂ ਨੇ ਇਕ ਦੂਜੇ ਨਾਲ ਹੱਥ ਹੀ ਨਹੀਂ ਮਿਲਾਇਆ ਸਗੋਂ ਇਕ ਦੂਜੇ ਨੂੰ ਕਲਾਵੇ ਵਿਚ ਲੈ ਪੁਰਾਤਨ ਪੰਜਾਬ ਦੇ ਸਭਿਆਚਾਰ ਤੇ ਬੋਲੀ ਸਾਂਭਣ ਦੇ ਯਤਨ ਆਰੰਭੇ।

ਗੁਰਦੁਆਰਿਆਂ, ਮੰਦਿਰਾ ਤੇ ਮਸੀਤਾਂ ਵਿੱਚ ਧਰਮ, ਸੱਭਿਆਚਾਰ ਤੇ ਭਾਸ਼ਾ ਦੇ ਪ੍ਰਸਾਰ ਦੇ ਨਾਲ ਨਾਲ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਸਾਹਿਤ ਸਭਾਵਾਂ ਪੁੰਗਰੀਆਂ ਜਿਨ੍ਹਾਂ ਨੇ ਪੰਜਾਬੀ ਲੇਖਕਾਂ, ਲਿਖਤਾਂ ਤੇ ਪਾਠਕਾਂ ਨੂੰ ਇੱਕ-ਸੁਰ ਕਰ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਹਿੱਸਾ ਪਾਇਆ ਤੇ ਹੁਣ ਵੀ ਪਾ ਰਹੀਆਂ ਹਨ।

ਲੇਖਕ ਪਾਠਕ ਸਭਾ ਸਲੋਹ ਵੀ ਪੰਜਾਬੀ ਭਾਈਚਾਰੇ ਦੀ ਸਾਂਝੀ ਇੱਕ ਅਜਿਹੀ ਸੰਸਥਾ ਹੈ ਜੋ ਹਮੇਸ਼ਾ ਪੰਜਾਬੀ ਬੋਲੀ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਤਪਰ ਰਹਿੰਦੀ ਹੈ। ੧੧ ਜੂਨ ੨੦੨੨ ਨੂੰ ਲੇਖਕ ਪਾਠਕ ਸਭਾ ਸਲੋਹ ਨੇ ਆਪਣੇ ਸਲਾਨਾ ਸਾਹਿਤਕ ਸਮਾਗਮ ਦਾ ਆਯੋਜਨ ਵੈਕਸਮ ਪੈਰਿਸ਼ ਹਾਲ ਸਲੋਹ ਵਿੱਚ ਕੀਤਾ, ਜਿਸ ਵਿੱਚ ਦੇਸ਼ ਭਰ ਤੋਂ ਪੰਜਾਬ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੇਖਕਾਂ ਤੇ ਪਾਠਕਾਂ ਨੇ ਹਿੱਸਾ ਲਿਆ।

ਇਹ ਪ੍ਰੋਗਰਾਮ ਕਰੋਨਾ ਦੌਰ ਦੋਰਾਨ ਸੰਸਥਾ ਦੇ ਵਿੱਛੜੇ ਸਾਥੀ ਕੁਲਤਾਰ ਸਿੰਘ ਖਾਬੜਾ ਦੀ ਯਾਦ ਨੂੰ ਸਮਰਪਿਤ ਸੀ ਜਿੰਨਾ ਨੇ ਜਿਉਂਦੇ ਜੀਅ ਪੰਜਾਬੀ ਬੋਲੀ ਤੇ ਪੰਜਾਬੀਆਂ ਦੀ ਇੰਗਲੈਂਡ ਵਿੱਚ ਥਾਂ ਬਣਾਉਣ ਵਿੱਚ ਅਹਿਮ ਹਿੱਸਾ ਪਾਇਆ। ਵੱਖੋ ਵੱਖ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਖਾਬੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ, ਜਿੰਨਾ ਵਿੱਚ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਸਲੋਹ ਮੇਅਰ ਦਿਲਬਾਗ ਸਿੰਘ ਪਰਮਾਰ, ਹਾਈ ਸ਼ੈਰਫ ਸ੍ਰੀਮਤੀ ਖਰਬੰਦਾ, ਤਰਲੋਕ ਸਿੰਘ ਵਾਲੀਆ ਤੇ ਦਰਸ਼ਨ ਢਿੱਲੋਂ ਆਦਿ ਸ਼ਾਮਿਲ ਸਨ।

ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਮਹਿੰਦਰਪਾਲ ਸਿੰਘ ਧਾਲੀਵਾਲ ਦੇ ਨਾਵਲ “ਭੁੱਲਿਆ ਪਿੰਡ ਗਰਾਂ” ਦੇ ਬਾਰੇ ਭਰਪੂਰ ਚਰਚਾ ਹੋਈ। ਦੂਜੇ ਭਾਗ ਵਿੱਚ ਕਵੀ ਦਰਬਾਰ ਨਾਲ ਪ੍ਰੋਗਰਾਮ ਸੰਪੰਨ ਹੋਇਆ।

ਡਾ ਦਵਿੰਦਰ ਕੌਰ ਜੀ ਨੇ ਧਾਲੀਵਾਲ ਦੇ ਨਾਵਲ ਬਾਰੇ ਬੜਾ ਸੁਘੜ ਤੇ ਸਮਝ ਭਰਪੂਰ ਪਰਚਾ ਪੜ੍ਹਿਆ ਜਿਸ ਵਿਚ ਉਹਨਾਂ ਨੇ ਨਾਵਲ ਦੇ ਵਿਸ਼ੇ ਵਸਤੂ, ਪਾਤਰਾਂ ਤੇ ਨਾਵਲ ਦੀ ਲੇਖਣੀ ਵਿਚ ਵਰਤੀਆਂ ਨਵੀਂਆਂ ਤਕਨੀਕਾਂ ਬਾਰੇ ਬਹੁਤ ਹੀ ਵਿਸਥਾਰ ਸਹਿਤ ਆਪਣੇ ਵਿਚਾਰ ਸਾਂਝੇ ਕੀਤੇ। ਡਾ ਕੌਰ ਇੰਗਲੈਂਡ ਦੇ ਮੰਨੇ ਪ੍ਰਮੰਨੇ ਆਲੋਚਕ ਤੇ ਚਿੰਤਕ ਨੇ ਤੇ ਉਹਨਾਂ ਵੱਲੋਂ ਇਸ ਨਾਵਲ ਤੇ ਪਰਚਾ ਲਿਖਿਆ ਜਾਣਾ ਹੀ ਆਪਣੇ ਅੱਪ ਵਿਚ ਇਕ ਪ੍ਰਾਪਤੀ ਸੀ।

ਇਸ ਤੋਂ ਬਾਅਦ ਡਟ ਕੇ ਨਾਵਲ ਤੇ ਨਾਵਲ ਬਾਰੇ ਲਿਖੇ ਪਰਚੇ ਤੇ ਵਿਚਾਰ ਵਟਾਂਦਰਾ ਹੋਇਆ, ਜਿਸ ਵਿੱਚ ਜਸਵਿੰਦਰ ਰੱਤੀਆਂ, ਰਣਜੀਤ ਧੀਰ, ਭਿੰਦਰ ਜਲਾਲਾਬਾਦੀ, ਕੰਵਰ ਬਰਾੜ, ਹਰਜੀਤ ਅਟਵਾਲ ਤੇ ਉਂਕਾਰ ਸਿੰਘ ਆਦਿ ਨੇ ਆਪਣੇ ਵਿਚਾਰ ਪੇਸ਼ ਕਰ ਨਾਵਲ ਦੇ ਉੱਚ ਕੋਟੀ ਦਾ ਹੋਣ ਦੀ ਹਾਮੀ ਭਰੀ ਤੇ ਨਾਲ ਨਾਲ ਹੀ ਨਾਵਲ ਨੂੰ ਅਗਲੇਰੇ ਪੱਧਰ ਤੇ ਲਿਜਾਣ ਲਈ “ਕੀ-ਕੀ ਕੀਤਾ ਜਾ ਸਕਦਾ ਸੀ?” ਬਾਰੇ ਆਪਣੀਆਂ ਤਕਰੀਰਾਂ ਦਿੱਤੀਆਂ।

ਡਾ ਦੇਵਿੰਦਰ ਕੌਰ ਨੇ ਜਿੱਥੇ ਪਰਚੇ ਸੰਬੰਧੀ ਉੱਠੇ ਸਵਾਲਾਂ ਦੇ ਜਵਾਬ ਦਿੱਤੇ ਉੱਥੇ ਹੀ ਇਹ ਤਸਦੀਕ ਕੀਤਾ ਕਿ ਇਹ ਨਾਵਲ ਆਉਣ ਵਾਲੇ ਦਹਾਕਿਆਂ ਦੇ ਪੰਜਾਬੀ ਗਲਪ ਸਾਹਿਤ ਦੀ ਸਿਰਜਦਾ ਹੈ।

ਦਿੱਲੀ ਤੋਂ ਨਵਯੁਗ ਪ੍ਰਕਾਸ਼ਨ ਤੋਂ ਆਏ ਡਾ ਰੇਨੂਕਾ ਜੋ ਸ ਪ੍ਰੀਤਮ ਸਿੰਘ ‘ਭਾਪਾ ਜੀ’ ਦੇ ਸਪੁੱਤਰੀ ਹਨ, ਉਹ ਵੀ ਸਰੋਤਿਆਂ ਦੇ ਰੂਬਰੂ ਹੋਏ ਤੇ ਪੰਜਾਬੀ ਬੋਲੀ ਸੰਬੰਧੀ ਪਾਏ ਜਾ ਰਹੇ ਯੋਗਦਾਨ ਦੀ ਜਾਣਕਾਰੀ ਸਾਂਝੀ ਕੀਤੀ।

ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਤੀਹ ਦੇ ਕਰੀਬ ਕਵੀਆਂ ਨੇ ਹਿੱਸਾ ਲਿਆ ਤੇ ਸਭ ਇਕ ਤੋਂ ਇੱਕ ਵੱਧ ਕੇ ਨਜ਼ਮਾਂ ਪੜ੍ਹੀਆਂ।

ਸਿਕੰਦਰ ਬਰਾੜ ਜੀ ਨੇ ਅਜ਼ੀਮ ਸ਼ੇਖਰ ਦੀ ਕਲਮ ਤੋਂ ਆਪਣੇ ਨਵੇਂ ਗੀਤ ਨਾਲ ਕਵੀ ਦਰਬਾਰ ਦਾ ਆਗਾਜ਼ ਕੀਤਾ।

ਪ੍ਰਕਾਸ਼ ਸੋਹਲ ਨੇ ਹਥਲੇ ਸ਼ੇਅਰ ਨਾਲ ਮੇਲਾ ਲੁੱਟ ਲਿਆ:
“ਦੇਰ ਕਿੰਨੀ ਕੁ ਲੱਗਦੀ ਏ, ਫੁੱਲ ਨੂੰ ਤੋੜਦਿਆਂ
ਲੱਗ ਜਾਂਦੀ ਪਰ ਉਮਰ, ਰਿਸ਼ਤੇ ਜੋੜਦਿਆਂ।”

ਆਮੀਨ ਕੁੰਜਾਲੀ ਜੀ ਨੇ ਪੰਜਾਬ ਦੀ ਵੰਡ ਤੇ ਵਿਅੰਗ ਕਸਦਿਆਂ ਸੁਣਾਇਆ ਕੇ “ਸਾਡੇ ਵੈਰੀ ਨਾ ਸਾਨੂੰ ਮਾਰ ਸਕੇ, ਸਾਨੂੰ ਮਾਰਿਆ ਰਲ ਸ਼ਰੀਕਾਂ ਨੇ।”

ਇੰਗਲੈਂਡ ਦੇ ਪ੍ਰਸਿੱਧ ਗ਼ਜ਼ਲਗੋ ਅਜ਼ੀਮ ਸ਼ੇਖਰ ਤੇ ਰਾਜਿੰਦਰਜੀਤ ਨੇ ਤਾਂ ਮਹਿਫ਼ਲ ਨੂੰ ਚਾਰ ਚੰਨ ਲਾ ਦਿੱਤੇ।

ਅਜ਼ੀਮ ਆਖਿਆ:
“ਮਿਣੇ ਬਿੰਦੂ ਤੋਂ ਵੀ ਅੱਗੇ ਹੋਰ ਵੀ ਦਾਇਰੇ ਨਜ਼ਰ ਆਏ
ਜੁਦਾ ਹੋਏ ਤੋਂ ਹੀ ਆਪਣੇ ਕਈ ਚਿਹਰੇ ਨਜ਼ਰ ਆਏ।”

ਰਾਜਿੰਦਰਜੀਤ ਨੇ ਕਿਹਾ:
“ਪਾਣੀ ਦੇ ਦੋ ਟੋਟੇ ਕਰਨਾ ਕੰਮ ਨਹੀਂ ਕਿਰਪਾਨਾਂ ਦਾ
ਸਰਹੱਦਾਂ ਦੇ ਵੱਸ ਨਹੀਂ ਹੈ ਮੋਹ ਵੰਡਣਾ ਇਨਸਾਨਾਂ ਦਾ।”

ਡਾ. ਅਮਰ ਜਿਉਤੀ ਜੀ ਨੇ ਆਪਣੀ ਕਵਿਤਾ “ਸਿਕੰਦਰ ਤੂੰ ਮਹਾਨ ਨਹੀਂ ਸੀ”, ਸਟੇਜ ਦੇ ਬਾਦਸ਼ਾਹ ਨਾਹਰ ਸਿੰਘ ਨੇ “ਮੇਰਾ ਸੂਰਜ ਕਿਤੇ ਗਵਾਚ ਗਿਆ ਹੈ” ਨੂੰ ਬੜੇ ਭਾਵਨਾਤਮਕ ਢੰਗ ਨਾਲ ਪੇਸ਼ ਕੀਤਾ। ਕਿੱਟੀ ਬੱਲ, ਗੁਰਮੇਲ ਸੰਘਾ ਤੇ ਮਨਜੀਤ ਪੱਡਾ, ਬਦੇਸ਼ਾ, ਡਾ ਦੇਵਿੰਦਰ, ਗੁਰਚਰਨ ਸੱਗੂ, ਬਲਵੰਤ ਗਿੱਲ, ਦਰਸ਼ਨ ਬੁਲੰਦਵੀ ਹੋਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਪ੍ਰੋਗਰਾਮ ਵਿੱਚ ਨਵਾਂ ਰੰਗ ਭਰਿਆ।

ਕੰਵਰ ਬਰਾੜ ਨੇ ਆਪਣੀ ਕਵਿਤਾ ਰਾਹੀਂ ਪੰਜਾਬੀਆਂ ਨੂੰ ਫੋਨਾਂ ਤੇ ਕੰਪਿਊਟਰਾਂ ਉੱਤੇ ਗੁਰਮੁਖੀ ਲਿਖਣ ਦੀ ਪੁਕਾਰ ਲਾਈ “ਗੁਰਮੁਖੀ ਸਾਂਭਣ ਦੀ, ਸਾਡੇ-ਤੁਹਾਡੇ ਹੱਥ ਚਾਬੀ। ਘਟੋਂ ਘੱਟ, ਫ਼ੋਨ ਤੇ ਸਿੱਖ ਲੋ, ਲਿਖਣੀ ਪੰਜਾਬੀ।” ਪੰਜਾਬ ਤੋਂ ਆਏ ਗੁਰਨਾਮ ਕੰਵਰ ਜੀ ਨੇ ਆਪਣੀ ਕਵਿਤਾ “ਜੱਲਿਆਂਵਾਲਾ ਬਾਗ਼ ਅਤੇ ਕਵੀ” ਵਿੱਚ ਅਜ਼ਾਦੀ ਦੀ ਚੀਕ ਰਾਜਨੀਤੀ ਕਰਨ ਵਾਲਿਆਂ ਤੱਕ ਪਹੁੰਚਾਈ।

ਜਸਵੀਰ ਜੱਸ ਨੇ ਬਹੁਤ ਸੁਰੀਲੀ ਅਵਾਜ਼ ਵਿੱਚ ਆਪਣੀ ਰਚਨਾ “ਕੁਝ ਗੱਲ ਦਰਿਆਵਾਂ ਦੀ, ਬੱਦਲ਼ਾਂ ਘਟਾਵਾਂ ਦੀ। ਕੁਝ ਨਿੱਘੀਆਂ ਧੁੱਪਾਂ ਦੀ ਤੇ ਕੁਝ ਠੰਢੀਆਂ ਛਾਵਾਂ ਦੀ।” ਪੱਤੜ ਜੀ ਨੇ ਆਪਣੀ ਰਚਨਾ “ਤੇਰੀਆਂ ਉਡੀਕਾਂ ਸਾਂਈਂਆਂ” ਨਾਲ ਪ੍ਰੋਗਰਾਮ ਦਾ ਸਿਖਰ ਬੰਨ੍ਹਿਆ।

ਤੇ ਕਵੀ ਦਰਬਾਰ ਦੇ ਅੰਤ ਤੇ ਕੁਲਵੰਤ ਢਿੱਲੋਂ ਜੀ ਨੇ ਕਿਸੇ ਜੰਗਲ ਵਿੱਚ ਵੱਸਦੀ ਔਰਤ ਵੱਲੋਂ ਜਬਰ ਜ਼ੁਲਮ ਦੇ ਖ਼ਿਲਾਫ਼ ਹਥਿਆਰ ਚੁੱਕਣ ਦੀ ਰਚਨਾ ਨਾਲ ਇੰਗਲੈਂਡ ਵਿੱਚ ਰਚੇ ਜਾ ਰਹੇ ਉੱਚ ਪੱਧਰੇ ਪੰਜਾਬੀ ਕਾਵਿ ਸਾਹਿਤ ਦੀ ਨਿਸ਼ਾਨਦੇਹੀ ਕੀਤੀ।

ਕਿਤਾਬਾਂ ਦੀ ਸਟਾਲ ਦੀ ਜ਼ੁੰਮੇਵਾਰੀ ਰੂਪ ਢਿੱਲੋਂ ਨੇ ਸੰਭਾਲ਼ਦਿਆਂ ਪਾਠਕਾਂ ਨੂੰ ਮੁੱਲ ਲੈ ਕੇ ਕਿਤਾਬਾਂ ਪੜ੍ਹਨ ਦੀ ਹੱਲਾਸ਼ੇਰੀ ਦਿੱਤੀ। ਸਾਰੇ ਪ੍ਰੋਗਰਾਮ ਦੌਰਾਨ ਭਜਨ ਧਾਲੀਵਾਲ, ਸ੍ਰੀਮਤੀ ਬੈਂਸ ਤੇ ਹੋਰਾਂ ਨੇ ਆਏ ਸਰੋਤਿਆਂ ਨੂੰ ਚਾਹ ਪਾਣੀ ਤੇ ਪਕਵਾਨਾਂ ਨਾਲ ਰਜਾ ਕੇ ਰੱਖਿਆ।

ਸ਼ਿਵਚਰਨ ਗਿੱਲ ਤੇ ਸਾਥੀ ਲੁਧਿਆਣਵੀ ਦੇ ਪਰਿਵਾਰਾਂ ਦੀ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਕੇ ਪੰਜਾਬੀ ਸਾਹਿਤ ਪ੍ਰਤੀ ਕੋਸ਼ਿਸ਼ਾਂ ਪ੍ਰਦੇਸਾਂ ਵਿੱਚ ਹਮੇਸ਼ਾ ਜਾਰੀ ਰਹਿਣਗੀਆਂ। ਪਰਮ ਸੰਧਾਵਾਲੀਆ ਨੇ ਨਵੇਂ ਆਏ ਲੇਖਕਾਂ ਨਾਲ ਪੇਸ਼ਕਾਰੀ ਨੂੰ ਹੋਰ ਵਧੀਆ ਬਣਾਉਣ ਦੇ ਨੁਕਤੇ ਸ਼ਾਮ ਦੇ ਖਾਣੇ ਦੌਰਾਨ ਸਾਂਝੇ ਕੀਤੇ।

ਅੰਤ ਵਿੱਚ ਡਾ ਦੇਵਿੰਦਰ ਕੌਰ ਜੀ ਨੇ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਇਸ ਤਰ੍ਹਾਂ ਦੇ ਪੰਜਾਬੀ ਪ੍ਰੋਗਰਾਮਾਂ ਦੇ ਹਮੇਸ਼ਾ ਚੱਲਦੇ ਰਹਿਣ ਤਾਕੀਦ ਕੀਤੀ। ਚਿੰਤਨ ਅਤੇ ਮਨੋਰੰਜਨ ਦੇ ਨਾਲ ਇਸ ਪ੍ਰੋਗਰਾਮ ਵਿੱਚ ਪੰਜਾਬੀ ਧੀਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਵੀ ਇੱਕ ਅਹਿਮ ਪ੍ਰਾਪਤੀ ਰਹੀ।
ਇਸ ਪ੍ਰੋਗਰਾਮ ਦਾ ਸਟੇਜ ਖ਼ੁਦ ਮਹਿੰਦਰਪਾਲ ਧਾਲੀਵਾਲ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲ਼ਿਆ।

– ਕੰਵਰ ਬਰਾੜ
+447930886448

***
803
***

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →