25 July 2024

ਜੋ ਨੀਵੇਂ ਉੱਡਦੇ ਨੇ ਸ਼ਾਹਬਾਜ਼ ਨਹੀਂ ਹੁੰਦੇ – ਡਾ. ਧਰਮਿੰਦਰ ਸਿੰਘ ਉੱਭਾ

ਜੋ ਨੀਵੇਂ ਉੱਡਦੇ ਨੇ ਸ਼ਾਹਬਾਜ਼ ਨਹੀਂ ਹੁੰਦੇ

ਡਾ. ਧਰਮਿੰਦਰ ਸਿੰਘ ਉੱਭਾ

ਜ਼ਿੰਦਗੀ ਇੱਕ ਵਗਦਾ ਹੋਇਆ ਦਰਿਆ ਹੈ- ਖੂਬਸੂਰਤ ਉੱਚੀਆਂ ਨੀਵੀਂਆਂ ਲਹਿਰਾਂ ਦਾ ਮਿਸ਼ਰਣ। ਕਿੰਨੀ ਮਿੱਠੀ, ਹੁਸੀਨ ਤੇ ਰੰਗ ਰੰਗੀਲੀ ਦੁਨੀਆ ਹੈ ਇਹ ਜ਼ਿੰਦਗੀ ! ਜ਼ਿੰਦਗੀ ਇੱਕ ਸੁਹਾਵਣਾ ਸਫ਼ਰ ਹੈ- ਲੰਮੀਆਂ ਵਾਟਾਂ ਨੂੰ ਮੁਕਾਉਣ ਦਾ ਤੇ ਮੰਜ਼ਲ ਨੂੰ ਪਾਉਣ ਦਾ। ਜ਼ਿੰਦਗੀ ਜਿਉਂਈ ਨਹੀਂ ਜਾਂਦੀ, ਜ਼ਿੰਦਗੀ ਤਾਂ ਮਾਣੀ ਜਾਂਦੀ ਹੈ- ਲੁਤਫ ਨਾਲ, ਚਾਅ ਨਾਲ ਤੇ ਮੌਜਾਂ ਨਾਲ ਬੁੱਲੇ ਲੁੱਟਦੇ ਹੋਏ। ਅਰਮਾਨਾਂ, ਉਮੰਗਾਂ, ਖਾਹਿਸ਼ਾਂ, ਸੱਧਰਾਂ, ਸੁਪਨਿਆਂ ਅਤੇ ਆਸ਼ਾਵਾਂ ਵਿਚ ਭਿੱਜੀ ਇੱਕ ਫੁੱਲਾਂ ਭਰੀ ਚੰਗੇਰ ਹੀ ਤਾਂ ਹੁੰਦੀ ਹੈ ਇਹ ਜ਼ਿੰਦਗੀ -ਨਿੱਤ ਦਿਹਾੜੇ ਕੁਝ ਨਵਾਂ ਸੋਚਣ, ਕੁਝ ਨਵਾਂ ਕਰਨ ਤੇ ਕੁਝ ਨਵਾਂ ਪਾਉਣ ਦੀ ਤਾਂਘ।ਜ਼ਿੰਦਗੀ ਨਾਂ ਹੈ ਪ੍ਰੇਮੀ ਦੀ ਆਗੋਸ਼ ਵਿਚ ਬੈਠ ਕੇ ਲੋਕ ਪਰਲੋਕ ਦੇ ਝਮੇਲੇ ਝਗੜਿਆਂ ਤੋ ਮੁਕਤ ਹੋ ਜਾਣ ਦਾ। ਜ਼ਿੰਦਗੀ ਤਾਂ ਠਾਠਾਂ ਮਾਰਦੀ ਕਿਸੇ ਜ਼ੋਬਨ ਮੱਤੀ ਮੁਟਿਆਰ ਦਾ ਡੁੱਲ੍ਹ ਡੁੱਲ੍ਹ ਪੈਂਦਾ ਹਾਸਾ ਹੁੰਦੀ ਹੈ। ਜ਼ਿੰਦਗੀ ਨਿੱਘ ਹੈ ਪ੍ਰੇੁਿਮਕਾ ਨੂੰ ਆਪਣੇ ਕਲਾਵੇ ਵਿਚ ਲੈਣ ਦਾ। ਜ਼ਿੰਦਗੀ ਮਹਿਬੂਬ ਦੇ ਹੋਠਾਂ ਤੇ ਦਿੱਤੇ ਚੁੰਮਣ ਵਿਚੋਂ ਉਤਪੰਨ ਹੋਈ ਮਿੱਠੀ ਸੁਗੰਧ ਹੁੰਦੀ ਹੈ। ਜ਼ਿੰਦਗੀ ਦੋ ਸਾਹਾਂ ਦੀ ਧੜਕਣ ਦੇ ਇਕਸੁਰ ਹੋਣ ਤੇ ਨਿੱਕਲਿਆ ਫਿਜ਼ਾਵਾਂ ਵਿਚ ਰਸ ਘੋਲਣ ਵਾਲਾ ਇੱਕ ਮਿੱਠਾ ਤਰਾਨਾ ਹੁੰਦੀ ਹੈ।………… ਤੇ ਜ਼ਿੰਦਗੀ ਮਾਣਨੀ ਕਿਸੇ ਸ਼ਾਹਬਾਜ਼ ਨੂੰ ਹੀ ਆਉਂਦੀ ਹੈ ।

ਜੀਵਨ ਦੇ ਵਿੱਚ ਤਾਰਿਆਂ ਨਾਲ ਬਾਤਾਂ ਪਾਉਣ ਅਤੇ ਚੰਦ ਦੇ ਨਾਲ ਕਲੋਲਾਂ ਕਰਨ ਵਾਲੇ ਵਿਅਕਤੀ ਹੀ ਜੀਵਨ ਦੇ ਅਸੀਮ ਅਨੰਦ ਸਾਗਰ ਵਿਚ ਚੁੱਭੀਆਂ ਲਾਉਂਦੇ ਹਨ। ਅਜਿਹੇ ਵਿਅਕਤੀ ਹਰ ਪਲ ਬੁਲੰਦੀਆਂ ਨੂੰ ਛੁਹਣ ਦੀ ਕਾਮਨਾ ਕਰਦੇ ਹਨ ਅਤੇ ਇਸ ਮੰਤਵ ਦੀ ਪੂਰਤੀ ਲਈ ਅਣਥੱਕ, ਬੇਰੋਕ ਅਤੇ ਨਿਰੰਤਰ ਜਤਨ ਕਰਦੇ ਹਨ। ਉਹਨਾਂ ਦੇ ਸ਼ਬਦਕੋਸ਼ ਵਿਚ ਜ਼ਿੰਦਗੀ ਦੇ ਮਾਅਨੇ ਲਗਾਤਾਰ ਜੂਝਨਾ ਅਤੇ ਸੰਘਰਸ਼ ਕਰਨਾ ਹੈ- ਕਿਸੇ ਮਜ਼ਬੂਰੀ, ਤੰਗੀ ਜਾਂ ਤਕਲੀਫ ਕਰਕੇ ਨਹੀਂ-ਬਲਕਿ ਜ਼ਿੰਦਗੀ ਦੇ ਗੁੱਝੇ ਅਰਥਾਂ ਦਾ ਭੇਦ ਪਾਉਂਦੇ ਹੋਏ ਇਸ ਸੰਘਰਸ਼ ਵਿਚੋਂ ਅਨੰਦ ਦੀ ਚਰਮ ਸੀਮਾਂ ਨੂੰ ਪ੍ਰਾਪਤ ਕਰਦੇ ਹੋਏ ਜੇਤੂ ਰਾਹਾਂ ਦਾ ਪਾਂਧੀ ਬਣਨ ਲਈ। ਉਹ ਨਿੱਤ ਸੁਪਨੇ ਸਿਰਜਦੇ ਹਨ ਅਤੇ ਕੁਝ ਉਹਨਾਂ ਵਿਚੋਂ ਝੜ ਜਾਂਦੇ ਹਨ। ਪਰੰਤੂ ਉਹ ਚੜ੍ਹਦੀਆਂ ਕਲਾ ਵਿਚ ਰਹਿਣ ਵਾਲੇ ਵਿਅਕਤੀ ਇਹਨਾਂ ਸੁਪਨਿਆਂ ਦੇ ਟੁੱਟਣ ਦੀ ਕੋਈ ਪ੍ਰਵਾਹ ਨਹੀਂ ਕਰਦੇ, ਬਲਕਿ ਜੇ ਉਹਨਾਂ ਦਾ ਇੱਕ ਸੁਪਨਾ ਟੁੱਟਦਾ ਹੈ ਤਾਂ ਉਹ ਦੋ ਨਵੇਂ ਸਿਰਜ ਲੈਂਦੇ ਹਨ। ਅਜਿਹੇ ਵਿਅਕਤੀਆਂ ਦੇ ਮਨ ਅੰਦਰ ਹੌਸਲੇ, ਖੁਸ਼ੀਆਂ, ਖੇੜਿਆਂ, ਚਾਵਾਂ ਅਤੇ ਮਲਾਰਾਂ ਦਾ ਸਮੁੰਦਰ ਠਾਠਾਂ ਮਾਰਦਾ ਹੁੰਦਾ ਹੈ। ਇਹ ਉਹ ਵਿਅਕਤੀ ਹੁੰਦੇ ਹਨ ਜਿਹਨਾਂ ਦਾ ਨਾਮ ਸਮਾਜ ਦੇ ਸ਼ਬਦ-ਕੋਸ਼ ਵਿਚ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੁੰਦਾ ਹੈ।

ਜੇਤੂ ਉਹ ਹੁੰਦਾ ਹੈ ਜੋ ਆਪਣੀ ਪ੍ਰਤਿਭਾ ਦੀ ਪਹਿਚਾਣ ਕਰਦਾ ਹੈ, ਇਸ ਪ੍ਰਤਿਭਾ ਨੂੰ ਕੁਸ਼ਲਤਾ ਵਿਚ ਬਦਲਣ ਲਈ ਸਖਤ ਮਿਹਨਤ ਕਰਦਾ ਹੈ ਅਤੇ ਇਸ ਕੁਸ਼ਲਤਾ ਦੀ ਵਰਤੋਂ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਕਰਦਾ ਹੈ। ਸਫਲਤਾ ਕਦੇ ਵੀ ਥਾਲੀ ਵਿਚ ਪਰੋਸ ਕੇ ਨਹੀਂ ਮਿਲਦੀ, ਬਲਕਿ ਸਫਲਤਾ ਤਾਂ ਪ੍ਰਾਪਤ ਕੀਤੀ ਜਾਂਦੀ ਹੈ। ਜੀਵਨ ਦੀਆਂ ਰਾਹਾਂ ਵਿਚ ਥੱਕੇ ਟੁੱਟੇ ਤੇ ਹੰਭੇ ਹਾਰੇ ਲੋਕ ਸਫਲ ਹੋਣ ਦਾ ਕਦੇ ਸੁਪਨਾ ਵੀ ਨਹੀਂ ਲੈ ਸਕਦੇ। ਇਹ ਤਾਂ ਸਿਰਫ ਉਹਨਾਂ ਲੋਕਾਂ ਦਾ ਹੀ ਨਸੀਬ ਬਣਦੀ ਹੈ ਜਿਹੜੇ ਆਪਣੇ ਆਪ ਨੂੰ ਸਫਲਤਾਂ ਦੀਆਂ ਰਾਹਾਂ ਪ੍ਰਤੀ ਸਮਰਪਤ ਕਰ ਦਿੰਦੇ ਹਨ। ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਵਿਚ ਸਵੈ ਪ੍ਰੇਰਨਾ ਦਾ ਹੜ ਆਇਆ ਹੁੰਦਾ ਹੈ। ਇਹ ਤਕਦੀਰ ਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਦੇ ਸਗੋਂ ਇਹ ਇਸ ਵਿਸ਼ਵਾਸ਼ ਦਾ ਮਾਲਕ ਹੁੰਦੇ ਹਨ ਕਿ ਤਕਦੀਰ ਇਹਨਾਂ ਦੇ ਹੱਥਾਂ ਦੀ ਕਠਪੁਤਲੀ ਹੈ। ਇਹ ਉੱਚਾ ਸੋਚਦੇ ਹਨ ਅਤੇ ਉੱਚਾ ਬਣਦੇ ਹਨ। ਇਹ ਕਿਸੇ ਕਿਸਮ ਦੀਆਂ ਬੈਸਾਖੀਆਂ ਦੀ ਲੋੜ ਨਹੀਂ ਸਮਝਦੇ। ਇਹ ਹਵਾਵਾਂ ਦੇ ਨਾਲ ਚੱਲਣ ਦਾ ਸੁਭਾਅ ਨਹੀਂ ਰੱਖਦੇ ਬਲਕਿ ਇਹਨਾਂ ਦੀ ਸੋਚ ਉੱਪਰ ਤਾਂ ਇਹ ਸਿਧਾਂਤ ਭਾਰੂ ਹੁੰਦਾ ਹੈ ਕਿ ਗੁੱਡੀਆਂ ਹਮੇਸ਼ਾਂ ਹਵਾ ਦੇ ਵਿਰੱੁਧ ਉੱਡਦੀਆਂ ਹਨ। ਇਹਨਾਂ ਨੂੰ ਪਤਾ ਹੁੰਦਾ ਹੈ ਕਿ ਨੀਵਾਂ ਉੱਡਣ ਵਾਲੇ ਕਦੇ ਵੀ ਸ਼ਾਹਬਾਜ਼ ਨਹੀਂ ਹੁੰਦੇ। ਇਸੇ ਲਈ ਮੇਰੇ ਸ਼ਾਇਰ ਮਿੱਤਰ ਡਾ. ਚਰਨ ਸਿੰਘ ਗਿੱਲ ਇੱਕ ਜਗਾ ਲਿਖਦੇ ਨੇ:

ਰਿਸ਼ਤੇ ਤਾਂ ਸ਼ਬਦਾਂ ਦੇ ਮੁਹਤਾਜ਼ ਨਹੀਂ ਹੁੰਦੇ
ਜੋ ਨੀਵੇਂ ਉੱਡਦੇ ਨੇ ਸ਼ਾਹਬਾਜ਼ ਨਹੀਂ ਹੁੰਦੇ

ਤੁਹਾਡੇ ਅੰਦਰ ਕਾਬਲੀਅਤ ਦਾ ਹੋਣਾ ਹੀ ਕਾਫੀ ਨਹੀਂ ਬਲਕਿ ਕਾਬਲੀਅਤ ਨੂੰ ਪ੍ਰਾਪਤ ਕਰਨਾ ਅਤੇ ਵਰਤਣਾ ਤੁਹਾਡੇ ਨਿਸ਼ਾਨੇ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੁੰਦਾ ਹੈ। ਨਿਸ਼ਾਨੇ ਇਹ ਨਿਰਧਾਰਤ ਕਰਦੇ ਹਨ ਕਿ ਤੁਸੀਂ ਕੀ ਬਣਨ ਜਾ ਰਹੇ ਹੋ। ਨਿਸ਼ਾਨੇ ਤੁਹਾਨੂੰ ਜੀਵਨ ਵਿਚ ਮਕਸਦ ਪ੍ਰਦਾਨ ਕਰਦੇ ਹਨ ਅਤੇ ਛੇਤੀ ਉੱਠਣ ਅਤੇ ਦੇਰ ਨਾਲ ਸੌਣ ਦਾ ਕਾਰਨ ਦੱਸਦੇ ਹਨ। ਪਰੰਤੂ ਨਿਸ਼ਾਨੇ ਅਜਿਹੇ ਹੋਣੇ ਚਾਹੀਦੇ ਹਨ ਜੋ ਤੁਸੀਂ ਸੱਚਮੁੱਚ ਪ੍ਰਾਪਤ ਕਰਨਾ ਚਾਹੁੰਦੇ ਹੋ, ਅਜਿਹੇ ਨਹੀਂ ਹੋਣੇ ਚਾਹੀਦੇ ਜੋ ਤੁਹਾਨੂੰ ਚੰਗੇ ਲੱਗਦੇ ਹਨ। ਤੁਹਾਡੇ ਉਦੇਸ਼ ਤੁਹਾਡੀਆਂ ਕਦਰਾਂ ਕੀਮਤਾਂ, ਸੁਭਾਅ ਅਤੇ ਦਿਸ਼ਾਵਾਂ ਨਾਲ ਮੇਲ ਖਾਣੇ ਚਾਹੀਦੇ ਹਨ। ਕਈ ਵਾਰ ਕੁਝ ਵਿਅਕਤੀ ਅਜਿਹੇ ਨਿਸ਼ਾਨੇ ਨਿਰਧਾਰਤ ਕਰ ਲੈਂਦੇ ਹਨ ਜੋ ਬਹੁਤ ਖੂਬਸੂਰਤ ਅਤੇ ਦਿਲ ਖਿਚਵੇਂ ਤਾਂ ਹੁੰਦੇ ਹਨ, ਪਰ ਇਹ ਦਿਲ ਦੇ ਨੇੜੇ ਨਹੀਂ ਹੁੰਦੇ। ਜਿਤਨਾ ਚਿਰ ਤੁਹਾਡਾ ਦਿਲ ਗਵਾਹੀ ਨਹੀਂ ਭਰਦਾ, ਤੁਸੀਂ ਕੋਈ ਵੀ ਪ੍ਰਾਪਤੀ ਨਹੀਂ ਕਰ ਸਕਦੇ ਅਤੇ ਜੇਕਰ ਤੁਹਾਡਾ ਦਿਲ ਇੱਕ ਵਾਰ ਬੋਲੀ ਬੋਲ ਦੇਵੇ ਤਾਂ ਤੁਸੀਂ ਜਿੱਤ ਦੇ ਮਾਰਗ ਤੇ ਤੁਰ ਪੈਂਦੇ ਹੋ। ਤੁਸੀਂ ਇਸ ਗੱਲ ਪ੍ਰਤੀ ਪੂਰੀ ਤਰ੍ਹਾਂ ਸਪਸ਼ਟ ਹੋਣੇ ਚਾਹੀਦੇ ਹੋ ਕਿ ਤੁਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ, ਬਜਾਏ ਇਸਦੇ ਕਿ ਤੁਸੀਂ ਵੀ ਉਹੀ ਕੁਝ ਕਰੀ ਜਾਵੋਂ ਜੋ ਹਰ ਕੋਈ ਕਰ ਰਿਹਾ ਹੈ।

ਤੁਹਾਡੀ ਗੋਲੀ ਚੰਦ ਵੱਲ ਸੇਧ ਕੇ ਦਾਗੀ ਜਾਣੀ ਚਾਹੀਦੀ ਹੈ ਅਤੇ ਜੇਕਰ ਤੁਸੀਂ ਕਦੇ ਖੁੰਝ ਵੀ ਗਏ ਤਾਂ ਕਿਸੇ ਨਾ ਕਿਸੇ ਤਾਰੇ ਤੇ ਅਵੱਸ਼ ਪਹੁੰਚੀ ਹੋਵੇਗੀ। ਨਿਸ਼ਾਨੇ ਉੱਚੇ ਮਿਥਣੇ ਚਾਹੀਦੇ ਹਨ ਜੋ ਤੁਹਾਨੂੰ ਚੁਣੌਤੀ ਦਿੰਦੇ ਹੋਣ। ਜੇਕਰ ਤੁਸੀਂ ਆਪਣੇ ਆਪ ਨੂੰ ਆਪਣੀਆਂ ਮੌਜੂਦਾ ਸੀਮਾਵਾਂ ਤੋਂ ਅੱਗੇ ਨਹੀਂ ਦੇਖਦੇ ਤਾਂ ਤੁਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਤੁਹਾਡੇ ਨਿਸ਼ਾਨੇ ਤੁਹਾਡੇ ਪਰਿਵਾਰ, ਪਤਨੀ, ਬੱਚੇ ਅਤੇ ਦੋਸਤ ਮਿੱਤਰਾਂ ਨਾਲ ਸਾਂਝੇ ਹੋਣੇ ਚਾਹੀਦੇ ਹਨ ਕਿਉਂਕਿ ਇਹ ਗੱਲ ਯਕੀਨੀ ਹੈ ਕਿ ਇਹਨਾਂ ਦੀ ਪ੍ਰਾਪਤੀ ਲਈ ਤੁਹਾਨੂੰ ਕਿਸੇ ਨਾ ਕਿਸੇ ਰੂਪ ਵਿਚ ਦੂਸਰਿਆਂ ਦੀ ਸਹਾਇਤਾ ਅਵੱਸ਼ ਲੈਣੀ ਪਵੇਗੀ। ਇਹ ਸਹਾਇਤਾ ਤੁਹਾਨੂੰ ਤਦ ਹੀ ਮਿਲੇਗੀ ਜਦ ਤੁਹਾਡਾ ਇਹ ਵਿਸ਼ਵਾਸ਼ ਹੋਵੇਗਾ ਕਿ ਜੇਕਰ ਮੈਂ ਜਿੱਤਦਾ ਹਾਂ ਤੁਸੀਂ ਜਿੱਤਦੇ ਹੋ ਅਤੇ ਜੇਕਰ ਤੁਸੀਂ ਜਿੱਤਦੇ ਹੋ ਤਾਂ ਮੈਂ ਜਿੱਤਦਾ ਹਾਂ। ਅਜਿਹਾ ਸਿਧਾਂਤ ਹੀ ਤੁਹਾਡੇ ਪਰਿਵਾਰਕ ਸੰਗਠਨ ਨੂੰ ਸੰਤੁਲਨ ਪ੍ਰਦਾਨ ਕਰੇਗਾ। ਇਹ ਗੱਲ ਵੀ ਯਾਦ ਰੱਖਣਯੋਗ ਹੈ ਕਿ ਆਪਣੇ ਨਿਸ਼ਾਨੇ ਇਸ ਤਰ੍ਹਾਂ ਨਾਲ ਨਿਰਧਾਰਤ ਕਰੋ ਕਿ ਉਹ ਕਿਸੇ ਨਾ ਕਿਸੇ ਰੂਪ ਵਿਚ ਤੁਹਾਡੇ ਪਰਿਵਾਰਕ ਢਾਚੇ ਨਾਲ ਮੇਲ ਖਾਂਦੇ ਹੋਣ।

ਤੁਹਾਡੀ ਰਾਹ ਵਿਕਾਸ ਵਾਲੀ ਹੋਣੀ ਚਾਹੀਦੀ ਹੈ, ਬਗਾਵਤ ਵਾਲੀ ਨਹੀਂ। ਜੇਕਰ ਤੁਹਾਡੀ ਸੋਚ ਕਿਧਰੇ ਤੁਹਾਡੇ ਸੰਗਠਨ ਨਾਲ ਮੇਲ ਨਹੀਂ ਵੀ ਖਾਂਦੀ ਤਦ ਵੀ ਤੁਹਾਡੀ ਪਹੁੰਚ ਉਸ ਸੰਗਠਨ ਨੂੰ ਨਾਲ ਲੈ ਕੇ ਚੱਲਣ ਵਾਲੀ ਹੋਣੀ ਚਾਹੀਦੀ ਹੈ।ਜਦੋਂ ਤੁਹਾਡੀਆਂ ਪੁਲਾਂਘਾਂ ਠੀਕ ਹੋਣਗੀਆਂ ਤਾਂ ਸੰਗਠਨ ਆਪਣੇ ਆਪ ਤੁਹਾਡੇ ਨਾਲ ਤੁਰ ਪਵੇਗਾ। ਇਹ ਗੱਲ ਦਿਮਾਗ ਵਿੱਚ ਰੱਖੋ ਕਿ ਜੇਕਰ ਤੁਹਾਨੂੰ ਆਪਣੇ ਨਿਸ਼ਾਨੇ ਪ੍ਰਾਪਤ ਕਰਨ ਪ੍ਰਤੀ ਸ਼ੁਦਾਅ ਹੈ ਤਾਂ ਤੁਸੀਂ ਇਸਨੂੰ ਜ਼ਰੂਰ ਪ੍ਰਾਪਤ ਕਰ ਲਵੋਗੇ। ਇਹ ਹੋ ਸਕਦਾ ਹੈ ਕਿ ਹਾਲਾਤ ਤੁਹਾਡੇ ਲਈ ਸਮੱਸਿਆਵਾਂ ਅਤੇ ਰੁਕਾਵਟਾਂ ਖੜੀਆਂ ਕਰ ਦੇਣ। ਪ੍ਰੰਤੂ ਤੁਹਾਨੂੰ ਦਰਿਆ ਵਾਲਾ ਸੁਭਾਅ ਰੱਖਦੇ ਹੋਏ ਨਿਰੰਤਰ ਵਹਿੰਦੇ ਹੀ ਰਹਿਣਾ ਹੋਵੇਗਾ।ਸਫ਼ਲਤਾ ਦੀ ਸੜਕ ਉੱਤੇ ਚਲਦੇ ਹੋਏ ਹਰ ਮੀਲ ਪੱਥਰ ਦਾ ਆਨੰਦ ਮਾਣੋ, ਕਿਉਂਕਿ ਇਹ ਤੁਹਾਡੀ ਤਰੱਕੀ ਨੂੰ ਦਰਸਾਉਂਦਾ ਹੈ। ਆਪਣੀਆਂ ਮੁਸ਼ਕਿਲਾਂ ਅਤੇ ਦਿੱਕਤਾਂ ਨੂੰ ਵੀ ਨਾਲ ਦੀ ਨਾਲ ਸੂਚੀ-ਬੱਧ ਕਰਦੇ ਜਾਵੋ ਤਾਂ ਜੋ ਤੁਸੀਂ ਉਹਨਾ ਨੂੰ ਦੂਰ ਕਰਨ ਸੰਬੰਧੀ ਵਿਸਲੇਸ਼ਣ ਕਰ ਸਕੋਂ। ਇਹ ਅਤੀ ਜ਼ਰੂਰੀ ਹੈ ਕਿ ਆਪਣੇ ਉੱਪਰ ਪਏ ਸਾਰੇ ਨਾਕਾਰਾਤਮਕ ਪ੍ਰਭਾਵਾਂ ਨੂੰ ਦੂਰ ਭਜਾ ਦਿਉ। ਤੁਹਾਡਾ ਮਨ ਸਿਰਫ਼ ਅਤੇ ਸਿਰਫ਼ ਆਸ਼ਾਵਾਦ ਦੇ ਰਥ ਵਿੱਚ ਹੀ ਟਪੂਸੀਆਂ ਲਾਉਣਾ ਚਾਹੀਦਾ ਹੈ। ਇਹ ਦੇਖਣ ਅਤੇ ਸੋਚਣ ਦਾ ਹੀ ਨਜ਼ਰੀਆ ਹੁੰਦਾ ਹੈ ਕਿ ਇੱਕ ਵਿਆਕਤੀ ਦੀ ਨਿਗਾਹ ਗੰਦਗੀ ਅਤੇ ਗਾਰੇ ਵੱਲ ਜਾਂਦੀ ਹੈ ਅਤੇ ਦੂਜਾ ਵਿਅਕਤੀ ਤਾਰਿਆਂ ਦੀ ਸੰਗਤ ਵਿੱਚ ਆਨੰਦ ਮਾਣਦਾ ਹੈ।ਨਾ-ਪੱਖੀ ਵਿਚਾਰਾਂ ਨੂੰ ਦਬਾਉ ਨਹੀਂ ਬਲਕਿ ਉਨ੍ਹਾਂ ਨੂੰ ਯਥਾਰਥਵਾਦੀ ਸੂਚਨਾਵਾਂ ਪ੍ਰਤੀ ਮੋੜੋ।ਆਪਣੇ ਨਾਲ ਹਾਰਨ ਵਾਲੇ ਵਿਚਾਰ ਸੁਣੋ ਅਤੇ ਫਿਰ ਉਨ੍ਹਾਂ ਨਾਲ ਵਾਦ-ਵਿਵਾਦ ਕਰੋ। ਨਿਰਾਸ਼ਾ ਤੋਂ ਬਾਅਦ ਕੁੱਝ ਨਾ ਕੁੱਝ ਆਨੰਦਮਈ ਕਰੋ।ਸਮੱਸਿਆਵਾਂ ਬਾਰੇ ਹਾਂ-ਪੱਖੀ ਮਨ ਨਾਲ ਸੋਚਣ ਨਾਲ ਵਧੇਰੇ ਹੱਲ ਆਉਂਦੇ ਹਨ।ਸਿ਼ਕਾਰ ਬਣਨ ਤੋਂ ਇਨਕਾਰ ਕਰ ਦਿਉ। ਪ੍ਰਸਿੱਧ ਮਨੋ-ਵਿਗਿਆਨੀ ਸਲਿਗਮਨ ਦੇ ਵਿਚਾਰ ਅਨੁਸਾਰ ਸਿ਼ਕਾਰ ਬਣਨਾ ਤੁਹਾਨੂੰ ਲਾਚਾਰ ਅਤੇ ਬੇਵਸ ਬਣਾ ਦਿੰਦਾ ਹੈ।ਹਾਰਾਂ ਅਤੇ ਧੱਕਿਆਂ ਨੂੰ ਅਸਥਾਈ ਮੰਨੋ।

ਨਿਰਾਸ਼ਾਵਾਦੀ ਲੋਕ ਨਾ-ਪੱਖੀ ਘਟਨਾਵਾਂ ਨੂੰ ਆਪਣੇ ਅੰਦਰ ਵਸਾ ਲੈਂਦੇ ਹਨ। ਉਹ ਇਹ ਸੋਚਦੇ ਹਨ ਕਿ ਇਹ ਬਹੁਤ ਲੰਮਾ ਸਮਾਂ ਚੱਲਣਗੀਆਂ ਅਤੇ ਉਹ ਬਾਕੀ ਸਭ ਅਣਗੌਲਿਆਂ ਕਰ ਦਿੰਦੇ ਹਨ। ਉਨ੍ਹਾਂ ਦਾ ਵਿਵਹਾਰ ਉਨ੍ਹਾਂ ਨੂੰ ਉਦਾਸੀ ਵਿੱਚ ਡੋਬ ਦਿੰਦਾ ਹੈ।ਉਹ ਜੀਵਨ ਵਿੱਚ ਸਭ ਕੁੱਝ ਹਾਰ ਚੱੁਕਿਆ ਮੰਨਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਦੇ ਅਰਥ ਸਿਰਫ ਮਾਯੂਸੀ ਹੀ ਲੱਗਦੇ ਹਨ। ਦੂਜੇ ਪਾਸੇ ਆਸ਼ਾਵਾਦ ਇਹ ਵਿਸ਼ਵਾਸ ਕਰਦਾ ਹੈ ਕਿ ਹਾਰ ਇੱਕ ਅਸਥਾਈ ਧੱਕਾ ਹੈ ਜਾਂ ਇੱਕ ਚੁਣੌਤੀ ਹੈ। ਆਸ਼ਾਵਾਦੀ ਲੋਕ ਹਾਰ ਨੂੰ ਆਪਣੀ ਜਿੱਤ ਦਾ ਕਾਰਨ ਬਣਾਉਂਦੇ ਹਨ।ਆਸ਼ਾਵਾਦੀ ਵਿਅਕਤੀ ਦੀ ਦੁਨੀਆਂ ਰੰਗਲੀ ਹੁੰਦੀ ਹੈ।ਉਸ ਨੂੰ ਸਭ ਕੁੱਝ ਹਰਾ-ਭਰਾ ਨਜ਼ਰ ਆਉਂਦਾ ਹੈ। ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਉਹ ਦਿੱਕਤਾਂ ਅਤੇ ਦੁਸ਼ਵਾਰੀਆਂ ਅੱਗੇ ਗੋਡੇ ਟੇਕ ਕੇ ਨਹੀਂ ਬੈਠਦਾ ਬਲਕਿ ਉਨ੍ਹਾਂ ਨੂੰ ਆਪਣੇ ਵਿਕਾਸ ਦਾ ਮਾਰਗ ਮੰਨਦਾ ਹੈ।ਉਸਦੀ ਸੋਚ ਸੋਨੇ ਵਰਗੀ ਹੁੰਦੀ ਹੈ, ਜਿਹੜਾ ਕੁਠਾਲੀ ਵਿੱਚ ਜਿੰਨਾ ਵਧੇਰੇ ਢਲਦਾ ਹੈ ਉਨ੍ਹਾਂ ਹੀ ਵਧੇਰੇ ਸ਼ੁੱਧ ਹੁੰਦਾ ਹੈ। ਉਹ ਸ਼ਾਹਬਾਜ਼ ਹੁੰਦਾ ਹੈ।ਉਹ ਜੇ ਉਤਾਂਹ ਨੂੰ ਜਾਂਦਾ ਹੈ ਤਾਂ ਉਸ ਨੂੰ ਨੀਚੇ ਆਉਣ ਦੀ ਵੀ ਸਮਝ ਹੁੰਦੀ ਹੈ ਅਤੇ ਨੀਚੇ ਆਉਣ ਦਾ ਡਰ ਜਾਂ ਭੈਅ ਉਸਦੇ ਮਨ ਵਿੱਚ ਨਹੀਂ ਹੁੰਦਾ।ਆਸ਼ਾਵਾਦੀ ਵਿਆਕਤੀ ਨੂੰ ਖਤਮ ਤਾਂ ਕੀਤਾ ਜਾ ਸਕਦਾ ਹੈ ਪਰ ੳੇੁਸਨੂੰ ਹਰਾਇਆ ਨਹੀਂ ਜਾ ਸਕਦਾ। ਇੱਥੇ ਮੈਂ ਨੋਬਲ ਪੁਰਸਕਾਰ ਜੇਤੂ ਆਰਨਿਸਟ ਹੈਮਿੰਗਵੇ ਦੀ ਪ੍ਰਸਿੱਧ ਰਚਨਾ ‘ਬੁੱਢਾ ਆਦਮੀ ਅਤੇ ਸਮੁੰਦਰ’ ਦਾ ਜਿ਼ਕਰ ਕਰਨਾ ਜ਼ਰੂਰੀ ਸਮਝਾਂਗਾ। ਅਨੇਕਾਂ ਤੂਫਾਨ ਵੀ ਉਸ ਬੁੱਢੇ ਵਿਅਕਤੀ ਦੇ ਦ੍ਰਿੜ ਨੂੰ ਹਿਲਾ ਨਹੀਂ ਸਕੇ।ਮੈਂ ਇਹ ਵੀ ਸਿਫਾਰਿਸ਼ ਕਰਦਾ ਹਾਂ ਕਿ ਪਾਠਕ ਇਸ ਪੁਸਤਕ ਨੂੰ ਜ਼ਰੂਰ ਪੜਨ।

ਇਹ ਕਿਹਾ ਜਾਂਦਾ ਹੈ ਕਿ ਨਿੱਕੀਆਂ ਨਿੱਕੀਆਂ ਉਲਝਣਾਂ ਅਤੇ ਮਸਲਿਆਂ ਵਿੱਚ ਉਲਝਣ ਵਾਲਾ ਵਿਅਕਤੀ ਆਪਣੀ ਊਰਜਾ ਨੂੰ ਇੰਨ੍ਹਾ ਵਿੱਚ ਹੀ ਗੁਆ ਲੈਂਦਾ ਹੈ ਅਤੇ ਜਦੋਂ ਕੋਈ ਵੱਡਾ ਮੌਕਾ ਸਾਹਮਣੇ ਆਉਂਦਾ ਹੈ ਤਾਂ ਉਹ ਅੰਦਰੋਂ ਖਾਲੀ ਹੋਇਆ ਪਿਆ ਹੁੰਦਾ ਹੈ। ਇਸਦਾ ਭਾਵ ਇਹ ਕਦਾਚਿਤ ਨਹੀਂ ਕਿ ਨਿੱਕੀਆਂ ਪ੍ਰਾਪਤੀਆਂ ਦੀ ਜੀਵਨ ਵਿੱਚ ਕੋਈ ਅਹਿਮੀਅਤ ਨਹੀਂ ਹੁੰਦੀ ਪ੍ਰੰਤੂ ਛੋਟੀਆਂ ਛੋਟੀਆਂ ਪ੍ਰਾਪਤੀਆਂ ਉੱਪਰ ਖ਼ੁਸ਼ ਅਤੇ ਸੰਤੁਸ਼ਟ ਹੋ ਕੇ ਬਹਿ ਜਾਣ ਵਾਲਾ ਵਿਆਕਤੀ ਕੋਈ ਬੂੰਦ ਜਾਂ ਮੋਤੀ ਤਾਂ ਬਣ ਸਕਦਾ ਹੈ ਪਰ ਸ਼ੂਕਦਾ ਦਰਿਆ ਨਹੀਂ ਅਤੇ ਜਦੋਂ ਸੁਭਾਅ ਅਤੇ ਸੋਚ ਦਰਿਆ ਵਰਗੀ ਬਣ ਜਾਂਦੀ ਹੈ ਤਾਂ ਫਿਰ ਉਸ ਲਈ ਰਸਤੇ ਤਾਂ ਆਪ ਹੀ ਬਣਦੇ ਨੇ। ਯਾਦ ਰੱਖੋ ਜੁਗਨੂੰ ਨੂੰ ਫੜ ਕੇ ਖ਼ੁਸ਼ੀਆਂ ਦੀਆਂ ਤਾਰੀਆਂ ਲਾਉਣ ਵਾਲਾ ਵਿਅਕਤੀ ਸੂਰਜ ਨੂੰ ਕਲਾਵੇ ਵਿੱਚ ਲੈਣ ਦੇ ਨਿੱਘ ਤੋਂ ਵਾਂਝਾ ਰਹਿ ਜਾਂਦਾ ਹੈ। ਜੋ ਕੁਝ ਤੁਸੀਂ ਸੋਚਦੇ ਹੋ ਉਹ ਕੁਝ ਹੀ ਤੁਸੀਂ ਬਣਦੇ ਹੋਂ। ਜਿਹੜੇ ਲੋਕ ਵੱਡੇ ਸੁਪਨੇ ਲੈਂਦੇ ਨੇ ਉਹਨਾਂ ਲਈ ਹੀ ਉਹ ਕੁਝ ਜੀਵਨ ਵਿਚ ਯਥਾਰਥ ਬਣ ਜਾਂਦਾ ਹੈ। ਤੁਹਾਡੀ ਔਕਾਤ ਦਾ ਤੁਹਾਡੇ ਅਰਮਾਨਾਂ ਨਾਲ ਸਿੱਧਾ ਸਬੰਧ ਹੈ।

ਤੁਸੀਂ ਕਿਉਂ ਨਿਰਾਸ਼ਾ ਵਿੱਚ ਪਏ ਹੋਏ ਹੋ? ਤੁਹਾਡਾ ਮਨ ਕਿਹੜੀ ਗੱਲ ਦੀ ਉਦਾਸੀ ਵਿੱਚ ਹੈ? ਅਜਿਹਾ ਕੀ ਹੋ ਗਿਆ ਹੈ ਕਿ ਤੁਸੀਂ ਜੀਵਨ ਨੂੰ ਹੀ ਅਰਥਹੀਣ ਸਮਝਣ ਲੱਗ ਪਏ ਹੋ? ਇਸ ਤਰ੍ਹਾਂ ਦਿਲ ਕਿਉਂ ਛੱਡੀ ਬੈਠੇ ਹੋਂ? ਜੀਵਨ ਦਾ ਤਾਂ ਆਨੰਦ ਹੀ ਇਸੇ ਗੱਲ ਵਿੱਚ ਹੈ ਕਿ ਮੁਸ਼ਕਿਲਾਂ ਅਤੇ ਔਕੜਾਂ ਨਾਲ ਸਿੱਝਿਆ ਜਾਵੇ। ਪਰਬਤਾਂ ਨੂੰ ਚੀਰ ਕੇ ਪ੍ਰਾਪਤ ਕੀਤੀ ਸਫ਼ਲਤਾ ਚਿਰ-ਸਥਾਈ ਹੁੰਦੀ ਹੈ। ਇਸਦੀ ਮਿਠਾਸ ਮਿਸ਼ਰੀ ਤੋਂ ਵੀ ਉੱਤੇ ਹੁੰਦੀ ਹੈ।ਕੀ ਸੋਚਦੇ ਪਏ ਹੋ? ਉਠੋ! ਅਤੇ ਡਟ ਜਾਵੋ ਜੀਵਨ ਦੀਆਂ ਰਾਹਾਂ ਨਾਲ ਸੰਘਰਸ਼ ਦੇ ਰਾਹ ਤੇ। ਮਾਰੋ ਉੱਚੀ ਉਡਾਰੀ ਅਤੇ ਬਣ ਜਾਵੋ ਸ਼ਾਹਬਾਜ਼। ਖਿਲਾਰ ਲਵੋ ਆਪਣੇ ਪੰਖ ਖੁੱਲ੍ਹੀਆਂ ਮਸਤ ਹਵਾਵਾਂ ਵਿਚ। ਸਫਲਤਾ ਤੁਹਾਡਾ ਇੰਤਜਾਰ ਕਰ ਰਹੀ ਹੈ। ਜਿੱਤ ਤੁਹਾਡੀਆਂ ਬਰੂਹਾਂ ਤੇ ਤੇਲ ਚੋਣ ਲਈ ਲਾਲ ਗਰਾਰਾ ਪਾਈ ਬੜੀਆਂ ਰੀਝਾਂ, ਨੀਝਾਂ ਅਤੇ ਚਾਵਾਂ ਮਲਾਰਾਂ ਨਾਲ ਤੁਹਾਡੀ ਰਾਹ ਤੱਕ ਰਹੀ ਹੈ। ਪ੍ਰਾਪਤੀਆਂ ਤੁਹਾਡੇ ਬੂਹੇ ਤੇ ਦਸਤਕ ਦੇਣ ਦੀ ਕਾਹਲ ਵਿਚ ਹਨ। ਯਕੀਨ ਨਹੀਂ ਆ ਰਿਹਾ? ਬਾਹਰ ਨਿੱਕਲੋ। ਦੇਖੋ ਹੈ ਨਾ ਸਭ ਕੁਝ ਖੂਬਸੂਰਤ, ਮਨਮੋਹਣਾ ਤੇ ਮਿੱਠਾ ਮਿੱਠਾ- ਸ਼ੀਰੀ ਵਰਗਾ, ਸੋਹਣੀ ਵਰਗਾ ਤੇ ਲੈਲਾ ਵਰਗਾ ! ਬਣ ਜਾਵੋ ਅਜਿਹੇ ਆਸ਼ਾਵਾਦੀ ਤੇ ਹਾਂ ਪੱਖੀ ਨਜ਼ਰੀਏ ਦੇ ਮਾਲਕ। ਦੁੜਾਅ ਲਵੋ ਆਪਣੀ ਸੋਚ ਦੇ ਘੋੜੇ ਉੱਚੇ ਤੇ ਹੋਰ ਉੱਚੇ ਕਿਉਂਕਿ ਜੋ ਨੀਵੇਂ ਉੱਡਦੇ ਨੇ ਉਹ ਸ਼ਾਹਬਾਜ਼ ਨਹੀਂ ਹੁੰਦੇ ਤੇ ਜੀਵਨ ਦਾ ਅਸਲੀ ਆਨੰਦ ਸ਼ਾਹਬਾਜ਼ ਹੀ ਲੈਂਦੇ ਨੇ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 23.10.2005)
(ਦੂਜੀ ਵਾਰ 24 ਅਕਤੂਬਰ 2021)

***
459
***

ਡਾ. ਧਰਮਿੰਦਰ ਸਿੰਘ ਉੱਭਾ

View all posts by ਡਾ. ਧਰਮਿੰਦਰ ਸਿੰਘ ਉੱਭਾ →