8 December 2024

ਦਸ ਗ਼ਜ਼ਲਾਂ – ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਦਸ ਗ਼ਜ਼ਲਾਂ

ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਐਮ.ਏ; ਐਮ.ਐਡ: ਪੀ.ਈ.ਐਸ.(1) ਰੀ. ਡਿਪਟੀ ਡਾਇਰੈਕਟਰ, ਸਿਖਿਆ ਵਿਭਾਗ, ਪੰਜਾਬ, ਦਾ
‘ਗਾ ਜਿ਼ੰਦਗੀ ਦੇ ਗੀਤ ਤੂੰ’ ਨਾਂ ਦਾ 99 ਗ਼ਜਲਾਂ ‘ਤੇ ਅਧਾਰਿਤ ਇੱਕ ਗ਼ਜ਼ਲ ਸੰਗ੍ਰਹਿ 2003 ਵਿੱਚ ਪ੍ਰਕਾਸਿ਼ਤ ਹੋਇਆ ਅਤੇ ‘ਜੋਤ ਸਾਹਸ ਦੀ ਜਗਾ’ ਕਾਵਿ ਸੰਗ੍ਰਹਿ 2005 ਵਿੱਚ
ਪ੍ਰਕਾਸਿ਼ਤ ਹੋਇਆ। ਛਪਾਈ ਅਧੀਨ ਤੀਸਰੀ ਪੁਸਤਕ ‘ਬਣ ਸੁਆ ਤੂੰ’ (ਗ਼ਜ਼ਲ ਸੰਗ੍ਰਹਿ) ਅਪਰੈਲ 2006 ਵਿੱਚ ਰਿਲੀਜ਼ ਹੋ ਰਹੀ ਹੈ।
‘ਲਿਖਾਰੀ’ ਦੇ ਪਾਠਕਾਂ ਲਈ ਆਪ ਦੀਆਂ 6 ਗ਼ਜ਼ਲਾਂ ਪੇਸ਼ ਕਰਦਿਆਂ ਪਰਸੰਨਤਾ ਦਾ ਅਨੁਭਵ ਕਰ ਰਹੇ ਹਾਂ।—-‘ਲਿਖਾਰੀ’

***

ਓਦਰੇ ਨੇ ਚਾਅ ਤੁਧ ਬਿਨ, ਆ ਜ਼ਰਾ ਤੂੰ ਮੁਸਕਰਾ
ਥੱਕਗੇ ਅੱਖਾਂ ਦਿ ਪੋਟੇ, ਔਂਸੀਆਂ ਰਾਹਾਂ ਚ’ ਪਾ।

ਲੱਗ ਰਹੀਆਂ ਨੇ ਉਡੀਕਣ, ਰਾਹ ਤੇ ਅੱਖਾਂ ਜਿਵੇਂ
ਲੰਘਿਆ ਜਿੱਥੋਂ ਬਦਰਦੀ, ਸੀ ਵਿਛੋੜੇ ਫੱਟ ਲਾ।

ਪੀਂਘ ਸਤਰੰਗੀ ਜਿਵੇਂ ਸਾਂ, ਸੰਗ ਤੇਰੇ ਝੂਟਦੇ
ਤੋੜਕੇ ਤੂੰ ਤੁਰ ਗਿਓਂ ਤੇ, ਰੰਗ ਸਭੋ ਉਡ ਗਿਆ।

ਰਾਤ ਜੀਕਣ ਕਰ ਰਹੀ ਹੈ, ਬਸ ਉਡੀਕਾਂ ਤੇਰੀਆਂ
ਗਗਨ ਦੀ ਥਾਲੀ ਚ’ ਦੀਵੇ, ਤਾਰਿਆਂ ਦੇ ਜਗਮਗਾ।

ਤੁਰ ਗਿਓਂ ਪਰਦੇਸ ਨੂੰ ਹੀ, ਤੂੰ ਕਮਾਵਣ ਦੌਲਤਾਂ
ਆਪਣੇ ਹੋਏ ਬਗਾਨੇ, ਛੱਡ ਸਾਇਆ ਵੀ ਗਿਆ।

ਓਦਰੇ ਘਰਬਾਰ ਸਾਰੇ, ਹਨ ਤਿਰੇ ਬਿਨ ਜਾਪਦੇ
ਤੱਕਦੇ ਨੇ ਵਾਟ ਤੇਰੀ, ਆਸ ਨੂੰ ਝੋਲੀ ਚ’ ਪਾ।

ਭੁੱਲਦੀ ਨਾ ਰਾਤ ਮਾਣੀ, ਜੋ ਸੁਖਾਂ ਦੀ ਸੇਜ ਤੇ
ਚੋਜੀਆ ਕੀ ਹਾਲ ਮੇਰਾ, ਤੱਕ ਲੈ ਤੂੰ ਫੇਰ ਆ।

ਬੋਲ ਤੇਰੇ ਘੋਲਦੇ ਸੀ, ਰਸ ਜਿਵੇਂ ਪੌਣਾ ਚ’ ਵੀ
ਫੇਰ ਤੂੰ ਮਹਿਕਾ ਚੁਗਿਰਦਾ, ਲੈ ਸਰੰਗੀ ਗੁਣ ਗੁਣਾ।

ਹਨ ਉਡੀਕਾਂ ਰਾਤ ਦਿਨ ਹੀ, ਦੂਰ ਵਸਦੇ ਸੱਜਨਾ
ਗਾ ਰਿਹਾ ਸੰਧੂ ਵਰਾਗੇ, ਬੋਲ ਗੀਤਾਂ ਦੇ ਬਣਾ।

***

ਸਹਿਕਦਾ ਇਤਹਾਸ ਲੁਕਿਆ,ਕਾਗਜ਼ਾਂ ਵਿਚ ਕਹਿ ਰਿਹਾ
ਦੇਸ਼ ਦੇ ਹੀ ਵਾਰਸਾਂ ਨੂੰ, ਕੀ ਦੁਗਾੜਾ ਪੈ ਗਿਆ।

ਹਰ ਤਰਫ ਹੈ ਲੁੱਟ ਮੱਚੀ, ਸੰਨ੍ਹ ਲੱਗੀ ਦੇਸ਼ ਨੂੰ
ਰਾਖਿਆਂ ਨੇ ਨੀਂਦ ਦਾ ਹੈ, ਜਾਮ ਕੋਈ ਪੀ ਲਿਆ।

ਖੰਡਰਾਂ ਵਿਚ ਰੁਲ ਰਹੇ ਨੇ, ਭਾਗ ਮੇਰੇ ਦੇਸ਼ ਦੇ
ਸੋਨ ਦੀ ਇਸ ਲੰਕ ਨੂੰ ਹੈ, ਅੱਗ ਕੋਈ ਲਾ ਰਿਹਾ।

ਰਾਮ ਤੇ ਨਾਨਕ ਭੁਲਾਏ, ਜਾਪਦੇ ਨੇ ਹਰ ਕਿਸੇ
ਧਰਮ ਦਾ ਰਸਤਾ ਦਿਖਾਊ, ਹੈ ਮੁਨਾਰਾ ਢਹਿ ਗਿਆ।

ਦੇਸ਼ ਖ਼ਾਤਰ ਸੂਰਮੇਂ ਜੋ, ਕਰ ਗਏ ਕੁਰਬਾਨੀਆਂ
ਜਾ ਰਿਹਾ ਬੇਕਾਰ ਜਾਪੇ, ਕੌਮ ਦਾ ਸਭ ਦੁਖ ਸਿਹਾ।

ਗ਼ੁਰਬਤਾਂ ਨੇ ਘੇਰਿਆ ਹੈ, ਸਭ ਸੁਆਲੀ ਬਣ ਗਏ
ਦੌਲਤਾਂ ਦੇ ਢੇਰ ਲੀਡਰ, ਭਰਨ ਦੀ ਨੀਤੀ ਧਿਆ।

ਬੁਲਬੁਲਾਂ ਰੋਵਣ ਬਹਾਰਾਂ, ਬਾਗ਼ ਤੋਂ ਹੋਈਆਂ ਜੁਦਾ
ਪਿਆਰ ਅਪਣੇ ਦੇਸ਼ ਦਾ ਜੋ, ਖੋ ਗਿਆ ਤੂੰ ਫੇਰ ਆ।

ਫੇਰ ਜਾਪੇ ਬਾਬਰਾਂ ਨੇ, ਹਿੰਦ ਮੱਲੀ ਆਣਕੇ
ਕਲਮ ਤੇ ਤਲਵਾਰ ਦੇ ਤੂੰ, ਨਾਨਕਾ ਜੌਹਰ ਵਖਾ।

ਏਕਤਾ ਵਰਦਾਨ ਮੰਗੇ, ਦੇਸ਼ ਮੇਰਾ ਹਿੰਦਯੋ
ਰਾਮ ਨਾਨਕ ਤੇ ਅਲੀ ਇਕ, ਹੋ ਕਰੋ ਈਸਾ ਦੁਆ।

***

ਸਾਰ ਪਹਿਲਾਂ ਲੈ ਲਵਾਂ ਮੈਂ,ਆਪਣੇ ਇਸ ਯਾਰ ਦੀ
ਫਿਰ ਕਰਾਂਗਾ ਸਾਧਨਾ ਵੀ, ਓਸ ਮੈਂ ਕਰਤਾਰ ਦੀ।

ਮੇਰੀਆਂ ਤੇ ਸਭਸ ਖ਼ੁਸ਼ੀਆਂ, ਨਾਲ ਮੇਰੇ ਯਾਰ ਦੇ
ਸਾਧਨਾ ਕਰਨੀ ਸਿਖਾਈ, ਜੇਸ ਮੈਨੂੰ ਪਿਆਰ ਦੀ।

ਸਭ ਪਸਾਰਾ ਜਗਤ ਉੱਤੇ, ਦਿੱਸਦਾ ਹੈ ਪਿਆਰ ਦਾ
ਯਾਰ ਦੀ ਹੀ ਝਲਕ ਦਿੱਸੇ, ਹਰ ਤਰਫ ਸੰਸਾਰ ਦੀ।

ਜ਼ਾਤ ਹੈ ਇਨਸਾਨ ਮੇਰੀ, ਧਰਮ ਇਸ ਨੂੰ ਪਾਲਣਾ
ਰਾਹ ਸੱਚੇ ਉਹ ਤੁਰੇ ਜੋ, ਰਮਜ਼ ਜਾਣੇ ਯਾਰ ਦੀ।

ਨਫਰਤਾਂ ਤੇ ਦੂਰੀਆਂ ਹਨ, ਭਾਂਜ ਦੇ ਸਭ ਰਾਸਤੇ
ਪਿਆਰ ਦੀ ਹੈ ਨਜ਼ਰ ਸਾਰੀ, ਦੁਸ਼ਟਤਾ ਨੂੰ ਮਾਰਦੀ।

ਪਿਆਰ ਤੋਂ ਜੋ ਸੱਖਣੇ ਮਨ, ਬਣ ਉਦਾਸੀ ਜਾਂਵਦੇ
ਪਿਆਰ ਦੀ ਵਰਖਾ ਸਦਾ ਹੈ,ਕਲਪਦੇ ਮਨ ਠਾਰਦੀ।

ਕਰ ਉਦਾਸੀ ਨਫਰਤਾਂ ਤੋਂ, ਜੋਗ ਲੈ ਤੂੰ ਪ੍ਰੇਮ ਦਾ
ਰਾਹ ਲੱਭੇਂ ਜੇ ਅਨੂਠੀ, ਜਗਤ ਨੂੰ ਜੋ ਤਾਰਦੀ।

ਜਨਮ ਦੇਂਦੀ ਨਫਰਤਾਂ ਨੂੰ, ਦੂਈ ਜਗ ਤੇ ਦੋਸਤਾ
ਏਕ ਹੈ ਜੋ ਬਖ਼ਸ਼ ਦੇਵੇ, ਭੁੱਲ ਗੁਨਹਾਗਾਰ ਦੀ।

ਵਾਰ ਪੀਰੀ ਆਜ਼ਮਾਇਆ, ਹੈ ਗ਼ਜ਼ਲ ਨੂੰ ਦੋਸਤਾ
ਕਲਪਨਾ ਦੇ ਖੰਭ ਲਾਵੇ, ਹੈ ਕਲਾ ਫਨਕਾਰ ਦੀ।

***

ਪਿਆਰ ਨੂੰ ਆਧਾਰ ਜਾਣੋ, ਜਿ਼ੰਦਗੀ ਦਾ ਦੋਸਤੋ
ਪਾ ਲਵੇ ਉਹ ਰੱਬ ਨੂੰ ਵੀ,ਜੋ ਗਿਆ ਵਿਚ ਪ੍ਰੇਮ ਖੋ।

ਸਾਥ ਅਪਣੇ ਸਾਥੀਆਂ ਦਾ, ਜੋ ਨਿਭਾਵੇ ਹਰ ਘੜੀ
ਨੂਰ ਬਰਸੇ ਮੁੱਖੜੇ ਤੋਂ, ਜਾਨ ਵੀ ਕੁਰਬਾਨ ਹੋ।

ਸੱਚ ਨੂੰ ਪਹਿਚਾਨ ਲੌ ਤੇ, ਯਤਨ ਕਰ ਲੌ ਪਾਣ ਦਾ
ਰੱਬ ਦੀ ਜੇ ਜ਼ਾਤ ਇੱਕੋ, ਵੱਖ ਨਾ ਇਨਸਾਨ ਦੋ।

ਭੁੱਲ ਸਕਦਾ ਹਰ ਬਸ਼ਰ ਹੈ, ਭੁੱਲ ਦੀ ਕਰ ਸੋਧ ਲੈ
ਭੁੱਲ ਨੂੰ ਵੀ ਮਾਫ ਕਰਦਾ, ਹੈ ਗੁਣੀ ਕਿਰਦਾਰ ਜੋ।

ਕੰਮ ਨੂੰ ਜੇ ਨਾਲ ਚਾਵਾਂ, ਨੇਪਰੇ ਹਾਂ ਚਾੜ੍ਹਦੇ
ਕੰਮ ਬਣ ਜੇ ਧਰਮ ਜਾਵਣ, ਸਭ ਭੁਲੇਖੇ ਵੀ ਪਲੋ।

ਹੈ ਰਵਾਨੀ ਜਿ਼ੰਦਗੀ ਦਾ, ਨਾਮ ਮੇਰੇ ਮਿੱਤਰਾ
ਜੋ ਤੁ ਪ੍ਰਾਪਤ ਕਰ ਲਿਆ ਹੈ, ਓਸ ਤੇ ਹੀ ਨਾ ਖਲੋ।

***

ਚਾਹਿ ਆ ਜਾਵੇਂ ਵਟਾਕੇ, ਸੂਰਤਾਂ ਤੂੰ ਵੀਰਨੇ
ਢੂੰਡ ਲੈਣਾ ਰਾਂਝਣਾ ਉਹ, ਫਿਰ ਰੰਗੀਲਾ ਹੀਰ ਨੇ।

ਮੁਹਨੀਆਂ ਉਹਾਂ ਸੂਰਤਾਂ ਨੇ, ਜੋ ਭੁਲੇਖਾ ਦੇਂਦੀਆਂ
ਦਿਲ ਚੁਰਾਇਆ ਸੀ ਜਿਵੇਂ ਉਸ, ਖੂਬਰੂ ਤਸਵੀਰ ਨੇ।

ਨਾ ਬੁਲਾ ਨਾ ਬੋਲ ਭਾਵੇਂ, ਚੁੱਪ ਕੀਤੇ ਸੱਜਣਾ
ਬੇਅਸਰ ਨਾ ਰਹਿਣ ਹਾੜੇ, ਹਨ ਬੜੇ ਦਿਲ ਚੀਰਨੇ।

ਏਸ ਦਿਲ ਵਿਚ ਹੋਰ ਕੋਈ, ਨਾ ਕਦੇ ਵੀ ਆ ਸਕੇ
ਬੰਦ ਕੀਤੇ ਹੋਰ ਰਸਤੇ, ਏਸ ਦਿਲ ਦਿਲਗੀਰ ਨੇ।

ਧਰਮ ਸੇਵਕ ਹੀ ਜਦੋਂ ਆ, ਖੋਰ ਲਾਂਵਣ ਧਰਮ ਨੂੰ
ਫਿਰ ਜ਼ਰੂਰੀ ਬਦਲ ਜਾਣਾ, ਧਰਮ ਦੀ ਤਾਸੀਰ ਨੇ।

ਨਾ ਦਵਾ ਹੀ ਕਾਟ ਕਰਦੀ, ਨਾ ਦੁਆ ਕਰਦੀ ਅਸਰ
ਦਰਸ ਆਸ਼ਕ ਦੇ ਲਈ ਬਸ, ਜਾਣ ਲੌ ਅਕਸੀਰ ਨੇ।

ਗ਼ਜ਼ਬ ਕਰਦੇ ਨੈਣ ਤੇਰੇ, ਪੁਛ ਲਓ ਜਾ ਆਸ਼ਕਾਂ
ਕਤਲ ਕਰਦੇ ਇਹ ਸਦਾ ਨਾ, ਪਕੜਦੇ ਸ਼ਮਸ਼ੀਰ ਨੇ।

ਵਾਅਦੇ ਹੀ ਵੇਚ ਲੀਡਰ, ਹੁਣ ਬਟੋਰਨ ਵੋਟ ਵੀ
ਕਸਬ ਐਸਾ ਪਕੜਿਆ ਬਸ, ਝਾੜਦੇ ਤਕਰੀਰ ਨੇ।

ਹੌਸਲਾ ਕਰ ਸਾਂਭ ਲੈ ਹੁਣ, ਗਤ ਵਿਗੜਦੀ ਦੇਸ਼ ਦੀ
ਹੱਥ ਕਿਰਤੀ ਘੜਨ ਵਾਲੇ, ਦੇਸ਼ ਦੀ ਤਕਦੀਰ ਨੇ।

***

ਗ਼ਮ ਸਲਾਮਤ ਪਿਆਰ ਦਾ ਰਹਿ, ਹਿੱਕ ਸਾਡੀ ਚੀਰਦਾ
ਗ਼ਮ ਨਹੀਂ ਫਿਰ ਯਾਰ ਮੇਰੇ, ਖੋਟੜੀ ਤਕਦੀਰ ਦਾ।

ਹਾਰਕੇ ਵੀ ਵੇਖਣਾ ਹੈ, ਯਾਰ ਚਾਹੀਦਾ ਕਦੇ
ਪਰਖ ਹੋ ਜਾਵੇ ਤਦੋਂ ਫਿਰ, ਕੈਦ ਦੀ ਜ਼ੰਜੀਰ ਦਾ।

ਨਾਜ਼ ਬਰਦਾਰੀ ਲਈ ਦਸ, ਹੋਰ ਮੈਂ ਕੀ ਕੁਛ ਕਰਾਂ
ਧਾਰ ਪਰਖੀ ਜਾਇਗੀ ਕਰ, ਵਾਰ ਤੂੰ ਸ਼ਮਸ਼ੀਰ ਦਾ।

ਬੀਤ ਚੁੱਕੇ ਸਾਲ ਕਿਤਨੇ, ਤੋਰ ਤੁਰਦੀ ਜਿ਼ੰਦਗੀ
ਨਾ ਗਿਆ ਚੇਤਾ ਭੁਲਾਇਆ, ਪਰ ਵਿਛੜਗੇ ਵੀਰ ਦਾ।

ਕੰਮ ਤੇਰੇ ਹਨ ਬੜੇ ਜੋ, ਕਰਨ ਵਾਲੇ ਨੇ ਅਜੇ
ਰੋਕ ਨਾ ਪਰਵਾਜ਼ ਅਪਣੀ, ਛੱਡ ਕਿੱਸਾ ਹੀਰ ਦਾ।

ਆਦਮੀਂ ਕਿਉਂ ਪਾਲਦਾ ਹੈ, ਧਰਮ ਵੱਖੋ ਵੱਖਰੇ
ਮਨ ਤਸੱਵਰ ਧਾਰ ਲੌ ਹੁਣ, ਸਾਂਝ ਦੀ ਤਸਵੀਰ ਦਾ।

ਦੋ ਕਦਮ ਹੀ ਤੋਰ ਤੁਰਕੇ, ਤੂੰ ਗਿਆ ਹੈਂ ਥੱਕ ਵੀ
ਵਾਟ ਲੰਮੀਂ ਹੈ ਬੜੀ ਤੂੰ, ਧਾਰ ਤਕਵਾ ਧੀਰ ਦਾ।

ਮਾਰਕੇ ਲੰਮੀਂ ਉਡਾਰੀ, ਲਕਸ਼ ਅਪਣਾ ਜਾ ਲਵੋ
ਜਾਣ ਜਾਓਗੇ ਤਦੋਂ ਫਿਰ, ਭੇਤ ਵੀ ਤਦਬੀਰ ਦਾ।

ਥੱਕਣੇ ਦੀ ਗੱਲ ਨਾ ਕਰ, ਥੱਕਦਾ ਹਰ ਆਦਮੀਂ
ਹੌਸਲਾ ਹੈ ਕਾਰਗਰ ਤੇ, ਹੈ ਅਸਰ ਅਕਸੀਰ ਦਾ।

***

ਗਾ ਜਿ਼ੰਦਗੀ ਦੇ ਗੀਤ ਤੂੰ, ਬਾਂਕੀ ਰਬਾਬ ਵਾਂਗ ।
ਆਪਾ ਖਿੜੇਗਾ ਦੋਸਤਾ, ਸੂਹੇ ਗੁਲਾਬ ਵਾਂਗ ।

ਪੈਰਾਂ ‘ਚ ਛਾਲੇ ਰੜਕਦੇ, ਰਸਤਾ ਸਕੇ ਨ ਰੋਕ,
ਤੁਰਦੇ ਰਹਾਂਗੇ ਤਾਣਕੇ, ਛਾਤੀ ਨਵਾਬ ਵਾਂਗ ।

ਹਾਏ ਅਦਾ ਤੇਰੀ ਧਰੇਂ, ਤੂੰ ਪੈਰ ਸਾਂਭ ਸਾਂਭ
ਹਾਂ ਵੀ ਕਹੋਗੇ ਸੋਹਣਿEਂ, ਨਾ ਦੇ ਜਵਾਬ ਵਾਂਗ ।

ਹੈ ਮਰਦ ਹੋ ਕੇ ਜੀਵਣਾ, ਇਸ ਜਿ਼ੰਦਗੀ ਦੀ ਸ਼ਾਨ
ਮਾਣੀ ਅਸਾਂ ਹੈ ਜਿ਼ੰਦਗੀ, ਅਣਖੀ ਪੰਜਾਬ ਵਾਂਗ ।

ਜਦ ਬੱਦਲਾਂ ਨੇ ਘੇਰਕੇ, ਪਰਵਾਰਿਆ ਇ ਚੰਨ,
ਹਰ ਵਾਰ ਉਹ ਹੈ ਚਮਕਿਆ, ਮੁਖੜੇ ਮਤਾਬ ਵਾਂਗ ।

ਜੇ ਰੁਖ ਮੁਖਾਲਿਫ ਤੇਜ਼ ਹੈ, ਵਗਦੀ ਹਵਾ ਨ ਡੋਲ
ਉੱਚੀ ਉਡਾਰੀ ਸੇਧ ਲੈ, ਤੂੰ ਵੀ ਉਕਾਬ ਵਾਂਗ ।

ਆਇਆ ਨ ਮੇਰੀ ਜੀਭ ਤੇ, ਕੋਈ ਕਦੇ ਸਵਾਲ
ਬਹੁੜੇ ਹੁ ਯਾਰੋ ਫੇਰ ਵੀ, ਪੂਰੇ ਹਿਸਾਬ ਵਾਂਗ ।

ਜੀਣਾ ਨਿ ਜਿਹੜੇ ਜਾਣਦੇ, ਜਰ ਔਕੜਾਂ ਅਨੇਕ
ਰੌਣਕ ਤਿਨਾਂ ਦੇ ਮੂੰਹ ਤੇ, ਚਮਕੇ ਸ਼ਬਾਬ ਵਾਂਗ ।

ਸੋਕੇ ਨਿ ਚਾਹੇ ਆ ਗਏ, ਰਾਹੀਂ ਅਨੇਕ ਵਾਰ
ਪਰ ਦਿਲ ਬੜਾ ਭਰਪੂਰ ਹੈ, ਡੂੰਘੇ ਤਲਾਬ ਵਾਂਗ ।

ਹਰ ਥਾਂ ਰਹੇ ਹਾਂ ਤੱਕਦੇ, ਤੇਰਾ ਹੀ ਰੂਪ ਰੰਗ,
ਮਸਤੀ ਰਹੀ ਹੈ ਮੂੰਹ ਤੇ, ਪੀਤੀ ਸ਼ਰਾਬ ਵਾਂਗ ।

ਹਨ ਤੌਰ ਸਿੱਧੇ ਰੱਖਣੇ, ਤੇ ਤੋਰ ਤੀਰ ਵਾਂਗ
ਸੰਧੂ ਨਹੀਂ ਗੇ ਆਂਵਦੇ, ਨਖਰੇ ਜਨਾਬ ਵਾਂਗ ।

***

ਪਾ ਦਿਲਾ ਤੂੰ ਪ੍ਰੀਤ ਇਕ ਦੀ ਫੇਰ ਖਿੜਦਾ ਰੰਗ ਵੇਖ ।
ਨਿਕਲਦੀ ਆਵਾਜ਼ ਵੇਖੀਂ ਸਾਂਝ ਦੀ ਕਰ ਸੰਗ ਵੇਖ ।

ਹੈ ਜ਼ਮਾਨਾ ਬਦਲਦਾ ਸੌ ਰੰਗ ਭਾਵੇਂ ਠੀਕ ਹੈ
ਇੱਕ ਮਾਨਵ ਜ਼ਾਤ, ਨਾ ਕਰ ਨਜ਼ਰ ਐਂਵੇਂ ਤੰਗ ਵੇਖ ।

ਫਿਰ ਨ ਖਾਵਣਗੇ ਵਗੋਚੇ ਜਿੰਦ ਤੇਰੀ ਦੋਸਤਾ
ਹੱਥ ਪਾ ਲੈ ਮਿਹਨਤਾਂ ਦੇ ਪਰਬਤੀਂ ਨਿਰਸੰਗ ਵੇਖ ।

ਹੈ ਮੁਹੱਬਤ ਹੀ ਸਚਾਈ ਜੇ ਦਿਲਾਂ ਵਿਚ ਪ੍ਰੀਤ ਹੈ
ਕਰ ਮੁਹੱਬਤ ਨਾ ਕਿਸੇ ਦਾ ਚਿੱਟ ਕਾਲਾ ਰੰਗ ਵੇਖ ।

ਜੋ ਲਫਾਫੇ ਬਾਜ਼ੀਆਂ ਦੇ ਆਸਰੇ ਹੈ ਜੀ ਰਿਹਾ
ਜਾਇ ਜੀਵਣ Eਸ ਦਾ ਤੇ ਭੱੁਜਦੀ ਹੈ ਭੰਗ ਵੇਖ ।

ਚੁਭਣਗੇ ਇਹ ਆਪਣੇ ਹੀ ਵਿੱਚ ਪੈਰਾਂ ਮਿੱਤਰਾ
ਰਾਹ ਜਾਂਦਾ ਜੋ ਖਲਾਰੇ ਕੰਡਿਆਂ ਦੇ ਡੰਗ ਵੇਖ ।

ਰੂਪ ਗਿਰਗਟ ਦਾ ਸਦਾ ਉਸ ਆਦਮੀ ਹੈ ਧਾਰਿਆ
ਹੋਰ ਬਾਹਰ ਅੰਦਰੋਂ ਜੋ ਹੈ ਵਖਾਂਦਾ ਰੰਗ ਵੇਖ ।

ਹਨ ਮਖੌਟੇ ਧਰਮ ਦੇ ਪਾਏ ਪਖੰਡੀ ਮਾਨਵਾਂ
ਲੋਕ ਠੱਗਣ ਦੇ ਅਨੇਕਾਂ ਵਰਤਦੇ ਉਹ ਢੰਗ ਵੇਖ ।

ਵੇਖ ਪ੍ਰੀਤਾਂ ਸੱਲ ਉਠਦੇ ਕੈਦਵਾਂ ਨੂੰ ਵੀਰਨੋ
ਪਾ ਵਿਛੋੜੇ ਦੋ ਦਿਲਾਂ ਵਿਚ ਮਾਰਦੇ ਕੀ ਲੰਗ ਵੇਖ ।

ਪ੍ਰੇਮ ਕਰਨਾ ਗੱਲ ਵਖਰੀ ਤਾਂ ਨਹੀਂ ਭਗਤੀ ਇਹ ਹੈ
ਫੇਰ ਕਿਉ ਕਰ ਸਾਧੂਆਂ ਦੇ ਸਤ ਨਿ ਹੁੰਦੇ ਭੰਗ ਵੇਖ।

ਹੈ ਕਹਾਣੀ ਅਜਬ ਸਾਡੀ ਸਮਝ ਦੇ ਮੱਯਾਰ ਦੀ
ਮਾਲ ਦੌਲਤ ਪ੍ਰੇਮ ਦੇ ਨੂੰ ਆਖਦੇ ਨੇ ਨੰਗ ਵੇਖ ।

***

ਤੇਰੇ ਆਵਣ ਦੀ ਖੁਸ਼ੀ ਦਿਲ ਚੁੰਗੀਆਂ ਭਰਦਾ ਫਿਰੇ
ਅਲਵਲੱਲੀ ਗੱਲ ਜੀਕਣ ਬਾਲਕਾ ਕਰਦਾ ਫਿਰੇ ।

ਨਾ ਕਦੀ ਜਿਵ ਸ਼ਬਦ ਪੂਰੇ ਲੱਭਦੇ ਅਣਜਾਣ ਨੂੰ
ਬੋਲ ਬੋਲੇ ਘੱਟ ਛਾਲਾਂ ਪੱੁਠੀਆਂ ਭਰਦਾ ਫਿਰੇ ।

ਹਾਰ ਜਾਪੇ ਜਿੱਤ ਉਸ ਨੂੰ ਜਿੱਤਕੇ ਵੀ ਹਾਰ ਹੀ
ਆਪ ਬਾਜ਼ੀ ਜਿੱਤਕੇ ਉਹ ਆਪ ਹੀ ਹਰਦਾ ਫਿਰੇ ।

ਨਾ ਗਿਲੇ ਹੀ ਯਾਦ ਕੋਈ ਭੁੱਲ ਸਿ਼ਕਵੇ ਵੀ ਗਏ
ਉਹ ਜਿਵੇਂ ਕੁਰਬਾਨ ਵਾਰੇ ਯਾਰ ਤੇ ਮਰਦਾ ਫਿਰੇ ।

ਵਿਚ ਹਵਾਵਾਂ ਉੱਡਦਾ ਹੈ ਦਿਲ ਇਵੇਂ ਮਖਮੂਰ ਹੋ
ਜਾਪਦਾ ਜੀਕਣ ਖੁਸ਼ੀ ਦੀ ਲਹਿਰ ਤੇ ਤਰਦਾ ਫਿਰੇ ।

ਮਾਣ ਮੱਤਾ ਜਾਪਦਾ ਵਿਚ ਆਪ ਹੀ ਗਲਤਾਨ ਹੋ
ਫੇਰ ਝੁਕਦਾ ਸੀਸ ਸਜਦੇ ਯਾਰ ਦੇ ਧਰਦਾ ਫਿਰੇ ।

ਵਾਰਦੇ ਹਾਂ ਯਾਰ ਦੀ ਹਰ ਇਕ ਅਦਾ ਤੇ ਜਾਨ ਵੀ
ਪਰ ਜ਼ਮਾਨਾ ਆਸ਼ਕੀ ਤੋਂ ਹੀ ਜਿਵੇਂ ਡਰਦਾ ਫਿਰੇ ।

ਬੇਖਤਰ ਹੋ ਥੰਮ ਤਪਦੇ ਪ੍ਰੀਤ ਵਾਲੇ ਚੁੰਮਦੇ
ਨਾ ਉਡੀਕਣ ਦੇਰ ਐਨੀ ਥੰਮ ਵੀ ਠਰਦਾ ਫਿਰੇ ।

ਜਾਨ ਹੂਲੇ ਜੋ ਮੁਹੱਬਤ ਵਿਚ ਅਪਣੇ ਲਕਸ਼ ਦੀ
ਜਿੱਤ ਲਾੜੀ ਨੂੰ ਸਦਾ ਉਹ ਸੂਰਮਾ ਵਰਦਾ ਫਿਰੇ ।

***

ਗੁਰ ਬਲੀ ਗੋਬਿੰਦ ਸਾਥੋਂ, ਤੇ ਭੁਲਾਇਆ ਨਾ ਗਿਆ ।
ਸੱਚ ਤੇ ਪਰਵਾਰ ਵਾਰੇ, ਪਰ ਮਿਟਾਇਆ ਨਾ ਗਿਆ ।

ਮਿਹਰ ਕਰਕੇ ਤਾਰ ਦਿੱਤੀ, ਹਿੰਦ ਸਾਰੀ ਸਤਿ ਗੁਰਾਂ
ਕਰ ਸ਼ੁਕਰ ਤੇ ਸੀਸ ਸਜਦੇ, ਚੋਂ ਉਠਾਇਆ ਨਾ ਗਿਆ

ਉਲਝਿਆ ਹੈ ਫੇਰ ਧੰਦਾ, ਹਿੰਦ ਅੰਦਰ ਧਰਮ ਦਾ
ਲੀਡਰਾਂ ਤੋਂ ਏਕਤਾ ਦਾ, ਗੀਤ ਗਾਇਆ ਨਾ ਗਿਆ ।

ਦੇਸ਼ ਸੀ ਆਜ਼ਾਦ ਹੋਇਆ, ਕਰ ਕਈ ਕੁਰਬਾਨੀਆਂ
ਮਗਰ ਲੋਟੂ ਲੀਡਰਾਂ ਤੋਂ, ਹੀ ਬਚਾਇਆ ਨਾ ਗਿਆ ।

ਦੇਸ਼ ਤੋਂ ਕੁਰਬਾਨ ਹੋਗੇ, ਭਗਤ ਵਰਗੇ ਸਿੰਘ ਜੋ
ਕਟ ਗਿਆ ਪਰ ਸੀਸ ਜਬਰਾਂ, ਤੋਂ ਨਵਾਇਆ ਨਾ ਗਿਆ

ਰੁੱਸਿਆ ਹੈ ਯਾਰ ਸਾਥੋਂ, ਨਾ ਮਨੀਚੇ ਕੀ ਕਰਾਂ
ਰੁੱਸਕੇ ਸਾਥੋਂ ਗਿਆ ਜੋ, ਦਿਲ ਮਨਾਇਆ ਨਾ ਗਿਆ ।

ਵਾਟ ਲੰਮੀ ਸੁੰਨ ਰਸਤੇ, ਧੁੰਦਲੀ ਜਿਉ ਕਹਿਕਸ਼ਾਂ
ਘਰ ਤਿਰੇ ਦਾ ਮਾਲਕਾ, ਟੇਵਾ ਲਗਾਇਆ ਨਾ ਗਿਆ ।

 

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

 (ਪਹਿਲੀ ਵਾਰ ਛਪਿਆ 2 ਜੁਲਾਈ 2004)
(ਦੂਜੀ ਵਾਰ 5 ਅਕਤੂਬਰ 2021)

***
413
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਐਮ.ਏ; ਐਮ.ਐਡ: ਪੀ.ਈ.ਐਸ.(1)
ਰੀ. ਡਿਪਟੀ ਡਾਇਰੈਕਟਰ, ਸਿਖਿਆ ਵਿਭਾਗ, ਪੰਜਾਬ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਐਮ.ਏ; ਐਮ.ਐਡ: ਪੀ.ਈ.ਐਸ.(1) ਰੀ. ਡਿਪਟੀ ਡਾਇਰੈਕਟਰ, ਸਿਖਿਆ ਵਿਭਾਗ, ਪੰਜਾਬ।

View all posts by ਪ੍ਰੋ. ਸ਼ਮਸ਼ੇਰ ਸਿੰਘ ਸੰਧੂ →