ਪਰਮਜੀਤ ਪਰਮ ਦੀ ਪਰਿਵਾਰਿਕ ਵਿਰਾਸਤ ਸਾਹਿਤ ਪ੍ਰੇਮੀ ਹੋਣ ਕਰਕੇ ਉਨ੍ਹਾਂ ਨੇ ਸਕੂਲ ਸਮੇਂ ਵਿੱਚ ਅੱਠਵੀਂ ਕਲਾਸ ਵਿੱਚ ਪੜ੍ਹਦਿਆਂ ਹੀ ਕਹਾਣੀਆਂ ਅਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਸਾਹਿਤਕ ਸੀ। ਪਿਤਾ ਕਰਮ ਸਿੰਘ ਚੁਤਾਲਵੀ ਅਤੇ ਭਰਾ ਚਤਰ ਸਿੰਘ ਬੀਰ ਪੰਜਾਬੀ ਦੇ ਕਵੀ ਅਤੇ ਭਰਾ ਮਹਿੰਦਰ ਸਿੰਘ ਪੰਜਾਬੀ ਦੇ ਸਾਹਿਤਕ ਰਸਾਲੇ ਪ੍ਰੇਰਨਾ ਦੇ ਸੰਪਾਦਕ ਰਹੇ ਸਨ। ਪਰਮਜੀਤ ਪਰਮ ਦੀ ਇਹ ਸਵੈ ਜੀਵਨੀ ਜ਼ਿੰਦਗੀ ਦੀਆਂ ਧੁੱਪਾਂ ਅਤੇ ਛਾਵਾਂ ਦੇ ਸੁਮੇਲ ਦੀ ਬਚਪਨ ਤੋਂ ਬੁਢਾਪੇ ਤੱਕ ਦੇ ਸਫਰ ਦੀ ਦਾਸਤਾਂ ਹੈ। ਇਉਂ ਲਗਦਾ ਹੈ ਕਿ ਪਰਮ ਨੇ ਸਵੈ ਜੀਵਨ ਦੇ ਧਰਮ ਨੂੰ ਨਿਭਾਉਂਦਿਆਂ ਕੁਝ ਵੀ ਛੁਪਾਇਆ ਨਹੀਂ। ਆਮ ਤੌਰ ‘ਤੇ ਸਵੈ ਜੀਵਨੀ ਲਿਖਦਿਆਂ ਲੋਕ ਕੌੜੀਆਂ ਸਚਾਈਆਂ ਨੂੰ ਲੁਕੋ ਲੈਂਦੇ ਹਨ। ਇਹ ਪਰਮਜੀਤ ਪਰਮ ਦੀ ਵਡਿਤਣ ਹੈ। ਪਰਮਜੀਤ ਪਰਮ ਸਾਂਝੇ ਪਰਿਵਾਰ ਦੀਆਂ ਪਰਿਵਾਰਿਕ ਮਜ਼ਬੂਰੀਆਂ ਨਾਲ ਬਾਖ਼ੂਬੀ ਨਿਪਟਦੀ ਹੋਈ ਨੇ ਐਮ ਏ ਤੱਕ ਦੀ ਪੜ੍ਹਾਈ ਪ੍ਰਾਈਵੇਟਲੀ ਕਰਕੇ ਆਪਣਾ ਕੈਰੀਅਰ ਖ਼ੁਦ ਬਣਾਇਆ ਹੈ। ਬਾਬਲ ਦੇ ਵਿਹੜੇ ਦੇ ਪਿਆਰ ਦੀਆਂ ਪੀਂਘਾਂ ਝੂਟਦੀ ਹੀ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਨੂੰ ਸਮਝਣ ਦੇ ਸਮਰੱਥ ਹੋ ਗਈ ਸੀ। ਪ੍ਰੰਤੂ ਜ਼ਿੰਦਗੀ ਦੀਆਂ ਕਠਨਾਈਆਂ ਦੀਆਂ ਤਪਦੀਆਂ ਤੇਜ਼ ਧੁੱਪਾਂ ਤੋਂ ਬਚਣ ਲਈ ਆਪਣੀ ਹਿਫ਼ਜ਼ਤ ਕਰਨ ਲਈ ਖੁਦ ਇਕੱਲੀ ਇਕੱਹਿਰੀ ਹੀ ਛਤਰੀਆਂ ਤਾਣਕੇ ਉਨ੍ਹਾਂ ਦਾ ਮੁਕਾਬਲਾ ਕਰਦੀ ਰਹੀ। ਧੁੱਪਾਂ ਤੇ ![]() ਪਰਮਜੀਤ ਪਰਮ ਦਾ ਜਨਮ ਮਾਤਾ ਰਤਨ ਕੌਰ ਅਤੇ ਪਿਤਾ ਕਰਮ ਸਿੰਘ ਚੁਤਾਲਵੀ ਦੇ ਘਰ ਹੋਇਆ। ਦਸਵੀਂ ਤੋਂ ਬਾਅਦ ਬੀ ਏ, ਐਮ ਏ ਅਤੇ ਬੀ ਐਡ ਤੱਕ ਸਾਰੀ ਪੜ੍ਹਾਈ ਨੌਕਰੀ ਦੌਰਾਨ ਹੀ ਪ੍ਰਾਈਵੇਟਲੀ ਕੀਤੀ। 1962 ਵਿੱਚ ਦਸਵੀਂ ਅਤੇ ਗਿਆਨੀ ਪਾਸ ਕੀਤੀ। ਬੀ ਏ 1970 ਵਿੱਚ ਪਾਸ ਕੀਤੀ। ਜਵਾਨੀ ਦੀਆਂ ਬਰੂਹਾਂ ‘ਤੇ ਪਹੁੰਚਦਿਆਂ ਹੀ 1970 ਵਿੱਚ ਫ਼ੌਜੀ ਪਰਿਵਾਰ ਵਿੱਚ ਮੰਗਤ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਦੌਰਾਨ ਦੋ ਸਪੁੱਤਰਾਂ ਜ਼ੰਗ ਬਹਾਦਰ ਸਿੰਘ ਅਤੇ ਸਿਕੰਦਰ ਸਿੰਘ ਨੂੰ ਜਨਮ ਹੀ ਨਹੀਂ ਦਿੱਤਾ ਸਗੋਂ ਉਨ੍ਹਾਂ ਦੀ ਬਿਹਤਰੀਨ ਪੜ੍ਹਾਈ ਕਰਵਾਈ, ਇਥੋਂ ਤੱਕ ਕਿ 77 ਸਾਲ ਦੀ ਉਮਰ ਵਿੱਚ ਵੀ ਦੋਹਾਂ ਸਪੁੱਤਰਾਂ ਦੇ ਪਰਿਵਾਰਾਂ ਦੀਆਂ ਸਮਾਜਿਕ ਅਤੇ ਆਰਥਿਕ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾ ਰਹੇ ਹਨ। ਪਤੀ ਮੰਗਤ ਸਿੰਘ ਦੇ ਫ਼ੌਜ ਦੀ ਨੌਕਰੀ ਕਾਰਨ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਖੁਦ ਹੀ ਨਿਭਾਈ। ਭਾਵੇਂ ਪਰਮਜੀਤ ਪਰਮ 1971 ਤੋਂ ਹੀ ਨੌਕਰੀ ਕਰਨ ਲੱਗ ਗਏ ਸਨ ਪ੍ਰੰਤੂ ਕੱਚੀ ਨੌਕਰੀ ਹੋਣ ਕਰਕੇ ਕਈ ਦੂਰ ਦੁਰਾਡੇ ਥਾਵਾਂ ‘ਤੇ ਨੌਕਰੀ ਕਰਨੀ ਪਈ। ਥੋੜ੍ਹਾਂ ਸਮਾਂ ਬੱਚਿਆਂ ਤੋਂ ਦੂਰ ਜਲੰਧਰ ਵੀ ਰਹਿਣਾ ਪਿਆ। 1975 ਵਿੱਚ ਉਨ੍ਹਾਂ ਨੂੰ ਪੱਕੀ ਸਰਕਾਰੀ ਨੌਕਰੀ ਮਿਲੀ, ਉਹ ਵੀ ਦੂਰ ਦੁਰਾਡੇ ਦਿਹਾਤੀ ਇਲਾਕੇ ਵਿੱਚ। ਇਸ ਲਈ ਪਰਮਜੀਤ ਪਰਮ ਨੂੰ ਨੌਕਰੀ ਕਰਦਿਆਂ ਵੀ ਬੜੀਆਂ ਦੁਸ਼ਾਵਰੀਆਂ ਦਾ ਸਾਹਮਣਾ ਕਰਨਾ ਪਿਆ। ਲਗਪਗ 14 ਸਾਲ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਨੌਕਰੀ ਕਰਨ ਤੋਂ ਬਾਅਦ 1989 ਵਿੱਚ ਚੰਡੀਗੜ੍ਹ ਪ੍ਰਸ਼ਾਸ਼ਨ ਵਿੱਚ ਡੈਪੂਟੇਸ਼ਨ ‘ਤੇ ਆ ਗਏ। ਚੰਡੀਗੜ੍ਹ ਆ ਕੇ ਕੋੜ੍ਹਾ ਸੁੱਖ ਦਾ ਸਾਹ ਮਿਲਿਆ। ਪਰਿਵਾਰਿਕ ਉਲਝਣਾ ਅਤੇ ਜ਼ਰੂਰਤਾਂ ਵਿੱਚ ਰੁੱਝੇ ਰਹਿਣ ਕਰਕੇ ਪੜ੍ਹਾਈ ਲਗਾਤਾਰ ਜ਼ਾਰੀ ਨਹੀਂ ਰੱਖ ਸਕੇ। ਬੀ ਏ ਕਰਨ ਤੋਂ 16 ਸਾਲ ਬਾਅਦ 1986 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਏ ਪੰਜਾਬੀ ਅਤੇ ਬਾਅਦ ਵਿੱਚ 1989 ਵਿਚ ਬੀ ਐਡ ਪੱਤਰ ਵਿਵਹਾਰ ਰਾਹੀਂ ਪਾਸ ਕੀਤੀਆਂ। ਚੰਡੀਗੜ੍ਹ ਡੈਪੂਟੇਸ਼ਨ ‘ਤੇ ਆਉਣ ਦਾ ਸਭ ਤੋਂ ਵੱਧ ਲਾਭ ਇਹ ਹੋਇਆ ਕਿ ਪਰਮਜੀਤ ਪਰਮ ਨੂੰ ਆਪਣੇ ਸਾਹਿਤਕ ਚਸਕੇ ਨੂੰ ਮੁਕੰਮਲ ਕਰਨ ਦਾ ਮੌਕਾ ਮਿਲ ਗਿਆ। ਚੰਡੀਗੜ੍ਹ ਵਿੱਚ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਕੰਮ ਕਰ ਰਹੀਆਂ ਸਨ। ਪਰਮਜੀਤ ਪਰਮ ਨੇ ਇਨ੍ਹਾਂ ਸਾਹਿਤਕ ਸਭਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਪ੍ਰੰਤੂ ਉਨ੍ਹਾਂ ਦੇ ਪਤੀ ਮੰਗਤ ਸਿੰਘ ਅਜਿਹੀਆਂ ਸਰਗਰਮੀਆਂ ਨੂੰ ਬਹੁਤਾ ਉਤਸ਼ਾਹਤ ਨਹੀਂ ਕਰਦੇ ਸਨ। ਮੰਗਤ ਸਿੰਘ ਦਾ ਫ਼ੌਜੀ ਸੁਭਾਆ ਅਜੀਬ ਕਿਸਮ ਦਾ ਹੋਣ ਕਰਕੇ ਪਰਮਜੀਤ ਪਰਮ ਨੂੰ ਸੁਖਾਵੇਂ ਹਾਲਾਤ ਨਹੀਂ ਮਿਲੇ। ਪ੍ਰੰਤੂ ਉਨ੍ਹਾਂ ਦੀ ਸਭ ਵੱਡੀ ਪ੍ਰਾਪਤੀ ਇਹ ਰਹੀ ਕਿ ਉਨ੍ਹਾਂ ਦੇ ਪਤੀ ਦੇ ਅਖੜ ਸੁਭਾਓ ਨੂੰ ਵੀ ਉਨ੍ਹਾਂ ਸਲੀਕੇ, ਸਹਿਜਤਾ ਅਤੇ ਨਿਮਰਤਾ ਨਾਲ ਬਰਦਾਸ਼ਤ ਕਰਦਿਆਂ ਆਪਣੇ ਵਿਦਿਅਕ, ਪਰਿਵਾਰਿਕ, ਸਮਾਜਿਕ ਅਤੇ ਸਾਹਿਤਕ ਖੇਤਰ ਵਿੱਚ ਸਫਲਤਾਵਾਂ ਪ੍ਰਾਪਤ ਕਰ ਲਈਆਂ। ਉਨ੍ਹਾਂ ਦੀ ਸਵੈਜੀਵਨੀ ਪੜ੍ਹਕੇ ਇਹ ਵੀ ਮਹਿਸੂਸ ਹੋਇਆ ਕਿ ਦੋਸਤ ਮਿੱਤਰ ਬਣਾਉਣ ਅਤੇ ਦੋਸਤੀਆਂ ਨਿਭਾਉਣ ਵੀ ਉਹ ਬਾਖ਼ੂਬੀ ਨਾਲ ਜਾਣਦੀ ਹੈ। ਉਨ੍ਹਾਂ ਦੇ ਦੋਸਤਾਂ ਮਿੱਤਰਾਂ ਵਿੱਚ ਨੌਜਵਾਨ ਅਤੇ ਬਜ਼ੁਰਗ ਦੋਵੇਂ ਸ਼ਾਮਲ ਹਨ, ਜਿਹੜੇ ਉਨ੍ਹਾਂ ਦੇ ਹਰ ਦੁੱਖ ਸੁੱਖ ਦੇ ਸਾਥੀ ਬਣਦੇ ਰਹੇ ਹਨ। ਉਨ੍ਹਾਂ ਦੇ ਬੇਟੇ ਦੀ ਬਿਮਾਰੀ ਵਿੱਚ ਭਾਵੇਂ ਰਿਸ਼ਤੇਦਾਰਾਂ ਨੇ ਵੀ ਸਾਥ ਦਿੱਤਾ ਪ੍ਰੰਤੂ ਜਿਤਨਾ ਸਹਿਯੋਗ ਦੋਸਤਾਂ ਮਿਤਰਾਂ ਤੋਂ ਮਿਲਿਆ, ਉਸਦਾ ਕੋਈ ਮੁਕਾਬਲਾ ਨਹੀਂ। ਇਹ ਸਭ ਕੁਝ ਪਰਮਜੀਤ ਪਰਮ ਦੇ ਮਿਲਣਸਾਰ ਸੁਭਾਆ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪੂਰਾ ਸਹਿਯੋਗ ਮਿਲਿਆ ਹੈ। 200 ਰੁਪਏ ਕੀਮਤ ਅਤੇ 128 ਪੰਨਿਆਂ ਵਾਲੀ ਇਹ ਪੁਸਤਕ ਤਰਲੋਚਨ ਪਬਲਿਸ਼ਰ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ। ਪੁਸਤਕ ਦਾ ਨਾਮ ਧੁੱਪਾਂ ਤੇ ਛਤਰੀਆਂ, ਰੰਗਦਾਰ ਅਤੇ ਦਿਲਖਿਚਵਾਂ ਹੈ, ਜਿਸਤੋਂ ਪੁਸਤਕ ਦੀ ਭਾਵਨਾ ਦਾ ਪ੍ਰਗਟਾਵਾ ਹੋ ਜਾਂਦਾ ਹੈ। ਪਰਮਾਤਮਾ ਪਰਮਜੀਤ ਪਰਮ ਨੂੰ ਹੋਰ ਲੰਬੀ ਅਤੇ ਸਿਹਤਮੰਦ ਉਮਰ ਬਖ਼ਸ਼ੇ ਤਾਂ ਜੋ ਉਹ ਸਾਹਿਤਕ ਅਤੇ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਂਦਿਆਂ ਸਫਲਤਾ ਪ੍ਰਾਪਤ ਕਰ ਸਕਣ। |