ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (6 ਮਾਰਚ 2022 ਨੂੰ) 77ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਬੁਲੰਦ ਪਰਵਾਸੀ ਸ਼ਾਇਰਾ ਸੁਰਜੀਤ ਸਖੀ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਸ਼ਾਇਰਾ ਸੁਰਜੀਤ ਸਖੀ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਕਿਰਪਾਲ ਸਿੰਘ ਪੂਨੀ’ ਨੂੰ ਹਾਰਦਿਕ ਵਧਾਈ ਹੋਵੇ। ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ ਅਦੀਬ ਸਮੁੰਦਰੋਂ ਪਾਰ ਦੇ: ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਸ਼ਹਿਰ ਸੈਨਹੋਜ਼ੇ ’ਚ ਵਸਦੀ ਸੁਰਜੀਤ ਸਖੀ ਪਿਛਲੇ ਕਈ ਦਹਾਕਿਆਂ ਤੋਂ ਕਾਰਜਸ਼ੀਲ ਪੰਜਾਬੀ ਸ਼ਾਇਰੀ ਦਾ ਵੱਡਾ ਨਾਂ ਹੈ। ਸੁਰਜੀਤ ਸਖੀ 1997 ਤੋਂ ਪਰਵਾਸ ਵਿਚ ਹੈ। ਪਰਵਾਸ ਦੌਰਾਨ ਸੱਭਿਆਚਾਰਕ ਵਿਲੀਨੀਕਰਣ ਦੀ ਪ੍ਰਕਿਰਿਆ ਵਿੱਚੋਂ ਤਕਰੀਬਨ ਹਰੇਕ ਪ੍ਰਾਣੀ ਨੂੰ ਲੰਘਣਾ ਪੈਂਦਾ ਹੈ ਜੋ ਕਿ ਬਿਲਕੁਲ ਵੀ ਸਹਿਜ ਕਾਰਜ ਨਹੀਂ ਹੈ। ਸੱਭਿਆਚਾਰਕ ਵਿਲੀਕਰਣ ਦੀ ਪੇਚੀਦਾ ਪ੍ਰਕਿਰਿਆ ’ਚ ਵਿਚਰਦਿਆਂ ਵੀ ਆਪਣੀ ਰਚਨਾਤਮਕ ਵਿਲੱਖਣਤਾ ਬਰਕਰਾਰ ਰੱਖਣੀ ਕਿਸੇ ਅਦੀਬ ਲਈ ਆਪਣੇ ਆਪ ’ਚ ਵਡਿਆਈ ਵਾਲੀ ਗੱਲ ਹੈ। ਪੰਜਾਬੀ ਦੇ ਨਾਮਵਰ ਗ਼ਜ਼ਲਗੋ ਡਾ. ਜਗਤਾਰ ਨੇ ਸੁਰਜੀਤ ਸਖੀ ਨੂੰ ਬੜੀ ਬੁਲੰਦ ਸ਼ਾਇਰਾ ਆਖਿਆ ਹੈ। ਡਾ. ਜਗਤਾਰ ਦਾ ਆਖਣਾ ਹੈ ਕਿ: ਆਪਣੇ ਵੱਖਰੇ ਅੰਦਾਜ਼ਿ-ਬਿਆਂ, ਵੱਖਰੇ ਅੰਦਾਜ਼ੇ ਫ਼ਿਕਰ ਅਤੇ ਵੱਖਰੇ ਜ਼ਾਵੀਆ-ਇ-ਨਜ਼ਰ ਕਰਕੇ ਹੀ ਸੁਰਜੀਤ ਸਖੀ ਬੜੀ ਬੁਲੰਦ ਸ਼ਾਇਰਾ ਹੈ। …ਸੁਰਜੀਤ ਸਖੀ ਦੀ ਜਾਤ ਤੋਂ ਕਾਇਨਾਤ ਤਕ ਫੈਲੀ ਹੋਈ ਸ਼ਾਇਰੀ 20 ਵੀਂ ਸਦੀ ਦੀ ਪ੍ਰਾਪਤੀ ਹੈ। ਇਹ ਸ਼ਾਇਰੀ ਕਾਫ਼ੀ ਸਾਰੀ ਪੰਜਾਬੀ ਕਵਿਤਾ ਵਾਂਗ ਅਸੰਚਿ੍ਰਤ, ਸ਼ੋਰੀਲੀ ਤੇ ਬਿਰਤਾਂਤਿਕ ਨਹੀਂ। ਬਲਕਿ ਸ਼ਬਦਾਂ ਰਾਹੀਂ ਸਰਗੋਸ਼ੀਆਂ ਕਰ ਰਹੀ ਹੈ, ਨਾ ਇਸ ਵਿਚ ਅਕਾਅ ਹੈ ਤੇ ਨਾ ਥਕਾਅ ਹੈ।’’ ਬਲੰਦ ਜਾਂ ਬੁਲੰਦ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ ਉੱਚਾ, ਲੰਮਾ, ਵੱਡਾ, ਚੰਗੇਰਾ, ਭਾਰਾ ਜਾਂ ਮਹਿੰਗਾ। ਅੱਗੋਂ ਇਸ ਦੇ ਨਾਲ ਜੁੜਕੇ ਕਈ ਸਮਾਸੀ ਸ਼ਬਦ ਬਣਦੇ ਹਨ ਜਿਵੇਂ ਬੁਲੰਦ-ਇਕਬਾਲ (ਵੱਡੇ ਮਰਤਬੇ ਵਾਲਾ), ਬੁਲੰਦ-ਬਖ਼ਤ (ਖ਼ੁਸ਼ ਕਿਸਮਤ), ਬੁਲੰਦ-ਪਰਵਾਜ਼ (ਉੱਚੀ ਉਡਾਣ ਵਾਲਾ), ਬੁਲੰਦ-ਤਰੀਨ (ਸਭ ਤੋਂ ਉੱਚਾ), ਬੁਲੰਦ-ਨਜ਼ਰ (ਉੱਚੇ ਆਦਰਸ਼ ਵਾਲਾ) ਇਨ੍ਹਾਂ ਸਾਰਿਆਂ ਸ਼ਬਦਾਂ ਦੀ ਅੰਤਰੀਵ ਅਰਥੀ ਆਤਮਾ ਬੁਲੰਦੀ, ਉਚਾਈ, ਲੰਮਾਈ, ਚੰਗੇ ਰੁਤਬੇ ਜਾਂ ਮਰਤਬੇ ਵਾਲੀ ਹੀ ਹੈ ਜੋ ਸੁਰਜੀਤ ਸਖੀ ਦੀ ਸ਼ਾਇਰੀ ਨੂੰ ਪ੍ਰਾਪਤ ਹੈ। ਸੁਰਜੀਤ ਸਖੀ ਦਾ ਜਨਮ 28 ਸਤੰਬਰ 1948 ਈ: ਨੂੰ ਪਿਤਾ ਬਲਦੇਵ ਸਿੰਘ ‘ਹਰਨਾਲ’ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਪਿੰਡ ਨਾਗਲ, ਜ਼ਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਹੋਇਆ। ਬਿਹਤਰ ਜ਼ਿੰਦਗੀ ਦੀ ਭਾਲ ’ਚ ਵਿਦੇਸ਼ ਜਾ ਵਸੀ ਸੁਰਜੀਤ ਸਖੀ ਦਾ ਕਾਵਿ-ਸਿਰਜਣਾ ਵਾਲੇ ਪਾਸੇ ਆਉਣ ਸਬੰਧੀ ਆਖਣਾ ਹੈ : ਕਾਵਿ-ਸਿਰਜਣਾ ਵੱਲ ਰੁਝਾਨ ਵਾਸਤੇ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕਰਨਾ ਪਿਆ। ਘਰ ਦਾ ਸਾਹਿਤਕ ਮਾਹੌਲ ਅਤੇ ਪਰਿਵਾਰ ਵਿਚ ਕਵਿਤਾਵਾਂ ਲਿਖਣ ਅਤੇ ਸੁਣਾਉਣ ਦਾ ਸਿਲਸਿਲਾ ਚਲਦਾ ਰਹਿੰਦਾ ਸੀ। ਸੋ ਉਸ ਅਸਰ ਸਦਕਾ ਆਪ ਮੁਹਾਰੇ ਹੀ ਕਵਿਤਾ ਲਿਖਣ ਵਿਚ ਦਿਲਚਸਪੀ ਹੋ ਗਈ। ਸੁਰਜੀਤ ਸਖੀ ਦੀਆਂ ਹੁਣ ਤਕ ਜਿਹੜੀਆਂ ਕਾਵਿ-ਪੁਸਤਕਾਂ ਪਾਠਕਾਂ ਦੇ ਅਧਿਐਨ ਦੇ ਅੰਤਰਗਤ ਆਈਆਂ ਹਨ ਉਹ ਇਹ ਹਨ: ‘ਕਿਰਨਾਂ’, ‘ਅੰਗੂਠੇ ਦੇ ਨਿਸ਼ਾਨ’, ‘ਜਵਾਬੀ ਖ਼ਤ’, ‘ਮੈਂ ਸਿਕੰਦਰ ਨਹੀਂ’, ‘ਧੁੰਦ’ ਤੇ ‘ਯਹ ਉਨ ਦਿਨੋਂ ਕੀ ਬਾਤ (ਹਿੰਦੀ)। ਸੁਰਜੀਤ ਸਖੀ ਨੇ ਕਵਿਤਾਵਾਂ ਵੀ ਲਿਖੀਆਂ ਹਨ, ਗੀਤ ਵੀ ਲਿਖੇ ਹਨ ਤੇ ਗ਼ਜ਼ਲਾਂ ਵੀ ਲਿਖੀਆਂ ਹਨ। ‘ਮੈਂ ਸਿਕੰਦਰ ਨਹੀਂ’ ਨਿਰੋਲ ਗ਼ਜ਼ਲਾਂ ਦਾ ਦੀਵਾਨ ਹੈ। ‘ਧੁੰਦ’ ਵਿਚ ਵੀ 66 ਗ਼ਜ਼ਲਾਂ ਹਨ ਤੇ ਕੁਝ ਕਵਿਤਾਵਾਂ, ਗੀਤ ਤੇ ਦੋਹੇ ਹਨ। ਕ੍ਰਮਵਾਰ ਸੰਖਿਪਤ ਗੱਲ ਵੀ ਕਰੀਏ ਤਾਂ ਸੁਰਜੀਤ ਸਖੀ ਦੀ ਪਹਿਲੀ ਕਾਵਿ ਪੁਸਤਕ ਕਿਰਨਾਂ ਦਾ ਥੀਮਕ ਪਾਸਾਰ ਤੇ ਅਗਲੀ ਪੁਸਤਕ ‘ਅੰਗੂਠੇ ਦਾ ਨਿਸ਼ਾਨ’ ਦਾ ਅੰਤਰਵਸਤੂ ਆਲੇ-ਦੁਆਲੇ ਵਰਤਾਰੇ ’ਤੇ ਨਜ਼ਰਸਾਨੀ ਵਾਲਾ ਹੈ। ਵਾਪਰਦੀਆਂ ਹੋਣੀਆਂ-ਅਣਹੋਣੀਆਂ ਦੀ ਅੰਤਰਾਤਮਾ ਨੂੰ ਸਮਝਣ ਵਾਲਾ ਹੈ। ‘ਜਵਾਬੀ ਖ਼ਤ’ ਵਿਚ ਬਹੁਤੀਆਂ ਕਵਿਤਾਵਾਂ 1984 ਦੇ ਦੁਖਾਂਤ ਬਾਰੇ ਹਨ। ‘ਮੈਂ ਸਿਕੰਦਰ ਨਹੀਂ’ ਵਿਚਲੀਆਂ ਗ਼ਜ਼ਲਾਂ ਦਾ ਵਿਸ਼ਾ ਵਸਤੂ ਅਨੇਕ ਭਾਂਤੀ ਹੈ। ਪੂਰੀ ਕਾਇਨਾਤ ਨੂੰ ਆਪਣੇ ਕਲਾਵੇ ਵਿਚ ਲੈਣ ਦੇ ਯਤਨ ਵਿਚ ਹੈ। ਸੁਰਜੀਤ ਸਖੀ ਦੀ ਸ਼ਾਇਰੀ ਦੀ ਇਕ ਵੰਨਗੀ ਉਸ ਦੀ ਇਕ ਪੂਰੀ ਗ਼ਜ਼ਲ ਦੇ ਰੂਪ ’ਚ ਹਾਜ਼ਰ ਹੈ:- ਸਫ਼ਰ ਵੀ ਹੈ ਤੇ ਜ਼ਿੰਦਗੀ ਦੇ ਮੋੜ ਵੀ ਕਮਾਲ ਨੇ। ਲਿਹਾਜ਼ ਪਾਲਦੇ ਰਹੇ, ਅਸੀਂ ਤਾਂ ਸ਼ਰਮ-ਸ਼ਰਮ ਵਿਚ, ਕਦੀ ਤਾਂ ਖ਼ਤਮ ਹੋਣੀਆਂ ਇਹ ਦਿਲ ਦੀਆਂ ਉਦਾਸੀਆਂ ਜ਼ਿਮੀਂ ਦੇ ਮਸਲਿਆਂ ਦਾ ਹੱਲ ਵੀ ਢੂੰਡਣਾ ਹੈ ਲਾਜ਼ਮੀ ਕਦੀ ਨਵੇਂ ਕਦੀ ਪੁਰਾਣੇ ਪੱਤਿਆਂ ਦੀ ਦੋਸਤੀ ਸੁਰਜੀਤ ਸਖੀ ਦੇ ਕਾਵਿ-ਸੰਸਾਰ ਦਾ ਡਾ. ਜਗਤਾਰ, ਡਾ. ਦੇਵਿੰਦਰ ਸਿੰਘ, ਡਾ. ਅਤਰ ਸਿੰਘ ਤੇ ਡਾ. ਜਗਵਿੰਦਰ ਜੋਧਾ ਨੇ ਬਹੁਤ ਗਹਿਨ ਵਿਸ਼ਲੇਸ਼ਣ ਪਾਠਕਾਂ ਸਨਮੁਖ ਰੱਖਿਆ ਹੈ। ਸੁਰਜੀਤ ਸਖੀ ਨਾਲ ਸਾਡਾ ਵੀ ਸਮੇਂ-ਸਮੇਂ ਵਿਚਾਰ-ਵਿਮਰਸ਼ ਹੁੰਦਾ ਰਹਿੰਦਾ ਹੈ ਜਿਸ ਵਿੱਚੋਂ ਉਸ ਵੱਲੋਂ ਕੁਝ ਅੰਸ਼ ਇਥੇ ਸਾਂਝੇ ਕੀਤੇ ਜਾਂਦੇ ਹਨ:- * ਡਾ. ਜਗਤਾਰ ਵੱਲੋਂ ਮੈਨੂੰ ਬੁਲੰਦ ਸ਼ਾਇਰਾ ਕਹਿਣਾ ਤਾਂ ਉਨ੍ਹਾਂ ਦਾ ਵੱਡਾਪਨ ਹੈ ਤੇ ਮੇਰੇ ਵਾਸਤੇ ਵੀ ਮਾਣ ਵਾਲੀ ਗੱਲ ਹੈ। ਇਸ ਵਾਸਤੇ ਜਦੋਂ ਮੈਂ ਉਨ੍ਹਾਂ ਦਾ ਫੋਨ ’ਤੇ ਧੰਨਵਾਦ ਕੀਤਾ ਤਾਂ ਉਨ੍ਹਾਂ ਮੇਰਾ ਹੌਸਲਾ ਵਧਾਉਦਿਆਂ ਆਖਿਆ ਕਿ ‘ਸਾਹਿਤਕ ਖੇਤਰ ਵਿਚ ਸ਼ਾਇਰਾ ਵਜੋਂ ਤੇਰਾ ਕਾਫ਼ੀ ਸਮੇਂ ਤੋਂ ਵਿਚਰਨਾ ਅਤੇ ਆਪਣੀ ਹੋਂਦ ਨੂੰ ਕਾਇਮ ਰੱਖਣਾ ਹੀ ਸਾਬਿਤ ਕਰਦਾ ਹੈ ਕਿ ਸੱਚਮੁੱਚ ਤੂੰ ਬੁਲੰਦ ਸ਼ਾਇਰਾ ਏ। * ਮੌਜੂਦਾ ਪੰਜਾਬੀ ਸ਼ਾਇਰੀ ਦੀ ਸਥਿਤੀ ਗਿਣਤੀ-ਮਿਣਤੀ ਪੱਖੋਂ ਤਾਂ ਚੜ੍ਹਦੀਆਂ ਕਲਾ ਵਿਚ ਹੈ ਅਤੇ ਦੁਆ ਹੈ ਕਿ ਰਹੇ ਵੀ। ਬਾਕੀ ਗੁਣਾਤਮਕ ਹਾਲਤ ਤਾਂ ਪਤਲੀ ਹੀ ਹੈ। ਸਬਰ-ਸੰਤੋਖ ਦੀ ਘਾਟ ਅਤੇ ਕਾਹਲ ਕਵਿਤਾ ਦੀ ਝੋਲੀ ਵਿਚ ਸਿਵਾਏ ਪੇਤਲੇਪਣ ਤੋਂ ਕੁਝ ਨਹੀਂ ਪਾ ਰਹੀ। ਰੱਬ ਖ਼ੈਰ ਕਰੇ, ਜੋ ਚੰਗਾ ਲਿਖਿਆ ਜਾ ਰਿਹਾ ਹੈ, ਉਹ ਬਹੁਤ ਚੰਗਾ ਅਤੇ ਸੰਜੀਦਾ ਲਿਖਿਆ ਜਾ ਰਿਹਾ ਹੈ। * ਅੱਜ ਗ਼ਜ਼ਲ ਔਰਤ ਦੀ ਖ਼ੂਬਸੂਰਤੀ ਦੇ ਗੁਣਗਾਨ, ਇਸ਼ਕ, ਮੈਅ-ਕਸ਼ੀ, ਦਰਬਾਰੀ ਕਸੀਦਿਆਂ ਵਰਗੇ ਵਿਸ਼ਿਆਂ ਤੋਂ ਅੱਗੇ ਲੰਘ ਚੱੁਕੀ ਹੈ ਅਤੇ ਰੋਜ਼ਾਨਾ ਜੀਵਨ ਦੀਆਂ ਲੋੜਾਂ, ਮੁਸ਼ਕਿਲਾਂ, ਰਾਜਨੀਤਕ ਉਥਲ-ਪੁਥਲ ਵਰਗੇ ਸਾਰੇ ਪਹਿਲੂਆਂ ਨੂੰ ਆਪਣੇ ਦਾਮਨ ਵਿਚ ਸਮੇਟ ਰਹੀ ਹੈ ਜੋ ਬਹੁਤ ਵੱਡੀ ਪ੍ਰਾਪਤੀ ਹੈ। * ਗ਼ਜ਼ਲ ਸਿਰਜਣਾ ਵਿਚ ਉਸਤਾਦੀ-ਸ਼ਾਗਿਰਦੀ ਪਰੰਪਰਾ ਦਾ ਆਪਣਾ ਮਹੱਤਵ ਹੈ। ਅਰੂਜ਼ ਦੀ ਪਾਬੰਦੀ ਗ਼ਜ਼ਲ ਵਿਚ ਮੁੱਢਲਾ ਅਸੂਲ ਮੰਨੀ ਜਾਂਦੀ ਹੈ ਜਿਸ ਨੂੰ ਸਮਝਣ ਲਈ ਉਸਤਾਦ ਦੀ ਰਹਿ-ਨੁਮਾਈ ਦੀ ਲੋੜ ਜ਼ਰੂਰੀ ਹੈ। * ਅਮਰੀਕਾ ਵਿਚ ਪੰਜਾਬੀ ਸਾਹਿਤ ਸਭਾਵਾਂ ਬੜੇ ਜ਼ੋਰ-ਸ਼ੋਰ ਨਾਲ ਭੂਮਿਕਾ ਅਦਾ ਕਰ ਰਹੀਆਂ ਹਨ ਭਾਵੇਂ ਕੋਰੋਨਾ ਕਾਲ ਵਿਚ ਇਹ ਸ਼ੋਰ ਥੋੜ੍ਹਾ ਮੱਧਮ ਪੈ ਗਿਆ ਹੈ। ਸਾਡੀ ਬੇ-ਏਰੀਆ ਇਕਾਈ ਦੀ ਸਾਹਿਤ ਸਭਾ (ਵਿਪਸਾ) ਪਿਛਲੇ 25-30 ਸਾਲਾਂ ਤੋਂ ਲਾ-ਜਵਾਬ ਕੰਮ ਕਰ ਰਹੀ ਹੈ। * ਅਮਰੀਕਾ ਵਿਚ ਵੱਸਦੇ ਜਿਨ੍ਹਾਂ ਸ਼ਾਇਰਾਂ ਨਾਲ ਮੇਰੀ ਜਾਣ-ਪਛਾਣ ਹੈ, ਉਹ ਹਨ : ਸੁਰਿੰਦਰ ਸੀਰਤ, ਕੁਲਵਿੰਦਰ, ਹਰਜਿੰਦਰ ਕੰਗ, ਸੁਰਿੰਦਰ ਸੋਹਲ, ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਡਾ. ਗੁਰੂਮੇਲ ਸਿੱਧੂ, ਚਰਨਜੀਤ ਸਿੰਘ ਪੰਨੂ, ਲਾਜ ਨੀਲਮ ਸੈਣੀ, ਜਗਜੀਤ ਨੌਸ਼ਹਿਰਵੀ, ਗੁਲਸ਼ਨ ਦਿਆਲ, ਮੇਜਰ ਭੂਪਿੰਦਰ ਦਲੇਰ, ਸੁਰਜੀਤ ਕੌਰ (ਸੈਕਰਾਮੈਂਟੋ), ਆਜ਼ਾਦ ਜਲੰਧਰੀ ਤੇ ਈਸ਼ਰ ਸਿੰਘ ਮੋਮਨ। * ਲੇਖਕ ਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ। ਇਸ ਨਾਲ ਜਿੱਥੇ ਖ਼ਿਆਲਾਤ ਵਿਚ ਵੰਨ ਸੁਵੰਨਤਾ ਦਾ ਵਾਧਾ ਹੁੰਦਾ ਹੈ, ਉੱਥੇ ਆਪਣੀ ਸਮਰੱਥਾ ਦਾ ਵੀ ਭਰਮ-ਭੁਲੇਖਾ ਜਾਂਦਾ ਰਹਿੰਦਾ ਹੈ। * ਇਨਾਮਾਂ-ਸਨਮਾਨਾਂ ਦੀ ਦੌੜ ਵਿਚ ਸ਼ਾਮਲ ਹੋਣਾ ਇਕ ਹੋਣਹਾਰ ਅਤੇ ਇਮਾਨਦਾਰ ਸਾਹਿਤਕਾਰ ਨੂੰ ਸ਼ੋਭਾ ਨਹੀਂ ਦੇਂਦਾ। * ਨੌਜਵਾਨ ਲੇਖਕਾਂ ਦੀ ਘਾਟ ਦਾ ਮੁੱਖ ਕਾਰਣ ਤਾਂ ਇਹੀ ਹੈ ਕਿ ਅੱਜ ਕੱਲ੍ਹ ਦਾ ਨੌਜਵਾਨ ਵਰਗ ਆਪਣੇ ਭਵਿੱਖ ਦੀ ਸਥਾਪਤੀ ਬਾਰੇ ਵਧੇਰੇ ਚਿੰਤਤ ਹੈ। ਸਾਹਿਤਕ ਸ਼ੌਕ ਸਥਾਪਤ ਹੋਣ ਤੋਂ ਬਾਅਦ ਵਾਸਤੇ ਰਾਖਵਾਂ ਰੱਖ ਲੈਂਦੇ ਹਨ। * ਸਾਦਗੀ, ਸੰਗੀਤ, ਚੰਗਾ ਸਾਹਿਤ ਪੜ੍ਹਨਾ-ਲਿਖਣਾ, ਚੰਗੇ ਤੇ ਸੀਮਤ ਜਾਣਕਾਰਾਂ ਨਾਲ ਸਾਂਝ ਰੱਖਣੀ ਤੇ ਨਿਭਾਉਣੀ, ਚੰਗੀ ਲਿਖਤ ਦੀ ਕਦਰ ਕਰਨੀ ਤੇ ਚੰਗੀ ਸ਼ਾਇਰੀ ਸੁਣਨੀ ਮੇਰੇ ਬਿਲਕੁਲ ਸਾਧਾਰਨ ਜਹੇ ਸ਼ੌਕ ਹਨ। ਨਿਰਸੰਦੇਹ ਸੁਰਜੀਤ ਸਖੀ ਕੋਲ ਕਈ ਵਰ੍ਹਿਆਂ ਦਾ ਅਦਬੀ ਅਨੁਭਵ ਹੈ। ਉਸ ਦੇ ਵਿਚਾਰ ਪੱਥਰ ’ਤੇ ਲਕੀਰ ਹਨ। ਉਸ ਦੀ ਸ਼ਾਇਰੀ ਦੀ ਬੁਲੰਦੀ ਅੱਜ ਵੀ ਪੂਰੇ ਠੁੱਕ ਨਾਲ ਕਾਇਮ ਹੈ। |