26 April 2024

ਵੇਹਲੀ ਤੀਂਵੀਂ – ਅੰਮ੍ਰਿਤ ਮਾਨ

“ਸਾਰਾ ਦਿਨ ਘਰੇ ਵਿਹਲੀ ਕਰਦੀ ਕੀ ਰਹਿਨੀਂ ਐ?”
“ਮੈਂ ਕਿਹਾ ਜਾਗੋ, ਉਠੋ।”

“ਕੀ ਐ? ਜਾਗ ਪੈਨੈ।”

“ਗੁਰੂ ਜੀ ਛੇ ਵੱਜ ਗੇ।”

“ਛੇ ਵੱਜ ਗੇ?” ਗੁਰਾ ਭੜੱਕ ਦੇਣੇ ਉਠਿਆ।

“ਤੂੰ ਮੈਨੂੰ ਪਹਿਲਾਂ ਕਿਉਂ ਨੀ ਜਗਾਇਆ?”

“ਮੈਂ ਤੈਨੂੰ ਤੜਕੇ ਪੰਜ ਵਜੇ ਜਗਾਕੇ ਨ੍ਹਾਉਣ ਗਈ ਆਂ। ਸਾਢੇ ਪੰਜ ਵਜੇ ਅਲਾਰਮ ਖੜਕਿਆ ਮੈਂ ਖੁਦ ਸੁਣਿਆਂ। ਮੈਨੂੰ ਕੀ ਪਤਾ ਤੂੰ ਬੰਦ ਕਰਕੇ ਫੇਰ ਸੌਂ ਜਾਣੈ। ਮੈਂ ਨ੍ਹਾ ਕੇ ਚਾਹ ਧਰੀ। ਆਟਾ ਗੁੰਨ੍ਹਿਆ। ਪਰੌਂਠੇ ਪਕਾਏ। ਤੇਰੇ ਲਈ ਲੰਚ ਤਿਆਰ ਕੀਤਾ। ਮਾਂ ਜੀ ਤੇ ਬਾਪੂ ਜੀ ਨੂੰ ਉਹਨਾਂ ਦੇ ਕਮਰੇ ‘ਚ ਚਾਹ ਦੇਕੇ ਆਈ। ਮੈਂ ਸੋਚਿਆ ਤੂੰ ਮੂੰਹ ਹੱਥ ਧੋਕੇ ਤਿਆਰ ਹੁੰਦਾ ਹੋਏਂਗਾ। ਪਰ ਤੂੰ ਤਾਂ ਬਾਹਰ ਨਿਕਲਿਆ ਈ ਨਾ। ਮੈਂ ਕਿਚਨ ਦਾ ਭਾਂਡਾ ਟੀਂਡਾ ਵੀ ਸਮੇਟ ਲਿਆ। ਦੁਪਹਿਰ ਲਈ ਸਬਜੀ ਵੀ ਕੱਟਕੇ ਰੱਖ ਲਈ। ਆਪਣੇ ਲਈ ਕੱਪਾਂ ‘ਚ ਪਾਈ ਚਾਹ ਵੀ ਪਈ ਪਈ ਠੰਡੀ ਹੋ ਗਈ। ਹਾਰਕੇ ਮੈਂ ਤੈਨੂੰ ਅੰਦਰ ਵੇਖਣ ਆਈ ਤਾਂ ਅੱਗੋ ਜਨਾਬ ਹੋਰੀਂ ਦੇਹ ਘੁਰਾੜੇ ਤੇ ਘੁਰਾੜਾ ਮਾਰੀ ਜਾਣ। ਉਲਟਾ ਮੈਨੂੰ ਕਹਿੰਨੈ ਮੈਂ ਜਗਾਇਆ ਨੀ।” ਲੱਖੋ ਬੋਲਦੀ ਬੋਲਦੀ ਕਮਰੇ ਚੋਂ ਬਾਹਰ ਆਕੇ ਫਿਰ ਕੰਮ ਧੰਦੇ ਲੱਗ ਗਈ।

ਗੁਰਾ ਤੱਤ-ਭੜੱਥਾ ਉਠਕੇ ਬਾਥਰੂਮ ਵਿਚ ਵੜ ਗਿਆ। ਹਲਕਾ ਹੋਇਆ। ਬੁਰਸ਼ ਚੱੁਕਿਆ, ਕਿਤੇ ਦੰਦਾਂ ਨੂੰ ਲਾਇਆ ਕਿਤੇ ਨਾ। ਕਿੱਲੀਆਂ ਤੋਂ ਕੱਪੜੇ ਗਾਇਬ ਵੇਖਕੇ ਗੁਸਲਖਾਨੇ ‘ਚੋਂ ਬਾਹਰ ਆਗਿਆ।

“ਲੱਖੋ! ਓ ਲੱਖੋ।”

“ਉਹ-ਹੋ! ਹੁਣ ਕੀ ਪਹਾੜ ਟੱੁਟ ਪਿਆ? ਜਿੰਨਾ ਚਿਰ ਕੰਮ ਤੇ ਨੀ ਜਾਂਦਾ ਬਸ ਗਧੀ-ਗੇੜੇ ਪਾਈ ਰੱਖੂ।”

“ਮੇਰੇ ਕੰਮ ਵਾਲੇ ਕੱਪੜੇ ਕਿਥੇ ਐ?”

“ਹੈਥੇ ਈ ਕਾੳਂੂਟਰ ਹੇਠਾਂ ਟੋਕਰੀ ‘ਚ ਪਏ ਐ। ਕਲ੍ਹ ਧੋਤੇ ਸੀ। ਨਾਲੇ ਪਲੀਜ਼ ਜ਼ਰਾ ਹੌਲੀ ਬੋਲੋ ਨਿਆਣੇ ਸੱੁਤੇ ਪਏ ਐ।”

“ਥਾਂ ਸਿਰ ਨੀ ਰੱਖ ਹੁੰਦੇ ਸੀ?” ਗੁਰੇ ਨੇ ਬੇਮਤਲਬ ਲੱਖੋ ਤੇ ਔਖਾ ਹੁੰਦੇ ਨੇ ਕਮੀਜ਼ ਗਲ ਵਿਚ ਸੁਟੀ। ਪੈਂਟ ਪਾਉਣ ਲੱਗਾ ਤਾਂ ਹੁੱਕ ਹੱਥ ਵਿਚ ਈ ਰਹਿ ਗਈ। ਗੱੁਸੇ ਨਾਲ ਲਾਹਕੇ ‘ਫਲੋਰ’ ‘ਤੇ ਵਗਾਹ ਮਾਰੀ।

“ਸਾਲੀ ਜਦੋਂ ਕਾਹਲ਼ ਹੁੰਦੀ ਐ ਓਦੋਂ ਈ ਵਿਚ ਪੰਗਾ ਪੈਂਦੈ।” ਮੈਲੀ ਪੈਂਟ ਪਾਕੇ ਬੈਲ਼ਟ ਕਸਦਾ ਹੋਇਆ ਕਮਰੇ ‘ਚੋਂ ਬਾਹਰ ਆ ਗਿਆ।

“ਆਹ ਜਦੋਂ ਕਪੜੇ ਧੋਤੇ ਤੈਨੂੰ ਹੁੱਕ ਉਖੜੀ ਨੀ ਦਿਸੀ?” ਗੁਰੇ ਨੂੰ ਕਾਹਲ਼ ਵਿਚ ਹਫਿਆ ਵੇਖਕੇ ਲੱਖੋ ਨੇ ਅਗੋਂ ਜਵਾਬ ਦੇਣਾ ਮੁਨਾਸਬ ਨਾ ਸਮਝਿਆ। ਉਸਨੇ ਠੰਢੀ ਚਾਹ ਨਿਰਨੇ ਅੰਦਰ ਸੁਟੀ। ਲੰਚ-ਕਿਟ ਚੁੱਕੀ ਤੇ ਪਰੌਠੇ ਦਾ ਨੜਾ ਜਿਹਾ ਬਣਾਕੇ ਬੁਰਕੀਆਂ ਭਰਦਾ ਕੰਮ ਤੇ ਚਲਾ ਗਿਆ। ਲੱਖੋ ਦਾ ਮਨ ਖਰਾਬ ਹੋ ਗਿਆ।

ਲੱਖੋ ਦਾ ਵਿਆਹ ਭੈਣ ਦੇ ਦਿਉਰ ਨਾਲ ਹੋਣ ਕਰਕੇ ਉਹ ਪਹਿਲਾਂ ਵਾਂਗ ਹੀ ਇਕ ਦੂਸਰੇ ਨੂੰ ਅੱਧੇ ਨਾਵਾਂ ਨਾਲ ਬੁਲਾਉਂਦੇ ਸਨ। ਕਦੇ ਕਦੇ ਲੱਖੋ ਮਖੌਲ ਨਾਲ ਜਾਂ ਉਸਦੀ ਫਜੂਲ ਬਹਿਸ ਤੋਂ ਖਹਿੜਾ ਛੁਡਾਉਣ ਦੀ ਮਾਰੀ ਗੁਰੂ ਜੀ ਕਹਿਕੇ ਵੀ ਬੁਲਾ ਲੈਂਦੀ।

ਬੱਚਿਆਂ ਦੇ ਸੱੁਤਿਆਂ ਸੱੁਤਿਆਂ ਲੱਖੋ ਵੱਧ ਤੋਂ ਵੱਧ ਕੰਮ ਨਬੇੜਨਾ ਚਾਹੁੰਦੀ। ਉਸਨੇ ਰਾਤ ਦੇ ਖਿਲਰੇ ਖਿਡਾਉਣੇ ਚੱੁਕਕੇ ਬਾਕਸਾਂ ਵਿਚ ਪਾਏ। ਸਾਰੇ ਝਾੜ ਪੂੰਝ ਕਰਕੇ ਵੈਕਿਊੰਮ ਫੇਰੀ। ਬਾਥਰੂਮਾਂ ਤੱਕ ਸਾਰੀਆਂ ਫਲੋਰਾਂ ਧੋ ਛੱਡੀਆਂ। ਟੋਇਲਟਾਂ ਸਾਫ਼ ਕਰਕੇ ਡਿਸ-ਇਨਫੈਕਟ ਕੀਤੀਆਂ। ਬੂਹੇ ਬਾਰੀਆਂ ਦੇ ਸੀਸ਼ੇ ਲਿਸ਼ਕਾਏ। ਕਲ੍ਹ ਦੇ ਧੋਤੇ ਪਏ ਪਰਦੇ ਟੰਗੇ। ਕਪੜੇ ਮਸ਼ੀਨ ਵਿਚ ਪਾਕੇ ਲਗਦੇ ਹੱਥ ਉਸਨੇ ਆਪਣੇ ਤੇ ਬੱਚਿਆਂ ਦੇ ਬਿਸਤਰੇ ਵੀ ਬਦਲ ਛਡੇ। ਪਹਿਲੇ ਧੋਤੇ ਕਪੜੇ ਡਰਾਇਰ ‘ਚੋਂ ਕਢਕੇ ਤੈਹਾਂ ਮਾਰੀਆਂ ਤੇ ਪ੍ਰੈਸ ਵਾਲੇ ਪ੍ਰੈਸ ਕਰਕੇ ਥਾਂਓ ਥਾਂਈ ਟਿਕਾਏ। ਫੇਰ ਉਹ ਬਜੁਰਗਾਂ ਲਈ ਨਾਸ਼ਤਾ ਬਣਾਕੇ ਉਹਨਾਂ ਦੇ ਕਮਰੇ ਵਿਚ ਲੈ ਗਈ।

“ਲਓ ਬਾਪੂ ਜੀ ਦਲੀਆ ਖਾ ਲਓ। ਆਹ ਦੁੱਧ ਨਾਲ ਤਾਕਤ ਦੀਆਂ ਗੋਲੀਆਂ ਵੀ ਲੈ ਲਓ।” ਵਿਟਾਮਨਾਂ ਦੀਆਂ ਗੋਲੀਆਂ ਨੂੰ ਬਜ਼ੁਰਗ ਤਾਕਤ ਦੀਆਂ ਗੋਲੀਆਂ ਕਹਿਕੇ ਖਾਂਦੇ ਤਾਂ ਆਪਣੇ ਆਪ ਨੂੰ ਉਹ ਤਕੜੇ ਮਹਿਸੂਸ ਕਰਨ ਲੱਗ ਪੈਂਦੇ।

“ਮਾਂ ਜੀ ਤੁਸੀਂ ਵੀ ਚਾਹ ਪੀ ਲਓ। ਪੀਣ ਵਾਲੀ ਈ ਐ।”

“ਆ ਗਿਆ ਹੁਣ ਤੈਨੂੰ ਬੁੜ੍ਹੀ ਦਾ ਚੇਤਾ? ਮੈ ਸਾਰੀ ਰਾਤ ਦੀ ਤਾਪ ਨਾਲ ਮਰਦੀ ਆਂ। ਹਿੱਕੋਂ ਸਾਹ ਨੀ ਆਉਂਦਾ। ਸਿਰ ਉਲਰਿਆ ਪਿਆ। ਦਿਨ ਚੜ੍ਹੇ ਜਾਕੇ ਕਿਤੇ ਮੱਚ ਜਾਣੀ ਅੱਖ ਲੱਗੀ ਐ।”

“ਮਾਂ ਜੀ ਮੈਂ ਤੜਕੇ ਬੁਖਾਰ ਤੋਂ ਗੋਲੀ ਤੇ ਨਾਲ ਚਾਹ ਦੇਕੇ ਗਈ ਸਾਂ। ਤਾਂ ਹੀ ਤੁਸੀਂ ਥੋੜਾ ਬਹੁਤਾ ਸੌਂ ਲਏ। ਥੋਨੂੰ ਭੁੱਲ ਗਿਆ। ਮੈਂ ਕਹਿੰਨੀਆਂ ਆਪਾਂ ਡਾਕਟਰ ਦੇ ਜਾਕੇ ਟੀਕਾ ਕਰਾ ਲਿਆਈਏ। ਅਰਾਮ ਆਜੂ।

“ਮੈਂ ਨੀ ਜਾਣਾ ਡਾਕਟਰ ਦੇ। ਥੱਬਾ ਗੋਲ਼ੀਆਂ ਦਾ ਲਿਖ ਦਿੰਦੈ। ਮੇਰਾ ਤਾਂ ਅੰਦਰ ਸੜਿਆ ਪਿਆ ਦੁਆਈਆਂ ਖਾ ਖਾਕੇ।”

“ਐਵੇਂ ਮਾਂ ਜੀ ਅਰਾਮ ਕਿਵੇਂ ਆਊ? ਕਿੰਨੇ ਦਿਨ ਹੋ ਚਲੇ ਥੋਨੂੰ ਰੁੱਝਿਆਂ ਨੂੰ। ਚਲੋ ਉਠੋ, ਜੇ ਵਾਸ਼ਰੂਮ ਜਾਣੈ ਤਾਂ ਮੈਂ ਲੈ ਚਲਦੀ ਆਂ। ਨਾਲੇ ਸ਼ੂਗਰ ਦੀ ਗੋਲੀ ਲੇਟ ਹੁੰਦੀ ਐ, ਇਹ ਖਾ ਲਓ ਪਹਿਲਾਂ। ਗੋਲੀ ਉਪਰੋਂ ਦੀ ਖਾਣ ਲਈ ਆਹ ਲੂਣ ਵਾਲੇ ਬਿਸਕੁਟ ਤੇ ਬਰੈਡ ਦਾ ਪੀਸ ਲਿਆਈ ਆਂ ਜਿਸ ਚੀਜ਼ ਨੂੰ ਜੀ ਕਰਦਾ ਲੈ ਲਓ। ਸੂਪ ਵੀ ਲਿਆਉਨੀ ਆਂ ਗਰਮ ਕਰਕੇ।”

“ਹੈਥੇ ਰੱਖਦੇ ਖਾਲੂੰਗੀ ਮੈਂ ਆਪੇ।”

“ਨਹੀ ਮਾਂ ਜੀ ਤੁਸੀਂ ਭੱੁਲ ਜਾਣੈ, ਮੇਰੀ ਖੜ੍ਹੀ ਤੋਂ ਖਾਓ।” ਮਾਂ ਜੀ ਕਸਲਾਉਂਦੇ ਮਨ ਨਾਲ ਉੇਠਦੇ ਬੋਲੇ,

“ਲਿਆ ਫੜ੍ਹਾ ਗੋਲੀ, ਵੱਢ ਫਾਹਾ ਬੁੜੀ ਦਾ ਆਈ ਐ ਵੱਡੀ ਡਾਕਟਰਨੀ।”

ਮਾਂ ਜੀ ਲੱਖੋ ਨਾਲ ਤਕਰੀਬਨ ਚੜ੍ਹੇ ਮੂਡ ਵਿਚ ਹੀ ਰਹਿੰਦੀ। ਜੀ ਕਰਦਾ ਤਾਂ ਸਿੱਧਾ ਬੋਲਦੀ, ਨਹੀਂ ਤਾਂ ਸਤਿ ਸ੍ਰੀ ਅਕਾਲ ਦਾ ਵੀ ਜਵਾਬ ਨਾ ਦਿੰਦੀ। ਲੱਖੋ ਨੂੰ ਕਦੇ ਕਦੇ ਤਾਂ ਬਹੁਤ ਗੱੁਸਾ ਲਗਦਾ ਪਰ ਫੇਰ ਮਨ ਸਮਝਾਕੇ ਤੇ ਬਜ਼ੁਰਗ ਸਮਝਕੇ ਹੋਊ ਪਰ੍ਹੇ ਕਰ ਛਡਦੀ। ਉਹ ਐਨਾ ਰੱਬ ਦਾ ਸ਼ੁਕਰ ਕਰਦੀ ਕਿ ਬਜ਼ੁਰਗ ਆਪਣੀ ਕਿਰਿਆ ਆਪ ਸੋਧ ਲੈਂਦੇ ਹਨ। ਬਾਪੂ ਜੀ ਤਾਂ ਬਾਹਰ ਅੰਦਰ ਥੋੜਾ ਬਹੁਤਾ ਘੁੰਮ ਫਿਰ ਵੀ ਆਉਂਦੇ। ਕਿਸੇ ਵੇਲੇ ਬੱਚਿਆਂ ਨਾਲ ਹੱਸ ਖੇਡ ਤੇ ਬੈਠ ਕੇ ਖਾਣਾ ਵੀ ਖਾ ਲੈਂਦੇ। ਪਰ ਮਾਂ ਜੀ ਤਾਂ ਬੈਠ ਕੇ ਖਾਣ ਤੇ ਹੁਕਮ ਚਲਾਉਣ ਵਿਚ ਆਪਦਾ ਮਾਣ ਸਮਝਦੇ।

“ਮਾਮਾ!” ਗਿਆਰਾਂ ਮਹੀਨਿਆਂ ਦੇ ਬੱਚੇ ਦੇ ਰੋਣ ਦੀ ਅਵਾਜ ਆਈ ਜੋ ਤੜਕੇ ਦਾ ਦੁਧ ਪੀਕੇ ਸੱੁਤਾ ਹੋਇਆ ਸੀ। ਲੱਖੋ ਸੂਪ ਵਿਚੇ ਛੱਡਕੇ ਹੀਰੇ ਨੂੰ ਚੁਕਣ ਲਈ ਨੱਠ ਗਈ। ਤਿੰਨਾ ਕੁੜੀਆਂ ਪਿਛੋਂ ਮਸਾਂ ਮਸਾਂ ਜੰਮੇ ਪੋਤਰੇ ਦਾ ਨਾਮ ਦਾਦੇ ਦਾਦੀ ਨੇ ਹੀਰਾ ਰਖਿਆ। ਹੀਰੇ ਦੇ ਰੋਣ ਦੀ ਅਵਾਜ ਸੁਣਕੇ ਸੰਮੋ {ਸਮਰਜੀਤ} ਤਿੰਨ ਸਾਲ ਦੀ ਵੀ ਜਾਗ ਉਠੀ। ਲੱਖੋ ਨੇ ਦੋਹਾਂ ਨੂੰ ਚੁੱਕਿਆ, ਚੁੰਮਿਆ ਘੁੱਟਕੇ ਪਿਆਰ ਕੀਤਾ ਤੇ ਤੁਤਲੀਆਂ ਗੱਲਾਂ ਕਰਦੀ ਨੇ ਡਾਈਪਰ ਬਦਲੇ। ਸੰਮੋ ਬੇਮਤਲਬ ਹੀ ਰੋ ਰਹੀ ਸੀ ਤੇ ਉਸਦੇ ਨਾਲ ਹੀਰਾ ਵੀ।

“ਕਿਉਂ ਰੋਨੀ ਐਂ ਸੰਮੋ? ਆ ਮੇਰੀ ਸੋਹਣੀ ਮਿੱਠੀ ਧੀ, ਲੈ ਸੀਰੀਅਲ ਖਾਲੈ। ਤੇ ਮੇਰਾ ਹੀਰਾ, ਫਲਾਂ ਵਾਲੀ ਡੱਬੀ ਖਾਏਗਾ।” ਲੱਖੋ ਨੇ ਦੋਹਾਂ ਬੱਚਿਆਂ ਨੂੰ ਨਾਸ਼ਤਾ ਖੁਆਇਆ। ਕੋਸੇ ਦੁੱਧ ਦੀ ਬੋਤਲ ਦੇ ਕੇ ਹੀਰੇ ਨੂੰ ਆਪਦੇ ਲਾਗੇ ਹੀ ਕਾਰਪਟ ‘ਤੇ ਪਾ ਦਿਤਾ। ਸੰਮੋ ਆਪਦੇ ਖਿਡਾਉਣਿਆਂ ਵਿਚ ਰੁਝ ਗਈ। ਆਪ ਉਸਨੇ ਛੇਤੀ ਨਾਲ ਸੂਪ ਗਰਮ ਕਰਨ ਲਈ ਧਰ ਦਿਤਾ।

“ਕੁੜੇ ਭਾਈ ਭੁੱਲ ਗੀ ਬੁੜ੍ਹੀ ਨੂੰ? ਬੁੜ੍ਹਾ ਨਾ ਹੋਵੇ ਬੰਦਾ। ਚਲਦੇ ਨੈਣੀ ਪਰੈਣੀ ਚੱਕ ਲਵੇ ਰੱਬ।”

“ਐਨੇ ਬੁਢੇ ਤਾਂ ਮਾਂ ਜੀ ਤੁਸੀਂ ਹੁਣ ਵੀ ਨਹੀਂ ਪਰ ਜੇ ਇਉਂ ਨਾ ਕਹੋਂ ਤਾਂ ਨੂੰਹ ‘ਤੇ ਹੁਕਮ ਕਿਵੇਂ ਚੱਲੇ।” ਲੱਖੋ ਸੱਸ ਦੀ ਥਾਂ ਆਪਣੇ ਆਪ ਨੂੰ ਨਹੋਰਾ ਸੁਣਾਕੇ ਚੁੱਪ ਕਰ ਗਈ ਤੇ ਸੂਪ ਪਾਕੇ ਉਹਨਾ ਨੂੰ ਦੇਣ ਚਲੀ ਗਈ।

“ਸੌਰੀ ਮਾਂ ਜੀ, ਬੱਚੇ ਜਾਗ ਪਏ ਸਨ। ਮੈਂ ਉਹਨਾ ਨੂੰ ਸਾਂਭਣ ਲੱਗ ਪਈ। ਲਓ ਸੂਪ ਖਾ ਲਓ ਤੇ ਨਾਲ ਤਾਕਤ ਦੀਆਂ ਗੋਲੀਆਂ ਵੀ। ਤੁਹਾਡੀ ਤਾਂ ਬਰੈਡ ਵੀ ਉਵੇਂ ਈ ਪਈ ਐ। ਉਠੋ, ਸੂਪ ਠੰਢਾ ਹੁੰਦੈ। ਮੈਨੂੰ ਵੀ ਕਾਹਲ਼ੀ ਐ ਜਾਕੇ ਸਕੂਲ ਲਈ ਬੱਚੇ ਤਿਆਰ ਕਰਨੇ ਐ।”

“ਕਾਹਲੀ ਐ ਤਾਂ ਜਾਹ, ਮੈਂ ਤੈਨੂੰ ਕਦੋਂ ਰੋਕਿਐ? ਕਿਡੇ ਪਕਵਾਨ ਪਕਾਕੇ ਲਿਅਈ ਐ ਜਿਨ੍ਹਾਂ ‘ਤੇ ਇਹਨੂੰ ਚਿਰ ਲੱਗ ਗਿਆ। ਆਥਣ ਸਵੇਰ ਸੂਪ ਤੱਤਾ ਕਰਕੇ ਮੱਥੇ ਮਾਰਦੀ ਐ। ਲੱਗੀ ਐ ‘ਹਸਾਨ ਜਤਾਉਣ।”

ਮਾਂ ਜੀ ਨੂੰ ਖੰਘੋਂ ਭਾਵੇਂ ਸਾਹ ਨਾ ਆਉਂਦਾ ਪਰ ਜੀਭ ਦੀ ਛੁਰੀ ਖੁੰਢੀ ਨਾ ਹੋਣ ਦਿੰਦੀ। ਲੱਖੋ ਦੇ ਧੁਰ ਅੰਦਰ ਤੱਕ ਇਕ ਲੀਕ ਜਿਹੀ ਫਿਰ ਗਈ। ਮਾਂ ਜੀ ਨੂੰ ਸੂਪ ਫੜਾ ਕੇ ਉਹ ਬਿਨ ਬੋਲਿਆਂ ਬਾਹਰ ਆ ਗਈ।

ਉਸਨੇ ਸਿੰਨੀ {ਸਰਨਜੀਤ} ਤੇ ਮਿੰਨੀ {ਜਸਮੀਨ} ਅੱਠ ਤੇ ਛੇ ਸਾਲ ਦੀਆਂ ਕੁੜੀਆਂ ਨੂੰ ਜਗਾਇਆ।

ਬੁਰਸ਼ ਕਰਾਕੇ ਤਿਆਰ ਕੀਤਾ। ਖਾਣ ਲਈ ਸੀਰੀਅਲ ਦਿਤਾ। ਆਪ ਵੀ ਚਾਹ ਦੇ ਕੱਪ ਨਾਲ ਬਰੈਡ ਦਾ ਪੀਸ ਲੈਕੇ ਉਹਨਾਂ ਕੋਲ ਬੈਠ ਗਈ। ਅਜੇ ਇਕ ਬੁਰਕੀ ਹੀ ਭਰੀ ਸੀ ਫੋਨ ਦੀ ਰਿੰਗ ਹੋ ਗਈ। ਲੱਖੋ ਚਾਹ ਦਾ ਕੱਪ ਰਖਦਿਆਂ ਬੋਲੀ:

“ਹੈਲੋ! ਮਾਸੀ ਜੀ ਸਤਿ ਸ੍ਰੀ ਅਕਾਲ। ਚਾਹ ਪੀਣ ਲੱਗੀ ਆਂ। ਬਸ ਤੜਕੇ ਦੀ ਉਠ ਕੇ ਕੰਮਾਂ ਲਈ ਹੀ ਭੱਜੀ

ਫਿਰਦੀ ਆਂ। ਨਿਆਣੇ ਸੱੁਤਿਆਂ ਦਾ ਲਾਹਾ ਹੁੰਦੈ। ਖਾਣ ਪੀਣ ਦਾ ਵਿਹਲ ਕਿਥੇ? ਹਾਂ ਜੀ, ਚਲੇ ਗਏ ਕੰਮ ‘ਤੇ। ਤਿਆਰ ਕਾਹਦੇ ਲਈ ਹੋਣੈ? ਹਾਅ! ਮੈਨੂੰ ਤਾਂ ਬੇਬੀ ਸ਼ਾਵਰ ਬਾਰੇ ਬਿਲਕੁਲ ਈ ਭੁਲ ਗਿਆ। ਮਾਸੀ ਜੀ ਹੋਲਡ ਕਰਿਓ ਇਕ ਮਿੰਟ, ਵਿਚ ਦੂਸਰੀ ਲਾਈਨ ਆਉਂਦੀ ਐ। ਹੈਲੋ! ਅਛਾ! ਜਨਾਬ ਹੋਰੀਂ! ਕੰਮ ‘ਤੇ ਪਹੁੰਚ ਗਏ ਸੀ ਵੇਲੇ ਨਾਲ? ਕੋਈ ਪੁਲਸੀਆ ਨਾ ਟੱਕਰਿਆ? ਲੱਕੀ ਮੈਨ! ਲੱਖੋ ਲਈ ਕੀ ਹੁਕਮ ਸਰਕਾਰ ਦਾ? ਜਾ ਆਊਂਗੀ। ਕਿੰਨੇ ਕੁ ਕਢਾਵਾਂ?

ਓਕੇ ਬਾਏ। ਹੈਲੋ, ਸੌਰੀ ਮਾਸੀ ਜੀ, ਗੁਰੇ ਦਾ ਫੂਨ ਸੀ ਕੰਮ ਤੋਂ। ਮੈਨੂੰ ਬੈਂਕ ਜਾਣਾ ਪੈਣੈ। ਥੋੜੀ ਬਹੁਤ ਗਰੌਸਰੀ ਵੀ ਲਿਆਉਣੀ ਐ। ਮੈਂ ਕੁੜੀਆਂ ਨੂੰ ਸਕੂਲ ਛੱਡਕੇ ਮੁੜਦੀ ਹੋਈ ਦੋਵੇਂ ਕੰਮ ਨਬੇੜ ਕੇ ਘਰ ਵੜੂੰਗੀ। ਆਪਾਂ ਦਸ ਵਜੇ ਉਥੇ ਹੋਣੈ। ਨਹੀ, ਉਹਨਾ ਦੋਹਾਂ ਦਾ ਜਵਾਬ ਐ। ਮਾਂ ਜੀ ਬੀਮਾਰ ਐ। ਬਾਪੂ ਜੀ ਕਹਿੰਦੇ ਕੁੜੀਆਂ ਬੁੜ੍ਹੀਆਂ ਦੇ ਵਿਹਾਰ ਵਿਚ ਉਹਨਾਂ ਕੀ ਕਰਨੈ ਜਾ ਕੇ। ਮੈਂ ਤਿਆਰ ਹੋਕੇ ਬੱਚੇ ਚੱਕੂੰ ਤੇ ਤੁਹਾਡੇ ਵੱਲੀਂ ਆਜੂੰ। ਤੁਸੀਂ ਤਿਆਰ ਰਹਿਓ। ਮੈਂ ਬਾਹਰੋਂ ਈ ਹਾਰਨ ਮਾਰਾਂਗੀ। ਓਕੇ ਬਾਏ।”

ਲੱਖੋ ਸਾਰੇ ਕੰਮ ਨਬੇੜ ਕੇ ਪੌਣੇ ਦਸ ਨੂੰ ਘਰ ਆ ਗਈ। ਸੱੁਤੇ ਨਿਆਣਿਆਂ ਨੂੰ ਕਾਰ ‘ਚੋਂ ਚੱੁਕ ਕੇ ਮੰਜਿਆਂ ਵਿਚ ਪਾਇਆ। ਫਟਾ ਫਟ ਸਵੇਰ ਦੀ ਕੱਟੀ ਪਈ ਸਬਜ਼ੀ ਨੂੰ ਤੜਕਾ ਲਾਇਆ। ਦਾਲ਼ ਧਰੀ। ਕਪੜੇ ਤਣੀ ਤੇ ਟੰਗੇ। ਉਸਨੂੰ ਪਤਾ ਸੀ ਉਹ ਲੇਟ ਹੋ ਰਹੀ ਐ ਪਰ ਦੁਪਹਿਰ ਦਾ ਖਾਣਾ ਤਿਆਰ ਕਰਨਾ ਵੀ ਜ਼ਰੂਰੀ ਸੀ। ਬੱਚੇ ਤਾਂ ਹੋਰ ਕੁਝ ਵੀ ਖਾ ਸਕਦੇ ਸਨ। ਪਰ ਬਜੁਰਗਾਂ ਲਈ ਨਹੀਂ ਸਰਨਾ ਸੀ। ਨਾਲੇ ਮਾਂ ਜੀ ਦੀ ਖਬਰ ਲਈ ਕੋਈ ਨਾ ਕੋਈ ਆਇਆ ਈ ਰਹਿੰਦਾ। ਲੱਖੋ ਤਿਆਰ ਹੋਕੇ ਬਜੁਰਗਾਂ ਨੂੰ ਦਸਣ ਲਈ ਗਈ।

“ਮਾਂ ਜੀ, ਮੈਂ ਚੱਲੀ ਆਂ ਵੱਡੀ ਭੈਣ ਜੀ ਦੇ ਘਰ ਨੂੰ ਬ੍ਹੀਰੀ ਦੀ ਬੇਬੀ ਸ਼ਾਵਰ ਪਾਰਟੀ ਤੇ। ਮੈਨੂੰ ਤਾਂ ਬੱਚਿਆਂ ਦੀ ਭੱਜ ਭਜਾਈ ਵਿਚ ਭੁੱਲ ਈ ਗਿਆ ਸੀ। ਮਾਸੀ ਜੀ ਨੂੰ ਰਾਈਡ ਚਾਹੀਦੀ ਸੀ। ਉਹਨਾ ਦਾ ਫ਼ੂਨ ਆਉਣ ਤੇ ਯਾਦ ਆਇਆ।”

“ਆਹੋ, ਤੇਰੀ ਕਿਸੇ ਸਹੇਲੀ ਦੀ ਕੁੜੀ ਦਾ ਹੁੰਦਾ ਤਾਂ ਯਾਦ ਰਹਿੰਦਾ ਮੇਰੀ ਦੋਹਤੀ ਦਾ ਤੈਨੂੰ ਯਾਦ ਰੱਖਣ ਦੀ ਕੀ ਲੋੜ ਸੀ?”

“ਮਾਂ ਜੀ ਇਉਂ ਕਾਹਤੋਂ ਕਹਿਨੇ ਐਂ? ਮੈਂ ਐਨਾ ਮਹਿੰਗਾ ਪ੍ਰੈਜੰਟ ਯਾਦ ਭੁਲਾਉਣ ਲਈ ਤਾਂ ਨੀ ਖ੍ਰੀਦਿਐ?”

“ਮੇਰੇ ਪੱੁਤ ਦੀ ਕਮਾਈ ਨਾਲ ਖ੍ਰੀਦਿਐ ਤੇਰੇ ਪੇਕਿਆਂ ਦੀ ਕਮਾਈ ਦਾ ਨੀ। ਲੱਗੀ ਐ ਸੁਣਾਉਣ, ਮਹਿੰਘਾ ਪ੍ਰੈਜੰਟ ਹੇਖਾਂ।”

“ਕਿਉਂ ਐਂਵੇ ਭਕਾਈ ਮਾਰੀ ਜਾਨੀ ਐਂ? ਤੈਥੋਂ ਬੈਠੀ ਤੋਂ ਰੋਟੀ ਨੀ ਖਾ ਹੁੰਦੀ? ਤੈਨੂੰ ਭਾਵੇਂ ਤੇਈਆ ਚੜ੍ਹ ਜੇ ਪਰ ਤੇਰੀ ਜ਼ਬਾਨ ਨੂੰ ਫਰਕ ਨੀ ਪੈਂਦਾ। ਜਾਹ ਭਾਈ ਲਖਬੀਰ ਤੁਸੀਂ ਜਾ ਆਓ। ਗੁਰੇ ਦੀ ਮਾਸੀ ਉਡੀਕਦੀ ਹੋਊਗੀ।” ਬਾਪੂ ਜੀ ਨੇ ਗੱਲ ਵਧਦੀ ਵੇਖਕੇ ਮਾਂ ਜੀ ਨੂੰ ਟੋਕਿਆ। ਲੱਖੋ ਨੇ ਜੀ ਭਿਆਣੀ ਜਿਹੀ ਹੋਕੇ ਡੁਬ੍ਹਕਦੀਆਂ ਅਖਾਂ ਨਾਲ ਨਿਆਣੇ ਚੱੁਕੇ ਤੇ ਮਾਸੀ ਦੇ ਘਰ ਵੱਲ ਨੂੰ ਚੱਲ ਪਈ।

ਨਨਾਣ ਨੇ ਲੇਟ ਆਉਣ ਦਾ ਭਰਜਾਈ ‘ਤੇ ਮਾਣ ਭਰਿਆ ਗੁੱਸਾ ਕੱਢਿਆ। ਲੱਖੋ ਨਨਾਣ ਨੂੰ ਜੱਫੀ ਪਾਕੇ ਮਿਲੀ ਤੇ ਉਸਨੂੰ ਨਾਨੀ ਬਣਨ ਦੀਆਂ ਵਧਾਈਆਂ ਦਿਤੀਆਂ। ਬ੍ਹੀਰੀ ਨੇ ਬੇਬੀ ਸ਼ਾਵਰ ਦਾ ਕੇਕ ਕੱਟਿਆ। ਸਭ ਨੇ ਰਲਕੇ ਖਾਧਾ। ਫੇਰ ਪ੍ਰੈਜੰਟ ਖੋਲ੍ਹਣੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਨਾਨਕਿਆਂ ਵਲੋਂ ਲੱਖੋ ਦਾ ਪ੍ਰੈਜੰਟ ਖੋਲ੍ਹਿਆ ਗਿਆ।

“ਬਿਊਟੀਫੁਲ! ਮਾਮੀ ਤੁਸੀਂ ਕਿਵੇਂ ਐਨਾ ਸੋਹਣਾ ਸਵੈਟਰ ਬੁਣ ਲਿਆ। ਬਹੁਤ ਸੋਹਣਾ ਰੰਗ ਐ। ਮੈਂ ਇਹੋ ਸੈਟ ਪਾਕੇ ਬੇਬੀ ਨੂੰ ਘਰ ਲਿਆਵਾਂਗੀ। ਮਾਂ, ਮਾਂ! ਵੇਖ ਆਕੇ ਮਾਮੀ ਜੀ ਕੀ ਕੁਛ ਲੈਕੇ ਆਏ ਐ। ਬੇਬੀ ਲਈ ਬੋਤਲਾਂ, ਬੇਬੀ ਸੀਟ, ਟੱਬ, ਕਿੰਨੇ ਸਾਰੇ ਖਿਡਾਉਣੇ ਤੇ ਮੇਰੇ ਲਈ ਕੱਪੜੇ ਵੀ।” ਬ੍ਹੀਰੀ ਨੇ ਲੱਖੋ ਨੂੰ ਮੋਹ ਭਰੀ ਜੱਫੀ ਪਾਈ ਤੇ ਬੋਲੀ, “ਥੈਂਕ ਯੂ ਵੈਰੀ ਮਚ ਮਾਮੀ ਜੀ।” 

ਫੇਰ ਬ੍ਹੀਰੀ ਨੇ ਬਾਕੀ ਦੇ ਪ੍ਰੈਜੰਟ ਖੋਲ੍ਹੇ। ਖੂਬ ਰੌਣਕਾਂ ਲੱਗੀਆਂ। ਨੱਚੀਆਂ, ਟੱਪੀਆਂ। ਸਮਾਂ ਘੱਟ ਹੋਣ ਕਰਕੇ ਮਾਸੀ ਤੇ ਲੱਖੋ ਨੇ ਸਭ ਤੋਂ ਪਹਿਲਾਂ ਖਾਣਾ ਖਾਧਾ।

ਲੱਖੋ ਨੇ ਪਹਿਲਾਂ ਮਾਸੀ ਨੂੰ ਉਹਦੇ ਘਰੇ ਉਤਾਰਿਆ। ਫਿਰ ਕੁੜੀਆਂ ਨੂੰ ਸਕੂਲੋਂ ਲਿਆਕੇ ਜਲਦੀ ਜਲਦੀ ਰੋਟੀ ਬਣਾਉਣ ਲਗ ਪਈ।

“ਦੇਹ ਮੈਨੂੰ?” ਰੀਮੋਟ ਕੰਟਰੋਲ ਖੋਂਹਦੀ ਸਿੰਨੀ ਨੇ ਕਿਹਾ। ਮਿੰਨੀ ਨੱਠਕੇ ਮਾਂ ਦੇ ਉਹਲੇ ਲੱਤਾਂ ਨਾਲ ਚਿੰਬੜ ਕੇ ਬੋਲੀ, “ਨਹੀ ਦਿੰਦੀ?”

“ਹੱਕ ਹਾਅ, ਕਾਹਤੋਂ ਲੜਦੀਆਂ?”

“ਸਿੰਨੀ ਕਾਰਟੂਨ ਨੀ ਵੇਖਣ ਦਿੰਦੀ।” “ਮਾਂ, ਮਾਂ ਮਿੰਨੀ ਮੈਨੂੰ ਸਪਾਈਡਰ ਮੈਨ ਨੀ ਵਾਚ ਕਰਨ ਦਿੰਦੀ।”

“ਲਿਆਓ ਫੜ੍ਹਾਓ ਮੈਨੂੰ ਰੀਮੋਟ-ਕੰਟਰੋਲ ਕਿਵੇਂ ਚੀਕ ਚਿਹਾੜਾ ਪਾਇਆ। ਬੰਦ ਕਰੋ ਟੀਵੀ ਤੇ ਰੋਟੀ ਖਾਓ ਆਕੇ।”

“ਮੈ ਨੀ ਖਾਣੀ ਰੋਟੀ।” ਸਿੰਨੀ ਨੇ ਕਿਹਾ।

“ਮੈ ਵੀ ਨੀ ਖਾਣੀ ਰੋਟੀ।” ਮਗਰੇ ਮਿੰਨੀ ਬੋਲੀ।

“ਹੋਰ ਕੀ ਖਾਣੈ?”

“ਮੈਕਰੋਨੀ।”

“ਇਹ ਨਿਆਣੇ ਵੀ ਨਖਰੇ ਕਰਦੇ ਐ।” ਲੱਖੋ ਨੇ ਰਾਤ ਦੀ ਬਚੀ ਹੋਈ ਮੈਕਰੋਨੀ ਮਾਈਕਰੋ ਵੇਵ ਵਿਚ ਗਰਮ ਕਰਕੇ ਕਿਚਨ ਟੇਬਲ ‘ਤੇ ਰੱਖ ਦਿਤੀ।

“ਸਿੰਨੀ ਮਿੰਨੀ! ਚਲੋ ਹੱਥ ਧੋਕੇ ਆਓ।”

“ਮਾਂ ਅਸੀਂ ਕਿਹੜਾ ਹੱਥਾਂ ਨਾਲ ਖਾਣੈ। ਫੋਰਕਾਂ ਨਾਲ ਤਾਂ ਖਾਣੈ।”

“ਵੇਖ ਕਿਵੇਂ ਬਹਾਨੇ ਬਣਾਉਂਦੀਐ। ਜਾਓ ਧੋਕੇ ਆਓ ਹੱਥ।”

“ਮਾਂ, ਅਸੀਂ ਹੱਥ ਧੋਲੇ ਸਾਨੂੰ ਮੈਕਰੋਨੀ ਐਥੇ ਈ ਦੇ ਦਿਓ। ਟੀਵੀ ਅਗੇ ਬਹਿਕੇ ਖਾਣੈ। ਅਸੀਂ ਸ਼ੋਅ ਨੀ ਮਿਸ ਕਰਨਾ।”

“ਨਹੀ ਪੁੱਤਰ! ਅੱਛੇ ਬੱਚੇ ਕਿਚਨ ਵਿਚ ਬੈਠ ਕੇ ਖਾਂਦੇ ਐ।”

“ਫੇਰ ਮਾਂ ਜੀ ਬਾਬਾ ਜੀ ਕਾਹਤੋਂ ਆਪਦੇ ਬੈਡਰੂਮ ਵਿਚ ਖਾਂਦੇ ਐ?” ਲੱਖੋ ਕੁਛ ਪਲਾਂ ਲਈ ਨਿਰਉਤਰ ਹੋ ਗਈ। ਪਰ ਉਸਨੂੰ ਬੱਚਿਆਂ ਦੀ ਤਸੱਲੀ ਲਈ ਕੁਛ ਨਾ ਕੁਛ ਤਾਂ ਕਹਿਣਾ ਪੈਣਾ ਸੀ।

“ਉਹ ਪੁੱਤਰ ਹੁਣ ਓਲਡ ਹੋ ਗਏ ਐ ਨਾ। ਨਾਲੇ ਮਾਂ ਜੀ ਬੀਮਾਰ ਹੋਣ ਕਰਕੇ, ਤਾਂ ਬੈਡਰੂਮ ਵਿਚ ਖਾਂਦੇ ਐ।”

“ਮੰਮੀ, ਜਦੋ ਅਸੀਂ ਓਲਡ ਹੋਗੇ ਫੇਲ ਅਸੀ ਵੀ ਟੀਵੀ ਮੂਹਲੇ ਲੋਟੀ ਖਾਇਆ ਕਲਾਂਗੇ?” ਸੰਮੋ ਦੀਆਂ ਤੁਤਲੀਆਂ ਗੱਲਾਂ ਬਾਬੇ ਦੇ ਵੀ ਕੰਨੀ ਪੈ ਗਈਆਂ। ਬਾਬੇ ਤੇ ਲੱਖੋ ਦਾ ਉਚੀ ਉਚੀ ਹਾਸਾ ਨਿੱਕਲ ਗਿਆ।

“ਸੰਮੋ ਪੱੁਤਰ! ਬਾਬਾ ਵੀ ਤੁਹਾਡੇ ਨਾਲ ਕਿਚਨ ਵਿਚ ਬੈਠਕੇ ਰੋਟੀ ਖਾਊਗਾ।” ਬਾਬੇ ਨੇ ਉਹਨਾ ਵੱਲ ਨੂੰ ਆਉਂਦੇ ਨੇ ਸੰਮੋ ਨੂੰ ਜਵਾਬ ਦਿਤਾ। ਲੱਖੋ ਨੇ ਬਾਪੂ ਜੀ ਤੇ ਬੱਚਿਆਂ ਲਈ ਖਾਣਾ ਟੇਬਲ ਤੇ ਪਰੋਸ ਦਿਤਾ। ਮਾਂ ਜੀ ਨੂੰ ਦਾਲ ਤੇ ਖੁਸ਼ਕ ਫੁਲਕਾ ਟਰੇ ਵਿਚ ਰਖਕੇ ਅੰਦਰ ਦੇ ਆਈ। ਰੋਟੀ ਫੜਾ ਕੇ ਉਹ ਚਾਹ ਧਰਨ ਲਗ ਪਈ।

ਡੋਰ ਬੈਲ ਹੋਈ। ਲੱਖੋ ਨੇ ਦਰਵਾਜਾ ਖੋਲ੍ਹਿਆ।

“ਆਓ ਭੈਣ ਜੀ! ਮੌਕੇ ਤੇ ਹੀ ਆਏ ਹੋ। ਪਹਿਲਾਂ ਗਰਮ ਗਰਮ ਰੋਟੀ ਖਾਓ। ਤੁਸੀਂ ਅੱਜ ਸ਼ਾਵਰ-ਪਾਰਟੀ ‘ਤੇ ਨਹੀਂ ਗਏ? ਸੁਖ ਤਾਂ ਹੈ?”

“ਨਹੀ, ਫ਼ਿਕਰ ਵਾਲੀ ਕੋਈ ਗੱਲ ਨੀ। ਮੈਨੂੰ ਕਿਤੇ ਹੋਰ ਜ਼ਰੂਰੀ ਕੰਮ ਸੀ। ਇਸੇ ਕਰਕੇ ਬੇਬੇ ਦੀ ਖਬਰ ਨੂੰ ਵੀ ਨਹੀ ਆ ਹੋਇਆ।” ਕੁਲਜੀਤ ਅੰਦਰ ਮਾਂ ਜੀ ਨੂੰ ਮਿਲਣ ਚਲੀ ਗਈ। ਲੱਖੋ ਨੇ ਨਨਾਣ ਆਈ ਕਰਕੇ ਛੇਤੀ ਦੇਣੇ ਸੇਵੀਆਂ ਭੁੰਨੀਆਂ ਤੇ ਵਿਚ ਦੱੁਧ ਪਾਕੇ ਘੱਟ ਸੇਕ ‘ਤੇ ਰਿਝਣੀਆਂ ਧਰ ਦਿਤੀਆਂ। ਰੋਟੀ ਪਾਕੇ ਨਨਾਣ ਨੂੰ ਅਵਾਜ ਦਿਤੀ:

“ਆਜੋ ਭੈਣ ਜੀ ਪਹਿਲਾਂ ਆਪਾਂ ਰੋਟੀ ਖਾ ਲਈਏ। ਸਿੰਨੀ ਹੋਰਾਂ ਦੇ ਸਕੂਲ ਦਾ ਸਮਾਂ ਹੋ ਚਲਿਆ।”

ਦੋਹਾਂ ਨਨਾਣ ਭਰਜਾਈ ਨੇ ਇਧਰ ਉਧਰ ਦੀਆਂ ਗੱਲਾਂ ਮਾਰਦਿਆਂ ਰੋਟੀ ਖਾਧੀ। ਭਾਂਡੇ ਚੁੱਕ ਕੇ ਸਿੰਕ ਵਿਚ ਰਖੇ। ਹੀਰੇ ਨੂੰ ਭੂਆ ਨਾਲ ਖੇਡਦਾ ਵੇਖਕੇ ਲੱਖੋ ਘਰੇ ਛਡ ਗਈ। ਸੰਮੋ ਨੂੰ ਨਾਲ ਲੈਕੇ ਕੁੜੀਆਂ ਨੂੰ ਸਕੂਲ ਛਡਣ ਚਲੀ ਗਈ। ਵਾਪਸ ਆਕੇ ਮਾਂ ਜੀ ਤੋਂ ਬਿਨਾ ਸਭ ਨੇ ਰਲਕੇ ਸੇਵੀਆਂ ਖਾਧੀਆਂ।

ਨਨਾਣ ਦੇ ਜਾਣ ਬਾਅਦ ਲੱਖੋ ਨੇ ਦੋਵੇਂ ਬੱਚੇ ਨੁਹਾਕੇ ਉਹਨਾਂ ਨੂੰ ਖੁਆਇਆ ਤੇ ਦੁੱਧ ਪਿਆ ਕੇ ਸੁਆ ਦਿਤੇ। ਕਪੜੇ ਤਣੀ ਤੋ ਲਾਹ ਕੇ ਲਿਆਈ। ਸਟੋਵ ਸਾਫ਼ ਕੀਤਾ। ਕਪੜਿਆਂ ਦੀਆਂ ਤੈਹਾਂ ਲਾਉਣ ਲੱਗੀ ਤਾਂ ਫ਼ੋਨ ਦੀ ਘੰਟੀ ਖੜਕ ਪਈ।

ਨਿਆਣੇ ਸੁੱਤੇ ਹੋਣ ਕਰਕੇ ਲੱਖੋ ਨੇ ਪਹਿਲੀ ਘੰਟੀ ਤੇ ਹੀ, “ਹੈਲੋ! ਮੂੰਗੋ? ਸੁਣਾ ਕੀ ਹਾਲ ਐ ਤੇਰਾ? ਨਹੀਂ ਅੜੀਏ ਮੈਥੋਂ ਨੀ ਜਾ ਹੋਣਾ। ਸਾਡੇ ਮਾਂ ਜੀ ਬੀਮਾਰ ਐ। ਮੁੰਡੇ ਮੇਰੇ ਨੂੰ ਟੱਟੀਆਂ ਲੱਗੀਆਂ ਹੋਈਆਂ। ਸੇਲਾਂ ਤਾਂ ਲਗੀਆਂ ਈ ਰਹਿੰਦੀਆਂ? ਕੀ ਕਰਨੇ ਐ ਸੌ ਦੇ ਦਸ ਸੂਟ। ਸਿਉਂ ਤਾਂ ਇਕ ਨੀ ਹੁੰਦਾ। ਮੂੰਗੋ ਹੋਲਡ ਕਰੀਂ ਵਿਚ ਹੋਰ ਫੂਨ ਆਉਂਦਾ। ਨਹੀਂ ਸੱਚੀਂ। ਫੇਰ ਸਹੀ। ਤੈਨੂੰ ਦਸਿਐ ਨਾ ਮੈਂ ਨਹੀ ਜਾ ਸਕਦੀ। ਸੌਰੀ, ਓਕੇ ਬਾਏ।”

“ਹੈਲੋ! ਚਾਚੀ ਜੀ ਸਤਿ ਸ੍ਰੀ ਅਕਾਲ। ਕੌਣ? ਸਰੈਣ ਸਿਉਂ? ਕਦੋਂ? ਪਰਸੋਂ? ਪਤਾ ਈ ਨੀ ਲੱਗਿਆ। ਲੈ ਦੱਸ! ਇਹ ਵੀ ਕੋਈ ਮੌਤ ਐ ਭਲਾ? ਟੂ ਬੈਡ। ਮੈ ਚਾਚੀ ਜੀ ਕਰਦੀਆਂ ਬਾਪੂ ਜੀ ਨਾਲ ਗੱਲ। ਪਰ ਮੈਨੂੰ ਛੇਤੀ ਮੁੜਨਾ ਪੈਣਾ। ਸਾਡੇ ਮਾਂ ਜੀ ਸਿੱਕ ਐ। ਮੇਰਾ ਬੇਬੀ ਵੀ ਦੰਦੀਆਂ ਕਢਦਾ ਕਰਕੇ ਢਿੱਲਾ ਐ। ਤਿੰਨ ਵਜੇ ਕੁੜੀਆਂ ਵੀ ਸਕੂਲੋਂ ਲਿਆਉਣੀਆਂ। ਆਹੋ, ਘਰ ਤਾਂ ਮੈਨੂੰ ਪਤਾ ਨੇੜੇ ਈ ਐ। ਚੰਗਾ, ਮੈਂ ਪੁਛਦੀ ਆਂ ਮਾਂ ਜੀ ਤੋਂ ਜੇ ਉਸਨੇ ਕਿਹਾ ਤਾਂ ਬੱਚੇ ਸੁੱਤਿਆਂ ਸੁੱਤਿਆਂ ਘੰਟਾ ਜਾ ਆਉਨੇ ਆਂ। ਤੁਸੀਂ ਤਿਆਰ ਰਿਹੋ। ਬਾਏ।”

“ਬਪੂ ਜੀ ਚਾਚੀ ਬਚਿੰਤ ਕੌਰ ਦਾ ਫੂਨ ਆਇਆ ਸੀ। ਆਪਣੇ ਪਿੰਡ ਵਾਲੇ ਬਾਬਾ ਜੀ ਸਰੈਣ ਸਿੰਘ ਪੂਰੇ ਹੋ ਗਏ। ਕਹਿੰਦੇ ਦਿਨ ਚੜ੍ਹੇ ਜਦੋਂ ਉਹਨਾ ਨੂੰ ਚਾਹ ਦੇਣ ਗਏ ਤਾਂ ਅਗੇ ਸੁੱਤੇ ਪਏ ਈ ਰਹਿ ਗਏ।”

“ਅਛਾ? ਕਦੋ?”

“ਪਰਸੋਂ ਦੀ ਗੱਲ ਐ, ਕਲ੍ਹ ਨੂੰ ਸਨਿਚਰਵਾਰ ਉਹਨਾਂ ਦਾ ਸਸਕਾਰ ਐ।”

“ਧਾੜਾ ਮਾਰ ਗਿਆ ਉਹ ਤਾਂ। ਕਿਸੇ ਤੋਂ ਸੇਵਾ ਨੀ ਕਰਾਈ। ਹੱਡ ਗੋਡੇ ਨੀ ਰਗੜਨੇ ਪਏ।” ਬਾਪੂ ਜੀ ਦੇ ਮੂੰਹੋਂ ਆਪ ਮੁਹਾਰੇ ਈ ਇਉਂ ਨਿਕਲਿਆ ਜਿਵੇਂ ਉਹ ਆਪਦਾ ਅੰਤ ਇਸ ਕਿਸਮ ਦਾ ਚਾਹੁੰਦੇ ਹੋਣ।

“ਬਾਪੂ ਜੀ, ਚਾਚੀ ਜੀ ਕਹਿੰਦੇ ਅਸੀ ਦੋਵੇਂ ਜਾਕੇ ਬਿੰਦ ਬੈਠ ਆਈਏ।”

“ਜਾਓ ਭਾਈ। ਦੁਖ ਵਿਚ ਸ਼ਰੀਕ ਹੋਣਾ ਚਾਹੀਦੈ। ਆਪਦੀ ਮਾਂ ਦਾ ਹਾਲ ਪੱੁਛਲੈ ਤੇ ਚਲੀ ਜਾਹ।”

“ਮਾਂ ਜੀ ਕਿਵੇਂ ਹੋ ਤੁਸੀਂ? ਤੁਹਾਨੂੰ ਕੁਛ ਚਾਹੀਦੈ?” ਲੱਖੋ ਬਾਂਹ ਨੂੰ ਹੱਥ ਲਾਕੇ ਬੋਲੀ “ਬੁਖਾਰ ਤਾਂ ਅੱਗੇ ਨਾਲੋਂ ਘੱਟ ਐ।”

“ਹਾਂ ਹੈਗਾ ਘੱਟ, ਸਿਰ ਤਾਂ ਮੈਥੋਂ ਚੱਕਿਆ ਨੀ ਜਾਂਦਾ। ਖੰਘ ਸਾਹ ਨੀ ਲੈਣ ਦਿੰਦੀ। ਮੈਂ ਤਾਂ ਕਹਿਨੀ ਆਂ ਮੈਂ ਵੀ ਸੱੁਤੀ ਪਈ ਰਹਿਜਾਂ। ਚੱਕ ਲਏ ਹੁਣ ਰੱਬ ਮੈਨੂੰ ਵੀ।”

“ਮੈਨੂੰ ਦੱਸੋ ਮਾਂ ਜੀ ਮੈ ਕੀ ਕਰਾਂ, ਜਾਵਾਂ ਕਿ ਰਹਿਣ ਦਿਆਂ?”

“ਰਹਿਣ ਕਿਉਂ ਦੇਣੈ? ਤੈਂ ਕੀ ਏਥੇ ਵਿਹਲੀ ਨੇ ਘਰੇ ਮੂੰਗੀ ਦਲ਼ਨੀ ਐ? ਮੁੰਡਾ ਸੱੁਤਾ ਪਿਐ। ਦੁੱਧ ਦੀ ਬੋਤਲ ਹੈਥੇ ਰੱਖ ਜਾਹ। ਆਪੇ ਤੇਰਾ ਬਾਪੂ ਸਾਂਭ ਲੂ। ਮੈ ਤਾਂ ਜਿਸ ਦਿਨ ਦੀ ਮੰਜੇ ‘ਚ ਪਈ ਆਂ ਆਪਦੇ ਮਿੱਠੂ ਨੂੰ ਚੁੱਕ ਕੇ ਵੀ ਨਹੀ ਵੇਖਿਆ। ਤੂੰ ਜਾਹ। ਮੇਰੇ ਤਕੜੀ ਹੋਈ ਤੇ ਅਸੀਂ ਆਪੇ ਗੁਰੇ ਨਾਲ ਜਾ ਆਵਾਂਗੇ।” ਐਨਾ ਕਹਿਕੇ ਮਾਈ ਖੰਘਣ ਲੱਗ ਪਈ।

ਲੱਖੋ ਨੂੰ ਲੱਗਿਆ ਕੁੜੀਆਂ ਸਕੂਲੋਂ ਲਿਆਉਣ ਵੇਲੇ ਤੱਕ ਮੁੜਿਆ ਨੀ ਜਾਣਾਂ। ਉਹ ਜੇ-ਜੱਕਾਂ ਕਰ ਰਹੀ ਸੀ ਐਨੇ ਨੂੰ ਫੋਨ ਰਿੰਗ ਹੋਈ: “ਕਾਹਦੀ ਗੱਲ ਐ ਇਕ ਟਾਈਮ ਥੋੜਾ ਐ ਤੇ ਉਧਰੋਂ “ਹੈਲੋ! ਜੀਤ? ਨੀ ਅੜੀਏ! ਤੂੰ ਤਾਂ ਮੇਰੇ ਮਨ ਦੀ ਬੁੱਝ ਲਈ। ਅਛਾ ਬਾਬਾ ਤੂੰ ਦੱਸ ਲੈ ਪਹਿਲਾਂ। ਆਹੀ ਕੁਛ ਤਾਂ ਮੈ ਕਹਿਣਾ ਸੀ ਤੈਨੂੰ, ਬਈ ਸਿੰਨੀ ਮਿੰਨੀ ਨੂੰ ਵੀ ਤੂੰ ਹੀ ਸਕੂਲੋਂ ਲੈਜੀਂ ਅਪਦੇ ਬੱਚਿਆਂ ਨਾਲ। ਲੈ ਹੈ, ਤੇਰੇ ਸਿਰ ਤੇ ਮੈਨੂੰ ਕਾਹਦਾ ਫਿਕਰ ਐ? ਜਿੰਨਾ ਚਿਰ ਮਰਜੀ ਖੇਡ ਲੈਣ। ਮੈਂ ਜਾਂ ਗੁਰਾ ਜਦੋਂ ਕਹੋਂਗੇ, ਲੈਜਾਂ ਗੇ ਆਕੇ। ਕਲ੍ਹ ਨੂੰ ਕਿਹੜਾ ਸਕੂਲ ਜਾਣੈ। ਸੌਰੀ ਜੀਤ! ਮੈਂ ਕਾਹਲ਼ ਵਿਚ ਆਂ। ਸ਼ਾਮ ਨੂੰ ਮਿਲਦੇ ਆਂ। ਓਕੇ, ਬਾਏ।”

ਲੱਖੋ ਨੇ ਸੰਮੋ ਨੂੰ ਖੇਡਾਂ ਦਿੱਤੀਆਂ ਤੇ ਬਾਬੇ ਕੋਲੇ ਬਿਠਾ ਕੇ ਚਲੀ ਗਈ। ਬਾਬਾ ਪੋਤੀ ਦੋਵੇਂ ਖੇਡਣ ਲਗ ਪਏ।

“ਸੰਮਿਆਂ! ਲਿਆ ਪੱੁਤ ਤੇਰਾ ਹੱਥ ਵੇਖਾਂ।” ਸਮੋ ਨੇ ਦੋਵੇਂ ਹੱਥ ਬਾਬੇ ਅਗੇ ਖਿਲਾਰ ਦਿਤੇ। ਬਾਬੇ ਨੇ ਇਕ ਹੱਥ ਫੜ੍ਹਕੇ ਸੰਮੋ ਦੀ ਤਲ਼ੀ ਉਪਰ ਉਂਗਲ਼ ਫੇਰਨੀ ਸੁਰੂ ਕਰ ਦਿਤੀ ਤੇ ਨਾਲ ਨਾਲ ਬੋਲਣਾ: “ਗੁੜ ਦੀ ਰੋੜੀ, ਸ਼ੱਕਰ ਭੋਰੀ, ਦਹੀਂ ਦੀ ਫੱੁਟੀ ਪਾਈ, ਆਈ ਬਿੱਲੀ ਚੱਟ ਗਈ ਤੇ ਸੰਮੋ ਸਾਡੀ ਹੱਸ ਪਈ।” ਕਹਿਕੇ ਬਾਬੇ ਨੇ ਸੰਮੋ ਦੇ ਕੁਤ-ਕਤਾੜੀਆਂ ਕੱਢ ਦਿਤੀਆਂ। ਦੋਵੇਂ ਦਾਦਾ ਪੋਤੀ ਮੱਕੀ ਦੀਆਂ ਖਿੱਲਾਂ ਵਾਂਗ ਖਿੱਲਰ ਗਏ।

ਬਾਬਾ: “ਹੁਣ ਸੰਮਿਆ, ਆਪਾਂ ਕਿਹੜੀ ਖੇਡ ਖੇਡੀਏ?”

“ਬਾਬਾ ਜੀ ਮੈਂ ਘੋਲੇ ‘ਤੇ ਚਲਨੈ।”

“ਅਛਾ, ਆ ਬੈਠ ਘੋੜੇ ਉਤੇ।” ਬਾਬੇ ਨੇ ਸੰਮੋ ਨੂੰ ਸਪਰਿੰਗਾਂ ਵਾਲੇ ਘੋੜੇ ‘ਤੇ ਬਿਠਾ ਕੇ ਉਪਰੋਂ ਦਬਾ ਦਿਤਾ, ਤਾਂ ਘੋੜਾ ਘੋੜੇ ਦੀ ਚਾਲ ਵਾਂਗ ਚਲਣ ਲਗ ਪਿਆ।

ਬਾਬਾ: “ਤੱਤਾ ਤੱਤਾ ਘੋੜਿਆ, ਗੁਲਾਬੀ ਫੁੱਲ ਤੋੜਿਆ।”

ਸੰਮੋ: “ਤੱਤਾ ਤੱਤਾ ਘੋਲਿਆ, ਗਾਬੀ ਫੁਲ ਤੋਲਿਆ।” ਐਨੇ ਨੂੰ ਹੀਰਾ ਜਾਗ ਪਿਆ। ਬਾਬਾ ਹੀਰੇ ਨੂੰ ਚੱੁਕ ਕੇ ਵਰਾਉਣ ਲਗ ਪਿਆ। ਸੰਮੋ ਬੇਧਿਆਨੀ ਹੋ ਗਈ। ਕਿਚਨ ਵਿਚ ਜਾਕੇ ਪਤੀਲੇ ਕੜਛੀਆਂ ਤੇ ਡੱਬੇ ਕੱਢਕੇ ਆਪਣੇ ਉਦਾਲੇ ਢੇਰ ਲਾ ਲਿਆ। ਆਟਾ ਕੱਢਕੇ ਸਾਰੇ ਖਿਲਾਰ ਦਿਤਾ। ਮੂੰਹ ਸਿਰ ਭਰ ਲਿਆ। ਆਂਡਿਆਂ ਦੀ ਦਰਜਨ ਕੱਢ ਕੇ ਸਾਰੇ ਭੰਨ ਸੁਟੇ। ਕੁਛ ਫਲੋਰ ‘ਤੇ, ਤੇ ਕੁਛ ਆਪਦੇ ਉਪਰ ਥੱਪ ਲਏ। ਬਾਬੇ ਨੇ ਅਵਾਜਾਂ ਮਾਰੀਆਂ ਪਰ ਉਹ ਤਾਂ ਮਸਤ ਸੀ ਆਪਦੇ ਕੰਮਾਂ ਵਿਚ।

ਲੱਖੋ ਨੇ ਵਾਪਸ ਆਉਣ ਤੇ ਵੇਖਿਆ ਤਾਂ ਉਹਦੀ ਸ਼ਕਲ ਤੱਕ ਕੇ ਹਾਸਾ ਵੀ ਆਇਆ ਤੇ ਗੁੱਸਾ ਵੀ। ਕੋਲੇ ਆਈ ਤਾਂ ਆਂਡਿਆਂ ਦਾ ਘਾਣ ਵੱਜਿਆ ਪਿਆ।

“ਓਹ ਹੋ! ਇਹ ਕੀ ਕੀਤੈ ਸੰਮੀਏ ਘੜੰਮੀਏ?” ਝਿੜਕ ਮਿਲਣ ਤੇ ਸੰਮੋ ਨੇ ਘਰ ਸਿਰ ‘ਤੇ ਚੁੱਕ ਲਿਆ।

“ਮੈਂ ਲੋਟੀ ‘ਕਾਉਂਦੀ ਸੀ ਨਾਲੇ ਸਵਜੀ ਬਂੌਂਦੀ ਸੀ।” ਉਹ ਰੋਂਦੀ ਰੋਂਦੀ ਬੋਲੀ।

“ਵੇਖ ਕਿਵੇਂ ਸੰਘ ਟੱਡਿਐ। ਕਿਸੇ ਵੇਲੇ ਮਾਂ ਨੂੰ ਨਾ ਦੋ ਘੜੀਆਂ ਸਾਹ ਲੈਣ ਦਿਉ।” ਚਲ ਬਾਥਰੂਮ ਵਿਚ ਫੇਰ ਨੁਹਾਵਾਂ।” ਲੱਖੋ ਨੇ ਸਾਰਾ ਖਲ੍ਹਾਰਾ ਸਮੇਟਿਆ। ਜਾਕੇ ਪਾਣੀ ਛਡਣ ਲਗੀ ਤਾਂ ਤੇਲ ਵਾਲੀ ਸਾਰੀ ਸੀਸੀ ਟੱਬ ਵਿਚ ਡੁਲ੍ਹੀ ਪਈ। ਉਹਨੇਂ ਆਪਦੇ ਮੱਥੇ ਤੇ ਹੱਥ ਮਾਰਿਆ। “ਹੈਹਾਏ ਸੰਮੀਏ, ਮਰਜੇ ਤੇਰੀ ਮਾਂ, ਇਹ ਕੀ ਕੀਤੈ?”

“ਮੈਂ ਕਲੀਲ ਕਲਦੀ ਸੀ।” ਸੰਮੋ ਹੌਕੇ ਭਰਦੀ ਨੇ ਜਵਾਬ ਦਿਤਾ। ਅੰਦਰੋਂ ਮਾਂ ਜੀ ਦੀ ਅਵਾਜ ਆਈ,

“ਕੁੜੇ ਬਹੂ ਕਿਉਂ ਨਿਆਣਿਆ ਦਾ ਚੰਮ ਲਾਹੁਣ ਲੱਗੀਂ ਐ? ਕੰਮ ਨੀ ਕੋਈ ਧੰਦਾ ਨੀ, ਐਵੇਂ ਮੱਚੀ ਰਹਿਨੀ ਅਂੈਂ। ਆਹ ਲੈ ਦੇਕੇ ਚਾਰ ਨਿਆਣੇ ਐ, ਉਹ ਨੀ ਤੈਥੋਂ ਪਾਲ਼ ਹੁੰਦੇ? ਅਹੂੰ! ਅਹੂੰ!” ਮਾਂ ਜੀ ਖੰਘਦੀ ਖੰਘਦੀ ਫਿਰ ਬੋਲੀ, “ਨੀ ਅਸੀਂ ਸਤ ਸਤ ਅਠ ਅਠ ਨਿਆਣੇ ਪਾਲੇ ਐ। ਤੂੰ ਕੋਈ ਅਨੋਖੇ ਪਾਲਦੀ ਐਂ? ਲੋਕਾਂ ਦੀਆਂ ਨੂੰਹਾਂ ਧੀਆਂ ਨਾਲੇ ਬਾਹਰ ਕੰਮ ਕਰਕੇ ਆਉਂਦੀਆਂ ਨਾਲੇ ਘਰ ਸਾਂਭਦੀਆਂ।”

ਮਾਂ ਜੀ ਦੇ ਬੋਲਾਂ ਨਾਲ ਲੱਖੋ ਝੰਜੋੜੀ ਜਿਹੀ ਗਈ। ਅੰਦਰਲੇ ਉਠੇ ਧੂੰਏਂ ਨੂੰ ਅੰਦਰੇ ਨੱਪ ਕੇ ਤੇਲੋ ਤੇਲ ਹੋਏ ਟੱਬ ਨੂੰ ਸਾਫ ਕਰਨ ਲਗ ਪਈ। ਉਹ ਸੰਮੋ ਨੂੰ ਨੁਹਾ ਕੇ ਕੱਪੜੇ ਪਾ ਰਹੀ ਸੀ ਐਨੇ ਨੂੰ ਮੁੰਡਾ ਰੋਣ ਲੱਗ ਪਿਆ।

“ਲਖਬੀਰ ਭਾਈ ਆਹ ਹੀਰੇ ਨੂੰ ਫੜ੍ਹੀ ਕੇਰਾਂ ਛੇਤੀ ਦੇਣੇ। ਸਹੁਰੇ ਨੇ ਡੈਂਪਰ ਗੰਦਾ ਕਰ ਲਿਆ। ਮੇਰੇ ਕਪੜੇ ਵੀ ਖਰਾਬ ਹੋਗੇ।” ਲੱਖੋ ਨੇ ਜਲਦੀ ਨਾਲ ਕੁੜੀ ਨੂੰ ਪਾਸੇ ਕਰਕੇ ਮੁੰਡੇ ਨੂੰ ਜਾ ਫੜ੍ਹਿਆ। ਉਹਨੂੰ ਸਾਫ਼ ਕੀਤਾ। ਬਾਪੂ ਜੀ ਦੇ ਕਪੜੇ ਤੇ ਨਾਲ ਬਿਸਤਰਾ ਵੀ ਦੋਵੇਂ ਬਦਲਣੇ ਪਏ। ਸਾਰੇ ਲੀੜੇ ਹੱਥਾਂ ਨਾਲ ਸਾਫ਼ ਕਰਕੇ ਮਸ਼ੀਨ ਵਿਚ ਪਾਏ। ਹੀਰੇ ਤੇ ਸੰਮੋ ਨੂੰ ਖੁਆਇਆ ਦੱੁਧ ਪਿਆਇਆ। ਰੋ ਕੇ ਥੱਕੇ ਦੋਵੇਂ ਬੱਚੇ ਖਾ ਪੀ ਕੇ ਸੌਂ ਗਏ। ਉਸਨੇ ਬਜ਼ੁਰਗਾਂ ਤੇ ਆਪਣੇ ਲਈ ਚਾਹ ਧਰੀ। ਕੱਪਾਂ ‘ਚ ਪਾਉਣ ਲੱਗੀ ਤਾਂ ਫ਼ੋਨ ਖੜਕ ਪਿਆ।

“ਹੈਲੋ! ਚਾਰ ਵਜਗੇ ਅਜੇ ਛੱੁਟੀ ਨੀ ਹੋਈ? ਪੱਬ ਚਲੇ ਗਏ? ਅਛਾ! ਹਾਂ, ਮੈਨੂੰ ਪਤੈ, ਤੈਨੂੰ ਕਲ੍ਹ ਨੂੰ ਛੁੱਟੀ ਐ। ਮੈਂ ਸਮਝ ਗਈ। ਮੇਰੇ ਤੋਂ ਵੱਧ ਕੌਣ ਜਾਣ ਸਕਦੈ। ਓਕੇ ਮੌਜ ਕਰੋ, ਬਾਏ।”

“ਮੈਂ ਥੱਕਿਆ ਸੀ। ਅਸੀ ਰਲੇ ਰਲਾਏ ਥਕਾਵਟ ਲਾਹੁਣ ਲਈ ਪਬ ਚਲੇ ਗਏ। ਦੋ ਬੰਦਿਆ ਲਈ ਰੋਟੀ ਤੇ ਮੀਟ ਬਣਾ ਛੱਡੀਂ। ਦੋਸਤਾਂ ਨੇ ਮੇਰੇ ਨਾਲ ਆਉਣੈ।”

ਲੱਖੋ ਕੰਮਾਂ ਨਾਲੋਂ ਜ਼ਿਆਦਾ ਫ਼ੋਨ ਸੁਣ ਕੇ ਥੱਕ ਗਈ। ਸੋਚਾਂ ‘ਚ ਘਿਰੀ ਹੋਈ ਨੇ ਉਠ ਕੇ ਚਾਹ ਕਪਾਂ ਵਿਚ ਪਾਈ ਤੇ ਅੰਦਰ ਬਾਪੂ ਜੀ ਤੇ ਮਾਂ ਜੀ ਨੂੰ ਦੇ ਆਈ। ਆਪਦੀ ਚਾਹ ਦਾ ਕਪ ਬੈਠ ਕੇ ਪੀਣ ਲਗੀ ਤਾਂ ਮਾਂ ਜੀ ਨੂੰ ਐਸਾ ਹੱਥੂ ਆਇਆ ਕਿੰਨੀ ਦੇਰ ਸਾਹ ਨਾ ਮੁੜਿਆ। ਅੱਖਾਂ ਖੜ੍ਹ ਗਈਆਂ। ਬਥੇਰੀ ਪਿਠ ਮਲ਼ੀ, ਪਾਣੀ ਮੂੰਹ ਵਿਚ ਪਾਇਆ ਪਰ ਮਾਂ ਉਖੜੇ ਸਾਹ ਹੀ ਰਹੀ। ਲੱਖੋ ਨੇ ਤੱਤ ਫੱਟ ਮਾਂ ਜੀ ਨੂੰ ਕਾਰ ਵਿਚ ਪਾਇਆ ਤੇ ਵਾਕ-ਇਨ-ਕਲੀਨਿਕ ਵਿਚ ਲੈ ਗਈ। ਡਾਕਟਰ ਨੇ ਮਾਂ ਜੀ ਦੀ ਛਾਤੀ ਬੁਰੀ ਤਰ੍ਹਾਂ ਜੁੜੀ ਹੋਈ ਦੱਸੀ। ਮਾਂ ਜੀ ਨੂੰ ਘਰ ਛਡਕੇ ਲੱਖੋ ਸਟੋਰ ਬੰਦ ਹੋਣ ਤੋਂ ਪਹਿਲਾਂ ਦੁਆਈਆਂ ਲੈਣ ਚਲੀ ਗਈ। ਉਹਦੇ ਮੁੜਦੀ ਨੂੰ ਗੁਰਾ ਆਪਦੇ ਦੋਸਤਾਂ ਨਾਲ ਘਰੇ ਆਇਆ ਹੋਇਆ ਸੀ। ਅੰਦਰ ਨ੍ਹਾਉਣ ਵੜਿਆ ਤਾਂ ਹੁੱਕ ਅਜੇ ਵੀ ਉਵੇਂ ਉਖੜੀ ਹੋਈ ਸੀ। ਕਿਚਨ ਵਿਚ ਗਿਆ ਤਾਂ ਮੀਟ ਵੀ ਨਹੀਂ ਬਣਿਆ ਸੀ। ਲੱਖੋ ਆਕੇ ਮਾਂ ਜੀ ਬਾਰੇ ਗੱਲ ਕਰਨ ਹੀ ਲੱਗੀ ਸੀ ਕਿ ਅਗੋਂ ਗੁਰਾ ਬੋਲ ਪਿਆ:

“ਮੈਂ ਤੈਨੂੰ ਮੀਟ ਬਣਾਉਣ ਲਈ ਕਿਹਾ ਉਹ ਵੀ ਨਹੀਂ ਬਣਿਆ। ਮੇਰੀ ਪੈਂਟ ਦੀ ਹੱੁਕ ਵੀ ਉਵੇਂ ਉਖੜੀ ਪਈ ਐ। ਮੈਨੂੰ ਸਮਝ ਨੀ ਆਉਂਦੀ ਤੂੰ ਸਾਰਾ ਦਿਨ ਘਰੇ ਵਿਹਲੀ ਕਰਦੀ ਕੀ ਰਹਿਨੀ ਐ?”

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ: 2003)
(ਦੂਜੀ ਵਾਰ 20 ਸਤੰਬਰ 2021)

***
378
***

About the author

ਅੰਮ੍ਰਿਤ ਮਾਨ
(604) 436 0251 | dmann@shaw.ca | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Amrit Mann
5980 Empress Avenue,
Burnaby, B.C.
Canada
V5E 2S2

ਅੰਮ੍ਰਿਤ ਮਾਨ

Amrit Mann 5980 Empress Avenue, Burnaby, B.C. Canada V5E 2S2

View all posts by ਅੰਮ੍ਰਿਤ ਮਾਨ →