28 April 2024

ਇਨਸਾਨ ਬਣੀਏ – ਕੇਹਰ ਸ਼ਰੀਫ਼

ਦੋ ਸ਼ਬਦ

ਕੇਹਰ ਸ਼ਰੀਫ਼ (ਜਰਮਨੀ) ਦੀਆਂ ‘ਲਿਖਾਰੀ’ ਵਿੱਚ ਹੁਣ ਤੱਕ ਬਹੁਤ ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ‘ਕੁੱਜੇ ਵਿੱਚ ਸਮੁੰਦਰ ਬੰਦ’ ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।
ਕੇਹਰ ਸ਼ਰੀਫ ਵਲੋਂ ਲਿਖੀ ਇੱਕ ਹੋਰ ਰਚਨਾ 
‘ਇਨਸਾਨ ਬਣੀਏ‘  ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।’

– ਲਿਖਾਰੀ   ( ਜਨਵਰੀ 2009) 

ਸਮੇਂ ਨਾਲ ਸੰਵਾਦਇੱਕੀਵੀ ਸਦੀ ਦੇ ਸ਼ੁਰੂ ਹੋਣ ਵੇਲੇ ਹਰ ਪਾਸੇ ਬਹੁਤ ਹੀ ਸ਼ੋਰ ਭਰਿਆ ਰੌਲ਼ਾ ਸੀ, ਉਤਸ਼ਾਹ ਪੂਰਵਕ ਰੌਲ਼ਾ। ਇਸ ਮੌਕੇ ’ਤੇ ਮਿਲੇਨੀਅਮ ਪਾਰਟੀਆਂ-ਮੇਲਿਆਂ ਅਤੇ ਢੋਲ-ਢਮੱਕਿਆਂ ਦੀ ਆਵਾਜ ਉੱਚੀ ਕਰਨ ਦੇ ਬੇਲੋੜੇ ਪਰ ਬੇਥਾਅ ਜਤਨ ਕੀਤੇ ਗਏ ਸਨ। ਭਾਵੇਂ ਕਿ ਇਨ੍ਹਾਂ ਦੀ ਬਹੁਤ ਲੋੜ ਨਹੀਂ ਸੀ। ਭੁੱਖੇ ਅੱਗੇ ਸਵਾਲ ਪਾਇਆਂ ਜਵਾਬ ਰੋਟੀ ਹੀ ਹੋਣਾ ਹੁੰਦਾ ਹੈ। ਦੋ ਡੰਗ ਦੀ ਪੇਟ ਭਰ ਕੇ ਰੋਟੀ ਲਈ ਤਰਸਦੇ ਲੋਕਾਂ ਨੂੰ ਮਿਲੇਨੀਅਮ ਪਾਰਟੀਆਂ ਨਾਲ ਹੋਰ ਸ਼ਰਮਿੰਦਾ ਕਰਨ ਦੇ ਯਤਨ ਵੀ ਕੀਤੇ ਗਏ ਸਨ? ਮੌਕਾ ਸ਼ੁਭ ਇਸ ਕਰਕੇ ਸੀ ਕਿ ਅਸੀਂ ਇੱਕਵੀ ਸਦੀ ਦੀ ਸ਼ੁਰੂਆਤ ਵੇਲੇ ਮੌਕੇ ਦੇ ਗਵਾਹ ਸਾਂ। ਇਹ ਮੌਕਾ ਸ਼ਾਇਦ ਹਰ ਇਨਸਾਨੀ ਪੀੜ੍ਹੀ ਦੇ ਹਿੱਸੇ ਨਹੀਂ ਆਉਂਦਾ ।

ਇਸ ਮੌਕੇ ਸਵਾਲ ਉੱਚੇ ਕੀਤੇ ਜਾਣੇ ਜਰੂਰੀ ਸਨ ਅਤੇ ਕੀਤੇ ਵੀ ਗਏ ਸਨ ਕਿ ਕੀ ਵੀਹਵੀਂ ਸਦੀ ਦੇ ਬੀਤਣ ਤੇ ਇੱਕੀਵੀਂ ਸਦੀ ਦੇ ਸ਼ੁਰੂ ਹੋਣ ਨਾਲ ਕੁਝ ਚੰਗਾ ਵੀ ਵਾਪਰੇਗਾ? ਸਾਡੀਆਂ ਭਵਿੱਖੀ ਸ਼ੁਭ ਇੱਛਾਵਾ ਨੂੰ ਬੂਰ ਪਵੇਗਾ? ਜਾਂ ਕੀ ਇਹ ਸ਼ੁਭ ਇੱਛਾਵਾਂ ਸ਼ੁਭ ਸ਼ਗਨਾਂ ਵਰਗੀਆਂ ਬਣਨਗੀਆਂ? ਕੀ ਅਸੀਂ ਇਸ ਯੋਗ ਵੀ ਹਾਂ ਕਿ ਸਦੀ ਦੀ ਪਹਿਲੀ ਤੋਰ ਨੂੰ ਸੋਧ ਕੇ ਚੰਗੇ ਪਾਸੇ ਵਲ ਮੋੜ ਦੇ ਸਕੀਏ? ਅੱਜ ਲੋੜਾਂ ਦੀ ਲੋੜ ਮਨੁੱਖੀ ਸੂਝ ਦੀ ਸੁਚੱਜੀ ਤੇ ਈਮਾਨਦਾਰ ਵਰਤੋਂ ਅਤੇ ਉਸ ਦੇ ਸਿੱਟਿਆਂ ਨੂੰ ਹਾਂਅ–ਪੱਖੀ ਮੋੜ ਦੇਣਾ ਹੈ। ਲੋੜ ਹੈ ਭਰੋਸੇ ਅਤੇ ਹੌਸਲੇ ਵਾਲੇ ਪਾਸੇ ਤੁਰਨ ਦੀ ਅਤੇ ਅੱਗੇ ਵਧਣ ਲਈ ਹੋਸ਼ਮੰਦ ਕਦਮਾਂ ਦੀ। ਗੰਭੀਰਤਾ ਇਸ ਵਾਸਤੇ ਲਾਜਮੀ ਸ਼ਰਤ ਹੈ। ਪਰ ਦੇਖਣਾ ਇਹ ਹੈ ਕਿ ਕਿੰਨੇ ਕੁ ਸਿਆਣੇ ਲੋਕ ਜੁੜਨਗੇ, ਜੋ ਅਜਿਹੇ ਜਤਨਾਂ ਵਾਸਤੇ ਗੰਭੀਰਤਾ ਭਰੀ ਦਿਲਚਸਪੀ ਨਾਲ ਜਤਨਸ਼ੀਲ ਹੋਣਗੇ। ਅਪਣੇ ਆਪ ਜਾਂ ਸਿਰਫ ਚਾਹੁਣ ਨਾਲ ਤਾਂ ਕੁਝ ਵੀ ਨਹੀਂ ਬਦਲ ਸਕਦਾ । ਇਸ ਵਾਸਤੇ ਹਰਕਤ ਲੋੜੀਂਦੀ ਹੈ ।

ਬੀਤ ਗਈ ਸਦੀ ਬਹੁਤ ਹੀ ਹਲਚਲ ਭਰਭੂਰ ਸੀ। ਚੰਗੀਆਂ ਮੰਦੀਆਂ ਬਹੁਤ ਸਾਰੀਆਂ ਘਟਨਾਵਾਂ ਇਤਿਹਾਸ ਦੇ ਸਫੇ ਤੇ ਤੇਜ ਧੁੱਪ ਨਾਲ ਚਮਕਦੇ ਸੂਰਜ ਵਾਂਗ ਚਮਕੀਆਂ ਅਤੇ ਫੇਰ ਕਈ ਅਲੋਪ ਹੋ ਗਈਆਂ, ਪਰ ਉਹ ਸਦੀ ਦੇ ਇਤਿਹਾਸ ਨਾਲ ਜੁੜੀਆਂ ਰਹਿਣਗੀਆਂ। ਅਜਿਹੇ ਹਾਂਅ-ਪੱਖੀ ਤੇ ਨਾਂਹ-ਪੱਖੀ ਬੀਤ ਗਏ ਵਰਤਾਰੇ ਲੋਕਾਈ ਦੀ ਬਹਿਸ ਦਾ ਵਿਸ਼ਾ ਬਣਦੇ ਰਹੇ ਹਨ ਅੱਗੇ ਵੀ ਬਣਦੇ ਰਹਿਣਗੇ।

ਉਂਜ ਵੀ ਭਵਿੱਖ ਨੂੰ ਰੌਸ਼ਨ ਕਰਨ ਵਾਸਤੇ ਇਤਿਹਾਸ ਨੂੰ ਦਲੀਲ ਭਰੀ ਹਾਂਅ-ਪੱਖੀ ਜਾਂ ਕਹੀਏ ਕਿ ਤਰਕਸ਼ੀਲ ਸੋਚ ਰਾਹੀਂ ਰਿੜਕਦੇ ਰਹਿਣਾ ਚਾਹੀਦਾ ਹੈ ਤਾਂ ਜੋ ਹੋ ਗਈਆਂ ਭੁੱਲਾਂ, ਰਹਿ ਗਈਆਂ ਘਾਟਾਂ ਤੋਂ ਸਬਕ ਸਿੱਖਿਆ ਜਾ ਸਕੇ। ਆਪਣੀਆਂ ਗਲਤੀਆਂ ਜਾਂ ਘਾਟਾਂ ਨੂੰ ਸੋਧ ਕੇ ਅੱਗੇ ਤੁਰਨ ਵਾਲੇ ਹਮੇਸ਼ਾ ਹੀ ਮੰਜਿ਼ਲਾਂ ਤੇ ਪਹੁੰਚਣ ਲਈ ਜਤਨਸ਼ੀਲ ਰਹਿੰਦੇ ਹਨ। ਜਤਨਸ਼ੀਲ ਰਹਿਣਾ ਸਿਰਜਣਾ ਵਾਸਤੇ ਲਾਜਮੀ ਸ਼ਰਤ ਹੁੰਦੀ ਹੈ। ਸਿਰਜਣਾਤਮਕ ਸ਼ਕਤੀ ਇਸ ਸੰਸਾਰ ਦੇ ਪਹੀਏ ਨੂੰ ਅੱਗੇ ਤੋਰਦੀ ਹੈ । ਹਰ ਰੋਸ਼ਨ ਦਿਮਾਗ ਇਨਸਾਨ ਇਸ ਦਾ ਇਛੁੱਕ ਹੈ ।

ਬੀਤ ਗਈ ਸਦੀ ਹੀ ਸੀ, ਜਦੋਂ ਬੇਕਸੂਰ ਮਨੁੱਖਾਂ ਦੀ ਤਬਾਹੀ ਵਾਸਤੇ ਦੋ ਸੰਸਾਰ ਜੰਗਾਂ ਤੇ ਹਜਾਰਾਂ ਹੀ ਹੋਰ ਛੋਟੀਆਂ ਜੰਗਾਂ (ਅਤੇ ਘਰੇਲੂ ਯੁੱਧਾਂ) ਰਾਹੀਂ ਮਨੁੱਖੀ ਮਾਨਸਿਕਤਾ ਨੂੰ ਵਾਰ ਵਾਰ ਜਖ਼ਮੀ ਕੀਤਾ ਗਿਆ। ਜਦੋਂ ਧਰਮਾਂ ਵਾਲਿਆਂ ਨੇ ਮਨੁੱਖੀ ਭਰੱਪਣ, ਇਨਸਾਨੀ ਦੋਸਤੀ ਅਤੇ ਮੁਹੱਬਤ ਦੇ ਅਰਥਾਂ ਨੂੰ ਕਤਲ ਕਰਨ ਵਾਲੇ ਜਹਾਦ ਛੇੜੇ। ਸਿਆਸੀ ਧੌਂਸ ਤੇ ਬਦਮਾਸ਼ੀ ਰਾਹੀਂ ਕਿਸੇ ਦਾ ਸਿਰ ਨਵਾਂ ਕਰਨ ਵਾਸਤੇ ਪਸ਼ੂਪੁਣੇ ਵਾਲੀ ਬਿਰਤੀ ਅਪਣਾਈ ਅਤੇ ਐਟਮ ਬੰਬ ਸੁੱਟ ਕੇ ਹੀਰੋਸ਼ੀਮਾਂ ਤੇ ਨਾਗਾਸਕੀ ਵਰਗੇ ਬਦਨੁਮਾ ਧੱਬੇ ਇਤਿਹਾਸ ਦੀ ਹਿੱਕ ਤੇ ਦਾਗ ਦਿੱਤੇ। ਜਦੋਂ ਵੱਖਰੇ ਧਰਮ ਰਾਹੀਂ ਆਪਣੀ ਵੱਖਰੀ ਹੋਂਦ, ਪਹਿਚਾਣ ਤੇ ਅਕੀਦਾ ਰੱਖਣ ਵਾਲਿਆਂ ਨੂੰ ਸਿਆਸੀ ਹਵਸ ਨਾਲ ਭਰਪੂਰ ਸੰਸਾਰ ਜਿਤੱਣ ਦੇ ਫੁਕਰੇਪਣ ਵਾਲੇ ਸੁਪਨੇ ਸਿਰਜਣ ਵਾਲੇ ਨਾਜ਼ੀਵਾਦੀਆਂ ਨੇ 65 ਲੱਖ ਤੋਂ ਵੀ ਜਿ਼ਆਦਾ ਗਿਣਤੀ ਵਿੱਚ ਯਹੂਦੀ ਬੱਚਿਆਂ, ਬੁੱਢਿਆਂ, ਜਵਾਨ ਧੀਆਂ, ਮਾਂਵਾਂ ਦਾ ਲਿਹਾਜ ਕੀਤੇ ਬਿਨਾਂ ਸਿਰੇ ਦੀ ਦਰਿੰਦਗੀ ਦਾ ਨਾਚ ਨੱਚਦਿਆਂ ਜੀਊਂਦਿਆਂ ਨੂੰ ਗੈਸ ਭੱਠੀਆਂ ਵਿਚ ਸੁੱਟ ਕੇ ਫੂਕਿਆ ਸੀ ਤਾਂ ਉਨ੍ਹਾਂ ਸੰਸਾਰ ਇਤਿਹਾਸ ਦੇ ਸਫੇ ਤੇ ਮਨੁੱਖੀ ਪਸ਼ੂਪੁਣੇ ਅਤੇ ਦਰਿੰਦਗੀ ਦਾ ਸੋਗ ਭਰਿਆ ਕਾਲਾ ਧੱਬਾ ਚਿਪਕਾ ਦਿੱਤਾ ਸੀ। ਕਦੇ ਫੇਰ ਅਜਿਹੇ ਹੀ ਨਫਰਤ ਭਰੇ ਗੈਰ-ਇਨਸਾਨੀ ਵਰਤਾਰੇ ਨੇ ਇਸ ਹੀ ਸਦੀ ਦੇ ਅਖੀਰਲੇ ਪਹਿਰੀਂ ਜਿੳਂੂਦਿਆਂ ਦੇ ਗਲ਼ਾਂ ਵਿਚ ਸੜਦੇ ਟਾਇਰ ਪਾ ਕੇ ਇਨਸਾਨਾਂ ਨੂੰ ਮਾਰ ਮੁਕਾਇਆ, ਮਾਂਵਾਂ, ਭੈਣਾਂ ਦੀਆਂ ਇੱਜਤਾਂ ਰੋਲੀਆਂ ਸੁਹਾਗ ਉਜਾੜੇ, ਬੱਚਿਆਂ ਨੂੰ ਸਦਾ ਵਾਸਤੇ ਯਤੀਮ ਬਣਾ ਦਿੱਤਾ ਗਿਆ। ਕੀ ਕੁੱਝ ਨਹੀ ਵਾਪਰਿਆ? ਰੱਬ ਦੇ ਭਗਤ ਹੀ ਰੱਬ ਦੇ ਘਰ ਢਾਹੁੰਦੇ ਰਹੇ। ਆਪਣੇ ਹੀ ਇਸ਼ਟ ਦੀ ਇਜੱਤ ਨਾਲ ਖੇਡਦੇ ਰਹੇ । ਕਿਹੜਾ ਰੱਬ ਤੇ ਕਿਸਦੇ ਇਹ ਭਗਤ? ਕੀ ਕੋਈ ਧਰਮੀ ਕਹਾਉਣ ਵਾਲਾ ਵੀ ਇਹੋ ਜਹੀ ਕਰਤੂਤ ਕਰ ਸਕਦਾ ਹੈ? ਕੀ ਇਹੋ ਜਹੇ ਲੋਕ ਵੀ ਇਨਸਾਨ ਕਹਾਉਣ ਦੇ ਹੱਕਦਾਰ ਹੋ ਸਕਦੇ ਹਨ?

ਕਦੇ ਮੁਲਕਾਂ ਦੀਆਂ ਵੰਡਾਂ, ਵੰਡ-ਵੰਡਾਰਿਆਂ, ਧਰਤੀ ਦੇ ਛੋਟੇ ਛੋਟੇ ਹਿੱਸਿਆਂ ’ਤੇ ਕਬਜੇ ਦੀ ਹਵਸ ਨੇ ਮਨੁੱਖ ਨੂੰ ਮਨੁੱਖ ਨਾ ਰਹਿਣ ਦਿੱਤਾ। ਨਵੀਆਂ ਵੰਡੀਆਂ ਨੇ ਮਨੁੱਖਤਾ ਦੇ ਨਵੇਂ ਪੈਮਾਨੇ ਕਾਇਮ ਕੀਤੇ। ਮਨੁੱਖਾਂ ਦੇ ਅੰਦਰ ਵਸਦੀ ਸਿਆਸੀ, ਆਰਥਿਕ ਭੁੱਖ ਨੇ ਉਨ੍ਹਾਂ ਨੂੰ ਹਾਵੜਪੁਣੇ ਦੇ ਵੱਸ ਪਾ ਦਿੱਤਾ ਅਤੇ ਉਹ ਨਿੱਘਰਦਾ ਗਿਆ, ਕਾਫੀ ਸਾਰੇ ਮਨੁੱਖੀ ਸਰੂਪ ਵਿੱਚ ਦੈਂਤ ਬਣ ਕੇ ਵਿਚਰਦੇ ਰਹੇ । ਵਾਰ ਵਾਰ ਮਨੁੱਖੀ ਰੂਹ ਕਤਲ ਕੀਤੀ ਜਾਂਦੀ ਰਹੀ। ਨੇਕੀ ਨੂੰ ਬਦੀ ਵੱਲੋਂ ਲਤਾੜਿਆ ਜਾਂਦਾ ਰਿਹਾ, ਪਰ ਇਹ ਜਰਵਾਣੇ ਭੁੱਲਦੇ ਰਹੇ ਕਿ ਕਦੇ ਨੇਕੀ ਵੀ ਹਾਰੀ ਹੈ?

ਬੀਤ ਗਈ ਸਦੀ ਹੀ ਸੀ, ਜਦੋ ਅਸੱਭਿਅਕ ਸਾਮਰਾਜੀਆਂ ਵੱਲੋ ਕੂਟਨੀਤਕ ਚਾਲਾਂ, ਧੱਕੇ ਤੇ ਗੁੰਡਾਗਰਦੀ ਨਾਲ ਦੂਜਿਆਂ ਮੁਲਕਾਂ ਨੂੰ ਆਪਣੀਆਂ ਬਣਾਈਆਂ ਬਸਤੀਆਂ ਦੇ ਹੋਸ਼ਮੰਦ ਲੋਕ ਜਾਗੇ ਤੇ ਬਹੁਤਿਆਂ ਨੇ ਆਪਣੇ ਗਲੋਂ ਗੁਲਾਮੀ ਦਾ ਜੂਲ਼੍ਹਾ ਲਾਹ ਸੁੱਟਿਆ। ਆਜਾਦੀ ਪ੍ਰਾਪਤ ਕਰਕੇ ਆਪਣੇ ਚੰਗੇ ਮਾੜੇ ਰਾਜ ਕਾਇਮ ਕੀਤੇ। ਇਹੋ ਸਦੀ ਹੀ ਸੀ, ਜਦੋ ਸਿਆਸੀ ਪੱਧਰ ’ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਿਆ ਗਿਆ। ਲੰਬੇ ਸੰਘਰਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਵੋਟ ਦਾ ਹੱਕ ਮਿਲਿਆ। ਜਦੋਂ ਤਕੜੇ ਤੋਂ ਕਮਜ਼ੋਰ ਮੁਲਕਾਂ ਦੀ ਰਾਖੀ, ਅਤੇ ਆਪਸੀ ਝਗੜੇ ਅਮਨ ਪੂਰਵਕ ਨਿਪਟਾਉਣ ਵਾਸਤੇ ਸੰਯੁਕਤ ਰਾਸ਼ਟਰ ਤੇ ਹੋਰ ਬਹੁਤ ਸਾਰੇ ਕੌਮਾਂਤਰੀ ਅਦਾਰੇ ਕਾਇਮ ਹੋਏ ।

ਇਸ ਸਦੀ ਅੰਦਰ ਹੀ ਇਸ ਧਰਤੀ ਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਹੋਈ। ਹੱਥੀਂ ਕਿਰਤ ਕਰਨ ਵਾਲਿਆਂ ਦਾ ਆਪਣਾ ਰਾਜ ਕਾਇਮ ਹੋਇਆ। ਪਰ, ਪੌਣੀ ਸਦੀ ਬਾਅਦ ਹੀ ਇਸ ਮਨੁੱਖੀ ਭਲੇ ਵਾਲੇ ਸਮਾਜਵਾਦੀ ਪ੍ਰਬੰਧ ਦੇ ਨਿਘਾਰ ਕਰਕੇ ਇਸਦੇ ਅੰਤ ਦਾ ਵਾਪਰ ਜਾਣਾ ਖੁਸ਼ੀ ਨੂੰ ਸੋਗ ਵਿੱਚ ਬਦਲ ਗਿਆ। ਕੁੱਲ ਲੋਕਾਈ ਦਾ ਭਲਾ ਕਰਨ ਵਾਲੇ ਫਲਸਫੇ/ਵਿਚਾਰਧਾਰਾ ਦੇ ਪੈਰੋਕਾਰ ਆਖਰ ਛੋਟੀ ਮਾਨਸਿਕਤਾ ਦੇ ਮਾਲਕ ਕਿਵਂੇ ਬਣ ਬੈਠੇ? ਕਿਉਂ ਉਨ੍ਹਾਂ ਦੇ ਅੰਦਰੋਂ ਨਵੇਂ ਤੇ ਸੁਚੱਜੇ ਮਨੁੱਖ ਦੀ ਸਿਰਜਣਾ ਦਾ ਸੁਪਨਾ ਮਰ ਮੁੱਕ, ਸੁੱਕ ਗਿਆ। ਇਸ ਸੋਚ ਦੇ ਪੈਰੋਕਾਰਾਂ ਦੇ ਮਨਾਂ ਅੰਦਰ ਘੋਰ ਉਦਾਸੀ ਦਾ ਪ੍ਰਛਾਵਾਂ ਆ ਗਿਆ। ੳਹ ਆਪਣੇ ਆਪ ਨੂੰ ਹਾਰਿਆਂ ਵਰਗੇ ਮਹਿਸੂਸ ਕਰਨ ਲੱਗੇ।

ਹੋਈ ਤਰੱਕੀ ਦਾ ਆਪਣੇ ਥਾਂ ਜਿਕਰ ਕਰਨਾ ਬਣਦਾ ਹੈ। ਮਨੁੱਖ ਦਾ ਚੰਦ ਤੱਕ ਦਾ ਅਤੇ ਉਸ ਤੋਂ ਵੀ ਅੱਗੇ ਮੰਗਲਗ੍ਰਹਿ ਤੱਕ ਦਾ ਸਫਰ ਇਹ ਮਨੁੱਖੀ ਸਿਰਜਣਾ ਦੇ ਉੱਤਮ ਕਾਰਨਾਮੇ ਹਨ। ਇਹ ਤਾਂ ਜਾਰੀ ਹੀ ਰਹਿਣਗੇ। ਅੱਜ ਤੱਕ ਦੀ ਮਨੁੱਖੀ ਨੇੜਤਾ ਵਧਾਉਂਦੀ ਤਕਨੀਕੀ ਤਰੱਕੀ ਨੇ ਇੰਟਰਨੈਟ ਦੇ ਯੁੱਗ ਤੇ ਦੁਨੀਆਂ ਨੂੰ ਨੇੜੇ ਲੈ ਆੳਣ ਵਾਲਾ ਤਕਨੀਕੀ ਇਨਕਲਾਬ ਲਿਆਂਦਾ ਹੈ। ਮਨੁੱਖਤਾ ਦੇ ਭਲੇ ਵਾਸਤੇ ਹੋਈਆਂ ਨਵੀਆਂ ਖੋਜਾਂ ਨੂੰ ਤੋਪਾਂ ਦੇ ਬੰਬਾ ਵਿੱਚੋਂ ਨਿਕਲਦਾ ਵਹਿਸ਼ੀ ਧੂੰਆਂ ਆਪਣੀ ਜ਼ਹਿਰ ਨਾਲ ਡੰਗਦਾ ਹੈ। ਮੁਨਾਫੇ ਦੀ ਹਵਸ ਮਨੁੱਖ ਨੂੰ ਨਿਘਾਰ ਵਲ ਧੱਕੀ ਜਾ ਰਹੀ ਹੈ। ਸਰਬੱਤ ਦੇ ਭਲੇ ਵਾਲੀ ਮਾਨਸਿਕਤਾ ਨੂੰ ਜ਼ਖ਼ਮੀ ਕਰਦੀ ਹੈ। ‘ਬੇਗਮਪੁਰੇ’ ਦੀ ਸਿਰਜਣਾਂ ਵਾਲੇ ਰਾਹ ਵਿਚ ਕੰਡੇ ਵਿਛਾਉਂਦੀ ਹੈ। ਮਨੁੱਖਤਾ ਲਈ ਇਹ ਸਭ ਤੋਂ ਵੱਡਾ ਖਤਰਾ ਹੈ।

‘ਧਰਮੀਆਂ’ ਤੇ ਗੈਰ ਧਰਮੀਆਂ ਨੇ ਇੱਕ ਦੂਜੇ ਦੇ ਵਿਸ਼ਵਾਸ਼ਾਂ/ਅਕੀਦਿਆਂ ਨੂੰ ਉਜਾੜਿਆਂ, ਤਬਾਹ ਕੀਤਾ, ਜੋ ਗੈਰ ਮਨੁੱਖੀ ਕਿਸਮ ਦਾ ਗੁਨਾਹ ਹੈ। ਇਸ ਦਾ ਹੀ ਸਿੱਟਾ ਹੈ ਕਿ ਕੌਮਾਂ, ਧਰਮ, ਦੇਸ਼ ਸਭ ਸ਼ਬਦ ਬੌਨੇ ਹੁੰਦੇ ਗਏ ਤੇ ਮਨੁੱਖ ਖੁਦ ਵੀ ਬੌਨਾ ਹੁੰਦਾ ਗਿਆ। ਅੱਜ ਇੰਨਾ ਬੌਨਾ ਹੋ ਗਿਆ ਹੈ ਕਿ ਆਪਣੀ ਅਸਲੀ ਪਹਿਚਾਣ ਗਵਾਉਣ ਦੇ ਨੇੜੇ ਪਹੁੰਚ ਗਿਆ ਹੈ। ਭਲਾਂ ਇਹ ਹੋਰ ਕਿੱਥੇ ਕੁ ਤੱਕ ਨਿੱਘਰੇਗਾ? ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੀ ਕੁੱਖ ਵਿਚ ਲੁਕਿਆ ਪਿਆ ਹੈ।

ਕੀ ਧਰਮ, ਮੁਲਕ, ਕੌਮ ਇਹ ਸ਼ਬਦ ਮਨੁੱਖ ਤੋਂ ਵੀ ਉੱਪਰ ਹਨ? ਇਨਸਾਨ ਤੋਂ ਉੱਤਮ ਇੱਥੇ ਕੁਝ ਵੀ ਨਹੀਂ। ਜਿਸ ਇਨਸਾਨ ਨੇ ਰੱਬ ਦੀ ਸਿਰਜਨਾ ਕੀਤੀ, ਫੇਰ ਉਹ ਆਪਣੇ ਆਪੇ ਸਿਰਜੇ ਰੱਬ ਤੋਂ ਕਿਉਂ ਡਰਨ ਲੱਗਾ? ਆਪਣੇ ਕੀਤੇ ਗੁਨਾਹ ਕਿਸੇ ਦੂਸਰੇ ਦੀ ਮਰਜੀ ਕਹਿ ਕੇ ਮਨ ਨੂੰ ਕਿਉਂ ਰਾਜੀ ਰੱਖਣ ਲੱਗਾ? ਦਲੀਲ ਤੇ ਇਹ ਵਿਚਾਰ ਪੂਰਾ ਨਹੀਂ ਉਤਰਦਾ। ਇਸ ਨੂੰ ਤਰਕ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ। ਕਿਸੇ ਦੂਸਰੇ ਦੇ ਵਿਸ਼ਵਾਸ਼ ਜਾਂ ਅਵਿਸ਼ਵਾਸ਼ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਕਿਸੇ ਦੀ ਆਪਣੀ ਮਰਜੀ ਹੈ, ਪਰ ਕਿਸੇ ਵੀ ਹੋਰ ਨੂੰ ਅਪਮਾਨਤ ਕਰਨ ਦਾ ਹੱਕ ਕਿਸੇ ਵੀ ਦੂਜੇ ਨੂੰ ਨਹੀ। ਪਰ ਇੱਥੇ ਤਾਂ ਵਾਰ ਵਾਰ ਵਾਪਰਦਾ ਹੀ ਇਹੋ ਕੁੱਝ ਹੈ। ਆਖਰ ਕਿਉਂ? ਮਨੁੱਖ ਨੇ ਬੀਤੇ ਤੋਂ ਕੀ ਸਿੱਖਿਆ?

ਸਦੀਆਂ ਤੋਂ ਤੁਰਿਆ ਆਉਂਦਾ ਅਣਮਨੁੱਖੀ ਵਿਹਾਰ ਅਤੇ ਵਿਚਾਰ, ਜਿਸ ਨੂੰ ਆਮ ਕਰਕੇ ਭਾਰਤੀ ਨਸਲਵਾਦ (ਜਾਤ–ਪਾਤ ਦਾ ਪ੍ਰਬੰਧ ਅਣਮਨੁੱਖੀ ਤੇ ਗੈਰ ਹਰੀਕੀ ਹੈ) ਵੀ ਕਿਹਾ ਜਾਂਦਾ ਹੈ। ਇਸ ਨਵੀਂ ਸਦੀ ਵਿਚ ਐਹੋ ਜਹੇ ਘਟੀਆ ਵਿਚਾਰਾਂ ਨੂੰ ਨਕਾਰਨਾ/ਭੰਡਣਾਂ ਹੀ ਕਾਫੀ ਨਹੀਂ ਸਗੋਂ ਆਪਣੀ ਪੂਰੀ ਸ਼ਕਤੀ ਨਾਲ ਇਸ ਦੇ ਖਾਤਮੇ ਲਈ ਕੰਮ ਕਰਨਾ ਹਰ ਸੱਚੇ ਇਨਸਾਨ ਦਾ ਫਰਜ ਹੋਣਾ ਚਾਹੀਦਾ ਹੈ ਤਾਂ ਕਿ ‘ਮਹਾਨ’ ਕਹੇ ਜਾਂਦੇ ਭਾਰਤ ਦੇ ਮੱਥੇ ਤੋਂ ਨਸਲਵਾਦ ਦਾ ਦਾਗ ਧੋਤਾ ਜਾ ਸਕੇ। ਹਰ ਮਨੁੱਖ ਨੂੰ ਮਨੁੱਖ ਹੋਣ ਦਾ ਬਰਾਬਰ ਦਾ ਹੱਕ ਮਿਲੇ।

ਹੁਣ ਕੀ ਲੋੜੀਂਦਾ ਹੈ? ਮਨੁੱਖੀ ਮਨ ਪਿਆਰ–ਮੁਹੱਬਤਾਂ ਦਾ ਮੁਜੱਸਮਾ ਬਣੇ। ਕਿਸੇ ਕਵੀ ਦੀ ਕਲਪਨਾ ਕਿ ‘ਹਰ ਇੱਕ ਬੰਦਾ ਸ਼ਾਹ ਦੁਨੀਆਂ ਦਾ, ਹਰ ਇੱਕ ਤੀਵੀਂ ਰਾਣੀ’ ਸੱਚ ਹੋਵੇ, ਸਾਕਾਰ ਹੋਵੇ। ਵੱਡਾ ਤੇ ਮਹੱਤਵਪੂਰਨ ਸੁਪਨਾ ਕਿ ਖਿਲਰਿਆ ਮਨੁੱਖ ਸੱਚਾ-ਸੁੱਚਾ, ਸੁਚੱਜਾ, ਦੂਜੇ ਦਾ ਦੁੱਖ-ਪੀੜ ਜਰਨ ਵਾਲਾ ਸਮਾਜੀ ਜੀਵ ਬਣੇ, ਨਫਰਤਾਂ ਦਾ ਦੋਖੀ ਅਤੇ ਮੁਹੱਬਤਾਂ ਦਾ ਸੰਗੀ-ਸਾਥੀ ਬਣੇ। ਮਨੁੱਖੀ ਮਨ ਵਿੱਚ ਵੰਡੀਆਂ ਤੇ ਦੁਸ਼ਮਣੀਆਂ ਦਾ ਮੈਲ ਭਰਿਆ ਪਲਦਾ ਰੋਗ ਖ਼ਤਮ ਹੋਵੇ।

ਆਉਣ ਵਾਲਾ ਸਮਾਂ ਹੋਰ ਵੀ ਤੇਜ ਰਫਤਾਰ ਵਾਲਾ ਹੋਵੇਗਾ। ਉਪਭੋਗਤਾਵਾਦੀ ਸਮਾਜੀ-ਸਿਆਸੀ ‘ਸੱਭਿਆਚਾਰਕ’ ਵਰਤਾਰਾ ਮਨੁੱਖੀ ਨਿਘਾਰ ਦਾ ਸੂਚਕ ਹੈ। ਮਨੁੱਖੀ ਸੂਝ ਨੂੰ ਲਾਹੇਵੰਦ ਕਾਰਜਾਂ ਵਾਸਤੇ ਵਰਤਣਾ, ਨਿੱਘਰਦੇ ਜਾ ਰਹੇ ਸਮਾਜ ਨੂੰ ਨਵੀਂ ਸੇਧ ਦੇਣ ਦਾ ਸਬੱਬ ਪੈਦਾ ਕਰ ਸਕਦਾ ਹੈ। ਨਵੀਂ ਸੋਚ, ਨਵੀਆਂ ਜੁਗਤਾਂ ਰਾਹੀਂ ਹੀ ਨਵੇਂ ਸਮਾਜ ਅਤੇ ਨਵੇਂ ਮਨੁੱਖ ਦੀ ਸਿਰਜਣਾ ਤੇ ਉਸਾਰੀ ਹੋ ਸਕਦੀ ਹੈ। ਆਉਣ ਵਾਲੀ ਸਦੀ ਦਾ ਸੱਚਾ ਸੰਦੇਸ਼ ਕਿ ਹੱਥੀਂ ਕਿਰਤ ਕਰਨ ਵਾਲਾ ਜਹਾਨ ਦਾ ਪਾਲਕ ਦੁੱਖ ਭਰੇ ਨਰਕੀ ਜੀਵਨ ਤੋਂ ਮੁਕਤ ਹੋਵੇ। ਇਹ ਸਦੀ ਸੱਚ ਦੇ ਨਾਂ ਹੋਵੇ, ਇਹ ਸਦੀ ਕਿਰਤ ਅਤੇ ਕਿਰਤੀ ਦੇ ਨਾਂ ਹੋਵੇ। ਇਹ ਸਦੀ ਸਾਡੀ ਹੋਵੇ। ਮਨੁੱਖ ਜਦੋਂ ਵੀ ਚਾਹੇ ਤਾਂ ਕਿਸੇ ਵੀ ਵਿਚਾਰਧਾਰਾ ਦਾ, ਅੰਗ ਬਣ ਸਕਦਾ ਹੈ, ਧਰਮ ਦਾ ਲੜ ਫੜ ਸਕਦਾ ਹੈ ਪਰ ਇਸ ਤੋਂ ਪਹਿਲਾਂ ਅੱਜ ਲੋੜਾਂ ਦੀ ਲੋੜ ਹੈ ਕਿ ਸਭ ਤੋਂ ਪਹਿਲਾਂ ਸੰਸਾਰ ਅਮਨ ਦਾ ਹੋਕਾ ਦਿੰਦਿਆ ਨਾਅਰਾ ਉੱਚਾ ਹੋਵੇ ਕਿ ਹੋਰ ਕੁਝ ਵੀ ਬਣਨ ਤੋਂ ਪਹਿਲਾ ਅਸੀਂ ਸੱਚੇ ਸੁੱਚੇ ਇਨਸਾਨ ਬਣੀਏਂ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 01 ਜਨਵਰੀ, 2009)
(ਦੂਜੀ ਵਾਰ ਸਤੰਬਰ 2021)

***
319
***

About the author

kehar sharif
ਕੇਹਰ ਸ਼ਰੀਫ਼, ਜਰਮਨੀ
keharsharif@avcor.de | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →