ਲੱਕੜ ਦੀ ਲੱਤਮੇਜਰ ਮਾਂਗਟ |
ਜੀਤੀ ਨੇ ਜਦੋਂ ਅੱਖ ਖੋਹਲੀ ਤਾਂ ਉਸ ਨੂੰ ਹਸਪਤਾਲ ਵਰਗੀ ਥਾਂ ਜਾਪੀ। ਉਸਨੇ ਆਪਣੇ ਹੱਥ ਪੈਰ ਟੋਹੇ ਸਭ ਕੁੱਝ ਠੀਕ ਠਾਕ ਸੀ। ਖੱਬੇ ਹੱਥ ਤੇ ਗੁਲੂਕੋਜ਼ ਲੱਗਿਆ ਹੋਇਆ ਸੀ। ਉਸ ਨੂੰ ਸਾਹਮਣੇ ਆਪਣੀ ਮਾਂ ਦੇ ਬੈਠੇ ਹੋਣ ਦਾ ਝਾਉਲਾ ਪਿਆ।ਮਾਂ ਹੀ ਸੀ ਜੋ ਕੁਰਸੀ ਤੇ ਅੱਖਾਂ ਮੀਟੀਂ ਬੈਠੀ ਮਾਲ਼ਾ ਫੇਰ ਰਹੀ ਸੀ।ਸ਼ਾਇਦ ਸਤਨਾਮ ਵਾਹਿਗੁਰੂ ਜਪਦੀ ਉਸ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੀ ਹੋਵੇ। ਜੀਤੀ ਦਾ ਸਿਰ ਅਜੇ ਵੀ ਘੁੰਮ ਰਿਹਾ ਸੀ ਜਿਵੇਂ ਬਹੁਤ ਨਸ਼ਾ ਪੀਤਾ ਹੋਵੇ। ਨਸ਼ਾ ਹੀ ਤਾਂ ਪੀਤਾ ਸੀ ਲੱਪ ਸਾਰੀਆਂ ਗੋਲੀਆਂ ਉਹ ਵੀ ਟੈਲਾਨੌਲ ਟੂ ਦੀਆਂ। ਖਾਧੀਆਂ ਤਾਂ ਮਰਨ ਲਈ ਸੀ ਫੇਰ ਵੀ ਪਤਾ ਨਹੀਂ ਕਿਵੇਂ ਬਚ ਗਈ ਸੀ। ‘ਇਸ ਜੀਣ ਨਾਲੋਂ ਤਾਂ ਹੁਣ ਮਰਨਾ ਹੀ ਚੰਗਾ ਹੈ’ ਉਹ ਫੇਰ ਸੋਚਣ ਲੱਗ ਪਈ। ਮਾਂ ਨੂੰ ਵੇਖ ਕੇ ਉਸਦਾ ਰੋਣ ਨਿੱਕਲ ਗਿਆ ਤੇ ਉਹ ਬੋਲੀ ‘ਹਾਏ ਮਾਂ’…। ਬਿਸ਼ਨ ਕੌਰ ਧੀ ਦੀ ਆਵਾਜ਼ ਸੁਣ ਕੇ ਅੱਬੜਵਾਹੇ ਉੱਠੀ ‘ਹਾਂ ਮੇਰੀ ਧੀ’। ਮਾਂ ਨੂੰ ਜਿਵੇਂ ਕੋਈ ਖੋਇਆ ਹੋਇਆ ਖਜ਼ਾਨਾ ਲੱਭ ਪਿਆ ਹੋਵੇ। ਧੀ ਦੀ ਸੁਰਤ ਵਾਪਿਸ ਪਰਤ ਆਈ ਸੀ। ਉਹ ਫਟਾ ਫਟ ਡਾਕਟਰ ਨੂੰ ਬੁਲਾ ਕੇ ਲਿਆਈ ਤਾਂ ਉਸ ਨੇ ਚੈੱਕ ਕਰਨ ਤੋਂ ਬਾਅਦ ਦੱਸਿਆ ਕਿ ਅਜੇ ਨਾਰਮਲ ਹੋਣ ਨੂੰ ਤਿੰਨ ਚਾਰ ਘੰਟੇ ਹੋਰ ਲੱਗਣਗੇ। ਅਜੇ ਉਸ ਤੋਂ ਕੋਈ ਗੱਲ ਨਾਂ ਪੁੱਛੀ ਜਾਵੇ ਕਿ ਉਸ ਨੇ ਖੁਦਕਸ਼ੀ ਦੀ ਕੋਸਿਸ਼ ਕਿਉਂ ਕੀਤੀ ਸੀ। ਪਰ ਬਿਸ਼ਨ ਕੌਰ ਜਰੂਰ ਸੋਚਦੀ ਰਹੀ ਕਿ ਜੇ ਸਾਡਾ ਨਹੀਂ ਸੋਚਿਆ ਤਾਂ ਨੰਨ੍ਹੀ ਜਿਹੀ ਜਾਨ ਰੂਬੀ ਦਾ ਹੀ ਸੋਚ ਲੈਂਦੀ। ਜੇ ਇਸ ਨੂੰ ਕੁੱਝ ਹੋ ਜਾਂਦਾਂ ਤਾਂ ਉਸ ਵਿਚਾਰੀ ਤਿਲ ਭਰ ਜਾਨ ਦਾ ਕੀ ਬਣਦਾ? ਮਾਲ਼ਾ ਫੇਰਦੀ ਬਿਸ਼ਨ ਕੌਰ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ।
ਪਰ ਜੀਤੀ ਨੂੰ ਆਪਣੀ ਆਤਮਘਾਤ ਦੀ ਕੋਸਿਸ਼ ਤੇ ਕੋਈ ਪਛਤਾਵਾ ਨਹੀਂ ਸੀ। ਉਸ ਨੇ ਠੀਕ ਹੋਣ ਸਾਰ ਪਹਿਲਾ ਸਵਾਲ ਏਹ ਹੀ ਕੀਤਾ “ਮੈਨੂੰ ਕਿਉਂ ਬਚਾਇਆ ਮਰ ਜਾਣ ਦਿੰਦੇ। ਮੈਂ ਹੁਣ ਜੀ ਕੇ ਕਰਨਾ ਵੀ ਕੀ ਹੈ?” “ਜਿਹਨਾਂ ਦੇ ਮਰ ਜਾਂਦੇ ਨੇ ਉਹ ਨਹੀਂ ਜੀਂਦੀਆ ਜਤਿੰਦਰ ਤਾਂ ਤੈਨੂੰ ਛੱਡ ਕੇ ਹੀ ਗਿਆ ਹੈ। ਤਕੜੀ ਹੋ ਕਮਲੀ ਨਾਂ ਬਣ”। ਬਿਸ਼ਨ ਕੌਰ ਨੇ ਸਮਝਾਇਆ। “ਕਿਉਂ ਛੱਡ ਕੇ ਗਿਆ ਹੈ ਉਹ ਮੈਨੂੰ? ਕੀ ਕਸੂਰ ਸੀ ਮੇਰਾ? ਮੈਂ ਉਸ ਲਈ ਕੀ ਨਹੀਂ ਸੀ ਕੀਤਾ?” ਜੀਤੀ ਦੀਆਂ ਅੱਖਾਂ ਛਲਕ ਪਈਆਂ। ਮਾਂ ਨੇ ਕੁਰਸੀ ਖਿੱਚ੍ਹ ਕੇ ਹੋਰ ਨੇੜੇ ਕਰ ਲਈ ਉਸਦੇ ਹੱਥ ਪੈਰ ਘੁੱਟਣ ਲੱਗੀ। ਐਂਮਰਜੈਂਸੀ ਵਾਰਡ ਵਿੱਚ ਹੋਰ ਵੀ ਅਨੇਕਾਂ ਮਰੀਜ਼ ਪਏ ਸਨ, ਆਪੋ ਆਪਣੇ ਦੁੱਖ ਦੇ ਵਿੰਨ੍ਹੇ ਹੋਏ। ਜੀਤੀ ਉਨ੍ਹਾਂ ਬਾਰੇ ਸੋਚ ਹੀ ਰਹੀ ਸੀ ਕਿ ਉਸਦੀ ਨਜ਼ਰ ਇੱਕ ਔਰਤ ਤੇ ਗਈ ਜੋ ਬੈੱਡ ਤੇ ਬੈਠੀ ਆਪਣੀ ਨਕਲੀ ਲੱਤ ਲਾਹ ਰਹੀ ਸੀ। ਲੱਕੜ ਦੀ ਲੱਤ ਨੂੰ ਬੈੱਡ ਕੋਲ ਰੱਖ ਉਹ ਆਰਾਮ ਨਾਲ ਲੇਟ ਗਈ। “ਪਤਾ ਨਹੀਂ ਵਿਚਾਰੀ ਦੀ ਲੱਤ ਕਿਵੇਂ ਕੱਟੀ ਗਈ ਹੋਊ ਸ਼ਾਇਦ ਸ਼ੂਗਰ ਕਰਕੇ ਕੱਟੀ ਗਈ ਹੋਵੇ। ਪਰ ਹੁਣ ਇਹ ਇੱਕ ਲੱਤ ਨਾਲ ਕਿਵੇਂ ਜੀਊਂਦੀ ਹੋਵੇਗੀ?” ਜੀਤੀੇ ਨੂੰ ਡਰ ਜਿਹਾ ਲੱਗਾ। ਜੀਵਨ ਦਾ ਸਫਰ ਤਾਂ ਹੁਣ ਕੱਟਣਾ ਹੀ ਪਵੇਗਾ। ਉਹ ਸੋਚੀਂ ਡੁੱਬ ਗਈ। ਜੀਤੀ ਦੀ ਨਜ਼ਰ ਅਜੇ ਵੀ ਬੈੱਡ ਨਾਲ ਪਈ ਨਕਲੀ ਲੱਤ ਤੇ ਸੀ। ‘ਮੈਂ ਵੀ ਤਾਂ ਉਸ ਲਈ ਲੱਤਾਂ ਬਣੀ ਸੀ ਜਦੋਂ ਉਹ ਪਹਿਲੀ ਵਾਰ ਕਨੇਡਾ ਆਇਆ ਸੀ। ਤੇ ਇਸੇ ਤਰ੍ਹਾਂ ਹੁਣ ਉਸ ਨੇ ਮੈਨੂੰ ਵਗਾਹ ਮਾਰਿਆ। ਅਥਰੂ ਡੱਕੇ ਨਾ ਗਏ। ਮਾਂ ਨੇ ਇੱਕ ਹੱਥ ਨਾਲ ਅਥਰੂ ਪੂੰਝੇ ਤੇ ਦੂਸਰੇ ਹੱਥ ਨਾਲ ਮਾਲ਼ਾ ਫੇਰਦੀ ਰਹੀ। ਧੀ ਦੀ ਹਾਲਤ ਤੇ ਉਸ ਨੂੰ ਆਪ ਵੀ ਰੋਣ ਆ ਰਿਹਾ ਸੀ ਪਰ ਉਹ ਦਿਲਾਸਾ ਦਿੰਦਿਆ ਬੋਲੀ “ਹੁਣ ਕੁੱਝ ਨਾਂ ਸੋਚ ਬੱਸ ਆਰਾਮ ਕਰ”। ਡਾਕਟਰ ਫੇਰ ਨੀਂਦ ਦੀ ਦਵਾਈ ਦੇ ਗਿਆ ਜੀਤੀ ਸੌਂ ਗਈ ਪਰ ਬਿਸ਼ਨ ਕੌਰ ਨੂੰ ਨੀਂਦ ਕਿੱਥੇ ਸੀ। ‘ਖਿੜੇ ਹੋੇਏ ਫੁੱਲ ਵਰਗੀ’ ਸੀ ਜਦੋਂ ਕਨੇਡਾ ਆਈ ਸੀ। ਪੜ੍ਹਨ ਨੂੰ ਕਿੰਨੀ ਹੁਸਿ਼ਆਰ ਸੀ। ਕਨੇਡਾ ਦੇ ਲਾਲਚ ਨੂੰ ਪੜ੍ਹਾਈ ਵੀ ਰਹਿ ਗਈ। ਪਰ ਕਿਸਮਤ ਨਾਲ ਕੌਣ ਝਗੜੇ? ਅੱਧੀ ਤਾਂ ਇਹ ਉਦੋਂ ਹੀ ਮਰ ਗਈ ਸੀ ਜਦੋਂ ਪਤਾ ਚੱਲਿਆ ਕਿ ਜਿਸ ਬੰਦੇ ਨਾਲ ਵਿਆਹ ਹੋਇਆ ਹੈ ਉਹ ਪਹਿਲਾਂ ਵੀ ਵਿਆਹਿਆ ਹੋਇਆ ਸੀ ਤੇ ਉਸਦੀ ਪਹਿਲੀ ਘਰ ਵਾਲੀ ਆਪਣੇ ਹੀ ਘਰ ਦੀਆਂ ਪੌੜੀਆਂ ਤੋਂ ਤਿਲਕ ਕੇ ਡਿੱਗ ਪਈ ਸੀ, ਜੋ ਸਿਰ ਵਿੱਚ ਸੱਟ ਲੱਗਣ ਕਾਰਨ ਮਰ ਗਈ। ਜੇ ਗੱੱਲ ਏਨੀ ਹੀ ਹੁੰਦੀ ਤਾਂ ਵੀ ਬ੍ਰਦਾਸ਼ਤ ਕਰ ਲੈਂਦੇ। ਪਰ ਪੁਲਿਸ ਦਾ ਸ਼ੱਕ ਜਦੋਂ ਇਨਕੁਆਰੀ ਵਿੱਚ ਬਦਲਿਆ ਤਾਂ ਇਹ ਵੀ ਪਤਾ ਲੱਗ ਗਿਆ ਕਿ ਪਹਿਲੀ ਘਰ ਵਾਲੀ ਨੂੰ ਉਸ ਨੇ ਆਪ ਮਾਰਿਆ ਸੀ ਤੇ ਇੰਨਸ਼ੋਰੈਂਸ ਤੋਂ ਪੈਸੇ ਲੈ ਲਏ ਸਨ। ਫੇਰ ਉਨ੍ਹਾਂ ਹੀ ਪੈਸਿਆਂ ਨਾਲ ਜੀਤੀ ਨੂੰ ਵਿਆਹ ਲਿਆਇਆ। ਸਾਰਿਆ ਨੂੰ ਕਮਲੇ ਬਣਾ ਦਿੱਤਾ ਇਹ ਵੀ ਤਾਂ ਕਿੰਨੀ ਹਮਦਰਦੀ ਕਰਦੀ ਸੀ ਕਿ ਵਿਚਾਰੇ ਨਾਲ ਕਿਸਮਤ ਨੇ ਧੱਕਾ ਕੀਤਾ ਹੈ। ਪਰ ਜਦੋਂ ਪੋਲ ਖੁੱਲਿਆ ਤੇ ਉਹ ਜੇਲ਼ ਚਲਾ ਗਿਆ ਇਹ ਸਦਮੇ ਨਾਲ ਹੱਸਪਤਾਲ ਪਹੁੰਚ ਗਈ ਸੀ। ਹੁਣ ਅੱਜ ਵੀ ਉਸੇ ਹੱਸਪਤਾਲ ਪਈ ਹੈ’। ਮਾਂ ਨੇ ਸੁੱਤੀ ਪਈ ਧੀ ਦਾ ਮੱਥਾ ਚੁੰਮਿਆ। ‘ਮੁਸੀਬਤਾਂ ਦੇ ਪਹਾੜ ਏਸੇ ਸਿਰ ਪੈਣੇ ਸਨ।’ ਮੁੜਕੇ ਉਸ ਘਰ ਪੈਰ ਨਹੀਂ ਧਰਿਆ। ਜਿੰਨੀ ਦੇਰ ਮੈਂ ਨਹੀਂ ਆਈ। ਦੋ ਦੋ ਜੌਬਾਂ ਕਰਦੀ ਰਹੀ। ਏਹਦੀ ਭੂਆ ਬਖਸ਼ੀ ਜੋ ਸਾਡੇ ਨਾਲ ਬੋਲ ਕੇ ਰਾਜੀ ਨਹੀਂ ਸੀ ਉਸ ਕੋਲ ਦਿਨ ਕਟੀ ਕਰਦੀ ਰਹੀ’। ਬਿਸ਼ਨ ਕੌਰ ਦਾ ਦਿਲ ਕੀਤਾ ਕਿ ਬਖਸ਼ੋ ਨੂੰ ਪੁੱਛੇ ਕਿ ਜਿਹੜੇ ਮੁੰਡੇ ਦੀ ਜਿੰਮੇਵਾਰੀ ਲੈ ਕੇ ਵਿਆਹ ਕੀਤਾ ਸੀ ਹੁਣ ਕਿੱਥੇ ਗਈ? ਹੁਣ ਉਹਦਾ ਘਰ ਵਾਲਾ ਹਰਨੇਕ ਸਿਉਂ ਸਾਡਾ ਫੋਨ ਕਿਉਂ ਨੀ ਚੁੱਕਦਾ। ਕਿਹੜਾ ਬਦਲਾ ਲਿਆ ਏ ਮੇਰੀ ਧੀ ਤੋਂ? ਉਦੋਂ ਸਾਰਿਆਂ ਦੇ ਸਾਹਮਣੇ ਹੀ ਗੱਲ ਕੀਤੀ ਸੀ ਕਿ ਕੁੜੀ ਸਾਡੀ ਤਲਾਕਸ਼ੁਦਾ ਏ, ਤੇ ਆਹ ਸਾਰੀ ਕਹਾਣੀ ਹੈ। ਅਸੀਂ ਤਾਂ ਰਤੀ ਭਰ ਵੀ ਲਕੋ ਨਹੀਂ ਸੀ ਰੱਖਿਆ। ਉਦੋਂ ਤਾਂ ਜਤਿੰਦਰ ਵੀ ਕਹਿੰਦਾ ਸੀ ਕਿ ਮੈਨੂੰ ਸਭ ਮਨਜੂਰ ਹੈ ਤੇ ਫੇਰ ਹੁਣ ਇਹ ਧੋਖਾ ਕਿਉਂ ਕੀਤਾ? ਕੁੱਝ ਘੰਟੇ ਬਾਅਦ ਜਦੋਂ ਜੀਤੀ ਨੂੰ ਜਾਗ ਆਈ ਉਹ ਵੀ ਏਸੇ ਸੋਚ ਵਿੱਚ ਡੁੱਬ ਗਈ। ਭੂਆ ਬਖਸ਼ੀ ਉਦੋਂ ਕਿੰਨੀਆਂ ਤਾਰੀਫਾਂ ਕਰਿਆ ਕਰਦੀ ਸੀ ਕਿ ਜਤਿੰਦਰ ਤਾਂ ਬਹੁਤ ਪੜ੍ਹਿਆ ਲਿਖਿਆ ਏ, ਕੰਪਿਊਟਰ ਦਾ ਕੋਰਸ ਵੀ ਕੀਤਾ ਹੋਇਆ ਏ, ਕੋਈ ਨਸ਼ਾ-ਪੱਤਾ ਨਹੀਂ ਕਰਦਾ। ਇਹਦੇ ਫੁੱਫੜ ਦੀ ਸਕੀ ਮਾਸੀ ਦਾ ਪੋਤਾ ਏ ਬਦਲ ਕਿਵੇਂ ਜਾਊ, ਸਾਰੀ ਜਿੰਮੇਵਾਰੀ ਸਾਡੀ ਹੈ। ਉਸ ਨੇ ਇਹ ਵੀ ਦੱਸਿਆ ਸੀ ਕਿ ਹਲਵਾਰੇ ਵਾਲਿਆਂ ਦੀ ਸਾਰੀ ਫੈਮਲੀ ਸੈੱਟ ਹੈ। ਮਾਂ ਪਿਉ ਟੀਚਰ ਨੇ, ਵੱਡੀ ਭੈਣ ਵਿਆਹੀ ਹੋਰ ਕੋਈ ਲੰਬਾ ਚੌੜਾ ਚੱਕਰ ਨਹੀਂ ਇਕੱਲਾ ਮੁੰਡਾ ਹੈ। ਬਿਸ਼ਨ ਕੌਰ ਨੇ ਤਾਂ ਉਦੋਂ ਵੀ ਕਿਹਾ ਸੀ ਕਿ ‘ਕੁੜੀ ਤਾਂ ਪਹਿਲਾਂ ਹੀ ਦਰਦ ਦੀ ਮਾਰੀ ਹੋਈ ਹੈ ਅਗਲਿਆਂ ਦਾ ਕੱਲਾ ਮੁੰਡਾ ਏ ਆ ਕਿਤੇ ਨਖਰੇ ਨਾ ਕਰਨ। ਤੇਰੀ ਜਿੰਮੇਵਾਰੀ ਕਰਕੇ ਹਾਂ ਕਰ ਦਿੰਦੇ ਹਾਂ ਊਂ ਤਾਂ ਵਿਆਹ ਲਈ ਮੰਨਦੀ ਹੀ ਨਹੀਂ’। ਮੁੰਡੇ ਦੀ ਦੇਖ ਦਖਾਈ ਤੋਂ ਬਾਅਦ ਜੀਤੀ ਨੂੰ ਵੀ ਫੋਟੋਆਂ ਭੇਜ ਦਿੱਤੀਆਂ ਸਨ ਤੇ ਇੱਕ ਦਿਨ ਸ਼ਗਨ ਵੀ ਹੋ ਗਿਆ ਸੀ। ਫੇਰ ਜੀਤੀ ਭਾਰਤ ਗਈ ਤੇ ਦੋਹਾਂ ਦਾ ਵਿਆਹ ਹੋ ਗਿਆ। ਉਸ ਵਿਆਹ ਵਿੱਚ ਭੂਆ ਬਖਸ਼ੀ ਉਚੇਚੇ ਤੌਰ ਤੇ ਗਈ, ਵਿਚੋਲਣ ਜੋ ਸੀ। ਉਹ ਹਰ ਗੱਲ ਵਿੱਚ ਪ੍ਰਧਾਨ ਬਣੀ ਫਿਰਦੀ। ਪੇਕੇ ਘਰ ਭੱਲ ਬਣਾਉਣ ਲਈ ਉਸ ਨੇ ਜਤਿੰਦਰ ਦਾ ਕਨੇਡਾ ਵਿੱਚ ਰਿਸ਼ਤਾ ਕਰਵਾਇਆ ਸੀ। ਤੇ ਭਾ ਦਾ ਵੀ ਉਲਾਭਾ ਲਾਹ ਦਿੱਤਾ ਜੋ ਵਾਰ ਵਾਰ ਫੋਨ ਕਰਦਾ ਸੀ ਕਿ ਕੁੜੀ ਨੂੰ ਦੁਬਾਰਾ ਸੈੱਟ ਕਰੋ। ਉਂਝ ਉਹ ਆਪਣੇ ਭਰਾ ਨਾਲ ਨਰਾਜ਼ ਸੀ ਜਿਸ ਨੇ ਜੀਤੀ ਪਹਿਲੇ ਵਿਆਹ ਸਮੇਂ ਉਸ ਕੋਲੋ ਹਰ ਗੱਲ ਵਿੱਚ ਲਕੋ ਰੱਖਿਆ। ਇੱਕੋ ਤੀਰ ਨਾਲ ਦੋ ਨਿਸ਼ਾਨੇ ਫੁੰਡ ਕੇ ਉਹ ਆਖ ਰਹੀ ਸੀ ਹੁਣ ਉਹੋ ਭੂਆ ਕੰਮ ਆਈ ਨਾ…। ਉਦੋਂ ਤਾਂ ਦੋਵੇਂ ਟੱਬਰ ਬੜੇ ਖੁਸ਼ ਸਨ। ਜੀਤੀ ਇੱਕ ਮਹੀਨਾ ਇੰਡੀਆ ਰਹੀ। ਜਤਿੰਦਰ ਉਸ ਨੂੰ ਬਹੁਤ ਪਿਆਰ ਕਰਦਾ। ਕਦੀ ਸਿ਼ਮਲੇ ਕਦੀ ਡਲਹੌਜ਼ੀ ਲਈਂ ਫਿਰਦਾ ਰਿਹਾ। ਉਦਾਂ ਉਹ ਜਚਦਾ ਵੀ ਬਹੁਤ ਸੀ, ਉੱਚਾ ਲੰਬਾ ਕੱਦ ਸ਼ਾਨਦਾਰ ਪਗੜੀ ਮੋਟਰਸਾਈਕਲ ਚਲਾਉਂਦਾ ਬੜਾ ਹੀ ਸੋਹਣਾ ਲੱਗਦਾ। ਉਨ੍ਹਾ ਕਦੇ ਪਿੰਜੌਰ ਗਾਰਡਨ ਕਦੇ ਰੌਕ ਗਾਰਡਨ ਤੇ ਕਦੀ ਰੋਜ਼ ਗਾਰਡਨ ਬੇਹੱਦ ਫੋਟੋਆਂ ਖਿਚਵਾਈਆਂ। ਜੋ ਅਜੇ ਚੰਗੀ ਤਰ੍ਹਾਂ ਦੇਖੀਆਂ ਵੀ ਨਹੀਂ ਸਨ। ਉਹ ਜੀਤੀ ਨੂੰ ਦਲੇਰ ਕੁੜੀ ਦੱਸਦਾ ਜੋ ਧੋਖੇਬਾਜ ਮਰਦ ਦੀ ਪੰਜਾਲ਼ੀ ਵਿੱਚੋਂ ਨਿੱਕਲ ਕੇ ਆਜ਼ਾਦ ਹੋਈ ਸੀ। ਉਸ ਨੇ ਬੇਹੱਦ ਵਾਅਦੇ ਕੀਤੇ। ਪਰ ਕਿੱਥੇ ਗਏ ਉਹ ਸੋਚਦੀ ਰਹੀ। ਪੰਜਾਬ ਤੋਂ ਪਰਤ ਕੇ ਜੀਤੀ ਦਾ ਰੰਗ ਰੂਪ ਹੀ ਬਦਲ ਚੁੱਕਾ ਸੀ। ਆਪਣੇ ਪਹਿਲੇ ਪਤੀ ਵਲੋਂ ਕੀਤੇ ਧੋਖੇ ਨੂੰ ਉਹ ਭੁੱਲਣ ਲੱਗੀ। ਜਿਵੇਂ ਬਹਾਰ ਫੇਰ ਤੋਂ ਪਰਤ ਰਹੀ ਸੀ। ਮਨ ਵਿੱਚ ਨਵੀਆਂ ਸਧਰਾਂ ਦਾ ਫੁੱਲ ਖਿੜਨ ਲੱਗਾ। ਉਹ ਵਾਰ ਵਾਰ ਪਰਸ ‘ਚੋਂ ਆਪਣੀ ਤੇ ਜਤਿੰਦਰ ਦੀ ਫੋਟੋ ਕੱਢਕੇ ਵੇਖਦੀ ਰਹਿੰਦੀ। ਹਰ ਹਫਤੇ ਇੰਡੀਆ ਫੋਨ ਘੁਮਾਈ ਰੱਖਦੀ। ਜਤਿੰਦਰ ਉਸਦੇ ਰੋਮ ਰੋਮ ਵਿੱਚ ਰਚ ਗਿਆ ਸੀ। ਸ਼ਾਇਦ ਉਸ ਨੇ ਪਹਿਲੀ ਵਾਰ ਕਿਸੇ ਨੂੰ ਮਨੋਂ ਪਿਆਰ ਕੀਤਾ ਹੋਵੇ। ਜਤਿੰਦਰ ਵੀ ਹਰ ਹਫਤੇ ਪਿਆਰ ਭਰੀ ਚਿੱਠੀ ਲਿਖਦਾ ਜੇ ਕਦੀ ਮਿੱਸ ਹੋ ਜਾਂਦੀ ਤਾਂ ਜੀਤੀ ਪਾਣੀ ‘ਚੋਂ ਕੱਢੀ ਮੱਛੀ ਵਾਂਗ ਤੜਫਦੀ। ਏਸੇ ਸਮੇਂ ਦੌਰਾਨ ਉਸ ਨੇ ਆਪਣੀ ਮਾਂ ਨੂੰ ਵਿਜਟਰ ਵੀਜ਼ੇ ਤੇ ਮੰਗਵਾ ਲਿਆ। ਮਾਂ ਧੀ ਨੂੰ ਸਮਝਾਉਂਦੀ ਫੋਨਾਂ ਤੇ ਵਾਧੂ ਖਰਚਾ ਛੱਡ ਕੇ ਘਰ ਦਾ ਸਮਾਨ ਬਣਾ ਜਤਿੰਦਰ ਆਉਣ ਵਾਲਾ ਹੈ। ਫੇਰ ਉਸਨੇ ਇੱਕ ਇੱਕ ਕਰਕੇ ਘਰ ਦਾ ਸਮਾਨ ਲਿਆ। ਰਸੋਈ ਦਾ ਸਮਾਨ, ਬੈੱਡ ਰੂਮ ਸੈੱਟ, ਸੋਫਾ ਸੈੱਟ, ਟੀ ਵੀ ਹੋਰ ਪਤਾ ਨਹੀਂ ਕੀ ਕੀ। ਕਿਸ਼ਤਾਂ ਤੇ ਨਵੀਂ ਕਾਰ ਲੈ ਲਈ। ਉਹ ਦੋ ਦੋ ਜੌਬਾਂ ਕਰਦੀ ਤੇ ਸੁਪਨੇ ਉਣਦੀ ਰਹਿੰਦੀ ਕਿ ਉਹ ਜਤਿੰਦਰ ਨੂੰ ਪਹਿਲਾਂ ਕੋਈ ਕੋਰਸ ਕਰਵਾਵੇਗੀ ਕੰਮ ਤੇ ਨਹੀਂ ਲਾਵੇਗੀ। ਫੇਰ ਜਤਿੰਦਰ ਨੂੰ ਕਨੇਡਾ ਦਾ ਵੀਜ਼ਾ ਲੱਗਿਆ ਤੇ ਉਹ ਆਣ ਪੁੰਹਚਿਆ। ਜੀਤੀ ਦੀ ਜਿ਼ੰਦਗੀ ਵਿੱਚ ਇਹ ਬਹੁਤ ਵਡਾ ਦਿਨ ਸੀ। ਉਸ ਦੇ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ। ਉਹ ਆਪਣੀ ਅਪਾਰਟਮੈਂਟ ਲੈਕੇ ਅਲੱਗ ਰਹਿਣ ਲੱਗੇ। ਕੁੱਝ ਦਿਨ ਦੇ ਫੇਰੇ ਤੋਰੇ ਤੋਂ ਬਾਅਦ ਉਸ ਨੇ ਜਤਿੰਦਰ ਨੂੰ ਆਪਣੀ ਇੱਛਾ ਦੱਸੀ ਕਿ ਉਹ ਉਸ ਨੂੰ ਕੰਪਿਊਟਰ ਇੰਜਨੀਅਰ ਬਣਾਉਣਾ ਚਾਹੁੰਦੀ ਹੈ ਤੇ ਉਨੀ ਦੇਰ ਘਰ ਦਾ ਸਾਰਾ ਖਰਚਾ ਉਹ ਡਬਲ ਜੌਬ ਕਰਕੇ ਆਪ ਤੋਰੇਗੀ। ਉਸ ਨੇ ਕਿਹਾ ਕਿ ਦੁੱਖ ਕੱਟਕੇ ਹੀ ਸੁੱਖ ਮਿਲਦਾ ਹੈ ਕੱੁਝ ਸਾਲ ਦੁੱਖ ਕੱਟਕੇ ਫੇਰ ਸਾਰੀ ਉਮਰ ਸੁੱਖ ਹੀ ਸੁੱਖ ਹੈ ਜਲਦੀ ਸੈੱਟ ਹੋ ਜਾਵਾਂਗੇ। ਉਹ ਖੁਦ ਉਸ ਨੂੰ ਯੁਨੀਵਰਸਿਟੀ ਲੈ ਕੇ ਗਈ ਦਾਖਲੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਵਾਈਆਂ ਤੇ ਦਾਖਲਾ ਦੁਆ ਦਿੱਤਾ। ਜਿਵੇਂ ਆਪਣੀਆਂ ਲੱਤਾਂ ਕੱਟ ਕੇ ਉਸ ਨੇ ਘਰ ਵਾਲੇ ਨੂੰ ਲਾ ਦਿੱਤੀਆਂ ਹੋਣ। ਆਪਣੇ ਸਾਰੇ ਸ਼ੌਂਕ ਮਾਰ ਕੇ ਦੋ ਦੋ ਜੌਬਾਂ ਕਰਕੇ ਉਹ ਉਸ ਨੂੰ ਪੜ੍ਹਾਉਂਦੀ ਰਹੀ। ਜਦੋਂ ਉਸ ਨੂੰ ਮੰਜਿ਼ਲ ਮਿਲ ਗਈ ਤਾਂ ਉਸ ਨੇ ਨਕਲੀ ਲੱਤ ਵਾਂਗੂੰ ਹੀ ਉਸ ਨੂੰ ਉਤਾਰ ਕੇ ਪਰ੍ਹਾਂ ਰੱਖ ਦਿੱਤਾ ਸੀ। ਜੀਤੀ ਅਜੇ ਵੀ ਸਾਹਮਣੇ ਪਈ ਔਰਤ ਨੂੰ ਘੂਰ ਰਹੀ ਸੀ ਤੇ ਅੱਖਾਂ ਦੇ ਅਥਰੂ ਵੀ ਪੂੰਝ ਰਹੀ ਸੀ। ਪਹਿਲਾ ਸਾਲ ਤਾਂ ਠੀਕ ਠਾਕ ਗੁਜਰਿਆ। ਜਤਿੰਦਰ ਮਨ ਲਾ ਕੇ ਪੜ੍ਹਾਈ ਕਰਦਾ ਰਿਹਾ। ਜੀਤੀ ਸੱਤ ਤੋਂ ਤਿੰਨ ਵਜੇ ਤੱਕ ਪਲਾਸਟਿਕ ਦੀ ਫੈਕਟਰੀ ‘ਚ ਕੰਮ ਕਰਦੀ ਅਤੇ ਚਾਰ ਤੋਂ ਰਾਤ ਦੇ ਬਾਰਾਂ ਵਜੇ ਤੱਕ ਇੱਕ ਵੇਅਰ ਹਾਊਸ ਵਿੱਚ ਪੈਕਿੰਗ ਦਾ ਕੰਮ ਕਰਦੀ। ਕਾਰ ਹੋਣ ਕਰਕੇ ਦੋ ਜੌਬਾਂ ਕਰਨਾ ਸੰਭਵ ਹੋ ਸਕਿਆ ਸੀ। ਮਾਂ ਬਿਸ਼ਨ ਕੌਰ ਏਸ ਸਮੇਂ ਦੌਰਾਨ ਚਾਰ ਪੰਜ ਮਹੀਨੇ ਇੰਡੀਆ ਵੀ ਲਾ ਆਈ ਸੀ ਤੇ ਫੇਰ ਉਸ ਨੂੰ ਪੰਜ ਸਾਲ ਦਾ ਵੀਜ਼ਾ ਲੱਗ ਗਿਆ। ਹੁਣ ੳੇੁਹ ਘਰ ਦੀ ਸਾਫ ਸਫਾਈ ਤੇ ਰੋਟੀ ਟੁੱਕ ਦਾ ਕੰਮ ਕਰ ਲੈਂਦੀ। ਦੋ ਸਾਲ ਜੀਤੀ ਨੇ ਮਸ਼ੀਨ ਦੀ ਤਰ੍ਹਾਂ ਕੰਮ ਕੀਤਾ। ਅੱਖਾਂ ਥੱਲੇ ਕਾਲੇ ਧੱਬੇ ਪੈ ਗਏ। ਸਿਰ ਦੇ ਵਾਲ ਚਿੱਟੇ ਹੋਣ ਲੱਗੇ ਪਰ ਉਸ ਨੇ ਪਰਵਾਹ ਨਾ ਕੀਤੀ। ਮੰਜਿ਼ਲ ਬਿਲਕੁੱਲ ਸਾਹਮਣੇ ਸੀ ਹੌਸਲਾ ਹਾਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਕਦੀ ਕਦੀ ਉਹ ਜਤਿੰਦਰ ਨੂੰ ਕਹਿੰਦੀ “ਤੁਹਾਡੀ ਡਿਗਰੀ ਪੂਰੀ ਹੋਣ ਤੇ ਹੀ ਬੱਚੇ ਬਾਰੇ ਸੋਚਾਂਗੇ ਤੇ ਉਦੋਂ ਕੋਈ ਆਪਣਾ ਘਰ ਵੀ ਦੇਖ ਲਵਾਂਗੇ ਪਰ ਅਜੇ ਨਹੀਂ। ਅਜੇ ਕਿਹੜਾ ਆਪਾਂ ਬੁੱਢੇ ਹੋ ਚੱਲੇ ਹਾਂ? ਜੇ ਹੁਣੇ ਬੱਚਾ ਹੋ ਗਿਆ ਤਾਂ ਮੇਰੇ ਤੋਂ ਕੰਮ ਨਹੀਂ ਹੋਣਾ ਤੇ ਤੁਹਾਡੀ ਡਿਗਰੀ ਵਿੱਚ ਹੀ ਰਹਿ ਜਾਣੀ ਆਂ”। ਜਤਿੰਦਰ ਕਹਿੰਦਾ ‘ਦੇਖ ਲੈ ਤੇਰੀ ਮਰਜੀ ਆ’। ਡਿਗਰੀ ਪੂਰੀ ਹੋਣ ਨੂੰ ਤਿੰਨ ਸਾਲ ਲੱਗੇ। ਯੂਨੀਵਰਸਿਟੀ ਦੇ ਮਹੌਲ ਨੇ ਜਤਿੰਦਰ ਨੂੰ ਕਾਫੀ ਬਦਲ ਦਿੱਤਾ ਸੀ। ਉਹ ਜਤਿੰਦਰ ਤੋਂ ਜੈਟ ਬਣ ਗਿਆ। ਪਗੜੀ ਉਸ ਨੂੰ ਬੇਲੋੜੀ ਸ਼ੈਅ ਜਾਪਣ ਲੱਗ ਪਈ। ਬਹੁਤ ਸਾਰੇ ਮੁੰਡੇ ਕੁੜੀਆਂ ਨਾਲ ਉਸ ਦੀ ਦੋਸਤੀ ਹੋ ਗਈ। ਉਸ ਨੂੰ ਫੈਸ਼ਨ ਕਰਨ ਦਾ ਵੀ ਢੰਗ ਆ ਗਿਆ। ਬਰੈਂਡ ਨੇਮ ਕੱਪੜੇ ਪਾਉਣ ਲੱਗਾ। ਸਿਸ਼ਟਾਚਾਰ ਲਈ ਦੋਸਤਾਂ ਦੀ ਮਹਿਫਲ ਵਿੱਚ ਥੋੜੀ ਬਹੁਤੀ ਬੀਅਰ ਵਿਸਕੀ ਵੀ ਲਾ ਲੈਂਦਾ। ਉਸ ਕੋਲ ਆਪਣਾ ਸੈੱਲ ਫੋਨ ਵੀ ਸੀ ਜੋ ਹੁਣ ਵੱਜਦਾ ਹੀ ਰਹਿੰਦਾ। ਜਿਸ ਦਿਨ ਉਸ ਨੇ ਲਾਈਸੰਸ ਲੈ ਲਿਆ ਸੀ ਜੀਤੀ ਦੀ ਕਾਰ ਵੀ ਉਸਦੀ ਬਣ ਗਈ ਸੀ। ਉਹ ਜੀਤੀ ਨੂੰ ਕੰਮ ਤੇ ਛੱਡ ਕੇ ਕਾਰ ਲੈ ਜਾਂਦਾ ਦੂਸਰੇ ਕੰਮ ਤੇ ਜਾਣ ਲਈ ਉਹ ਕਿਸੇ ਤੋਂ ਰਾਈਡ ਲੈਂਦੀ ਤੇ ਰਾਤ ਨੂੰ ਜਤਿੰਦਰ ਫੇਰ ਚੁੱਕ ਲੈਂਦਾ। ਜੀਤੀ ਉਸ ਦਾ ਹਰ ਖਰਚਾ ਪੂਰਾ ਕਰਦੀ ਰਹੀ ਕਿ ਚਲੋ ਕੋਈ ਨਾਂ ਚੰਗੀ ਜੌਬ ਮਿਲ ਜਾਵੇਗੀ। ਏਥੇ ਤੱਕ ਵੀ ਕਿ ਉਹ ਹਰ ਹਫਤੇ ਉਸ ਨੂੰ ਦਸ ਡਾਲਰ ਦਾ ਕਾਲੰਿਗ ਕਾਰਡ ਇੰਡੀਆ ਫੋਨ ਕਰਨ ਲਈ ਲੈ ਕੇ ਦਿੰਦੀ। ਖਰਚਿਆਂ ਦੀ ਉੱਚੀ ਦਰ ਤੇ ਘੱਟ ਆਮਦਨ ਇਸੇ ਕਰਕੇ ਉਹ ਆਪਣੇ ਬਾਕੀ ਪਰਿਵਾਰ ਨੂੰ ਪੱਕੇ ਤੌਰ ਤੇ ਸਪੌਂਸਰ ਵੀ ਨਾ ਕਰ ਸਕੀ। ਉਸਦਾ ਡੈਡੀ ਹੀ ਆਉਣ ਵਾਲਾ ਸੀ ਤੇ ਉਹ ਆਉਣਾ ਨਹੀਂ ਸੀ ਚਾਹੁੰਦਾ ਜਦ ਕਿ ਮਾਂ ਪਾਸ ਤਾਂ ਪੰਜ ਸਾਲ ਦਾ ਵੀਜ਼ਾ ਹੈ ਹੀ ਸੀ। ਤੇ ਸਮਾਂ ਲੰਘਦਾ ਰਿਹਾ। ਤਿੰਨ ਸਾਲ ਬਾਅਦ ਉਹ ਖੁਸ਼ੀ ਦਾ ਦਿਨ ਵੀ ਆ ਗਿਆ ਜਦੋਂ ਸੁਪਨਾ ਪੂਰਾ ਹੋਇਆ ਤੇ ਜਤਿੰਦਰ ਨੂੰ ਕੰਪਿਊਟਰ ਇੰਜਨੀਅਰ ਦੀ ਡਿਗਰੀ ਮਿਲ ਗਈ। ਕਿੰਨੇ ਹੀ ਦਿਨ ਉਹ ਦੋਸਤਾਂ ਨੂੰ ਪਾਰਟੀਆਂ ਕਰਦਾ ਰਿਹਾ। ਇੰਡੀਆ ਨੂੰ ਫੋਨ ਕਰਦਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਜੌਬ ਲੱਭਣੀ ਸ਼ੁਰੂ ਕੀਤੀ। ਉਹ ਕਿਹੜੀ ਥਾਂ ਸੀ ਜਿੱਥੇ ਰੈਜ਼ਮੇ ਨਹੀਂ ਭੇਜਿਆ । ਇਨ੍ਹਾਂ ਦਿਨਾਂ ਵਿੱਚ ਹੋਰ ਫੋਨਾਂ ਦੇ ਨਾਲ ਨਾਲ ਉਸ ਨੂੰ ਕੁੱਝ ਕੁੜੀਆਂ ਦੇ ਵੀ ਫੋਨ ਆਉਦੇ ਰਹੇ। ਅਲੀਸ਼ਾ ਨਾਂ ਦੀ ਕੁੜੀ ਉਸ ਨੂੰ ਅਕਸਰ ਫੋਨ ਕਰਦੀ। ਉਸੇ ਕੁੜੀ ਨੇ ਆਪਣੀ ਕਿਸੇ ਸਹੇਲੀ ਦੇ ਭਰਾ ਨੂੰ ਕਹਿ ਕੇ ਔਟਵਾ ਉਸ ਨੂੰ ਕਿਸੇ ਕੰਪਨੀ ਨਾਲ ਜੌਬ ਦੁਆ ਦਿੱਤੀ। ਸੱਠ ਹਜ਼ਾਰ ਤੇ ਦੋ ਸਾਲ ਲਈ ਕੰਨਟਰੈਕਟ ਵੀ ਹੋ ਗਿਆ। ਕੰਮ ਕਰਨ ਲਈ ਉਸ ਨੂੰ ਅਟਵਾ ਰਹਿਣਾ ਪੈਣਾ ਸੀ। ਜੀਤੀ ਨੇ ਇਹ ਵੀ ਪ੍ਰਵਾਨ ਕਰ ਲਿਆ ਕਿ ਚਲੋ ਸਟਾਰਟ ਵਿੱਚ E ਕੇ ਹੈ ਤਜ਼ੁਰਬਾ ਹੋਣ ਤੋਂ ਟੋਰਾਂਟੋ ‘ਚ ਮਿਲ ਜਾਵੇਗੀ। ਹੁਣ ਜਤਿੰਦਰ ਹਫਤੇ ਬਾਅਦ ਘਰ ਆਉਂਦਾ। ਜੀਤੀ ਰੋਜ ਉਸ ਨੂੰ ਫੋਨ ਕਰ ਲੈਂਦੀ। ਜੀਤੀ ਤਾਂ ਆਪਣੇ ਘਰਦਿਆਂ ਨੂੰ ਪੱਕੇ ਤੌਰ ਤੇ ਅਪਲਾਈ ਕਰਨਾ ਹੀ ਨਹੀਂ ਚਾਹੁੰਦੀ ਸੀ ਪਰ ਇਨਕਮ ਬਣਦਿਆਂ ਹੀ ਜਤਿੰਦਰ ਨੇ ਆਪਣੇ ਮੰਮੀ ਡੈਡੀ ਨੂੰ ਅਪਲਾਈ ਜਰੂਰ ਕਰ ਦਿੱਤਾ। ਮਾਂ ਤੇ ਧੀ ਅਪਾਰਟਮੈਂਟ ਵਿੱਚ ਇਕੱਲੀਆਂ ਰਹਿੰਦੀਆ। ਹੁਣ ਜੀਤੀ ਚਾਹੁੰਦੀ ਕਿ ਉਨ੍ਹਾਂ ਦੇ ਬੱਚਾ ਹੋ ਜਾਵੇ ਪਰ ਜਤਿੰਦਰ ਕੰਨ ਭੰਨਦਾ ਕਿ ਥੋੜੇ ਹੋਰ ਸੈੱਟ ਹੋ ਲਈਏ। ਸਮਾਂ ਬੀਤਦਾ ਰਿਹਾ। ਜਤਿੰਦਰ ਹੁਣ ਹਫਤੇ ਬਾਅਦ ਨਿਰੰਤਰ ਘਰ ਨਾਂ ਆਉਂਦਾ ਦੋ ਦੋ ਹਫਤੇ ਵੀ ਲੰਘਣ ਲੱਗੇ। ਜੇ ਪੁੱਛਦੀ ਤਾਂ ਕਹਿੰਦਾ ਕੰਮ ਬਹੁਤ ਹੈ ਕੰਨਟਰੈਕਟ ਪੂਰਾ ਕਰਨਾ ਹੈ। ਜੀਤੀ ਫੋਨ ਕਰਦੀ ਤਾਂ ਉਹ ਘਰ ਨਾ ਮਿਲਦਾ ਸੈੱਲ ਫੋਨ ਵੀ ਬੰਦ ਹੁੰਦਾ। ਜੇ ਪੁੱਛਦੀ ਤਾਂ ਕਹਿੰਦਾ ਕਿ ਮੀਟਿੰਗ ‘ਚ ਸੀ। ਇੱਕ ਦਿਨ ਉਸ ਨੇ ਜਤਿੰਦਰ ਨੂੰ ਫੋਨ ਕੀਤਾ ਤਾਂ ਅੱਗੋਂ ਕਿਸੇ ਕੁੜੀ ਨੇ ਚੁੱਕਿਆ। ਜੀਤੀ ਨੇ ਪੁੱਛਿਆ ਕਿ ਤੂੰ ਕੌਣ ਏਂ ਤਾਂ ਉਹ ਕਹਿੰਦੀ ਮੈਂ ਅਲੀਸ਼ਾ ਹਾਂ। ਜੀਤੀ ਨੂੰ ਘੁਮੇਰ ਆਉਣ ਲੱਗੀ ਕਿ ਇਹ ਉਸਦੇ ਕਮਰੇ ਵਿੱਚ ਕੀ ਕਰਦੀ ਹੈ? ਉਸ ਨੇ ਜਤਿੰਦਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸਨੇ ਹੀ ਦੱਸਿਆ ਕਿ ਅਲੀਸ਼ਾ ਨੂੰ ਏਸੇ ਕੰਪਨੀ ਵਿੱਚ ਕੰਮ ਮਿਲ ਗਿਆ ਹੈ ਉਹ ਤਾਂ ਵੈਸੇ ਹੀ ਮਿਲਣ ਆਈ ਸੀ। ਉਸੇ ਲਈ ਖਾਣ ਪੀਣ ਦਾ ਸਮਾਨ ਲੈਣ ਉਹ ਸਟੋਰ ਗਿਆ ਸੀ। ਪਰ ਜੀਤੀ ਦਾ ਮੱਥਾ ਠਣਕਦਾ ਰਿਹਾ। ਜਤਿੰਦਰ ਦਾ ਘਰ ਨਾ ਆਉਣਾ ਜਾਂ ਫੋਨ ਨਾਂ ਚੁੱਕਣਾ ਉਸ ਨੂੰ ਡੰਗ ਮਾਰਦੇ ਰਹੇ। ਉਸ ਨੂੰ ਤਾਂ ਇਹ ਵੀ ਸ਼ੱਕ ਪੈਣ ਲਗ ਪਿਆ ਕਿ ਅਲੀਸ਼ਾ ਤੇ ਉਹ ਇਕੱਠੇ ਹੀ ਰਹਿੰਦੇ ਹਨ। ਹੁਣ ਉਹ ਥੋੜਾ ਸਖਤੀ ਨਾਲ ਪੁੱਛਣ ਲੱਗੀ ਤੇ ਅੱਗੋਂ ਜਤਿੰਦਰ ਵੀ ਕੁਰੱਖਤ ਹੋ ਕੇ ਜਵਾਬ ਦਿੰਦਾ ਉਨ੍ਹਾਂ ਦੀ ਹਰ ਗੱਲਬਾਤ ਲੜਾਈ ਵਿੱਚ ਬਦਲ ਜਾਂਦੀ। ਇੱਕ ਦਿਨ ਤਾਂ ਜਤਿੰਦਰ ਨੇ ਸਾਫ ਹੀ ਕਹਿ ਦਿੱਤਾ ‘ਜਾ ਕਰ ਲੈ ਜੋ ਕੁੱਝ ਕਰਨਾ ਸ਼ੀ ਇਜ਼ ਮਾਈ ਗਰਲ ਫਰੈਂਡ ਵੀ ਲਿਵਿੰਗ ਟੂਗੈਦਰ”। ਜੀਤੀ ਦੇ ਸਿਰ ਤਾਂ ਜਿਵੇਂ ਸੌ ਘੜੇ ਪਾਣੀ ਪੈ ਗਿਆ ਸੀ। ਉਹ ਬੋਲੀ “ਮੈਂ ਤੈਨੂੰ ਦੋ ਦੋ ਜੌਬਾਂ ਕਰਕੇ ਡਿਗਰੀ ਕਰਵਾਈ ਤੂੰ ਮੇਰੇ ਨਾਲ ਧੋਖਾ ਕੀਤਾ ਹੈ। ਜਤਿੰਦਰ ਅੱਗੋਂ ਟੁੱਟ ਕੇ ਪਿਆ, “ਬਹੁਤਾ ਬਕਵਾਸ ਨਾ ਕਰ ਮੈਂ ਆਪਣੀ ਯੋਗਤਾ ਨਾਲ ਡਿਗਰੀ ਕੀਤੀ ਏ ਜੇ ਤੂੰ ਨਾ ਪੈਸੇ ਦਿੰਦੀ ਤਾਂ ਬੈਂਕ ਲੋਨ ਦੇ ਦਿੰਦੀ ਜੇ ਪੈਸਿਆਂ ਦੀ ਹੀ ਗੱਲ ਹੈ ਤਾਂ ਦੱਸ ਤੇਰੇ ਕਿੰਨੇ ਲੱਗੇ ਨੇ ਪਾਈ ਪਾਈ ਮੋੜ ਦਵਾਂਗਾ”। ਜੀਤੀ ਨੇ ਕਿਹਾ ਕਿ “ਮੈਨੂੰ ਪੈਸੇ ਨਹੀਂ ਤੂੰ ਚਾਹੀਦਾ ਏਂ ਸ਼ਾਇਦ ਏਸੇ ਕਰਕੇ ਤੂੰ ਘਰ ਨਹੀਂ ਆਉਦਾ”। ਤਾਂ ਉਹ ਅੱਗੋਂ ਕਹਿਣ ਲੱਗਾ “ਘਰ ਤਾਂ ਹਮੇਸ਼ਾਂ ਤੇਰੀ ਮਾਂ ਰਹਿੰਦੀ ਏ ਹਰ ਗੱਲ ਵਿੱਚ ਦਖਲ ਅੰਦਾਜ਼ੀ ਕਰਦੀ ਏ ਮੇਰਾ ਤਾਂ ਦਮ ਘੁੱਟਦਾ ਏਂ ਮੈਂ ਇਸ ਕਰਕੇ ਵੀ ਨਹੀਂ ਆਉਂਦਾ”। “ਅਹਿਸਾਨ ਫਰਮੋਸ਼ ਉਹ ਤੈਨੂੰ ਹੁਣ ਤੱਕ ਰੋਟੀਆਂ ਲਾਹ ਲਾਹ ਕੇ ਖੁਆਂਉਦੀ ਰਹੀ ਏ ਹੁਣ ਤੈਨੂੰ ਉਸ ਦੀ ਹੋਂਦ ਵੀ ਚੁਭਣ ਲੱਗ ਪਈ?” ਜੀਤੀ ਰੋਅ ਰਹੀ ਸੀ। ਲੜਾਈ ਨੂੰ ਘਟਾਉਣ ਲਈ ਜਤਿੰਦਰ ਬੱਚਾ ਪੈਦਾ ਕਰਨ ਲਈ ਰਾਜ਼ੀ ਹੋ ਗਿਆ। ਜੀਤੀ ਸੋਚਣ ਲੱਗੀ ਕਿ ਉਸਦਾ ਬੱਚੇ ਨਾਲ ਮੋਹ ਪੈ ਜਾਵੇਗਾ ਫੇਰ ਤਾਂ ਨਹੀਂ ਛੱਡ ਕੇ ਜਾਣ ਲੱਗਿਆ। ਉਹ ਪਰਿਗਨੈਂਟ ਹੋ ਗਈ। ਤੇ ਸੋਚਦੀ ਵੀ ਰਹਿੰਦੀ ਕਿ ਇੱਕ ਵਿਆਹੇ ਹੋਏ ਲੜਕੇ ਨਾਲ ਅਲੀਸ਼ਾ ਕਿਉਂ ਵਿਆਹ ਕਰਵਾਵੇਗੀ? ਬੱਸ ਏਸੇ ਕਸ਼ਮਕਸ਼ ਵਿੱਚ ਸਾਲ ਹੋਰ ਲੰਘ ਗਿਆ। ਜਤਿੰਦਰ ਹਫਤੇ ਦੋ ਹਫਤੇ ਬਾਅਦ ਘਰ ਆਉਂਦਾ ਕੁੱਝ ਪੈਸੇ ਵੀ ਦੇ ਜਾਂਦਾ। ਗ੍ਰੌਸਰੀ ਖਰੀਦਣ ਤੇ ਹੋਰ ਸਾਰਾ ਕੰਮ ਕਾਜ਼ ਜੀਤੀ ਆਪ ਹੀ ਕਰਦੀ। ਬੱਚਾ ਹੋਣ ਦਾ ਸਮਾਂ ਬਹੁਤ ਨੇੜੇ ਆ ਰਿਹਾ ਸੀ। ਵਾਰ ਵਾਰ ਕਹਿਣ ਤੇ ਜਤਿੰਦਰ ਨੇ ਛੁੱਟੀਆਂ ਨਾ ਲਈਆਂ ਹਰ ਵਾਰ ਕਹਿ ਦਿੰਦਾ ਕਿ ਕੰਮ ਵਾਲੇ ਛੁੱਟੀ ਨਹੀਂ ਦਿੰਦੇ। ਇੱਕ ਰਾਤ ਜੀਤੀ ਨੂੰ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਉਸ ਨੇ ਖੁਦ ਹੀ 911 ਡਾਇਲ ਕੀਤਾ। ਉਸ ਵਕਤ ਜਤਿੰਦਰ ਦਾ ਉਸ ਕੋਲ ਹੋਣਾ ਬਹੁਤ ਜਰੂਰੀ ਸੀ। ਮਾਂ ਨੂੰ ਉਸ ਨੇ ਕਹਿ ਦਿੱਤਾ ਕਿ ਜਤਿੰਦਰ ਨੂੰ ਫੋਨ ਕਰ ਦੇਵੇ ਤੇ ਦੱਸ ਦੇਵੇ ਕਿ ਮੈਂ ਹੱਸਪਤਾਲ ਚੱਲੀ ਹਾਂ। ਮਾਂ ਨੇ ਅਜਿਹਾ ਹੀ ਕੀਤਾ। ਬਖਸ਼ੀ ਭੂਆ ਨੂੰ ਲੈ ਕੇ ਉਹ ਹਸਪਤਾਲ ਵੀ ਚਲੀ ਗਈ। ਦੂਸਰੇ ਦਿਨ ਜੀਤੀ ਦੇ ਘਰ ਨੰਨ੍ਹੀ ਜਿਹੀ ਬੇਟੀ ਨੇ ਜਨਮ ਲਿਆ। ਤਿੰਂਨ ਦਿਨ ਹੋਰ ਲੰਘ ਗਏ ਜਤਿੰਦਰ ਆਪਣੀ ਬੇਟੀ ਨੂੰ ਦੇਖਣ ਹੱਸਪਤਾਲ ਨਾ ਆਇਆ। ਜੀਤੀ ਡੁਸਕਦੀ ਰਹੀ ਮਾਂ ਨੇ ਬਥੇਰਾ ਸਮਝਾਇਆ ਕਿ ਕੋਈ ਕੰਮ ਹੋ ਗਿਆ ਹੋਣੈ। ਪਰ ਜੀਤੀ ਦਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਸੀ। ਕਈ ਜਾਣ ਪਛਾਣ ਵਾਲਿਆ ਨੇ ਪੁੱਛਿਆ ਨਰਸਾਂ ਡਾਕਟਰਾਂ ਨੇ ਪੁੱਛਿਆ ਪਰ ਉਹ ਝੂਠ ਬੋਲ ਦਿੰਦੀ ਰਹੀ। ਤੀਸਰੇ ਦਿਨ ਉਸ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਉਸ ਦੀ ਸਹੇਲੀ ਤੇ ਉਸਦਾ ਹਸਬੈਂਡ ਉਸ ਨੂੰ ਹਸਪਤਾਲੋਂ ਲੈ ਕੇ ਆਏ। ਤੇ ਜਤਿੰਦਰ ਉਸ ਦਿਨ ਵੀ ਨਹੀਂ ਆਇਆ। ਇਹ ਵੀ ਇੱਕ ਸਬੱਬ ਹੀ ਸੀ ਕਿ ਜਿਸ ਦਿਨ ਜੀਤੀ ਬੱਚੀ ਨੂੰ ਲੈ ਕੇ ਘਰ ਆਈ ਤਾਂ ਇੰਡੀਆ ਤੋਂ ਉਸ ਦੇ ਸਹੁਰੇ ਦਾ ਫੋਨ ਆ ਗਿਆ ਕਿ ਸਾਨੂੰ ਵੀਜ਼ਾ ਮਿਲ ਗਿਆ ਹੈ। ਜੀਤੀ ਨੇ ਇਹ ਖੁਸ਼ੀ ਸਾਂਝੀ ਕਰਨ ਲਈ ਵੀ ਜਤਿੰਦਰ ਨੂੰ ਫੋਨ ਕੀਤਾ ਪਰ ਅੱਗੋਂ ਉਸ ਨੇ ਕੋਈ ਵੀ ਖੁਸ਼ੀ ਜਾਹਰ ਨਾ ਕੀਤੀ। ਦਸ ਦਿਨਾਂ ਬਾਅਦ ਉਹ ਕੁੜੀ ਦੇਖਣ ਆਇਆ ਤੇ ਪੰਜ ਸੌ ਡਾਲਰ ਵੀ ਦੇ ਗਿਆ। ਨਾ ਕੁੜੀ ਨੂੰ ਚੁੱਕ ਕੇ ਵੇਖਿਆ ਨਾਂ ਉਸ ਦਾ ਕੋਈ ਨਾਂ ਧਰਿਆ। ਉਸਦਾ ਪਿਆਰ ਲੰਬੇ ਲੰਬੇ ਦਾਹਵੇਂ ਪਤਾ ਨਹੀਂ ਕਿੱਥੇ ਮਰ ਮੁੱਕ ਗਏ ਸਨ। ਸ਼ਾਇਦ ਉਸ ਨੇ ਆਪਣੇ ਆਪ ਨੂੰ ਹੀ ਗਿਰਵੀ ਕਰ ਦਿੱਤਾ ਸੀ। ਜੀਤੀ ਨੇ ਕਈ ਵਾਰੀ ਪੁੱਛਿਆ ਕੇ ਘਰਦੇ ਆਉਣ ਵਾਲੇ ਨੇ ਕੀ ਕਰਨਾ ਹੈ? ਘਰ ਬਦਲਣਾ ਹੈ ਜਾਂ ਇਹ ਹੀ ਠੀਕ ਹੈ। ਜੇ ਜੌਬ ਟੋਰਾਂਟੋ ਮਿਲ ਜਾਵੇ ਤਾਂ ਠੀਕ ਰਹੇਗਾ?’ ਪਰ ਉਹ ਟੱਸ ਤੋਂ ਮੱਸ ਨਾਂ ਹੋਇਆ ਜਿਵੇਂ ਜੀਤੀ ਹੋਰ ਹੀ ਕਿਸੇ ਨਾਲ ਗੱਲਾਂ ਕਰ ਰਹੀ ਹੋਵੇ। ਜਿਸ ਦਿਨ ਉਸ ਦੇ ਪਰਿਵਾਰ ਨੇ ਆਉਣਾ ਸੀ ਤਾਂ ਉਹ ਟੋਰਾਂਟੋ ਆ ਗਿਆ। ਪਰ ਦੂਸਰੇ ਦਿਨ ਹੀ ਫੇਰ ਔਟਵਾ ਨੂੰ ਚਲਾ ਗਿਆ। ਮਾਂ ਜਸਵੰਤ ਕੌਰ ਨੇ ਕਿਹਾ ਪੁੱਤ ਕਈ ਸਾਲਾਂ ਬਾਅਦ ਮਿਲੇ ਹਾਂ ਤੂੰ ਤਾਂ ਬੜਾ ਬਦਲ ਗਿਆ ਏਂ? ਪਿਉ ਤਾਰਾ ਸਿਉਂ ਨੇ ਵੀ ਸਮਝਾਇਆ ਕਿ ਲੜਕੀ ਕੱਲੀ ਹੈ ਛੋਟੀ ਬੱਚੀ ਹੈ ਜਰਾ ਅਕਲ ਕਰ। ਪਰ ਉਹ ਡੁੱਨ ਵੱਟਾ ਜਿਹਾ ਬਣਿਆ ਸਾਰਾ ਕੁੱਝ ਸੁਣਦਾ ਰਹਿੰਦਾ। ਇੱਕ ਦਿਨ ਜਸਵੰਤ ਕੌਰ ਨੇ ਜੀਤੀ ਨੂੰ ਕਿਹਾ, “ਕੁੜੇ ਗੁਰਜੀਤ ਤੇਰੇ ਵਰਗੀ ਨੂੰਹ ਤਾਂ ਭਾਈ ਰੱਬ ਸਭ ਨੂੰ ਦੇਵੇ ਤੇਰੇ ‘ਚ ਤਾਂ ਸਾਨੂੰ ਕੋਈ ਨੁਕਸ ਨਹੀਂ ਲੱਭਾ ਫੇਰ ਜਤਿੰਦਰ ਏਦਾਂ ਕਿਉਂ ਕਰਦਾ ਏਂ?” ਜੀਤੀ ਨੇ ਦੱਸਿਆ ਕਿ ਬੀ ਜੀ ਸ਼ਾਇਦ ਉੱਥੇ ਕੋਈ ਕੁੜੀ ਹੈ ਉਸ ਨਾਲ ਚੱਕਰ ਹੈ ਏਹਦਾ। ਜਸਵੰਤ ਕੌਰ ਨੇ ਕਿਹਾ ਨਾਂ ਹੁਣ ਵਿਆਹ ਕਰਵਾਕੇ ਏਹਨੂੰ ਚੱਕਰ ਸੁਝਦੇ ਨੇ ਆਉਣ ਦੇ ਘਰ ਮੈਂ ਪੁੱਛਦੀ ਹਾਂ?” ਫੇਰ ਜਸਵੰਤ ਕੌਰ ਨੇ ਹੀ ਫੋਨ ਕੀਤਾ ਕਿ ‘ਤੇਰਾ ਪਿਉ ਬਹੁਤ ਗੁੱਸੇ ਵਿੱਚ ਹੈ ਅਸੀਂ ਨਹੀਂ ਕਨੇਡਾ ਰਹਿਣਾ ਜੇ ਤੂੰ ਆਪ ਘਰ ਨਹੀਂ ਆਉਣਾ। ਸਾਨੂੰ ਮੰਗਵਾ ਕੇ ਕਿਉਂ ਅੱਧ ਅਸਮਾਨੇ ਟੰਗ ਦਿੱਤਾ। ਜਿੰਨੀ ਜਲਦੀ ਹੋ ਸਕੇ ਆ ਜਾ ਤੇਰੇ ਨਾਲ ਗੱਲ ਕਰਨੀ ਹੈ”। ਉਹ ਮਾਂ ਦੀ ਕੁੱਰਖਤ ਭਾਸ਼ਾ ਸੁਣ ਕੇ ਥੋੜਾ ਡਰ ਗਿਆ ਤੇ ਉਸੇ ਵੀਕ ਐੱਡ ਤੇ ਟੋਰਾਂਟੋ ਆ ਗਿਆ। ਨੰਨ੍ਹੀ ਜਿਹੀ ਰੂਬੀ ਵਲ ਉਸ ਨੇ ਇਸ ਵਾਰੀ ਵੀ ਧਿਆਨ ਨਾ ਦਿੱਤਾ। ਤਾਰਾ ਸਿਉਂ ਨੇ ਬਿਠਾ ਕੇ ਦੋ ਟੁੱਕ ਗੱਲ ਕਰਨੀ ਚਾਹੀ। ਕਿ ਜਾਂ ਤਾਂ ਵਿੱਚੋਂ ਗੱਲ ਦੱਸਦੇ ਕੀ ਆ ਤੇ ਜਾਂ ਫੇਰ ਬੰਦਾ ਬਣ ਕੇ ਰਹਿ। ਲੜਕੀ ਦੀ ਜਿ਼ੰਦਗੀ ਕਾਹਨੂੰ ਖਰਾਬ ਕਰਨ ਡਿਹਾ ਏਂ …ਕੱਲ ਨੂੰ ਲੋਕੀ ਂ ਕਹਿਣਗੇ ਪਤਾ ਨਹੀਂ ਸਹੁਰਿਆਂ ਨੇ ਨਹੀਂ ਵੱਸਣ ਦਿੱਤੀ। ਤਾਂ ਜਤਿੰਦਰ ਬੋਲਿਆ ‘ਮੈਨੂੰ ਨਹੀਂ ਇਹ ਪਸੰਦ’। ਮੈਂ ਕੰਪਿਊਟਰ ਇੰਜਨੀਅਰ ਤੇ ਪਲੱਸ ਟੂ। ਤੁਸੀਂ ਮੈਨੂੰ ਇਸ ਨਾਲ ਫਸਾ ਦਿੱਤਾ। ਇਹ ਪੁਰਾਣੇ ਖਿਆਲਾਂ ਦੀ ਹੈ। ਮੇਰੇ ਦੋਸਤਾਂ ਮਿੱਤਰਾਂ ਦੀ ਰਸਪੈਕਟ ਨਹੀਂ ਕਰਦੀ। ਸੁਸਾਇਟੀ ਦੇ ਤੌਰ ਤਰੀਕੇ ਇਸ ਨੂੰ ਨਹੀਂ ਆਉਦੇ ਮੈਂ ਆਪਣਾ ਸਾਰਾ ਜੀਵਨ ਕਿਵੇਂ ਕੱਢਾਂਗਾ? ਤਾਂ ਤਾਰਾ ਸਿੰਘ ਬੋਲਿਆ ਨਾ ਤੈਨੂੰ ਪੁੱਛ ਕੇ ਹੀ ਹਾਂ ਕੀਤੀ ਸੀ ਉਦੋਂ ਦਿੰਦਾ ਜਵਾਬ? ਉਦੋਂ ਤਾਂ ਤੈਨੂੰ ਕਨੇਡਾ ਦੀਹਦਾ ਸੀ। ਉਦੋਂ ਨਹੀਂ ਘੱਟ ਪੜ੍ਹੀ ਦਿਖੀ ਜਦੋਂ ਦੋ ਦੋ ਜੌਬਾਂ ਕਰਕੇ ਤੈਨੂੰ ਕੋਰਸ ਕਰਵਾਉਂਦੀ ਸੀ। ਪੁੱਤ ਤਾਂ ਤੂੰ ਮੇਰਾ ਈ ਪਰ ਤੇਰੇ ਇਸ ਘਟੀਆ ਕਾਰਨਾਮੇ ਨੇ ਤਾਂ ਮੈਨੂੰ ਕਿਤੇ ਵੀ ਖੜਨ ਜੋਗਾ ਨਹੀਂ ਛੱਡਣਾ। ਤੇਰੀ ਮਾਂ ਜੀਤੀ ਦੀ ਮਾਂ ਬਿਸ਼ਨ ਕੌਰ ਦੇ ਸਵਾਲਾਂ ਦਾ ਕੀ ਜਵਾਬ ਦੇ ਵੇ? ਜਿਸ ਦਿਨ ਜਤਿੰਦਰ ਨੇ ਸਾਫ ਕਹਿ ਦਿੱਤਾ ਕਿ ਅਲੀਸ਼ਾ ਉਸ ਦਾ ਬਹੁਤ ਕਰਦੀ ਹੈ ਉਸ ਜਿੰਨੀ ਹੀ ਪੜ੍ਹੀ ਲਿਖੀ ਹੈ ਮਾਡਰਨ ਹੈ ਉਸ ਤੇ ਤਲਾਕ ਦਾ ਧੱਬਾ ਵੀ ਨਹੀਂ ਮੈਂ ਉਸ ਨਾਲ ਹੀ ਵਿਆਹ ਕਰਵਾਂਵਾਗਾ। ਤਾਂ ਤਾਰਾ ਸਿੰਘ ਤੋਂ ਇਹ ਗੱਲ ਬ੍ਰਦਾਸ਼ਤ ਨਾ ਹੋਈ ਉਸ ਨੇ ਸਾਫੇ ਦੇ ਲੜ ਨਾਲ ਅੱਖਾਂ ਪੂੰਝਦਿਆਂ ਕਿਹਾ “ਏਹੋ ਜਿਹੀ ਉਲਾਦ ਨਾਲੋਂ ਤਾਂ ਉਲਾਦ ਨਾਂ ਹੋਵੇ। ਜੀ ਕਰਦਾ ਹੈ ਮੁੜਕੇ ਸ਼ਕਲ ਨਾ ਦੇਖਾਂ। ਭੈਣ ਜੀ ਅਸੀਂ ਨਹੀ ਹੁਣ ਏਥੇ ਰਹਿ ਸਕਦੇ ਪਿੰਡ ਹੀ ਠੀਕ ਹਾਂ। ਉਹ ਬਿਸ਼ਨ ਕੌਰ ਨੂੰ ਕਹਿ ਰਿਹਾ ਸੀ। ਤੇ ਫੇਰ ਕੁੱਝ ਹੀ ਦਿਨਾਂ ਬਾਅਦ ਉਹ ਆਪ ਹੀ ਟਿਕਟ ਦਾਂ ਪ੍ਰਬੰਧ ਕਰਕੇ ਉਹ ਬਗੈਰ ਜਤਿੰਦਰ ਨੂੰ ਦੱਸੇ ਵਾਪਸ ਮੁੜ ਗਏ। ਹੁਣ ਜਤਿੰਦਰ ਦਾ ਰਿਸ਼ਤਾ ਇਸ ਘਰ ਨਾਲੋਂ ਬਿਲਕੁੱਲ ਟੁੱਟ ਗਿਆ। ਉਹ ਮੁੜ ਕੇ ਘਰ ਨਹੀਂ ਆਇਆ। ਲੋਕਾਂ ਕੋਲ ਉਹ ਸਭ ਕਾਸੇ ਦੀ ਜਿੰਮੇਵਾਰ ਜੀਤੀ ਨੂੰ ਠਹਿਰਾਂਉਦਾ ਰਿਹਾ। ਉਹ ਸੁਣਦੀ ਰਹੀ ਤੇ ਰੋਂਦੀ ਰਹੀ। ਫੇਰ ਵੀ ਉਸਦਾ ਮਨ ਕਹਿੰਦਾ ਕਿ ਮੈਂ ਉਸਦਾ ਐਨਾ ਕੀਤਾ ਹੈ ਮੇਰੇ ਨਾਲ ਉਹ ਇਸ ਤਰ੍ਹਾਂ ਦਾ ਧੋਖਾ ਨਹੀਂ ਕਰ ਸਕਦਾ ਅਜੇ ਦੁਨੀਆਂ ਵਿੱਚ ਐਨਾ ਹਨੇਰ ਤਾਂ ਨਹੀਂ ਪਿਆ। ਪਰ ਇੱਹ ਹਨੇਰ ਸੱਚਮੁੱਚ ਉਸ ਦੀ ਜਿ਼ੰਦਗੀ ਵਿੱਚ ਪੈ ਗਿਆ ਜਦੋਂ ਜਤਿੰਦਰ ਦੇ ਵਕੀਲ ਵਲੋਂ ਭੇਜੇ ਤਲਾਕ ਦੇ ਪੇਪਰ ਜੀਤੀ ਨੂੰ ਪ੍ਰਾਪਤ ਹੋਏ। ਉਸ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਤੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਮਸਾਂ ਬੈੱਡ ਤੱਕ ਪਹੁੰਚੀ ਤੇ ਢੇਰ ਹੋ ਗਈ। ਬਿਸ਼ਨ ਕੌਰ ਵਾਰ ਵਾਰ ਕਹਿ ਰਹੀਂ ਸੀ ਸੀ ‘ਧੀਏ ਦੱਸ ਤਾਂ ਸਹੀ ਕੀ ਹੋਇਆ’।ਜੀਤੀ ਨੇ ਦੱਸਿਆ ਕਿ ਉਨ੍ਹਾਂ ਤਲਾਕ ਦੇ ਪੇਪਰ ਭੇਜੇ ਨੇ। ਬਿਸ਼ਨ ਕੌਰ ਨੇ ਪਹਿਲੀ ਵਾਰ ਗਾਲ ਕੱਢ ਕੇ ਜਵਾਈ ਨੂੰ ‘ਹਰਾਮ ਦਾ ਕੁੱਤਾ ਕਮੀਨਾ ਤੇ ਮਤਲਬੀ ਕਿਹਾ’ ਉਸ ਨੇ ਇਹ ਵੀ ਕਿਹਾ ਕਿ ਅਜਿਹੇ ਘਟੀਆ ਜਿਹੇ ਬੰਦੇ ਤੋਂ ਖਹਿੜਾ ਛੁੱਟਣਾ ਹੀ ਬੇਹਤਰ ਹੈ। ਪਰ ਜੀਤੀ ਲਈ ਇਹ ਸਦਮਾਂ ਬਹੁਤ ਵੱਡਾ ਸੀ। ਉਹ ਧੀ ਨੂੰ ਬੁੱਕਲ ਵਿੱਚ ਲੈ ਕੇ ਰੋਂਦੀ ਰਹੀ। ਜਿ਼ੰਦਗੀ ਪਹਾੜ ਵਰਗੀ ਜਾਪਣ ਲੱਗੀ ਤੇ ਉਹ ਭੈਅ ਭੀਤ ਹੋ ਗਈ। ਉਹ ਸੋਚਣ ਲੱਗੀ: ‘ਤਿਲ ਤਿਲ ਕਰਕੇ ਮਰਨ ਨਾਲੋਂ ਤਾਂ ਇੱਕ ਵਾਰ ਮਰਨਾ ਚੰਗਾ ਹੈ। ਬਿਸ਼ਨ ਕੌਰ ਨੇ ਅਜੇ ਪਾਸਾ ਵੱਟਿਆ ਹੀ ਸੀ ਜੀਤੀ ਨੇ ਦੰਦ ਪੀੜ ਲਈ, ਟੈਲਾਨੋਲ ਟੂ ਦੀਆਂ ਗੋਲੀਆਂ ਲੱਪ ਭਰਕੇ ਲੈ ਲਈਆਂ। ਜਦ ਨੂੰ ਬਿਸ਼ਨ ਕੌਰ ਪਰਤੀ ਤਾਂ ਉਹ ਬੇਸੁਰਤ ਹੋ ਗਈ ਸੀ। ਬਿਸ਼ਨ ਕੌਰ ਨੂੰ ਕੁੱਝ ਨਾ ਸੁੱਝਿਆ ਉਸਨੇ ਦੱਸੇ ਮੁਤਾਬਕ 911 ਡਾਇਲ ਕਰਕੇ ਐਂਮਰਜੈਨਸੀ ਐਂਮਰਜੈਂਨਸੀ ਕਿਹਾ। ਦੋ ਤਿੰਨ ਮਿੰਟ ‘ਚ ਹੀ ਫਾਇਰ ਪੁਲਸ ਤੇ ਐਂਬੂਲੈਂਸ ਆ ਗਏ । ਮੌਕੇ ਸਿਰ ਹਸਪਤਾਲ ਪੁਹੰਚਣ ਕਰਕੇ ਜੀਤੀ ਦੀ ਜਾਨ ਤਾਂ ਬਚ ਗਈ। ਪਰ ਅਜੇ ਪਤਾ ਨਹੀਂ ਕੀ ਹੋਣਾ ਸੀ। ਬਿਸ਼ਨ ਕੌਰ ਮਾਲਾ ਫੇਰਦੀ ਰੱਬ ਅੱਗੇ ਅਰਦਾਸਾਂ ਕਰਦੀ ਰਹੀ ਕਿ ਉਸ ਨੰਨ੍ਹੀ ਜਿਹੀ ਜਾਨ ਰੂਬੀ ਕਰਕੇ ਹੀ ਸਈ ਮੇਰੀ ਧੀ ਨੂੰ ਕੁੱਝ ਨਾਂ ਹੋਵੇ। ਜਿਸ ਨੂੰ ਬਖਸੀ ਆਪਣੇ ਘਰ ਲੈ ਗਈ ਸੀ। ਜੀਤੀ ਨੂੰ ਸੁਰਤ ਪਰਤ ਆਈ ਸੀ। ਕੋਲ ਖੜਾ ਡਾਕਟਰ ਦੱਸ ਰਿਹਾ ਸੀ ਕਿ ਬਰੇਨ ਹੈਮਰਿੱਜ਼ ਤੋਂ ਬਚਾ ਹੋ ਗਿਆ। ਉਸ ਨੇ ਇਹ ਵੀ ਦੱਸਿਆ ਕਿ ਏਨੀ ਡੋਜ਼ ਲੈਣ ਨਾਲ ਕਈ ਵਾਰੀ ਮਰੀਜ਼ ਪੈਰਾਲਾਈਜ਼ ਵੀ ਹੋ ਜਾਂਦਾ ਹੈ ਪਰ ਸ਼ੁਕਰ ਹੈ ਕਿ ਇਸ ਦੀਆਂ ਲੱਤਾਂ ਬਾਹਵਾਂ ਸਭ ਠੀਕ ਨੇ। ਪਰ ਜੀਤੀ ਸੋਚ ਰਹੀ ਸੀ ਕਿ ਲੱਤ ਤਾਂ ਮੇਰੀ ਟੁੱਟ ਗਈ ਜਦੋਂ ਜੀਵਨ ਦੀ ਗੱਡੀ ਦਾ ਇੱਕ ਪਹੀਆ ਹੀ ਟੁੱਟ ਗਿਆ। ਫੇਰ ਉਹ ਸੋਚਣ ਲੱਗੀ ਕਿ ਉਸ ਔਰਤ ਦੀ ਵਾਂ ਲੱਤ ਕੱਟੀ ਹੋਈ ਹੈ ਕੀ ਉਹ ਨਹੀਂ ਜੀਂਦੀ? ਮੈਂ ਵੀ ਤਾਂ ਜੀ ਸਕਦੀ ਹਾਂ। ਉਹ ਬੈੱਡ ਥੱਲੇ ਪਈ ਉਸ ਲੱਕੜ ਦੀ ਲੱਤ ਨੂੰ ਅਜੇ ਵੀ ਘੂਰਦੀ ਸੋਚ ਰਹੀ ਸੀ ਕਿ ਉਹ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਹੀ ਦੇਵੇ ਅਤੇ ਆਪਣੇ ਪੈਰਾਂ ਤੇ ਤੁਰਨਾ ਸਿੱਖੇ ਜਿਸ ਦਾ ਆਨੰਦ ਕੁੱਝ ਹੋਰ ਹੀ ਹੁੰਦਾ ਹੈ। ਵਿਚਾਰੀ ਲੱਕੜ ਦੀ ਲੱਤ…ਜਿਸ ਨੂੰ ਉਸ ਅੋਰਤ ਨੇ ਉਤਾਰ ਕੇ ਪਾਸੇ ਸੁੱਟ ਦਿੱਤਾ ਸੀ। ਪਰ ਹੁਣ ਜੀਤੀ ਉਦਾਸ ਨਹੀਂ ਸੀ। |
***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 15 ਨਵੰਬਰ 2005) *** |