“ਸੜਕ” ਹਰ ਰੋਜ਼ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਰਾਹ ਬਦਲਦੀ ਏ। ਕੋਈ ਉਸ ਉੱਪਰੋਂ ਲੰਘਿਆ ਚੰਨ ਤੱਕ ਵੀ ਪਹੁੰਚ ਜਾਂਦਾ, ਤੇ ਕੋਈ ਰਾਹਾਂ ਦੇ ਵਾਵਰੋਲੇ ਵਿੱਚ ਹੀ ਗਵਾਚਿਆ ਰਹਿੰਦਾ ਏ, ਪਰ ਸੜਕ ਹਰ ਇਨਸਾਨ ਦੀ ਜ਼ਿੰਦਗੀ ਦੇ ਰਾਹਾਂ ਨੂੰ ਆਪਣਾ ਸਾਥ ਬਿਨਾਂ ਕਿਸੇ ਸਵਾਰਥ ਤੋਂ ਦਿੰਦੀ ਰਹਿੰਦੀ ਏ। ਬੱਸ ਦੀ ਉਡੀਕ ਵਿੱਚ ਪਿੰਡ ਤੋਂ ਬਾਹਰ ਨੈਸ਼ਨਲ ਹਾਈ-ਵੇ ਤੇ ਬਣੇ ਬੱਸ ਸਟਾਪ ਦੀ ਛੱਤ ਥੱਲੇ ਖੜਿਆ ਜੱਗੀ ਆਪਣੀ ਸੋਚ ਦੇ ਵਲੇਵੇ ਨੂੰ ਸਾਹਮਣੇ ਦਿਸਦੀ ਸੜਕ ਦੇ ਆਲੇ-ਦੁਆਲੇ ਲਪੇਟ ਰਿਹਾ ਸੀ। “ਵੇ ਪੁੱਤ, ਜਗਰਾਉਂ ਨੂੰ ਜਾਣ ਵਾਲੀ ਬੱਸ ਲੰਘ ਗਈ ਕਿ ਆਉਣੀ ਆ ਅਜੇ?” ਰਿਕਸ਼ੇ ਤੋਂ ਉੱਤਰਦੀ ਇੱਕ ਜ਼ਨਾਨੀ ਨੇ ਜੱਗੀ ਨੂੰ ਪੁੱਛਿਆ। “ਨਹੀਂ ਆਂਟੀ ਅਜੇ ਆਉਣੀ ਏ ਜੀ ।” ਜੱਗੀ ਨੇ ਜਵਾਬ ਦਿੱਤਾ ਤੇ ਹੱਥ ‘ਚ ਫੜੀ ਬੋਤਲ ਵਿੱਚੋਂ ਦੋ-ਘੁੱਟ ਪਾਣੀ ਦੇ ਭਰੇ। “ਆਹ ਫੜ ਦੱਸ ਰੁਪਏ, ਐਵੇਂ ਰੌਲਾ ਨਾ ਪਾ, ਆਹ ਨਾਲ ਦੀ ਗਲੀ ‘ਚੋਂ ਤਾਂ ਲੈ ਕੇ ਆਇਆ ਤੇ ਪੰਜਾਹ ਰੁਪਏ ਤਾਂ ਇੰਜ ਮੰਗਦਾ ਜਿਵੇਂ ਮੁੱਲਾਂਪੁਰ ਤੋਂ ਚੜੀ ਹੋਵਾਂ।” ਜ਼ਨਾਨੀ ਨੇ ਰਿਕਸ਼ੇ ਵਾਲੇ ਨੂੰ ਦੱਸ ਰੁਪਏ ਦਾ ਨੋਟ ਫੜਾਉਂਦਿਆਂ ਕਿਹਾ। ਜੱਗੀ ਮਨ ਹੀ ਮਨ ਸੋਚ ਰਿਹਾ ਸੀ ਕਿ ਐਨੀ ਗਰਮੀ ਵਿੱਚ ਵਿਚਾਰਾ ਰਿਕਸ਼ੇ ਵਾਲਾ ਆਪਣੇ ਤੋਂ ਤਿੰਨ ਗੁਣਾਂ ਭਾਰ ਦੀ ਜ਼ਨਾਨੀ ਨੂੰ ਸਾਹੋ ਸਾਹ ਹੁੰਦਾ ਹੋਇਆ ਇੱਥੋਂ ਤੱਕ ਲਿਆਇਆ, ਪਰ ਫਿਰ ਵੀ ਉਸ ਨੂੰ ਆਪਣੇ ਹੱਕ ਦੀ ਕਮਾਈ ਲਈ ਉਸ ਔਰਤ ਨਾਲ ਲੜਨਾ ਪੈ ਰਿਹਾ। ਖ਼ੈਰ ਕਾਫ਼ੀ ਜੱਦੋ-ਜਹਿਦ ਨਾਲ ਗੱਲ ਚਾਲੀ ਰੁਪਏ ਤੇ ਮੁੱਕੀ। ਪਰ ਇਸ ਗੱਲ ਦੀ ਜੱਗੀ ਨੂੰ ਖ਼ੁਸ਼ੀ ਸੀ ਕਿ ਉਸ ਰਿਕਸ਼ੇ ਵਾਲੇ ਨੇ ਆਪਣੇ ਹੱਕ ਲਈ ਹਿੰਮਤ ਨਹੀਂ ਹਾਰੀ। ਦੁਪਹਿਰ ਦਾ ਇੱਕ ਵੱਜ ਚੁੱਕਿਆ ਸੀ ਤੇ ਬੱਸ ਦੇ ਆਉਣ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ ਸੀ। ਐਨੇ ਨੂੰ ਫ਼ਿਰੋਜਪੁਰ ਜਾਣ ਵਾਲੀ ਬੱਸ ਰੁਕੀ ਤੇ ਕੰਡਕਟਰ ਨੇ ਸਵਾਰੀਆਂ ਨੂੰ ਵਾਜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ। “ਵੇ ਪੁੱਤ, ਆਧਾਰ ਕਾਰਡ ਚੱਲੇਗਾ?” ਰਿਕਸ਼ੇ ਵਾਲੀ ਆਂਟੀ ਨੇ ਪੁੱਛਿਆ। “ਮਾਤਾ, ਆਧਾਰ ਕਾਰਡ ਵਾਲੀ ਬੱਸ ਪਿੱਛੇ ਆਉਂਦੀ ਪਈ ਏ।” ਕੰਡਕਟਰ ਨੇ ਕਾਹਲੀ ‘ਚ ਕਿਹਾ ਤੇ ਸਵਾਰੀਆਂ ਚੜ੍ਹਾ ਕਿ ਸੀਟੀ ਮਾਰ ਡਰਾਈਵਰ ਨੂੰ ਬੱਸ ਚਲਾਉਣ ਦਾ ਇਸ਼ਾਰਾ ਕੀਤਾ। “ਕੀ ਫ਼ਰਕ ਪੈਂਦਾ ਸੀ ਜੇ ਇੱਕ ਸਵਾਰੀ ਆਧਾਰ ਕਾਰਡ ਵਾਲੀ ਚੜ੍ਹਾ ਲੈਂਦਾ।” ਰਿਕਸ਼ੇ ਵਾਲੀ ਆਂਟੀ ਨੇ ਮੂੰਹ ਦੇ ਹਾਵ-ਭਾਵ ਬਦਲਦਿਆਂ ਕਿਹਾ ਤੇ ਕੋਲ ਬਣੇ ਥੜ੍ਹੇ ਤੇ ਬੈਠ ਗਈ। ਜੱਗੀ ਨੇ ਆਂਟੀ ਦੀ ਗੱਲ ਸੁਣ ਉਸ ਵੱਲ ਵੇਖਿਆ ਤੇ ਫਿਰ ਅਸਮਾਨ ਵੱਲ ਵੇਖ ਕੇ ਮਨ ਹੀ ਮਨ ਕਿਹਾ “ਰੱਬਾ, ਅਜਿਹੇ ਮਹਾਨ ਲੋਕਾਂ ਲਈ ਤੈਨੂੰ ਵੱਖਰੀ ਧਰਤੀ ਬਣਾਉਣੀ ਚਾਹੀਦੀ ਸੀ।” ਤੇ ਫਿਰ ਦੁਬਾਰਾ ਆਪਣੇ ਫ਼ੋਨ ਤੇ ਉਂਗਲਾਂ ਉੱਪਰ-ਥੱਲੇ ਕਰਨ ਲੱਗਿਆ। ਐਨੇ ਨੂੰ ਜੱਗੀ ਦਾ ਫ਼ੋਨ ਵੱਜਿਆ “ਹੈਲੋ…ਹਾਂ ਜੀ ਮੰਮੀ” ਜੱਗੀ ਨੇ ਕਿਹਾ। ਐਨੇ ਨੂੰ ਜੱਗੀ ਦੇ ਪਿੰਡ ਵਾਲੀ ਬੱਸ ਆ ਗਈ ਤੇ ਉਹ ਬੱਸ ਚੜ੍ਹ ਗਿਆ। “ਜੱਗੀ, ਅੱਜ ਕਿਵੇਂ ਬੱਸ ਲੇਟ ਹੋ ਗਈ? ਤੇਰਾ ਬਾਪੂ ਤੈਨੂੰ ਉਡੀਕ ਕੇ ਮੋਟਰ ਤੇ ਗਿਆ। ਤੂੰ ਮੂੰਹ ਹੱਥ ਧੋ ਲੈ, ਮੈਂ ਰੋਟੀ ਲਾਉਂਦੀ ਆ, ਖਾ ਕੇ ਆਪਣੇ ਬਾਪੂ ਕੋਲ ਚਲਾ ਜਾ।” ਚੰਨ ਕੌਰ ਨੇ ਕਿਹਾ ਤੇ ਰਸੋਈ ਵੱਲ ਚਲੀ ਗਈ। ਜੱਗੀ ਨੇ ਮੂੰਹ ਹੱਥ ਧੋ ਕੇ ਕੁੜਤਾ-ਪਜਾਮਾ ਪਾ ਲਿਆ ਤੇ ਰੋਟੀ ਖਾਣ ਲਈ ਮੰਜੇ ਤੇ ਬੈਠ ਗਿਆ। “ਜੱਗੀ, ਤੇਰਾ ਬਾਪੂ ਤੇਰੀ ਫ਼ੀਸ ਦੇ ਪੈਸੇ ਆੜ੍ਹਤੀਏ ਕੋਲੋਂ ਫੜ ਲਿਆਇਆ ਸੀ, ਕਲ ਯਾਦ ਨਾਲ ਫ਼ੀਸ ਭਰਦੀਂ ਪੁੱਤ।” ਚੰਨ ਕੌਰ ਨੇ ਰੋਟੀ ਵਾਲੀ ਥਾਲ਼ੀ ਫੜਾਉਂਦਿਆਂ ਕਿਹਾ। “ਕੀ ਲੋੜ ਸੀ ਪੈਸੇ ਫੜਣ ਦੀ? ਲਾਡੀ ਬਾਈ ਨੂੰ ਇਸ ਹਫ਼ਤੇ ਤਨਖ਼ਾਹ ਮਿਲ ਜਾਣੀ ਸੀ। ਬਾਪੂ ਵੀ ਕਰਜ਼ਾ ਚੁੱਕਣ ਨੂੰ ਤਿਆਰ ਹੀ ਰਹਿੰਦਾ।” ਜੱਗੀ ਨੇ ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਂਦਿਆਂ ਗ਼ੁੱਸੇ ‘ਚ ਕਿਹਾ। “ਲਾਡੀ ਦੀ ਤਨਖ਼ਾਹ ਕਿਹੜਾ ਲੱਖਾਂ ‘ਚ ਏ ਪੁੱਤ, ਔਖੇ-ਸੌਖੇ ਹੋ ਕੇ ਘਰ ਦਾ ਰਾਸ਼ਨ ਪੂਰਾ ਹੁੰਦਾ। ਆਹ ਬੱਸ ਛੇ ਮਹੀਨੇ ਨੇ, ਫਿਰ ਤੂੰ ਵੀ ਕਿਤੇ ਨੌਕਰੀ ਲੱਗ ਜਾਏਂਗਾ, ਤਾਂ ਲਾਹ ਦਿਆਂਗੇ ਕਰਜ਼ੇ। ਐਵੇਂ ਗ਼ੁੱਸੇ ਵਿੱਚ ਰੋਟੀ ਨੀ ਖਾਈ ਦੀ, ਅੰਨ ਦਾ ਨਿਰਾਦਰ ਹੁੰਦਾ ਏ ਪੁੱਤ।” ਚੰਨ ਕੌਰ ਨੇ ਲੱਸੀ ਦਾ ਗਿਲਾਸ ਮੇਜ਼ ਤੇ ਰੱਖਦਿਆਂ ਕਿਹਾ। “ਪਤਾ ਨਹੀਂ ਮਾਂ, ਤੁਸੀਂ ਤੇ ਬਾਪੂ ਕੀ ਸੋਚ-ਸੋਚ ਸਿਰ ਤੇ ਕਰਜ਼ਾ ਚੜ੍ਹਾਈ ਜਾਂਦੇ ਓ। ਕਮਾਈ ਤਾਂ ਕਰਜ਼ੇ ਜਿੰਨੀ ਨਹੀਂ ਹੁੰਦੀ ਤੇ ਉੱਪਰੋਂ ਵਿਆਜ ਦੀ ਅਲੱਗ ਟੈਨਸ਼ਨ।” ਜੱਗੀ ਨੇ ਕਿਹਾ। “ਤੂੰ ਆਰਾਮ ਨਾਲ ਰੋਟੀ ਖਾ ਤੇ ਆਪਣੇ ਬਾਪੂ ਕੋਲ ਜਾ।” ਕਹਿ, ਚੰਨ ਕੌਰ ਰਸੋਈ ਵੱਲ ਨੂੰ ਚਲੀ ਗਈ। ਜਦੋਂ ਜੱਗੀ ਰੋਟੀ ਖਾ ਕੇ ਖੇਤਾਂ ਵੱਲ ਨੂੰ ਜਾਣ ਲੱਗਾ ਤਾਂ ਲਾਡੀ ਵੀ ਘਰ ਆ ਗਿਆ। “ਜੱਗੀ ਨੂੰ ਕੀ ਹੋਇਆ? ਬੜਾ ਗ਼ੁੱਸੇ ‘ਚ ਘਰੋਂ ਬਾਹਰ ਗਿਆ।” ਲਾਡੀ ਨੇ ਸਕੂਟਰ ਦਾ ਸਟੈਂਡ ਲਾਉਂਦਿਆਂ ਪੁੱਛਿਆ। “ਕੁੱਝ ਨੀ ਹੋਇਆ, ਆਪੇ ਲਹਿ ਜਾਏਗਾ ਗ਼ੁੱਸਾ। ਤੇਰਾ ਬਾਪੂ ਇਹਦੇ ਕਾਲਜ ਦੀ ਫ਼ੀਸ ਲਈ ਆੜ੍ਹਤੀਏ ਤੋਂ ਪੈਸੇ ਲੈ ਕੇ ਆਇਆ ਏ, ਮੈਂ ਦੱਸਿਆ ਤਾਂ ਗ਼ੁੱਸਾ ਕਰਨ ਲੱਗ ਪਿਆ।” ਚੰਨ ਕੌਰ ਨੇ ਦੱਸਿਆ। “ਐਨੀ ਕਿਸ ਗੱਲ ਦੀ ਕਾਹਲੀ ਸੀ? ਮੈਂ ਭਰ ਦੇਣੀ ਸੀ ਲਾਡੀ ਦੀ ਫ਼ੀਸ। ਹੁਣ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ‘ਚ ਸਾਹ ਵੀ ਕਰਜ਼ੇ ਤੇ ਹੀ ਲਹਿਣੇ ਪੈਣਗੇ।” ਲਾਡੀ ਨੇ ਮੰਜੇ ਤੇ ਕਿਤਾਬ ਰੱਖਦਿਆਂ ਕਿਹਾ। “ਉਹ ਤਾਂ ਨਿਆਣਾ, ਪੁੱਤਰ ਤੂੰ ਤਾਂ ਸਮਝ, ਤੁਹਾਡੇ ਪਿਉ ਨੇ ਤੁਹਾਨੂੰ ਦੋਹਾਂ ਨੂੰ ਬਹੁਤ ਔਖੇ ਹੋ ਕੇ ਢਿੱਡ ਬੰਨ੍ਹ ਕੇ ਪੜ੍ਹਾਇਆ ਤਾਂ ਜੋ ਤੁਸੀਂ ਆਪਣੀਆਂ ਜਿੰਦਗੀਆ ਸੌਖੀਆਂ ਜਿਉਂ ਸਕੋ। ਉਹ ਕਿਹੜਾ ਕਰਜ਼ਾ ਸ਼ੌਕ ਨਾਲ ਲੈਂਦਾ।” ਚੰਨ ਕੌਰ ਨੇ ਕਿਹਾ। ਲਾਡੀ ਨੇ ਕੁੱਝ ਨਾ ਕਿਹਾ ਤੇ ਅੰਦਰ ਕਮਰੇ ਵੱਲ ਨੂੰ ਚਲਾ ਗਿਆ। ਮਾਂ ਦੋਹਾਂ ਪੁੱਤਰਾਂ ਦੇ ਮਨ ਦੇ ਭਾਵ ਸਮਝ ਤਾਂ ਰਹੀ ਸੀ ਪਰ ਹਾਲਾਤ ਦੀ ਮਜਬੂਰੀ ਵੱਸ ਸੀ। “ਐਨਾ ਗ਼ੁੱਸਾ ਕਿਸ ਗੱਲ ਦਾ ਚੜ੍ਹਾਇਆ?” ਲਾਡੀ ਨੇ ਪੁੱਛਿਆ। “ਬਾਈ, ਤੂੰ ਵੀ ਇੰਨ੍ਹਾਂ ਵਰਗਾ ਬਣ ਗਿਆ ਏਂ। ਇੱਕ ਵਾਰ ਸਾਹਮਣੇ ਝਾਤੀ ਮਾਰ ਕੇ ਵੇਖ, ਬਾਪੂ ਸਾਰਾ ਦਿਨ ਮਿੱਟੀ ‘ਚ ਮਿੱਟੀ ਹੋਇਆ ਰਹਿੰਦਾ ਤੇ ਲੋੜ ਪੈਣ ਤੇ ਹੱਥ ਫੇਰ ਵੀ ਲੋਕਾਂ ਸਾਹਮਣੇ ਅੱਡਦਾ। ਕੀ ਕਰਨਾ ਅਜਿਹਾ ਪੜ੍ਹ-ਲਿਖ ਕੇ ਜੋ ਜਿਊਣ ਦੀ ਮਜਬੂਰੀ ਬਣਨ ਲੱਗ ਜਾਏ।” ਜੱਗੀ ਨੇ ਆਪਣੇ ਬਾਪੂ ਵੱਲ ਵੇਖਦਿਆਂ ਕਿਹਾ। “ਮੈਂ ਤਾਂ ਇੰਨ੍ਹਾਂ ਵਰਗਾ ਕਦੇ ਵੀ ਨਹੀਂ ਬਣ ਸਕਦਾ। ਜੋ ਇਹ ਸਾਡੇ ਲਈ ਕਰ ਰਹੇ ਨੇ, ਮੇਰੇ ਕੋਲੋਂ ਕਿੱਥੇ ਹੋਣਾ ਤੇਰੇ ਭਤੀਜਿਆਂ ਲਈ।” ਲਾਡੀ ਨੇ ਕਿਹਾ ਤੇ ਜੱਗੀ ਹੱਸ ਪਿਆ। “ਪਤਾ ਲਾਡੀ ਬਾਈ, ਜਦ ਮੈਂ ਬੱਸ ਅੱਡੇ ਦੀ ਸਾਹਮਣੀ ਸੜਕ ਤੇ ਆਉਂਦੇ ਜਾਂਦੇ ਲੋਕਾਂ ਵੱਲ ਵੇਖਦਾਂ ਤਾਂ ਬੜਾ ਦਿਲ ਕਰਦਾ ਮੇਰੇ ਕੋਲ ਵੀ ਸ਼ੌਕ ਪੂਰੇ ਕਰਨ ਲਈ ਪੈਸਾ ਹੋਵੇ, ਵੱਡੀਆਂ ਗੱਡੀਆਂ ਹੋਣ, ਜਿਸ ਵਿੱਚ ਆਪਾਂ ਸਾਰੇ ਜਣੇ ਘੁੰਮੀਏ, ਪਰ ਇਹ ਸਾਰੇ ਅਰਮਾਨ ਉਨ੍ਹਾਂ ਗੱਡੀਆਂ ਥੱਲੇ ਹੀ ਮਿੱਧੇ ਰਹਿ ਜਾਂਦੇ ਨੇ।” ਜੱਗੀ ਨੇ ਕਿਹਾ। “ਸੁਫ਼ਨੇ ਪੂਰੇ ਕਰਨ ਲਈ ਸੋਚਣ ਦੀ ਨੀ ਬਲਕਿ ਹਿੰਮਤ ਦੀ ਲੋੜ ਹੁੰਦੀ ਏ। ਜੋ ਸਾਹਮਣਿਓ ਲੰਘ ਰਿਹਾ ਤੇ ਅੱਖਾਂ ਨੂੰ ਪ੍ਰਭਾਵਿਤ ਕਰ ਰਿਹਾ ਉਸ ਦੇ ਪਿੱਛੇ ਦੀ ਮਿਹਨਤ ਦਾ ਸੱਚ, ਵੇਖਣ ਵਾਲੇ ਤੋਂ ਹਮੇਸ਼ਾ ਓਹਲੇ ਹੀ ਹੁੰਦਾ।” ਲਾਡੀ ਨੇ ਜੱਗੀ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ। ਐਨੇ ਨੂੰ ਜੱਗੀ ਤੇ ਲਾਡੀ ਨੂੰ ਉਨ੍ਹਾਂ ਦੇ ਬਾਪੂ ਮਿੰਦਰ ਸਿੰਘ ਨੇ ਆਵਾਜ਼ ਮਾਰ ਲਈ। ਸੂਰਜ ਢਲਨ ਦੇ ਨੇੜੇ ਤਿੰਨੋਂ ਜਣੇ ਘਰ ਨੂੰ ਚਲੇ ਗਏ। ਚੰਨ ਕੌਰ ਨੇ ਅੱਜ ਤੰਦੂਰ ਤਪਾਇਆ ਹੋਇਆ ਸੀ, ਤੇ ਜੱਗੀ ਹੋਰਾਂ ਦੇ ਆਉਣ ਤੇ ਰੋਟੀਆਂ ਪਕਾਉਣੀਆਂ ਸ਼ੁਰੂ ਕੀਤੀਆਂ। ਵਿਹੜੇ ਵਿੱਚ ਮੰਜਿਆਂ ਤੇ ਬੈਠ ਸਾਰੇ ਪਰਵਾਰ ਦਾ ਇਕੱਠੇ ਰੋਟੀ ਖਾਣ ਦਾ ਆਪਣਾ ਹੀ ਅਨੰਦ ਸੀ, ਜੋ ਕਿ ਅੱਜ ਸਿਰਫ਼ ਪੰਜਾਬੀ ਫ਼ਿਲਮਾਂ ਤੀਕ ਹੀ ਸੀਮਿਤ ਹੋ ਕੇ ਰਹਿ ਗਿਆ। ਰੋਟੀ ਖਾਣ ਤੋਂ ਬਾਅਦ ਲਾਡੀ ਨੇ ਵਿਹੜੇ ਵਿੱਚ ਕੂਲਰ ਲਾ ਕੇ ਮੰਜਿਆਂ ਤੇ ਬਿਸਤਰੇ ਵਿਛਾ ਦਿੱਤੇ। ਸਭ ਤੋਂ ਮੂਹਰੇ ਬਾਪੂ ਦਾ ਮੰਜਾ, ਫਿਰ ਮਾਂ, ਤੇ ਬਾਅਦ ਵਿੱਚ ਜੱਗੀ ਤੇ ਲਾਡੀ ਦਾ। ਜਦ ਅੱਧੀ ਰਾਤ ਹੋਈ ਤੇ ਲਾਡੀ ਨੇ ਜੱਗੀ ਵੱਲ ਪਾਸਾ ਲਿਆ ਤਾਂ ਵੇਖਿਆ ਜੱਗੀ ਅਸਮਾਨ ਤੇ ਨਿਕਲੇ ਤਾਰਿਆਂ ਵੱਲ ਵੇਖ ਕੁੱਝ ਸੋਚ ਰਿਹਾ ਸੀ। “ਸੌਂ ਜਾ ਪਤੰਦਰਾ, ਸਵੇਰੇ ਕਾਲਜ ਵੀ ਜਾਣਾ, ਤਾਰੇ ਫੇਰ ਕਿਸੇ ਦਿਨ ਧਰਤੀ ਤੇ ਲਾਹ ਲਵੀ।” ਲਾਡੀ ਨੇ ਹੌਲੀ ਜਿਹੀ ਕਿਹਾ। ਜੱਗੀ ਨੇ ਬੜਾ ਹੀ ਭੈੜਾ ਮੂੰਹ ਬਣਾ ਕੇ ਲਾਡੀ ਵੱਲ ਵੇਖਿਆ ਤੇ ਮੂੰਹ ਤੇ ਚਾਦਰ ਲੈ ਕੇ ਸੌਂ ਗਿਆ। ਸਵੇਰੇ ਜੱਗੀ ਤੇ ਲਾਡੀ ਆਪਣੇ ਕਾਲਜ ਤੇ ਸਕੂਲ ਚਲੇ ਗਏ ਤੇ ਦੋਹਾਂ ਦੇ ਮਾਂ-ਬਾਪੂ ਵਿਹੜੇ ‘ਚ ਬੈਠੇ ਚਾਹ ਪੀ ਰਹੇ ਸੀ। “ਲਾਡੀ ਦੇ ਬਾਪੂ, ਮੈਂ ਸੋਚਦੀ ਅਾਂ ਕਿ ਲਾਡੀ ਦਾ ਆਪਾਂ ਹੁਣ ਵਿਆਹ ਨਾ ਕਰ ਲਈਏ।” ਚੰਨ ਕੌਰ ਨੇ ਕਿਹਾ। “ਤੂੰ ਤਾਂ ਮੇਰੇ ਮੂੰਹ ਦੀ ਗੱਲ ਫੜ ਲਈ। ਸਰਪੰਚ ਵੀ ਪੁੱਛਦਾ ਸੀ ਕਿ ਕਦੋਂ ਵਿਆਹੁਣਾ ਮੁੰਡਾ?” ਮਿੰਦਰ ਸਿੰਘ ਨੇ ਚਾਹ ਦਾ ਘੁੱਟ ਭਰਦਿਆਂ ਕਿਹਾ। “ਪੁੱਛਣਾਂ ਸੀ ਤੁਸੀਂ, ਕੀ ਪਤਾ ਸਰਪੰਚ ਕਿਸੇ ਕੁੜੀ ਦੀ ਦਸ ਪਾਉਂਦਾ ਹੋਵੇ।” ਚੰਨ ਕੌਰ ਨੇ ਕਿਹਾ। “ਪੁੱਛਿਆ ਸੀ ਮੈਂ, ਦਸ ਤਾਂ ਉਹ ਆਪਣੀ ਕੁੜੀ ਦੀ ਪਾਉਂਦਾ ਸੀ।” ਮਿੰਦਰ ਸਿੰਘ ਨੇ ਕਿਹਾ। “ਆਪਣੀ ਕੁੜੀ ਲਈ!! ਆਪਣੇ ਲਾਡੀ ਦਾ ਰਿਸ਼ਤਾ?? ਲਾਡੀ ਦੇ ਬਾਪੂ ਸਰਪੰਚ ਦੀ ਕੁੜੀ ਤਾਂ ਮੈਂ ਸੁਣਿਆ ਡਾਕਟਰੀ ਦੀ ਪੜਾਈ ਕਰਦੀ ਪਈ ਏ।” ਚੰਨ ਕੌਰ ਨੇ ਕਿਹਾ। “ਆਹੋ, ਇਸ ਸਾਲ ਖ਼ਤਮ ਹੋ ਜਾਣੀ ਉਹਦੀ ਪੜ੍ਹਾਈ। ਸਰਪੰਚ ਕਹਿੰਦਾ ਸੀ ਕਿ ਪੱਕ-ਠੱਕ ਇਸੇ ਮਹੀਨੇ ਕਰ ਲੈਂਦੇ ਅਾਂ ਤੇ ਵਿਆਹ ਆਉਂਦੇ ਸਿਆਲ ਨੂੰ ਕਰ ਲਵਾਂਗੇ।” ਮਿੰਦਰ ਸਿੰਘ ਨੇ ਕਿਹਾ। “ਐਨਾ ਕੁੱਝ ਹੋ ਗਿਆ ਤੇ ਤੁਸੀਂ ਘਰ ਕੋਈ ਗੱਲ ਵੀ ਨਹੀਂ ਕੀਤੀ।” ਚੰਨ ਕੌਰ ਨੇ ਨਾਰਾਜ਼ਗੀ ‘ਚ ਕਿਹਾ। “ਸਹੀ ਆਖਦੇ ਓ ਲਾਡੀ ਦੇ ਬਾਪੂ ਪਰ ਸਰਪੰਚ ਨੇ ਕੁੱਝ ਸੋਚ ਸਮਝ ਹੀ ਗੱਲ ਕੀਤੀ ਹੋਣੀ ਆ।” ਚੰਨ ਕੌਰ ਨੇ ਕਿਹਾ। “ਇਹ ਤਾਂ ਰੱਬ ਹੀ ਜਾਣਦਾ ਕਿ ਕੀ ਸੋਚ ਕੇ ਗੱਲ ਕੀਤੀ ਏ।” ਮਿੰਦਰ ਸਿੰਘ ਨੇ ਕਿਹਾ। “ਤੁਸੀਂ ਕੀ ਕਿਹਾ ਫਿਰ?” ਚੰਨ ਕੌਰ ਨੇ ਚਾਹ ਵਾਲੇ ਖ਼ਾਲੀ ਗਲਾਸ ਹੱਥ ‘ਚ’ ਫੜਦਿਆਂ ਪੁੱਛਿਆ। “ਕਹਿਣਾ ਕੀ ਸੀ, ਹੱਸ ਕੇ ਗੱਲ ਟਾਲ ਦਿੱਤੀ ਕਿ ਸਰਪੰਚ ਸਾਹਬ ਗ਼ਰੀਬਾਂ ਨਾਲ ਮਖ਼ੌਲ ਕਰਦੇ ਹੋ। ਪਰ ਜਾਂਦਾ ਹੋਇਆ ਸਰਪੰਚ ਇਹ ਕਹਿ ਗਿਆ ਕਿ ਮਿੰਦਰ ਸਿਆਂ,ਧੀਆਂ ਨੂੰ ਲੈ ਕੇ ਮਖ਼ੌਲ ਨੀ ਕੀਤੇ ਜਾਂਦੇ।” ਮਿੰਦਰ ਸਿੰਘ ਨੇ ਦੱਸਿਆ। “ਫੇਰ ਤਾਂ ਲਾਡੀ ਦੇ ਬਾਪੂ ਪੱਕਾ ਕੋਈ ਗੱਲ ਆ। ਕੁੜੀ ਤਾਂ ਵੈਸੇ ਬਾਹਲ਼ੀ ਸੋਹਣੀ ਆ, ਪਿਛਲੇ ਹਫ਼ਤੇ ਗੁਰੂ ਘਰ ਟੱਕਰੀ ਸੀ। ਆਪਣੇ ਲਾਡੀ ਨਾਲ ਜੋੜੀ ਤਾਂ ਵੈਸੇ ਬਹੁਤ ਸੋਹਣੀ ਬਣੂੰ।” ਚੰਨ ਕੌਰ ਨੇ ਕਿਹਾ। “ਲਾਡੀ ਦੀ ਮਾਂ, ਮਹਿਲਾਂ ਦੀਆਂ ਇੱਟਾਂ ਚੁਬਾਰਿਆਂ ਨੂੰ ਨੀ ਲੱਗਦੀਆਂ।” ਕਹਿ ਮਿੰਦਰ ਸਿੰਘ ਨੇ ਸਾਫ਼ਾ ਮੋਢੇ ਤੇ ਰੱਖਿਆ ਤੇ ਬਾਹਰ ਵੱਲ ਨੂੰ ਹੋ ਤੁਰਿਆ। “ਰੱਬ ਸੁੱਖ ਰੱਖੇ ਲਾਡੀ ਦੇ ਬਾਪੂ, ਪੁੱਤ ਮੇਰੇ ਵੀ ਹੀਰੇ ਨੇ, ਇਹੀ ਚੁਬਾਰੇ ਮਹਿਲ ਬਣਾਨਗੇ।” ਚੰਨ ਕੌਰ ਨੇ ਕਿਹਾ। ਲਾਡੀ ਨੇ ਜੱਗੀ ਨੂੰ ਫ਼ੋਨ ਕੀਤਾ ਕਿ ਉਹ ਬੱਸ ਅੱਡੇ ਤੇ ਉਸ ਦਾ ਇੰਤਜ਼ਾਰ ਕਰੇ ਤਾਂ ਜੋ ਜੱਗੀ ਲਾਡੀ ਨਾਲ ਸਕੂਟਰ ਤੇ ਘਰ ਚੱਲੇ। ਅੱਜ ਸਕੂਲ ਵਿੱਚ ਛੁੱਟੀ ਪਹਿਲਾਂ ਹੋ ਗਈ ਤੇ ਲਾਡੀ ਬੱਸ ਅੱਡੇ ਵੱਲ ਨੂੰ ਚਲਾ ਗਿਆ। ਜੱਗੀ, ਸੜਕ ਤੇ ਆਉਂਦੇ-ਜਾਂਦੇ ਵੱਲ ਵੇਖ ਆਪਣੀ ਜ਼ਿੰਦਗੀ ਦੇ ਸੁਫ਼ਨੇ ਬੁਣੀ ਜਾਂਦਾ ਸੀ। ਐਨੇ ਨੂੰ ਲਾਡੀ ਆ ਗਿਆ। “ਮਾਤਾ ਉਡੀਕਦੀ ਹੋਣੀ, ਫੇਰ ਕਿਸੇ ਦਿਨ ਚਲੇ ਜਾਵਾਂਗੇ।” ਜੱਗੀ ਨੇ ਸਕੂਟਰ ਦੀ ਪਿਛਲੀ ਸੀਟ ਤੇ ਬੈਠਦਿਆਂ ਕਿਹਾ। “ਮਾਤਾ ਨੂੰ ਮੈਂ ਫ਼ੋਨ ਕਰ ਦਿੱਤਾ ਸੀ।” ਕਹਿ ਲਾਡੀ ਨੇ ਸਕੂਟਰ ਬਾਈਪਾਸ ਵੱਲ ਮੋੜ ਲਿਆ। ਲਾਡੀ ਨੇ ਜੇਬ ਵਿੱਚੋਂ ਪੈਸੇ ਕੱਢੇ ਤੇ ਜੱਗੀ ਨੂੰ ਫੜਾਉਂਦਿਆਂ ਕਿਹਾ “ਆਹ ਤੇਰੇ ਕਾਲਜ ਦੀ ਫ਼ੀਸ। ਅੱਜ ਤਨਖ਼ਾਹ ਮਿਲੀ ਸੀ।” ” ਬਾਈ, ਫ਼ੀਸ ਦੇ ਪੈਸੇ ਤਾਂ ਬਾਪੂ ਨੇ ਮਾਤਾ ਨੂੰ ਦਿੱਤੇ ਹੋਏ ਨੇ।” ਜੱਗੀ ਨੇ ਕਿਹਾ। ” ਅੱਗੇ ਵੀ ਤੇਰੀ ਫ਼ੀਸ ਮੈਂ ਹੀ ਦਿੰਦਾ। ਉਹ ਪੈਸੇ ਕਿਤੇ ਹੋਰ ਵਰਤੇ ਜਾਣਗੇ, ਤੂੰ ਕਲ੍ਹ ਆਪਣੀ ਫ਼ੀਸ ਭਰ ਦੇਈਂ।” ਲਾਡੀ ਨੇ ਕਿਹਾ। “ਜਿਸ ਤਰਾਂ ਤਰਸ-ਤਰਸ ਕੇ ਸਾਡੀ ਜ਼ਿੰਦਗੀ ਦੀ ਗੱਡੀ ਰੁੜ੍ਹਦੀ ਪਈ ਏ, ਮੈਨੂੰ ਤਾਂ ਲੱਗਦਾ ਮਨ ਦੇ ਸਾਰੇ ਚਾਅ ਤੇ ਸ਼ੌਕ ਤਾਂ ਹਮੇਸ਼ਾ ਲਈ ਇੱਕ ਦਿਨ ਅੰਦਰੋ ਹੀ ਮਰ ਜਾਣਗੇ।” ਜੱਗੀ ਨੇ ਢਿੱਲੀ ਜਿਹੀ ਆਵਾਜ਼ ਵਿੱਚ ਕਿਹਾ। “ਪਤਾ ਨੀ ਜੱਗੀ ਤੂੰ ਆਪਣੀ ਸੋਚ ਨੂੰ ਕਿਸ ਪਾਸੇ ਮੋੜ ਲਿਆ ਏ? ਅਜੇ ਤਾਂ ਜ਼ਿੰਦਗੀ ਸ਼ੁਰੂ ਹੋਈ ਏ, ਤੇ ਤੂੰ ਖ਼ਤਮ ਹੋਣ ਦੀਆਂ ਗੱਲਾਂ ਕਰਦਾ ਪਿਅਾਂ।” ਲਾਡੀ ਨੇ ਕਿਹਾ। ਜੱਗੀ ਨੇ ਕੁੱਝ ਨਾ ਕਿਹਾ ਤੇ ਆਸੇ-ਪਾਸੇ ਦੇ ਲੋਕਾਂ ਨੂੰ ਵੇਖਣ ਲੱਗਿਆ। ਐਨੇ ਨੂੰ ਚਾਹ ਆ ਗਈ। “ਅੱਛਾ, ਹੁਣ ਆਪਣਾ ਮੂਡ ਤਾਂ ਠੀਕ ਕਰ ਲੈ।” ਲਾਡੀ ਨੇ ਚਾਹ ਦਾ ਘੁੱਟ ਭਰਦਿਆਂ ਕਿਹਾ। ” ਮੇਰਾ ਮੂਡ ਠੀਕ ਐ।” ਜੱਗੀ ਨੇ ਕਿਹਾ। “ਪਤਾ ਜੱਗੀ, ਤੇਰੀ ਉਮਰ ਵਿੱਚ ਮੈਨੂੰ ਵੀ ਇੰਜ ਲੱਗਦਾ ਸੀ ਕਿ ਗ਼ਰੀਬੀ ਵਿੱਚ ਜਿਉਣਾ ਇੱਕ ਬਹੁਤ ਵੱਡੀ ਸਜਾ ਏ।” ਲਾਡੀ ਨੇ ਕਿਹਾ। “ਬਾਈ, ਅਮੀਰ ਤਾਂ ਆਪਾਂ ਅੱਜ ਵੀ ਨਹੀਂ ਹੋਏ।” ਜੱਗੀ ਨੇ ਕਿਹਾ। “ਪਰ ਪਹਿਲਾਂ ਜਿੰਨੇ ਗ਼ਰੀਬ ਵੀ ਨਹੀਂ ਆ। ਅਮੀਰੀ ਸਿਰਫ਼ ਵੱਡੇ ਘਰ ਤੇ ਵੱਡੀਆਂ ਗੱਡੀਆਂ ਨਾਲ ਨਹੀਂ ਹੁੰਦੀ। ਜੋ ਪਰਵਾਰ ਦੋ ਵਕਤ ਦੀ ਰੋਟੀ ਇੱਕਠਿਆਂ ਬੈਠ ਕੇ ਖਾਂਦਾ,ਅਸਲੀ ਅਮੀਰ ਉਹ ਹੈ। ਪੈਸਾ ਤੇ ਕੀਮਤੀ ਚੀਜ਼ਾਂ ਦਾ ਤਾਂ ਆਉਣਾ ਜਾਣਾ ਚੱਲਦਾ ਰਹਿੰਦਾ, ਜਿਸ ਦਿਨ ਤੂੰ ਕਮਾਉਣ ਲੱਗ ਪਿਆ ਉਸ ਵਕਤ ਤੂੰ ਵੀ ਇੰਨ੍ਹਾਂ ਸਭ ਦਾ ਮਾਲਕ ਬਣ ਜਾਏਗਾਂ।” ਲਾਡੀ ਨੇ ਸਮਝਾਇਆ। ” ਬਾਈ, ਤੂੰ ਵੀ ਕਮਾਉਂਦਾ, ਪਰ ਤੂੰ ਤਾਂ ਮਾਲਕ ਅਜੇ ਤੱਕ ਨੀ ਬਣਿਆ।” ਜੱਗੀ ਨੇ ਕਿਹਾ। “ਮੈਨੂੰ ਇੰਨਾ ਸਭ ਦਾ ਮਾਲਕ ਬਣਨਾ ਵੀ ਨਹੀਂ ਏ। ਜਿੰਨੇ ਜੋਗਾ ਉਸ ਰੱਬ ਨੇ ਰੱਖਿਆ ਏ, ਮੈਂ ਬਹੁਤ ਖ਼ੁਸ਼ ਹਾਂ। ਜੋ ਮੇਰੀ ਲੋੜ ਹੈ, ਉਹ ਸਭ ਮੇਰੇ ਕੋਲ ਹੈ। ਦੋ ਸਾਲਾਂ ਵਿੱਚ ਜੋ ਦੁਨੀਆ ਮੈਂ ਵੇਖੀ ਤੇ ਸਮਝੀ ਐ, ਜੱਗੀ ਤੇਰੀ ਅੱਜ ਦੀ ਸੋਚ ਤੋਂ ਬਿਲਕੁਲ ਉਲਟ ਹੈ। ਅੱਜ ਦੇ ਸਮੇਂ ਵਿੱਚ ਇਸ ਮਤਲਬਪ੍ਰਸਤ ਤੇ ਦੋਗਲੀ ਦੁਨੀਆ ਵਿੱਚ ਵਿਚਰਨਾ ਕੋਈ ਸੌਖੀ ਗੱਲ ਨਹੀਂ। ਨਾ ਕੋਈ ਕਿਸੇ ਨੂੰ ਅੱਗੇ ਵਧਦਾ ਵੇਖ ਕੇ ਖ਼ੁਸ਼ ਹੁੰਦਾ ਤੇ ਨਾ ਕੋਈ ਕਿਸੇ ਦੇ ਦੁੱਖ ਦੀ ਚੀਸ ਮਹਿਸੂਸ ਕਰਦਾ। ਮਤਲਬ ਪਿੱਛੇ ਇੱਕ-ਦੂਜੇ ‘ਤੇ ਚਿੱਕੜ ਸੁੱਟਣ ਵਾਲੇ ਲੋਕੀ ਵੀ ਮੈਂ ਜੱਫੀਆਂ ਪਾਉਂਦੇ ਵੇਖੇ ਨੇ। ਮੈਂ ਨਹੀਂ ਚਾਹੁੰਦਾ ਕਿ ਮੇਰਾ ਆਪਣਾ ਭਰਾ ਇੱਕ ਸ਼ਾਨੋ ਸ਼ੌਕਤ ਭਰੀ ਜ਼ਿੰਦਗੀ ਜਿਊਣ ਦੇ ਲਾਲਚ ਵਿੱਚ ਸੰਸਾਰਿਕ ਕਾਲ-ਚੱਕਰ ਵਿੱਚ ਫਸ ਜਾਏ।” ਲਾਡੀ ਨੇ ਕਿਹਾ। ਜੱਗੀ ਬੜੇ ਧਿਆਨ ਨਾਲ ਲਾਡੀ ਦੀਆਂ ਗੱਲਾ ਸੁਣ ਰਿਹਾ ਸੀ। ਪਰ ਉਸ ਦੇ ਬੁਲ੍ਹਾਂ ਤੇ ਖ਼ਾਮੋਸ਼ੀ ਨੇ ਅਜੇ ਵੀ ਘਰ ਕੀਤਾ ਹੋਇਆ ਸੀ। ਐਨੇ ਨੂੰ ਲਾਡੀ ਨੂੰ ਮਾਂ ਦਾ ਫ਼ੋਨ ਆ ਗਿਆ ਤੇ ਘਰ ਆਉਣ ਨੂੰ ਕਿਹਾ। ਲਾਡੀ ਨੇ ਚਾਹ ਦੇ ਪੈਸੇ ਦਿੱਤੇ ਤੇ ਜੱਗੀ ਨੂੰ ਨਾਲ ਲੈ ਕੇ ਚਲਾ ਗਿਆ। ਘਰ ਜਾ ਕੇ ਦੋਹਾਂ ਭਰਾਵਾਂ ਨੇ ਕੱਪੜੇ ਬਦਲੇ ਤੇ ਖੇਤਾਂ ਨੂੰ ਚਲੇ ਗਏ। ਸ਼ਾਮ ਨੂੰ ਬਹੁਤ ਤੇਜ਼ ਬਾਰਸ਼ ਸ਼ੁਰੂ ਹੋ ਗਈ। ਜੱਗੀ ਤੇ ਲਾਡੀ ਨੂੰ ਮੀਂਹ ਵਿੱਚ ਖੇਤਾਂ ਦੀਆ ਵੱਟਾਂ ਤੇ ਮਸਤੀਆਂ ਕਰਦਾ ਵੇਖ ਕੇ ਉਨ੍ਹਾਂ ਦਾ ਬਾਪੂ ਬਹੁਤ ਖ਼ੁਸ਼ ਹੋਇਆ ਤੇ ਮਨ ਹੀ ਮਨ ਸੋਚ ਰਿਹਾ ਸੀ ਕਿ ਦੋਹਾਂ ਭਰਾਵਾਂ ਦਾ ਪਿਆਰ ਹਮੇਸ਼ਾ ਇੰਝ ਹੀ ਬਣਿਆ ਰਹੇ। ਮੀਂਹ ਦੀ ਝੜੀ ਲੱਗ ਗਈ ਸੀ, ਤੇ ਹਟਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਤਿੰਨੋਂ ਮੀਂਹ ਚ’ ਭਿੱਜੇ ਘਰ ਪਹੁੰਚੇਂ, ਮੌਸਮ ਠੰਢਾ ਹੋ ਗਿਆ ਸੀ। ਰੋਟੀ ਖਾ ਜੱਗੀ ਤੇ ਲਾਡੀ ਆਪਣੇ ਕਮਰੇ ਵਿੱਚ ਚਲੇ ਗਏ। “ਲਾਡੀ ਬਾਈ ਅੱਜ ਤਾਂ ਮਜ਼ਾ ਆ ਗਿਆ, ਕਿੰਨੇ ਸਾਲਾਂ ਬਾਅਦ ਮੀਂਹ ਵਿੱਚ ਮਸਤੀਆਂ ਕੀਤੀਆਂ ਆਪਾਂ।” ਜੱਗੀ ਨੇ ਬੈੱਡ ਤੇ ਬੈਠਦਿਆਂ ਕਿਹਾ। “ਇਹ ਹੈ ਅਮੀਰੀ ਜੱਗੀ ਸਿਆਂ, ਜੋ ਕਰਮਾਂ ਵਾਲਿਆਂ ਦੇ ਹਿੱਸੇ ਪੈਂਦੀ ਏ।” ਲਾਡੀ ਨੇ ਗਰਮ ਦੁੱਧ ਦੇ ਗਲਾਸ ਮੇਜ਼ ਤੇ ਰੱਖਦਿਆਂ ਕਿਹਾ। “ਗੱਲ ਤਾਂ ਤੇਰੀ ਬਾਈ ਚੰਗੀ ਲੱਗੀ ਪਰ ਇਸ ਮਨ ਨੂੰ ਸਮਝਾਉਣਾ ਬਹੁਤ ਔਖਾ। ਬਸ, ਬਾਬਾ ਚੰਗੀ ਜਿਹੀ ਨੌਕਰੀ ਲਾ ਦੇਵੇ, ਫੇਰ ਘਰ ਦਾ ਸਭ ਕੁੱਝ ਬਦਲ ਦੇਣਾ।” ਜੱਗੀ ਨੇ ਕਿਹਾ। “ਚੰਗਾ ਫਿਰ ਦੁੱਧ ਪੀ ਲੈ ਇਸੇ ਖ਼ੁਸ਼ੀ ‘ਚ।” ਲਾਡੀ ਨੇ ਕਿਹਾ। “ਲਾਡੀ ਬਾਈ, ਤੂੰ ਕਹਿੰਦਾ ਏਂ ਕਿ ਮੈਨੂੰ ਆਪਣੇ ਮਨ ਦੀਆਂ ਇੱਛਾਵਾਂ ਮਾਰ ਲੈਣੀਆਂ ਚਾਹੀਦੀਆਂ ਨੇ?” ਜੱਗੀ ਨੇ ਪੁੱਛਿਆ। “ਮੈਂ ਇੱਛਾਵਾਂ ਮਾਰਨ ਨੂੰ ਨਹੀਂ ਕਿਹਾ। ਮੈਂ ਤਾਂ ਤੇਰੇ ਮਨ ਦੀਆਂ ਗੁੰਝਲਾ ਨੂੰ ਸੁਲਝਾ ਰਿਹਾਂ ਕਿ ਅਮੀਰੀ-ਗ਼ਰੀਬੀ ਮਹਿੰਗੀਆਂ ਚੀਜ਼ਾਂ ਦੀ ਮੋਹਤਾਜ ਨਹੀ ਹੁੰਦੀ। ਇਨਸਾਨ ਦਿਲ ਦਾ ਅਮੀਰ ਹੋਣਾ ਚਾਹੀਦਾ, ਜਿਵੇਂ ਆਪਣੀ ਬੇਬੇ ਤੇ ਬਾਪੂ ਨੇ। ਜਦੋਂ ਦੇ ਅਸੀਂ ਹੋਸ਼ ਸੰਭਾਲੇ ਅੱਜ ਤੀਕ ਦੋਹਾਂ ਦੇ ਚਿਹਰਿਆਂ ਤੇ ਮੈਂ ਕਦੇ ਹਿੰਮਤ ਹਾਰਦੀ ਨੀ ਵੇਖੀ।” ਲਾਡੀ ਨੇ ਕਿਹਾ। “ਇਹ ਤਾਂ ਬਾਈ ਮੈਂ ਵੀ ਨੋਟ ਕੀਤਾ।” ਜੱਗੀ ਨੇ ਕਿਹਾ। “ਬਾਪੂ ਦੀ ਵੀ ਆਉਣੀ ਜਾਣੀ ਵੱਡੇ ਘਰਾਂ ਤੇ ਗੱਡੀਆਂ ਵਾਲਿਆਂ ਨਾਲ ਐ, ਓਹਨੂੰ ਤਾ ਕਦੇ ਵੀ ਮਾਂ ਦੇ ਨਾਲ ਇਸ ਗੱਲ ਦਾ ਗਿਲਾ-ਸ਼ਿਕਵਾ ਕਰਦਿਆਂ ਨਹੀਂ ਵੇਖਿਆ, ਸਗੋਂ ਮੈਨੂੰ ਹਮੇਸ਼ਾ ਹੀ ਸਮਝਾਇਆ ਕੇ ਲਾਡੀ ਇਮਾਨਦਾਰੀ ਤੇ ਚੰਗੇ ਕੰਮ ਜ਼ਿੰਦਗੀ ਵਿਚ ਕਦੀ ਨਾ ਕਦੀ ਆਪਣਾ ਰੰਗ ਜ਼ਰੂਰ ਵਿਖਾਉਂਦੇ ਨੇ, ਸੋ ਪੁੱਤਰ ਕਦੀ ਕਿਸੇ ਦਾ ਨਾ ਮਾੜਾ ਕਰੀਂ ਅਤੇ ਨਾ ਮਾੜਾ ਸੋਚੀਂ। “ਲਾਡੀ ਨੇ ਕਿਹਾ। “ਕਿ ਇਹ ਬਾਪੂ ਦੀ ਸੋਚ ਅੱਜ ਦੀ ਦੁਨੀਆ ਵਿਚ ਵੀ ਲਾਗੂ ਹੁੰਦੀ ਐ?” ਜੱਗੀ ਨੇ ਪੁੱਛਿਆ। “ਬਿਲਕੁਲ ਹੁੰਦੀ ਐ। ਬੱਸ ਸਬਰ ਵਿਚ ਰਹਿਣ ਦੀ ਆਦਤ ਹੋਣੀ ਚਾਹੀਦੀ ਐ। ਜਿਸ ਦਿਨ ਬੰਦਾ ਇਹ ਸਮਝ ਜਾਵੇ ਕੇ ਉਸ ਨੂੰ ਅਸਲ ਵਿਚ ਚਾਹੀਦਾ ਕੀ ਐ, ਤਾਂ ਬੁਹਤ ਸਾਰੇ ਮਸਲੇ ਜਿੰਦਗੀ ਦੇ ਆਪਣੇ ਆਪ ਹੱਲ ਹੋ ਜਾਣਗੇ, ਤੇ ਤੇਰੇ ਵਰਗੇ ਅਮੀਰ ਵੀ ਹੋ ਜਾਣਗੇ (ਮਜ਼ਾਕ ਵਿਚ)।” ਲਾਡੀ ਨੇ ਕਿਹਾ। “ਪਰ ਬਾਈ, ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਾ ਵੀ ਹੋਣਾ ਜ਼ਰੂਰੀ ਐ । ਲੋੜ ਪੈਣ ਤੇ ਜੇ ਕਰਜ਼ੇ ਜਾਂ ਫਿਰ ਦੂਜਿਆਂ ਅੱਗੇ ਹੱਥ ਅੱਡਣੇ ਪੈਣ ਫੇਰ ਕੀ ਕਰੇਗੀ ਤੇਰੀ ਤੇ ਬਾਪੂ ਦੀ ਇਤਿਹਾਸਿਕ ਸੋਚ।” ਜੱਗੀ ਨੇ ਪੁੱਛਿਆ। “ਮਿਹਨਤ ਕਰੋ ਤੇ ਪੈਸਾ ਜਿੰਨਾ ਮਰਜ਼ੀ ਕਮਾ ਲਓ। ਪਰ ਆਪਣੀ ਹੈਸੀਅਤ ਦੀ ਚਾਦਰ ਵਿਚੋਂ ਪੈਰ ਕਿੰਨੇ ਬਾਹਰ ਕੱਢਣੇ ਨੇ ਇਹ ਸਾਨੂੰ ਪਤਾ ਹੋਣਾ ਚਾਹੀਦਾ, ਬਾਪੂ ਨੇ ਜੇ ਕਰਜ਼ਾ ਲਿਆ ਤਾਂ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ, ਉਸ ਦੀ ਪੜ੍ਹਾਈ ਦੀ ਫ਼ੀਸ ਲਈ, ਨਾ ਕੇ ਜਹਾਜ਼ ਖ਼ਰੀਦਣ ਲਈ।” ਲਾਡੀ ਨੇ ਸਮਝਾਇਆ। ਜੱਗੀ ਦੇ ਦਿਮਾਗ਼ ਦੀ ਸੜਕ ਚੌੜੀ ਹੋ ਰਹੀ ਸੀ ਤੇ ਜ਼ਿੰਦਗੀ ਜਿਊਣ ਦੇ ਫ਼ਲਸਫ਼ੇ ਵੀ ਸਮਝ ਆ ਰਹੇ ਸਨ। “ਜੱਗੀ, ਲੋਕ ਪੈਸੇ ਦੀ ਖ਼ਾਤਰ ਬਹੁਤ ਕੁੱਝ ਕਰਦੇ ਨੇ। ਹਰ ਵਿੰਗਾ ਟੇਢਾ ਰਾਹ ਅਪਣਾਉਂਦੇ ਨੇ ਤਾਂ ਜੋ ਦੁਨੀਆ ਦੀ ਹਰ ਸਹੂਲਤ ਓਹਨਾ ਕੋਲ ਹੋਵੇ। ਪਰ ਇਹ ਭੁੱਲ ਜਾਂਦੇ ਨੇ ਕੇ ਬੇਈਮਾਨੀ ਨਾਲ ਕਮਾਇਆ ਇੱਕ ਰੁਪਇਆ ਵੀ ਵਕਤ ਆਉਣ ਤੇ ਲੱਖਾਂ ਜਿੰਨਾ ਭਾਰੀ ਪੈ ਜਾਂਦਾ। ਚੱਲ ਹੁਣ ਸੌ ਜਾ, ਮੈਂ ਵੀ ਕਲ ਜਲਦੀ ਸਕੂਲ ਜਾਣਾ ਐ।” ਲਾਡੀ ਨੇ ਕਹਿ ਕਮਰੇ ਦੀ ਲਾਈਟ ਬੰਦ ਕਰ ਦਿਤੀ। “ਲਾਡੀ ਬਾਈ, ਮੈਂ ਸਿਵਲ ਸਰਵਿਸਿਜ਼ ਵਿਚ ਜਾਣਾ ਚਾਹੁੰਦਾ ਤੇ ਉਸ ਲਈ ਯੂਨੀਵਰਸਿਟੀ ਵਿਚ ਜਾ ਕੇ ਕੋਚਿੰਗ ਲੈਣੀ ਪੈਣੀ।“ ਜੱਗੀ ਨੇ ਨੂੰ ਕਿਹਾ। “ਤੂੰ ਕਲ ਹੀ ਯੂਨੀਵਰਸਿਟੀ ਜਾ ਕੇ ਦਾਖ਼ਲੇ ਲਈ ਫਾਰਮ ਭਰ ਆ, ਮੈਂ ਤੈਨੂੰ ਫ਼ੀਸ ਤੇ ਹੋਸਟਲ ਦਾ ਖਰਚਾ ਦੇਵਾਂਗਾ।” ਲਾਡੀ ਨੇ ਖ਼ੁਸ਼ੀ ਭਰੇ ਲਹਿਜ਼ੇ ਵਿਚ ਕਿਹਾ। ਜੱਗੀ ਇੱਕ ਨਵੀਂ ਉਮੀਦ ਦੇ ਰਾਹ ਤੇ ਚੱਲਣ ਲਈ ਤਿਆਰ ਹੋ ਗਿਆ। ਅਗਲੇ ਦਿਨ ਜਦ ਜੱਗੀ ਨੇ ਸ਼ਾਮ ਨੂੰ ਘਰ ਆ ਕੇ ਸਾਰਿਆਂ ਨੂੰ ਦੱਸਿਆ ਕੇ ਉਸ ਨੂੰ ਯੂਨੀਵਰਸਿਟੀ ਵਿਚ ਦਾਖਲਾ ਮਿਲ ਗਿਆ ਤਾਂ ਮਿੰਦਰ ਸਿੰਘ ਨੇ ਉਸ ਨੂੰ ਘੁੱਟ ਕੇ ਗਲੇ ਲਾਇਆ ਤੇ ਕਿਹਾ ” ਚੰਨ ਕੌਰੇ, ਸਾਡੇ ਮੁੰਡੇ ਸੱਚਮੁੱਚ ਹੀਰੇ ਨੇ।” ਹੁਣ ਜੱਗੀ ਨੂੰ ਸਮਝ ਆ ਰਹੀ ਸੀ ਕੇ ਦਿਲਾਂ ਦੀ ਚੰਗਿਆਈ ਅਤੇ ਅਮੀਰੀ ਦੇ ਮੁੱਲ ਸਦਕਾ ਅੱਜ ਉਹ ਹਮੇਸ਼ਾਂ ਲਈ ਅਮੀਰਾਂ ਤੋਂ ਵੀ ਅਮੀਰ ਹੋ ਗਿਆ ਤੇ ਉਸ ਨੂੰ ਵੀ ਅੱਜ ਉਸ ਦੇ ਹਿੱਸੇ ਦਾ ਅੰਬਰ ਮਿਲ ਗਿਆ, ਜਿਸ ਦੀ ਚਾਹਤ ਵਿਚ ਉਹ ਹਮੇਸ਼ਾ ਉਲਝਿਆ ਰਹਿੰਦਾ ਸੀ, ਪਰ ਇਸ ਵਾਰ ਉਸ ਦੀ ਚਾਹਤ ਸ਼ਾਨੋ-ਸ਼ੌਕਤ ਭਰੀਆਂ ਸਹੂਲਤਾਂ ਨਹੀਂ ਸਨ ਬਲਕਿ ਉਸ ਦਾ ਆਪਣਾ ਦਿਲਾਂ ਤੋਂ ਅਮੀਰ ਪਰਿਵਾਰ ਸੀ ਜਿਸ ਦੇ ਰੁਤਬੇ ਨੂੰ ਉਹ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਹਰੇਕ ਪੱਖੋਂ ਉੱਚਾ ਚੁੱਕਣ ਦੀ ਖਾਹਸ਼ ਰੱਖਦਾ ਸੀ। ਡਾ.ਅਜੀਤਪਾਲ ਸਿੰਘ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
DR.AJITPAL SINGH
Ph.D,M.Sc..PDCR(Clin.Res.), ACPSR, BCBR (Biomed.Res.)
Prof.& Head,Department of Anatomy, Faculty of Dental Sciences
Desh Bhagat University, Mandi Gobindgarh (Pb.) India
Life Member Anatomical Society of India (ASI), North Chapter of Anatomist Society (NCAS), Epidemiology Foundation of India (EFI).
Recipient of Gold Medal Mother Teresa Award 2012
Email : doctorajitpal@gmail.com
Mobile : +91 8427338995